ਕਰੋਨਾ ਦੀ ਦੂਜੀ ਲਹਿਰ ਪਿੱਛੋਂ ਹੁਣ ਡੈਲਟਾ ਰੂਪ ਭਾਰਤ ਲਈ ਚੁਣੌਤੀ ਬਣਿਆ

ਸੰਯੁਕਤ ਰਾਸ਼ਟਰ: ਕਰੋਨਾ ਦੀ ਦੂਜੀ ਲਹਿਰ ਦੇ ਮੱਠੀ ਪੈਣ ਤੋਂ ਬਾਅਦ ਭਾਰਤ ਨੂੰ ਇਕ ਹੋਰ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਪੈ ਸਕਦਾ ਹੈ। ਕਰੋਨਾ ਦੇ ਨਵੇਂ ਰੂਪ ਡੈਲਟਾ ਪਲੱਸ ਨੇ ਭਾਰਤ `ਚ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।

ਵਿਸ਼ਵ ਸਿਹਤ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਕੋਵਿਡ-19 ਦੀ ਸਭ ਤੋਂ ਵੱਧ ਛੇਤੀ ਫੈਲਣ ਵਾਲੀ ਕਿਸਮ ਡੈਲਟਾ ਦੇ ਹੋਰ ਰੂਪਾਂ ਦੇ ਮੁਕਾਬਲੇ ਹਾਵੀ ਹੋਣ ਦੀ ਸੰਭਾਵਨਾ ਹੈ। ਵਿਸ਼ਵ ਸਿਹਤ ਸੰਸਥਾ ਦੀ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਆਈ ਹੈ ਜਦੋਂ 85 ਦੇਸ਼ਾਂ ‘ਚ ਵਾਇਰਸ ਦੇ ਇਸ ਰੂਪ ਦੇ ਮਿਲਣ ਦੀ ਪੁਸ਼ਟੀ ਹੋਈ ਹੈ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਵੀ ਇਸ ਨਵੇਂ ਰੂਪ ਦੇ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਹਨ।
ਡਬਲਿਊ.ਐਚ.ਓ. ਵੱਲੋਂ 22 ਜੂਨ ਨੂੰ ਜਾਰੀ ਕੋਵਿਡ-19 ਹਫਤਾਵਾਰੀ ਮਹਾਮਾਰੀ ਵਿਗਿਆਨ ਅਪਡੇਟ ਵਿਚ ਕਿਹਾ ਗਿਆ ਹੈ ਕਿ ਵਾਇਰਸ ਦਾ ਵਿਸ਼ਵ ਪੱਧਰੀ ਅਲਫਾ ਰੂਪ 170 ਦੇਸ਼ਾਂ, ਖੇਤਰਾਂ ਜਾਂ ਇਲਾਕਿਆਂ ਵਿਚ ਮਿਲਿਆ ਹੈ। ਬੀਟਾ ਰੂਪ 119 ਦੇਸ਼ਾਂ ‘ਚ, ਗਾਮਾ ਰੂਪ 71 ਦੇਸ਼ਾਂ ਅਤੇ ਡੈਲਟਾ ਰੂਪ ਦਾ 85 ਦੇਸ਼ਾਂ ਵਿਚ ਹੋਣ ਦਾ ਪਤਾ ਲੱਗਿਆ ਹੈ। ਅਪਡੇਟ ਵਿਚ ਕਿਹਾ ਗਿਆ, ‘ਡੈਲਟਾ, ਦੁਨੀਆਂ ਭਰ ਦੇ 85 ਦੇਸ਼ਾਂ ਵਿਚ ਮਿਲਿਆ ਹੈ। ਡਬਲਿਊ. ਐਚ. ਓ. ਅਧੀਨ ਸਾਰੇ ਖੇਤਰਾਂ ਦੇ ਹੋਰ ਦੇਸ਼ਾਂ ਵਿਚ ਵੀ ਇਸ ਦੇ ਮਾਮਲੇ ਸਾਹਮਣੇ ਆਉਣ ਦਾ ਰੁਝਾਨ ਜਾਰੀ ਹੈ, ਜਿਨ੍ਹਾਂ ਵਿਚੋਂ 11 ਖੇਤਰਾਂ ‘ਚ ਇਹ ਪਿਛਲੇ ਦੋ ਹਫਤਿਆਂ ‘ਚ ਸਾਹਮਣੇ ਆਏ।”
ਡਬਲਿਊ.ਐਚ.ਓ. ਨੇ ਕਿਹਾ ਕਿ ਚਾਰ ਮੌਜੂਦਾ ‘ਚਿੰਤਾ ਵਾਲੇ ਰੂਪਾਂ`- ਅਲਫਾ, ਬੀਟਾ, ਗਾਮਾ ਤੇ ਡੈਲਟਾ `ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਜੋ ਵੱਡੀ ਪੱਧਰ `ਤੇ ਫੈਲੇ ਹੋਏ ਹਨ ਅਤੇ ਡਬਲਿਊ.ਐਚ.ਓ. ਅਧੀਨ ਆਉਣ ਵਾਲੇ ਸਾਰੇ ਖੇਤਰਾਂ ਵਿਚ ਉਨ੍ਹਾਂ ਦਾ ਪਤਾ ਲੱਗਿਆ ਹੈ।
ਇਸ ਨੇ ਕਿਹਾ, ‘’ਡੈਲਟਾ ਰੂਪ, ਅਲਫਾ ਨਾਲੋਂ ਕਿਤੇ ਵੱਧ ਛੇਤੀ ਫੈਲਣ ਵਾਲਾ ਹੈ ਅਤੇ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਇਸ ਦੇ ਵਧੇਰੇ ਹਾਵੀ ਹੋਣ ਦੀ ਸੰਭਾਵਨਾ ਹੈ।“ ਅਪਡੇਟ ਵਿਚ ਦੱਸਿਆ ਗਿਆ ਕਿ ਪਿਛਲੇ ਹਫਤੇ (14 ਜੂਨ ਤੋਂ 20 ਜੂਨ) ਕੋਵਿਡ ਦੇ ਸਭ ਤੋਂ ਵੱਧ 4,41,976 ਨਵੇਂ ਮਾਮਲੇ ਸਾਹਮਣੇ ਆਏ। ਇਹ ਉਸ ਨਾਲੋਂ ਪਿਛਲੇ ਹਫਤੇ ਦੇ ਮੁਕਾਬਲੇ 30 ਫੀਸਦ ਘੱਟ ਹਨ। ਮੌਤ ਦੇ ਸਭ ਤੋਂ ਵੱਧ ਮਾਮਲੇ ਵੀ ਭਾਰਤ `ਚੋਂ ਹੀ ਸਾਹਮਣੇ ਆਏ ਹਨ।
ਉਥੇ ਹੀ ਜਾਪਾਨ ਦੇ ਇਕ ਅਧਿਐਨ ਵਿਚ ਵੀ ਪਾਇਆ ਗਿਆ ਹੈ ਕਿ ਡੈਲਟਾ ਰੂਪ ਅਲਫਾ ਰੂਪ ਦੇ ਮੁਕਾਬਲੇ ਵਧੇਰੇ ਫੈਲਣ ਵਾਲੀ ਕਿਸਮ ਹੈ। ਟੀਕੇ ਦੀ ਦੂਜੀ ਖੁਰਾਕ ਲੈਣ ਦੇ 14 ਦਿਨਾਂ ਬਾਅਦ ਡੈਲਟਾ ਤੇ ਅਲਫਾ ਰੂਪਾਂ ਕਾਰਨ ਹਸਪਤਾਲ ਵਿਚ ਭਰਤੀ ਹੋਣ ਦੀ ਸਥਿਤੀ ਪੇਸ਼ ਨਾ ਆਏ, ਇਸ ਲਈ ਫਾਇਜਰ ਤੇ ਬਾਇਓਐਨਟੈੱਕ-ਕੋਮਿਰਨੇਟੀ ਦੀ ਪ੍ਰਭਾਵ ਸਮਰੱਥਾ 96 ਫੀਸਦ ਤੇ 95 ਫੀਸਦ ਤੇ ਐਸਟ੍ਰਾਜੈਨੇਕਾ-ਵੈਕਸਜੈਵਰੀਆ ਦੀ ਕ੍ਰਮਵਾਰ ਪ੍ਰਭਾਵ ਸਮਰੱਥਾ ਕ੍ਰਮਵਾਰ 92 ਫੀਸਦ ਤੇ 86 ਫੀਸਦ ਦੇਖੀ ਗਈ ਹੈ। ਟੀਕੇ ਦੀ ਇਕ ਖੁਰਾਕ ਲੈਣ ਦੇ 21 ਦਿਨਾਂ ਬਾਅਦ ਵੀ ਇਨ੍ਹਾਂ ਟੀਕਿਆਂ ਦੀ ਡੈਲਟਾ ਤੇ ਅਲਫਾ ਰੂਪਾਂ ਖਿਲਾਫ ਪ੍ਰਭਾਵ ਸਮਰੱਥਾ 94 ਫੀਸਦ ਤੇ 83 ਫੀਸਦ ਦੇਖੀ ਗਈ ਹੈ।
ਮਹਾਰਾਸ਼ਟਰ ‘ਚ ਸਖਤ ਪਾਬੰਦੀਆਂ: ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦੇ ਖਦਸ਼ੇ ਅਤੇ ਮਹਾਰਾਸ਼ਟਰ ਵਿਚ ਵਾਇਰਸ ਦੇ ‘ਡੈਲਟਾ ਪਲੱਸ‘ ਵੈਰੀਐਂਟ ਦੇ ਕਈ ਮਾਮਲੇ ਸਾਹਮਣੇ ਆਉਣ ਬਾਅਦ ਸੂਬਾ ਸਰਕਾਰ ਨੇ ਕਰੋਨਾ ਨੂੰ ਫੈਲਣੋਂ ਰੋਕਣ ਲਈ ਪਾਬੰਦੀਆਂ ਸਖਤ ਕਰ ਦਿੱਤੀਆਂ ਹਨ। ਮਹਾਰਾਸ਼ਟਰ ਸਰਕਾਰ ਵੱਲੋਂ ਬੀਤੇ ਹਫਤੇ ਜਾਰੀ ਨੋਟੀਫਿਕੇਸ਼ਨ ਅਨੁਸਾਰ, ਜਰੂਰੀ ਵਸਤਾਂ ਦੀਆਂ ਦੁਕਾਨਾਂ ਰੋਜ਼ਾਨਾ ਸ਼ਾਮ ਚਾਰ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਹੁਕਮਾਂ ਅਨੁਸਾਰ ਰੈਸਤਰਾਂ ਹਫਤੇ ਦੇ ਦਿਨਾਂ ਵਿਚ ਸ਼ਾਮ 4 ਵਜੇ ਤੱਕ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਹੈ। ਇਸ ਤੋਂ ਬਾਅਦ ਪੈਕਡ ਖਾਣਾ ਤੇ ਹੋਮਡਿਲਿਵਰੀ ਕੀਤੀ ਜਾ ਸਕਦੀ ਹੈ।
_________________________________________
ਪੰਜਾਬ ਵਿਚ ਡੈਲਟਾ ਪਲੱਸ ਬਾਰੇ ਚੌਕਸੀ ਦੇ ਹੁਕਮ
ਚੰਡੀਗੜ੍ਹ: ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਸੂਬੇ ਵਿਚ ਡੈਲਟਾ ਪਲੱਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਡੈਲਟਾ ਪਲੱਸ ‘ਤੇ ਕਾਬੂ ਪਾਉਣ ਲਈ ਨਿਗਰਾਨੀ ਵਧਾਉਣ ਤੋਂ ਇਲਾਵਾ ਵੱਡੇ ਪੱਧਰ ‘ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਨੂੰ ਯਕੀਨੀ ਬਣਾਉਣ ਵਾਸਤੇ ਸਰਕਾਰੀ ਅਮਲੇ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਸਕੱਤਰ ਨੇ ਇਥੇ ਕੋਵਿਡ ਰਿਸਪਾਂਸ ਗਰੁੱਪ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੂਬੇ ਵਿਚ ਡੈਲਟਾ ਪਲੱਸ ਵੇਰੀਐਂਟ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਸਰੂਪ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਨਿਗਰਾਨੀ ਵਧਾਉਣ ਅਤੇ ਵੱਡੇ ਪੱਧਰ ‘ਤੇ ਸੰਪਰਕ ਟਰੇਸਿੰਗ ਤੇ ਟੈਸਟਿੰਗ ਕਰਨ ਦਾ ਫੈਸਲਾ ਲਿਆ ਗਿਆ ਹੈ।
__________________________________________
ਫੇਫੜਿਆਂ ‘ਤੇ ਵਧੇਰੇ ਪ੍ਰਭਾਵ ਪਾਵੇਗਾ ਡੈਲਟਾ ਪਲੱਸ
ਨਵੀਂ ਦਿੱਲੀ: ਕਰੋਨਾ ਦੇ ਡੈਲਟਾ ਪਲੱਸ ਰੂਪ ਦੇ ਬਹੁਤ ਖਤਰਨਾਕ ਹੋਣ ਦੀਆਂ ਖਬਰਾਂ ਦਰਮਿਆਨ ਕੇਂਦਰ ਨੇ ਕਿਹਾ ਹੈ ਕਿ ਕਰੋਨਾ ਦੀ ਇਸ ਨਵੀਂ ਕਿਸਮ ਦਾ ਬਾਕੀਆਂ ਕਿਸਮਾਂ ਦੇ ਮੁਕਾਬਲੇ ਫੇਫੜਿਆਂ `ਤੇ ਵੱਧ ਪ੍ਰਭਾਵ ਪੈ ਸਕਦਾ ਹੈ, ਇਸ ਨਾਲ ਨਿਮੋਨੀਆ ਤੇ ਅੱਖਾਂ ‘ਚ ਸੋਜਸ਼ ਪੈਣ ਦਾ ਵਧੇਰੇ ਖਤਰਾ ਹੈ। ਮਾਹਿਰਾਂ ਨੇ ਇਹ ਵੀ ਕਿਹਾ ਕਿ ਵਾਇਰਸ ਦੀ ਮਿਊਟੇਸ਼ਨ ‘ਚ ਇਹ ਜਰੂਰੀ ਨਹੀਂ ਹੈ ਕਿ ਵਾਇਰਸ ਖਤਰਨਾਕ ਰੂਪ ਹੀ ਪਾਵੇ, ਇਹ ਕਮਜ਼ੋਰ ਵੀ ਪੈ ਸਕਦਾ ਹੈ। ਸਿਹਤ ਮਾਹਿਰਾਂ ਵੱਲੋਂ ਇਹ ਚਿਤਾਵਨੀ ਉਸ ਵੇਲੇ ਆਈ ਹੈ ਜਦੋਂ ਭਾਰਤ ਸਰਕਾਰ ਵੱਲੋਂ ਇਸ ਨੂੰ ਚਿੰਤਾ ਦਾ ਕਾਰਨ ਕਰਾਰ ਦਿੱਤਾ ਗਿਆ ਹੈ।
ਡੈਲਟਾ ਪਲੱਸ ਰੂਪ ਹਾਲੇ ਤੱਕ ਦੇਸ਼ ਦੇ 12 ਰਾਜਾਂ ‘ਚ ਪਹੁੰਚ ਗਿਆ ਹੈ ਤੇ ਇਸ ਦੇ 51 ਮਾਮਲੇ ਆਏ ਹਨ। ਪੰਜਾਬ ‘ਚ ਡੈਲਟਾ ਪਲੱਸ ਦੇ 2 ਕੇਸਾਂ ਤੋਂ ਇਲਾਵਾ ਇਹ ਹੋਰ ਵੀ ਕਈ ਰਾਜਾਂ ‘ਚ ਪਾਇਆ ਗਿਆ ਹੈ, ਜਿਸ ‘ਚ ਸਭ ਤੋਂ ਵੱਧ 22 ਮਾਮਲੇ ਮਹਾਰਾਸ਼ਟਰ ‘ਚ ਆਏ ਹਨ, ਜਦਕਿ ਮੱਧ ਪ੍ਰਦੇਸ਼ ‘ਚ 2 ਅਤੇ ਮਹਾਰਾਸ਼ਟਰ ਅਤੇ ਤਾਮਿਲਨਾਡੂ ‘ਚ 1-1 ਵਿਅਕਤੀ ਦੀ ਮੌਤ ਹੋ ਚੁੱਕੀ ਹੈ।