ਜਾਦੂ ਟੂਣਾ ਕੀ ਹੈ?

ਬੌਬ ਖਹਿਰਾ ਮਿਸ਼ੀਗਨ
ਫੋਨ: 734-925-0177
ਪੰਜਾਬ ਵਿਚ ਹੀ ਨਹੀਂ, ਪੂਰੇ ਹਿੰਦੋਸਤਾਨ ਵਿਚ ਜਾਂ ਜੇ ਕਹਿ ਲਈਏ ਕਿ ਸਾਰੇ ਏਸ਼ੀਆਈ ਦੇਸ਼ਾਂ ਵਿਚ ਹੀ ਜਾਦੂ ਟੂਣੇ ਦਾ ਭਰਮ ਮੌਜੂਦ ਹੈ। ਚਲਾਕ ਲੋਕ ਇਸ ਧੰਦੇ ਵਿਚ ਮੋਟੀ ਕਮਾਈ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਠੱਗੇ ਜਾਣ ਵਾਲਿਆਂ ਵਿਚ ਪੜ੍ਹੇ-ਲਿਖੇ ਲੋਕ ਵੀ ਬਹੁਤ ਮੌਜੂਦ ਹਨ। ਜੋਤਸ਼ੀ, ਪੰਡਿਤ, ਸਾਧ, ਪੁਜਾਰੀ, ਜੰਤਰ-ਮੰਤਰ ਤੇ ਧਾਗੇ-ਤਵੀਤ ਕਰਨ ਵਾਲੇ ਜਾਂ ਪ੍ਰਵਚਨ ਦੇਣ ਵਾਲੇ ਸਭ ਲੋਕਾਂ ਦਾ ਬੜੇ ਜ਼ੋਰ-ਸ਼ੋਰ ਨਾਲ ਸ਼ਿਕਾਰ ਕਰੀ ਜਾਂਦੇ ਹਨ। ਸਰਕਾਰਾਂ ਅਤੇ ਉਨ੍ਹਾਂ ਦੇ ਮੰਤਰੀ, ਕੁਝ ਇਕ ਨੂੰ ਛੱਡ ਕੇ ਸਭ ਇਨ੍ਹਾਂ ਲੋਕਾਂ ਦਾ ਸਾਥ ਦੇ ਰਹੇ ਹਨ। ਪੁਲਿਸ ਅਫ਼ਸਰ ਤਕ ਅੰਨ੍ਹੇਵਾਹ ਇਨ੍ਹਾਂ ਵੱਲ ਵਹੀਰਾਂ ਘੱਤ ਰਹੇ ਹਨ। ਚਲੋ ਮੰਤਰੀ ਤਾਂ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਪਰ ਸਰਕਾਰੀ ਅਫ਼ਸਰ ਤਾਂ ਪੜ੍ਹੇ ਲਿਖੇ ਹੁੰਦੇ ਹਨ। ਫਿਰ ਉਨ੍ਹਾਂ ਦੀ ਮੱਤ ਕੀ ਕਹਿੰਦੀ ਹੈ? ਕਿਉਂ ਨਹੀਂ ਕੋਈ ਇਕ ਮਿੰਟ ਲਈ ਵੀ ਇਹ ਸੋਚਦਾ ਕਿ ਇੱਦਾਂ ਹੋ ਵੀ ਸਕਦਾ ਹੈ ਕਿ ਨਹੀਂ? ਸਭ ਅੰਨ੍ਹੇ ਬਣੇ ਫਿਰਦੇ ਹਨ। ਕੋਈ ਸ਼ਹਿਰ ਨਹੀਂ, ਕਸਬਾ ਜਾਂ ਕੋਈ ਗਲੀ-ਮੁਹੱਲਾ ਨਹੀਂ ਜਿਥੇ ਕੋਈ ਇਹੋ ਜਿਹਾ ਠੱਗ ਨਾ ਬੈਠਾ ਹੋਵੇ। ਪੰਜਾਬ ਵਿਚ ਤਰਕਸ਼ੀਲ ਸੁਸਾਇਟੀਆਂ ਨੇ ਬਹੁਤ ਪ੍ਰਚਾਰ ਕੀਤਾ ਕਿ ਲੋਕ ਸਿਆਣੇ ਹੋਣ, ਪਰ ਨਹੀਂ!
ਕੋਈ ਵੀ ਟੈਲੀਵਿਜ਼ਨ ਚੈਨਲ ਹੋਵੇ, ਸਭ ਇਨ੍ਹਾਂ ਲੋਕਾਂ ਦੀਆਂ ਮਸ਼ਹੂਰੀਆਂ ਨਾਲ ਚਲਦਾ ਹੈ। ਅਖ਼ਬਾਰਾਂ ਵਿਚ ਵੀ ਇਹੋ ਲੋਕ ਛਾਏ ਹੋਏ ਹਨ। ਟੈਲੀਵਿਜ਼ਨ ਸਾਇੰਸ ਦੀ ਕਾਢ ਹੈ। ਅਖ਼ਬਾਰਾਂ ਛਾਪਣ ਵਾਲੀਆਂ ਸਭ ਮਸ਼ੀਨਾਂ ਸਾਇੰਸ ਦੀਆਂ ਹੀ ਬਣਾਈਆਂ ਹੋਈਆਂ ਹਨ, ਪਰ ਜਦ ਵੀ ਕੋਈ ਨਵੀਂ ਖੋਜ ਆਉਂਦੀ ਹੈ, ਉਸ ਨੂੰ ਤੋੜ-ਮਰੋੜ ਕੇ ਜੋਤਿਸ਼, ਰਾਹੂ, ਕੇਤੂ, ਸ਼ਨੀ ਤੇ ਮੰਗਲ ਨਾਲ ਜੋੜ ਕੇ ਲੋਕਾਂ ਅੱਗੇ ਪਰੋਸ ਦਿੱਤਾ ਜਾਂਦਾ ਹੈ।
ਅੱਜ ਕਿਸੇ ਵੀ ਸਕੂਲ ਵਿਚ ਇਹ ਨਹੀਂ ਪੜ੍ਹਾਇਆ ਜਾਂਦਾ ਕਿ ਜਾਦੂ ਟੂਣਾ ਕੀ ਹੈ? ਕਿਸੇ ਵੀ ਧਾਰਮਿਕ ਸਥਾਨ ‘ਤੇ ਇਸ ਬਾਰੇ ਨਹੀਂ ਦੱਸਿਆ ਜਾਂਦਾ ਕਿ ਇਹ ਤਾਂ ਇਕ ਕਲਾ ਹੈ! ਕੋਈ ਵੀ ਆਮ ਆਦਮੀ ਜੋ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ, ਚਾਹੇ ਉਹ ਬੰਦਾ ਹੋਵੇ ਜਾਂ ਜ਼ਨਾਨੀ ਹੋਵੇ; ਚਾਹੇ ਉਹ ਕਿਸੇ ਵੀ ਉਮਰ ਦਾ ਹੋਵੇ, ਉਹ ਥੋੜ੍ਹੀ ਜਿਹੀ ਸਿਖਲਾਈ ਲੈ ਕੇ ਬੜੀ ਆਸਾਨੀ ਨਾਲ ਇਹ ਸਭ ਕਰ ਸਕਦਾ ਹੈ। ਇਹ ਕੋਈ ਕਿਸੇ ਕਿਸਮ ਦੀ ਗੈਬੀ ਸ਼ਕਤੀ ਨਹੀਂ ਹੈ। ਦੁਨੀਆਂ ਉਤੇ ਜਿੰਨੇ ਵੀ ਵੱਡੇ ਵੱਡੇ ਜਾਦੂਗਰ ਹਨ, ਉਹ ਸਾਰੇ ਹੀ ਸਿਖਲਾਈ ਲੈ ਕੇ ਜਾਦੂ ਦੇ ਟਰਿੱਕ ਕਰਦੇ ਹਨ। ਉਂਜ, ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਆਪਣੇ ਦਿਮਾਗ ਵਿਚੋਂ ਇਹ ਡਰ ਕੱਢਣਾ ਪਵੇਗਾ ਕਿ ਕਾਲੇ ਜਾਦੂ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ। ਕੋਈ ਵੀ ਬੰਗਾਲ ਦਾ ਜਾਂ ਕਾਲਾ ਜਾਦੂ ਨਹੀਂ ਹੈ। ਜਦੋਂ ਕੋਈ ਜਾਦੂਗਰ ਟਰਿੱਕ ਕਰਦਾ ਹੈ ਤਾਂ ਜੇ ਤੁਸੀਂ ਪੂਰੇ ਧਿਆਨ ਨਾਲ ਉਸ ਵੱਲ ਵੇਖੋਗੇ ਤਾਂ ਉਸ ਦੀ ਚੁਸਤੀ ਫੜ ਸਕਦੇ ਹੋ। ਕੋਈ ਵੀ ਟਰਿੱਕ ਹੱਥ ਦੀ ਸਫਾਈ ਹੁੰਦੀ ਹੈ।
ਪੰਜਾਬ, ਇੰਗਲੈਂਡ, ਕੈਨੇਡਾ ਤੇ ਹੋਰ ਥਾਂਈਂ ਤਰਕਸ਼ੀਲ ਸੁਸਾਇਟੀਆਂ ਨੇ ਕਰੋੜਾਂ ਰੁਪਏ ਦੇ ਇਨਾਮ ਰੱਖੇ ਹੋਏ ਹਨ। ਅੱਜ ਤਕ ਇਕ ਵੀ ਅਜਿਹਾ ਬੰਦਾ ਨਹੀਂ ਨਿਤਰਿਆ ਜਿਸ ਨੇ ਕਾਲਾ ਜਾਦੂ ਜਾਂ ਗੈਬੀ ਸ਼ਕਤੀ ਦਿਖਾਉਣ ਦਾ ਚੈਲਿੰਜ ਕਬੂਲ ਕੀਤਾ ਹੋਵੇ। ਅਸਲ ਵਿਚ ਜਿਨ੍ਹਾਂ ਚੀਜ਼ਾਂ ਨੂੰ ਟੂਣਾ ਬਣਾ ਕੇ ਡਰ ਬਿਠਾਇਆ ਜਾਂਦਾ ਹੈ, ਉਹ ਸਭ ਚੀਜ਼ਾਂ ਕਿਸੇ ਨਾ ਕਿਸੇ ਦੁਕਾਨ ਜਾਂ ਸਟੋਰ ਤੋਂ ਹੀ ਖਰੀਦੀਆਂ ਹੁੰਦੀਆਂ ਹਨ ਤੇ ਉਹ ਵੀ ਕਿਸੇ ਜਿਉਂਦੇ ਜਾਗਦੇ ਇਨਸਾਨ ਵੱਲੋਂ ਹੀ ਰੱਖੀਆਂ ਹੁੰਦੀਆਂ ਹਨ। ਇਹ ਸਭ ਚੀਜ਼ਾਂ ਬੇਜ਼ਾਨ ਹੁੰਦੀਆਂ ਹਨ ਤੇ ਕੋਈ ਵੀ ਬੇਜ਼ਾਨ ਚੀਜ਼ ਆਪਣੇ ਆਪ ਹਿੱਲ ਨਹੀਂ ਸਕਦੀ।
ਸਾਡਾ ਸਿਰਫ਼ ਇਕੋ ਹੀ ਮਕਸਦ ਹੈ ਕਿ ਲੋਕ ਸਿਆਣੇ ਹੋਣ ਅਤੇ ਇਨ੍ਹਾਂ ਕੁ-ਚੱਕਰਾਂ ਵਿਚੋਂ ਬਾਹਰ ਨਿਕਲਣ। ਇਸ ਲਈ ਕਿਸੇ ਨੂੰ ਵੀ ਜਾਦੂ ਟੂਣੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਡਰੋ ਨਾ, ਸਗੋਂ ਇਹ ਵਹਿਮ ਪਾਉਣ ਵਾਲਿਆਂ ਨੂੰ ਮੂੰਹ-ਤੋੜ ਜਵਾਬ ਦਿਓ। ਕੋਈ ਵੀ ਜਣਾ, ਕਿਸੇ ਵੀ ਅਜਿਹੇ ਮਸਲੇ ਬਾਰੇ ਬੇਝਿਜਕ ਸੰਪਰਕ ਕਰ ਸਕਦਾ ਹੈ।

1 Comment

  1. ਫਿਰ ਭਾਈ ਮਰਦਾਨਾ ਜੀ ਨੂੰ ਬੰਗਾਲ ਚ ਭੇਡੂ ਕਿਵੇਂ ਬਣਾ ਦਿੱਤਾ ਸੀ ਜੇ ਜਾਦੂ ਟੂਣਾ ਨਹੀਂ ਹੈਗਾ

Leave a Reply

Your email address will not be published.