ਲਫਜ਼ ‘ਬ੍ਰੇਨ ਵਾਸ਼’ ਅਕਸਰ ਵਰਤਿਆ ਜਾਂਦਾ ਹੈ। ਡਿਕਸ਼ਨਰੀ ਵਿਚ ਇਸ ਦਾ ਮਤਲਬ ‘ਪੁਰਾਣੇ ਵਿਚਾਰਾਂ ਦੀ ਥਾਂ ਨਵੇਂ ਵਿਚਾਰ ਸਥਾਪਤ ਕਰਨੇ’ ਦੱਸਿਆ ਗਿਆ ਹੈ, ਪਰ ਅਸਲ ਵਿਚ ਇਸ ਦਾ ਉਲਟ ਵੀ ਹੁੰਦਾ ਹੈ। ਕਿਸੇ ਦੇ ਦਿਮਾਗ ਨੂੰ ਨਵੇਂ ਵਿਚਾਰਾਂ ਤੋਂ ਵਾਂਝੇ ਰੱਖ ਪੁਰਾਤਨ ਪੰਥੀ ਬਣਿਆ ਰਹਿਣ ਦੇਣਾ ਵੀ ਬ੍ਰੇਨ ਵਾਸ਼ ਦੀ ਸ਼੍ਰੇਣੀ ਵਿਚ ਆਉਂਦਾ ਹੈ। ਧਰਮ ਇਹ ਕੰਮ ਬਾਖੂਬੀ ਨਿਭਾਉਂਦੇ ਹਨ। ਨਿਰਪੱਖਤਾ ਨਾਲ ਸੋਚੋ ਤਾਂ ਬੱਚਿਆਂ ਦੇ ਬਾਲਗ ਹੋਣ ਤੋਂ ਪਹਿਲਾਂ ਉਸ ਨੂੰ ਧਾਰਮਿਕ ਸਿੱਖਿਆ ਦੇ ਟੀਕੇ ਲਾਉਣਾ ਵੀ ਉਸ ਦਾ ਬ੍ਰੇਨ ਵਾਸ਼ ਕਰ ਉਸ ਮਾਸੂਮ ਦੀਆਂ ਕੋਮਲ ਭਾਵਨਾਵਾਂ ਦਾ ਕਤਲ ਹੁੰਦਾ ਹੈ।
ਕੁਦਰਤ `ਚ ਵੀ ਇਹ ਵਰਤਾਰਾ ਬੜੇ ਸਨਸਨੀਖੇਜ ਰੂਪ ਵਿਚ ਮੌਜੂਦ ਪਾਇਆ ਗਿਆ ਹੈ। ਕੀੜੇ-ਮਕੌੜਿਆਂ ਤੋਂ ਲੈ ਕੇ ਵੱਡੇ ਜੀਵਾਂ ਤੱਕ ‘ਪੈਰਾਸਾਈਟ’ ਪਾਏ ਜਾਂਦੇ ਹਨ। ਇਸ ਪ੍ਰਕਾਰ ਦੇ ਜੀਵ ਦੂਸਰੇ ਜੀਵ ਦੇ ਸਰੀਰ ਵਿਚ ਨਿਵਾਸ ਕਰ ਉਸ ਤੋਂ ਹੀ ਭੋਜਨ ਪ੍ਰਾਪਤ ਕਰ ਜੀਂਦੇ ਹਨ। ਸਾਡੇ ਸਰੀਰ ਵਿਚ ਵੀ ਅਨੇਕਾਂ ਐਸੇ ਜੀਵ ਮੌਜੂਦ ਰਹਿੰਦੇ ਹਨ, ਪਰ ਵਿਗਿਆਨੀਆਂ ਨੇ ਇਸ ਤੋਂ ਇਲਾਵਾ ਵੀ ਹੈਰਾਨੀਜਨਕ ਖੁਲਾਸੇ ਕੀਤੇ ਹਨ। ਕੁਝ ਜੀਵਾਂ ਨੂੰ ‘ਮਾਈਂਡ ਸਕਰ’ ਦਾ ਨਾਂ ਦਿੱਤਾ ਗਿਆ ਹੈ। ਇਹ ਜੀਵ ਆਪਣੇ ‘ਹੋਸਟ’ ਜੀਵ ਵਿਚ ਨਿਵਾਸ ਕਰ ਉਸ ਤੋਂ ਭੋਜਨ ਹੀ ਪ੍ਰਾਪਤ ਨਹੀਂ ਕਰਦੇ, ਸਗੋਂ ਉਸ ਦਾ ਬ੍ਰੇਨ ਵਾਸ਼ ਕਰ ਉਸ ਨੂੰ ਆਪਣੀ ਇੱਛਾ ਅਨੁਸਾਰ ਹੁਕਮ ਮੰਨਣ ਲਈ ਮਜਬੂਰ ਕਰ ਦਿੰਦੇ ਹਨ।
ਇੱਕ ਧਾਗੇ ਵਰਗਾ ਕੀੜਾ (ਹੌਰਸ ਹੇਅਰ) ਆਪਣੇ ‘ਲਾਰਵਾ’ ਨੂੰ ਇੱਕ ਟਿੱਡੇ ਵਿਚ ਪ੍ਰਵੇਸ਼ ਕਰਾ ਦਿੰਦਾ ਹੈ। ਲਾਰਵਾ ਬਾਲਗ ਹੁੰਦਾ ਹੋਇਆ ਟਿੱਡੇ ਦੇ ਦਿਮਾਗ `ਤੇ ਕੰਟਰੋਲ ਕਰ ਲੈਂਦਾ ਹੈ। ਟਿੱਡਾ ਜਮੀਨੀ ਪ੍ਰਾਣੀ ਹੈ, ਪਰ ਹੌਰਸ ਹੇਅਰ (ਧਾਗੇ ਵਰਗਾ ਕੀੜਾ) ਪਾਣੀ `ਚ ਰਹਿਣਾ ਪਸੰਦ ਕਰਦਾ ਹੈ। ਹੌਰਸ ਹੇਅਰ ਦੇ ਕਮਾਂਡ ਕਰਨ `ਤੇ ਟਿੱਡਾ ਪਾਣੀ ਵਿਚ ਕੁੱਦ ਆਤਮ ਹੱਤਿਆ ਕਰ ਲੈਂਦਾ ਹੈ ਤੇ ਹੌਰਸ ਹੇਅਰ ਪਾਣੀ ਵਿਚ ਪਹੁੰਚ ਆਪਣਾ ਮਕਸਦ ਪੂਰਾ ਕਰ ਲੈਂਦਾ ਹੈ।
ਹੋਰ ਬੜੀਆਂ ਮਿਸਾਲਾਂ ਹਨ, ਜਿਸ ਵਿਚ ਵਿਗਿਆਨੀਆਂ ਨੇ ਖੋਜ ਕਰ ਪਾਇਆ ਹੈ ਕਿ ਪੈਰਾਸਾਈਟ (ਪਰਜੀਵੀ) ਆਪਣੇ ਕਾਬੂ ਕੀਤੇ ਹੋਸਟ ਦੇ ਦਿਮਾਗ `ਤੇ ਕਬਜਾ ਕਰ ਆਪਣਾ ਉੱਲੂ ਸਿੱਧਾ ਕਰਦੇ ਹਨ, ਪਰ ਮੇਰਾ ਮਕਸਦ ਇਹ ਦੱਸਣਾ ਸੀ ਕਿ ਦੇਖੋ ਧਾਰਮਿਕ ਕੱਟੜਤਾ ਵੀ ਨੌਜਵਾਨਾਂ ਦਾ ਇਵੇਂ ਬ੍ਰੇਨ ਵਾਸ਼ ਕਰ ਦਿੰਦੀ ਹੈ ਕਿ ਉਹ ਧਰਮੀ ਜਨੂੰਨ ਦਾ ਸਿ਼ਕਾਰ ਹੋ ਦੂਜਿਆਂ ਦੀਆਂ ਜਾਨਾਂ ਤੱਕ ਲੈ ਲੈਂਦੇ ਹਨ ਅਤੇ ਆਪਣੀਆਂ ਕੀਮਤੀ ਜਾਨਾਂ ਗੁਆ ਬੈਠਦੇ ਹਨ। ਇੱਕ ਪਾਸੇ ਦੁਨੀਆਂ ਵਿਗਿਆਨਕ ਸੋਚ ਸਦਕਾ ਧਰਮਾਂ, ਜਾਤਾਂ ਤੇ ਨਸਲਾਂ ਤੋਂ ਉੱਪਰ ਉੱਠ ਬਹੁਤ ਹੀ ਸਭਿਅਕ ਅਤੇ ਖੁਸ਼ਹਾਲ ਭਵਿੱਖ ਵੱਲ ਵਧ ਰਹੀ ਹੈ ਤੇ ਦੂਜੇ ਪਾਸੇ ਧਾਰਮਕ ਕੱਟੜਪੰਥੀ ਆਪਣੀ ਪਿੱਛਲਖੁਰੀ ਸੋਚ ਸਦਕਾ ਇਸ ਪ੍ਰਗਤੀ ਨੂੰ ਖੋਰਾ ਲਾਉਣ ਦਾ ਉਪਰਾਲਾ ਕਰਦੇ ਦੇਖੇ ਜਾ ਸਕਦੇ ਹਨ। ਇਸ ਪਾਸੋਂ ਸੁਚੇਤ ਰਹਿਣ ਦੀ ਲੋੜ ਹੈ।
-ਹਰਜੀਤ ਦਿਉਲ, ਬਰੈਂਪਟਨ