ਧਰਤੀ ਦੇ ਇਤਿਹਾਸ ਦਾ ਗਵਾਹ ਉਚਾ ਪਿੰਡ ਸੰਘੋਲ

ਜਤਿੰਦਰ ਮੌਹਰ
ਪੰਜਾਬ ਦਾ ਕਦੀਮੀ ਇਤਿਹਾਸ ਪੜ੍ਹਦਿਆਂ ਪਤਾ ਲਗਦਾ ਹੈ ਕਿ ਰੋਪੜ ਅਤੇ ਸੰਘੋਲ ਚੜ੍ਹਦੇ ਪੰਜਾਬ ਵਿਚ ਹੜੱਪਾ ਸੱਭਿਅਤਾ ਦੇ ਪਿਛਲੇ ਦੌਰ ਦੇ ਮੁੱਖ ਸ਼ਹਿਰ ਸਨ। ਸੰਘੋਲ ਚੰਡੀਗੜ੍ਹ-ਲੁਧਿਆਣਾ ਜਰਨੈਲੀ ਸੜਕ ਉਤੇ ਚੰਡੀਗੜ੍ਹ ਤੋਂ ਤਕਰੀਬਨ 40 ਕਿਲੋਮੀਟਰ ਅਤੇ ਲੁਧਿਆਣੇ ਤੋਂ 60 ਕਿਲੋਮੀਟਰ ਦੂਰ ਮੌਜੂਦ ਹੈ। ਇਹ ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਹਿੱਸਾ ਹੈ ਅਤੇ ਉੱਚਾ ਪਿੰਡ ਦੇ ਨਾਮ ਨਾਲ ਮਸ਼ਹੂਰ ਹੈ।

ਇਤਿਹਾਸ ਵਿਚ ਸੰਘੋਲ ਦੇ ਚਾਰ ਹਜ਼ਾਰ ਸਾਲ ਤੋਂ ਵੱਧ ਪੁਰਾਣਾ ਹੋਣ ਦੀ ਦੱਸ ਪੈਂਦੀ ਹੈ। ਰੋਪੜ ਤੋਂ ਸੰਘੋਲ ਦੀ ਦੂਰੀ ਤਕਰੀਬਨ 29 ਕਿਲੋਮੀਟਰ ਬਣਦੀ ਹੈ। ਰੋਪੜ ਸਤਲੁਜ ਦਰਿਆ ਦੇ ਕੰਢੇ ਉਤੇ ਹੈ। ਸਤਲੁਜ ਪੰਜਾਬ ਦਾ ਸਭ ਤੋਂ ਵੱਧ ਵਹਿਣ ਬਦਲਣ ਵਾਲਾ ਦਰਿਆ ਹੈ। ਮਾਲਵੇ ਦਾ ਸਾਰਾ ਖਿੱਤਾ ਸਤਲੁਜ ਅਤੇ ਇਹਦੀਆਂ ਧਾਰਾਵਾਂ ਨਾਲ ਸਿੰਜਿਆ ਜਾਂਦਾ ਸੀ। ਲੋਕ-ਰਵਾਇਤਾਂ ਮਾਲਵੇ ਨੂੰ ਸੌ ਧਾਰਾਵਾਂ ਦੀ ਧਰਤੀ ਹੋਣ ਦਾ ਮਾਣ ਦਿੰਦੀਆਂ ਹਨ। ਸਤਲੁਜ ਦਾ ਪੁਰਾਣਾ ਨਾਮ ਸਤਦਰੂ ਸੀ ਜਿਹਦਾ ਅਰਥ ‘ਸੌ ਧਾਰਾਵਾਂ ਵਿਚ ਵਗਣ ਵਾਲਾ` ਹੈ। ਤਾਜ਼ੀਆਂ ਖੋਜਾਂ ਮੁਤਾਬਕ ਘੱਗਰ-ਹਾਕੜਾ ਧਾਰਾ ਸਤਲੁਜ ਦਾ ਪੁਰਾਣਾ ਵਹਿਣ ਸੀ। ਤਕਰੀਬਨ ਅੱਠ ਹਜ਼ਾਰ ਸਾਲ ਪਹਿਲਾਂ ਸਤਲੁਜ ਦਰਿਆ ਨੇ ਵਹਿਣ ਬਦਲ ਲਿਆ ਅਤੇ ਲਗਾਤਾਰ ਪੱਛਮ ਵੱਲ ਵਹਿਣ ਬਦਲ ਰਿਹਾ ਹੈ। ਇਸੇ ਕੜੀ ਵਿਚ, ਕਿਸੇ ਸਮੇਂ ਸੰਘੋਲ ਦੇ ਸਤਲੁਜ ਜਾਂ ਇਹਦੀ ਧਾਰਾ ਦੇ ਕੰਢੇ ਵਸਣ ਦਾ ਹਵਾਲਾ ਆਮ ਮਿਲਦਾ ਹੈ ਪਰ ਹੁਣ ਸਤਲੁਜ ਸੰਘੋਲ ਤੋਂ ਵੀਹ ਕਿਲੋਮੀਟਰ ਪਰੇ ਵਗਦਾ ਹੈ। ਲੋਕ-ਰਵਾਇਤਾਂ ਮੁਤਾਬਕ ਰੋਪੜ ਤੋਂ ਸਤਲੁਜ ਦੀ ਧਾਰਾ ਵੱਖ ਹੋ ਕੇ ਚਮਕੌਰ ਸਾਹਿਬ, ਸੰਘੋਲ, ਖੇੜੀ ਨੌਧ ਸਿੰਘ, ਮੁੱਤੋਂ ਦੀ ਥੇਹ, ਮਾਨੂੰਪੁਰ, ਦਹੇੜੂ ਅਤੇ ਮੰਡਿਆਲਾ ਹੁੰਦੀ ਹੋਈ ਪਾਇਲ ਪਹੁੰਚਦੀ ਸੀ। ਇਸ ਧਾਰਾ ਨੂੰ ਮੁਕਾਮੀ ਲੋਕ ਬੁੱਢਾ ਦਰਿਆ ਕਹਿੰਦੇ ਸਨ।
ਸੰਘੋਲ ਨੂੰ ਢਾਹੇ ਦੇ ਇਲਾਕਾ ਵਿਚ ਗਿਣਿਆ ਜਾਂਦਾ ਹੈ। ਢਾਹੇ ਦਾ ਮਤਲਬ ਹੈ ਦਰਿਆ ਦਾ ਮੋਢਾ ਜਾਂ ਉਹ ਉਚਾ ਕੰਢਾ ਜਿਸ ਨੂੰ ਸਤਲੁਜ ਢਾਹ ਲਾਉਂਦਾ ਹੈ। ਦਰਿਆ ਦੇ ਬਿਲਕੁਲ ਨੇੜਲੇ ਇਲਾਕੇ ਨੂੰ ਬੇਟ ਜਾਂ ਨੀਵਾਂ ਕੰਢਾ (਼ੋੱਲਅਨਦ) ਕਿਹਾ ਜਾਂਦਾ ਹੈ। ਸਤਲੁਜ ਦਰਿਆ ਜਾਂ ਉਹਦੀਆਂ ਧਾਰਾਵਾਂ ਦੇ ਵਹਿਣ ਬਦਲਣ ਕਰਕੇ ਜੋ ਟਿੱਬੇ ਅਤੇ ਮੈਦਾਨ ਬਣੇ, ਉਹਨੂੰ ਢਾਹਾ ਕਹਿੰਦੇ ਹਨ। ਪੰਜਾਬੀ ਲੋਕਧਾਰਾ ਦੇ ਖੋਜੀ ਨਾਹਰ ਸਿੰਘ ਮੁਤਾਬਕ, ‘‘ਢਾਹਾ ਮਾਲਵੇ ਅਤੇ ਪੁਆਧ ਦੇ ਵਿਚਕਾਰ ਪੈਂਦੀ ਉਹ ਲੰਮੀ ਪੱਟੀ ਹੈ ਜਿਥੋਂ ਕਦੇ ਸਤਲੁਜ ਵਗਦਾ ਹੁੰਦਾ ਸੀ।“ ਇਹ ਪੱਟੀ ਪੁਆਧ ਨਾਲੋਂ ਮਾਲਵੇ ਨੂੰ ਵੱਖ ਕਰਦੀ ਹੈ। ਇਸੇ ਕਰਕੇ ਇਥੋਂ ਦੀ ਲੋਕ-ਬੋਲੀ ਵਿਚ ਦੋਵੇਂ ਖਿੱਤਿਆਂ ਦੀਆਂ ਬੋਲੀਆਂ ਦੇ ਸਾਂਝੇ ਸ਼ਬਦ ਮਿਲਦੇ ਹਨ। ਢਾਹੇ ਦੀ ਪਿੱਠ ਉਤੇ ਪੁਆਧ ਹੈ ਅਤੇ ਅੱਖਾਂ ਸਾਹਮਣੇ ਮਾਲਵਾ ਹੈ। ਸਤਲੁਜ ਅਤੇ ਇਹਦੀਆਂ ਧਾਰਾਵਾਂ ਇਸ ਖਿੱਤੇ ਨੂੰ ਸਿੰਜਦੀਆਂ ਰਹੀਆਂ ਹਨ ਜਿਸ ਕਰਕੇ ਇਹ ਖਿੱਤਾ ਲਗਾਤਾਰ ਹੜ੍ਹਾਂ ਦੀ ਮਾਰ ਹੇਠ ਰਿਹਾ ਹੈ। ਹੜ੍ਹਾਂ ਦੀ ਤਬਾਹੀ ਭਾਖੜਾ ਬੰਨ੍ਹ ਬਣਨ ਤੋਂ ਬਾਅਦ ਰੁਕ ਸਕੀ।
ਥੇਹ ਖੋਜੀ ਸਤਲੁਜ ਅਤੇ ਇਹਦੀਆਂ ਧਾਰਾਵਾਂ ਦੇ ਕੰਢੇ ਉਤੇ ਮੌਜੂਦ ਥਾਵਾਂ ਤੋਂ ਮਿਲੀਆਂ ਥੇਹਾਂ ਨੂੰ ਹੜੱਪਾ ਤਹਿਜ਼ੀਬ ਨਾਲ ਜੋੜਦੇ ਹਨ। ਸੰਘੋਲ ਤੋਂ ਉਤਰ ਵੱਲ ਬਾੜਾ, ਸਿੰਘ ਅਤੇ ਢੇਰ ਮਾਜਰਾ ਹੜੱਪਾ ਕਾਲ ਦੀਆਂ ਅਹਿਮ ਥਾਵਾਂ ਹਨ ਜੋ ਬੁੱਦਕੀ ਨਦੀ ਦੇ ਕੰਢੇ ਉਤੇ ਵਸੀਆਂ ਹਨ। ਕੁੱਬਾਹੇੜੀ ਦੀ ਥੇਹ ਉੱਤਰ-ਪੂਰਬ ਵਿਚ ਹੈ। ਸੰਘੋਲ ਦੇ ਦੱਖਣ ਵੱਲ ਪਿੰਡ ਖੇੜੀ ਨੌਧ ਸਿੰਘ, ਮੁੱਤੋਂ, ਡਡਹੇੜੀ, ਮਾਨੂੰਪੁਰ, ਦਹੇੜੂ ਤੇ ਮੰਡਿਆਲਾ ਦੀਆਂ ਢੇਹਾਂ ਮੌਜੂਦ ਹਨ ਅਤੇ ਪੱਛਮ ਵੱਲ ਰੁਪਾਲੋਂ ਦੀ ਥੇਹ ਮਿਲਦੀ ਹੈ। ਦੱਖਣ-ਪੂਰਬ ਵਿਚ ਛੱਤ-ਬਨੂੜ (ਘੱਗਰ ਦਰਿਆ ਦੇ ਨੇੜੇ) ਅਤੇ ਬਰਾਸ ਦੀਆਂ ਥੇਹਾਂ ਹਨ। ਬੁੱਢਾ ਦਰਿਆ ਬੁੱੱਢਾ ਨਾਲਾ ਬਣ ਚੁੱਕਿਆ ਹੈ ਜੋ ਪਲੀਤ ਪਾਣੀਆਂ ਦੇ ਨਾਲੇ ਵਜੋਂ ਬਦਨਾਮੀ ਖੱਟ ਰਿਹਾ ਹੈ। ਹੁਣ ਇਹ ਨਾਲਾ ਸੰਘੋਲ ਤੋਂ 18 ਕਿਲੋਮੀਟਰ ਦੂਰ ਵਗਦਾ ਹੈ।
ਪਾਣੀ ਵਸੀਲਿਆਂ ਦੇ ਮਹਿਕਮੇ ਅਤੇ ਰਿਮੋਟ ਸੈਂਸਸਿੰਗ ਕੇਂਦਰ ਲੁਧਿਆਣਾ ਦੇ ਖੋਜੀਆਂ ਨੇ ਪੰਜਾਬ ਦੀਆਂ ਕਦੀਮੀ ਧਾਰਾਵਾਂ ਦੇ ਨਕਸ਼ੇ ਖੋਜੇ ਹਨ। ਇਨ੍ਹਾਂ ਨਕਸ਼ਿਆਂ ਅਤੇ ਖੋਜਾਂ ਤੋਂ ਲੋਕ-ਰਵਾਇਤਾਂ ਦੇ ਸੱਚ ਹੋਣ ਦੀ ਪੁਸ਼ਟੀ ਹੁੰਦੀ ਹੈ। ਰਿਮੋਟ ਸੈਂਸਸਿੰਗ ਕੇਂਦਰ ਦੀ ਰਪਟ ਮੁਤਾਬਕ ਚਮਕੌਰ ਸਾਹਿਬ, ਸੰਘੋਲ, ਸੁਨੇਤ (ਲੁਧਿਆਣਾ) ਅਤੇ ਜਨੇਰ (ਮੋਗਾ) ਵਿਚ ਹੜ੍ਹਾਂ ਤੋਂ ਬਚਣ ਲਈ ਬਣੀਆਂ ਕੁਦਰਤੀ ਕੰਧਾਂ ਦੀ ਹੋਂਦ ਨੇ ਧਾਰਾਵਾਂ ਦੀ ਮੌਜੂਦਗੀ ਦੇ ਸਬੂਤ ਦਿੱਤੇ ਹਨ। ਸੰਘੋਲ ਨੇੜੇ ਖੂਹਾਂ ਦੀ ਖੁਦਾਈ ਸਮੇਂ ਦਰਿਆਈ ਬੇੜੀਆਂ ਦੀ ਰਹਿੰਦ-ਖੂੰਹਦ ਮਿਲੀ ਹੈ।
ਜਨੇਰ ਅਤੇ ਸੁਨੇਤ ਦੀਆਂ ਥੇਹਾਂ ਦਾ ਜ਼ਿਕਰ ਥੇਹ ਖੋਜੀ ਅਤੇ ਇਤਿਹਾਸਕਾਰ ਕਨਿੰਘਮ ਨੇ ਸੰਨ 1878-79 ਦੀ ਰਪਟ ਵਿਚ ਕੀਤਾ ਸੀ। ਕਨਿੰਘਮ ਦੀ ਰਪਟ ਵਿਚ ਸੰਘੋਲ ਦਾ ਨਾਮ ਨਹੀਂ ਸੀ ਪਰ ਸੰਨ 1968 ਤੋਂ ਬਾਅਦ ਸੰਘੋਲ ਇਤਿਹਾਸ ਦੇ ਅਹਿਮ ਮੁਕਾਮ ਵਜੋਂ ਉਭਰਿਆ। 1984-85 ਵਿਚ ਚੜ੍ਹਦਾ ਪੰਜਾਬ ਹਿੰਸਾ ਦੇ ਨਵੇਂ ਦੌਰ ਵਿਚ ਦਾਖਲ ਹੋ ਰਿਹਾ ਸੀ। ਉਸੇ ਸਮੇਂ ਥੇਹ ਖੋਜੀਆਂ ਨੇ ਸੰਘੋਲ ਅਤੇ ਪੰਜਾਬ ਦੇ ਕਦੀਮੀ ਇਤਿਹਾਸ ਦਾ ਖਜ਼ਾਨਾ ਕੁੱਲ ਆਲਮ ਸਾਹਮਣੇ ਖੋਲ੍ਹ ਦਿੱਤਾ। ਵੱਡਾ ਬੋਧੀ ਮੱਠ ਅਤੇ ਸਤੂਪ ਧਰਤੀ ਵਿਚੋਂ ਬਾਹਰ ਆ ਗਏ। ਹੜੱਪਾ ਕਾਲ, ਕੁਸ਼ਾਨ, ਗੁਪਤ ਅਤੇ ਮੁਗਲ ਸਾਮਰਾਜ ਦੀਆਂ ਨਿਸ਼ਾਨੀਆਂ ਸਤ੍ਹਾ ਉਤੇ ਦਿਖਾਈ ਦੇਣ ਲੱਗੀਆਂ।
ਕੁਸ਼ਾਨਾਂ ਦੇ ਸਮੇਂ ਸੰਘੋਲ ਰੇਸ਼ਮੀ ਰਾਹ (ਸਿਲਕ ਰੂਟ) ਦਾ ਅਹਿਮ ਪੜਾਅ ਸੀ। ਇਹ ਸ਼ਹਿਰ ਵਪਾਰੀਆਂ, ਤੀਰਥ ਯਾਤਰੀਆਂ, ਕਲਾਕਾਰਾਂ ਅਤੇ ਹੋਰ ਤਬਕੇ ਦੇ ਲੋਕਾਂ ਦੇ ਮੇਲ-ਮਿਲਾਪ ਦਾ ਕੇਂਦਰ ਸੀ। ਕਨਿਸ਼ਕ ਦੇ ਸਮੇਂ ਗੰਧਾਰ (ਮੌਜੂਦਾ ਪਾਕਿਸਤਾਨ-ਅਫਗਾਨਿਸਤਾਨ) ਤੋਂ ਮਥੁਰਾ ਦੇ ਵਿਚਕਾਰ ਸੰਘੋਲ ਖੁਸ਼ਹਾਲ ਅਤੇ ਸਭ ਤੋਂ ਵੱਡਾ ਮਹਾਂਨਗਰ (ਮੈਟਰੋ) ਸੀ। ਪੰਜਵੀਂ ਸਦੀ ਈਸਾ ਪੂਰਵ ਤੋਂ ਸੱਤਵੀਂ ਈਸਵੀ ਦੇ ਵਿਚਕਾਰ ਸੰਘੋਲ ਬੁੱਧ ਧਰਮ ਦਾ ਅਹਿਮ ਕੇਂਦਰ ਰਿਹਾ ਹੈ। ਗੁਪਤ ਸਾਮਰਾਜ ਦੇ ਸਮੇਂ ਸੰਘੋਲ ਨੂੰ ਮਹਾਜਨਪਦ ਕਿਹਾ ਜਾਂਦਾ ਸੀ। ਇਤਿਹਾਸ ਵਿਚ ਸੰਘੋਲ ਵੱਖਰੇ-ਵੱਖਰੇ ਨਾਵਾਂ ਨਾਲ ਮਸ਼ਹੂਰ ਹੈ ਜਿਨ੍ਹਾਂ ਵਿਚ ਸੰਗਲਾਦੀਪ, ਸਮਘਾਲਾ (ਬੋਧੀ ਸੰਘਾਂ ਦਾ ਘਰ), ਸੰਘੁਲ, ਸੰਘਪੁਰ, ਨੰਦੀਪੁਰਸ਼, ਨੰਦੀਪੁਰ ਅਤੇ ਸ਼ੇਤੋਤੂਲੋ (ਸਤਲੁਜ ਜਾਂ ਸਤਦੁਰੂ ਦਰਿਆ ਦਾ ਸ਼ਹਿਰ ਜਾਂ ਰਾਜਧਾਨੀ, ਚੀਨੀ ਨਾਮ) ਮੁੱਖ ਹਨ। ਯੂਨਾਨੀ ਸਾਹਿਤ ਵਿਚ ਪਟੋਲਮੀ ਤੇ ਪਲਿਨੀ ਨੇ ਸੰਘੋਲ ਨੂੰ ਸਲਗਿੱਸਾ ਕਿਹਾ ਹੈ ਅਤੇ ਪੰਜਾਬ ਦੇ ਯੂਨਾਨੀ-ਬੋਧੀ ਰਾਜੇ ਮਨਿੰਦਰ (ਮਿਲਿੰਦ) ਦੇ ਰਾਜ ਦੇ ਹਿੱਸੇ ਵਜੋਂ ਬਿਆਨ ਕੀਤਾ ਹੈ। ਬਹੁਤਾ ਸਮਾਂ ਬੁੱਧ ਧਰਮ ਸੰਘੋਲ ਦਾ ਮੁੱਖ ਧਰਮ ਰਿਹਾ ਹੈ ਅਤੇ ਬੁੱਧ ਧਰਮ ਦੀ ਚੜ੍ਹਤ ਤੋਂ ਮਹਿਮੂਦ ਗਜ਼ਨਵੀ ਦੇ ਹਮਲੇ ਤੱਕ ਸੰਘੋਲ ਨੇ ਚੜ੍ਹਦੀ-ਢਹਿੰਦੀ ਕਲਾ ਦੇਖੀ ਹੈ।
ਛੇਵੀਂ ਸਦੀ ਦੇ ਮੁੱਢ ਵਿਚ ਗੋਰੇ ਹੂਣਾਂ ਦੇ ਹਮਲਿਆਂ ਨੇ ਪੰਜਾਬ ਵਿਚ ਬੁੱਧ ਧਰਮ ਦੀ ਸਰਗਰਮੀ ਨੂੰ ਵੱਡਾ ਧੱਕਾ ਦਿੱਤਾ। ਤਕਸ਼ਿਲਾ (ਰਾਵਲਪਿੰਡੀ, ਪੰਜਾਬ, ਪਾਕਿਸਤਾਨ), ਸਾਕਲ (ਸਿਆਲਕੋਟ) ਅਤੇ ਜਲੰਧਰ ਵਿਚ ਬੋਧੀਆਂ ਦੇ ਕਤਲੇਆਮ ਅਤੇ ਮੱਠਾਂ ਦੀ ਤਬਾਹੀ ਦਾ ਜ਼ਿਕਰ ਮਿਲਦਾ ਹੈ। ਸੰਘੋਲ ਵੀ ਇਸ ਤਬਾਹੀ ਤੋਂ ਅਛੂਤਾ ਨਹੀਂ ਰਿਹਾ। ਸੱਤਵੀਂ ਸਦੀ ਦੇ ਮੁੱਢਲੇ ਸਾਲਾਂ ਵਿਚ ਪੰਜਾਬ ਆਉਣ ਵਾਲੇ ਚੀਨੀ ਘੁਮੱਕੜ ਹਿਊਨ ਸਾਂਗ ਨੇ ਸੰਘੋਲ ਦੀ ਦੁਰਦਸ਼ਾ ਬਾਰੇ ਲਿਖਿਆ ਹੈ ਕਿ ਗੋਰੇ ਹੂਣਾਂ ਦੇ ਹਮਲੇ ਤੋਂ ਬਾਅਦ ਸੰਘੋਲ ਬਰਬਾਦ ਅਤੇ ਵਿਰਲੀ ਆਬਾਦੀ ਵਾਲਾ ਸ਼ਹਿਰ ਹੈ।
ਯੂਨਾਨੀਆਂ, ਸ਼ੱਕਾਂ, ਹੂਣਾਂ, ਗੁਪਤ ਅਤੇ ਮੁਗਲ ਸਾਮਰਾਜਾਂ ਦੇ ਨਾਲ-ਨਾਲ ਸੰਘੋਲ ਮੁਕਾਮੀ ਗਣਰਾਜੀ ਕਬੀਲਿਆਂ ਦੇ ਅਸਰ ਹੇਠ ਵੀ ਰਿਹਾ। ਤਵਾਰੀਖ ਵਿਚ ਦਰਜ ਹੈ ਕਿ ਪੰਜਾਬ ਦੇ ਕਬੀਲੇ ਵਿਦੇਸ਼ੀ ਧਾੜਵੀਆਂ ਤੋਂ ਬਿਨਾ ਮੁਕਾਮੀ ਸਾਮਰਾਜਾਂ ਦੇ ਖਿਲਾਫ ਵੀ ਲੜਦੇ ਰਹੇ ਹਨ। ਉਨ੍ਹਾਂ ਨੇ ਯੂਨਾਨੀਆਂ, ਮੌਰੀਆ, ਕੁਸ਼ਾਨਾਂ, ਸੁੰਗ ਅਤੇ ਗੁਪਤ ਸਾਮਰਾਜ ਦਾ ਮੁਕਾਬਲਾ ਕੀਤਾ। ਜਦੋਂ ਹੀ ਇਹ ਸਾਮਰਾਜ ਕਮਜ਼ੋਰ ਹੋਏ ਤਾਂ ਪੰਜਾਬ ਦੇ ਮੁਕਾਮੀ ਕਬੀਲੇ ਮੁੜ ਖੜ੍ਹੇ ਹੋਏ ਅਤੇ ਆਪਣੀ ਹੋਂਦ ਜਤਾਉਂਦੇ ਰਹੇ। ਗਣਰਾਜੀ ਕਿਸਮ ਦੇ ਇਨ੍ਹਾਂ ਕਬੀਲਿਆਂ ਦਾ ਬੁੱਧ ਧਰਮ ਦੇ ਪਸਾਰ ਵਿਚ ਅਹਿਮ ਹਿੱਸਾ ਸੀ।
ਪੰਜਾਬ ਦੇ ਗਣਰਾਜੀ ਅਤੇ ਜਮਹੂਰੀ ਸੁਭਾਅ ਦੇ ਕਬੀਲਿਆਂ ਦੀ ਹੋਂਦ ਨੇ ਬ੍ਰਾਹਮਣਵਾਦੀ ਰਾਠਾਚਾਰੀ ਦੇ ਪਸਾਰ ਨੂੰ ਰੋਕੀ ਰੱਖਿਆ। ਇਸੇ ਕਰਕੇ ਬ੍ਰਾਹਮਣੀ ਸਾਹਿਤ ਇਨ੍ਹਾਂ ਕਬੀਲਿਆਂ ਦੀਆਂ ਸਰਗਰਮੀਆਂ ਬਾਰੇ ਚੁੱਪ ਰਿਹਾ। ਸਾਮਰਾਜਾਂ ਦੀ ਹੋਂਦ ਦੇ ਬਾਵਜੂਦ ਖੁਦਮੁਖਤਾਰ ਕਬੀਲਿਆਂ ਨੇ ਆਪਣੀ ਹੋਂਦ ਬਚਾਈ ਰੱਖੀ। ਇਨ੍ਹਾਂ ਮੁੱਖ ਕਬੀਲਿਆਂ ਵਿਚ ਤਰਿਗਰਤ, ਯੁਦਿਆ, ਉਦਾਮਬਰਾ, ਵਰਿਸ਼ਨੀ, ਮਾਲਵ, ਨਾਗ, ਮਦਰ, ਅੱਗਰਸ, ਅਰਜੱਨਿਅਸ, ਕੁਲੂਤ, ਕਸ਼ੂਸਦਰਕ, ਕੁਨਿੰਦਾ ਅਤੇ ਸਿਬੀ ਅਹਿਮ ਕਬੀਲੇ ਸਨ। ਇਨ੍ਹਾਂ ਵਿਚੋਂ ਤਰਿਗਰਤ, ਯੁੱਦਿਆ, ਉਦਾਮਬਰਾ ਅਤੇ ਕੁਨਿੰਦਾ ਸਭ ਤੋਂ ਵੱਧ ਫੈਲੇ ਹੋਏ ਅਤੇ ਤਾਕਤਵਰ ਕਬੀਲੇ ਰਹੇ। ਸੰਘੋਲ ਤੋਂ ਇਨ੍ਹਾਂ ਵਿਚੋਂ ਕਈ ਕਬੀਲਿਆਂ ਦੇ ਸਿੱਕੇ ਮਿਲੇ ਹਨ।
ਹਿਊਨ ਸਾਂਗ ਨੇ ਆਪਣੇ ਸਫਰਨਾਮੇ ਵਿਚ ਸਤਲੁਜ-ਮੁਲਕ ਦੀ ਰਾਜਧਾਨੀ ਦਾ ਜ਼ਿਕਰ ਕੀਤਾ ਹੈ ਜਿੱਥੇ ਦਸ ਬੋਧੀ ਮੱਠ (ਸੰਘਗ੍ਰਾਮ) ਅਤੇ ਕਈ ਬੋਧੀ ਸਤੂਪ ਮੌਜੂਦ ਸਨ। ਉਹਦੀ ਦਿੱਤੀ ਤਫਸੀਲ ਦੇ ਹਵਾਲੇ ਨਾਲ ਕਨਿੰਘਮ ਨੇ ਸਰਹਿੰਦ ਨੂੰ ਇਸ ਰਾਜਧਾਨੀ ਵਜੋਂ ਕਿਆਸ ਦਿੱਤਾ। ਸਰਹਿੰਦ ਸੰਘੋਲ ਤੋਂ ਤਕਰੀਬਨ 16 ਕਿਲੋਮੀਟਰ ਦੂਰ ਹੈ। ਸਰਹਿੰਦ ਤੋਂ ਮਿਲੇ ਬੋਧੀ ਕਲਾ ਦੀ ਨਕਾਸ਼ੀ ਦੇ ਨਮੂਨੇ ਨੇ ਕਨਿੰਘਮ ਦਾ ਯਕੀਨ ਪੁਖਤਾ ਕੀਤਾ। ਕਨਿੰਘਮ ਸਰਹਿੰਦ ਦੀ ਕਦੀਮੀ (ਪ੍ਰਾਚੀਨ) ਹੋਂਦ ਨੂੰ ਸਿੱਧ ਕਰਨ ਲਈ ਛੇਵੀਂ ਸਦੀ ਦੇ ਜੋਤਸ਼ੀ ਵਰਾਹਮਿਹਰ ਦਾ ਹਵਾਲਾ ਦਿੰਦਾ ਹੈ। ਵਰਾਹਮਿਹਰ ਕਿਤਾਬ ‘ਬਰਿਹਤ ਸੰਮਿਤਾ` ਵਿਚ ਲਿਖਦਾ ਹੈ ਕਿ ਇਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਸੈਰਿੰਦ ਕਿਹਾ ਜਾਂਦਾ ਸੀ। ਵਰਾਹਮਿਹਰ ਨੇ ਇਹ ਹਵਾਲਾ ਪਰਾਸ਼ਰ ਨਾਮ ਦੇ ਜੋਤਸ਼ੀ ਤੋਂ ਲਿਆ ਜੋ ਪਹਿਲੀ ਸਦੀ ਤੋਂ ਪਹਿਲਾਂ ਹੋਇਆ ਹੈ। ਪਰਾਸ਼ਰ ਨੇ ‘ਪਰਾਸ਼ਰ-ਤੰਤਰ’ ਨਾਮ ਦੀ ਕਿਤਾਬ ਲਿਖੀ ਸੀ। ਕਨਿੰਘਮ ਮੁਤਾਬਕ ਸਰਹਿੰਦ ਦਾ ਨਾਮ ਸੈਰਿੰਦ ਲੋਕਾਂ ਤੋਂ ਪਿਆ ਹੈ ਜੋ ਤਰਿਗਰਤ ਜਨਪਦ (ਜਲੰਧਰ) ਦਾ ਹਿੱਸਾ ਸੀ। ਦੂਜਾ ਹਵਾਲਾ ਮਹਿਮੂਦ ਗਜ਼ਨਵੀ ਦੇ ਆਉਣ ਤੋਂ ਬਾਅਦ ਦਾ ਹੈ। ਉਦੋਂ ਇਸ ਇਲਾਕੇ ਵਿਚ ਸੰਘਣਾ ਜੰਗਲ ਸੀ ਜਿਸ ਨੂੰ ਸੀਹਰਿੰਦ ਜਾਂ ਸ਼ੇਰਾਂ ਦਾ ਜੰਗਲ ਕਿਹਾ ਜਾਂਦਾ ਸੀ। ਸੀਹ ਮਤਲਬ ਸ਼ੇਰ, ਰਿੰਦ ਮਤਲਬ ਜੰਗਲ।
ਕਨਿੰਘਮ ਸਰਹਿੰਦ ਨੂੰ ਕਦੀਮੀ ਸ਼ਹਿਰ ਸਾਬਤ ਕਰਦਾ ਹੋਇਆ ਹਿਊਨ ਸਾਂਗ ਦੇ ਵੇਰਵੇ ਨਾਲ ਮਿਲਾ ਦਿੰਦਾ ਹੈ। ਇਹਦਾ ਹੋਰ ਅਹਿਮ ਕਾਰਨ ਹੈ। ਸਰਹਿੰਦ ਉਤੇ ਤਿੰਨ ਵਾਰ ਸੁਹਾਗਾ ਫੇਰਿਆ ਗਿਆ ਹੈ। ਪਹਿਲੀ ਵਾਰ ਜਦੋਂ ਇਹ ਸ਼ਹਿਰ ਹਿੰਦੂਸ਼ਾਹੀ ਦੀ ਫੌਜੀ-ਚੌਕੀ ਸੀ। ਮਹਿਮੂਦ ਗਜ਼ਨਵੀ ਨੇ ਸਰਹਿੰਦ ਤਬਾਹ ਕੀਤਾ ਸੀ। ਦੂਜੀ ਵਾਰ ਬਾਬਾ ਬੰਦਾ ਬਹਾਦਰ ਨੇ ਸਰਹਿੰਦ ਨੂੰ ਢੇਰੀ ਕੀਤਾ। ਤੀਜੀ ਵਾਰ 1763 ਈਸਵੀ ਵਿਚ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਿੱਖ ਦਲਾਂ ਨੇ ਸਰਹਿੰਦ ਨੂੰ ਗੋਲਾ-ਬਾਰੂਦ ਨਾਲ ਉਡਾਇਆ ਸੀ। ਉਨ੍ਹਾਂ ਨੇ ਬਹੁਤਾ ਸ਼ਹਿਰ ਖੰਡਰ ਕਰ ਦਿੱਤਾ। ਸਿੱਖ ਸਰਹਿੰਦ ਦੀਆਂ ਇੱਟਾਂ ਲਿਜਾ ਕੇ ਜਮਨਾ ਜਾਂ ਸਤਲੁਜ ਦੇ ਪਾਣੀਆਂ ਵਿਚ ਸੁੱਟਣਾ ਪਵਿੱਤਰ ਕਰਮ ਸਮਝਦੇ ਸਨ। ਇਹਦੇ ਖੰਡਰਾਂ ਨੂੰ ਦੇਖ ਕੇ ਉਨੀਵੀਂ ਸਦੀ ਵਿਚ ਇਥੋਂ ਲੰਘਣ ਵਾਲੇ ਫਰਾਂਸੀਸੀ ਯਾਤਰੂ ਨੇ ਕਿਹਾ ਸੀ, “ਇੰਨੇ ਵੱਡੇ ਖੰਡਰ ਮੈਂ ਦਿੱਲੀ ਤੋਂ ਬਾਅਦ ਸਿਰਫ ਇਸ ਸ਼ਹਿਰ ਵਿਚ ਦੇਖੇ ਹਨ ਜਿਹੜੇ ਪੰਦਰਾਂ ਸੁਕੇਅਰ ਕਿਲੋਮੀਟਰ ਵਿਚ ਫੈਲੇ ਹੋਏ ਹਨ।”
ਸੁਭਾਵਕ ਹੈ ਕਿ ਕਨਿੰਘਮ ਨੇ ਇਸ ਸ਼ਹਿਰ ਦੇ ਭਿਆਨਕ ਖੰਡਰ ਦੇਖੇ ਹੋਣਗੇ। ਉਹ ਸਰਹਿੰਦ ਦੇ ਖੰਡਰਾਂ ਵਿਚੋਂ ਹਿਊਨ ਸਾਂਗ ਦਾ ਸ਼ਹਿਰ ਲੱਭਦਾ ਰਿਹਾ। ਡਾਕਟਰ ਫੌਜਾ ਸਿੰਘ ਨੇ ਇਸੇ ਹਵਾਲੇ ਨੂੰ ਵਰਤਿਆ ਹੈ ਅਤੇ ਹਿਊਨਸਾਂਗ ਦੀ ਸਤਲੁਜ ਮੁਲਕ ਦੀ ਰਾਜਧਾਨੀ ਨੂੰ ਸਰਹਿੰਦ ਕਰਾਰ ਦਿੱਤਾ ਹੈ। ਬਹੁਤੇ ਇਤਿਹਾਸਕਾਰਾਂ ਮੁਤਾਬਕ ਹਿਊਨ ਸਾਂਗ ਸੰਘੋਲ ਦੀ ਗੱਲ ਕਰ ਰਿਹਾ ਸੀ। ਜਿੱਥੋਂ ਬੋਧੀ ਮੱਠ ਅਤੇ ਹੋਰ ਨਿਸ਼ਾਨੀਆਂ ਮਿਲੀਆਂ ਹਨ। ਸੰਘੋਲ ਦੇ ਮਹਾ-ਸਤੂਪ ਨੂੰ ਹਿਊਨ ਸਾਂਗ ਨੇ ਅਸ਼ੋਕ ਦੇ ਸਮਿਆਂ ਨਾਲ ਜੋੜਿਆ ਹੈ। ਮਹਾਤਮਾ ਬੁੱਧ ਦੇ ਵੇਲੇ ਤੋਂ ਹੀ ਬੁੱਧ ਧਰਮ ਦਾ ਵਿਚਾਰ ਅਤੇ ਫਲਸਫਾ ਪੰਜਾਬ ਤੱਕ ਪਹੁੰਚ ਚੁੱਕਿਆ ਸੀ। ਇਹ ਲਗਾਤਾਰ ਗਤੀ ਫੜਦਾ ਗਿਆ ਅਤੇ ਸਿਖਰ ਉੱਤੇ ਪਹੁੰਚਿਆ। ਮੌਰੀਆ ਕਾਲ ਵਿਚ ਬੁੱਧ ਧਰਮ ਸੰਘੋਲ ਵਿਚ ਜੜ੍ਹਾਂ ਜਮਾ ਚੁੱਕਿਆ ਸੀ। ਕਨਿੰਘਮ ਨੇ ਆਪਣੀ ਰਿਪੋਰਟ ਵਿਚ ਸੰਘੋਲ ਦਾ ਕਿਤੇ ਜ਼ਿਕਰ ਨਹੀਂ ਕੀਤਾ। ਉਸ ਵੇਲੇ ਸੰਘੋਲ ਦੀ ਖੁਦਾਈ ਹੋਣਾ ਤਾਂ ਦੂਰ ਦੀ ਗੱਲ ਸੀ। ਸੰਘੋਲ ਪਹਿਲੀ ਵਾਰ ਸੰਨ 1933 ਵਿਚ ਥੇਹ ਖੋਜੀ ਐਮ.ਐਸ. ਵਤਸ ਦੀ ਨਜ਼ਰ ਵਿਚ ਆਇਆ ਪਰ ਸੰਘੋਲ ਦੀ ਖੁਦਾਈ ਵਿਉਂਤਬੱਧ ਤਰੀਕੇ ਨਾਲ ਸੰਨ 1968 ਵਿਚ ਸ਼ੁਰੂ ਹੋੋ ਸਕੀ।
(ਹਵਾਲਿਆਂ ਲਈ ਵਰਤੇ ਗਏ ਖੋਜ ਪਰਚੇ, ਅਖਬਾਰੀ ਲੇਖ ਅਤੇ ਕਿਤਾਬਾਂ- ਅਰਧੇਂਦੂ ਰਾਏ: ਇੰਬੋਡੀਮੈਂਟ ਔਫ ਬਿਊਟੀ ਇਨ ਸਟੋਨ: ਏ ਸਰਵੇ ਔਫ ਸਟੋਨ ਸਕਲੱਪਚਰ ਫਰੌਮ ਸੰਘੋਲ; ਅਰਧੇਂਦੂ ਰਾਏ: ਜਿਓਗਰਾਫੀ ਔਫ ਅਰਲੀ ਹਿਸਟੌਰੀਕਲ ਪੰਜਾਬ; ਡਾਕਟਰ ਫੌਜਾ ਸਿੰਘ: ਸਰਹਿੰਦ ਥਰੂ ਏਜਜ਼; ਡਾਕਟਰ ਨਾਹਰ ਸਿੰਘ: ਕਾਲਿਆਂ ਹਰਨਾਂ ਰੋਹੀਏ ਫਿਰਨਾਂ; ਅਲੈਗਜ਼ੈਂਡਰ ਕਨਿੰਘਮ: ਦਿ ਏਂਸੀਇੰਟ ਜਿਓਗਰਾਫੀ ਔਫ ਇੰਡੀਆ-1871; ਅਲੈਗਜ਼ੈਂਡਰ ਕਨਿੰਘਮ: ਰਿਪੋਰਟ ਔਫ ਦਿ ਟੂਅਰ ਇਨ ਦਿ ਪੰਜਾਬ ਇਨ 1878-79; ਐਨੂਅਲ ਰਿਪੋਰਟਸ ਔਫ ਆਰਕੀਉਲੌਜੀਕਲ ਸਰਵੇ ਔਫ ਇੰਡੀਆ 15, ਕਲਕੱਤਾ-1882; ਜੀ.ਬੀ. ਸ਼ਰਮਾ: ਕੁਆਇਨਜ਼, ਸੀਲਜ਼ ਐਂਡ ਸੀਲਿੰਗਜ਼ ਫਰੌਮ ਸੰਘੋਲ-1986; ਪੰਜਾਬ ਰਿਮੋਟ ਸੈਂਸਸਿੰਗ ਕੇਂਦਰ ਲੁਧਿਆਣਾ ਦੀ ਰਪਟ; ਪੈਲੀਉਚੈਨਲਜ਼ ਔਫ ਨੌਰਥ-ਵੈਸਟ ਇੰਡੀਆ, ਰਿਵੀਊ ਐਂਡ ਅਸੈਸਮੈਂਟ-15 ਅਕਤੂਬਰ 2016, ਨਵੀਂ ਦਿੱਲੀ; ਵਰਾਹਮਿਹਰ: ਬਰਿਹਤ ਸੰਮਿਤਾ; ਪਰਾਸ਼ਰ: ਪਰਾਸ਼ਰ ਤੰਤਰ; ਸੁਭਾਸ਼ ਪਰਿਹਾਰ: ਮੈਮਰੀਜ਼ ਔਫ ਏ ਟਾਊਨ ਨੋਨ ਐਜ ਸਰਹਿੰਦ, ਦਿ ਟ੍ਰਿਬਿਊਨ-15 ਅਪਰੈਲ 2007; ਹਿਸਟਰੀ ਐਂਡ ਡਿਵੈਲਪਮੈਂਟ ਔਫ ਸੰਘੋਲ ਐਜ ਏ ਸੈਂਟਰ ਔਫ ਕੁਸ਼ਾਨ ਆਰਟ।)