ਲੋਕ-ਦਰਦ ਮਹਿਸੂਸ ਕਰਨ ਵਾਲਾ ਸਿਆਸਤਦਾਨ-ਨਵਜੋਤ ਸਿੰਘ ਸਿੱਧੂ

ਕੈਪਟਨ ਇਕਬਾਲ ਸਿੰਘ ਵਿਰਕ
ਫੋਨ: 1-647-631-9445
ਡਾ. ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਹਨ, ਜਿਨ੍ਹਾਂ ਦੀ ਕਾਬਲੀਅਤ ਅਤੇ ਈਮਾਨਦਾਰੀ ਉਪਰ ਕੋਈ ਉਂਗਲ ਨਹੀਂ ਉਠਾ ਸਕਦਾ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਕੇਂਦਰ ਸਰਕਾਰ ਵਿਚ ਵਿੱਤ ਮੰਤਰੀ, ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ, ਕਈ ਯੂਨੀਵਰਸਿਟੀਆਂ ਵਿਚ ਪ੍ਰੋਫੈਸਰ ਅਤੇ ਸੰਯੁਕਤ ਰਾਸ਼ਟਰ ਸੰਘ ਦੀਆਂ ਉੱਚ-ਕੋਟੀ ਦੀਆਂ ਵਿੱਤੀ ਸੰਸਥਾਵਾਂ-ਆਈ. ਐੱਮ. ਐੱਫ ਅਤੇ ਵਰਲਡ ਬੈਂਕ ਵਿਚ ਅਹਿਮ ਅਹੁਦਿਆਂ ‘ਤੇ ਰਹੇ ਹਨ।

ਇਨ੍ਹਾਂ ਅਹੁਦਿਆਂ ਉਪਰ ਕੰਮ ਕਰਨ ਬਦਲੇ ਉਨ੍ਹਾਂ ਨੂੰ ਕਈ ਪੈਨਸ਼ਨਾਂ ਮਿਲਦੀਆਂ ਹਨ ਅਤੇ ਉਹ ਇਨ੍ਹਾਂ ਦੇ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਨ੍ਹਾਂ ਦੇ ਕਹਿਣ ਅਨੁਸਾਰ ਉਨ੍ਹਾਂ ਦੇ ਬੈਂਕ ਵਿਚ ਤਿੰਨ ਕਰੋੜ ਰੁਪਏ ਜਮ੍ਹਾਂ ਹਨ ਅਤੇ ਉਹ ਇਨ੍ਹਾਂ ਦੇ ਵਿਆਜ ਨਾਲ ਆਪਣਾ ਜੀਵਨ ਵਧੀਆ ਬਸਰ ਕਰ ਰਹੇ ਹਨ। ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਭਾਰਤ ਵਿਚ 10 ਸਾਲ ‘ਖਿਚੜੀ ਸਰਕਾਰ’ ਸਫਲਤਾ ਪੂਰਵਕ ਚਲਾਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹ ਜਿੰਨੀ ਵਾਰ ਵੀ ਪਾਰਲੀਮੈਂਟ ਵਿਚ ਐੱਮ. ਪੀ. ਬਣ ਕੇ ਆਏ, ਰਾਜ ਸਭਾ ਵੱਲੋਂ ਹੀ ਆਏ। ਮੈਂ ਨਹੀਂ ਸੁਣਿਆ ਕਿ ਕਿਸੇ ਵਿਅਕਤੀ ਨੇ ਉਨ੍ਹਾਂ ਬਾਰੇ ਕੋਈ ਮਾੜਾ ਜਾਂ ਗਲਤ ਸ਼ਬਦ ਬੋਲਿਆ ਹੋਵੇ। ਅਲਬੱਤਾ! ਉਨ੍ਹਾਂ ਦੇ ਘੱਟ ਬੋਲਣ ਬਾਰੇ ਕਈ ਲੋਕ ਵਿਅੰਗ ਨਾਲ ਉਨ੍ਹਾਂ ਨੂੰ ‘ਮੌਨ-ਮੋਹਨ ਸਿੰਘ’ ਜ਼ਰੂਰ ਕਹਿ ਦਿੰਦੇ ਸਨ।
ਮੈਨੂੰ ਯਾਦ ਹੈ, ਸਤਾਰਾਂ ਸਾਲ ਪਹਿਲਾਂ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਜਿੱਤ ਕੇ ਪਾਰਲੀਮੈਂਟ ਵਿਚ ਮੁੜ ਦਾਖਲ ਹੋਈ ਸੀ, ਪਰ ਉਸ ਕੋਲ ਲੋੜੀਂਦਾ ਬਹੁਮੱਤ ਨਾ ਹੋਣ ਕਾਰਨ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਸਨ। ਭਾਰਤੀ ਜਨਤਾ ਪਾਰਟੀ ਨੇ ਉਦੋਂ ਪੂਰਾ ਟਿੱਲ ਲਾਇਆ ਕਿ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਾ ਬਣ ਸਕੇ। ਉਸ ਨੂੰ ‘ਵਿਦੇਸ਼ੀ’ ਕਹਿ ਕੇ ਭੰਡਿਆ ਗਿਆ, ਹਾਲਾਂ ਕਿ ਉਹ ਉਸ ਸਮੇਂ ਭਾਰਤ ਦੀ ਨਾਗਰਿਕਤਾ ਲੈ ਚੁਕੀ ਸੀ। ਉਦੋਂ ਫਿਰ ਸੋਨੀਆ ਗਾਂਧੀ ਵੱਲੋਂ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਇਸ ਅਹੁਦੇ ਉਪਰ ਨੇਕ-ਨੀਅਤੀ ਨਾਲ ਕੰਮ ਕਰਦਿਆਂ ਪੂਰੇ 10 ਸਾਲ ਕਾਂਗਰਸ ਸਰਕਾਰ ਦੀ ਸੁਚੱਜੀ ਅਗਵਾਈ ਕੀਤੀ ਸੀ।
ਇਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਪੂਰਾ ਇੱਜ਼ਤ ਮਾਣ ਕੀਤਾ ਜਾਂਦਾ ਹੈ। ਲੋਕ ਉਸ ਦੀ ਈਮਾਨਦਾਰੀ ਦੀ ਕਦਰ ਕਰਦੇ ਹਨ। ਰੇਡੀਓ ਅਤੇ ਟੀ. ਵੀ. ਦੇ ‘ਟਾਕ-ਸ਼ੋਆਂ’ ਵਿਚ ਕਈ ਲੋਕ ਉਸ ਦੀ ਆਲੋਚਨਾ ਵੀ ਕਰਦੇ ਹਨ, ਪਰ ਇਨ੍ਹਾਂ ਵਿਚ ਉਸ ਦੀ ਸਿਫਤ ਕਰਨ ਵਾਲੇ ਬਹੁਤੇ ਹੁੰਦੇ ਹਨ। ਮੇਰੇ ਖਿਆਲ ਵਿਚ ਸਿੱਧੂ ਹੀ ਇਕੱਲਾ ਇਨਸਾਨ ਹੈ, ਜੋ ਆਪਣੀ ਸਰਕਾਰ ਦੀਆਂ ਗਲਤੀਆਂ ਨੂੰ ਖੁੱਲ੍ਹ ਕੇ ਉਜਾਗਰ ਕਰਦਾ ਹੈ ਅਤੇ ਉਸ ਵੱਲੋਂ ਕੀਤੇ ਗਏ ਗਲਤ ਕੰਮਾਂ ਦੀ ਆਲੋਚਨਾ ਕਰਦਾ ਹੈ। ਜਦੋਂ ਸਿੱਧੂ ਨੂੰ ਨੀਵਾਂ ਵਿਖਾਉਣ ਲਈ ਸਥਾਨਕ ਸਰਕਾਰਾਂ ਦੇ ਮੰਤਰੀ ਤੋਂ ਹਟਾ ਕੇ ਬਿਜਲੀ ਮਹਿਕਮੇ ਦਾ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਉਹ ਇਸ ਨੂੰ ਠੁਕਰਾਅ ਕੇ ਮੰਤਰੀ ਦੇ ਅਹੁਦੇ ਦੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਿਆ ਸੀ। ਚਮਚਾਗਿਰੀ ਕਰਨੀ ਉਸ ਨੂੰ ਆਉਂਦੀ ਨਹੀ ਅਤੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਵਿਚੋਂ ‘ਮਲਾਈ’ ਖਾਣ ਦੀ ਉਸ ਦੀ ਆਦਤ ਨਹੀਂ ਹੈ। ਇਸ ਵੇਲੇ ਉਹ ਪੰਜਾਬ ਦੇ 18 ਅਹਿਮ ਮੁੱਦੇ ਕੰਧਾੜੇ ਚੁੱਕੀ ਫਿਰਦਾ ਹੈ ਅਤੇ ਲੋਕਾਂ ਨੂੰ ਦੱਸ ਰਿਹਾ ਹੈ ਕਿ ਤੁਹਾਡੇ ਨਾਲ ‘ਆਹ-ਕੁਝ’ ਹੋ ਰਿਹਾ ਹੈ। ਅੱਜ ਤੱਕ ਨਵਜੋਤ ਸਿੰਘ ਸਿੱਧੂ ਲੋਕਾਂ ਦੀ ਨਜ਼ਰਾਂ ਵਿਚ ‘ਹੀਰੋ’ ਹੈ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਉਸ ਤੋਂ ਕਿਸੇ ਤਰ੍ਹਾਂ ਪਿੱਛੇ ਨਹੀਂ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਚੱਲ ਰਹੀ ਅਕਾਲੀ ਸਰਕਾਰ ਵਿਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਸੁਰਜੀਤ ਕੁਮਾਰ ਜਿਆਣੀ ਸਿਹਤ ਮੰਤਰੀ ਸਨ। ਡਾ. ਨਵਜੋਤ ਕੌਰ ਸਿੱਧੂ ਉਨ੍ਹਾਂ ਦੇ ਨਾਲ ਇਸ ਮਹਿਕਮੇ ਦੀ ਪਾਰਲੀਮੈਂਟ ਸੈਕਟਰੀ ਸੀ। ਸਰਕਾਰੀ ਹਸਪਤਾਲਾਂ ਵਿਚ ਨੌਕਰੀ ਕਰਦੇ ਕਈ ਡਾਕਟਰਾਂ ਨੇ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਕੇ ਕੰਮ ਕਰਨਾ ਆਪਣੀ ਕਮਾਈ ਦਾ ਵਾਧੂ ਸਾਧਨ ਬਣਾ ਰੱਖਿਆ ਸੀ। ਨਵਜੋਤ ਕੌਰ ਸਿੱਧੂ ਨੇ ਮਰੀਜ਼ ਦਾ ਭੇਸ ਬਣਾ ਕੇ ਉਨ੍ਹਾਂ ਵਿਚੋਂ ਦੋ ਡਾਕਟਰਾਂ ਨੂੰ ਰੰਗੇ ਹੱਥੀਂ ਜਾ ਪਕੜਿਆ। ਉਦੋਂ ਹੈਲਥ ਮਨਿਸਟਰ ਨੇ ਨਵਜੋਤ ਕੌਰ ਸਿੱਧੂ ਨੂੰ ਕਿਹਾ ਸੀ ਕਿ ਉਸ ਵੱਲੋਂ ਇਸ ਤਰ੍ਹਾਂ ਛਾਪਾ ਮਾਰਨਾ ਉਸ ਦੇ ‘ਅਧਿਕਾਰ ਖੇਤਰ’ ਵਿਚ ਨਹੀਂ ਹੈ। ਕਿਸੇ ਜਿ਼ੰਮੇਵਾਰ ਪੁਜ਼ੀਸ਼ਨ ‘ਤੇ ਹੁੰਦਿਆਂ ਉਸ ਦਾ ਕੀ ਅਧਿਕਾਰ ਹੈ, ਕੀ ਭਲਾ ਡਾ. ਨਵਜੋਤ ਕੌਰ ਸਿੱਧੂ ਨਹੀਂ ਸੀ ਜਾਣਦੀ? ਸਿਹਤ ਮੰਤਰੀ ਵੱਲੋਂ ਇਹ ਸਾਰਾ ‘ਡਰਾਮਾ’ ਉਨ੍ਹਾਂ ਦੋ ਡਾਕਟਰਾਂ ਦੇ ਬਚਾਅ ਲਈ ਹੀ ਕੀਤਾ ਗਿਆ ਸੀ, ਕਿਉਂਕਿ ਉਹ ਦੋਵੇਂ ਡਾਕਟਰ ਸਿਹਤ ਮੰਤਰੀ ਦੇ ਖਾਸ ਬੰਦੇ ਸਨ। ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਜੋੜੀ ਦੇ ਬੇਟੇ ਨੂੰ ਸਰਕਾਰੀ ਵਕੀਲ ਦੀ ਨੌਕਰੀ ਦਿੱਤੀ। ਇਸ ‘ਤੇ ਭਾਜਪਾ ਨੇ ਪੂਰਾ ਹੋ-ਹੱਲਾ ਮਚਾ ਦਿੱਤਾ। ਸਿੱਧੂ ਜੋੜੀ ਨੇ ਉਸੇ ਵੇਲੇ ਨੌਕਰੀ ਤਿਆਗਣ ਦਾ ਫੈਸਲਾ ਲੈ ਲਿਆ ਸੀ।
ਉਹ ਕਿਹੜਾ ਸਿਆਸੀ ਲੀਡਰ ਹੈ, ਜਿਸ ਨੇ ਆਪਣੇ ਸਿਆਸੀ ਜੀਵਨ ਵਿਚ ਪਾਰਟੀ ਨਾ ਬਦਲੀ ਹੋਵੇ? ਸਿਆਸਤ ਵਿਚ ਤਾਂ ਇਹ ਆਮ ਜਿਹੀ ਗੱਲ ਸਮਝੀ ਜਾਂਦੀ ਹੈ। ਇਸ ਹਮਾਮ ਵਿਚ ਸਾਰੇ ਹੀ ਨੰਗੇ ਹਨ। ਦੋ ਸਾਲ ਪਹਿਲਾਂ ਜਦੋਂ ਦੁਸਹਿਰੇ ਵਾਲੇ ਦਿਨ ਰੇਲ ਗੱਡੀ ਹੇਠ ਆ ਕੇ ਕੁਝ ਲੋਕ ਮਰ ਗਏ ਸਨ ਤਾਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦਿਆਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ। ਉਸ ਨੇ ਅੰਮ੍ਰਿਤਸਰ ਸ਼ਹਿਰ ਵਿਚ ਰੁੱਖ ਲਾਉਣ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਦੋ ਵਾਰੀ 50-50 ਲੱਖ ਕਰਕੇ ਇਕ ਕਰੋੜ ਰੁਪਏ ਦਿੱਤੇ ਸਨ ਅਤੇ ਇਹ ਰੁੱਖ ਕਾਫੀ ਗਿਣਤੀ ਵਿਚ ਲੱਗੇ ਵੀ ਸਨ। ਇਹ ਵੱਖਰੀ ਗੱਲ ਹੈ ਕਿ ਪਿੱਛੋਂ ਪੂਰੀ ਸਾਂਭ-ਸੰਭਾਲ ਨਾ ਹੋਣ ਕਾਰਨ ਉਨ੍ਹਾਂ ਵਿਚੋਂ ਕਈ ਸੜ ਸੁੱਕ ਗਏ ਸਨ। ਰੁੱਖਾਂ ਦੀ ਸਾਂਭ-ਸੰਭਾਲ ਸਿੱਧੂ ਨੇ ਥੋੜ੍ਹੀ ਕਰਨੀ ਸੀ? ਇਹ ਤਾਂ ਨਗਰ ਨਿਗਮ ਦੀ ਹੀ ਜਿ਼ੰਮੇਵਾਰੀ ਬਣਦੀ ਸੀ। ਰੁੱਖਾਂ ਲਈ ਇਹ ਰਕਮ ਉਸ ਨੇ ਆਪਣੀ ਨੇਕ ਕਮਾਈ ਵਿਚੋਂ ਦਿੱਤੀ ਸੀ। ਸਿੱਧੂ ਦੀ ਕਿਹੜੀ ਪੰਜਾਬ ਵਿਚ ਕੋਈ ਟਰਾਂਸਪੋਰਟ ਚੱਲਦੀ ਹੈ ਜਾਂ ਕਿਸੇ ਹੋਰ ਕੰਮ ਵਿਚ ਉਸ ਦੀ ‘ਹਿੱਸਾ-ਪੱਤੀ’ ਹੈ।
ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਨ ਵਾਲੇ ਕਈ ਇਹ ਕਹਿੰਦੇ ਹਨ ਕਿ ਉਹ ਕਿਸਾਨਾਂ ਦੇ ਸੰਘਰਸ਼ ਵਿਚ ਦਿੱਲੀ ਨਹੀਂ ਗਿਆ। ਇਹ ਠੀਕ ਹੈ ਕਿ ਉਹ ਉੱਥੇ ਨਹੀਂ ਗਿਆ, ਪਰ ਉਸ ਨੇ ਕਿਸਾਨਾਂ ਦੇ ਇਸ ਸੰਘਰਸ਼ ਦੀ ਹਮਾਇਤ ਜ਼ਰੂਰ ਕੀਤੀ ਹੈ। ਕਿਸੇ ਹੋਰ ਸਿਆਸੀ ਪਾਰਟੀ ਦਾ ਕਿਹੜਾ ਨੇਤਾ ਉੱਥੇ ਪਹੁੰਚਿਆ ਹੈ? ਇੱਥੇ ਇਹ ਦੱਸਣਾ ਬਣਦਾ ਹੈ ਕਿ ਕਿਸਾਨ ਆਗੂਆਂ ਨੇ ਸੰਘਰਸ਼ ਦੇ ਸ਼ੁਰੂ ਵਿਚ ਹੀ ਇਹ ਸਾਫ ਕਰ ਦਿੱਤਾ ਸੀ ਕਿ ਇਹ ਨਿਰੋਲ ਕਿਸਾਨੀ ਮੰਗਾਂ ਲਈ ਸੰਘਰਸ਼ ਹੈ, ਉਹ ਕਿਸੇ ਵੀ ਸਿਆਸੀ ਨੇਤਾ ਨੂੰ ਇਸ ਵਿਚ ਆਪਣੀ ਸਟੇਜ ਤੋਂ ਨਹੀਂ ਬੋਲਣ ਦੇਣਗੇ। ਵੇਖਿਆ ਜਾਏ ਤਾਂ ਸਿੱਧੂ ਹੀ ਸਿਰਫ ਅਜਿਹਾ ਐੱਮ. ਐੱਲ. ਏ ਹੈ, ਜਿਸ ਨੇ ਪੀੜਤ ਕਿਸਾਨਾਂ ਦੀ 30 ਲੱਖ ਰੁਪਏ ਦੀ ਮਦਦ ਕੀਤੀ ਹੈ, ਜਿਨ੍ਹਾਂ ਦੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ ਅਤੇ ਇਹ ਮਦਦ ਉਸ ਨੇ ਉਨ੍ਹਾਂ ਕਿਸਾਨਾਂ ਦੀ ਵੀ ਕੀਤੀ, ਜੋ ਕਿਸੇ ਦੂਸਰੇ ਐੱਮ. ਐੱਲ. ਏ. ਦੇ ਹਲਕੇੇ ਵਿਚ ਪੈਂਦੇ ਸਨ। ਇਸ ਨੂੰ ਕਹਿੰਦੇ ਹਨ, ਫਰਾਖ-ਦਿਲੀ। ਪੰਜ ਲੱਖ ਰੁਪਏ ਉਸ ਨੇ ਇਕ ਸਕੂਲ ਨੂੰ ਵੀ ਦਿੱਤੇ। ਸਿੱਧੂ ਹੀ ਇਕ ਅਜਿਹਾ ਲੀਡਰ ਹੈ, ਜੋ ਸਿਆਸਤ ਵਿਚ ਕਮਾਈ ਕਰਨ ਲਈ ਨਹੀਂ ਆਇਆ। ਉਹ ਤਾਂ ਲੋਕਾਂ ਦੀ ਸੇਵਾ ਕਰਨ ਆਇਆ ਹੈ ਅਤੇ ਉਹ ਇਹ ਆਪਣੀ ਵਿੱਤ ਮੁਤਾਬਿਕ ਕਰੀ ਜਾ ਰਿਹਾ ਹੈ। ਕਪਿਲ ਸ਼ਰਮਾ ਦੇ ਟੀ. ਵੀ. ਸ਼ੋਅ ਵਿਚ ਸ਼ਾਮਲ ਹੋਣ ਲਈ ਉਹ ਹਫਤੇ ਵਿਚ ਇਕ ਵਾਰੀ ਮੁੰਬਈ ਜਾਂਦਾ ਸੀ ਅਤੇ 43 ਕਰੋੜ ਸਾਲ ਦੇ ਕਮਾਉਂਦਾ ਸੀ। ਕੰਮ ਵੀ ਉਸ ਦਾ ਕਿੰਨਾ ਕੁ ਮੁਸ਼ਕਿਲ ਹੁੰਦਾ ਸੀ! ਬੱਸ ਸੋਫੇ ‘ਤੇ ਬੈਠਣਾ, ਤਾੜੀਆਂ ਮਾਰਨੀਆਂ, ਠਹਾਕੇ ਮਾਰ-ਮਾਰ ਕੇ ਹੱਸਣਾ ਤੇ ਲੋਕਾਂ ਨੂੰ ਹਸਾਉਣਾ; ਪਰ ਇਹ ਕੰਮ ਵੀ ਤਾਂ ਕੋਈ ਸਿੱਧੂ ਵਰਗਾ ਹੀ ਕਰ ਸਕਦਾ ਹੈ।
ਸਿੱਧੂ ਨੇ ਕ੍ਰਿਕਟ ਵਿਚ ਭਾਰਤ ਦਾ ਨਾਂ ਉੱਚਾ ਕੀਤਾ ਅਤੇ ਕਮਾਈ ਵੀ ਕੀਤੀ। ਕ੍ਰਿਕਟ ਖੇਡਦਿਆਂ ਉਸ ਨੂੰ ਕਈ ਇਨਾਮ ਵੀ ਮਿਲੇ। ਉਸ ਨੇ ਕ੍ਰਿਕਟ ਮੈਚਾਂ ਦੀ ਕੁਮੈਂਟਰੀ ਕੀਤੀ ਅਤੇ ਇਸ ਵਿਚ ਵੀ ਚੋਖੀ ਕਮਾਈ ਕੀਤੀ। ਕ੍ਰਿਕਟ ਵਿਚ ਪੈਸਾ ਬਹੁਤ ਹੈ ਅਤੇ ਸਿੱਧੂ ਕੋਲ ਵੀ ਪੈਸੇ ਦੀ ਕੋਈ ਕਮੀ ਨਹੀਂ ਹੈ। ਉਸ ਦੀ ਨੀਅਤ ਰੱਜੀ ਹੋਈ ਹੈ। ਗਵਾਂਢੀ ਦੇਸ਼ ਪਾਕਿਸਤਾਨ ਨਾਲ ਕਰਤਾਰਪੁਰ ਦਾ ‘ਲਾਂਘਾ’ ਖੁੱਲ੍ਹਵਾਉਣ ਵਿਚ ਵੀ ਨਵਜੋਤ ਸਿੰਘ ਸਿੱਧੂ ਦੀ ਮੁੱਖ ਭੂਮਿਕਾ ਹੈ। ਇਸ ਲਈ ਕਿਸੇ ਨੇ ਉਸ ਦਾ ਸਨਮਾਨ ਤਾਂ ਕੀ ਕਰਨਾ ਸੀ, ਪਾਰਲੀਮੈਂਟ ਵਿਚ ਇਕ ਐੱਮ. ਪੀ. ਬੀਬੀ ਸਿੱਧੂ ਦੇ ਖਿਲਾਫ ਬੋਲ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੀ ਰਹੀ। ਭਾਜਪਾ ਆਗੂ ਤਰੁਣ ਚੁੱਘ ਰੇਡੀਓ ‘ਤੇ ਸਿੱਧੂ ਵਿਰੁੱਧ ਜ਼ਹਿਰ ਘੋਲਦਾ ਰਿਹਾ। ਅਖੇ, ਸਿੱਧੂ ਨੇ ਪਾਕਿਸਤਾਨ ਦੇ ਜਨਰਲ ਬਾਜਵਾ ਨਾਲ ਜੱਫੀ ਕਿਉਂ ਪਾਈ। ਚੁੱਘ ਨੂੰ ਕੋਈ ਪੁੱਛਣ ਵਾਲਾ ਹੋਵੇ, ਪਈ ਜਦੋਂ ਪ੍ਰਧਾਨ ਮੰਤਰੀ ਮੋਦੀ ਅਚਾਨਕ ਪਾਕਿਸਤਾਨ ਚਲੇ ਗਏ ਸਨ ਅਤੇ ਨਵਾਜ਼ ਸ਼ਰੀਫ ਦੀ ਦੋਹਤਰੀ ਦੇ ਨਿਕਾਹ ਸਮੇਂ ਉਸ ਨੂੰ ‘ਸ਼ਗਨ’ ਦੇ ਕੇ ਆਏ ਸਨ ਤਾਂ ਉਦੋਂ ਉਸ ਨੇ ਕਿਉਂ ਆਪਣੇ ਮੂੰਹ ਵਿਚ ਘੁੰਗਣੀਆਂ ਪਾ ਲਈਆਂ ਸਨ?
ਬੀਬੀ ਨਵਜੋਤ ਕੌਰ ਖੁਦ ਡਾਕਟਰ ਹੈ। ਉਹ ਜਦੋਂ ਐੱਮ. ਐੱਲ. ਏ. ਜਾਂ ਕਿਸੇ ਹੋਰ ਅਹੁਦੇ ਦੀ ਚੋਣ ਲਈ ਕਾਗਜ਼ ਦਾਖਲ ਕਰਦੀ ਹੈ ਤਾਂ ਉਸ ਨੇ ਇਨ੍ਹਾਂ ਵਿਚ ਇਹ ਕਦੇ ਨਹੀਂ ਦੱਸਿਆ ਕਿ ਉਸ ਕੋਲ ਏਨੇ ਕਿਲੋ ਸੋਨਾ ਹੈ। ਇਕ ਹੋਰ ਬੀਬੀ ਹੈ, ਜਿਹੜੀ ਆਪਣੇ ਨਾਮਜ਼ਦਗੀ ਫਾਰਮਾਂ ਵਿਚ ਪਹਿਲੀ ਵਾਰ ਤਾਂ ਇਨ੍ਹਾਂ ਫਾਰਮਾਂ ਵਿਚ ਸੱਤ ਕਿਲੋ ਸੋਨਾ ਭਰਦੀ ਹੈ ਅਤੇ ਪੰਜਾਂ ਸਾਲਾਂ ਬਾਅਦ ਮੁੜ ਕਾਗਜ਼ ਦਾਖਲ ਕਰਨ ਸਮੇਂ ਉਸ ਦਾ ਬੈਂਕ ਦੇ ਵੱਡੇ-ਵੱਡੇ ਲਾਕਰਾਂ ਵਿਚ ਰੱਖਿਆ ਹੋਇਆ ਇਹ ਸੋਨਾ ਵੀਹ ਕਿਲੋ ਤੀਕ ਪਹੁੰਚ ਜਾਂਦਾ ਹੈ। ਅਸੀਂ ਇਹ ਤਾਂ ਸਾਰੇ ਭਲੀਭਾਂਤ ਜਾਣਦੇ ਹਾਂ ਕਿ ਬੈਂਕਾਂ ਵਿਚ ਜਮ੍ਹਾਂ ਪੈਸਾ ਵਿਆਜ ਲੱਗ ਕੇ ਕੁਝ ਵੱਧ ਜਾਂਦਾ ਹੈ, ਪਰ ਸੋਨਾ ਇਸ ਤਰ੍ਹਾਂ ਵਧਦਾ ਕਦੇ ਨਹੀਂ ਵੇਖਿਆ।
ਅੰਮ੍ਰਿਤਸਰ ਵਿਚ ਦੁਸਹਿਰੇ ਸਮੇਂ ਹੋਏ ਰੇਲ-ਹਾਦਸੇ ਵਿਚ ਬੀਬੀ ਨਵਜੋਤ ਕੌਰ ਦੀ ਤਾਂ ਕੋਈ ਗਲਤੀ ਨਹੀਂ ਸੀ। ਉਸ ਨੇ ਕਿਹੜਾ ਕਿਸੇ ਨੂੰ ਰੇਲ ਪਟੜੀ ‘ਤੇ ਫੜ੍ਹ ਕੇ ਬੈਠਾਇਆ ਸੀ! ਹਾਰ ਚੁੱਕੇ ਲੀਡਰ ਜਿਨ੍ਹਾਂ ਕੋਲ ਸਿਰਫ 15 ਸੀਟਾਂ ਰਹਿ ਗਈਆਂ ਸਨ, ਗੁੱਸਾ ਤਾਂ ਉਨ੍ਹਾਂ ਨੂੰ ਆਪਣੀ ਸ਼ਰਮਨਾਕ ਹਾਰ ਦਾ ਸੀ, ਪਰ ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਨੂੰ ਇਸ ਹਾਦਸੇ ਦੀ ਜਿ਼ੰਮੇਦਾਰ ਠਹਿਰਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਂਜ ਪੱਲੇ ਉਨ੍ਹਾਂ ਦੇ ਵੀ ਕੁਝ ਨਹੀਂ ਪਿਆ। ਬਾਹਰਲੇ ਮੁਲਕਾਂ ਵਿਚ ਬੈਠੇ ਹੋਏ ਕਈ ਮੇਰੇ ਵਰਗੇ ਐਵੇਂ ਈ ਕਚੀਚੀਆਂ ਵੱਟੀ ਜਾਂਦੇ ਹਨ ਕਿ ਸਿੱਧੂ ਪਰਿਵਾਰ ਇਸ ਕੇਸ ਵਿਚ ਅਜੇ ਤੱਕ ਫਸਿਆ ਕਿਉਂ ਨਹੀਂ? ਪਰ ਸਿਆਣੇ ਠੀਕ ਹੀ ਕਹਿੰਦੇ ਹਨ, “ਕਾਂਵਾਂ ਦੇ ਆਖਿਆਂ ਢੱਗੇ ਨਹੀਂ ਮਰਦੇ।” ਕਿਸੇ ਦੇ ਵੱਲੋਂ ਰੌਲਾ ਪਾਇਆਂ ਇਹ ਕੇਸ ਸਿੱਧੂ ਪਰਿਵਾਰ ਉੱਪਰ ਕਿਵੇਂ ਪਾਇਆ ਜਾ ਸਕਦਾ ਸੀ!
ਗਲਤ ਪ੍ਰਾਪੇਗੰਡਾ ਕਰਨਾ ਸਿੱਧੂ ਨੂੰ ਆਉਂਦਾ ਨਹੀਂ। ਨਾ ਹੀ ਉਸ ਨੂੰ ਕਿਸੇ ਅਹੁਦੇ ਦੀ ਭੁੱਖ ਹੈ ਅਤੇ ਨਾ ਹੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਲੱਗ ਕੇ ਕੰਮ ਕਰ ਸਕਦਾ ਹੈ। ਸਥਾਨਕ ਸਰਕਾਰਾਂ ਦੇ ਮੰਤਰੀ ਦਾ ਚਾਰਜ ਲੈਂਦਿਆਂ ਹੀ ਉਸ ਨੇ ਪੰਜਾਬ ਵਿਚ ਹੋਏ ਕੇਬਲ ਮਾਫੀਏ ਘੁਟਾਲੇ ਕਾਰਨ ਉਸ ਕੋਲੋਂ 600 ਕਰੋੜ ਵਸੂਲਣ ਲਈ ਕਿਹਾ ਸੀ, ਪਰ ਸਾਰੇ ਹੀ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਨਹੀਂ ਸਨ ਮੰਨੇ। ਸਿੱਧੂ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹੈ, ਪਰ ਪੰਜਾਬ ਸਰਕਾਰ ਉਸ ਦੀਆਂ ਸੇਵਾਵਾਂ ਲੈਣ ਲਈ ਤਿਆਰ ਨਹੀਂ। ਉਸ ਨੇ ਰਾਜ ਸਭਾ ਦੀ ਸੀਟ ਛੱਡੀ ਸੀ ਅਤੇ ਫਿਰ ਮੰਤਰੀ ਦਾ ਅਹੁਦਾ ਛੱਡਿਆ। ਮੰਤਰੀ ਦੀ ਕੋਠੀ ਛੱਡ ਕੇ ਉਸ ਨੇ ‘ਗੁਰੂ ਕੀ ਨਗਰੀ’ ਅੰਮ੍ਰਿਤਸਰ ਆ ਡੇਰਾ ਲਾਇਆ। ਮੇਰਾ ਨਹੀਂ ਖਿਆਲ ਕਿ ਕਿਸੇ ਹੋਰ ਲੀਡਰ ਨੇ ਸਵੈਮਾਣ ਦੀ ਖਾਤਰ ਇਸ ਤਰ੍ਹਾਂ ਏਡੇ ਵੱਡੇ ਅਹੁਦਿਆਂ ਨੂੰ ਲੱਤ ਮਾਰੀ ਹੋਵੇ।
ਸਿੱਧੂ ਜੋੜੀ ਪੰਜਾਬ ਦੀ ਬਿਹਤਰੀ ਲਈ ਸੁਹਿਰਦ ਹੈ। ਉਹ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਹੈ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਪੰਜਾਬ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵੀ ਦੋ ਵਾਰ ਆਈ ਹੈ, ਪਰ ਇਹ ਦੋਵੇਂ ਹੀ ਪੰਜਾਬ ਦਾ ਕੁਝ ਨਹੀਂ ਸੰਵਾਰ ਸਕੇ। ਉਹ ਜੇ ਚਾਹੁੰਦੇ ਤਾਂ ਪੰਜਾਬ ਲਈ ਬਹੁਤ ਕੁਝ ਕਰ ਸਕਦੇ ਸਨ। ਇੰਜ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੇ ਥੋੜ੍ਹੀ ਕੀਤਿਆਂ ਪੰਜਾਬ ਦੀ ਵਾਗਡੋਰ ਸਿੱਧੂ ਨੂੰ ਸੌਂਪਣੀ ਨਹੀਂ ਅਤੇ ਨਾ ਹੀ ਇਨ੍ਹਾਂ ਹਾਲਤਾਂ ਵਿਚ ਸਿੱਧੂ ਕੋਈ ਹੋਰ ਅਹੁਦਾ ਲੈ ਕੇ ਆਪਣੀ ਬੇਇੱਜ਼ਤੀ ਕਰਵਾਏਗਾ, ਕਿਉਂਕਿ ਪੰਜਾਬ ਵਿਚ ਚੱਲ ਰਹੇ ‘ਮਾਫੀਏ’ ਨੇ ਵੀ ਥੋੜ੍ਹੇ ਕੀਤਿਆਂ ਉਸ ਦੇ ਪੈਰ ਨਹੀਂ ਲੱਗਣ ਦੇਣੇ। 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿਚ ਅਜੇ ਕੁਝ ਮਹੀਨੇ ਬਾਕੀ ਹਨ। ਨਵਜੋਤ ਸਿੰਘ ਸਿੱਧੂ ਭਵਿੱਖ ਵਿਚ ਕੀ ਫੈਸਲਾ ਲੈਂਦਾ ਹੈ, ਇਹ ਤਾਂ ਓਹੀ ਦੱਸ ਸਕਦਾ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਨਿਰਾਸ਼ ਹੋ ਜਾਣ ‘ਤੇ ਕਈ ਸਿਆਸੀ ਪੰਡਿਤ ਉਸ ਦੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਕਿਆਸਅਰਾਈਆਂ ਵੀ ਲਾ ਰਹੇ ਹਨ। ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਵੇਖੋ! ਊਠ ਕਿਸ ਕਰਵਟ ਬੈਠਦਾ ਹੈ!

(ਤਰਤੀਬ ਤੇ ਸਹਿਯੋਗ: ਡਾ. ਸੁਖਦੇਵ ਸਿੰਘ ਝੰਡ, ਫੋਨ: 647-567-9128)