ਕੰਵਲ ਦੀ ਕਾਮਰੇਡੀ, ਸਿੱਖੀ ਤੇ ਪੰਜਾਬੀਅਤ

ਪ੍ਰਿੰ. ਸਰਵਣ ਸਿੰਘ
ਜਸਵੰਤ ਸਿੰਘ ਕੰਵਲ ਕਾਮਰੇਡ ਵੀ ਸੀ, ਸਿੱਖ ਵੀ ਤੇ ਪੰਜਾਬੀਅਤ ਨੂੰ ਵੀ ਪ੍ਰਣਾਇਆ ਹੋਇਆ ਸੀ। ਤਦੇ ਉਹ ਬੁੱਧੀਜੀਵੀਆਂ ਲਈ ਵਾਦ-ਵਿਵਾਦੀ ਲੇਖਕ ਬਣਿਆ ਰਿਹਾ-ਲਿਖਤਾਂ ਵਿਚ ਵੀ ਤੇ ਜੀਵਨ ਵਿਚ ਵੀ। ਉਹਦੇ ਬਾਰੇ ਜਿੰਨੇ ਮੂੰਹ, ਉਨੀਆਂ ਗੱਲਾਂ ਹੁੰਦੀਆਂ ਰਹੀਆਂ-ਆਲੋਚਕਾਂ ਦੀਆਂ ਅੱਡ, ਪਾਠਕਾਂ ਦੀਆਂ ਅੱਡ। ਸਿਆਸੀ ਪਾਰਟੀਆਂ ਤੇ ਜਾਤ ਬਰਾਦਰੀ ਵਾਲਿਆਂ ਦੀਆਂ ਆਪੋ-ਆਪਣੇ ਹਿਸਾਬ ਨਾਲ ਅੱਡੋ-ਅੱਡ। ਕੋਈ ਉਹਨੂੰ ਸਲਾਹੁੰਦਾ, ਕੋਈ ਨਿੰਦਦਾ। ਕੋਈ ਉਹਦੇ ਡਾ. ਜਸਵੰਤ ਗਿੱਲ ਨਾਲ ਵਿਆਹ ਦੀ ਬਦਖੋਹੀ ਕਰਦਾ।

ਕੋਈ ਕਹਿੰਦਾ ਕੰਵਲ ਕਿਸੇ ਵਿਚਾਰਧਾਰਾ ਨਾਲ ਕੁਮਿਟਡ ਨਹੀਂ। ਵਿਦਿਆਰਥੀਆਂ ਨੂੰ ਪੜ੍ਹਾਉਂਦਾ ਕੋਈ ਪ੍ਰੋਫੈਸਰ ਉਹਨੂੰ ਰੁਮਾਂਚਿਕ ਕਹਿੰਦਾ, ਕੋਈ ਆਦਰਸ਼ਵਾਦੀ ਤੇ ਕੋਈ ਯਥਾਰਥਵਾਦੀ। ਕੋਈ ਹੀਰਵੰਨਾ, ਕੋਈ ਕੌਮਵਾਦੀ, ਕੋਈ ਹੋਮਲੈਂਡੀਆ। ਕੰਵਲ ਕਹਿੰਦਾ, ਜਮਨਾ ਤੋਂ ਜਮਰੌਦ ਦੇ ਖਿੱਤੇ ਦੀ ਇਕੋ ਰਹਿਤਲ, ਇਕੋ ਸਭਿਆਚਾਰ ਹੈ, ਜਿਸ ਦੀ ਧੁੰਨੀ ਲਾਹੌਰ ਹੈ। ਝਨਾਂ ਦਾ ਉਹ ਕੁਝ ਵਧੇਰੇ ਹੀ ਆਸ਼ਕ ਸੀ। ‘ਲੰਘ ਆ ਜਾ ਪੱਤਣ ਝਨਾਂ ਦਾ…’ ਗੀਤ ਉਹਨੂੰ ਲਹਿਰ ‘ਚ ਲੈ ਆਉਂਦਾ ਤੇ ਉਹ ਆਪ-ਮੁਹਾਰੇ ਝੂੰਮਣ ਲੱਗਦਾ।
ਅਸਲ ਵਿਚ ਕੰਵਲ ਨੂੰ ਉਹਦੇ ਨੇੜਲੇ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕੇ। ਮੈਂ ਤੀਹ ਸਾਲ ਉਹਦੇ ਆਂਢ-ਗੁਆਂਢ ਰਿਹਾ ਤੇ ਤੀਹ ਸਾਲ ਆਲੇ-ਦੁਆਲੇ। ਸੱਠ ਸਾਲ ਦੀ ਸੰਗਤ ਤੇ ਉਹਦੀਆਂ ਕਿਤਾਬਾਂ ਪੜ੍ਹਨ ਨਾਲ ਵੀ ਉਹਦੀ ਥਾਹ ਨਾ ਪਾ ਸਕਿਆ। ਆਖਰ ਉਹਦੇ ਬਾਰੇ ਇਹੋ ਕਿਹਾ: ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ‘ਵਾਵਾਂ ਦੇ ਵੇਗ ਵਿਚ ਝੂੰਮਦਾ ਸੀ। ਕਦੇ ਖੱਬੇ ਲਹਿਰਾਉਂਦਾ ਸੀ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੰੁਮਦਾ ਸੀ। ਉਹਦਾ ਤਣਾ ਮਜ਼ਬੂਤ ਸੀ ਤੇ ਜੜ੍ਹਾਂ ਡੂੰਘੀਆਂ ਜਿਸ ਕਰਕੇ ਝੱਖੜ ਤੂਫਾਨ ਵੀ ਉਹਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਸੀ ਤੇ ਲੋਹੜੇ ਦਾ ਜਜ਼ਬਾਤੀ। ਉਹਦੇ ਰੁਮਾਂਚਿਕ ਰਉਂ ‘ਚ ਲਿਖੇ ਵਾਕ ਸਿੱਧੇ ਦਿਲਾਂ ‘ਤੇ ਵਾਰ ਕਰਦੇ। ਉਸ ਨੇ ਲਗਭਗ ਪੰਜਾਹ ਲੱਖ ਲਫਜ਼ ਲਿਖੇ ਤੇ ਹਜ਼ਾਰਾਂ ਸੰਵਾਦ ਰਚੇ, ਜੋ ਨੌਜੁਆਨ ਕੁੜੀਆਂ-ਮੁੰਡਿਆਂ ਦੀਆਂ ਡਾਇਰੀਆਂ ਉਤੇ ਚੜ੍ਹਦੇ ਰਹੇ। ਉਸ ਦੇ ਨਾਵਲ ‘ਰਾਤ ਬਾਕੀ ਹੈ’ ਨੇ ਹਜ਼ਾਰਾਂ ਨੌਜੁਆਨ ਕਾਮਰੇਡ ਬਣਾਏ, ਜਿਸ ਦੀ ਗਵਾਹੀ ਸੋਹਣ ਸਿੰਘ ਜੋਸ਼ ਸਮੇਤ ਅਨੇਕਾਂ ਕਾਮਰੇਡਾਂ ਤੇ ਮਾਰਕਸਵਾਦੀਆਂ ਨੇ ਭਰੀ। ਉਸ ਦੀਆਂ ਲਿਖਤਾਂ ਪੜ੍ਹ ਕੇ ਅਨੇਕਾਂ ਇਨਕਲਾਬੀ ਤੇ ਸਿੱਖ ਖਾੜਕੂ ਮਰ ਮਿਟਣ ਤਕ ਗਏ। ਆਸ਼ਕ-ਮਾਸ਼ੂਕ ਮੁੰਡੇ ਤੇ ਕੁੜੀਆਂ ਉਸ ਨੂੰ ਆਪਣਾ ਲੇਖਕ ਮੰਨਦੇ ਰਹੇ ਤੇ ਕਿਰਤੀ ਕਿਸਾਨ ਆਪਣਾ। ਲੋੜ ਹੈ ਉਸ ਨੂੰ ਨਵੇਂ ਸਿਰਿਓਂ ਪੜ੍ਹਿਆ ਜਾਵੇ।
ਕਿਸੇ ਲੇਖਕ ਦਾ ਵਾਦ-ਵਿਵਾਦੀ ਹੋਣਾ ਸੁਭਾਵਿਕ ਹੈ। ਕੰਵਲ ਤਾਂ ਜੀਵਿਆ ਵੀ ਸੌ ਸਾਲ ਤੋਂ ਵੱਧ ਤੇ ਕਿਤਾਬਾਂ ਵੀ ਸੌ ਤੋਂ ਵੱਧ ਲਿਖੀਆਂ। ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਪੁਸਤਕ ਤਕ ਪੁੱਜਦਿਆਂ 75 ਸਾਲਾਂ `ਚ ਵਗੀਆਂ `ਵਾਵਾਂ ਨਾਲ ਉਸ ਦਾ ਬਦਲਣਾ ਹੋਰ ਵੀ ਸੁਭਾਵਿਕ ਸੀ। ਮੈਨੂੰ ਆਪ ਉਹ ਕਈ ਗੱਲਾਂ `ਚ ਸਹੀ ਲੱਗਦਾ ਤੇ ਕਈਆਂ `ਚ ਗਲਤ। ਕਦੇ ਕਦੇ ਮੈਂ ਮੂੰਹ `ਤੇ ਆਖ ਵੀ ਦਿੰਦਾ। ਕਈ ਵਾਰ ਉਹ ਮੰਨ ਵੀ ਲੈਂਦਾ। ਉਹਦਾ ਲੰਮਾ ਇਕਹਿਰਾ ਜੁੱਸਾ ਲਚਕਦਾਰ ਸੀ ਤੇ ਵਿਚਾਰਧਾਰਾ ਵੀ ਲਚਕਦਾਰ। ਜਿੰਨਾ ਉਹਦਾ ਆਪਣਾ ਭਾਰ, ਓਨਾ ਹੀ ਕਿਤਾਬਾਂ ਦਾ ਭਾਰ। ਜੀਂਦਾ ਰਹਿੰਦਾ ਤਾਂ 27 ਜੂਨ 2021 ਨੂੰ 102 ਸਾਲਾਂ ਦਾ ਹੋਣਾ ਸੀ, ਪਰ ਉਹ 100 ਸਾਲ 7 ਮਹੀਨੇ 4 ਦਿਨ ਜਿਉਂ ਕੇ ਬਿਨਾ ਕਿਸੇ ਦੀਰਘ ਰੋਗ ਤੋਂ ਪਹਿਲੀ ਫਰਵਰੀ 2020 ਨੂੰ ਚਲਾਣਾ ਕਰ ਗਿਆ। ਉਹਦੀ ਲੰਮੀ ਉਮਰ ਦਾ ਰਾਜ਼ ਸੀ ਕਿ ਨਾ ਉਹ ਵੈਸ਼ਨੋ ਸੀ, ਨਾ ਕਬਾਬੀ ਤੇ ਨਾ ਅੰਮ੍ਰਿਤਧਾਰੀ। ਨਾ ਮਾਡਰਨ, ਨਾ ਰਵਾਇਤੀ; ਨਾ ਦੇਸੀ, ਨਾ ਵਲੈਤੀ। ਉਹ ਸੋਹਲ ਸ਼ਹਿਰੀ ਨਹੀਂ, ਪੱਕਾ ਪੇਂਡੂ ਸੀ।
ਉਹ ਪੰਜਾਬ ਲਈ ਜੀਵਿਆ ਤੇ ਪੰਜਾਬ ਲਈ ਮਰਿਆ। ਉਹ ਸਹੀ ਅਰਥਾਂ ਵਿਚ ‘ਪੰਜਾਬੀਅਤ’ ਦਾ ਅਲੰਬਰਦਾਰ ਸੀ। ਉਹ ਨਾ ਕੱਟੜ ਕਾਮਰੇਡ ਸੀ, ਨਾ ਕੱਟੜ ਸਿੱਖ। ਕੱਟੜ ਤਾਂ ਉਹ ਕਿਸੇ ਗੱਲ ਵਿਚ ਵੀ ਨਹੀਂ ਸੀ। ਕੱਟੜ ਫਿਰਕਾਪ੍ਰਸਤਾਂ ਨੂੰ ਰੱਜ ਕੇ ਭੰਡਦਾ ਸੀ। ਉਹ ਸਹੀ ਅਰਥਾਂ ਵਿਚ ਸੈਕੂਲਰ ਸੀ। ਉਸ ਨੇ ਸਾਹਿਤ ਟਰੱਸਟ ਢੁੱਡੀਕੇ ਵੱਲੋਂ ਗੈਰ-ਸਿੱਖ ਬਾਵਾ ਬਲਵੰਤ ਤੇ ਬਲਰਾਜ ਸਾਹਨੀ ਨਮਿੱਤ ਸਾਹਿਤਕ ਪੁਰਸਕਾਰ ਦਰਜਨਾਂ ਲੇਖਕਾਂ ਨੂੰ ਦਿੱਤੇ। ਫਿਰਕੂ ਗਿਣਤੀ-ਮਿਣਤੀ ਨੂੰ ਰੱਦ ਕਰ ਕੇ ਢੁੱਡੀਕੇ ਦੀ ਧਰਮਸ਼ਾਲਾ ਵਿਚ ਨਿਰੋਲ ਪੰਜਾਬੀ ਬੋਲੀ `ਤੇ ਆਧਾਰਿਤ ਪੰਜਾਬੀ ਸੂਬੇ ਦਾ ਮਤਾ ਪਾਸ ਕਰਵਾਇਆ। ਉਹਦੇ ਪਿਆਰੇ ਆੜੀ ਮੁਸਲਮਾਨ ਮਹਿੰਗਾ ਤੇਲੀ, ਸਰਾਜ ਮਰਾਸੀ ਤੇ ਬੁੱਧੂ ਜੁਲਾਹਾ ਸਨ, ਜਿਨ੍ਹਾਂ ਨੂੰ ਉਹ ਅਖੀਰ ਤਕ ਯਾਦ ਕਰਦਾ ਰਿਹਾ। ਚੀਚਾਵਤਨੀ ਜਾ ਕੇ ਲੱਭਦਾ ਰਿਹਾ। ਉਹਦੀ ਮੁਕੱਦਸ ਕਿਤਾਬ ਵਾਰਸ ਦੀ ਹੀਰ ਸੀ। ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੋਣ ਦੇ ਬਾਵਜੂਦ ਉਸ ਨੇ ਅੰਮ੍ਰਿਤ ਨਹੀਂ ਛਕਿਆ, ਸਿੱਖੀ ਬਾਣਾ ਨਹੀਂ ਪਾਇਆ ਤੇ ਨਾ ਹੀ ਕਿਸੇ ਕਮਿਊਨਿਸਟ ਪਾਰਟੀ ਦਾ ਕਾਰਡ ਹੋਲਡਰ ਬਣਿਆ। ਨਾ ਘਰ `ਤੇ ਕਿਸੇ ਪਾਰਟੀ ਦਾ ਝੰਡਾ ਚੜ੍ਹਾਇਆ। ਢੁੱਡੀਕੇ ਅਤੇ ਇਲਾਕੇ ਦੇ ਵਿਕਾਸ ਲਈ ਪੰਚਾਇਤਾਂ ਨੂੰ ਨਾਲ ਲੈ ਕੇ ਲਾਲਾ ਲਾਜਪਤ ਰਾਏ ਦੇ ਨਾਂ `ਤੇ ਕਾਲਜ ਬਣਵਾਇਆ, ਲਾਲੇ ਦੀ ਜਗ੍ਹਾ ਵੱਡਾ ਹਾਲ ਤੇ ਲਾਇਬ੍ਰੇਰੀ ਬਣਵਾਈ; ਹਸਪਤਾਲ, ਡਾਕਘਰ, ਵਾਟਰ ਵਰਕਸ ਤੇ ਲਿੰਕ ਸੜਕਾਂ ਦੀਆਂ ਸਹੂਲਤਾਂ 1950ਵਿਆਂ ਤੇ 60ਵਿਆਂ ਵਿਚ ਹੀ ਪਿੰਡ ਲੈ ਆਂਦੀਆਂ। ਗਦਰੀ ਬਾਬਿਆਂ ਦੇ ਨਾਂ `ਤੇ ਸਕੂਲ ਤੇ ਸੜਕਾਂ ਦੇ ਨਾਂ ਰੱਖੇ। ਕੈਰੋਂ ਦੇ ਰਾਜ ਵੇਲੇ ਕਾਮਰੇਡਾਂ ਨਾਲ ਜੇਲ੍ਹ ਵਿਚ ਰਿਹਾ। ਕਾਂਗਰਸ ਤੇ ਜਨਸੰਘ ਨੂੰ ਪੰਜਾਬ ਦੀਆਂ ਦੁਸ਼ਮਣ ਸਿਆਸੀ ਪਾਰਟੀਆਂ ਸਮਝਦਾ ਰਿਹਾ। ਆਰਾਂ ਅਕਾਲੀਆਂ ਨੂੰ ਵੀ ਲਾਉਂਦਾ ਰਿਹਾ। ਬਖਸ਼ੀਆਂ ਕਮਿਊਨਿਸਟ ਪਾਰਟੀਆਂ ਵੀ ਨਹੀਂ। ਉਹਦਾ ਦਿਲ ਸਦਾ ਕਿਰਤੀਆਂ ਕਿਸਾਨਾਂ ਲਈ ਧੜਕਦਾ ਰਿਹਾ। ਜੀਂਦਾ ਹੁੰਦਾ ਤਾਂ ਕਿਸਾਨ ਅੰਦੋਲਨ ਦੇ ਧਰਨੇ `ਚ ਬੈਠਾ ਹੁੰਦਾ।
ਉਹ ਬਹੁਪੱਖੀ ਲੇਖਕ ਸੀ ਤੇ ਬਹੁਪੱਖੀ ਮਨੁੱਖ। ਉਸ ਨੇ ਸਕੂਲੀ ਪੜ੍ਹਾਈ ਕਰਦਿਆਂ ਮਾਲ ਪੜ੍ਹਾਈ ਨਾਲ ਡੰਗਰ ਚਾਰੇ, ਫਿਰ ਮਲਾਇਆ ‘ਚ ਜਾਗੇ ਦੀ ਨੌਕਰੀ ਕੀਤੀ, ਮੁੜ ਕੇ ਹਲ ਵਾਹਿਆ, ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀ ਕਲੱਰਕੀ ਕੀਤੀ ਅਤੇ ਦੇਸ਼ ਦੀ ਵੰਡ ਸਮੇਂ ਪਿੰਡ ਦੇ ਮੁਸਲਮਾਨਾਂ ਨੂੰ ਸੁਰੱਖਿਅਤ ਕੈਂਪਾਂ ‘ਚ ਪੁਚਾਇਆ। ਉਹ ਦੋ ਵਾਰ ਢੁੱਡੀਕੇ ਦਾ ਸਰਪੰਚ ਬਣਿਆ। ਉਹਦੀ ਸਰਪੰਚੀ ‘ਚ ਪੰਚਾਇਤ ਨੇ ਨੈਸ਼ਨਲ ਅਵਾਰਡ ਜਿੱਤਿਆ। ਅਗਲੀਆਂ ਪਿਛਲੀਆਂ ਸਾਰੀਆਂ ਪੰਚਾਇਤਾਂ ਸਾਥ ਦਿੰਦੀਆਂ ਰਹੀਆਂ। ਪੇਂਡੂਆਂ ਨੂੰ ਭਰਾ ਮਾਰੂ ਪਾਰਟੀਬਾਜ਼ੀ ‘ਚੋਂ ਕੱਢ ਕੇ ਖੇਡ ਮੁਕਾਬਲਿਆਂ ਵੱਲ ਮੋੜਿਆ। ਲਾਲਾ ਲਾਜਪਤ ਰਾਏ ਦੇ ਜਨਮ ਦਿਵਸ ‘ਤੇ ਖੇਡ ਮੇਲਾ ਸ਼ੁਰੂ ਕੀਤਾ, ਜੀਹਦੇ ਉਹ 65 ਸਾਲ ਅੰਗ-ਸੰਗ ਰਿਹਾ।
ਆਪਣੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਤੋਂ ਆਖਰੀ ਪੁਸਤਕ ‘ਧੁਰ ਦਰਗਾਹ’ ਤਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕਾਂ ਰੰਗ ਵੇਖੇ ਤੇ ਪਾਠਕਾਂ ਨੂੰ ਵਿਖਾਏ। ਚੜ੍ਹਦੀ ਜੁਆਨੀ `ਚ ਉਹ ਹੀਰ ਗਾਉਂਦਾ, ਕਵਿਤਾਵਾਂ ਲਿਖਦਾ, ਗੁਰਪੁਰਬਾਂ `ਤੇ ਸੁਣਾਉਂਦਾ, ਸਾਧਾਂ-ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਮਾਰਕਸੀ ਨਜ਼ਰੀਏ ਤੋਂ ‘ਸਿੱਖ ਲਹਿਰ’ ਦੇ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮੱਰਥਨ ਕਰਦਾ, ਖਾੜਕੂਆਂ ਦਾ ਸਲਾਹਕਾਰ ਬਣਿਆ। ਫਿਰ ਉਨ੍ਹਾਂ ਦੀ ਆਲੋਚਨਾ ਵੀ ਕੀਤੀ। ਭਾਰਤ ਦੇ ਹੁਕਮਰਾਨਾਂ ਤੇ ਸਿਆਸੀ ਨੇਤਾਵਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ, ਅਖਬਾਰਾਂ `ਚ ਛਪਵਾਉਂਦਾ, ਫਿਰ ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ। ਅਖੀਰ ਉਹ ‘ਰੁੜ੍ਹ ਚੱਲਿਆ ਪੰਜਾਬ’ ਤੇ ‘ਪੰਜਾਬ ਤੇਰਾ ਕੀ ਬਣੂੰ?’ ਦੇ ਝੋਰੇ ਝੁਰਨ ਲੱਗ ਪਿਆ। ਜਾਂਦੀ ਵਾਰ ਉਹ ਪੰਜਾਬ ਦੋਖੀਆਂ ਦੇ ਵੈਣ ਪਾਉਂਦਾ ਗਿਆ।
ਉਸ ਨੇ ਲਿਖਿਆ, “ਖਰਾ ਤੇ ਅਗਾਂਹਵਧੂ ਸਾਹਿਤ ਉਹ ਹੁੰਦਾ ਹੈ, ਜਿਹੜਾ ਮਨੁੱਖ ਨੂੰ ਚੜ੍ਹਦੀ ਕਲਾ ਵਿਚ ਲੈ ਜਾਵੇ ਤੇ ਵਧੀਆ ਮਨੁੱਖ ਬਣਾਵੇ। ਜਿਹੜਾ ਸਾਹਿਤ ਸੋਸ਼ਲਿਜ਼ਮ ਲਿਆਉਣ ਲਈ ਇਨਕਲਾਬ ਦਾ ਰਾਹ ਪਧਰਾਵੇ, ਉਹੀ ਸਮਾਜਵਾਦੀ ਯਥਾਰਥਵਾਦ ਹੁੰਦਾ। ਲੋਕਾਂ ਦੇ ਲੇਖਕ ਨੂੰ ਸਰਮਾਏਦਾਰੀ ਦੇ ਵਾਦਾਂ-ਕੁਵਾਦਾਂ ਤੋਂ ਕੁਝ ਵਧੇਰੇ ਹੀ ਖਬਰਦਾਰ ਰਹਿਣਾ ਚਾਹੀਦਾ ਹੈ। ਇਨ੍ਹਾਂ ਵਾਦਾਂ ਦੀਆਂ ਛੁਰਲੀਆਂ ਛੱਡਣ ਵਾਲੇ ਅਖੌਤੀ ਬੁੱਧੀਜੀਵੀ ਸਰਮਾਏਦਾਰਾਂ ਦੇ ਜ਼ਰਖਰੀਦ ਹੁੰਦੇ ਹਨ, ਭਾਵੇਂ ਉਹ ਯੂਨੀਵਰਸਿਟੀਆਂ ਦੇ ਹੈੱਡ ਹੀ ਕਿਉਂ ਨਾ ਹੋਣ। ਉਨ੍ਹਾਂ ਦਾ ਚਲਾਊ ਗਿਆਨ ਇਨਕਲਾਬੀਆਂ ਨੂੰ ਨਿਕੰਮੇ ਤੇ ਲੋਕਾਂ ਨੂੰ ਕੁਰਾਹੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਆਰਥਕ ਪੱਖ ਤੋਂ ਲੈ ਕੇ ਜਿ਼ੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਰਮਾਏਦਾਰੀ ਸਮਾਜ ਦਾ ਖਾਤਮਾ ਤੇ ਸਮਾਜਵਾਦ ਦੀ ਮੁਕੰਮਲ ਸਥਾਪਨਾ ਵਿਚ ਹੈ।”
ਉਸ ਨੇ ਕਿੱਸੇ, ਸੂਫੀ ਸਾਹਿਤ ਤੇ ਗੁਰਬਾਣੀ ਪੜ੍ਹਨ ਦੇ ਨਾਲ ਰੂਸੋ, ਵਾਲਟੇਅਰ, ਵਿਕਟਰ ਹਿਊਗੋ, ਮੈਕਸਿਮ ਗੋਰਕੀ, ਲਿਓ ਤਾਲਸਤਾਏ, ਤੁਰਗਨੇਵ, ਮੇਜਨੀ, ਚਾਰਲਸ ਡਿਕਨਜ਼ ਤੇ ਸ਼ੋਲੋਖੋਵ ਆਦਿ ਵਿਸ਼ਵ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਚੜ੍ਹਦੀ ਉਮਰ ‘ਚ ਪੜ੍ਹੀਆਂ। ਉਨ੍ਹਾਂ ਨਾਲ ਉਹਦੇ ਗਿਆਨ ‘ਚ ਵਾਧਾ ਹੁੰਦਾ ਗਿਆ ਤੇ ਲਿਖਣ ਦੀ ਚੇਟਕ ਲੱਗ ਗਈ। ਉਸ ਨੇ ਕਾਵਿਕ ਵਾਰਤਕ ਵਿਚ ਕਾਵਿ ਖਿਆਲ ਲਿਖਣੇ ਸ਼ੁਰੂ ਕਰ ਲਏ। ਫਿਰ ਉਸ ਨੇ ਕਾਵਿ ਖਿਆਲਾਂ ਦਾ ਛੋਟਾ ਜਿਹਾ ਕਿਤਾਬੀ ਖਰੜਾ ਤਿਆਰ ਕਰ ਲਿਆ। ਉਹ 1940 ਵਿਚ ਅੰਮ੍ਰਿਤਸਰ ਦੇ ਬਾਜ਼ਾਰ ਮਾਈ ਸੇਵਾਂ ਵਾਲੇ ਪਬਲਿਸ਼ਰ ਹਰਨਾਮ ਸਿੰਘ ਐਂਡ ਸੰਨਜ਼ ਨੂੰ ਮਿਲਿਆ। ਖਰੜਾ ਕਹਾਣੀਕਾਰ ਸੁਜਾਨ ਸਿੰਘ ਨੂੰ ਵਿਖਾਇਆ ਗਿਆ ਅਤੇ ਉਹਦੀ ਸਲਾਹ ਨਾਲ ‘ਜੀਵਨ ਕਣੀਆਂ’ ਨਾਂ ਦੀ ਪੁਸਤਕ ਛਾਪ ਦਿੱਤੀ ਗਈ। 76 ਪੰਨਿਆਂ ਦੀ ਇਸ ਨਿੱਕੀ ਜਿਹੀ ਪੁਸਤਕ ਵਿਚ ਪਿੱਛੋਂ ਹਜ਼ਾਰਾਂ ਪੰਨਿਆਂ ‘ਤੇ ਛਪੀ ਕੰਵਲ ਦੀ ਸਾਰੀ ਸਾਹਿਤਕ ਰਚਨਾ ਦਾ ਬੀਜ ਸੀ। ਉਹਦੇ ਮੁਖ ਬੰਦ ਦਾ ਅੰਤਲਾ ਪੈਰਾ ਸੀ: ਹੋ ਸਕਦਾ ਹੈ, ਜੋ ਕੁਝ ਮੈਂ ਲਿਖਿਆ ਹੈ, ਉਸ ਵਿਚ ਬਹੁਤ ਕੁਝ ਭਾਵੁਕ ਹੋਵੇ, ਪਰ ਜਜ਼ਬੇ ਦੀ ਬੁਨਿਆਦ ਹੀ ਜ਼ਿੰਦਗੀ ਹੈ। ਇਹ ਇੱਕ ਪਿੱਛੋਂ ਆਏ ਲਿਖਾਰੀ ਦੇ ਖਿਲਰੇ ਖਿਆਲਾਂ ਦਾ ਸੰਗ੍ਰਹਿ ਹੈ ਜਾਂ ਹਿਰਦੇ ਦੀਆਂ ਅਣ-ਸਾਂਭੀਆਂ ਲਹਿਰਾਂ। ਪੰਜਾਬੀ ਪਾਠਕ ਪਿਆਰ ਤੋਹਫਾ ਜਾਣ ਕੇ ਪ੍ਰਵਾਨ ਕਰਨ। ਇਹ ਖਿਆਲ ਮੈਂ ਵੀਹ-ਬਾਈ ਸਾਲ ਦੀ ਉਮਰ ਵਿਚ ਲਿਖੇ ਹਨ।
-ਜਸਵੰਤ ਸਿੰਘ ਕੰਵਲ

‘ਜੀਵਨ ਕਣੀਆਂ’ ਵਿਚਲੇ ਖਿਲਰੇ ਖਿਆਲ ਜਾਂ ਅਣਸਾਂਭੀਆਂ ਲਹਿਰਾਂ ਦੇ ਕੁਝ ਵਾਕ ਹਨ:
-ਲਗਨ ਕਾਮਯਾਬੀ ਦਾ ਬੂਹਾ ਖੜਕਾਉਂਦੀ ਹੈ, ਕਾਮਯਾਬੀ ਜ਼ਿੰਦਗੀ ਦਾ ਮਕਸਦ ਪੂਰਾ ਕਰਦੀ ਹੈ।
-ਪ੍ਰੇਮ ਕਬਰ ਵਿਚ ਪੈਂਦਾ ਹੈ, ਇਨਸਾਫ ਉਸ ‘ਤੇ ਛਾਂ ਕਰਦਾ ਹੈ ਤੇ ਫਰਜ਼ ਫੁੱਲ ਬਣ ਕੇ ਉਸ ਦੀ ਕਬਰ ‘ਤੇ ਖਿੜਦਾ ਹੈ।
-ਹੁਸਨ ਰੱਬ ਦਾ ਰੂਪ ਹੈ, ਜਵਾਨੀ ਰੱਬ ਦਾ ਮਾਣ ਤੇ ਪਿਆਰ ਉਹਦਾ ਸੁਭਾਅ।
-ਗੁਰਦੇਵ ਦੀਵਾ ਹੈ, ਜਿਸ ਵਿਚ ਸ਼ਿਸ਼ ਦੀ ਅੰਨ੍ਹੀ ਆਤਮਾ ਚਾਨਣ ਪਾਉਂਦੀ ਹੈ।
-ਗੁਰਦੇਵ ਉਹ ਸੋਮਾ ਹੈ, ਜਿਸ ਵਿਚ ਨਹਾ ਕੇ ਸ਼ਿਸ਼ ਦੇ ਗੁਨਾਹ ਨੇਕੀਆਂ ਬਣ ਜਾਂਦੇ ਹਨ।
-ਹਨੇਰਾ ਚੰਗਾ ਹੈ, ਜੇ ਚਾਨਣ ਵਿਚ ਕੋਈ ਲਿਸ਼ਕ ਨਹੀਂ; ਮੌਤ ਚੰਗੇਰੀ ਹੈ, ਜੇ ਜੀਵਨ ਵਿਚ ਕੋਈ ਸੁਆਦ ਨਹੀਂ।
-ਯਾਦ ਬੀਤੇ ਆਨੰਦ ਨੂੰ ਸਾਂਭ ਕੇ ਰੱਖਦੀ ਹੈ। ਉਦਾਸ ਹੋਈ ਜ਼ਿੰਦਗੀ ਇਸ ਦੀ ਹੋਂਦ ਸਦਕਾ ਖਿੜ ਪੈਂਦੀ ਹੈ।
-ਇਨ੍ਹਾਂ ਪੰਜਾਂ ਦਾ ਕੋਈ ਮਜ਼੍ਹਬ ਨਹੀਂ ਹੁੰਦਾ: ਬੱਚਾ, ਸ਼ਾਇਰ, ਪਾਗਲ, ਗਿਆਨੀ ਤੇ ਵੇਸਵਾ।
-ਕੁਦਰਤ ਦਾ ਕਿੰਨਾ ਹੀ ਗਿਆਨ ਹਾਲੇ ਮਨੁੱਖ ਦੀ ਦੌੜ ਤੋਂ ਸਦੀਆਂ ਅੱਗੇ ਪਿਆ ਹੈ।
-ਮਾਂ ਧਰਤੀ ਦੀ ਮਾਲਣ ਹੈ ਤੇ ਬੱਚੇ ਟਹਿਕਦੇ ਫੁੱਲ। ਜੇ ਧਰਤੀ ਨੂੰ ਸਵਰਗ ਬਣਾਉਣਾ ਚਾਹੁੰਦੇ ਹੋ, ਬੱਚਿਆਂ ਵੱਲ ਧਿਆਨ ਦਿਓ।
-ਡਾਕੂ ਆਪੀਂ ਪੈਦਾ ਨਹੀਂ ਹੁੰਦੇ, ਸਗੋਂ ਸਾਡੀਆਂ ਬੇਇਨਸਾਫੀਆਂ ਹੀ ਅਣਭੋਲ ਆਦਮੀਆਂ ਨੂੰ ਭੈੜੇ ਬਣਾਉਂਦੀਆਂ ਹਨ।
-ਕੰਮ, ਜ਼ਿੰਦਗੀ ਦਾ ਸਾਰ ਹੈ, ਰੁਝੇਵਾਂ ਹੈ। ਇਹ ਧਨ, ਇੱਜ਼ਤ ਤੇ ਖੁਸ਼ੀ ਪੈਦਾ ਕਰਦਾ ਹੈ।
-ਸਫਾਈ ਮਨੁੱਖ ਦੀ ਆਪਣੀ ਪੈਦਾ ਕੀਤੀ ਸੁੰਦਰਤਾ ਹੈ। ਅਰੋਗਤਾ ਦੀ ਗਾਰੰਟੀ ਹੈ।
-ਖੁਸ਼ੀ ਉਹ ਬਹਾਰ ਹੈ, ਜਿਹੜੀ ਸੁੱਕੀਆਂ ਟਹਿਣੀਆਂ ਵਿਚੋਂ ਖੇੜਾ ਪੈਦਾ ਕਰਦੀ ਹੈ।
-ਚੰਦ ਛੁਪ ਜਾਣ ਲਈ ਚੜ੍ਹਦਾ ਹੈ, ਫੁੱਲ ਟੁੱਟ ਜਾਣ ਲਈ ਖਿੜਦਾ ਹੈ, ਬੰਦਾ ਮਰ ਜਾਣ ਲਈ ਜੰਮਦਾ ਹੈ।
ਕੰਵਲ ਦੀਆਂ ਲਿਖਤਾਂ ਵਿਚ ਕਹਿਰਾਂ ਦਾ ਜਜ਼ਬਾ ਤੇ ਸ਼ੂਕਦਾ ਵੇਗ ਹੈ, ਜੋ ਪਾਠਕਾਂ ਨੂੰ ਆਪ-ਮੁਹਾਰੇ ਆਪਣੇ ਨਾਲ ਵਹਾ ਲੈ ਜਾਂਦਾ ਹੈ। ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਮੈਂ ਕੈਨੇਡਾ ਚਲਾ ਗਿਆ ਤਾਂ ਕੈਨੇਡਾ ਤੋਂ ਪੰਜਾਬ ਆ ਕੇ ਵੀ ਉਸ ਨੂੰ ਮਿਲਦਾ-ਗਿਲਦਾ ਰਿਹਾ। ਅਖੀਰ ਉਮਰੇ ਉਸ ਨੂੰ ਦਿਸਦਾ ਤਾਂ ਸਾਫ ਸੀ, ਪਰ ਸੁਣਦਾ ਉੱਚਾ ਸੀ। ਉਹ ਹਰ ਰੋਜ਼ ਕੁਝ ਨਾ ਕੁਝ ਪੜ੍ਹਦਾ-ਲਿਖਦਾ ਸੀ। ਕੋਈ ਹਾਲ-ਚਾਲ ਪੁੱਛਦਾ ਤਾਂ ਆਂਹਦਾ ਸੀ, “ਮੇਰਾ ਤਾਂ ਚੰਗਾ, ਪਰ ਪੰਜਾਬ ਦਾ ਮਾੜੈ।”
ਕਦੇ ਉਸ ਨੂੰ ‘ਪੂਰਨਮਾਸ਼ੀ’ ਵਾਲਾ ਕੰਵਲ, ਕਦੇ ‘ਰਾਤ ਬਾਕੀ ਹੈ’ ਵਾਲਾ ਕਾਮਰੇਡ, ਕਦੇ ‘ਲਹੂ ਦੀ ਲੋਅ’ ਵਾਲਾ ਨਕਸਲੀ ਤੇ ਕਦੇ ‘ਐਨਿਆਂ `ਚੋਂ ਉਠੋ ਸੂਰਮਾ’ ਵਾਲਾ ਖਾੜਕੂ ਲੇਖਕ ਕਹਿ ਕੇ ਵਡਿਆਇਆ ਜਾਂਦਾ ਰਿਹਾ। ਕਦੇ ਉਸ ਨੂੰ ਨਾਵਲਕਾਰ ਨਾਨਕ ਸਿੰਘ ਦਾ ਵਾਰਸ ਤੇ ਕਦੇ ਪੰਜਾਬ ਦੇ ਪੇਂਡੂ ਜੀਵਨ, ਖਾਸ ਕਰ ਕੇ ਕਿਸਾਨੀ ਜੀਵਨ ਦਾ ਮੋਢੀ ਨਾਵਲਕਾਰ ਕਿਹਾ ਜਾਂਦਾ। ਉਸ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਵੀ ਨਿਭਾਈ। ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਦਾ ਤਾਂ ਉਹ ਜੀਵਨ ਭਰ ਲਈ ਜਨਰਲ ਸਕੱਤਰ ਸੀ, ਜਿਸ ਨੇ ਸੌ ਕੁ ਲੇਖਕਾਂ ਨੂੰ ਸਾਹਿਤਕ ਪੁਰਸਕਾਰ ਦਿੱਤੇ। ਉਹ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਤੇ ਇੰਗਲੈਂਡ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਵਾਲੀ ਟੀਮ ਦਾ ਅੰਗ ਬਣਿਆ। ਉਸ ਨੇ ਪੰਜਾਬੀ ਨੂੰ ਦੇਵਨਾਗਰੀ ਲਿਪੀ ਵਿਚ ਲਿਖਣ ਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ `ਚ ਖਚਤ ਹੋਣ ਤੋਂ ਬਚਾਉਣ ਵਿਚ ਅਹਿਮ ਰੋਲ ਨਿਭਾਇਆ।
ਪੰਜਾਬੀ ਵਿਚ ਉਸ ਦੇ ਸਭ ਤੋਂ ਬਹੁਤੇ ਪਾਠਕ ਸਨ/ਹਨ। ਉਸ ਨੇ ਦੇਸ਼-ਵਿਦੇਸ਼ ਦੀਆਂ ਖੂਬ ਸੈਰਾਂ ਕੀਤੀਆਂ। ਅਨੇਕਾਂ ਅਜਾਇਬ ਘਰ ਵੇਖੇ। ਮਹਿੰਜੋਦਾੜੋ ਦੇ ਖੰਡਰਾਂ ਦੀ ਬਾਤ ਪਾਈ। ਖੇਡ ਮੇਲਿਆਂ ਵਿਚ ਕਬੱਡੀ ਦੇ ਮੈਚ ਖਿਡਾਏ ਤੇ ਕੁਮੈਂਟਰੀ ਕੀਤੀ। ਦਸਵੰਧ ਲੋੜਵੰਦਾਂ ਨੂੰ ਦਿੱਤਾ। 27 ਜੂਨ 2019 ਨੂੰ ਜਦੋਂ ਉਹ ਸੌ ਸਾਲਾਂ ਦਾ ਹੋਇਆ ਤਾਂ ਉਸ ਦੀ ਜਨਮ ਸ਼ਤਾਬਦੀ ਸਮੇਂ ਢੁੱਡੀਕੇ ਪੰਜ ਰੋਜ਼ਾ ‘ਕੰਵਲ ਸ਼ਤਾਬਦੀ ਸੰਗ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ ਮਨਾਇਆ ਗਿਆ। 2018 ਵਿਚ ਮੈਂ ਉਸ ਨੂੰ ਮੱਲੋਮੱਲੀ ਢੁੱਡੀਕੇ ਦੇ ਖੇਡ ਮੇਲੇ `ਚ ਲੈ ਗਿਆ ਸਾਂ। 2019 ਵਿਚ ਮੇਲੇ `ਚ ਲਿਜਾ ਕੇ ਸੈਂਚਰੀ ਮਾਰਨ ਦੀ ਝੰਡੀ ਕਰਵਾ ਆਇਆ ਸਾਂ। 2020 ਦਾ ਮੇਲਾ ਵਿਖਾਉਣ ਲਈ ਬਥੇਰਾ ਕਿਹਾ: ਓੜਕ ਨੂੰ ਮਰ ਜਾਣਾ ਚੱਲ ਮੇਲੇ ਚੱਲੀਏ… ਪਰ ਉਹ ਜਾਂਦੀ ਵਾਰ ਦਾ ਮੇਲਾ ਵੇਖਣ ਜੋਗਾ ਨਹੀਂ ਸੀ ਰਿਹਾ।