ਮਿਲਾਪੜਾ ਤੇ ਸੁਹਿਰਦ ਇਨਸਾਨ ਪ੍ਰਿੰਸੀਪਲ ਮਲੂਕ ਚੰਦ ਕਲੇਰ

ਡਾ. ਸੁਖਦੇਵ ਸਿੰਘ ਝੰਡ
ਬਰੈਂਪਟਨ, ਕੈਨੇਡਾ
ਫੋਨ: 647-567-9128
ਮਲੂਕ ਚੰਦ ਕਲੇਰ ਨਾਲ ਮੇਰੀ ਜਾਣ-ਪਛਾਣ ਕਰੋਨਾ ਕਾਲ ਦੌਰਾਨ ਸਾਲ 2020 ਦੇ ਸਤੰਬਰ ਮਹੀਨੇ ਸਾਂਝੇ ਦੋਸਤ ਬਖਸ਼ੀਸ਼ ਸਿੰਘ ਰਾਹੀਂ ਹੋਈ। ਉਹ ਵੀ ਮੇਰੇ ਵਾਂਗ ਕਰੋਨਾ ਕਰਕੇ ਹਵਾਈ ਉਡਾਣਾਂ ਕੈਂਸਲ ਹੋ ਜਾਣ ਕਾਰਨ ਆਪਣੀ ਨਿਰਧਾਰਤ ਪੰਜਾਬ ਫੇਰੀਂ ਤੋਂ ਤਿੰਨ-ਚਾਰ ਮਹੀਨੇ ਵੱਧ ਪੰਜਾਬ ਵਿਚ ਫਸੇ ਰਹਿਣ ਤੋਂ ਬਾਅਦ ਸਤੰਬਰ ਵਿਚ ਸਰੀ ਵਾਪਸ ਆ ਸਕਿਆ ਸੀ। ਇੱਥੇ ਆ ਕੇ ਉਸ ਨੇ ਮੇਰੀ ਵਾਕਫੀਅਤ ਮਲੂਕ ਕਲੇਰ ਨਾਲ ਕਿਵੇਂ ਕਰਵਾਈ, ਇਸ ਬਾਰੇ ਮੈਂ ਅੱਗੇ ਜਾ ਕੇ ਜਿ਼ਕਰ ਕਰਾਂਗਾ, ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਾਡੀ ਇਹ ‘ਮੁਲਾਕਾਤ’ ਅਜੇ ਫੋਨ ਅਤੇ ਹੋਰ ਬਿਜਲੀ-ਉਪਕਰਣਾਂ ਤੱਕ ਹੀ ਸੀਮਤ ਹੈ।

ਨਿੱਜੀ ਤੌਰ ‘ਤੇ ਇਕ-ਦੂਜੇ ਨੂੰ ਮਿਲਣ ਦਾ ਅਜੇ ਸਾਨੂੰ ਸੁਭਾਗ ਪ੍ਰਾਪਤ ਨਹੀਂ ਹੋਇਆ, ਪਰ ਫੋਨ-ਕਾਲਾਂ ਰਾਹੀਂ ਹੋਈਆਂ ਸੰਖੇਪ ਗੱਲਾਂ-ਬਾਤਾਂ ਅਤੇ ਬਿਜਲਈ-ਸੁਨੇਹਿਆਂ ਤੋਂ ਮਲੂਕ ਕਲੇਰ ਮੈਨੂੰ ਕਾਫੀ ਮਿਲਾਪੜਾ ਅਤੇ ਸੁਹਿਰਦ ਇਨਸਾਨ ਜਾਪਿਆ ਹੈ। ਅਸੀਂ ਦੋਵੇਂ ਇਸ ਸਮੇਂ ਭਾਵੇਂ ਕੈਨੇਡਾ ਦੇ ਵਾਸੀ ਹਾਂ, ਪਰ ਇਸ ਦੇ ਪੂਰਬ ਤੇ ਪੱਛਮੀ ਭਾਗਾਂ ਵਿਚ ਵੱਸੇ ਹੋਏ ਦੋ ਵੱਖ-ਵੱਖ ਸ਼ਹਿਰਾਂ ਬਰੈਂਪਟਨ ਅਤੇ ਸਰੀ ਵਿਚ ਵਿਚਰ ਰਹੇ ਹਾਂ, ਜੋ ਇਕ-ਦੂਜੇ ਤੋਂ ਹਜ਼ਾਰਾਂ ਮੀਲਾਂ ਦੀ ਦੂਰੀ ‘ਤੇ ਹਨ ਤੇ ਇਨ੍ਹਾਂ ਵਿਚਕਾਰ ਹਵਾਈ ਸਫਰ ਪੰਜ-ਛੇ ਘੰਟਿਆਂ ਦਾ ਹੈ।
ਖੈਰ! ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ, ਕਿਉਂਕਿ ਜੇ ਦਿਲ ਵਿਚ ਮਿਲਣ ਦੀ ਚਾਹਤ ਹੋਵੇ ਤਾਂ ਏਨੀ ਕੁ ਦੂਰੀ ਇਨ੍ਹਾਂ ਦੇਸ਼ਾਂ ਵਿਚ ਆਮ ਜਿਹੀ ਗੱਲ ਹੈ। ਅਲਬੱਤਾ! ਮਹਾਮਾਰੀ ਕਰੋਨਾ ਨੇ ਇਹ ਆਪਸੀ ਦੂਰੀ ਅਜੇ ਤੱਕ ਕਾਫੀ ਵਧਾਈ ਰੱਖੀ ਹੈ, ਪਰ ਸਾਨੂੰ ਦੋਹਾਂ ਨੂੰ ਨੇੜ-ਭਵਿੱਖ ਵਿਚ ‘ਅੱਛੇ ਦਿਨਾਂ’ ਦੀ ਉਮੀਦ ਜ਼ਰੂਰ ਹੈ ਅਤੇ ਇਹ ਕੋਈ ‘ਸਿਆਸੀ ਜੁਮਲਾ’ ਨਹੀਂ ਹੈ।
‘ਕਰੋਨਾ-ਮਹਾਮਾਰੀ’ ਦੇ ਸਾਰੀ ਦੁਨੀਆਂ ਵਿਚ ਫੈਲ ਜਾਣ ਕਾਰਨ ਮਾਰਚ 2020 ਵਿਚ ਹੋਰਨਾਂ ਦੇਸ਼ਾਂ ਵਾਂਗ ਭਾਰਤ ਤੋਂ ਦੂਸਰੇ ਦੇਸ਼ਾਂ ਨੂੰ ਆਉਣ-ਜਾਣ ਵਾਲੀਆਂ ਹਵਾਈ-ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ। ਉਨ੍ਹੀਂ ਦਿਨੀਂ ਮੈਂ ਆਪਣੀ ਪਤਨੀ ਨਾਲ ਆਪਣੇ ਅੰਮ੍ਰਿਤਸਰ ਵਾਲੇ ਘਰ ਵਿਚ ਸਾਂ। ਅਸੀਂ ਜਨਵਰੀ ਦੇ ਸ਼ੁਰੂ ਵਿਚ ਹੀ ਪੰਜਾਬ ਗਏ ਸਾਂ ਅਤੇ ਸਾਡੀ ਟੋਰਾਂਟੋ ਦੀ 11 ਅਪਰੈਲ ਦੀ ਵਾਪਸੀ ਫਲਾਈਟ ਵੀ ਹੋਰਨਾਂ ਵਾਂਗ ਰੱਦ ਹੋ ਚੁਕੀ ਸੀ। ਅਸੀਂ ਕਰੋਨਾ ਦੇ ਘੱਟ ਜਾਣ ਅਤੇ ਫਲਾਈਟਾਂ ਦੇ ਮੁੜ ਚਾਲੂ ਹੋਣ ਦੀ ਉਡੀਕ ਕਰ ਰਹੇ ਸਾਂ ਕਿ ਇਕ ਦਿਨ ਮੇਰੇ ਦੋਸਤ ਬਖਸ਼ੀਸ਼ ਸਿੰਘ ਦਾ ਪਟਿਆਲੇ ਤੋਂ ਫੋਨ ਆਇਆ। ਉਹ ਵੀ ਮੇਰੇ ਵਾਂਗ ਆਪਣੀ ਪਤਨੀ ਨਾਲ ਸਰੀ ਤੋਂ ਪੰਜਾਬ ਫੇਰੀ ‘ਤੇ ਏਅਰ-ਇੰਡੀਆ ਦੀ ਫਲਾਈਟ ਰਾਹੀਂ ਹੀ ਆਇਆ ਹੋਇਆ ਸੀ। ਆਮ ਸੁੱਖ-ਸਾਂਦ ਤੇ ਹਾਲ-ਚਾਲ ਪੁੱਛਣ ਪਿਛੋਂ ਏਅਰ-ਇੰਡੀਆ ਦੀਆਂ ਕੈਨੇਡਾ ਵਾਪਸੀ ਦੀਆਂ ਫਲਾਈਟਾਂ ਦੀ ਗੱਲ ਚੱਲ ਪਈ, ਜਿਨ੍ਹਾਂ ਦੀਂ ਉਦੋਂ ਨੇੜ-ਭਵਿੱਖ ਵਿਚ ਕੋਈ ਉਮੀਦ ਨਹੀਂ ਸੀ। ਇਸ ਦੇ ਨਾਲ ਹੀ ਉਸ ਨੇ ਮਾਰਚ 2019 ਵਿਚ ਛਪੀ ਮੇਰੀ ਸਵੈ-ਜੀਵਨੀ “ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ” ਦੇ ਲਈ ਆਪਣੀ ਚਾਹਤ ਦਰਸਾਈ, ਜਿਸ ਦਾ ਰੀਵਿਊ ਉਸ ਨੇ ਕਿਸੇ ਅਖਬਾਰ ਵਿਚ ਪੜ੍ਹਿਆ ਸੀ। ਉਸ ਦੀ ਇਸ ਹੱਕੀ ਮੰਗ ਨੂੰ ਪੂਰਾ ਕਰਨ ਲਈ ਮੈਂ ਉਸ ਨੂੰ ਅੰਮ੍ਰਿਤਸਰ ਘਰ ਆਉਣ ਲਈ ਕਿਹਾ, ਪਰ ਸਮੇਂ ਦੀ ਮਜਬੂਰੀ ਕਾਰਨ ਉਹ ਅੰਮ੍ਰਿਤਸਰ ਨਾ ਆ ਸਕਿਆ ਅਤੇ 17 ਜੁਲਾਈ ਨੂੰ ‘ਕਤਰ ਏਅਰ ਲਾਈਨਜ਼’ ਦੀ ਸਪੈਸ਼ਲ ਫਲਾਈਟ ਰਾਹੀਂ ਸਾਡੀ ਟੋਰਾਂਟੋ ਵਾਪਸੀ ਤੋਂ ਬਾਅਦ ਮੇਰੇ ਪਿੰਡ ਚੌਹਾਨ ਤੋਂ ਛੋਟੇ ਭਰਾ ਗੁਰਭੇਜ ਕੋਲੋਂ ਇਹ ਪੁਸਤਕ ਲੈ ਗਿਆ।
ਸਤੰਬਰ ਵਿਚ ਸਰੀ ਵਾਪਸ ਆਉਣ ‘ਤੇ ਜਦੋਂ ਉਸ ਨੇ ਪੰਜਾਬ ਤੋਂ ਲਿਆਂਦੀਆਂ ਹੋਈਆਂ ਤਿੰਨ ਹੋਰ ਪੁਸਤਕਾਂ ਦੇ ਨਾਲ ਮੇਰੀ ਸਵੈ-ਜੀਵਨੀ ਵੀ ਮਲੂਕ ਚੰਦ ਕਲੇਰ ਨੂੰ ਪੜ੍ਹਨ ਲਈ ਦਿੱਤੀ ਤਾਂ ਇਹ ਸਾਡੇ ਦੋਹਾਂ ਵਿਚ ਜਾਣ-ਪਛਾਣ ਅਤੇ ਆਪਸੀ ਸਾਂਝ ਦਾ ਕਾਰਨ ਬਣੀ। ਬਖਸ਼ੀਸ਼ ਵਾਂਗ ਮਲੂਕ ਕਲੇਰ ਨੂੰ ਵੀ ਪੁਸਤਕਾਂ ਪੜ੍ਹਨ ਦਾ ਕਾਫੀ ਸ਼ੌਕ ਹੈ। ਇਕ ਸਫਲ ਅਧਿਆਪਕ ਅਤੇ ਸਕੂਲ ਦੇ ਪ੍ਰਿੰਸੀਪਲ ਹੋਣ ਦੇ ਨਾਤੇ ਸੁਯੋਗ ਪ੍ਰਬੰਧਕ ਹੋਣ ਦੇ ਨਾਲ ਨਾਲ ਉਸ ਨੂੰ ਲਿਖਣ ਦੀ ਮੱਸ ਵੀ ਹੈ। ਸਾਡੇ ਵਿਚ ਨੇੜਤਾ ਹੋ ਜਾਣ ਦਾ ਇਕ ਵੱਡਾ ਕਾਰਨ ਇਹ ਵੀ ਹੈ।
ਇਸ ਨੇੜਤਾ ਦੌਰਾਨ ਹੀ ਮੈਨੂੰ ਪਤਾ ਲੱਗਾ ਕਿ ਹੁਣ ਤੀਕ ਉਹ ਆਪਣੀ ਸਵੈ-ਜੀਵਨੀ ‘ਕੋਰੇ ਘੜੇ ਦਾ ਪਾਣੀ’ (2009) ਅਤੇ ਤਿੰਨ ਨਾਵਲ ‘ਸੂਰਜ ਉੱਗ ਪਿਆ’ (2012), ‘ਜੰਗਲ ਵਿਚ ਚੋਣ’ (2014) ਅਤੇ ‘ਤਲਾਸ਼ ਜਾਰੀ ਹੈ’ (2018) ਪੰਜਾਬੀ ਪਾਠਕਾਂ ਦੀ ਨਜ਼ਰ ਕਰਕੇ ਪੰਜਾਬੀ ਦੇ ਗਲਪ-ਸੰਸਾਰ ਵਿਚ ਆਪਣਾ ਨਾਂ ਬਾਖੂਬੀ ਦਰਜ ਕਰਵਾ ਚੁਕਾ ਹੈ। ਇਨ੍ਹਾਂ ਵਿਚੋਂ ‘ਜੰਗਲ ਵਿਚ ਚੋਣ’ ਬਾਲ-ਨਾਵਲ ਹੈ, ਜਿਸ ਵਿਚ ਉਸ ਨੇ ਜਾਨਵਰਾਂ ਦੇ ਮੂੰਹੋਂ ਸੰਵਾਦ ਕੱਢਵਾ ਕੇ ਬਹੁਤ ਵਧੀਆ ਉਸਾਰੂ ਗੱਲਾਂ ਕੀਤੀਆਂ ਹਨ। ਯਕੀਨਨ ਉਸ ਦੇ ਬੋਲ-ਚਾਲ ਦੇ ਵਧੀਆ ਲਹਿਜ਼ੇ ਵਾਂਗ ਵਿਸ਼ੇ ਤੇ ਰੂਪਕ-ਦੋਹਾਂ ਪੱਖਾਂ ਤੋਂ ਹੀ ਇਹ ਜ਼ਰੂਰ ਦਿਲਚਸਪ ਹੋਣਗੀਆਂ। ਇਸ ਦੇ ਨਾਲ ਹੀ ਅਖਬਾਰਾਂ ਵਿਚ ਵੱਖ-ਵੱਖ ਸਮੇਂ ਪੜ੍ਹੇ ਹੋਏ ਉਸ ਦੇ ਆਰਟੀਕਲ ਉਸ ਦੀ ਮਨੁੱਖਤਾ ਪ੍ਰਤੀ ਉਸਾਰੂ ਸੋਚ ਤੇ ਸਹੀ ਪਹੁੰਚ ਨੂੰ ਬਾਖੂਬੀ ਦਰਸਾਉਂਦੇ ਹਨ।
ਜਦੋਂ ਸ਼ੌਕ ਅਤੇ ਖਿਆਲ ਰਲਦੇ-ਮਿਲਦੇ ਹੋਣ ਤਾਂ ਫਿਰ ਸੁਭਾਅ ਦੀ ਸਾਂਝ ਵੀ ਬਣਨੀ ਸੁਭਾਵਿਕ ਹੈ। ਬਖਸ਼ੀਸ਼ ਸਿੰਘ ਵੱਲੋਂ ਲਿਆਂਦੀਆਂ ਗਈਆਂ ਤਿੰਨੇ ਪੁਸਤਕਾਂ ਅਤੇ ਮੇਰੀ ਸਵੈ-ਜੀਵਨੀ ਪੜ੍ਹਨ ਤੋਂ ਬਾਅਦ ਇਕ ਦਿਨ ਮੈਨੂੰ ਮਲੂਕ ਕਲੇਰ ਦਾ ਫੋਨ ਆਇਆ ਤੇ ਉਸ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਫੋਨ ਕਾਲ ਅਤੇ ਆਪਣੇ ਇਕ ਆਰਟੀਕਲ ‘ਮਨੁੱਖੀ ਰਿਸ਼ਤੇ’ ਰਾਹੀਂ ਇਨ੍ਹਾਂ ਸ਼ਬਦਾਂ ਨਾਲ ਦਰਸਾਈ:
“ਇਸ ਲੜੀ ਵਿਚ ਮੇਰੇ ਵੱਲੋਂ ਪੜ੍ਹੀ ਗਈ ਤੀਸਰੀ ਪੁਸਤਕ ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ’ (2019) ਹੈ। ਲੇਖਕ ਆਪਣੇ ‘ਹਾਈ ਸਕੂਲ ਵਿਚ ਪੜ੍ਹਾਈ’ ਵਾਲੇ ਅਧਿਆਇ ਵਿਚ ਸਕੂਲ ਦੇ ਇਕ ਮਾਸਟਰ ਸ਼ਰਮਾ ਜੀ ਦੇ ਮੂੰਹੋਂ ਉਚਾਰੇ ਗਏ ਸ਼ਬਦਾਂ ਬਾਰੇ ਬਾਖੂਬੀ ਲਿਖਦਾ ਹੈ, “…ਸਕੂਲ ਵਿਚ ‘ਸਾਹਿਬ’ ਤਾਂ ਦੋ ਹੀ ਹੁੰਦੇ ਹਨ, ਇਕ ਹੈੱਡਮਾਸਟਰ ਸਾਹਿਬ ਤੇ ਦੂਸਰੇ ਪੀ. ਟੀ. ਸਾਹਿਬ। ਬਾਕੀ ਤਾਂ ‘ਮਾਸਟਰ’ ਹੀ ਹੁੰਦੇ ਹਨ, ਸਾਡੇ ਵਰਗੇ।” …ਸਕੂਲ ਦੇ ਇਕ ਹੋਰ ਅਧਿਆਪਕ ਬਾਰੇ ਉਸ ਦਾ ਕਹਿਣਾ ਹੈ, “ਇਕ ਪੰਜਾਬੀ ਦੇ ਅਧਿਆਪਕ ਸਨ, ਗਿਆਨੀ ਚਾਨਣ ਸਿੰਘ ਜੀ। ਉਹ ਕਵਿਤਾ ਵੀ ਲਿਖਦੇ ਹੁੰਦੇ ਸਨ ਅਤੇ ਆਪਣੇ ਨਾਂ ਨਾਲ ਤਖੱਲਸ ‘ਦਿਲਗੀਰ’ ਲਗਾਇਆ ਕਰਦੇ ਸਨ। ਸਵੇਰੇ ਪ੍ਰਾਰਥਨਾ ਤੋਂ ਬਾਅਦ ਅਕਸਰ ਉਹ ਥੋੜ੍ਹਾ ਜਿਹਾ ਲੈਕਚਰ ਦਿਆ ਕਰਦੇ ਸਨ ਅਤੇ ਬੜੀਆਂ ਵਧੀਆ ਗੱਲਾਂ ਦੱਸਿਆ ਕਰਦੇ ਸਨ, ਪਰ ਉਦੋਂ ਉਨ੍ਹਾਂ ਦੀਆਂ ਉਹ ਗੱਲਾਂ ਸਾਨੂੰ ਸਮਝ ਨਹੀਂ ਸਨ ਪੈਂਦੀਆਂ, ਜਿੰਨੀਆਂ ਹੁਣ ਯਾਦ ਆਉਂਦੀਆਂ ਹਨ। ਕਲਾਸ ਵਿਚ ਮੈਨੂੰ ਕਈ ਵਾਰ ਕਹਿੰਦੇ, ‘ਸੁਖਦੇਵ! ਤੂੰ ਪੜ੍ਹਨ ਵਿਚ ਚੰਗਾ ਏਂ, ਪਰ ਤੇਰੀ ਪੰਜਾਬੀ ਦੀ ਲਿਖਾਈ ਏਨੀ ਚੰਗੀ ਨਹੀਂ ਏ। ਤੂੰ ਅੱਖਰ ਗੋਲ-ਗੋਲ ਪਾਉਂਦਾ ਏ, ਜ਼ਰਾ ਨੁੱਕਰਾਂ ਕੱਢ ਕੇ ਲਿਖਿਆ ਕਰ।’ ਮੈਂ ਉਨ੍ਹਾਂ ਨੂੰ ‘ਚੰਗਾ ਜੀ” ਕਹਿ ਦਿੰਦਾ, ਪਰ ਮੇਰੇ ਪੰਜਾਬੀ ਦੇ ਅੱਖਰ ਗੋਲ-ਗੋਲ ਹੀ ਰਹੇ। ਉਨ੍ਹਾਂ ਦਾ ਬੇਟਾ ਪ੍ਰਿਤਪਾਲ ਮੇਰਾ ਜਮਾਤੀ ਸੀ। ਉਸ ਦੀ ਪੰਜਾਬੀ ਦੀ ਲਿਖਾਈ ਬਹੁਤ ਹੀ ਖੂਬਸੂਰਤ ਹੁੰਦੀ ਸੀ। ਉਹ ਕਾਫੀ ਹੁਸਿ਼ਆਰ ਸੀ ਅਤੇ ਪੰਜਾਬੀ ਵਿਚ ਉਸ ਦੇ ਨੰਬਰ ਮੇਰੇ ਨਾਲੋਂ ਵੱਧ ਆਉਂਦੇ ਸਨ।”
ਪੰਜਾਬੀ ਦੇ ਮੇਰੇ ਇਹ ਅਧਿਆਪਕ ਗਿਆਨੀ ਚਾਨਣ ਸਿੰਘ ਕੋਈ ਹੋਰ ਨਹੀਂ, ਸਗੋਂ ਪੰਜਾਬੀ ਪੁਸਤਕਾਂ ਪੜ੍ਹਨ ਦੇ ਸ਼ੌਕੀਨ ਬਖਸ਼ੀਸ਼ ਸਿੰਘ ਦੇ ਪਿਤਾ ਜੀ ਸਨ ਅਤੇ ਉਨ੍ਹਾਂ ਦਾ ਹੀ ਛੋਟਾ ਬੇਟਾ ਪ੍ਰਿਤਪਾਲ ਸਰਕਾਰੀ ਹਾਈ ਸਕੂਲ ਛੱਜਲਵੱਡੀ ਵਿਚ ਛੇਵੀਂ ਤੋਂ ਦਸਵੀਂ ਤੱਕ ਮੇਰਾ ਜਮਾਤੀ ਰਿਹਾ ਹੈ। ਉਸ ਨੇ ਪੰਜਾਬੀ ਸੱਭਿਆਚਾਰ ਦੇ ਖੇਤਰ ਵਿਚ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਇਸ ਵਿਸ਼ੇ ‘ਤੇ ਪੀਐੱਚ.ਡੀ. ਵੀ ਕੀਤੀ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਲੰਮੀ ਸੇਵਾ ਨਿਭਾਉਣ ਤੋਂ ਬਾਅਦ ਡਾ. ਪ੍ਰਿਤਪਾਲ ਸਿੰਘ ਮਹਿਰੋਕ ਸਰਕਾਰੀ ਕਾਲਜ ਹੁਸਿ਼ਆਰਪੁਰ ਤੋਂ ਪੰਜਾਬੀ ਦੇ ਪ੍ਰੋਫੈਸਰ ਵਜੋਂ ਸੇਵਾ-ਮੁਕਤ ਹੋਇਆ ਹੈ। ਇਨ੍ਹਾਂ ਦੋਹਾਂ ਦਾ ਛੋਟਾ ਭਰਾ ਕੁਲਬੀਰ ਸਿੰਘ ਵੀ ਸਰਕਾਰੀ ਸਪੋਰਟਸ ਕਾਲਜ ਜਲੰਧਰ ਤੋਂ ਪੰਜਾਬੀ ਪ੍ਰਾ-ਅਧਿਆਪਕ ਵਜੋਂ ਸੇਵਾ-ਮੁਕਤ ਹੋਇਆ ਹੈ। ਉਹ ਲੰਮੇ ਸਮੇਂ ਤੋਂ ‘ਜਲੰਧਰ ਦੂਰਦਰਸ਼ਨ’ ਨਾਲ ਜੁੜਿਆ ਰਿਹਾ ਹੈ ਅਤੇ ਹੁਣ ਵੀ ਇਸ ਦੇ ਪ੍ਰੋਗਰਾਮਾਂ ਦੀ ਅਖਬਾਰਾਂ ਵਿਚ ਭਰਪੂਰ ਸਮੀਖਿਆ ਕਰਦਾ ਹੈ। ਇਸ ਤੋਂ ਇਸ ਪਰਿਵਾਰ ਦਾ ਪੰਜਾਬੀ ਮਾਂ-ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਭਲੀ-ਭਾਂਤ ਪ੍ਰਤੀਤ ਹੁੰਦਾ ਹੈ ਅਤੇ ਇਸੇ ਕਾਰਨ ਇਸ ਪਰਿਵਾਰ ਦੇ ਨਾਲ ਮਲੂਕ ਕਲੇਰ ਦੀ ਨੇੜਤਾ ਦਾ ਵੀ ਅਹਿਸਾਸ ਹੁੰਦਾ ਹੈ, ਕਿਉਂਕਿ ਉਹ ਵੀ ਮੁੱਢ ਤੋਂ ਹੀ ਪੰਜਾਬੀ ਦਾ ਅਧਿਆਪਕ ਅਤੇ ਪੰਜਾਬੀ ਭਾਸ਼ਾ-ਪ੍ਰੇਮੀ ਰਿਹਾ ਹੈ, ਤੇ ਹੁਣ ਵੀ ਉਵੇਂ ਹੀ ਹੈ।
ਇਕ ਸੁਯੋਗ ਅਧਿਆਪਕ ਹੋਣ ਤੋਂ ਇਲਾਵਾ ਮਲੂਕ ਚੰਦ ਕਲੇਰ ਵਧੀਆ ਬੁਲਾਰਾ ਅਤੇ ਅਗਾਂਹ-ਵਧੂ ਵਿਚਾਰਾਂ ਵਾਲਾ ਇਨਸਾਨ ਹੈ। ਖੂਨ ਦੇ ਰਿਸ਼ਤਿਆਂ ਨਾਲੋਂ ਉਹ ਮਨੁੱਖੀ-ਰਿਸ਼ਤਿਆਂ ਨੂੰ ਵਧੇਰੇ ਅਹਿਮੀਅਤ ਦਿੰਦਾ ਹੈ ਅਤੇ ਇਸ ਨੂੰ ਬਾਖੂਬੀ ਨਿਭਾਉਂਦਾ ਵੀ ਹੈ। ਵਿੱਦਿਆ ਦਾ ਚਾਨਣ ਬਿਖੇਰਨ ਦੇ ਆਪਣੇ ਮੁਢਲੇ ਅਤੇ ਅਹਿਮ ਫਰਜ਼ ਦੇ ਨਾਲ ਨਾਲ ਉਹ ਸਕੂਲਾਂ ਦੇ ਨਾਲ ਸਬੰਧਿਤ ਆਲ ਇੰਡੀਆ ਰੇਡੀਓ ਜਲੰਧਰ ਦੇ ਪ੍ਰੋਗਰਾਮ ‘ਸਕੂਲ-ਪ੍ਰਸਾਰਣ’ ਵਿਚ 15 ਸਾਲ ਲਗਾਤਾਰ ਹਿੱਸਾ ਲੈਂਦਾ ਰਿਹਾ ਹੈ। ਇਨ੍ਹਾਂ ਵਿਚ ਉਹ ਸਰੋਤਿਆਂ ਨਾਲ ਵੱਖ-ਵੱਖ ਵਿਸਿ਼ਆਂ ਉੱਪਰ ਆਪਣੇ ਵਿਚਾਰ ਸਾਂਝੇ ਕਰਦਾ ਰਿਹਾ ਹੈ ਅਤੇ ਇਨ੍ਹਾਂ ਨਾਲ ਸਬੰਧਿਤ ਕਈ ਬਹਿਸਾਂ ਵਿਚ ਹਿੱਸਾ ਲੈਂਦਾ ਰਿਹਾ ਹੈ। ਸੇਵਾ-ਮੁਕਤੀ ਤੋਂ ਬਾਅਦ ਕੈਨੇਡਾ ਆ ਕੇ ਵੀ ਉਹ ਆਰਾਮ ਨਾਲ ਨਹੀਂ ਬੈਠਾ ਹੈ। ਸਰੀ ਅਤੇ ਵੈਨਕੂਵਰ ਦੇ ਵੱਖ-ਵੱਖ ਰੇਡੀਓ ਤੇ ਟੀ. ਵੀ. ਪ੍ਰੋਗਰਾਮਾਂ ਵਿਚ ਅਕਸਰ ਹਿੱਸਾ ਲੈਂਦਾ ਰਹਿੰਦਾ ਹੈ। ਇੱਥੇ ਉਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ‘ਲੋਕ-ਕਵੀ ਗੁਰਦਾਸ ਆਲਮ ਸਾਹਿਤ ਸਭਾ’ ਬਣਾਈ ਹੋਈ ਹੈ, ਜਿਸ ਵਿਚ ਉਹ ਸਾਹਿਤ ਦੇ ਵੱਖ-ਵੱਖ ਰੂਪਾਂ ਬਾਰੇ ਚਰਚਾ ਕਰਦੇ ਰਹਿੰਦੇ ਹਨ ਅਤੇ ਕਵਿਤਾਵਾਂ, ਕਹਾਣੀਆਂ ਤੇ ਗੱਲਾਂ-ਬਾਤਾਂ ਰਾਹੀਂ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਰਹਿੰਦੇ ਹਨ। ਇਸ ਦੌਰਾਨ ਉਸ ਦੀ ਕਲਮ ਵੀ ਲਗਾਤਾਰ ਕੁਝ ਨਾ ਕੁਝ ਨਵਾਂ ਸਿਰਜਦੀ ਰਹਿੰਦੀ ਹੈ ਅਤੇ ਉਹ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਸਰਦਾ-ਬਣਦਾ ਯੋਗਦਾਨ ਪਾਉਂਦਾ ਰਹਿੰਦਾ ਹੈ।
ਸ਼ਾਲਾ! ਇਹ ਸਿਲਸਿਲਾ ਇੰਜ ਹੀ ਨਿਰੰਤਰ ਚੱਲਦਾ ਰਹੇ ਅਤੇ ਪ੍ਰਿੰਸੀਪਲ ਮਲੂਕ ਚੰਦ ਕਲੇਰ ਪੰਜਾਬੀ ਮਾਂ-ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇ। ਉਸ ਦੀ ਨਰੋਈ ਸਰੀਰਕ ਤੇ ਦਿਮਾਗੀ ਸਿਹਤ ਦੀ ਕਾਮਨਾ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਉਸ ਨੂੰ ਇਹ ਸੇਵਾ ਕਰਨ ਦਾ ਹੋਰ ਬਲ ਬਖਸ਼ੇ।