ਬੀਨੂੰ ਢਿੱਲੋਂ ਤੇ ਗੁਰਨਾਮ ਭੁੱਲਰ ਦਾ ‘ਫੁੱਫੜ ਜੀ’

‘ਫੁੱਫੜ’ ਹਰ ਛੋਟੇ-ਵੱਡੇ ਪਰਿਵਾਰ ਦਾ ਇਕ ਸਤਿਕਾਰਤ ਰਿਸ਼ਤੇ ਦਾ ਨਾਂ ਹੈ, ਜੋ ਅਨੇਕਾਂ ਦਿਲਚਸਪ ਕਹਾਣੀਆਂ, ਕਹਾਵਤਾਂ, ਸਿੱਠਣੀਆਂ ਜ਼ਰੀਏ ਸਾਡੇ ਵਿਰਸੇ ਦਾ ਸ਼ਿੰਗਾਰ ਰਿਹਾ ਹੈ। ‘ਫੁੱਫੜ ਜੀ’ ਬਾਰੇ ਫਿਲਮ ਬਣਨਾ ਚੰਗੇ ਸਿਨੇਮਾ ਵੱਲ ਵਧਿਆ ਇੱਕ ਹੋਰ ਚੰਗਾ ਕਦਮ ਹੈ। ਲੇਖਕ ਰਾਜੂ ਵਰਮਾ ਤੇ ਨਿਰਦੇਸ਼ਕ ਪੰਕਜ ਬੱਤਰਾ ਦੀ ਇਸ ਫਿਲਮ ਦੀ ਸ਼ੂਟਿੰਗ ਜ਼ੋਰਾਂ-ਸ਼ੋਰਾਂ ‘ਤੇ ਚੱਲ ਰਹੀ ਹੈ।

ਰਾਜੂ ਵਰਮਾ ਇੱਕ ਸਰਗਰਮ ਫਿਲਮ ਲੇਖਕ ਹੈ। ਪਿਛਲੇ ਥੋ੍ਹੜੇ ਸਮੇਂ ਵਿਚ ਉਸ ਨੇ ਅਨੇਕਾਂ ਚੰਗੀਆਂ ਫਿਲਮਾਂ ਪੰਜਾਬੀ ਸਿਨਮੇ ਨੂੰ ਦਿੱਤੀਆਂ ਹਨ। ਉਸ ਦੇ ਜਿ਼ਹਨ ‘ਚ ਹਮੇਸ਼ਾ ਹੀ ਸਮਾਜਿਕ ਅਤੇ ਸੱਭਿਆਚਾਰਕ ਆਧਾਰਿਤ ਮਨੋਰੰਜਕ ਕਹਾਣੀਆਂ ਉਭਰਦੀਆਂ ਹਨ, ਜੋ ਦਰਸ਼ਕਾਂ ਦੀ ਪਸੰਦ ਬਣਦੀਆਂ ਹਨ ਤੇ ਉਸ ਦੇ ਕੰਮ ਦੀ ਹਮੇਸ਼ਾ ਹੀ ਸ਼ਲਾਘਾ ਹੋਈ ਹੈ। ਬਿਨਾ ਸ਼ੱਕ ‘ਫੁੱਫੜ ਜੀ’ ਰਾਹੀਂ ਵੀ ਇਸ ਵਾਰ ਉਹ ਕਮਾਲ ਹੀ ਕਰੇਗਾ। ਇਸ ਫਿਲਮ ਦੀ ਸ਼ੂਟਿੰਗ ਬੀਤੇ ਦਿਨੀਂ ਸੁਰੂ ਹੋ ਚੁਕੀ ਹੈ। ਫਿਲਮ ਦਾ ਨਿਰਦੇਸਨ ‘ਬੰਬੂਕਾਟ’ ਅਤੇ ‘ਸੱਜਣ ਸਿੰਘ ਰੰਗਰੂਟ’ ਵਰਗੀਆਂ ਚਰਚਿਤ ਫਿਲਮਾਂ ਦੇਣ ਵਾਲੇ ਪੰਕਜ ਬੱਤਰਾ ਕਰ ਰਹੇ ਹਨ।
ਜੀ. ਸਟੂਡੀਓਜ਼ ਅਤੇ ਕੇ. ਕੁਮਾਰ ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ‘ਚ ਗੁਰਨਾਮ ਭੁੱਲਰ ਤੇ ਬੀਨੂੰ ਢਿੱਲੋਂ ਤੋਂ ਇਲਾਵਾ ਸਿੱਧੀਕਾ ਸ਼ਰਮਾ, ਅਲੰਕ੍ਰਿਤਾ ਸ਼ਰਮਾ, ਅਨੂ ਚੌਧਰੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰ ਅਹਿਮ ਕਿਰਦਾਰ ਨਿਭਾਅ ਰਹੇ ਹਨ। ਫਿਲਮ ਬਾਰੇ ਜੀ. ਸਟੂਡੀਓਜ਼ ਦੇ ਸੀ. ਬੀ. ਓ. ਸ਼ੀਰੀਕ ਪਟੇਲ ਨੇ ਕਿਹਾ ਕਿ ਅਸੀਂ ਖੇਤਰੀ ਸਿਨੇਮਾ, ਖਾਸ ਕਰਕੇ ਪੰਜਾਬੀ ਫਿਲਮਾਂ ਵੱਲ ਵਧੇਰੇ ਧਿਆਨ ਦੇ ਰਹੇ ਹਾਂ, ਜਿਸ ਅਧੀਨ ਚੰਗੀ ਨਸੀਹਤ ਦਿੰਦੀਆਂ ਸਮਾਜਿਕ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੀ ਸਾਡਾ ਮੁੱਖ ਮਕਸਦ ਹੈ। ‘ਫੁੱਫੜ ਜੀ’ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ, ਜੋ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਬਣੇਗੀ। ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ ਇਹ ਫਿਲਮ ਇੱਕ ਪੀਰੀਅਡ ਫਿਲਮ ਹੈ, ਜੋ ਪੰਜਾਬੀ ਸਿਨੇਮਾ ਦੇ ਇਤਿਹਾਸ ਵਿਚ ਅਹਿਮ ਯੋਗਦਾਨ ਪਾਵੇੇਗੀ।
-ਸੁਰਜੀਤ ਜੱਸਲ