ਗਰਮੀ ਦੇ ਕਹਿਰ ਤੋਂ ਕਿਵੇਂ ਬਚਿਆ ਜਾਵੇ?

ਡਾ. ਗੁਰਿੰਦਰ ਕੌਰ
ਕੈਨੇਡਾ ਵਿਚ ਅਤਿ ਦੀ ਗਰਮੀ (ਹੀਟ ਵੇਵ) ਪੈਣ ਕਾਰਨ ਜੂਨ ਦੇ ਅਖੀਰਲੇ ਹਫਤੇ ਵਿਚ 600 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚੋਂ 486 ਵਿਅਕਤੀ ਤਾਂ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸਬੰਧਿਤ ਸਨ। ਮ੍ਰਿਤਕਾਂ ਵਿਚ ਜ਼ਿਆਦਾਤਰ ਬਜ਼ੁਰਗ ਸਨ, ਜੋ ਇਕੱਲੇ ਰਹਿੰਦੇ ਸਨ। ਬ੍ਰਿਟਿਸ਼ ਕੋਲੰਬੀਆ ਦਾ ਮੌਸਮ ਗਰਮੀ ਦੇ ਮਹੀਨਿਆਂ ਵਿਚ ਜ਼ਿਆਦਾ ਗਰਮ ਨਹੀਂ ਹੁੰਦਾ। ਇੱਥੋਂ ਦਾ ਔਸਤ ਤਾਪਮਾਨ ਲਗਭਗ 20 ਤੋਂ 25 ਡਿਗਰੀ ਸੈਲਸੀਅਸ ਦੇ ਨੇੜੇ ਹੀ ਰਹਿੰਦਾ ਹੈ, ਜਿਸ ਕਾਰਨ ਲੋਕ ਗਰਮੀ ਬਰਦਾਸ਼ਤ ਨਹੀਂ ਕਰ ਰਹੇ ਹਨ।

ਸਾਲ ਦਾ ਜ਼ਿਆਦਾ ਸਮਾਂ ਮੌਸਮ ਠੰਡਾ ਹੀ ਰਹਿੰਦਾ ਹੈ, ਜਿਸ ਕਰਕੇ ਲੋਕਾਂ ਦੇ ਘਰਾਂ ਵਿਚ ਨਾ ਤਾਂ ਏਅਰਕੰਡੀਸ਼ਨ ਦੀ ਸੁਵਿਧਾ ਹੈ ਅਤੇ ਨਾ ਹੀ ਉਹ ਹਵਾਦਾਰ ਹਨ। ਇਸ ਕਰਕੇ ਬਹੁਤੇ ਲੋਕਾਂ ਦੀ ਮੌਤ ਜ਼ਿਆਦਾ ਗਰਮੀ ਵਿਚ ਸਾਹ ਘੁਟਣ ਨਾਲ ਹੋਈ ਹੈ। ਕੈਨੇਡਾ ਦੇ ਬਾਕੀ ਰਾਜ ਓਨਟਾਰੀਓ, ਸਸਕੈਚਵਾਨ, ਮਿਨੀਟੋਬਾ, ਅਤੇ ਕਿਊਬਕ ਵਿਚ ਵੀ ਗਰਮੀ ਨਾਲ ਸੌ ਤੋਂ ਉੱਪਰ ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਸਹੀ ਗਿਣਤੀ ਦਾ ਹਾਲੇ ਪਤਾ ਨਹੀਂ ਹੈ।
ਕੈਨੇਡਾ ਵਿਚ ਤਾਪਮਾਨ ਵਿਚ ਇਕਦਮ ਹੋਏ ਵਾਧੇ ਨੇ ਦੁਨੀਆਂ ਦੇ ਸਾਰੇ ਦੇਸਾਂ ਨੂੰ ਚੌਕੰਨਾ ਕਰ ਦਿੱਤਾ ਹੈ ਕਿ ਮੌਸਮੀ ਤਬਦੀਲੀਆਂ ਹੁਣ ਭਵਿੱਖ ਵਿਚ ਨਹੀਂ ਆਉਣਗੀਆਂ, ਸਗੋਂ ਵਰਤਮਾਨ ਵਿਚ ਹੀ ਉਹ ਸਾਨੂੰ ਕੁਦਰਤੀ ਆਫਤਾਂ ਦੇ ਰੂਪ ਵਿਚ ਹਰ ਰੋਜ਼ ਵੰਗਾਰ ਰਹੀਆਂ ਹਨ। 29 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਰਾਜ ਦੇ ਇਕ ਛੋਟੇ ਜਿਹੇ ਕਸਬੇ ਲਿਟਨ ਦਾ ਤਾਪਮਾਨ 49.6 ਡਿਗਰੀ ਸੈਲਸੀਅਸ ਹੋ ਗਿਆ ਸੀ। ਇਹ ਕਸਬਾ ਭੂਮੱਧ ਰੇਖਾ ਤੋਂ ਉੱਤਰ ਵੱਲ 50 ਡਿਗਰੀ ਅਕਸ਼ਾਸ ਰੇਖਾ ਉੱਤੇ ਸਥਿਤ ਹੈ, ਜਦੋਂਕਿ ਇਸੇ ਦਿਨ ਭਾਰਤ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ 43 ਡਿਗਰੀ ਸੈਲਸੀਅਸ ਸੀ, ਜਿਹੜਾ 28° ਅਕਸ਼ਾਸ ਉੱਤੇ ਸਥਿਤ ਹੈ। ਇਸ ਤੋਂ ਇਲਾਵਾ ਲਿਟਨ ਦਾ ਤਾਪਮਾਨ ਅਮਰੀਕਾ ਦੇ ਦੱਖਣ-ਪੱਛਮੀ ਮਾਰੂਥਲੀ ਰਾਜਾ ਨਾਲੋਂ ਵੀ ਜ਼ਿਆਦਾ ਰਿਹਾ ਹੈ। ਲਿਟਨ ਕਸਬੇ ਦਾ ਜੂਨ ਦਾ ਵੱਧ ਤੋਂ ਵੱਧ ਔਸਤ ਤਾਪਮਾਨ 24-25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਹੈ, ਪਰ 29 ਜੂਨ 2021 ਨੂੰ ਇਹ ਦੋਗੁਣਾ ਹੋ ਗਿਆ, ਜਿਸ ਨਾਲ ਲੋਕਾਂ ਦੀ ਮੌਤ ਹੋਣੀ ਸੁਭਾਵਿਕ ਸੀ।
ਕੈਨੇਡਾ ਦੇ ਨਾਲ ਨਾਲ ਅਮਰੀਕਾ ਦੇ ਉੱਤਰ-ਪੱਛਮੀ ਸ਼ਹਿਰ ਵੀ ਇਨ੍ਹਾਂ ਦਿਨਾਂ ਵਿਚ ਹੀਟ ਵੇਵ ਦੀ ਲਪੇਟ ਆਏ ਰਹੇ ਹਨ। ਪੋਰਟਲੈਂਡ ਸ਼ਹਿਰ ਵਿਚ 46 ਡਿਗਰੀ ਸੈਲਸੀਅਸ ਅਤੇ ਸਿਆਟਲ ਵਿਚ 42 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕੈਨੇਡਾ ਅਤੇ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਵਿਚ ਵੱਸੇ ਵੈਨਕੂਵਰ, ਸਰੀ, ਸਿਆਟਲ ਅਤੇ ਪੋਰਟਲੈਂਡ ਵਰਗੇ ਸ਼ਹਿਰਾਂ ਵਿਚ ਆਮ ਤੌਰ ਉੱਤੇ ਗਰਮੀਆਂ ਵਿਚ ਤਾਪਮਾਨ 11 ਤੋਂ 22 ਡਿਗਰੀ ਸੈਲਸੀਅਸ ਤੱਕ ਹੀ ਰਹਿੰਦਾ ਹੈ, ਜਿਸ ਕਰਕੇ ਇਨ੍ਹਾਂ ਸ਼ਹਿਰਾਂ ਵਿਚ ਵੱਸੇ ਲੋਕਾਂ ਨੂੰ ਤਾਂ ਪੱਖਿਆਂ ਦੀ ਵੀ ਲੋੜ ਨਹੀਂ ਪੈਂਦੀ ਹੈ। ਇਹ ਸਾਰੇ ਸ਼ਹਿਰ ਖੁਸ਼ਗਵਾਰ ਮੌਸਮ ਕਰਕੇ ਜਾਣੇ ਜਾਂਦੇ ਹਨ। ਘੱਟ ਮੀਂਹ ਪੈਣ ਅਤੇ ਤਾਪਮਾਨ ਦੇ ਵਾਧੇ ਕਾਰਨ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਦੇ 11 ਰਾਜ ਸੋਕੇ ਦੀ ਲਪੇਟ ਵਿਚ ਆਏ ਹੋਏ ਹਨ। ਜਲ-ਭੰਡਾਰ (ਰੈਜ਼ਵਾਇਰਜ਼) ਵਿਚ ਤੇਜ਼ੀ ਨਾਲ ਪਾਣੀ ਘਟ ਰਿਹਾ ਹੈ ਅਤੇ ਸੋਕੇ ਕਾਰਨ ਜੰਗਲੀ ਅੱਗਾਂ ਲੱਗਣ ਦਾ ਖਤਰਾ ਵੀ ਵਧ ਰਿਹਾ ਹੈ। ਧਰਤੀ ਦੇ ਤਾਪਮਾਨ ਵਿਚ ਵਾਧੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਆਰਕਟਿਕ ਖੇਤਰ ਵਿਚ ਵੀ ਤਾਪਮਾਨ ਜੂਨ ਦੇ ਪਿਛਲੇ ਹਫਤੇ ਵਿਚ 48 ਡਿਗਰੀ ਸੈਲਸੀਅਸ ਆਂਕਿਆ ਗਿਆ ਸੀ। ਇਸ ਤਰ੍ਹਾਂ ਉੱਤਰੀ ਖੇਤਰੀ ਵਿਚ ਔਸਤ ਨਾਲੋਂ ਵਧਦਾ ਤਾਪਮਾਨ ‘ਹੀਟ ਵੇਵਜ਼’ ਦੀ ਵਧਦੀ ਆਮਦ ਨੂੰ ਦਰਸਾ ਰਿਹਾ ਹੈ। ‘ਹੀਟ ਵੇਵ’ ਕੀ ਹੁੰਦੀ ਹੈ? ਮੈਦਾਨੀ ਖੇਤਰਾਂ ਵਿਚ ਜਦੋਂ ਤਾਪਮਾਨ ਔਸਤ ਤਾਪਮਾਨ ਨਾਲੋਂ 5 ਜਾਂ 6 ਡਿਗਰੀ ਸੈਲਸੀਅਸ ਜਾਂ 40 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਜਾਵੇ ਤਾਂ ਉੱਥੇ ਚੱਲਣ ਵਾਲੀਆਂ ਹਵਾਵਾਂ ਨੂੰ ‘ਹੀਟ ਵੇਵ’ ਕਿਹਾ ਜਾਂਦਾ ਹੈ ਅਤੇ ਜੇ 6 ਜਾਂ 7 ਡਿਗਰੀ ਸੈਲਸੀਅਸ ਤੋਂ ਉੱਪਰ ਹੋ ਜਾਵੇ ਤਾਂ ਉਨ੍ਹਾਂ ਨੂੰ ‘ਸਵੀਅਰ ਹੀਟ ਵੇਵ’ ਕਿਹਾ ਜਾਂਦਾ ਹੈ। ਜਦੋਂ ਤੱਟਵਰਤੀ ਖੇਤਰਾਂ ਵਿਚ ਔਸਤ ਤਾਪਮਾਨ 37 ਡਿਗਰੀ ਅਤੇ ਪਹਾੜੀ ਖੇਤਰਾਂ ਵਿਚ 30 ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ ਵਧ ਜਾਵੇ ਤਾਂ ਉਹ ਖੇਤਰ ‘ਹੀਟ ਵੇਵਜ਼’ ਦੇ ਪ੍ਰਭਾਵ ਥੱਲੇ ਆਏ ਮੰਨੇ ਜਾਂਦੇ ਹਨ। ਅਮਰੀਕਾ ਦੀ ਇਨਵਾਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ 1960 ਤੋਂ ‘ਹੀਟ ਵੇਵਜ਼’ ਦੀ ਆਮਦ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
1960 ਵਿਚ ਹਰ ਸਾਲ ਦੋ ‘ਹੀਟ ਵੇਵਜ਼’ ਆਉਂਦੀਆਂ ਸਨ, ਪਰ 2010 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਸੀ। ਇਸ ਖੋਜ ਕਾਰਜ ਵਿਚ ਅਮਰੀਕਾ ਦੇ 50 ਵੱਡੇ ਸ਼ਹਿਰਾਂ ਤੋਂ 1960 ਤੋਂ 2010 ਤੱਕ ਦੇ ਅਰਸੇ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਇਸ ਅਰਸੇ ਦੌਰਾਨ ‘ਹੀਟ ਵੇਵਜ਼’ ਦਾ ਸਮਾਂ 1960 ਦੇ ਦਹਾਕੇ ਦੇ ਮੁਕਾਬਲੇ 47 ਦਿਨ ਲੰਬਾ ਹੋ ਗਿਆ ਹੈ ਅਤੇ ਹੁਣ ਦੇ ਸਮੇਂ ਵਾਲੀ ‘ਹੀਟ ਵੇਵ’ ਚਾਰ ਦਿਨ ਲੰਬੀ ਰਹੀ ਹੈ, ਜੋ 1960 ਦੇ ਦਹਾਕੇ ਨਾਲੋਂ ਲਗਭਗ ਇਕ ਦਿਨ ਲੰਬੀ ਹੈ। ‘ਹੀਟ ਵੇਵਜ਼’ ਵਿਚ ਤਾਪਮਾਨ ਦਾ ਵਾਧਾ ਵੀ 1960 ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਗਿਆ। 1960 ਦੇ ਦਹਾਕੇ ਵਿਚ ਇਹ ਵਾਧਾ 2 ਡਿਗਰੀ ਫਾਹਨਹੀਟ ਸੀ, ਪਰ 2010 ਤੱਕ 2.5 ਡਿਗਰੀ ਫਾਰਨਹੀਟ ਤੋਂ ਵੱਧ ਰਿਕਾਰਡ ਕੀਤਾ ਗਿਆ। ਜੂਨ 2021 ਦੀ ‘ਹੀਟ ਵੇਵ’ ਨੇ ਤਾਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਂਵਾਂ ਉੱਤੇ ‘ਹੀਟ ਵੇਵ’ ਸਮੇਂ ਤਾਪਮਾਨ ਔਸਤ ਤਾਪਮਾਨ ਤੋਂ 10 ਤੋਂ 20 ਡਿਗਰੀ ਸੈਲਸੀਅਸ ਵੱਧ ਰਿਹਾ ਹੈ।
ਨੈਸ਼ਨਲ ਵੈਦਰ ਸਰਵਿਸ ਅਤੇ ਪਰਡਿਕਸ਼ਨ ਸੈਂਟਰ, ਕੈਨੇਡਾ ਅਨੁਸਾਰ ਕੈਨੇਡਾ ਅਤੇ ਅਮਰੀਕਾ ਦੇ ਪੱਛਮੀ ਖੇਤਰ ਵਿਚ ‘ਹੀਟ ਵੇਵ’ ਅਲਾਸਕਾ ਦੇ ਅਲੇਸ਼ੁਆਈ ਟਾਪੂ ਅਤੇ ਦੂਜਾ ਕੈਨੇਡਾ ਦੀ ਜੇਮਜ਼ ਬੇਅ ਤੇ ਹਡਸਨ ਬੇਅ ਦੇ ਉਪਰ ਦਬਾਅ ਬਣਨ ਕਾਰਨ ਆਈ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸਾਂਤ ਮਹਾਸਾਗਰ ਦੇ ਪੱਛਮੀ ਖੇਤਰ ਦੇ ਤਾਪਮਾਨ ਵਿਚ ਪੂਰਬੀ ਖੇਤਰ ਦੇ ਤਾਪਮਾਨ ਨਾਲੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਜਿਸ ਨਾਲ ਸਮੁੰਦਰ ਵੱਲੋਂ ਧਰਤੀ ਵੱਲ ਠੰਡੀ ਹਵਾ ਆਉਣ ਦੀ ਥਾਂ ਉੱਤੇ ਗਰਮ ਹਵਾ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਇਸ ਖੇਤਰ ਨੂੰ ‘ਹੀਟ ਡੂਮ’ ਬਣਾ ਦਿੱਤਾ ਹੈ। ਇਸ ਸੰਸਥਾ ਅਨੁਸਾਰ ਇਹੋ ਜਿਹੀ ਸਥਿਤੀ ਅਕਸਰ ਪੈਦਾ ਨਹੀਂ ਹੁੰਦੀ, ਇਹ ਦੋ-ਤਿੰਨ ਦਹਾਕਿਆਂ ਵਿਚ ਇਕ ਵਾਰ ਹੀ ਪੈਦਾ ਹੁੰਦੀ ਹੈ।
ਆਈ. ਪੀ. ਸੀ. ਸੀ. ਦੀ 2014 ਵਿਚ ਆਈ ਰਿਪੋਰਟ ਨੇ ਇਹ ਸਾਫ ਤੌਰ ਉੱਤੇ ਖੁਲਾਸਾ ਕੀਤਾ ਸੀ ਕਿ ਜੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਦੁਨੀਆਂ ਦਾ ਕੋਈ ਵੀ ਦੇਸ ਤਾਪਮਾਨ ਦੇ ਵਾਧੇ ਨਾਲ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚ ਨਹੀਂ ਸਕੇਗਾ ਅਤੇ ਮੌਸਮੀ ਤਬਦੀਲੀਆਂ ਹੌਲੀ ਹੌਲੀ ਵੱਡੇ ਮਹਾਦੀਪਾਂ ਤੋਂ ਲੈ ਕੇ ਛੋਟੇ ਛੋਟੇ ਟਾਪੂਆਂ ਤੱਕ ਅਤੇ ਅਮੀਰ ਤੋਂ ਲੈ ਕੇ ਗਰੀਬ ਦੇਸਾਂ ਤੱਕ ਨੂੰ ਆਪਣੀ ਲਪੇਟ ਵਿਚ ਲੈ ਲੈਣਗੀਆਂ। ਧਰਤੀ ਦਾ ਔਸਤ ਤਾਪਮਾਨ ਹੁਣ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਵਧ ਚੁਕਾ ਹੈ। 2014 ਤੋਂ ਬਾਅਦ ਹੁਣ ਤੱਕ ਦੇ ਸਾਲ ਸਭ ਤੋਂ ਗਰਮ ਸਾਲ ਰਹੇ ਹਨ। 2020 ਦਾ ਸਾਲ ਕਰੋਨਾ ਮਹਾਮਾਰੀ ਅਤੇ ਲਾ-ਨੀਨਾ ਪ੍ਰਕਿਰਿਆ ਹੋਣ ਦੇ ਬਾਵਜੂਦ ਹੁਣ ਤੱਕ ਦਾ ਦੂਜਾ ਗਰਮ ਸਾਲ ਰਿਹਾ ਹੈ, ਕਿਉਂਕਿ ਵਾਤਾਵਰਨ ਵਿਚ ਪਹਿਲਾਂ ਤੋਂ ਛੱਡੀਆਂ ਹੋਈਆਂ ਗਰੀਨ ਹਾਊਸ ਗੈਸਾਂ ਇਸ ਨੂੰ ਲਗਾਤਾਰ ਗਰਮ ਕਰ ਰਹੀਆਂ ਹਨ।
ਨੈਸ਼ਨਲ ਸੈਂਟਰ ਫਾਰ ਐਟਮੋਸਫਿਰਿਕ ਰਿਸਰਚ (ਐੱਨ. ਸੀ. ਏ. ਆਰ.) ਅਨੁਸਾਰ 2020 ਵਿਚ ਸਮੁੰਦਰ ਦੇ ਉੱਪਰਲੇ 2000 ਮੀਟਰ ਤੱਕ ਦੀ ਡੂੰਘਾਈ ਦੇ ਪਾਣੀ ਦਾ ਤਾਪਮਾਨ ਸਭ ਸਾਲਾਂ ਤੋਂ ਜ਼ਿਆਦਾ ਰਿਹਾ ਹੈ ਅਤੇ 2015 ਤੋਂ 2020 ਤੱਕ ਦੇ ਸਾਲਾਂ ਦੌਰਾਨ ਸਮੁੰਦਰ ਦੇ ਉੱਪਰਲੀ ਸਤਹਿ ਦੇ ਪਾਣੀ ਦਾ ਤਾਪਮਾਨ ਵੀ ਪਿਛਲੇ ਸਾਲਾਂ ਨਾਲੋਂ ਉੱਚਾ ਰਿਹਾ ਹੈ। ਮਨੁੱਖੀ ਗਤੀਵਿਧੀਆਂ ਦੁਆਰਾ ਪੈਦਾ ਕੀਤੀ ਗਈ 90 ਫੀਸਦ ਗਰਮੀ ਸਮੁੰਦਰ ਨੇ ਸੌਖ ਲਈ ਹੈ, ਜਿਸ ਨਾਲ ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ। ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿਚ ਵਾਧਾ ਹੋਣ ਨਾਲ ਕਈ ਤਰ੍ਹਾਂ ਦੀਆਂ ਕੁਦਰਤੀ ਮੌਸਮੀ ਪ੍ਰਕਿਰਿਆਵਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਵੇਂ ਐਲ-ਨੀਨੋ, ਲਾ-ਨੀਨਾ ਅਤੇ ਸਮੁੰਦਰੀ ਧਰਾਵਾਂ। ਸਮੁੰਦਰ ਦੇ ਪਾਣੀ ਦੇ ਤਾਪਮਾਨ ਵਿਚ ਵਾਧਾ ਹੋਣ ਨਾਲ ਸਮੁੰਦਰੀ ਤੂਫਾਨਾਂ (ਚੱਕਰਵਾਤਾਂ, ਹਰੀਕੇਨਜ਼) ਦੀ ਆਮਦ ਦੀ ਗਿਣਤੀ ਅਤੇ ਉਨ੍ਹਾਂ ਦੀ ਮਾਰ ਦੀ ਗਹਿਰਾਈ ਵਿਚ ਵੀ ਵਾਧਾ ਹੋ ਰਿਹਾ ਹੈ। ਤਾਪਮਾਨ ਵਿਚ ਵਾਧੇ ਕਾਰਨ ਸਮੁੰਦਰੀ ਖਾਧ ਪ੍ਰਣਾਲੀਆਂ ਉੱਤੇ ਵੀ ਅਸਰ ਪੈ ਰਿਹਾ ਹੈ, ਜਿਸ ਨਾਲ ਸਮੁੰਦਰੀ ਜਾਨਵਰਾਂ ਨੂੰ ਖੁਰਾਕੀ ਤੱਤਾਂ ਦੀ ਘਾਟ ਹੋ ਰਹੀ ਹੈ। ਇਸ ਕਾਰਨ ਸਮੁੰਦਰੀ ਤੱਟਾਂ ਨਾਲ ਲੱਗਦੇ ਖੇਤਰ ਬਦਲਦੇ ਮੌਸਮ ਦੇ ਨਾਲ ਨਾਲ ਸਮੁੰਦਰ ਨਾਲ ਸਬੰਧਿਤ ਕੁਦਰਤੀ ਆਫਤਾਂ ਦੇ ਵੀ ਵੱਧ ਸਨਮੁੱਖ ਹੋ ਰਹੇ ਹਨ, ਤਾਪਮਾਨ ਦੇ ਵਾਧੇ ਨਾਲ ਸਮੁੰਦਰ ਦੀ ਸਤਹ ਤੇਜ਼ੀ ਨਾਲ ਉੱਚੀ ਹੋ ਰਹੀ ਹੈ। ਏਸ਼ੀਆ ਮਹਾਦੀਪ ਦੇ ਛੇ ਦੇਸ-ਚੀਨ, ਬੰਗਲਾਦੇਸ਼, ਵੀਤਨਾਮ, ਥਾਈਲੈਂਡ, ਇੰਡੋਨੇਸ਼ੀਆ ਅਤੇ ਭਾਰਤ ਦੇ 237 ਮਿਲੀਅਨ ਲੋਕ 2030 ਤੱਕ ਹਰ ਸਾਲ ਸਮੁੰਦਰੀ ਹੜ੍ਹਾਂ ਦੀ ਮਾਰ ਝੱਲਣਗੇ, ਕਿਉਂਕਿ ਇਨ੍ਹਾਂ ਦੇਸਾਂ ਦੀ ਕਾਫੀ ਗਿਣਤੀ ਵਿਚ ਆਬਾਦੀ ਸਮੁੰਦਰੀ ਤੱਟਵਰਤੀ ਖੇਤਰਾਂ ਵਿਚ ਵੱਸੀ ਹੈ। ਸਟੀਫਨ ਲੇਹ ਦੀ ਇਕ ਖੋਜ ਅਨੁਸਾਰ ਆਉਣ ਵਾਲੇ 20 ਸਾਲਾਂ ਵਿਚ ਅਮਰੀਕਾ ਵਿਚ ਵੱਸੇ ਲੱਖਾਂ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਧਰਤੀ ਉੱਤੇ ਵਧ ਰਹੇ ਤਾਪਮਾਨ ਦਾ ਮੁੱਦਾ ਭਾਵੇਂ ਲੰਮੇ ਸਮੇਂ ਤੋਂ ਵੱਖ ਵੱਖ ਕਾਨਫਰੰਸਾਂ ਵਿਚ ਚਰਚਾ ਦਾ ਵਿਸ਼ਾ ਰਿਹਾ ਹੈ, ਪਰ ਵਿਕਸਿਤ ਦੇਸਾਂ ਨੇ ਇਸ ਉੱਤੇ ਸੰਜੀਦਗੀ ਨਾਲ ਕੰਮ ਕਰਨ ਵਿਚ ਬਹੁਤ ਹੀ ਦੇਰ ਲਾ ਦਿੱਤੀ ਹੈ, ਕਿਉਂਕਿ ਇਨ੍ਹਾਂ ਦੇਸਾਂ ਨੂੰ ਲੱਗਦਾ ਸੀ ਕਿ ਉਹ ਪੈਸੇ ਨਾਲ ਕੁਦਰਤੀ ਆਫਤਾਂ ਦੀਆਂ ਕਰੋਪੀਆਂ ਤੋਂ ਆਪਣੇ ਦੇਸਾਂ ਅਤੇ ਲੋਕਾਂ ਨੂੰ ਬਚਾ ਲੈਣਗੇ, ਪਰ ਹੁਣ ਉਨ੍ਹਾਂ ਨੂੰ ਵੀ ਸਾਫ ਨਜ਼ਰ ਆਉਣ ਲੱਗ ਪਿਆ ਹੈ ਕਿ ਇਸ ਤੋਂ ਬਚਾਉ ਲਈ ਉਪਰਾਲੇ ਕਰਨੇ ਪੈਣਗੇ।
ਕੈਨੇਡਾ ਅਤੇ ਅਮਰੀਕਾ ਵਿਚ ‘ਹੀਟ ਵੇਵ’ ਆਉਣ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਬਾਰੇ ਚਿੰਤਾ ਜ਼ਹਿਰ ਕੀਤੀ ਹੈ ਅਤੇ ਬਚਾਉ ਦੇ ਉਪਰਾਲੇ ਕਰਨ ਲਈ ਕਿਹਾ ਹੈ। ਤਾਪਮਾਨ ਵਿਚ ਵਾਧਾ ਗਰੀਨਹਾਊਸ ਗੈਸਾਂ ਦੀ ਨਿਕਾਸੀ ਕਾਰਨ ਹੋ ਰਿਹਾ ਹੈ, ਜੋ ਕਿ ਮੁੱਖ ਤੌਰ ਉੱਤੇ ਕੋਲੇ ਅਤੇ ਤੇਲ ਨਾਲ ਊਰਜਾ ਪੈਦਾ ਕਰਨ ਨਾਲ ਹੁੰਦੀਆਂ ਹਨ। ਇਸ ਲਈ ਦੁਨੀਆਂ ਦੇ ਸਾਰੇ ਦੇਸਾਂ ਨੂੰ ਚਾਹੀਦਾ ਹੈ ਕਿ ਸਮਾਂ ਗੁਆਏ ਬਿਨਾ ਊਰਜਾ ਕੁਦਰਤੀ ਸਰੋਤਾਂ-ਹਵਾ, ਪਾਣੀ ਅਤੇ ਸੂਰਜੀ ਕਿਰਨਾਂ ਆਦਿ ਤੋਂ ਪੈਦਾ ਕੀਤੀ ਜਾਵੇ ਤਾਂ ਕਿ ਗਰੀਨਹਾਊਸ ਗੈਸਾਂ ਦੀ ਨਿਕਾਸੀ ਤੇਜ਼ੀ ਨਾਲ ਘਟ ਸਕੇ। ਜਨਤਕ ਆਵਾਜਾਈ ਪ੍ਰਣਾਲੀ ਨੂੰ ਯੂਰਪੀਅਨ ਦੇਸਾਂ ਵਾਂਗ ਚੁਸਤ-ਦੁਰਸਤ ਬਣਾਇਆ ਜਾਵੇ। ਨਵੇਂ ਨਵੇਂ ਬਰੈਂਡਾਂ ਦੀਆਂ ਕਾਰਾਂ ਦੀ ਥਾਂ ਉੱਤੇ ਜਨਤਕ ਆਵਾਜਾਈ ਦੇ ਸਾਧਨਾਂ (ਰੇਲ ਗੱਡੀਆਂ, ਟਰਾਮਾਂ ਅਤੇ ਬੱਸਾਂ) ਨੂੰ ਤਰਜੀਹ ਦੇਣੀ ਚਾਹੀਦੀ ਹੈ। ਜੰਗਲਾਂ ਦੇ ਰਕਬੇ ਵਿਚ ਤੇਜ਼ੀ ਨਾਲ ਵਾਧਾ ਕਰਨਾ ਚਾਹੀਦਾ ਹੈ। ਕਿਸੇ ਵੀ ਦੇਸ ਨੂੰ ਆਰਥਿਕ ਵਿਕਾਸ ਦੇ ਨਾਂ ਉੱਤੇ ਘਣੇ ਜੰਗਲਾਂ ਨੂੰ ਵੱਢ ਕੇ ਵਪਾਰਕ ਫਸਲਾਂ ਬੀਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਕ ਤਾਂ ਵਪਾਰਕ ਫਸਲਾਂ ਕਈ ਵਾਰ ਉਸ ਖੇਤਰ ਦੇ ਪੌਣਪਾਣੀ ਨਾਲ ਮੇਲ ਨਹੀਂ ਖਾਂਦੀਆਂ ਹੁੰਦੀਆਂ। ਦੂਜਾ ਉਹ ਉਨੀਆਂ ਗਰੀਨ ਗੈਸਾਂ ਸੋਖ ਵੀ ਨਹੀਂ ਸਕਦੀਆਂ, ਜਿੰਨੀਆਂ ਨੂੰ ਦਰਖਤ ਸੌਖਦੇ ਹਨ। ਜੰਗਲ ਜਾਂ ਦਰਖਤ ਲਾਉਣ ਵੇਲੇ ਵੀ ਉਸ ਖੇਤਰ ਦੇ ਸਥਾਨਕ ਦਰਖਤ ਹੀ ਲਾਉਣ ਚਾਹੀਦੇ ਹਨ, ਕਿਉਂਕਿ ਉਹ ਉਸ ਖੇਤਰ ਦੇ ਕੁਦਰਤੀ ਸਰੋਤਾਂ ਨੂੰ ਸਾਂਭਣ ਲਈ ਉਪਯੁਕਤ ਹੁੰਦੇ ਹਨ, ਨਾ ਕਿ ਕਿਸੇ ਵੀ ਤਰ੍ਹਾਂ ਦੀਆਂ ਵਪਾਰਕ ਗਿਣਤੀਆਂ-ਮਿਣਤੀਆਂ ਤਹਿਤ ਕੋਈ ਵੀ ਦਰਖਤ ਲਾ ਦਿੱਤਾ ਜਾਵੇ। ਕੈਲੀਫੋਰਨੀਆ ਸਟੇਟ ਵਿਚ ਸਫੈਦੇ ਦੇ ਦਰਖਤ ਥਾਂ ਥਾਂ ਉੱਤੇ ਲੱਗੇ ਹਨ, ਜੋ ਇਕ ਦਲਦਲੀ ਇਲਾਕੇ ਦੇ ਦਰਖਤ ਹਨ। ਸਫੈਦੇ ਦਾ ਦਰਖਤ ਇੱਥੋਂ ਦੇ ਸਥਾਨਕ ਦਰਖਤ ਓਕ ਨਾਲੋਂ ਵੱਧ ਪਾਣੀ ਧਰਤੀ ਵਿਚੋਂ ਸੌਖ ਕੇ ਕੈਲੀਫੋਰਨੀਆ ਦੇ ਸੋਕੇ ਨੂੰ ਹੋਰ ਵਧਾ ਰਿਹਾ ਹੈ।
ਤਾਪਮਾਨ ਦੇ ਵਾਧੇ ਉੱਤੇ ਕਾਬੂ ਪਾਉਣ ਲਈ ਸਾਨੂੰ ਆਪਣੀਆਂ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਆਦਤਾਂ ਵੀ ਬਦਲਣੀਆਂ ਚਾਹੀਦੀਆਂ ਹਨ। ਮਾਸ ਖਾਣ ਲਈ ਅਸੀਂ ਜਿਹੜੇ ਪਸ਼ੂ ਪਾਲਦੇ ਹਾਂ, ਉਹ ਕਾਰਬਨ ਡਾਇਆਕਸਾਈਡ ਦੇ ਨਾਲ ਨਾਲ ਮਿਥੇਨ ਵਰਗੀਆਂ ਗਰੀਨਹਾਊਸ ਗੈਸਾਂ ਛੱਡ ਕੇ ਵਾਤਾਵਰਨ ਨੂੰ ਹੋਰ ਵਧੇਰੇ ਗਰਮ ਕਰ ਰਹੇ ਹਨ। ਅੱਜ ਕੱਲ੍ਹ ਲੋਕਾਂ ਵਿਚ ਪਾਲਤੂ ਜਾਨਵਰ (ਕੁੱਤੇ, ਬਿੱਲੀਆਂ) ਰੱਖਣ ਦਾ ਰੁਝਾਨ ਵੀ ਵਧ ਰਿਹਾ ਹੈ, ਜੋ ਕਿ ਇਕ ਗੈਰ-ਕੁਦਰਤੀ ਵਰਤਾਰਾ ਹੈ। ਇਹ ਪਾਲਤੂ ਜਾਨਵਰ ਕਾਰਬਨ ਡਾਇਆਕਸਾਈਡ ਅਤੇ ਮਿਥੇਨ ਗੈਸਾਂ ਛੱਡਣ ਦੇ ਨਾਲ ਕੁਦਰਤੀ ਖਾਧ-ਪ੍ਰਣਾਲੀ ਅਤੇ ਵਾਤਾਵਰਣਿਕ ਪ੍ਰਬੰਧਨ ਨੂੰ ਵੀ ਅਸੰਤੁਲਿਤ ਕਰ ਰਹੇ ਹਨ। ‘ਹੀਟ ਵੇਵਜ਼’ ਦੀ ਮਾਰ ਤੋਂ ਬਚਣ ਲਈ ਸਾਨੂੰ ਘਰ ਅਤੇ ਕੰਮਕਾਰ ਵਾਲੀਆਂ ਇਮਾਰਤਾਂ ਇਹੋ ਜਿਹੀਆਂ ਬਣਾਉਣੀਆਂ ਚਾਹੀਦੀਆਂ ਹਨ ਕਿ ਉਨ੍ਹਾਂ ਨੂੰ ਠੰਡਾ ਅਤੇ ਗਰਮ ਰੱਖਣ ਲਈ ਘੱਟ ਤੋਂ ਘੱਟ ਊਰਜਾ ਦੀ ਲੋੜ ਪਵੇ। ਨਵੀਆਂ ਬਣੀਆਂ ਵੱਡੀਆਂ ਵੱਡੀਆਂ ਇਮਾਰਤਾਂ, ਜਿਨ੍ਹਾਂ ਦੀਆਂ ਬਾਹਰਲੀਆਂ ਦੀਵਾਰਾਂ ਕੱਚ ਦੀਆਂ ਬਣੀਆਂ ਹਨ ਉਨ੍ਹਾਂ ਨੂੰ ਗਰਮ ਅਤੇ ਠੰਢਾ ਰੱਖਣ ਲਈ ਏਅਰਕੰਡੀਸ਼ਨ ਅਤੇ ਗਰਮ ਹਵਾ ਦੀ ਲੋੜ ਪੈਂਦੀ ਹੈ, ਜੋ ਤਾਪਮਾਨ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ।
ਕੈਨੇਡਾ ਅਤੇ ਅਮਰੀਕਾ ਵਿਚ ਆਈ ਇਸ ‘ਹੀਟ ਵੇਵ’ ਅਤੇ ਇਸ ‘ਹੀਟ ਵੇਵ’ ਨਾਲ ਅਚਾਨਕ ਹੋਈਆਂ ਮੌਤਾਂ, ਜਿਨ੍ਹਾਂ ਵਿਚ ਜ਼ਿਆਦਾ ਬਜ਼ੁਰਗ ਸਨ, ਤੋਂ ਸਾਰੇ ਦੇਸਾਂ ਦੇ ਨੇਤਾਵਾਂ ਅਤੇ ਨਵੀਂ ਪੀੜ੍ਹੀ ਦੇ ਨੌਜੁਆਨਾਂ ਨੂੰ ਸੇਧ ਲੈਣ ਦੀ ਲੋੜ ਹੈ। ਸਾਰੇ ਦੇਸਾਂ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਗਲਾਸਗੋ ਵਿਚ ਪਾਰਟੀਜ਼ ਆਫ ਕਾਨਫਰੰਸ-26 ਵਿਚ ਗਰੀਨਹਾਊਸ ਗੈਸਾਂ ਦੀ ਕਟੌਤੀ ਲਈ ਇਹੋ ਜਿਹੀਆਂ ਯੋਜਨਾਵਾਂ ਬਣਾਉਣ ਅਤੇ ਉਨ੍ਹਾਂ ਨੂੰ ਇੰਨੀ ਸੰਜੀਦਗੀ ਨਾਲ ਲਾਗੂ ਕਰਨ ਤਾਂ ਕਿ ਸੱਚਮੁੱਚ ਹੀ ਵਧਦੇ ਤਾਪਮਾਨ ਉੱਤੇ ਕਾਬੂ ਪਾਇਆ ਜਾ ਸਕੇ। ਪਿਛਲੇ ਸਾਲਾਂ ਵਿਚ ਹੋਈਆਂ ਕਾਨਫਰੰਸਾਂ ਵਾਂਗ ਗੱਲੀਂ-ਬਾਤੀਂ ਸਾਰ ਕੇ ਲੋਕਾਂ ਨੂੰ ਮੌਤ ਦੇ ਮੂੰਹ ਨਾ ਧੱਕਣ। ਨੌਜੁਆਨਾਂ ਨੂੰ ਵੀ ਚਾਹੀਦਾ ਹੈ ਕਿ ਪੈਸੇ ਦੀ ਅੰਨ੍ਹੀ ਦੌੜ ਅਤੇ ਨਿੱਜੀ ਸੁਆਰਥ ਤੋਂ ਥੋੜ੍ਹਾ ਉੱਪਰ ਉੱਠ ਕੇ ਬੁੱਢੇ ਮਾਂ-ਬਾਪ ਨੂੰ ਕੁਦਰਤ ਦੇ ਰਹਿਮੋ-ਕਰਮ ਉੱਤੇ ਨਾ ਛੱਡਣ।

*ਪ੍ਰੋਫੈਸਰ, ਜਿਓਗਰਾਫੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।