ਕਿਸਾਨਾਂ ਨੂੰ ਆਪਸ ‘ਚ ਉਲਝਾਉਣ ਦੀ ਰਣਨੀਤੀ ਉਤੇ ਚੱਲ ਰਹੀ ਹੈ ਖੱਟਰ ਸਰਕਾਰ

ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਕਿਸਾਨਾਂ ਦੇ ਵੱਧ ਰਹੇ ਵਿਰੋਧ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੇਂਦਰ ਸਰਕਾਰ ਦੀਆਂ ਅਸਫਲ ਚਾਲਾਂ ਨੂੰ ਹੀ ਦੁਹਰਾ ਰਹੇ ਹਨ। ਸੂਬਾ ਸਰਕਾਰ ਵੱਲੋਂ ਕੁਝ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਹਮਾਇਤੀਆਂ ਵਜੋਂ ਵਿਖਾਉਂਦਿਆਂ ਦਲੀਲ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਜਿਨ੍ਹਾਂ ਲੋਕਾਂ ਨੂੰ ਨਵੇਂ ਕਾਨੂੰਨਾਂ ਦੀ ਹਮਾਇਤੀ ਦੱਸ ਰਹੀ ਹੈ,

ਉਹ ਖੁਦ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਹਨ, ਜਾਂ ਉਹ ਲੋਕ ਹਨ ਜਿਨ੍ਹਾਂ ਦਾ ਅਸਲ ਜ਼ਮੀਨੀ ਆਧਾਰ ਨਹੀਂ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਕੁਝ ਅਜਿਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ 3 ਕੇਂਦਰੀ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਦੌਰਾਨ ਮੁੱਖ ਮੰਤਰੀ ਇਸ ਗੱਲ ਨੂੰ ਅਣਗੌਲਿਆ ਕਰ ਗਏ ਕਿ ਲੱਖਾਂ ਹੋਰ ਕਿਸਾਨ ਹੁਣ ਪਹਿਲਾਂ ਨਾਲੋਂ ਖੇਤੀ ਕਾਨੂੰਨਾਂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਜਾਣੂ ਹਨ। ਉਨ੍ਹਾਂ ਕਿਹਾ ਕਿ ਲੋਕ ਸੰਯੁਕਤ ਕਿਸਾਨ ਮੋਰਚੇ ਦੇ ਯਤਨਾਂ ਸਦਕਾ ਹੀ ਕਾਨੂੰਨਾਂ ਦੇ ਸੱਚ ਬਾਰੇ ਜਾਣੂ ਹੋਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਖੇਤੀਬਾੜੀ ਵਿਚ ਕੁਝ ਅਖੌਤੀ ‘ਸੁਧਾਰਾਂ` ਦੀ ਹਮਾਇਤ ਕਰਦੇ ਵੀ ਹਨ, ਉਹ ਵੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਅੰਦੋਲਨ ਦੀ ਵਧ ਰਹੀ ਤਾਕਤ ਵੇਖਦਿਆਂ ਹਰਿਆਣਾ ਸਰਕਾਰ ਨੇ ਇਕ ਹੋਰ ਚਾਲ ਚੱਲੀ ਹੈ। ਅੰਦੋਲਨ ਨੂੰ ਕਮਜ਼ੋਰ ਕਰਨ ਦੇ ਮੰਤਵ ਨਾਲ ਕਿਸਾਨ ਹਮਾਇਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੁਰੂਕਸ਼ੇਤਰ ਤੇ ਸੋਨੀਪਤ ਦੇ ਸਿੰਘੂ/ਕੁੰਡਲੀ ਬਾਰਡਰ `ਤੇ ‘ਗੋਲਡਨ-ਹੱਟ` ਢਾਬਾ ਚਲਾਉਣ ਵਾਲੇ ਕਿਸਾਨ ਅੰਦੋਲਨ ਦੇ ਕੱਟੜ ਸਮਰਥਕ ਰਾਮ ਸਿੰਘ ਰਾਣਾ ਹੁਣ ਪ੍ਰਸ਼ਾਸਨ ਤੋਂ ਪਰੇਸ਼ਾਨ ਹਨ। ਪ੍ਰਸ਼ਾਸਨ ਨੇ ਢਾਬੇ ਵੱਲ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਹੈ। ਰਾਮ ਸਿੰਘ ਰਾਣਾ ਨੇ ਲਗਾਤਾਰ ਆਪਣੀ ਨਿੱਜੀ ਆਮਦਨੀ `ਚੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਵੱਖੋ-ਵੱਖਰੇ ਤਰੀਕਿਆਂ ਨਾਲ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਰਾਮ ਸਿੰਘ ਰਾਣਾ ਅਤੇ ਉਨ੍ਹਾਂ ਵਰਗੇ ਹੋਰ ਹਮਾਇਤੀਆਂ ਦੀ ਹਮਾਇਤ `ਚ ਖੜ੍ਹਨ ਦਾ ਵਾਅਦਾ ਕਰਦਾ ਹੈ।
_________________________________________
ਕਿਸਾਨਾਂ ਦੀ ਖੁੱਲ੍ਹ ਕੇ ਹਮਾਇਤ ਲਈ ਰਣਨੀਤੀ ਬਣਾਉਣ ਲੱਗੀਆਂ ਵਿਰੋਧੀ ਧਿਰਾਂ
ਪੁਣੇ: ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਨੇ ਦਾਅਵਾ ਕੀਤਾ ਹੈ ਕਿ ਹਫਤੇ ਦੇ ਸ਼ੁਰੂ ‘ਚ ਅੱਠ ਵਿਰੋਧੀ ਧਿਰਾਂ ਵੱਲੋਂ ਕੀਤੀ ਗਈ ਬੈਠਕ ‘ਚ ਕੌਮੀ ਗੱਠਜੋੜ ਦੇ ਗਠਨ ਦਾ ਵਿਸ਼ਾ ਨਹੀਂ ਵਿਚਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਰਿਹਾਇਸ਼ ‘ਤੇ ਹੋਈ ਮੀਟਿੰਗ ਦਾ ਉਦੇਸ਼ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਹਮਾਇਤ ਦੇਣਾ ਸੀ। ਸ੍ਰੀ ਪਵਾਰ ਨੇ ਕਿਹਾ, ”ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਇਹ ਅੰਦੋਲਨ ਸਿਆਸੀ ਨਹੀਂ ਹੈ ਪਰ ਅਸੀਂ ਸੋਚਿਆ ਕਿ ਇਹ ਖੇਤੀਬਾੜੀ ਨਾਲ ਸਬੰਧਤ ਹੈ ਅਤੇ ਇਸ ਨੂੰ ਅਸੀਂ ਕਿਵੇਂ ਹਮਾਇਤ ਦੇ ਸਕਦੇ ਹਾਂ।
ਿਕਸਾਨਾਂ ਦੀ ਆਵਾਜ਼ ਸੰਸਦ ‘ਚ ਬੁਲੰਦ ਕਰਕੇ ਅਸੀਂ ਉਨ੍ਹਾਂ ਨੂੰ ਕਿਵੇਂ ਸਹਾਇਤਾ ਦੇ ਸਕਦੇ ਹਾਂ, ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।“ ਸਾਬਕਾ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤੀ ਸੈਕਟਰ ਬਾਰੇ ਵ੍ਹਾਈਟ ਪੇਪਰ ਪੇਸ਼ ਕਰਨ ਦਾ ਵਿਚਾਰ ਵੀ ਆਇਆ ਅਤੇ ਕੇਂਦਰ ਸਰਕਾਰ ਅੱਗੇ ਖੇਤੀ ਨਾਲ ਸਬੰਧਤ ਮੁੱਦਿਆਂ ਨੂੰ ਰੱਖਣ ਦੀ ਗੱਲ ਵੀ ਹੋਈ। ਭਵਿੱਖ ‘ਚ ਭਾਜਪਾ ਖਿਲਾਫ ਗੱਠਜੋੜ ਬਣਾਉਣ ਬਾਰੇ ਪਵਾਰ ਨੇ ਕਿਹਾ ਕਿ ਅਜਿਹੀ ਕੋਈ ਚਰਚਾ ਨਹੀਂ ਹੋਈ। ‘ਉਂਜ ਮੇਰਾ ਵਿਚਾਰ ਹੈ ਕਿ ਜੇਕਰ ਕੋਈ ਗੱਠਜੋੜ ਬਣਦਾ ਹੈ ਤਾਂ ਕਾਂਗਰਸ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ।‘ ਗੱਠਜੋੜ ਦੀ ਅਗਵਾਈ ਕਰਨ ਬਾਰੇ ਸੀਨੀਅਰ ਆਗੂ ਨੇ ਕਿਹਾ,”ਸ਼ਰਦ ਪਵਾਰ ਨੇ ਅਜਿਹੇ ਕੰਮ ਕਈ ਸਾਲ ਕੀਤੇ ਹਨ ਪਰ ਹੁਣ ਮੇਰੀ ਭੂਮਿਕਾ ਸਹਾਇਤਾ ਅਤੇ ਦਿਸ਼ਾ-ਨਿਰਦੇਸ਼ ਦੇਣ ਦੀ ਹੋਵੇਗੀ। ਸਾਰਿਆਂ ਨੂੰ ਇਕਜੁੱਟ ਰੱਖਣ ਦੀਆਂ ਕੋਸ਼ਿਸ਼ਾਂ ਵੀ ਕਰਾਂਗਾ।“ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਬਾਰੇ ਆਗੂਆਂ ਨਾਲ ਕੀਤੀ ਗਈ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਕਦਮ ਦਾ ਸਵਾਗਤ ਕਰਦੇ ਹਨ।