ਗੁਲਜ਼ਾਰ ਸਿੰਘ ਸੰਧੂ
ਪੰਜਾਬ ਦੀਆਂ ਸੱਜਰੀਆਂ ਪੰਚਾਇਤ ਚੋਣਾਂ ਨੇ ਪਿੰਡਾਂ ਵਿਚ ਵੱਧ ਰਹੀ ਗੁਟਬੰਦੀ, ਖਹਿਬਾਜ਼ੀ, ਉਮੀਦਵਾਰਾਂ ਦੀ ਘੇਰਾਬੰਦੀ, ਗਾਲੀ-ਗਲੋਚ ਤੇ ਨਵੇਂ ਹੱਥ ਕੰਡਿਆਂ ਦਾ ਰਿਕਾਰਡ ਤੋੜ ਛੱਡਿਆ ਹੈ। ਆਪਣੇ ਆਪ ਨੂੰ ਨਿਰਲੇਪ ਕਹਿਣ ਵਾਲੇ ਸਾਧਾਂ, ਸੰਤਾਂ ਤੇ ਬਾਵਿਆਂ ਤੇ ਜੋਤਸ਼ੀਆਂ ਦਾ ਸਿੱਧਾ ਦਖਲ ਵੀ ਸੁਣਨ ਵਿਚ ਆਇਆ ਹੈ। ਬੇਵਿਸ਼ਵਾਸੀ ਏਨੀ ਕਿ ਕਈ ਥਾਂ ਵੋਟਾਂ ਦੀ ਮੁੜ ਗਿਣਤੀ ਹੋਈ ਹੈ। ਸ਼ਕਤੀਸ਼ਾਲੀ ਧੜੇ ਦੇ ਕਹਿਣ ਉਤੇ ਅਜਿਹੀ ਗਿਣਤੀ ਬਰਾਬਰ ਹੋਣ ਦੀ ਸੂਰਤ ਵਿਚ ਓਨੀ ਵਾਰੀ ਟਾਸ ਪਵਾਈ ਗਈ ਜਦੋਂ ਤੱਕ ਵਰਤਿਆ ਗਿਆ ਸਿੱਕਾ ਉਸ ਮੂੰਹ ਨਹੀਂ ਡਿੱਗਿਆ ਜਿਹੜਾ ਮੂੰਹ ਜ਼ੋਰਾਵਰਾਂ ਦੀ ਮੰਗ ਸੀ।
ਦਾਰੂ-ਸਿੱਕੇ ਤੇ ਮਾਇਆ ਦਾ ਵਿਖਾਵਾ ਵੀ ਸਿਖਰਾਂ ਉਤੇ ਸੀ। ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਟੂਟੋਮਜ਼ਾਰਾ ਨੇੜੇ ਪਿੰਡ ਮੁੱਗੋਵਾਲ ਕਿ ਮੇਘੋਵਾਲ ਵਿਚ ਇੱਕ ਆੜ੍ਹਤੀਏ ਉਮੀਦਵਾਰ ਦੇ ਮਾਇਆਧਾਰੀ ਐਨ ਆਰ ਆਈ ਨਾਲ ਸਿੰਗ ਫਸ ਗਏ ਦੱਸੇ ਜਾਂਦੇ ਹਨ! ਉਨ੍ਹਾਂ ਵਿਚੋਂ ਇੱਕ ਨੇ ਦੂਜੇ ਨੂੰ ਬਿਠਾਉਣ ਲਈ 7 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਤਾਂ ਦੂਜੇ ਨੇ ਗਿਆਰਾਂ ਲੱਖ ਦੀ ਬੋਲੀ ਦੇ ਦਿੱਤੀ। ਸਮਝੌਤਾ ਸੰਭਵ ਨਹੀਂ ਸੀ। ਦੋਵਾਂ ਧਿਰਾਂ ਨੇ ਲੰਗਰ ਲਾਉਣ ਤੋਂ ਬਿਨਾਂ ਮਿੱਠੇ ਤੇ ਕੌੜੇ ਪਾਣੀ ਦੀਆਂ ਸ਼ਬੀਲਾਂ ਵੀ ਲਾਈਆਂ ਅਤੇ ਮੰਗਣ ਵਾਲਿਆਂ ਨੂੰ ਸਾਈਕਲ, ਸਿਲਾਈ ਮਸ਼ੀਨਾਂ, ਕੂਲਰ ਤੇ ਇਨਵਰਟਰ ਵੀ ਦਿੱਤੇ। ਇੱਕ ਫੇਰੀ ਵਾਲਾ ਕੱਪੜਾ ਵੇਚਣ ਆਇਆ ਤਾਂ ਬਹੁਤੇ ਪੈਸੇ ਵਾਲੇ ਨੇ ਖਰੀਦਣ ਵਾਲਿਆਂ ਦੇ ਸਾਰੇ ਪੈਸੇ ਆਪਣੇ ਪਲਿਓਂ ਦੇਣ ਦਾ ਐਲਾਨ ਕਰ ਦਿੱਤਾ। ਅੰਤ ਉਹੀਓ ਜਿੱਤਿਆ। ਕਈ ਪਿੰਡਾਂ ਵਿਚ ਬਹੁਲਤਾ ਤੇ ਫੁੱਟ ਦਾ ਨੰਗਾ ਨਾਚ ਹੋਇਆ। ਭਲੇ ਸਮੇਂ ਸਸਤੇ ਸਨ। ਕਦੀ ਮੇਰਾ ਮਿੱਤਰ ਦੇਵਿੰਦਰ ਸਿੰਘ ਗਰਚਾ ਲੁਧਿਆਣਾ ਲੋਕ ਸਭਾ ਹਲਕੇ ਦੀ ਚੋਣ ਲੜਦਾ ਸੀ ਤਾਂ ਕੁੱਲ ਖਰਚਾ ਢਾਈ-ਤਿੰਨ ਲੱਖ ਰੁਪਏ ਤੋਂ ਵੱਧ ਨਹੀਂ ਸੀ ਹੁੰਦਾ। ਪਾਰਟੀ ਵੀ ਉਮੀਦਵਾਰ ਨੂੰ ਸਵਾ ਲੱਖ ਹੀ ਦਿੰਦੀ ਸੀ।
ਲੋਕਤੰਤਰ ਦਾ ਇਹ ਰੂਪ ਚਿੰਤਾ ਵਾਲਾ ਹੈ। ਹੈ ਕੋਈ ਨੱਥ ਪਾਉਣ ਦਾ ਸਾਧਨ? ਸ਼ਾਇਦ ਨਹੀਂ!
ਸੈਲਾ ਖੁਰਦ ਜ਼ਿੰਦਾਬਾਦ
ਮੇਰੇ ਵਰਗੇ ਹੋਰ ਵੀ ਹੋਣਗੇ ਜਿਨ੍ਹਾਂ ਨੂੰ ਅਦਾਕਾਰ ਪ੍ਰਾਣ ਦੇ ਸੈਲਾ ਖੁਰਦ ਨਾਲ ਸਬੰਧਾਂ ਦਾ ਉਸ ਦੇ ਤੁਰ ਜਾਣ ਪਿੱਛੋਂ ਪਤਾ ਲੱਗਿਆ ਹੋਵੇ। ਸਾਰੇ ਪਿੰਡ ਦਾ ਰੇਲਵੇ ਸਟੇਸ਼ਨ ਵੀ ਸੈਲਾ ਹੀ ਹੈ। ਉਂਜ ਸਾਨੂੰ ਬੰਗਾ ਲਈ ਅੱਠ ਮੀਲ ਤੁਰ ਕੇ ਗੱਡੀ ਫੜਨੀ ਸੌਖੀ ਲਗਦੀ ਸੀ ਕਿਉਂਕਿ ਰੇਲ ਗੱਡੀ ਨੂੰ ਸੈਲੇ ਤੋਂ ਬੰਗਾ ਜਾਣ ਲਈ ਤਿੰਨ ਘੰਟੇ ਲਗਦੇ ਸਨ। ਇਸ ਨੇ ਰਾਹੋਂ ਤੋਂ ਘੁੰਮ ਕੇ ਜਾਣਾ ਹੁੰਦਾ ਸੀ। ਰਾਹੋਂ ਕਪੜੇ ਦੇ ਕਾਰਖਾਨਿਆਂ ਦਾ ਗੜ੍ਹ ਸੀ ਤੇ ਉਨ੍ਹਾਂ ਲਈ ਰੂੰ ਓਕਾੜਾ (ਪਾਕਿਸਤਾਨ) ਤੋਂ ਆਉਂਦੀ ਸੀ! ਉਧਰ ਜੇਜੋਂ ਦੇ ਪੱਥਰ ਚੱਟ ਕੇ ਮੁੜਨਾ ਆਵਸ਼ਕ ਸੀ ਕਿਉਂਕਿ ਉਸ ਤੋਂ ਅੱਗੇ ਸ਼ਿਵਾਲਕ ਦੇ ਪਹਾੜ ਪੇਸ਼ ਨਹੀਂ ਸੀ ਜਾਣ ਦਿੰਦੇ।
ਸਮੇਂ ਨੇ ਸੈਲਾ ਖੁਰਦ ਨੂੰ ਸੈਲਾ ਕਲਾਂ ਤੋਂ ਵੱਡਾ ਬਣਾ ਦਿੱਤਾ ਹੈ। ਖੁਰਦ ਵਿਖੇ ਕਸਬਾ ਵਧ ਗਿਆ ਹੈ ਤੇ ਕਲਾਂ ਇੱਕ ਪਿੰਡ ਹੀ ਰਹਿ ਗਿਆ ਹੈ। ਪਿਛਲੀ ਜਨਗਣਨਾ ਅਨੁਸਾਰ ਸੈਲਾ ਕਲਾਂ ਦਾ ਰਕਬਾ 275 ਹੈਕਟੇਅਰ ਸੀ ਤੇ ਵਸੋਂ 1,295 ਜਦੋਂਕਿ ਖੁਰਦ ਦੇ 159 ਹੈਕਟੇਅਰਾਂ ਵਿਚ 3,262 ਦੀ ਵਸੋਂ ਹੋ ਚੁੱਕੀ ਸੀ। ਸਟੇਸ਼ਨ ਦੀ ਇਕ ਸਿਫਤ ਇਹ ਵੀ ਸੀ ਕਿ ਇਥੋਂ ਦਾ ਸਟੇਸ਼ਨ ਮਾਸਟਰ ਸਕੂਲੀ ਬੱਚਿਆਂ ਨੂੰ ਮਫਤੋ-ਮੁਫਤੀ ਸਫਰ ਦੀ ਆਗਿਆ ਦੇ ਕੇ ਜੇਜੋਂ ਦੇ ਪੇੜੇ ਖਾਣ ਦੀਆਂ ਖੁੱਲਾਂ ਦੇ ਛੱਡਦਾ ਸੀ। ਪ੍ਰਾਣ ਨੇ ਇਹ ਖੁੱਲ੍ਹ ਲਈ ਸੀ ਜਾਂ ਨਹੀਂ, ਉਸ ਦਾ ਖੁਰਦ ਨੂੰ ਕਲਾਂ ਦੀ ਪਿੱਠ ਲਾਉਣ ਦੇ ਯੋਗ ਬਣਾਉਣ ਵਿਚ ਵੱਡਾ ਹੱਥ ਹੈ। ਫਿਲਮ ‘ਲਾਖੋਂ ਮੇਂ ਏਕ’ ਵਿਚ ਉਸ ਨੇ ਆਪਣੇ ਆਪ ਨੂੰ ਭਰੋਵਾਲ ਦਾ ਸ਼ੇਰ ਸਿੰਘ ਡਰਾਈਵਰ ਤੇ ਪਿੰਡ ਦਾ ਡਾਕਘਰ ਸੈਲਾ ਖੁਰਦ ਦੱਸ ਕੇ ਇਸ ਦਾ ਮਹੱਤਵ ਵਧਾਇਆ ਸੀ। ਟਰੱਕ ਉਤੇ ਸੰਧੂ ਟਰਾਂਸਪੋਰਟ ਕੰਪਨੀ ਲਿਖਿਆ ਤਾਂ ਮੈਂ ਵੀ ਪੜ੍ਹਿਆ ਸੀ।
ਖੂੰਜੇ ਲਗਿਆ ਦੀਵਾਨਾ
ਵੀਹਵੀਂ ਸਦੀ ਦੇ ਪੰਜਾਬੀ ਜਗਤ ਵਿਚ ਮੋਹਨ ਸਿੰਘ ਦੀਵਾਨਾ ਇੱਕ ਅਜਿਹੀ ਹਸਤੀ ਸੀ ਜਿਸ ਦੀ ਬੁੱਧੀ, ਵਿਦਵਤਾ ਤੇ ਗਿਆਨ ਦਾ ਹਰ ਕੋਈ ਸਿੱਕਾ ਮੰਨਦਾ ਸੀ-ਸੰਤ ਸਿੰਘ ਸੇਖੋਂ ਤੋਂ ਰਤਨ ਸਿੰਘ ਜੱਗੀ ਤੱਕ। ਅੰਗਰੇਜ਼ੀ ਦਾ ਐਮ ਏ, ਉਰਦੂ ਦਾ ਡਾਕਟਰੇਟ ਤੇ ਪੰਜਾਬੀ ਦੀ ਡੀæਲਿਟ। ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਉਹ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫਾਰਸੀ, ਹਿਬਰੂ, ਜਰਮਨ ਤੇ ਫਰੈਂਚ ਵੀ ਜਾਣਦਾ ਸੀ। ਪਰ ਸੁਭਾਅ ਦਾ ਐਨਾ ਕੌੜਾ ਸੀ ਕਿ ਉਸ ਦੀ ਕਿਸੇ ਸਮਕਾਲੀ ਨਾਲ ਸੁਰ ਨਹੀਂ ਸੀ ਰਲਦੀ। ਆਪਣੀ ਘਰ ਵਾਲੀ ਨਾਲ ਵੀ ਨਹੀਂ। ਹੁਣ ਭਾਰਤੀ ਸਾਹਿਤ ਅਕਾਡਮੀ, ਨਵੀਂ ਦਿੱਲੀ ਨੇ ਉਸ ਨੂੰ ਭਾਰਤੀ ਸਾਹਿਤ ਦੇ ਉਸਰੱਈਆਂ ਵਿਚ ਸ਼ਾਮਲ ਕਰਕੇ ਉਸ ਦੀ ਮ੍ਰਿਤੂ ਤੋਂ ਤਿੰਨ ਦਹਾਕੇ ਪਿੱਛੋਂ ਉਸ ਦੀ ਕਦਰ ਪਾਈ ਹੈ। ਅੰਗਰੇਜ਼ੀ, ਉਰਦੂ ਅਤੇ ਹਿੰਦੀ ਵਿਚ 225 ਪੁਸਤਕਾਂ ਤੇ ਪੈਂਫਲਟਾਂ ਦੇ ਰਚੈਤਾ ਇਸ ਵਿਦਵਾਨ ਦੀ ਉਤਰੀ ਭਾਰਤ ਦੀਆਂ ਇਨ੍ਹਾਂ ਭਾਸ਼ਾਵਾਂ ਨੂੰ ਦੇਣ ਦਾ ਮੁਲਾਂਕਣ ਹਰਿਭਜਨ ਸਿੰਘ ਭਾਟੀਆ ਨੇ ਬੜੇ ਪਿਆਰ, ਹਮਦਰਦੀ ਤੇ ਸਤਿਕਾਰ ਨਾਲ ਕੀਤਾ ਹੈ। 85 ਵਰ੍ਹੇ ਦੀ ਉਮਰ ਤੱਕ ਸਾਹਿਤ ਜਗਤ ਉਤੇ ਬੋਹੜ ਵਾਂਗ ਛਾਏ ਇਸ ਵਿਦਵਾਨ ਦੇ ਈਰਖਾਲੂਆਂ ਤੋਂ ਮੁਕਤ ਹੋਣ ਲਈ ਏਨਾ ਸਮਾਂ ਲਗਣਾ ਅਵਸ਼ਕ ਵੀ ਸੀ ਤੇ ਕੁਦਰਤੀ ਵੀ। ਆਸ ਹੈ ਕਿ ਭਵਿੱਖ ਦੇ ਖੋਜਾਰਥੀ ਉਸ ਦੀਆਂ ਨਿੱਜੀ ਪਸੰਦਾਂ ਤੇ ਨਾ ਪਸੰਦਾਂ ਤੋਂ ਮੁਕਤ ਹੋ ਕੇ ਉਸ ਦੇ ਖੋਜ ਕਾਰਜਾਂ ਤੋਂ ਮਾਰਗ ਦਰਸ਼ਨ ਲੈਣਗੇ। ਆਮ ਪੰਜਾਬੀ ਨੂੰ ਉਸ ਦੀ ਹਸਤੀ ਸਮਝਾਉਣੀ ਹੋਵੇ ਤਾਂ ਏਨਾ ਹੀ ਦੱਸ ਦੇਣਾ ਕਾਫੀ ਹੈ ਕਿ ਪੂਰੀ ਅਧੀ ਓਬਰਾਇ ਗੋਤ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ, ਓਬਰਾਇ ਇੰਟਰਕਾਨਟੀਨੈਂਟਲ ਦੇ ਨਮੂਦਾਰ ਹੋਣ ਤੱਕ।
ਮਿਲਖਾ ਸਿੰਘ ਤੇ ਮੀਡੀਆ
‘ਭਾਗ ਮਿਲਖਾ ਭਾਗ’ ਦੇ ਨਾਇਕ ਫਰਹਾਨ ਅਖ਼ਤਰ ਨੇ ਮਿਲਖਾ ਸਿੰਘ ਦੀ ਤੇਜ਼ ਰਫਤਾਰੀ ਨੂੰ ਤੇਜ਼ ਤੇ ਸਦੀਵੀ ਕਰ ਦਿੱਤਾ ਹੈ। ਫਿਲਮ ਰਾਹੀਂ ਦੇਸ਼ ਵੰਡ ਦੀ ਵਹਿਸ਼ਤ ਵਿਚੋਂ ਚਾਨਣਾ ਪੈਦਾ ਕਰਨਾ ਇਸ ਨੂੰ ਅਮਰਤਾ ਪ੍ਰਦਾਨ ਕਰਦਾ ਹੈ। ਜਿਨ੍ਹਾਂ ਨੇ ਮਿਲਖਾ ਸਿੰਘ ਤੇ ਉਸ ਦੀ ਦੌੜ ਨਹੀਂ ਤੱਕੀ ਉਹ ਫਿਲਮ ਰਾਹੀਂ ਉਸ ਦੀ ਦੌੜ ਤੇ ਦੋਸਤੀਆਂ ਦੇ ਖੁਲ੍ਹੇ ਦਰਸ਼ਨ ਕਰ ਲੈਂਦੇ ਹਨ। ਨਾਇਕ ਫਰਹਾਨ ਹੀ ਨਹੀਂ, ਭੈਣ ਦਿਵਿਆ ਦੱਤਾ, ਦੋਸਤ ਸੋਨਮ ਕਪੂਰ ਅਤੇ ਕੋਚ ਯੋਗਰਾਜ ਸਿੰਘ ਦੀ ਅਦਾਕਾਰੀ ਧੀਮੀ ਗਤੀ ਵਾਲੀ ਹੈ। ਤਿੰਨ ਘੰਟੇ ਦੀ ਮੂਵੀ ਨੂੰ ਖੜੋਤ ਦਾ ਸ਼ਿਕਾਰ ਨਹੀਂ ਹੋਣ ਦਿੰਦੀ। ਵੱਡੀ ਗੱਲ ਇਹ ਹੈ ਫਿਲਮ ਦਾ ਸੰਦੇਸ਼ ਭਾਰਤ-ਪਾਕਿ ਮਿੱਤਰਤਾ ਹੀ ਨਹੀਂ ਬੀਤੇ ਨੂੰ ਭੁਲਾ ਕੇ ਹਿੰਦੂ-ਮੁਸਲਮ ਏਕਤਾ ਦਾ ਵੀ ਹੈ ਜਿਸ ਦੀ ਦੋਵੇਂ ਪਾਸੇ ਵੱਡੀ ਲੋੜ ਹੈ।
ਅੰਤਿਕਾ: (ਫੈਜ਼ ਅਹਿਮਦ ਫੈਜ਼)
ਗੁਲੋਂ ਮੇਂ ਰੰਗ ਭਰੇ ਬਾਦ ਏ ਨੌ ਬਹਾਰ ਚਲੇ।
ਚਲੇ ਭੀ ਆਓ ਕਿ ਗੁਲਸ਼ਨ ਕਾ ਕਾਰੋਬਾਰ ਚਲੇ।
ਜੋ ਮੁਝ ਪੇ ਗੁਜ਼ਰੀ ਸੋ ਗੁਜ਼ਰੀ
ਮਗਰ ਸ਼ਬ ਏ ਹਿਜਰਾਂ,
ਮੇਰੇ ਅਸ਼ਕ ਤੇਰੀ ਆਕਬਤ ਸੰਵਾਰ ਚਲੇ।
ਮੁਕਾਮ ਫੈਜ਼ ਕੋਈ ਰਾਹ ਮੇਂ ਜਚਾ ਹੀ ਨਹੀਂ,
ਜੋ ਕੂਏ ਯਾਰ ਸੇ ਨਿਕਲੇ ਤੋ ਸੂਏ ਦਾਰ ਚਲੇ।
Leave a Reply