ਸੁਰਜੀਤ ਹਾਂਸ ਦਾ ਵਿਲੀਅਮ ਸ਼ੇਕਸਪੀਅਰ

ਗੁਲਜ਼ਾਰ ਸਿੰਘ ਸੰਧੂ
ਇਨ੍ਹੀਂ ਦਿਨੀਂ ਮੇਰੀ ਗੱਲ ਲੰਡਨ ਨਿਵਾਸੀ ਆਪਣੇ ਮਿੱਤਰ ਰਣਜੀਤ ਧੀਰ ਨਾਲ ਹੋਈ ਤਾਂ ਉਸ ਨੇ ਦੱਸਿਆ ਕਿ ਸਾਡੇ ਸਾਂਝੇ ਮਿੱਤਰ ਸੁਰਜੀਤ ਹਾਂਸ ਵਲੋਂ ਅਨੁਵਾਦਤ ਸ਼ੇਕਸਪੀਅਰ ਦੀਆਂ ਕੁੱਲ ਰਚਨਾਵਾਂ ਦਾ 39 ਜਿਲਦੀ ਸੈੱਟ ਉੱਥੋਂ ਦੇ ਸ਼ੇਕਸਪੀਅਰ ਗਲੋਬਲ ਥੀਏਟਰ ਐਂਡ ਆਰਕਾਈਵਜ਼ ਵਿਚ ਰੱਖਿਆ ਗਿਆ ਹੈ।

ਰਣਜੀਤ ਧੀਰ ਉੱਥੋਂ ਦਾ ਮੇਅਰ ਤੇ ਕੌਂਸਲਰ ਰਹਿ ਚੁਕਾ ਹੈ। ਹਾਂਸ ਨੂੰ ਪੰਜਾਬੀ ਪਾਠਕ ਇੱਕ ਸਿਰੜੀ ਵਿਦਵਾਨ ਵਜੋਂ ਜਾਣਦੇ ਹਨ। ਇਹ ਉਸ ਦਾ ਸਿਰੜ ਅਤੇ ਉੱਦਮ ਹੀ ਸੀ, ਜਿਸ ਨੇ ਲਗਾਤਾਰ ਵੀਹ ਸਾਲ ਲਾ ਕੇ ਸਾਰੇ ਦਾ ਸਾਰਾ ਸ਼ੇਕਸਪੀਅਰ ਅੰਗਰੇਜ਼ੀ ਤੋਂ ਪੰਜਾਬੀ ਭਾਸ਼ਾ ਵਿਚ ਉਲਥਾਇਆ। ਭਾਵੇਂ ਸ਼ੇਕਸਪੀਅਰ ਦੇ ਇੱਕੜ-ਦੁੱਕੜ ਨਾਟਕਾਂ ਤੇ ਕਾਵਿ-ਸੰਗ੍ਰਹਿਆਂ ਦਾ ਅਨੁਵਾਦ ਭਾਰਤ ਦੀਆਂ ਹੋਰ ਭਾਸ਼ਾਵਾਂ ਵਿਚ ਮਿਲਦਾ ਹੈ, ਪਰ ਇਸ ਨਾਟਕਕਾਰ ਦੀਆਂ ਸਾਰੀਆਂ ਲਿਖਤਾਂ ਦਾ ਅਨੁਵਾਦ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਵਿਚ ਹੋਇਆ ਹੈ। ਇਹ ਰਣਜੀਤ ਧੀਰ ਦੀ ਦੂਰ ਦ੍ਰਿਸ਼ਟੀ ਤੇ ਹਾਂਸ ਪ੍ਰਤੀ ਮਿੱਤਰ ਭਾਵਨਾ ਦਾ ਨਤੀਜਾ ਹੈ ਕਿ ਉਸ ਨੇ ਪੂਰੇ ਦਾ ਪੂਰਾ ਸੈੱਟ ਹਾਂਸ ਦੀ ਬੇਟੀ ਨਾਨਕੀ ਤੋਂ ਮੰਗਵਾ ਕੇ ਉੱਥੇ ਰਖਵਾਇਆ।
ਵਲਾਇਤੀ ਰਹੁਰੀਤਾਂ ਅਨੁਸਾਰ ਧੀਰ ਵਲੋਂ ਗਲੋਬਲ ਥੀਏਟਰ ਦੀ ਡਾਇਰੈਕਟਰ ਵਿਕਟੋਰੀਆ ਲੇਨ ਨੂੰ ਇਹ ਸੈੱਟ ਭੇਟ ਕਰਨ ਦੀ ਰਸਮ ਅਤਿਅੰਤ ਸਾਧਾਰਨ ਸੀ। ਇਸ ਮੌਕੇ ਧੀਰ ਨਾਲ ਦੋ ਤਿੰਨ ਪੰਜਾਬੀ ਲੇਖਕਾਂ ਤੋਂ ਬਿਨਾ ਹੋਰ ਕੋਈ ਵੀ ਹਾਜ਼ਰ ਨਹੀਂ ਸੀ। ਜਿਉਂ ਜਿਉਂ ਇਹ ਖਬਰ ਪੰਜਾਬੀ ਭਾਈਚਾਰੇ ਤੱਕ ਪਹੰੁਚ ਰਹੀ ਹੈ, ਹਰ ਕਿਸੇ ਦਾ ਸਿਰ ਮਾਣ ਨਾਲ ਉੱਚਾ ਹੋ ਰਿਹਾ ਹੈ ਕਿ ਹਾਂਸ ਨੇ ਏਨਾ ਵੱਡਾ ਕੰਮ ਨੇਪਰੇ ਚਾੜ੍ਹ ਕੇ ਭਾਰਤ ਦੀਆਂ ਬਾਕੀ ਸਭ ਭਾਸ਼ਾਵਾਂ ਨੂੰ ਮਾਤ ਪਾ ਦਿੱਤੀ ਹੈ। ਸਾਡਾ ਮਿੱਤਰ ਸੁਰਜੀਤ ਹਾਂਸ ਡੇਢ ਸਾਲ ਪਹਿਲਾਂ ਜਨਵਰੀ 2020 ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਹਾਂਸ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਜੇ ਉਸ ਦੇ ਜਿਊਂਦੇ ਜੀਅ ਰਣਜੀਤ ਧੀਰ ਇਹ ਕੰਮ ਕਰਨਾ ਚਾਹੰੁਦਾ ਤਾਂ ਹਾਂਸ ਨੇ ਕਹਿਣਾ ਸੀ, ‘ਛੱਡੋ ਪਰੇ! ਅਜਿਹਾ ਕਰਨ ਦੀ ਕੋਈ ਲੋੜ ਨਹੀਂ।’ ਸੁਰਜੀਤ ਹਾਂਸ ਜ਼ਿੰਦਾਬਾਦ!
ਅੰਤਿਕਾ: ਹਫੀਜ਼ ਜਲੰਧਰੀ
ਆਪਣੀ ਬੋਲੀ ਪੰਜਾਬੀ ਦਾ ਮਾਣ ਰੱਖੀਂ,
ਜਿਹੜੀ ਮਾਂ ਏ ਸਾਡੀ ਪੰਜਾਬੀਆਂ ਦੀ।
ਰੰਨ ਰੰਨ ਜਾਣੀਂ, ਮਾਂ ਮਾਂ ਜਾਣੀਂ,
ਗੱਲ ਕਰੀਂ ਨਾ ਖਾਨਾ ਖਰਾਬੀਆਂ ਦੀ।