ਫਿਲਮ ‘ਭਾਗ ਮਿਲਖਾ ਭਾਗ’ ਵਿਚ ਮਿਲਖਾ ਸਿੰਘ ਦੇ ਕੋਚ ਮਰਹੂਮ ਗੁਰਦੇਵ ਸਿੰਘ ਦਾ ਕਿਰਦਾਰ ਨਿਭਾਅ ਕੇ ਪਵਨ ਮਲਹੋਤਰਾ ਇਕ ਵਾਰ ਫਿਰ ਚਰਚਾ ਹੈ। ਪਵਨ ਅਜਿਹਾ ਕਲਾਕਾਰ ਹੈ ਜਿਹੜਾ ਹਰ ਹੀਲੇ ਰੋਲ ਹਾਸਲ ਕਰਨ ਦੀ ਦੌੜ ਵਿਚ ਨਹੀਂ ਪਿਆ। ਇਸੇ ਲਈ ਉਸ ਵੱਲੋਂ ਨਿਭਾਇਆ ਹਰ ਕਿਰਦਾਰ ਇਕ-ਦੂਜੇ ਤੋਂ ਵੱਖਰਾ ਹੁੰਦਾ ਹੈ ਅਤੇ ਸਭ ਕਿਰਦਾਰਾਂ ਦੀ ਵੱਖਰੀ ਪਛਾਣ ਹੁੰਦੀ ਹੈ। ਉਹ ਜਦੋਂ ਵੀ ਸਕਰੀਨ ਉਤੇ ਆਇਆ, ਆਪਣੀ ਨਿਆਰੀ ਛਾਪ ਛੱਡੀ। ਪਹਿਲੀ ਵਾਰ ਉਸ ਦੀ ਇਹ ਨਿਆਰੀ ਪਛਾਣ 1989 ਵਿਚ ਬਣੀ ਸੀ। ਉਸ ਸਾਲ ਉਸ ਦੀਆਂ ਦੋ ਫਿਲਮਾਂ ਆਈਆਂ ਸਨ ਜਿਸ ਵਿਚ ਉਸ ਦਾ ਲੀਡ ਰੋਲ ਸੀ। ਇਕ ਸੀ ਫਿਲਮਸਾਜ਼ ਬੁੱਧਦੇਵ ਦਾਸਗੁਪਤਾ ਦੀ ਫਿਲਮ ‘ਬਾਘ ਬਹਾਦਰ’ ਜਿਸ ਨੂੰ ਕੌਮੀ ਇਨਾਮ ਵੀ ਮਿਲਿਆ। ਦੂਜੀ ਫਿਲਮ ਫਿਲਮਸਾਜ਼ ਅਖਤਰ ਮਿਰਜ਼ਾ ਨੇ ਬਣਾਈ ਸੀ ‘ਸਲੀਮ ਲੰਗੜੇ ਪੇ ਮਤ ਰੋ’। ਇਨ੍ਹਾਂ ਦੋਹਾਂ ਫਿਲਮਾਂ ਨੇ ਉਸ ਦੀ ਗੁੱਡੀ ਚੜ੍ਹਾ ਦਿੱਤੀ। ਇਸ ਤੋਂ ਪਹਿਲਾਂ ਉਹ ਟੈਲੀਵਿਜ਼ਨ ਉਤੇ ਆਪਣੀ ਪੈਂਠ ਬਣਾ ਚੁੱਕਾ ਸੀ, ਪਰ ਇਹ ਸਫਲਤਾ ਪਵਨ ਦੇ ਸਿਰ ਨੂੰ ਨਹੀਂ ਚੜ੍ਹੀ। ਉਹ ਸਦਾ ਹੀ ਧਰਤੀ ਉਤੇ ਰਿਹਾ ਅਤੇ ਆਮ ਲੋਕਾਂ ਨਾਲ ਜੁੜਿਆ ਰਿਹਾ। ‘ਭਾਗ ਮਿਲਖਾ ਭਾਗ’ ਕਰਦਿਆਂ ਉਹ ਮਿਲਖਾ ਸਿੰਘ ਦੇ ਜੀਵਨ ਸੰਘਰਸ਼ ਤੋਂ ਬਹੁਤ ਮੁਤਾਸਰ ਹੋਇਆ। ਹੁਣ ਵਾਲੀ ਪੁਜ਼ੀਸ਼ਨ ਤਕ ਅਪੜਨ ਲਈ ਪਵਨ ਨੇ ਖੁਦ ਵੀ ਬੜਾ ਸੰਘਰਸ਼ ਕੀਤਾ ਹੈ। ਦਿੱਲੀ ਯੂਨੀਵਰਸਿਟੀ ਤੋਂ ਆਰਟਸ ਦੀ ਗਰੈਜੂਏਸ਼ਨ ਕਰਨ ਤੋਂ ਬਾਅਦ ਉਹ 1984 ਵਿਚ ‘ਯੇ ਜੋ ਹੈ ਜ਼ਿੰਦਗੀ’ ਸੀਰੀਅਲ ਨਾਲ ਟੈਲੀਵਿਜ਼ਨ ਵੱਲ ਮੁੜਿਆ। 1986 ਵਿਚ ਉਸ ਨੂੰ ਸਈਦ ਅਖਤਰ ਮਿਰਜ਼ਾ ਦੇ ਸੀਰੀਅਲ ‘ਨੁੱਕੜ’ ਵਿਚ ਕੰਮ ਮਿਲਿਆ। ਇਸ ਤੋਂ ਬਾਅਦ ਉਸ ਨੇ ਮੁੜ ਪਿਛਾਂਹ ਨਹੀਂ ਦੇਖਿਆ। ਪੰਕਜ ਪ੍ਰਾਸ਼ਰ ਦੀ ਫਿਲਮ ‘ਅਬ ਆਏਗਾ ਮਜ਼ਾ’ ਉਹਦੀ ਪਹਿਲੀ ਫਿਲਮ ਸੀ। ਫਿਰ ਤਾਂ ਚੱਲ ਸੋ ਚੱਲ। ਪਵਨ ਕਦੀ ਕੰਮ ਪਿਛੇ ਭੱਜਣਾ ਨਹੀਂ ਪਿਆ। ਕੰਮ ਉਸ ਕੋਲ ਖੁਦ-ਬਖੁਦ ਚਲਿਆ ਆਉਂਦਾ ਹੈ।
_______________________________
ਅੰਮੀ ਵਾਲੀ ਫਿਲਮ
ਪਹਿਲੀ ਵਾਰ ਫਿਲਮੀ ਦੁਨੀਆਂ ਵਿਚ ਪੈਰ ਧਰ ਰਹੇ ਤਨੁਜ ਵਰਮਾਨੀ ਦੀ ਫਿਲਮ ‘ਲਵ ਯੂ ਸੋਹਣਿਓ’ ਆਪਣੀ ਮਾਂ ਰਤੀ ਅਗਨੀਹੋਤਰੀ ਦੀ 1981 ਵਿਚ ਹਿੱਟ ਹੋਈ ਫਿਲਮ ‘ਏਕ ਦੂਜੇ ਕੇ ਲੀਏ’ ਨਾਲ ਮਿਲਦੀ-ਜੁਲਦੀ ਹੈ। ਦੋਵੇਂ ਫਿਲਮਾਂ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਪ੍ਰੇਮੀਆਂ ਨਾਲ ਜੁੜੀਆਂ ਹੋਈਆਂ ਹਨ। ‘ਏਕ ਦੂਜੇ ਕੇ ਲੀਏ’ ਫਿਲਮ ਵਿਚ ਰਤੀ ਅਗਨੀਹੋਤਰੀ ਨੇ ਉਤਰੀ ਭਾਰਤ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਫਿਲਮ ਦੇ ਹੀਰੋ ਕਮਲ ਹਾਸਨ ਦਾ ਕਿਰਦਾਰ ਤਾਮਿਲ ਸੀ। ਇਹ ਫਿਲਮ ਵਾਹਵਾ ਹਿੱਟ ਹੋਈ ਸੀ ਅਤੇ ਕਮਲ ਦੀ ਇਹ ਪਹਿਲੀ ਫਿਲਮ ਸੀ। ਹੁਣ ‘ਲਵ ਯੂ ਸੋਹਣਿਓ’ ਦੇ ਡਾਇਰੈਕਟਰ ਜੋਅ ਰਾਜਨ ਨੇ ਤਨੁਜ ਵਰਮਾਨੀ ਅਤੇ ਨੇਹਾ ਹਿੰਗੇ ਨੂੰ ਨਾਲ ਲੈ ਕੇ ਫਿਲਮ ਬਣਾ ਕੇ ਇਤਿਹਾਸ ਦੁਹਰਾਉਣ ਦਾ ਯਤਨ ਕੀਤਾ ਹੈ। ਇਸ ਫਿਲਮ ਵਿਚ ਨੇਹਾ ਪੰਜਾਬੀ ਮੁਟਿਆਰ ਬਣੀ ਹੈ ਅਤੇ ਤਨੁਜ ਨੇ ਕੈਥਲਿਕ ਨੌਜਵਾਨ ਮਾਰਕ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ 27 ਸਾਲਾ ਹੀਰੋਇਨ ਨੇਹਾ ਹਿੰਗੇ 2010 ਵਿਚ ਮਿਸ ਇੰਟਰਨੈਸ਼ਲ ਦਾ ਖਿਤਾਬ ਜਿੱਤ ਚੁੱਕੀ ਹੈ। ਉਹ ਅਚਾਨਕ ਫਿਲਮਾਂ ਵੱਲ ਆਈ। ਇਹ ਖਿਤਾਬ ਜਿੱਤ ਪਿੱਛੋਂ ਫਿਲਮਸਾਜ਼ ਮਧੁਰ ਭੰਡਾਰਕਰ ਨੇ ਉਸ ਦੀ ਸਿਫਾਰਸ਼ ਜੋਅ ਰਾਜਨ ਕੋਲ ਕਰ ਦਿੱਤੀ। ਜੋਅ ਨੇ ਸੰਪਰਕ ਕੀਤਾ ਤਾਂ ਨੇਹਾ ਨੇ ਸੋਚਿਆ ਕਿ ਫਿਲਮੀ ਦੁਨੀਆਂ ਦਾ ਅੰਤ ਵੀ ਦੇਖ ਲਿਆ ਜਾਵੇ। ਉਂਜ ਵੀ ਉਸ ਨੂੰ ਫਿਲਮ ਨਿਰਮਾਣ ਦਾ ਕੰਮ-ਕਾਰ ਬਹੁਤ ਪ੍ਰਭਾਵਤ ਕਰਦਾ ਹੈ। ਉਂਜ, ਨੇਹਾ ਸੌਫਟ ਇੰਜੀਨੀਅਰ ਹੈ। ਫਿਲਮ ਵਿਚ ਪੰਜਾਬੀ ਕੁੜੀ ਦਾ ਕਿਰਦਾਰ ਨਿਭਾਅ ਕੇ ਨੇਹਾ ਬਹੁਤ ਖੁਸ਼ ਹੈ।
Leave a Reply