ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫਰਿਜ਼ਨੋ, ਕੈਲੀਫੋਰਨੀਆ
ਲਿਖਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਇਹ ਕੋਈ ਜ਼ਰੂਰੀ ਨਹੀਂ ਕਿ ਲੇਖਕ ਆਪਣੀ ਲੇਖਣੀ ਵਿਚ ਔਖੇ ਔਖੇ ਸ਼ਬਦ ਵਰਤ ਕੇ ਹੀ ਪਾਠਕਾਂ ਨੂੰ ਪ੍ਰਭਾਵਿਤ ਕਰ ਸਕੇ। ਲੇਖਕ ਓਹੀ ਸਫਲ ਹੈ, ਜਿਹੜਾ ਆਪਣੀ ਸ਼ਬਦਾਵਲੀ ਨਾਲ ਪਾਠਕ ਨੂੰ ਉਂਗਲੀ ਫੜ ਕੇ ਨਾਲ ਤੋਰ ਸਕੇ।
ਜਿਲਾ ਹੁਸਿ਼ਆਰਪੁਰ ਦੇ ਪਿੰਡ ਨੰਦਣ ਦੇ ਚੋਬਰ ਰੋਹਿਤ ਕੁਮਾਰ ਨੂੰ ਛੋਟੀ ਉਮਰੇ ਹੀ ਜਿ਼ੰਦਗੀ ਦੇ ਬੜੇ ਮਿੱਠੇ-ਕੌੜੇ ਤਜ਼ਰਬੇ ਹੋ ਗਏ ਸਨ। ਭਰ ਜਵਾਨੀ ਤੱਕ ਉਹ ਦੁਨੀਆਂਦਾਰੀ ਤੇ ਸੰਸਾਰ ਨੂੰ ਚੰਗੀ ਤਰ੍ਹਾਂ ਸਮਝ ਚੁਕਾ ਹੈ। ਸ਼ਾਇਦ ਇਸੇ ਸੂਝ-ਬੂਝ `ਚੋਂ ਹੀ ਉਸ ਦੀਆਂ ਪੰਜ ਕਹਾਣੀਆਂ ਦੀਆਂ ਪੁਸਤਕਾਂ ਛਪੀਆਂ। ਜਿਹੜੇ ਵਿਸ਼ੇ ਉਸ ਨੇ ਛੋਹੇ, ਉਨ੍ਹਾਂ ਬਾਰੇ ਲਿਖਣਾ ਕੋਈ ਸੌਖਾ ਨਹੀਂ ਹੁੰਦਾ!
ਦੋ ਮਿਨੀ ਕਹਾਣੀ ਸੰਗ੍ਰਹਿ ‘ਨਸੀਹਤ’ ਤੇ ‘ਗੰਦਾ ਖੂਨ’ ਦੇ ਪ੍ਰਕਾਸ਼ਨ ਤੋਂ ਬਾਅਦ ਰੋਹਿਤ ਕੁਮਾਰ ਨੇ ਲਾਲ ਬੱਤੀ ਖੇਤਰ ਨਾਲ ਸਬੰਧਿਤ ਕੁੜੀਆਂ ਦੀ ਦਰਦ ਭਰੀ ਕਹਾਣੀ ਨੂੰ ਬਿਆਨ ਕਰਦਾ ਮਿਨੀ ਕਹਾਣੀ ਸੰਗ੍ਰਹਿ ‘ਕਠਪੁਤਲੀਆਂ’ ਛਪਵਾਉਣ ਦੀ ਪਹਿਲ ਕੀਤੀ ਹੈ। ਇਸ ਤੋਂ ਬਾਅਦ ਉਸ ਦੀ ਤਾਜਾ ਲਿਖਤ ‘ਇੱਕ ਬਟਾ ਦੋ’ ਤਰਕ ਭਾਰਤੀ ਪ੍ਰਕਾਸ਼ਨ (ਬਰਨਾਲਾ) ਵਲੋਂ ਛਾਪੀ ਗਈ ਹੈ। ਇਸ ਕਿਤਾਬ ਵਿਚ ਰੋਹਿਤ ਨੇ ਅਣ-ਛੋਹਿਆ ਵਿਸ਼ਾ ਕਿੰਨਰ ਜਾਂ ਜਿਨ੍ਹਾਂ ਨੂੰ ਖੁਸਰੇ ਵੀ ਕਿਹਾ ਜਾਂਦਾ ਹੈ, ਬੜੇ ਪ੍ਰਚੰਡ ਤਰੀਕੇ ਨਾਲ ਛੋਹਿਆ ਹੈ।
ਵੇਸਵਾ ਦੇ ਜੀਵਨ ਦੀ ਗੱਲ ਕਰੀਏ ਤਾਂ ਇਹ ਕਿੱਤਾ ਅਪਨਾਉਣ ਜਾਂ ਕੋਈ ਹੋਰ ਰਾਹ ਚੁਣਨ ਦੀ ਕਿਤੇ ਨਾ ਕਿਤੇ ਕੋਈ ਗੁੰਜਾਇਸ਼ ਹੁੰਦੀ ਹੈ, ਪਰ ਕਿੰਨਰ ਬਣਨਾ ਜਾਂ ਨਾ ਬਣਨਾ ਇਸ ਵਿਚ ਇਨਸਾਨ ਦਾ ਆਪਣਾ ਕੋਈ ਰੋਲ ਨਹੀਂ ਹੁੰਦਾ, ਇਹ ਸਭ ਕੁਦਰਤ ਦਾ ਵਰਤਾਰਾ ਹੈ। ਜਿਨ੍ਹਾਂ ਮੁਸੀਬਤਾਂ ਵਿਚੋਂ ਕਿੰਨਰ ਨਿਕਲਦਾ ਜਾਂ ਜਿਨ੍ਹਾਂ ਪ੍ਰਸਥਿਤੀਆਂ ਵਿਚੋਂ ਲੰਘ ਕੇ ਉਹ ਆਪਣੀ ਰੋਜ਼ਮੱਰ੍ਹਾ ਦੀ ਜਿ਼ੰਦਗੀ ਬਤੀਤ ਕਰਦਾ ਹੈ, ਬਸ ਓਹੀ ਜਾਣਦਾ ਹੈ! ਮਾਨਸਿਕ ਤਣਾਓ ਦੇ ਨਾਲ ਨਾਲ ਪਰਿਵਾਰਕ ਪ੍ਰੈਸ਼ਰ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਸਾਡੇ ਘਰ ਕਿੰਨਰ ਜੰਮਿਆ, ਇਸੇ ਤਰੀਕੇ ਸਮਾਜ ਦੇ ਤਰ੍ਹਾਂ ਤਰ੍ਹਾਂ ਦੇ ਤਾਅਨੇ ਮਿਹਣੇ ਕਿ ਇਹ ਬੰਦਾ ਨਾ ਜਨਾਨੀ। ਇਸ ਸਾਰੇ ਵਰਤਾਰੇ ਬਾਰੇ ਰੋਹਿਤ ਨੇ ਕਿੰਨਰ ਸਮਾਜ ਦੀਆਂ ਮਜਬੂਰੀਆਂ ਬਾਰੇ ਬੜਾ ਖੁੱਲ੍ਹ ਕੇ ਲਿਖਿਆ। ਇਸ ਕਾਰਜ ਲਈ ਉਸ ਦੀ ਮਿਹਨਤ ਤੇ ਕਾਬਲੀਅਤ ਦੀ ਸਿਫਤ ਕਰਨੀ ਬਣਦੀ ਹੈ।
ਇਸੇ ਤਰੀਕੇ ਜੇ ‘ਕਠਪੁਤਲੀਆਂ’ ਜਾਂ ‘ਗੂੰਗੀ ਰੌਣਕ’ ਆਦਿ ਪੁਸਤਕਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚ ਦਰਜ ਕਹਾਣੀਆਂ ਮਜਬੂਰੀਵੱਸ ਆਪਣਾ ਸਰੀਰ ਵੇਚਣ ਵਾਲੀਆਂ ਕੁੜੀਆਂ ਦੇ ਮਾਨਸਿਕ ਸੰਤਾਪ ਦੀ ਦਾਸਤਾਨ ਬਿਆਨ ਕਰਦੀਆਂ ਹਨ, ਉੱਥੇ ਹੀ ਇਸ ਵਿਸ਼ੇ ਦੀਆਂ ਅਨੇਕਾਂ ਡੂੰਘੀਆਂ ਪਰਤਾਂ ਤੱਕ ਪਹੁੰਚ ਕੇ ਲੇਖਕ ਦੇ ਵਿਸ਼ਾ ਮਾਹਿਰ ਹੋਣ ਦੀ ਵੀ ਗਵਾਹੀ ਦਿੰਦੀਆਂ ਹਨ। ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਇਸ ਗੱਲ ਦਾ ਖੁਲਾਸਾ ਕਰਦੀਆਂ ਹਨ ਕਿ ਸਮਾਜ ਨਾਲੋਂ ਬਿਲਕੁਲ ਛੇਕੇ ਹੋਣ ਦਾ ਸੰਤਾਪ ਭੋਗ ਰਹੀਆਂ ਇਨ੍ਹਾਂ ਕੁੜੀਆਂ ਨੇ ਆਪਣਾ ਸਰੀਰ ਵੇਚਣ ਦਾ ਅਪਮਾਨਿਤ ਕਿੱਤਾ ਆਪਣੀ ਮਰਜ਼ੀ ਨਾਲ ਨਹੀਂ ਚੁਣਿਆ, ਸਗੋਂ ਸਮੇਂ ਦੀ ਮਜਬੂਰੀ ਨੇ ਉਨ੍ਹਾਂ ਨੂੰ ਇਸ ਨਖਿੱਧ ਕਿੱਤੇ ਵੱਲ ਜਬਰੀ ਧੱਕਿਆ ਹੈ।
ਜਦੋਂ ਪਾਠਕ ਇਨ੍ਹਾਂ ਕਹਾਣੀਆਂ ਜ਼ਰੀਏ ਇਸ ਵੇਸਵਾ ਜੀਵਨ ਨੂੰ ਨੇੜਿਓਂ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਕਾਮ ਦੀ ਥਾਂ ਇਨ੍ਹਾਂ ਕੁੜੀਆਂ ਲਈ ਤਰਸ ਦੀ ਭਾਵਨਾ ਪੈਦਾ ਹੋਣ ਲੱਗਦੀ ਹੈ, ਤੇ ਉਹ ਇਨ੍ਹਾਂ ਨੂੰ ਇਸ ਗਰਕੇ ਕਿੱਤੇ ਵੱਲ ਧੱਕਣ ਵਾਲੀ ਸਮਾਜਿਕ ਵਿਵਸਥਾ ਨੂੰ ਨਫਰਤ ਦੀ ਨਜ਼ਰ ਨਾਲ ਵੇਖਣ ਲੱਗ ਪੈਂਦਾ ਹੈ। ਵੇਸਵਾ ਕਹੀਆਂ ਜਾਂਦੀਆਂ ਇਨ੍ਹਾਂ ਕੁੜੀਆਂ ਦੇ ਜੀਵਨ ਨੂੰ ਨੇੜਿਓਂ ਵੇਖਣ `ਤੇ ਅਜਿਹੇ ਬਹੁਤ ਸਾਰੇ ਦ੍ਰਿਸ਼ ਨਜ਼ਰੀਂ ਚੜ੍ਹਦੇ ਹਨ, ਜੋ ਪਾਠਕਾਂ ਨੂੰ ਮਾਨਸਿਕ ਤੌਰ `ਤੇ ਵਿਚਲਿਤ ਕਰਕੇ ਉਨ੍ਹਾਂ ਦੀ ਸੋਚ ਨੂੰ ਵੇਸਵਾ-ਬਿਰਤੀ ਦੇ ਖਾਤਮੇ ਲਈ ਪ੍ਰੇਰਿਤ ਕਰਦੇ ਹਨ। ਨੇੜਿਓਂ ਵੇਖਣ `ਤੇ ਹੀ ਪਤਾ ਚਲਦਾ ਹੈ ਕਿ ਕੁੜੀਆਂ ਕਿਵੇਂ ਖਤਰਨਾਕ ਰੋਗ ਸਹੇੜ ਕੇ, ਅਸਹਿਨਯੋਗ ਯੋਨ ਪੀੜਾਂ ਸਹਿ ਕੇ ਅਤੇ ਹੋਰ ਕਈ ਕੁਝ ਬਰਦਾਸ਼ਤ ਕਰ ਕੇ ਵੀ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਗੰਦਾ ਧੰਦਾ ਕਰਨ ਲਈ ਮਜਬੂਰ ਹਨ। ਇਸ ਗਰਕ ਬਾਜ਼ਾਰ ਵਿਚ ਵੜਨ ਲਈ ਬਥੇਰੇ ਰਸਤੇ ਹਨ, ਪਰ ਇਸ ਦਲਦਲ ਵਿਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ।
ਲੇਖਕ ਨੇ ਮਿਨੀ ਕਹਾਣੀ ਸੰਗ੍ਰਹਿ ਮਗਰੋਂ ਇੱਕ ਹੋਰ ਵੱਡੀਆਂ ਕਹਾਣੀਆਂ ਦੀ ਪੁਸਤਕ ‘ਗੂੰਗੀ ਰੌਣਕ’ ਨਾਲ ਪੰਜਾਬੀ ਸਾਹਿਤ ਵਿਚ ਆਪਣੀ ਹਾਜਰੀ ਲਵਾਈ ਹੈ। ਇਸ ਪੁਸਤਕ ਵਿਚ ਰੋਹਿਤ ਨੇ ਵੇਸਵਾ ਜੀਵਨ ਦੇ ਅੰਤਰ-ਬਾਹਰੀ ਸੰਕਟਾਂ ਨੂੰ ਦਰਸਾਉਂਦੀਆਂ ਪੰਜ ਕਹਾਣੀਆਂ ਦਰਜ ਕੀਤੀਆਂ ਹਨ। ਇਹ ਪੁਸਤਕ ਪੜ੍ਹ ਕੇ ਆਮ ਇਨਸਾਨ ਦੇ ਲੂੰਅ-ਕੰਡੇ ਖੜ੍ਹੇ ਹੋ ਜਾਂਦੇ ਹਨ ਕਿ ਵੇਸਵਾ ਦਾ ਧੰਦਾ ਐਨਾ ਵਹਿਸ਼ੀ ਹੁੰਦਾ ਹੈ!
ਅੱਜ ਕੱਲ੍ਹ ਇਸ ਖੇਤਰ ਵਿਚ ਸਿਰਫ ਆਰਥਿਕ ਮਜਬੂਰੀਵੱਸ ਕੁੜੀਆਂ ਹੀ ਨਹੀਂ ਜਾਂਦੀਆਂ, ਸਗੋਂ ਖਾਂਦੇ-ਪੀਂਦੇ ਤੇ ਅਮੀਰ ਘਰਾਂ ਦੀਆਂ ਕੁੜੀਆਂ ਵੀ ਆਪਣੀ ਐਸ਼ਪ੍ਰਸਤੀ ਲਈ ਇਸ ਬਾਜ਼ਾਰ ਦਾ ਹਿੱਸਾ ਬਣ ਰਹੀਆਂ ਹਨ। ਇਹ ਬਾਜ਼ਾਰ ਹੁਣ ਕੋਠਿਆਂ ਤੋਂ ਲੈ ਕੇ ਫਾਈਵ ਸਟਾਰ ਹੋਟਲਾਂ ਤੱਕ ਫੈਲ ਗਿਆ ਹੈ।
ਇਸ ਰੁਝਾਨ ਨੂੰ ਰੋਕਣ ਲਈ ਜਾਂ ਲੋਕਾਂ ਨੂੰ ਵੇਸਵਾ ਬਾਜ਼ਾਰ ਦੇ ਪਰਦੇ ਪਿੱਛੇ ਚੱਲਦੇ ਦ੍ਰਿਸ਼ਾਂ ਪ੍ਰਤੀ ਜਾਗਰੂਕ ਕਰਨ ਲਈ ਲੇਖਕ ਰੋਹਿਤ ਕੁਮਾਰ ਵਧਾਈ ਦਾ ਪਾਤਰ ਹੈ। ਸਾਨੂੰ ਸਾਰਿਆਂ ਨੂੰ ਐਸੀਆਂ ਲੋਕ ਪੱਖੀ ਲਿਖਤਾਂ ਦਾ ਸੁਆਗਤ ਕਰਨਾ ਚਾਹੀਦਾ ਹੈ। ਲੇਖਕ ਨਾਲ ਸੰਪਰਕ ਫੋਨ: +91-84274-47434 ਰਾਹੀਂ ਕੀਤਾ ਜਾ ਸਕਦਾ ਹੈ।