ਰਣਜੀਤ ਸਿੰਘ ਗਿੱਲ ਉਰਫ ਕੁੱਕੀ ਗਿੱਲ ਨਾਲ ਗੱਲਾਂ

ਦਸਤਾਵੇਜ਼ੀ ਫਿਲਮਸਾਜ਼ ਅਤੇ ਪੱਤਰਕਾਰ ਦਲਜੀਤ ਅਮੀ ‘ਪੰਜਾਬ ਟਾਈਮਜ਼’ ਲਈ ਲਗਾਤਾਰ ਲਿਖਦੇ ਰਹੇ ਹਨ। ਹੁਣ ਉਨ੍ਹਾਂ ਆਪਣਾ ਯੂਟਿਊਬ ਚੈਨਲ ‘ਅੱਵਲ ਸਹਾਫੀ’ ਸ਼ੁਰੂ ਕੀਤਾ ਹੈ ਅਤੇ ਤਕਰੀਬਨ 13 ਸਾਲ ਅਮਰੀਕਾ ਦੀ ਜੇਲ੍ਹ ਵਿਚ ਬਿਤਾਉਣ ਵਾਲੇ ਰਣਜੀਤ ਸਿੰਘ ਕੁੱਕੀ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਕੁੱਕੀ ਗਿੱਲ ਕਰਕੇ ਵੀ ਜਾਣਦੇ ਹਨ, ਨਾਲ ਲੰੰਮੀ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਵਿਚ ਕਰੋਨਾ ਮਹਾਮਾਰੀ ਕਾਰਨ ਇਕੱਲ ਹੰਢਾਉਂਦੇ ਮਨੁੱਖ ਦੇ ਬਹਾਨੇ ਰਣਜੀਤ ਸਿੰਘ ਕੁੱਕੀ ਦੀ ਜ਼ਿੰਦਗੀ, ਸੰਘਰਸ਼ ਅਤੇ ਉਨ੍ਹਾਂ ਦੇ ਆਲੇ-ਦੁਆਲੇ ਨਾਲ ਜੁੜੇ ਕੁਝ ਨੁਕਤਿਆਂ ਬਾਰੇ ਬੜੀ ਸੰਜੀਦਗੀ ਨਾਲ ਗੱਲ ਤੋਰੀ ਗਈ ਹੈ। ਅਸੀਂ ਇਹ ਖਾਸ ਮੁਲਾਕਾਤ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ। ਇਹ ਮੁਲਾਕਾਤ ਐਤਵਾਰ ਤੋਂ ਬਾਅਦ ਯੂਟਿਊਬ ਲਿੰਕ https://www.youtube.com/channel/UCWa7Yef_KmL5MK9H6ED2pWA ‘ਤੇ ਸੁਣੀ ਜਾ ਸਕੇਗੀ।

ਦਲਜੀਤ ਅਮੀ
ਫੋਨ: +91-72919-77145
ਅਸੀਂ ਕਰੋਨਾਵਾਇਰਸ ਮਹਾਮਾਰੀ ਦੇ ਦੌਰ ਵਿਚੋਂ ਨਿਕਲ ਰਹੇ ਹਾਂ। ਇਸ ਦੌਰ ਨਾਲ ਜੁੜੇ ਹੋਏ ਬਹੁਤ ਸਾਰੇ ਮਸਲੇ ਹਨ। ਜਿਨ੍ਹਾਂ ਵਿਚੋਂ ਇੱਕ ਮਸਲਾ ਹਰ ਜੀਅ ਨੇ ਆਪਣੇ ਪੱਧਰ ਉਪਰ ਹੰਢਾਇਆ ਹੈ, ਉਹ ਇਕੱਲਤਾ ਦਾ ਹੈ। ਅਸੀਂ ਘਰਾਂ ਤੱਕ ਮਹਿਦੂਦ ਹਾਂ ਜਾਂ ਇੱਕ-ਦੂਜੇ ਨੂੰ ਮਿਲਣ ਉਪਰ ਪਾਬੰਦੀਆਂ ਹਨ ਜਾਂ ਬਿਮਾਰੀ ਦੇ ਕਾਰਨ ਸਾਨੂੰ ਪਰਹੇਜ਼ ਕਰਨੇ ਪੈ ਰਹੇ ਹਨ। ਇਕੱਲਤਾ ਨਾਲ ਬੰਦਾ ਕਿਵੇਂ ਜੀਵੇ? ਇਹ ਸੁਆਲ ਅੱਜ ਦਾ ਨਹੀਂ ਹੈ, ਇਹ ਬਹੁਤ ਪੁਰਾਣਾ ਹੈ। ਇਸ ਮਸਲੇ ਉਪਰ ਅਸੀਂ ਗੱਲ ਕਰਾਂਗੇ ਪੰਜਾਬ ਦੇ ਉਸ ਬੰਦੇ ਦੇ ਨਾਲ ਜਿਸ ਨੇ ਇਕੱਲਤਾ ਨੂੰ ਆਪਣੇ ਪਿੰਡੇ ਉਪਰ ਬਹੁਤ ਦੇਰ ਹੰਢਾਇਆ ਹੈ ਅਤੇ ਉਸ ਤੋਂ ਬਾਅਦ ਆਪਣੇ-ਆਪ ਨੂੰ ਨਿੱਗਰ-ਨਿਰੋਏ ਇਨਸਾਨ ਦੇ ਰੂਪ ਵਿਚ ਬਚਾਇਆ ਹੈ। ਸਾਡੇ ਨਾਲ ਹਨ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੂੰ ਅਸੀਂ ਕੁੱਕੀ ਗਿੱਲ ਵੀ ਕਹਿੰਦੇ ਹਨ। ਰਣਜੀਤ ਸਿੰਘ ਨੇ ਅਮਰੀਕਾ ਅਤੇ ਇੰਡੀਆ ਦੀ ਜੇਲ੍ਹਾਂ ਵਿਚ ਤਕਰੀਬਨ ਸੋਲਾਂ ਸਾਲ ਦਾ ਸਮਾਂ ਬਿਤਾਇਆ ਹੈ। ਜੇਲ੍ਹ ਦੀ ਇਕੱਲਤਾ ਵਿਚ ਉਨ੍ਹਾਂ ਨੇ ਆਪਣੇ-ਆਪ ਨਾਲ ਕੀ ਸੰਵਾਦ ਕੀਤਾ, ਇਸੇ ਮਾਮਲੇ ਉਤੇ ਆਪਾਂ ਗੱਲ ਕਰਾਂਗੇ।

ਸਵਾਲ: ਰਣਜੀਤ ਜੀ, ਮੌਜੂਦਾ ਦੌਰ ਵਿਚ ਇਕੱਲਤਾ ਦਾ ਮਾਮਲਾ ਆ ਰਿਹਾ ਹੈ। ਤੁਹਾਡੇ ਦਿਮਾਗ ਦੇ ਵਿਚ ਇਕੱਲਤਾ ਦੇ ਪੱਖ ਤੋਂ ਕੀ ਗੱਲਾਂ ਚੱਲ ਰਹੀਆਂ ਹਨ?
ਜਵਾਬ: ਇਕੱਲਤਾ ਦੇ ਪੱਖ ਤੋਂ ਕਹਿ ਸਕਦੇ ਹਾਂ ਕਿ ਇਹ ਮਨ ਦੀ ਅਵਸਥਾ ਹੈ। ਤੁਸੀਂ ਆਪਣੇ-ਆਪ ਨੂੰ ਕਿਸ ਤੋਂ ਇਕੱਲਾ ਮਹਿਸੂਸ ਕਰਦੇ ਹੋ? ਲੋਕਾਂ ਅੱਗੇ ਵੱਡਾ ਸੁਆਲ ਹੈ ਕਿ ਉਨ੍ਹਾਂ ਨੂੰ ਨੌਕਰੀ ਤੋਂ ਪਰੇ ਕਰ ਦਿੱਤਾ ਗਿਆ ਹੈ। ਅਸੀਂ ਘਰ ਵਿਚ ਮਹਿਫੂਜ਼ ਹਾਂ ਜਾਂ ਖੁੱਲ੍ਹ ਕੇ ਕਿਸੇ ਥਾਂ ਵਿਚਰ ਨਹੀਂ ਸਕਦੇ ਜਾਂ ਕੋਈ ਸਮਾਗਮਾਂ ਉਪਰ ਨਹੀਂ ਜਾ ਸਕਦੇ। ਇਸ ਨੂੰ ਲੋਕ ਇਕੱਲਤਾ ਮੰਨਦੇ ਹਨ। ਇਸ ਕਰਕੇ ਉਹ ਖੁਦ ਨੂੰ ਬੇਵਸ ਜਿਹਾ ਦਰਸਾ ਰਹੇ ਹਨ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਤੁਹਾਡੀ ਮਾਨਸਿਕ ਸਥਿਰਤਾ ਦਾ ਸੁਆਲ ਹੈ। ਅੱਜਕੱਲ੍ਹ ਤੁਸੀਂ ਘਰਾਂ ਵਿਚ ਰਹਿੰਦੇ ਹੋ। ਤੁਹਾਡੇ ਕੋਲ ਸਾਰੀਆਂ ਸਹੂਲਤਾਂ ਹਨ ਜਿਸ ਨਾਲ ਤੁਸੀਂ ਬਾਹਰੀ ਦੁਨੀਆ ਨਾਲ ਸਹਿਜੇ ਹੀ ਸੰਪਰਕ ਵਿਚ ਰਹਿ ਸਕਦੇ ਹੋ।
ਸਵਾਲ: ਜਦੋਂ ਆਪਾਂ ਕਹਿੰਦੇ ਹਾਂ ਕਿ ਇਹ ਮਾਨਸਿਕ ਸਥਿਰਤਾ ਦਾ ਸੁਆਲ ਹੈ, ਉਹ ਤਾਂ ਠੀਕ ਹੈ ਪਰ ਮਨੁੱਖ ਉਦਾਸ ਹੁੰਦਾ ਹੈ, ਇਕੱਲਾ ਮਹਿਸੂਸ ਕਰਦਾ ਹੈ ਅਤੇ ਉਸ ਕਾਰਨ ਉਦਾਸੀ ਹੋਰ ਵਧਦੀ ਹੈ। ਇੱਕ ਤਰੀਕੇ ਦੀ ਦਿਲਗੀਰੀ ਆਉਂਦੀ ਹੈ ਅਤੇ ਅਸੀਂ ਦੇਖਿਆ ਹੈ ਕਿ ਕਈ ਮਾਨਸਕਿ ਰੋਗਾਂ ਵਿਚ ਵੀ ਇਸ ਤਰ੍ਹਾਂ ਹੁੰਦਾ ਹੈ। ਜੇ ਆਪਾਂ ਵਿਅਕਤੀਗਤ ਤੌਰ ਉਪਰ ਦੇਖਣਾ ਹੋਵੇ, ਤੁਸੀਂ ਆਪਣੀ ਜ਼ਿੰਦਗੀ ਵਿਚ ਬਹੁਤ ਲੰਮਾ ਸਮਾਂ ਜੇਲ੍ਹ ਵਿਚ ਗੁਜ਼ਾਰਿਆ ਹੈ। ਉਸ ਦੌਰ ਵਿਚ ਤੁਸੀਂ ਪਹਿਲਾਂ ਅਮਰੀਕਾ ਅਤੇ ਬਾਅਦ ਵਿਚ ਭਾਰਤ ਦੀ ਤਿਹਾੜ ਜੇਲ੍ਹ ਵਿਚ ਰਹੇ। ਉਸ ਦੌਰ ਵਿਚ ਕੀ ਚੀਜ਼ ਸੀ ਜੋ ਤੁਹਾਨੂੰ ਕਾਇਮ ਰੱਖਦੀ ਸੀ? ਉਹ ਕੀ ਚੀਜ਼ ਸੀ ਜੋ ਤੁਹਾਨੂੰ ਕਹਿੰਦੀ ਸੀ ਕਿ ਆਪਣੇ ਸਰੀਰ ਦਾ ਧਿਆਨ ਰੱਖਣਾ ਹੈ ਤਾਂ ਜੋ ਸਭ ਕੁਝ ਅੱਗੇ ਚੱਲਦਾ ਰਹੇ।
ਜਵਾਬ: ਸਭ ਤੋਂ ਵੱਡੀ ਤਾਕਤ ਤੇ ਪ੍ਰੇਰਨਾ ਸੀ ਖੁਦ ਨੂੰ ਸਥਿਰ ਰੱਖਣ ਦੀ। ਜਦੋਂ ਤੁਸੀਂ ਜੇਲ੍ਹ ਵਿਚ ਚਲੇ ਜਾਂਦੇ ਹੋ, ਖਾਸ ਕਰ ਕੇ ਅਮਰੀਕੀ ਜੇਲ੍ਹ ਵਿਚ ਤਾਂ ਤੁਹਾਡੇ ਪਿੱਛੇ ਅਨੇਕਾਂ ਹੀ ਦਰਵਾਜ਼ੇ ਠਾਹ ਕਰ ਕੇ ਬੰਦ ਹੁੰਦੇ ਹਨ। ਤੁਹਾਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਹੁਣ ਤੁਸੀਂ ਅਜਿਹੇ ਪਿੰਜਰੇ ਵਿਚ ਆ ਗਏ ਹੋ ਜਿੱਥੇ ਕੋਈ ਤਾਜ਼ੀ ਹਵਾ ਨਹੀਂ, ਜਾਂ ਹੋਰ ਕੁਝ ਵੀ ਨਹੀਂ ਹੈ। ਤੁਸੀਂ ਇੱਕ ਤਰੀਕੇ ਨਾਲ ਜ਼ਿੰਦਗੀ ਵਿਚੋਂ ਆਪਣੇ-ਆਪ ਨੂੰ ਸੰਕੋਚ ਹੀ ਲਓ। ਤੁਸੀਂ ਹੁਣ ਇੱਥੋਂ ਦੇ ਹੀ ਰਹਿ ਗਏ। ਉਸ ਸਮੇਂ ਤੁਹਾਡੇ ਅੱਗੇ ਡਰ ਹੁੰਦਾ ਹੈ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਸੰਭਾਲਣਾ ਹੈ। ਦੂਜੀ ਉਸ ਤੋਂ ਵੱਡੀ ਗੱਲ ਹੈ, ਤੁਹਾਡੀ ਮਾਨਸਕਿਤਾ ਕਿੰਨੀ ਕੁ ਮਜ਼ਬੂਤ ਹੈ, ਜਿਹੜੀ ਇਸ ਤਰ੍ਹਾਂ ਦੇ ਦਬਾਅ ਨੂੰ ਕਿਸ ਤਰ੍ਹਾਂ ਸੋਚਦੀ ਹੈ। ਤੀਜਾ, ਕੀ ਤੁਸੀਂ ਚਾਰਦੀਵਾਰੀ ਵਿਚ ਰਹਿ ਕੇ ਵੀ ਆਪਣੇ ਮਨ ਦੇ ਰੁਝੇਵੇਂ ਨੂੰ ਸਥਿਰ ਰੱਖ ਸਕਦੇ ਹੋ? ਭਾਵੇਂ ਇਹ ਸੀਮਤ ਦਾਇਰਾ ਹੈ ਪਰ ਉਸ ਦੇ ਵਿਚ ਵੀ ਤੁਸੀਂ ਸੋਚਣਾ ਹੈ ਕਿ ਤੁਸੀਂ ਕੰਧਾਂ ਵਿਚ ਕੈਦ ਨਹੀਂ, ਮੇਰਾ ਮਨ ਤਾਂ ਬਾਹਰ ਹੈ, ਉਹ ਤੁਹਾਨੂੰ ਬਹੁਤ ਵੱਡੀ ਸ਼ਕਤੀ ਦਿੰਦਾ ਹੈ। ਇੱਕ ਤੁਸੀਂ ਆਪਣੇ ਰੁਝੇਵੇਂ ਨਹੀਂ ਛੱਡਣੇ, ਜਿਵੇਂ ਤੁਸੀਂ ਸਵੇੇਰੇ ਉਠ ਕੇ ਤਿਆਰ ਹੁੰਦੇ ਹੋ, ਕਸਰਤ ਕਰਦੇ ਹੋ, ਪੜ੍ਹਦੇ ਹੋ, ਉਹ ਤੁਸੀਂ ਕਰਦੇ ਹੀ ਰਹਿਣਾ ਹੈ।
ਸਵਾਲ: ਤੁਸੀਂ ਦੱਸਿਆ ਸੀ, ਤੁਸੀਂ ਇੱਕ ਤੰਗ ਜਿਹੇ ਕਮਰੇ ਵਿਚ ਸੀ। ਕਿਹੋ ਜਿਹਾ ਕਮਰਾ ਸੀ ਅਤੇ ਤੁਸੀਂ ਰੋਜ਼ਾਨਾ ਉਸ ਵਿਚ ਕੀ ਕਰਦੇ ਸੀ?
ਜਵਾਬ: ਕਮਰਾ ‘8 ਗੁਣਾਂ 10’ ਦਾ ਸੀ ਜਿਸ ਵਿਚ ਬੈੱਡ ਸੀ, ਅਲਮਾਰੀ ਸੀ। ਬਾਥਰੂਮ ਅਤੇ ਸਿੰਕ ਵੀ ਸੀ। ਕਾਫੀ ਥਾਂ ਇਨ੍ਹਾਂ ਸਭ ਚੀਜ਼ਾਂ ਨੇ ਘੇਰੀ ਹੋਈ ਸੀ। ਕੁੱਲ ਮਿਲਾ ਕੇ ਤੁਹਾਡੇ ਕੋਲ ਦੋ-ਚਾਰ ਕਦਮਾਂ ਦੀ ਹੀ ਥਾਂ ਬਚਦੀ ਹੈ। ਬਸ ਇੰਨਾ ਕੁ ਹੀ ਤੁਸੀਂ ਵਿਚ ਤੁਰ ਫਿਰ ਸਕਦੇ ਹੋ। ਉਸ ਦੇ ਵਿਚ ਹੀ ਮੈਂ ਤੁਰਦਾ-ਫਿਰਦਾ ਸੀ। ਉਥੇ ਹੀ ਮੈਂ ਕਸਰਤ ਕਰ ਲੈਂਦਾ ਸੀ। ਜਦੋਂ ਕਦੇ ਮੈਨੂੰ ਬਾਹਰ ਜਾਣ ਦਾ ਮੌਕਾ ਮਿਲਦਾ ਸੀ- ਨਹਾਉਣ ਜਾਣ ਦਾ, ਤਾਂ ਉਸ ਵਿਚ ਹੀ ਆਪਣਾ ਆਨੰਦ ਪੂਰਾ ਕਰ ਲੈਂਦੇ ਸੀ। ਇਹ ਤੁਹਾਡਾ ਆਪਣੇ ਮਨ ਨੂੰ ਸਮਝਾਉਣਾ ਹੀ ਨਹੀਂ ਸਗੋਂ ਇਸ ਤਰ੍ਹਾਂ ਮਨ ਦੀ ਅਵਸਥਾ ਬਣਦੀ ਹੈ ਜੋ ਤੁਹਾਡੀ ਅੰਦਰੂਨੀ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ। ਜਿਹੜੇ ਤੁਹਾਡੇ ਅੰਦਰ ਡਰ ਹਨ, ਕੰਧਾਂ ਦੇ ਜਾਂ ਬੰਦੀ ਦੇ … ਜਿਵੇਂ ਹੁਣ ਹਨ ਕਿ ਬਿਮਾਰੀ ਦਾ ਡਰ ਹੈ, ਬਾਹਰ ਨਹੀਂ ਜਾ ਸਕਦੇ। ਘਬਰਾਹਟ ਹੈ, ਕਿਉਂ ਨਹੀਂ ਜਾ ਸਕਦੇ? ਇਹ ਜਿਹੜੀਆਂ ਮਨ ਦੀਆਂ ਘਬਰਾਹਟਾਂ ਹਨ, ਇਨ੍ਹਾਂ ਉਪਰ ਕਾਬੂ ਪਾਉਣਾ ਮਨੁੱਖ ਲਈ ਕਾਰਜ ਬਣ ਜਾਂਦਾ ਹੈ।
ਸਵਾਲ: ਜਿਹੜਾ ਇਹ ਕਾਰਜ ਸੀ, ਤੁਹਾਡੇ ਲਈ ਕਿਵੇਂ ਨੇਪਰੇ ਚੜ੍ਹਦਾ ਸੀ? ਕੀ ਸੋਚ ਆਉਂਦੀ ਸੀ ਜਿਸ ਰਾਹੀਂ ਤੁਹਾਡਾ ਖੁਦ ਨਾਲ ਸੰਵਾਦ ਹੁੰਦਾ ਸੀ ਕਿ ਇਹ ਚੀਜ਼ ਇੰਜ ਨਹੀਂ, ਇੰਜ ਹੋਣੀ ਚਾਹੀਦੀ।
ਜਵਾਬ: ਜੇਲ੍ਹ ਵਿਚ ਪੱਕੀ ਤਰਤੀਬ ਹੁੰਦੀ ਹੈ ਜੋ ਜੇਲ੍ਹ ਵਾਲੇ ਤੈਅ ਕਰਦੇ ਹਨ। ਤੁਸੀਂ ਨਹੀਂ ਕਰ ਸਕਦੇ। ਰੋਜ਼ ਉਸੇ ਤਰ੍ਹਾਂ ਦੀ ਰੂਪ-ਰੇਖਾ ਉਲੀਕੀ ਜਾਂਦੀ ਹੈ। ਪੱਕੇ ਸਮੇਂ ਉਤੇ ਗਿਣਤੀ ਹੋਣੀ ਹੈ। ਪੱਕੇ ਸਮੇਂ ਉਤੇ ਹੀ ਰੋਟੀ ਮਿਲਣੀ ਹੈ। ਪੱਕੇ ਸਮੇਂ ਉਤੇ ਤੁਸੀਂ ਨਹਾਉੁਣਾ ਹੈ। ਇਹ ਸਾਰੀ ਤਰਤੀਬ ਹੈ ਜੋ ਕਦੇ ਬਦਲਦੀ ਨਹੀਂ। ਉਸ ਤਰਤੀਬ ਨੂੰ ਤੁਸੀਂ ਆਪਣੇ ਆਪ ਉਤੇ ਹਾਵੀ ਨਹੀਂ ਹੋਣ ਦੇਣਾ। ਤੁਸੀਂ ਆਪਣੇ-ਆਪ ਨੂੰ ਉਸ ਮੁਤਾਬਕ ਕਰ ਲੈਣਾ, ਜਿਹੜੀ ਵਿਚਕਾਰ ਵਿੱਥ ਹੈ। ਇਸ ਇੱਕਸਾਰ ਤਰਤੀਬ ਹੇਠ ਤੁਸੀਂ ਦਬਣਾ ਨਹੀਂ।
ਸਵਾਲ: ਇੱਕ ਤਰਤੀਬ ਤਾਂ ਜੇਲ੍ਹ ਵਾਲਿਆਂ ਨੇ ਤੈਅ ਕੀਤੀ ਹੋਈ ਹੈ, ਇੱਕ ਤਰਤੀਬ ਤੁਸੀਂ ਆਪਣੇ-ਆਪ ਨੂੰ ਨਰੋਆ ਰੱਖਣ ਲਈ ਕਾਇਮ ਕਰਨੀ ਹੈ। ਉਹ ਤਰਤੀਬ ਦੇ ਅੰਦਰ ਤਰਤੀਬ ਕਿਵੇਂ ਬਣਦੀ ਹੈ?
ਜਵਾਬ: ਤੁਸੀਂ ਉਨ੍ਹਾਂ ਲੀਕਾਂ ਦੇ ਵਿਚਕਾਰ ਆਪਣੀ ਲੀਕ ਖਿੱਚ ਦਿੰਦੇ ਹੋ। ਮੈਂ ਤਾਂ ਇੰਜ ਹੀ ਕਰਨਾ ਹੈ ਤਾਂ ਜੋ ਮੈਨੂੰ ਇੰਜ ਨਾ ਲੱਗੇ ਕਿ ਮੈਂ ਕਿਸੇ ਪਿੰਜਰੇ ਵਿਚ ਹਾਂ। ਇਹੋ ਤੁਹਾਡੀ ਪਰਖ ਦੀ ਘੜੀ ਹੈ। ਲੋਕ ਵਿਚ ਨਿਰਾਸ਼ਾ ਆਉਂਦੀ ਹੈ ਜਾਂ ਬੇਵਸੀ ਦਾ ਅਹਿਸਾਸ ਹੁੰਦਾ ਹੈ, ਜਿਵੇਂ ਹੁਣ ਆਪਾਂ ਸੁਣਦੇ ਹਾਂ। ਉਥੇ ਤਾਂ ਕੁਝ ਵੀ ਨਹੀਂ ਹੈ, ਟੈਲੀਵਿਜ਼ਨ ਨਹੀਂ, ਫੋਨ ਨਹੀਂ। ਹਾਂ, ਕਿਤਾਬਾਂ ਜ਼ਰੂਰ ਹਨ, ਅਖਬਾਰ ਹਨ। ਤੁਸੀਂ ਤੈਅ ਹੋਈਆਂ ਲੀਕਾਂ ਵਿਚਾਲੇ ਆਪਣੀ ਜ਼ਿੰਦਗੀ ਨੂੰ ਆਪਣੇ ਜਜ਼ਬਾਤ ਅਤੇ ਆਪਣੀ ਸਵੈ-ਇੱਛਾ ਨਾਲ ਚਲਾਉਣ ਲੱਗ ਪੈਂਦੇ ਹੋ।
ਸਵਾਲ: ਤੁਸੀਂ ਇੱਕ ਚਲਦੀ ਮੁਹਿੰਮ ਵਿਚੋਂ ਜੇਲ੍ਹ ਵਿਚ ਗਏ। ਤੁਸੀਂ ਅਖਬਾਰ ਦਾ ਜ਼ਿਕਰ ਕੀਤਾ, ਤੇ ਮੈਨੂੰ ਯਾਦ ਆਇਆ ਕਿ ਮਿਆਂਮਾਰ ਦੀ ਪ੍ਰਧਾਨ ਮੰਤਰੀ ਜੋ ਜੇਲ੍ਹ ਵਿਚ ਬੰਦ ਕੀਤੀ ਹੋਈ ਹੈ। ਜਦੋਂ ਆਂਨ ਸਾਂਗ ਸੂ ਕੀ ਪਹਿਲਾਂ ਜੇਲ੍ਹ ਵਿਚ ਸਨ ਤਾਂ ਉਨ੍ਹਾਂ ਨੇ ਲਿਖਿਆ ਕਿ ਸਵੇਰੇ ਉਠਣਾ ਅਤੇ ਅਖਬਾਰ ਵਿਚ ਇਹ ਪੜ੍ਹਨਾ ਕਿ ਤੁਹਾਡੇ ਨਾਲ ਲੜਦਾ ਕੋਈ ਕਾਮਰੇਡ ਸ਼ਹੀਦ ਹੋ ਗਿਆ। ਫਿਰ ਅਖਬਾਰ ਨੂੰ ਤਹਿ ਲਗਾ ਕੇ ਰੱਖਣਾ। ਉਸ ਤੋਂ ਬਾਅਦ ਕਸਰਤ ਕਰਨੀ, ਫਿਰ ਖਾਣਾ ਖਾਣਾ ਤਾਂ ਜੋ ਤੁਸੀਂ ਬਾਹਰ ਜਾ ਕੇ ਮੁੜ ਉਸੇ ਦਾ ਹਿੱਸਾ ਬਣ ਸਕੋ। ਤੁਹਾਡੇ ਨਾਲ ਇਹ ਕਿਵੇਂ ਵਾਪਰਦਾ ਸੀ? ਅਖਬਾਰ ਤਾਂ ਤੁਸੀਂ ਵੀ ਪੜ੍ਹਦੇ ਸੀ।
ਜਵਾਬ: ਹਾਂ, ਮੈਂ ਕਈ ਅਖਬਾਰ ਪੜ੍ਹਦਾ ਸੀ। ਅਖਬਾਰ ਵਿਚ ਮੈਂ ਪੜ੍ਹਿਆ ਜਦੋਂ ਨੈਲਸਨ ਮੰਡੇਲਾ ਨੱਬੇ ਵਿਚ ਬਾਹਰ ਆਇਆ। ਉਸ ਨੇ ਤੇਰਾਂ ਸਾਲ ਪੱਥਰ ਤੋੜਨ ਦੀ ਬਾਮੁਸ਼ੱਕਤ ਸਜ਼ਾ ਕੱਟੀ। ਉਸ ਤੋਂ ਬਾਅਦ ਉਸ ਨੂੰ ਬਾਹਰ ਲਿਆ ਕੇ ਕਿਸੇ ਹੋਰ ਥਾਂ ਕੈਦ ਕਰ ਲਿਆ। ਉਥੇ ਕਿੰਨੇ ਸਾਲ ਇਨ੍ਹਾਂ ਦੀ ਗੱਲ ਚਲਦੀ ਰਹੀ। ਸਤਾਈ ਸਾਲ ਬਾਅਦ ਉਹ ਰਿਹਾਅ ਹੋਇਆ ਸੀ। ਉਸ ਨੂੰ ਰੋਬਨ ਟਾਪੂ ਬਾਰੇ ਪੁੱਛਿਆ ਗਿਆ। ਇਹ ਦੱਖਣੀ ਅਫਰੀਕਾ ਦੀ ਬਹੁਤ ਮਾੜੀ ਜੇਲ੍ਹ ਹੈ। ਉਥੇ ਹੁਣ ਮਿਊਜ਼ੀਅਮ ਹੈ, ਜਿਵੇਂ ਆਪਣੇ ਅੰਡੇਮਾਨ ਨਿਕੋਬਾਰ ਹੈ। ਉਹ ਕਹਿੰਦਾ ਕਿ ਮੈਂ ਆਪਣੇ-ਆਪ ਨੂੰ ਕਦੇ ਚਾਰ ਕੰਧਾਂ ਤੱਕ ਸੀਮਤ ਨਹੀਂ ਰੱਖਿਆ। ਮੇਰਾ ਮਨ ਤਾਂ ਹਮੇਸ਼ਾ ਇਨ੍ਹਾਂ ਕੰਧਾਂ ਤੋਂ ਪਰੇ ਰਿਹਾ। ਇਸ ਚੀਜ਼ ਨੇ ਮੈਨੂੰ ਥੱਕਣ ਨਹੀਂ ਦਿੱਤਾ। ਮੇਰੇ ਮਨ ਨੂੰ ਕਦੇ ਮੁਰਝਾਉਣ ਨਹੀਂ ਦਿੱਤਾ। ਮੈਨੂੰ ਆਪਣੇ-ਆਪ ਤੋਂ ਕਦੇ ਅੱਕਣ ਨਹੀਂ ਦਿੱਤਾ। ਉਹ ਚੀਜ਼ ਮੈਂ ਅੱਜ ਵੀ ਲਿਖ ਕੇ ਰੱਖੀ ਹੋਈ ਹੈ। ਜਿਹੜੇ ਅਲਗ-ਅਲਗ ਕੈਦੀ ਹੁੰਦੇ ਜਿਨ੍ਹਾਂ ਨੂੰ ਬਾਅਦ ਵਿਚ ਵਡਿਆਇਆ ਜਾਂਦਾ ਹੈ। ਸੁਭਾਵਿਕ ਤੌਰ ‘ਤੇ ਉਨ੍ਹਾਂ ਦੇ ਵਿਚਾਰ ਆਮ ਬੰਦਿਆਂ ਤੋਂ ਅਲਹਿਦਾ ਹੁੰਦੇ; ਜਿਵੇਂ ਵੈਕਲੇਵ ਹੇਵਲ ਸਨ ਜੋ ਚੈੱਕਸਲੋਵਾਕੀਆ ਦਾ ਪ੍ਰਧਾਨ ਵੀ ਰਿਹਾ। ਉਹ ਵੀ ਕਮਿਊਨਿਜ਼ਮ ਦੇ ਰਾਜ ਸਮੇਂ ਜੇਲ੍ਹ ਵਿਚ ਰਹੇ। ਉਨ੍ਹਾਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ, ਆਪਣੇ ਖਿਆਲ ਲਿਖ ਕੇ ਭੇਜਣੇ ਸ਼ੁਰੂ ਕੀਤੇ ਜਿਸ ਉਪਰ ਬਾਅਦ ਵਿਚ ਕਿਤਾਬ ਲਿਖੀ ਗਈ ਸੀ- ‘ਲੈਟਰਸ ਟੂ ਓਲਗਾ`। ਓਲਗਾ ਉਸ ਦੀ ਪਤਨੀ ਸੀ। ਉਸ ਨੂੰ ਉਹ ਚਿੱਠੀ ਲਿਖਦਾ ਸੀ, ਉਹ ਉਸ ਨੂੰ ਸੁਨੇਹੇ ਭੇਜਦੀ ਸੀ। ਉਹ ਬਹੁਤ ਮਾੜੇ ਹਾਲਾਤ ਵਿਚ ਸੀ। ਉਹ ਕਾਫੀ ਨਾਮੀ ਅਤੇ ਅਮੀਰ ਪਰਿਵਾਰ ਵਿਚੋਂ ਸੀ। ਹਰ ਇੱਕ ਦਾ ਆਪੋ-ਆਪਣਾ ਜ਼ਰੀਆ ਹੈ। ਮੈਂ ਵੀ ਚਿੱਠੀ-ਪੱਤਰ ਲਿਖ ਲੈਂਦਾ ਸੀ। ਤੁਹਾਡਾ ਕਾਫੀ ਸਮਾਂ ਆਪਣੇ-ਆਪ ਨੂੰ ਮਹਿਫੂਜ਼ ਰੱਖਣ ਵਿਚ ਹੀ ਲੰਘ ਜਾਂਦਾ ਹੈ।
ਸਵਾਲ: ਤੁਸੀਂ ਵੀ ਜੇਲ੍ਹ ਅੰਦਰ ਡਾਇਰੀ ਲਿਖਦੇ ਸੀ, ਉਹ ਵੀ ਸਹਾਈ ਹੁੰਦੀ ਸੀ?
ਜਵਾਬ: ਕਾਫੀ ਸਹਾਈ ਹੁੰਦੀ ਹੈ। ਤੁਸੀਂ ਜੋ ਪੜ੍ਹਦੇ ਹੋ ਜਾਂ ਲਿਖਦੇ ਹੋ, ਜਿਵੇਂ ਨੈਲਸਨ ਮੰਡੇਲਾ ਨੇ ਕਿਹਾ ਹੈ। ਤੁਹਾਡੇ ਮਨ ਵਿਚ ਖਿਆਲ ਆਉਂਦੇ ਹਨ। ਇੱਥੋਂ ਤੱਕ ਕਿ ਮੈਂ ਉਸ ਇਕਸਾਰਤਾ ਬਾਰੇ ਵੀ ਲਿਖ ਕੇ ਰੱਖਿਆ ਹੋਇਆ ਕਿ ਮੈਂ ਇਸ ਚੀਜ਼ ਨਾਲ ਕਿਵੇਂ ਨਜਿੱਠਦਾ ਸੀ।
ਸਵਾਲ: ਕਈ ਵਾਰ ਜ਼ਿੰਦਗੀ ਵਿਚ ਉਹ ਪਲ ਆਉਂਦਾ ਹੈ ਜਿਹੜਾ ਤੁਹਾਨੂੰ ਬਾਕੀ ਦੁਨੀਆ ਤੋਂ ਵੱਖ ਕਰ ਦਿੰਦਾ ਹੈ। ਜੋ ਤੁਹਾਨੂੰ ਕਹਿੰਦਾ ਹੈ ਕਿ ਹੁਣ ਜਿਹੜੀ ਹਾਲਤ ਹੈ, ਉਹ ਤੁਸੀਂ ਨਿੱਜੀ ਰੂਪ ਵਿਚ ਨਜਿੱਠਣੀ ਹੈ। ਉਹ ਪਲ ਤੁਹਾਡੀ ਜ਼ਿੰਦਗੀ ਵਿਚ ਕਈ ਵਾਰ ਆਇਆ। ਜਦੋਂ ਮੈਂ ਤੁਹਾਡੀ ਜ਼ਿੰਦਗੀ ਬਾਰੇ ਸੋਚਦਾ ਤਾਂ ਤਿੰਨ ਵਾਰ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੁਰ ਰਹੇ ਸੀ, ਜਾਂ ਕਿਸੇ ਨੂੰ ਤੁਰਦਾ ਦੇਖ ਰਹੇ ਸੀ। ਇਹ ਪਲ ਬਹੁਤ ਅਹਿਮ ਹਨ। ਜਿਵੇਂ ਇੱਕ ਪਲ ਇਹ ਹੈ ਕਿ ਜਦੋਂ ਤੁਸੀਂ ਭਾਰਤ ਤੋਂ ਅਮਰੀਕਾ ਜਾਂਦੇ ਹੋ। ਤੁਸੀਂ ਫੈਸਲਾ ਕਰਦੇ ਹੋ ਕਿ ਤੁਸੀਂ ਜਿਸ ਮੁਹਿੰਮ ਵਿਚ ਸ਼ਾਮਿਲ ਸੀ, ਉਸ ਨੇ ਆਪਣਾ ਟੀਚਾ ਹਾਸਲ ਕਰ ਲਿਆ ਹੈ। ਇਹ ਦੱਸੋ ਕਿ ਨਵੇਂ ਨਾਮ ਨਾਲ, ਨਵੇਂ ਭੇਸ ਵਿਚ ਤੁਹਾਡਾ ਇੰਮੀਗ੍ਰੇਸ਼ਨ ਕਲੀਅਰ ਹੋ ਗਿਆ ਅਤੇ ਫਿਰ ਜਹਾਜ਼ ਵਿਚ ਬੈਠਣ ਤੱਕ, ਜਿਹੜਾ ਧੁੜਕੂ ਬੰਦੇ ਨੂੰ ਲਗਦੈ, ਤੁਸੀਂ ਉਸ ਨੂੰ ਆਪਣੇ-ਆਪ ਨਾਲ ਕਿਵੇਂ ਨਜਿੱਠਿਆ?
ਜਵਾਬ: ਮੈਂ ਪਹਿਲੀ ਵਾਰ ਜਹਾਜ਼ ਦੇਖਿਆ ਸੀ। ਬ੍ਰਿਟਿਸ਼ ਏਅਰਲਾਈਜ਼ ਦਾ ਜੰਬੋ 747 ਜਹਾਜ਼ ਸੀ। ਸਾਡੀ ਏਅਰਪੋਰਟ ਉਪਰ ਸੈਟਿੰਗ ਸੀ ਕਿ ਪੁੱਛਗਿੱਛ ਨਹੀਂ ਹੋਵੇਗੀ। ਸਾਡੇ ਏਜੰਟ ਨੇ ਸਭ ਕੁਝ ਪੱਕਾ ਕੀਤਾ ਹੋਇਆ ਸੀ। ਜਦੋਂ ਮੈਂ ਜਾ ਕੇ ਸੀਟ ‘ਤੇ ਬੈਠਾ ਤਾਂ ਮੇਰੇ ਨਾਲ ਕੋਈ ਬ੍ਰਿਟਿਸ਼ ਔਰਤ ਬੈਠੀ ਸੀ। ਉਹ ਕਾਫੀ ਦੋਸਤਾਨਾ ਰਵੱਈਏ ਵਾਲੀ ਸੀ। ਥੋੜ੍ਹੀ ਬਹੁਤੀ ਅੰਗਰੇਜ਼ੀ ਮੈਨੂੰ ਵੀ ਆਉਂਦੀ ਸੀ। ਮੈਂ ਐਮ.ਐਸਸੀ ਕੀਤੀ ਹੋਈ ਸੀ। ਉਸ ਨੇ ਦੇਖ ਕੇ ਪੁੱਛਿਆ- ਪਹਿਲੀ ਵਾਰ ਜਹਾਜ਼ ਵਿਚ ਬੈਠੇ ਹੋ। ਮੈਂ ਕਿਹਾ- ਹਾਂ ਜੀ। ਪਹਿਲੀ ਵਾਰ ਜਾ ਰਿਹਾਂ, ਯੂ.ਐਸ.ਏ. ਜਾ ਰਿਹਾਂ। ਉਸ ਨੇ ਮੈਨੂੰ ਤਸੱਲੀ ਦਿੱਤੀ। ਮੈਨੂੰ ਕੋਈ ਡਰ ਨਹੀਂ ਸੀ, ਬਸ ਥੋੜ੍ਹਾ ਉਤਸ਼ਾਹ ਸੀ ਕਿ ਮੈਂ ਨਵੇਂ ਸਫਰ ‘ਤੇ ਜਾ ਰਿਹਾ ਹਾਂ ਅਤੇ ਮੇਰੇ ਕੋਲ ਕੋਈ ਜ਼ਿੰਮੇਵਾਰੀ ਵੀ ਹੈ ਕਿ ਮੈਂ ਆਪਣਾ ਕੰਮ ਕਰਕੇ ਫਿਰ ਵਾਪਸ ਆਉਣਾ ਹੈ। ਮੇਰਾ ਜਹਾਜ਼ ਪਹਿਲਾਂ ਕੁਵੈਤ ਜਾ ਕੇ ਰੁਕਿਆ, ਫਿਰ ਉਥੋਂ ਲੰਡਨ ਨੂੰ ਅਗਲੀ ਉਡਾਨ ਭਰੀ। ਉਥੇ ਮੈਂ ਦੋ-ਤਿੰਨ ਘੰਟੇ ਰੁਕਿਆ। ਉਥੇ ਹਾਲਾਤ ਇਸ ਤਰ੍ਹਾਂ ਸੀ ਕਿ ਮੇਰੇ ਅੱਗੇ ਵਾਲੀਆਂ ਚਾਰ ਸੀਟਾਂ ਖਾਲੀ ਸਨ ਅਤੇ ਮੈਂ ਇੱਕ ਪਾਸੇ ਬੈਠਾ ਸੀ। ਚਾਰ ਬੰਦੇ ਆਏ ਜਿਨ੍ਹਾਂ ਦੇ ਹਥਕੜੀਆਂ ਅਤੇ ਬੇੜੀਆਂ ਲੱਗੀਆਂ ਹੋਈਆਂ ਸਨ, ਉਨ੍ਹਾਂ ਨਾਲ ਪੁਲਿਸ ਸੀ। ਉਹ ਬਿਲਕੁਲ ਮੇਰੇ ਅੱਗੇ ਬੈਠੇ ਸਨ। ਮੈਂ ਉਨ੍ਹਾਂ ਵੱਲ ਬਹੁਤ ਗੌਰ ਨਾਲ ਦੇਖਿਆ, ਉਹ ਸ਼ਾਇਦ ਅਰਬ ਸਨ ਕਿਉਂਕਿ ਉਹ ਹੋਰ ਭਾਸ਼ਾ ਬੋਲ ਰਹੇ ਸਨ। ਉਨ੍ਹਾਂ ਨੂੰ ਦੇਖ ਮੇਰੇ ਮਨ ਵਿਚ ਆਇਆ ਕਿ ਜਾ ਤਾਂ ਰਹੇ ਹਾਂ ਪਰ ਕਿਤੇ ਵਾਪਸੀ ਇਸ ਤਰ੍ਹਾਂ ਨਾ ਹੋਵੇ, ਹਾਲਾਤ ਇੱਥੋਂ ਤੱਕ ਵੀ ਆ ਸਕਦੇ ਸਨ। ਉਹ ਲੰਡਨ ਏਅਰਪੋਰਟ ਉਤੇ ਮੈਥੋਂ ਪਹਿਲਾਂ ਉਤਰੇ ਅਤੇ ਮੈਂ ਉਸ ਤੋਂ ਬਾਅਦ ਨਹੀਂ ਦੇਖੇ। ਮੇਰਾ ਜਹਾਜ਼ ਉਸ ਤੋਂ ਬਾਅਦ ਬਦਲ ਜਾਣਾ ਸੀ। ਕੁਵੈਤ ਤੋਂ ਬਾਅਦ ਤਾਂ ਮੇਰੇ ਖਿਆਲ ਉਨ੍ਹਾਂ ਉਤੇ ਹੀ ਟਿਕੇ ਰਹੇ।
ਸਵਾਲ: ਇਹ ਖਿਆਲ ਤਾਂ ਬੰਦੇ ਨੂੰ ਉਸ ਸਮੇਂ ਆਉਂਦਾ ਜਦੋਂ ਉਹ ਇਕੱਲਾ ਹੁੰਦਾ।
ਜਵਾਬ: ਮੈਂ ਜਹਾਜ਼ ਵਿਚ ਇਕੱਲਾ ਹੀ ਸੀ। ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਸੀ ਤੇ ਨਾ ਹੀ ਮੈਂ ਜਾਨਣ ਦੀ ਕੋਸ਼ਿਸ਼ ਕੀਤੀ। ਕੈਨੇਡਾ ਜਾਣ ਵਾਲੇ ਕਾਫੀ ਪੰਜਾਬੀ ਜਹਾਜ਼ ਵਿਚ ਸੀ ਪਰ ਮੈਂ ਕੋਸ਼ਿਸ ਨਹੀਂ ਕੀਤੀ।
ਸਵਾਲ: ਉਸ ਤੋਂ ਬਾਅਦ ਮੁੜ ਕੇ ਇਹੀ ਦੌਰ ਫਿਰ ਆਉਂਦਾ ਹੈ। ਤੁਹਾਨੂੰ ਭਾਵੇਂ ਬੇੜੀਆਂ ਨਾ ਲੱਗੀਆਂ ਹੋਣ …।
ਜਵਾਬ: ਨਹੀਂ ਲੱਗੀਆਂ ਹੋਈਆਂ ਸਨ।
ਸਵਾਲ: ਤੁਹਾਨੂੰ ਬੇੜੀਆਂ ਲਾ ਕੇ ਉਥੋਂ ਲਿਆਂਦਾ ਗਿਆ। ਜਦੋਂ ਤੁਸੀਂ ਇਹ ਫੈਸਲਾ ਕੀਤਾ ਕਿ ਭਾਵੇਂ ਤੁਸੀਂ ਭਾਰਤ ਸਰਕਾਰ ਦੇ ਖਿਲਾਫ ਕੇਸ ਜਿੱਤ ਗਏ ਸੀ, ਤੁਸੀਂ ਸੁੱਖੀ ਨਾਲ ਵਾਪਸ ਆਉਣ ਦਾ ਫੈਸਲਾ ਕੀਤਾ। ਤੁਹਾਡੀ ਅਤੇ ਸੁੱਖੀ ਦੀ ਦੋਸਤੀ ਮਿਸਾਲੀ ਹੈ। ਜਦੋਂ ਤੁਸੀਂ ਮੁੰਬਈ ਪਹੁੰਚ ਗਏ। ਸੁੱਖੀ ਨੂੰ ਹੋਰ ਜਹਾਜ਼ ਵਿਚ ਚੜ੍ਹਾਇਆ ਗਿਆ, ਤੁਹਾਨੂੰ ਹੋਰ ਵਿਚ। ਤੁਸੀਂ ਦੱਸਿਆ ਸੀ ਕਿ ਤੁਸੀਂ ਖੜ੍ਹ ਕੇ ਸੁੱਖੀ ਨੂੰ ਜਾਂਦਿਆਂ …
ਜਵਾਬ: ਹਾਂ, ਕਾਫੀ ਦੇਰ ਦੇਖਦਾ ਰਿਹਾ ਸੀ।
ਸਵਾਲ: ਉਹ ਕੀ ਨਜ਼ਾਰਾ ਸੀ ਅਤੇ ਮਨ ਵਿਚ ਕੀ ਚੱਲ ਰਿਹਾ ਸੀ?
ਜਵਾਬ: ਜਦੋਂ ਅਸੀਂ ਉਤਰੇ ਤਾਂ ਰਾਤ ਦੇ 12 ਵੱਜ ਚੁੱਕੇ ਸਨ। ਸਾਨੂੰ ਅਡਜੈਕਟਿਵ ਲੌਂਜ ‘ਚ ਲੈ ਗਏ। ਸਾਡੇ ਨਾਲ ਸੀ.ਬੀ.ਆਈ. ਦਾ ਜੁਆਇੰਟ ਡਾਇਰੈਕਟਰ ਇੰਚਾਰਜ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਨਹਾਉਣਾ ਹੈ। ਪਹਿਲਾਂ ਉਨ੍ਹਾਂ ਨੇ ਮਨ੍ਹਾ ਕੀਤਾ ਪਰ ਬਾਅਦ ਵਿਚ ਉਹ ਮੰਨ ਗਏ। ਨਹਾਉਣ ਦੇ ਬਾਅਦ ਅਸੀਂ ਪੱਗਾਂ ਬੰਨ੍ਹ ਲਈਆਂ। ਫਿਰ ਉਨ੍ਹਾਂ ਸਾਨੂੰ ਪੀਣ ਲਈ ਚਾਹ ਦਿੱਤੀ। ਸਵੇਰ ਦੇ ਛੇ ਵੱਜ ਗਏ। ਅਸੀਂ ਸੁੱਤੇ ਵੀ ਨਹੀਂ। ਛੇ ਵਜੇ ਉਹ ਆਪਣੇ ਜਹਾਜ਼ ਉਤੇ ਜੋਧਪੁਰ ਨੂੰ ਚੱਲ ਪਿਆ ਅਤੇ ਮੈਂ ਦਿੱਲੀ ਨੂੰ। ਅਸੀਂ ਕਾਫੀ ਦੂਰ ਤੱਕ ਇਹ ਮਹਿਸੂਸ ਕਰਦੇ ਰਹੇ ਕਿ ਹੁਣ ਦੁਬਾਰਾ ਮਿਲਣਾ ਕਿ ਨਹੀਂ ਮਿਲਣਾ। ਕਾਫੀ ਦੂਰ ਤੱਕ ਮੈਂ ਵੀ ਦੇਖਦਾ ਰਿਹਾ ਅਤੇ ਉਹ ਵੀ ਦੇਖਦਾ ਰਿਹਾ। ਉਹ ਬਹੁਤ ਅਨੋਖਾ ਨਜ਼ਾਰਾ ਸੀ ਕਿ ਪਤਾ ਨਹੀਂ ਹੁਣ ਮੁੜ ਕੇ ਮੇਲੇ ਹੋਣੇ ਹਨ ਜਾਂ ਨਹੀਂ। ਇੱਕ ਦੂਜੇ ਨਾਲ ਸਾਂਝ ਇੰਨੀ ਸੀ ਅਤੇ ਇਹ ਲੱਗਣਾ ਤਾਂ ਸੁਭਾਵਿਕ ਹੀ ਸੀ।
ਸਵਾਲ: ਜਿੰਨੀ ਨੇੜਤਾ ਹੈ, ਓਨਾ ਹੀ ਗਹਿਰਾ ਵਿਛੋੜਾ ਹੁੰਦਾ ਹੈ। ਤੁਸੀਂ ਦੱਸਿਆ ਸੀ ਕਿ ਤੁਸੀਂ ਜਦੋਂ ਆ ਰਹੇ ਸੀ ਤਾਂ ਤੁਹਾਨੂੰ ਅੰਦਾਜ਼ਾ ਸੀ ਕਿ ਤੁਹਾਡੇ ਉਪਰ ਤਸ਼ੱਦਦ ਹੋਵੇਗਾ। ਉਸ ਲਈ ਤੁਸੀਂ ਮਾਨਸਿਕ ਤਿਆਰੀ ਕੀਤੀ। ਇੱਕ ਤੁਸੀਂ ਇਹ ਵੀ ਦੱਸਿਆ ਸੀ ਕਿ ਤੁਸੀਂ ਖਾਣਾ ਵੀ ਘੱਟ ਖਾਧਾ।
ਜਵਾਬ: ਤਕਰੀਬਨ ਖਾਧਾ ਨਹੀਂ, ਬਸ ਚਾਹ ਹੀ ਪੀਤੀ ਸੀ।
ਸਵਾਲ: ਤੁਸੀਂ ਤਸ਼ੱਦਦਖਾਨੇ ਨੂੰ ਜਾ ਰਹੇ ਸੀ। ਸਭ ਤੋਂ ਕਰੀਬੀ ਮਿੱਤਰਾਂ ਵਿਚੋਂ ਇੱਕ ਮਿੱਤਰ ਬਾਰੇ ਤੁਹਾਨੂੰ ਲੱਗ ਰਿਹਾ ਹੈ ਕਿ ਸ਼ਾਇਦ ਮੁੜ ਕੇ ਉਹ ਮਿਲੇ ਜਾਂ ਨਾ ਮਿਲੇ। ਜਿਵੇਂ ਹੁਣ ਕਰੋਨਾ ਦੌਰ ਵਿਚ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਗੱਲ ਇਸ ਤਰ੍ਹਾਂ ਕਰ ਲਵੋ, ਜਿਵੇਂ ਆਖਰੀ ਗੱਲ ਹੋਵੇ। ਉਸ ਪਲ ਤੁਸੀਂ ਆਪਣੇ ਆਪ ਨੂੰ ਕੀ ਸਮਝਾਇਆ?
ਜਵਾਬ: ਨਹੀਂ, ਇਹ ਤਾਂ ਤੈਅ ਸੀ ਕਿ ਵਿਛੜਾਂਗੇ। ਉਸ ਨੇ ਜੋਧਪੁਰ ਜਾਣਾ ਸੀ, ਮੈਂ ਦਿੱਲੀ ਜਾਣਾ ਸੀ।
ਸਵਾਲ: ਤੁਹਾਨੂੰ ਪਤਾ ਕਦੋਂ ਲੱਗਿਆ?
ਜਵਾਬ: ਇਹ ਤਾਂ ਉਥੇ ਹੀ ਪਤਾ ਸੀ। ਉਸ ਉਪਰ ਕੇਸ ਉਥੋਂ ਦਾ ਸੀ ਅਤੇ ਮੇਰੇ ਉਪਰ ਦਿੱਲੀ ਦਾ ਸੀ। ਹਵਾਲਗੀ ਵਿਚ ਹੁੰਦਾ ਹੈ ਕਿ ਜਿਸ ਮੁਤੱਲਕ ਹਵਾਲਗੀ ਹੋਈ ਹੈ, ਤੁਸੀਂ ਉਥੇ ਜਾਣਾ ਹੈ ਅਤੇ ਉਹੀ ਕੇਸ ਚੱਲੇਗਾ। ਉਸ ਦੁਵਿਧਾ ਵਿਚ ਪਹਿਲਾਂ ਮੈਂ ਥਾਣੇ ਗਿਆ। ਪੁਲਿਸ ਮੁਲਾਜ਼ਮਾਂ ਨਾਲ ਲੰਮੀ-ਚੌੜੀ ਗੱਲਬਾਤ ਹੋਈ। ਫਿਰ ਅਦਾਲਤ ਗਿਆ ਜਿਸ ਤੋਂ ਬਾਅਦ ਉਸ ਸ਼ਾਮ ਮੈਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ। ਉਥੇ ਆ ਕੇ ਮਹਿਸੂਸ ਹੋਇਆ ਕਿ ਕਿੱਥੇ ਆ ਗਏ। ਤਿਹਾੜ ਜੇਲ੍ਹ ਬੜੀ ਵੱਖਰੀ ਸੀ, ਅਮਰੀਕੀ ਜੇਲ੍ਹਾਂ ਦੇ ਮੁਕਾਬਲੇ। ਇੱਕ ਤਾਂ ਪਹਿਲਾਂ ਤੁਹਾਨੂੰ ਹੇਠਾਂ ਲਾਈਨਾਂ ਵਿਚ ਬਿਠਾ ਲਿਆ ਜਾਂਦਾ ਹੈ। ਮੈਂ ਕਿਹਾ, ਮੈਂ ਹੇਠਾਂ ਨਹੀਂ ਬੈਠਣਾ। ਉਥੇ ਪਹਿਲਾਂ ਉਨ੍ਹਾਂ ਨਾਲ ਕਾਫੀ ਬਹਿਸ ਹੋਈ। ਉਹ ਨੰਬਰਦਾਰ ਜਿਹੇ ਹੁੰਦੇ ਹਨ। ਹੁੰਦੇ ਤਾਂ ਉਹ ਕੈਦੀ ਹੀ ਹਨ ਪਰ ਮੈਨੂੰ ਕੀ ਪਤਾ ਸੀ। ਉਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸੀ। ਮੈਂ ਕਿਹਾ, ਮੈਂ ਤਾਂ ਬੈਂਚ ਉਪਰ ਬੈਠਾਂਗਾ। ਜਦੋਂ ਜ਼ਿਆਦਾ ਬਹਿਸ ਹੋ ਗਈ ਤਾਂ ਉਹ ਕਹਿੰਦੇ, ਤੁਸੀਂ ਅੰਦਰ ਚਲੇ ਜਾਓ। ਮੈਂ ਅੰਦਰ ਚਲਾ ਗਿਆ। ਮੈਨੂੰ ਅਫਸਰ ਨੇ ਬੁਲਾਇਆ। ਮੈਂ ਤੁਹਾਨੂੰ ਦੱਸਦਾਂ, ਉਥੇ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ। ਉਹ ਡਿਪਟੀ ਸੁਪਰਡੈਂਟ ਗਰਗ ਸੀ। ਉਸ ਨੇ ਸੋਚਿਆ, ਮੈਂ ਚੰਗੇ ਪਰਿਵਾਰ ਵਿਚੋਂ ਹਾਂ। ਉਸ ਨੇ ਉਸੇ ਲਹਿਜੇ ਵਿਚ ਗੱਲ ਕੀਤੀ, ਕੋਈ ਪੈਸੇ ਬਾਰੇ, ਜਾਂ ਤੁਹਾਨੂੰ ਮਿਲਣ ਕੌਣ ਆਉਂਦਾ, ਕੌਣ ਮਦਦ ਕਰ ਸਕਦਾ …। ਮੈਂ ਅੰਗਰੇਜ਼ੀ ਵਿਚ ਹੀ ਗੱਲਬਾਤ ਕੀਤੀ ਜੋ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ 14 ਸਾਲ ਹੋ ਗਏ। ਤੁਸੀਂ ਗਲਤ ਬੰਦੇ ਨਾਲ ਗੱਲ ਕਰ ਰਹੇ ਹੋ। ਉਹ ਸਮਝ ਗਿਆ। ਥੋੜ੍ਹਾ ਆਕੜਿਆ ਜ਼ਰੂਰ, ਮੈਂ ਕਿਹਾ ਜੋ ਤੁਹਾਡਾ ਜ਼ੋਰ ਲੱਗਦਾ, ਤੁਸੀਂ ਕਰ ਲਓ। ਉਸ ਸਮੇਂ ਤੁਹਾਡੇ ਅੰਦਰ ਇਕੱਲ ਹੋਣ ਕਰਕੇ ਡਰ ਨਿਕਲ ਜਾਂਦਾ ਹੈ ਕਿ ਇਸ ਤੋਂ ਵੱਧ ਹੋਰ ਕੀ ਹੋ ਜਾਵੇਗਾ। ਥੱਲਾ ਤਾਂ ਦੇਖਿਆ ਹੀ ਹੈ। ਇਕੱਲ ਦੀ ਸਭ ਤੋਂ ਵੱਡੀ ਖੇਡ ਤੁਹਾਡਾ ਅੰਦਰੂਨੀ ਡਰ ਹੈ। ਜੇ ਕਿਸੇ ਤਰ੍ਹਾਂ ਤੁਸੀਂ ਉਸ ਉਪਰ ਕਾਬੂ ਕਰ ਲੈਂਦੇ ਹੋ ਤਾਂ ਫੇਰ ਇਕੱਲ ਤੁਹਾਨੂੰ ਮਾਤ ਨਹੀਂ ਦਿੰਦੀ। ਇਹੀ ਸਭ ਤੋਂ ਵੱਡੀ ਮਾਤ ਹੈ।
ਸਵਾਲ: ਇਹ ਲਗਾਤਾਰ ਚਲਦੀ ਲੜਾਈ ਹੈ ਬੰਦੇ ਦੀ ਆਪਣੇ-ਆਪ ਨਾਲ?
ਜਵਾਬ: ਫਿਰ ਤੁਸੀਂ ਹੋਰ ਹਨੇਰੇ ਵਿਚ ਚਲੇ ਜਾਂਦੇ ਹੋ। ਤੁਹਾਡੇ ਅੰਦਰੂਨੀ ਡਰ ਨੂੰ ਮੌਕਾ ਤਾਂ ਬੜੀ ਵਾਰ ਮਿਲਦਾ ਹੈ ਕਿ ਤੁਸੀਂ ਦਬਾਅ ਹੇਠ ਆ ਜਾਵੋ। ਤੁਹਾਡੀ ਜੇਲ੍ਹ ਬੰਦੀ ਜਾਂ ਜ਼ਿੰਦਗੀ ਦਾ ਸਫਰ, ਉਹ ਤੁਹਾਨੂੰ ਦਬਾਅ ਤੋਂ ਕੋਈ ਨਾ ਕੋਈ ਰਾਹ ਲੱਭਣ ਦਾ ਮੌਕਾ ਜ਼ਰੂਰ ਦਿੰਦਾ ਹੈ। ਬਸ ਤੁਸੀਂ ਸਮਝ ਜਾਓ ਕਿ ਪਾਸਾ ਕਿਹੜਾ ਲੈਣਾ ਹੈ ਤਾਂ ਕਿ ਇਹ ਡਰ ਆ ਕੇ ਤੁਹਾਡੇ ਵਿਚ ਵੱਜੇ ਨਾ।
ਸਵਾਲ: ਜਦੋਂ ਤੁਸੀਂ ਜੇਲ੍ਹ ਵਿਚ ਹੋ, ਉਥੇ ਤੁਹਾਡੀ ਇਕੱਲਤਾ ਨੂੰ ਤੋੜਨ ਵਾਲੀਆਂ ਚੀਜ਼ਾਂ ਹਨ ਜਾਂ ਆਸ ਤੁਹਾਡੀ ਇਕੱਲਤਾ ਨੂੰ ਤੋੜਦੀ ਹੈ। ਉਸ ਦੇ ਵਿਚ ਹੈ ਕਿ ਬਾਹਰੋਂ ਤੁਹਾਡੇ ਕੇਸ ਦੀ ਕਿਸ ਤਰ੍ਹਾਂ ਪੈਰਵੀ ਹੋ ਰਹੀ ਹੈ। ਤੁਹਾਡੇ ਬਾਹਰ ਜਾਣ ਦੀ ਕਿੰਨੀ ਗੁੰਜਾਇਸ਼ ਹੈ। ਤੁਹਾਡੀ ਇੱਕ ਮੁਲਾਕਾਤ ਆਪਣੇ ਪਿਤਾ ਜੀ ਨਾਲ ਹੋਈ ਕਿ ਤੁਹਾਡੇ ਮਾਮਲੇ ਦੀ ਪੈਰਵੀ ਕਿਵੇਂ ਕੀਤੀ ਜਾਵੇ? ਉਹ ਕੀ ਗੱਲਬਾਤ ਹੋਈ ਸੀ?
ਜਵਾਬ: ਨਹੀਂ, ਜਦੋਂ ਪਹਿਲੀ ਵਾਰ ਮੈਨੂੰ ਘਰਦੇ ਮਿਲੇ ਤਾਂ ਉਸ ਸਮੇਂ ਮੈਂ ਅਦਾਲਤ ਵਿਚ ਸੀ। ਤੁਹਾਡੇ ਉਪਰ ਪੁਲਿਸ ਵੱਲੋਂ ਨਕਾਬ ਪਾਇਆ ਜਾਂਦਾ ਹੈ। ਵੈਸੇ ਤਾਂ ਮੈਂ ਆਪਣੇ ਕੱਪੜਿਆ ਵਿਚ ਸੀ, ਹੱਥਕੜੀਆਂ, ਬੇੜੀਆਂ ਲੱਗੀਆਂ ਹੋਈਆਂ ਸਨ। ਮੈਂ ਰੌਲਾ ਪਾਇਆ ਕਿ ਮੈਨੂੰ ਕਿਸੇ ਦਾ ਡਰ ਨਹੀਂ, ਮੈਂ ਨਕਾਬ ਨਹੀਂ ਪਾਉਣਾ। ਮੈਂ ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਸੀ, ਜਾਂ ਮੈਂ ਕਿਹੜਾ ਕਿਸੇ ਸਨਾਖਤ ਤੋਂ ਡਰਦਾ ਹਾਂ। ਉਹ ਮੰਨੇ ਨਹੀਂ। ਸਾਨੂੰ ਅਦਾਲਤ ਵਿਚ ਲੈ ਗਏ। ਅਦਾਲਤ ਵਿਚ ਜਦੋਂ ਪਾਪਾ ਜੀ ਦੀ ਆਵਾਜ਼ ਆਈ ਤਾਂ ਮੈਨੂੰ ਇਹ ਪਤਾ ਲੱਗ ਗਿਆ ਕਿ ਉਹ ਆਏ ਹੋਏ ਹਨ। ਉਥੇ ਇਨ੍ਹਾਂ ਨੇ ਮੈਨੂੰ ਨਕਾਬ ਚੁੱਕਣ ਦੀ ਇਜਾਜ਼ਤ ਦੇ ਦਿੱਤੀ। ਜੱਜ ਵੀ ਖੜ੍ਹਾ ਸੀ। ਮੈਂ ਪਹਿਲਾਂ ਇਹੀ ਕਿਹਾ ਕਿ ਮੈਂ ਠੀਕ ਹਾਂ, ਕੋਈ ਘਬਰਾਉਣ ਵਾਲੀ ਗੱਲ ਨਹੀਂ। ਮੈਂ ਇਹੀ ਚਾਹੁੰਦਾ ਹਾਂ ਕਿ ਤੁਸੀਂ ਖੱਜਲ ਨਾ ਹੋਇਓ। ਤੁਸੀਂ ਆਰਾਮ ਨਾਲ ਘਰ ਬੈਠੋ। ਆਪਾਂ ਵਕੀਲ ਕੀਤਾ ਹੋਇਆ ਹੈ। ਇਹ ਪੰਗਾ ਮੇਰਾ ਖੁਦ ਦਾ ਲਿਆ ਹੋਇਆ ਹੈ, ਮੈਂ ਖੁਦ ਹੀ ਇਸ ਨੂੰ ਸੁਲਝਾਵਾਂਗਾ। ਸੁਲਝ ਗਿਆ ਤਾਂ ਵੀ ਠੀਕ ਹੈ, ਜੇ ਨਾ ਸੁਲਝਿਆ ਤਾਂ ਵੀ ਠੀਕ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰ ਕੇ ਅਦਾਲਤਾਂ ਵਿਚ ਤੁਸੀਂ ਖੱਜਲ-ਖੁਆਰ ਹੋਵੋ। ਉਹ ਕੁਝ ਬੋਲੇ ਨਹੀਂ ਪਰ ਗਏ ਵੀ ਨਹੀਂ।
ਸਵਾਲ: ਉਸ ਵਕਤ ਤੁਹਾਡੀ ਪੈਰਵੀ ਕਰਨ ਵਾਲਾ ਉਹ ਸਭ ਤੋਂ ਵੱਡਾ ਸਹਾਰਾ ਸਨ ਪਰ ਤੁਸੀਂ ਉਸੇ ਸਹਾਰੇ ਦੀ ਚਿੰਤਾ ਸਭ ਤੋਂ ਵੱਧ ਕਰਦੇ ਹੋ ਅਤੇ ਉਸ ਨੂੰ ਪਿੱਛੇ ਧੱਕਦੇ ਹੋ?
ਜਵਾਬ: ਨਹੀਂ ਧੱਕ ਨਹੀਂ ਰਿਹਾ, ਇੱਕ ਤਾਂ ਸਾਡੇ ਵਿਚਾਰ ਪੂਰੀ ਤਰ੍ਹਾਂ ਨਹੀਂ ਮਿਲਦੇ ਸਨ। ਮੈਂ ਨਹੀਂ ਚਾਹੁੰਦਾ ਸੀ ਕਿ ਉਸ ਉਮਰੇ ਉਹ ਅਦਾਲਤਾਂ ਵਿਚ ਜਾਣ। ਮੈਂ ਦੇਖਿਆ ਹੀ ਹੋਇਆ ਸੀ। ਮੈਂ ਬਹੁਤਾ ਖੁਆਇਸ਼ਮਾਨ ਵੀ ਨਹੀਂ ਸੀ ਕਿ ਬਾਹਰ ਨਿਕਲਦਾ ਹਾਂ, ਜਾਂ ਨਹੀਂ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਕਰ ਕੇ ਘਰਦੇ ਖੱਜਲ ਹੋਣ। ਨਾ ਮੈਂ ਬਾਹਰ ਇਸ ਤਰ੍ਹਾਂ ਦੀ ਗੱਲ ਕੀਤੀ ਸੀ, ਤੇ ਨਾ ਹੀ ਮੈਂ ਇੱਥੇ ਕਰਨਾ ਚਾਹੁੰਦਾ ਸੀ।
ਸਵਾਲ: ਜਦੋਂ ਤੁਸੀਂ ਇੱਕ ਤੋਂ ਦੂਜੀ ਥਾਂ ਤੁਰ ਕੇ ਜਾਂਦੇ ਹੋ, ਮੈਨੂੰ ਲੱਗਦੈ, ਉਹ ਇਕੱਲਤਾ ਦਾ ਬਹੁਤ ਵੱਡਾ ਪਲ ਹੈ; ਉਹ ਇਹ ਕਿ ਜਦੋਂ ਤੁਸੀਂ ਜ਼ਿੰਦਗੀ ਵਿਚ ਪਹਿਲੀ ਵਾਰ ਅਵੰਤਿਕਾ ਮਾਕਨ ਨੂੰ ਮਿਲਣ ਗਏ। ਅਵੰਤਿਕਾ ਮਾਕਨ ਕਾਂਗਰਸ ਆਗੂ ਅਤੇ ਤਤਕਾਲੀ ਕੇਂਦਰੀ ਮੰਤਰੀ ਲਲਿਤ ਮਾਕਨ ਦੀ ਧੀ ਹੈ। ਲਲਿਤ ਮਾਕਨ ਦੇ ਕਤਲ ਦਾ ਮੁਕੱਦਮਾ ਤੁਹਾਡੇ ਖਿਲਾਫ ਸੀ। ਜਦੋਂ ਤੁਸੀਂ ਜੇਲ੍ਹ ਵਿਚੋਂ ਆਏ ਤਾਂ ਇੱਕ ਮੌਕਾ ਆਇਆ ਜਦੋਂ ਤੁਸੀਂ ਉਸ ਨੂੰ ਮਿਲਣ ਗਏ। ਜਿਹੜਾ ਇੱਕ ਥਾਂ ਤੋਂ ਤੁਰ ਕੇ ਉਸ ਨੂੰ ਮਿਲਣ ਤੱਕ ਦਾ ਪਲ ਸੀ, ਮੈਨੂੰ ਲੱਗਦਾ ਹੈ, ਤੁਸੀਂ ਉਸ ਪਲ ਵਿਚ ਵੀ ਇਕੱਲੇ ਸੀ।
ਜਵਾਬ: ਹਾਂ ਇਕੱਲਤਾ ਸੀ। ਮਨ ਵਿਚ ਦੁਵਿਧਾ ਸੀ ਕਿ ਇਸ ਨੂੰ ਨਿਜੱਠਣਾ ਕਿਵੇਂ ਹੈ। ਉਸ ਦਾ ਨਜ਼ਰੀਆ ਬਹੁਤ ਜਜ਼ਬਾਤੀ ਸੀ ਜੋ ਉਸ ਬਾਰੇ ਸਾਨੂੰ ਦੱਸਿਆ ਗਿਆ ਸੀ। ਦਰਦ ਮੇਰੇ ਕੋਲ ਵੀ ਬਹੁਤ ਸੀ, ਮੈਂ ਵੀ ਸਭ ਕੁਝ ਹੰਢਾਇਆ ਹੋਇਆ ਸੀ। ਮੈਂ ਕਿਹੜਾ ਮਾਕਨ ਨੂੰ ਜਾਣਦਾ ਸੀ। ਨਾ ਮੈਂ ਬਾਅਦ ਵਿਚ ਜਾਣਦਾ ਸੀ, ਨਾ ਮੈਂ ਪਹਿਲਾਂ ਜਾਣਦਾ ਸੀ। ਉਹ ਵੀ ਪਹਿਲਾਂ ਤਲਖੀ ਵਿਚ ਮਿਲੀ। ਜਦੋਂ ਗੱਲਬਾਤ ਸ਼ੁਰੂ ਹੋਈ, ਉਸ ਨੇ ਦੋਸਤਾਨਾ ਲਹਿਜੇ ਨਾਲ ਹੈਲੋ-ਹਾਏ ਕੀਤਾ ਪਰ ਤਲਖੀ ਤਾਂ ਸੀ। ਉਸ ਨੇ ਸੁਆਲ ਪੁੱਛਣੇ ਸ਼ੁਰੂ ਕਰ ਦਿੱਤੇ, ਕਿਵੇਂ, ਕਿਉਂ, ਕੀ ਹੋ ਗਿਆ? ਫਿਰ ਜਦੋਂ ਗੱਲਬਾਤ ਹੋਈ, ਉਹ ਪਲ ਸੀ, ਮੈਂ ਇਕੱਲਾ ਸੀ। ਕੋਈ ਡਰ ਨਹੀਂ ਸੀ। ਥੋੜ੍ਹੇ ਭਰਮ ਸੀ, ਉਹ ਟੁੱਟ ਗਏ। ਫਿਰ ਸਾਡਾ ਆਪਸੀ ਮੇਲ ਵਧ ਗਿਆ।
ਸਵਾਲ: ਉਸ ਪਿੱਛੋਂ ਤੁਸੀਂ ਜੇਲ੍ਹ ਤੋਂ ਬਾਹਰ ਆ ਗਏ। ਹੁਣ ਵੀ ਤੁਹਾਡੀ ਜ਼ਿੰਦਗੀ ਆਪਣੇ-ਆਪ ਤੱਕ ਮਹਿਦੂਦ ਰਹਿੰਦੀ ਹੈ। ਉਸ ਵਿਚ ਕੀ ਚੀਜ਼ਾਂ ਹਨ ਜੋ ਤੁਹਾਨੂੰ ਕਾਇਮ ਰੱਖਦੀਆਂ ਹਨ?
ਜਵਾਬ: ਇੱਕ ਤਾਂ ਇਹ ਹੈ ਕਿ ਜਿਹੜਾ ਮੇਰਾ ਨੇਮ ਬਣਿਆ ਹੋਇਆ ਹੈ, ਜਦੋਂ ਤੋਂ ਸੰਘਰਸ਼ ਵਿਚ ਗਿਆ ਅਤੇ ਮੈਂ ਜੇਲ੍ਹ ਕੱਟੀ; ਉਸ ਤੋਂ ਬਾਅਦ ਮੈਂ ਨੇਮ ਤੋੜਿਆ ਨਹੀਂ।
ਸਵਾਲ: ਜਿਹੜੀ ਜੇਲ੍ਹ ਵਾਲੀ ਤਰਤੀਬ ਹੈ, ਉਹ ਤੁਸੀਂ ਘਰ ਵੀ ਕਾਇਮ ਰੱਖੀ।
ਜਵਾਬ: ਘਰ ਵੀ ਕਾਇਮ ਰੱਖੀ। ਹੁਣ ਇਹ ਹੈ ਕਿ ਬੰਦਿਸ਼ ਨਹੀਂ ਹੈ। ਕਨਫਿਊਸੀਅਸ਼ ਕਹਿੰਦਾ ਹੈ ਕਿ ਬੰਦਾ ਕਈ ਵਾਰ ਦਿਸਦੀਆਂ ਜ਼ੰਜੀਰਾਂ ਤਾਂ ਭੰਨ ਲੈਂਦਾ ਪਰ ਅਣਦਿਸਦੀਆਂ ਜ਼ੰਜੀਰਾਂ ਵਿਚ ਫਸ ਜਾਂਦਾ ਹੈ। ਇਹ ਦਾਇਰਾ ਹੈ ਜਿਹੜਾ ਤੁਹਾਨੂੰ ਦਿਖਾਈ ਨਹੀਂ ਦਿੰਦਾ। ਉਹ ਤੁਸੀਂ ਆਪ ਘੱਤ ਲੈਂਦੇ ਹੋ ਕਿ ਇੱਥੋਂ ਬਾਹਰ ਨਹੀਂ ਹੋਣਾ। ਤੁਹਾਡੀ ਜ਼ਿੰਦਗੀ ਇਸ ਤਰ੍ਹਾਂ ਦੀ ਮਹਿਫੂਜ਼ ਹੋ ਚੁੱਕੀ ਹੈ ਕਿ ਕਸਰਤ ਕਰਨੀ, ਪੜ੍ਹਨਾ-ਲਿਖਣਾ, ਆਪਣੇ-ਆਪ ਵਿਚ ਰਹਿਣਾ, ਕੋਈ ਵਧੀਆ ਫਿਲਮ ਦੇਖ ਲਈ, ਕੋਈ ਚੰਗੀ ਕਿਤਾਬ ਪੜ੍ਹ ਲਈ। ਇਸ ਵਿਚ ਹੀ ਤੁਹਾਡੀ ਜ਼ਿੰਦਗੀ ਲੰਘ ਜਾਂਦੀ ਹੈ। ਜ਼ਿੰਦਗੀ ਇਕ ਤਰਤੀਬ ਹੀ ਤਾਂ ਹੈ, ਸਮਝਣ ਦੀ ਗੱਲ ਹੈ। ਉਸ ਨੂੰ ਤਰਤੀਬ ਵਿਚ ਕਿਵੇਂ ਰੱਖਣਾ, ਇਹ ਕਿਸੇ ਵੀ ਮਨੁੱਖ ਲਈ ਸਭ ਤੋਂ ਵੱਡੀ ਚਣੌਤੀ ਹੈ।
ਸਵਾਲ: ਤੁਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੋ ਜਿਸ ਵਿਚ ਤੁਸੀਂ ਆਪਣੀ ਜ਼ਿੰਦਗੀ ਦੀ ਤਰਤੀਬ ਬਾਰੇ ਗੱਲਬਾਤ ਕਰਦੇ ਹੋ; ਆਪਣੇ ਆਪ ਲਈ ਤੈਅ ਕੀਤੇ ਘੇਰੇ ਵਿਚ ਰਹਿਣ ਦੀ ਗੱਲ ਕਰਦੇ ਹੋ। ਜਦੋਂ ਇਸ ਘੇਰੇ ਤੋਂ ਬਾਹਰ ਜਾਣ ਦੀ ਗੱਲ ਆਉਂਦੀ ਹੈ, ਜਿਵੇਂ ਤੁਹਾਡਾ ਉਸ ਲਹਿਰ ਵਿਚ ਸ਼ਾਮਿਲ ਹੋਣਾ; ਉਹ ਕਿਹੜਾ ਪਲ ਹੈ ਜੋ ਤੁਹਾਨੂੰ ਆਪਣੀ ਇਕੱਲਤਾ ਵਿਚੋਂ ਕੱਢ ਕੇ ਸਮਾਜ ਅਤੇ ਸਿਆਸਤ ਦੇ ਘੇਰੇ ਵਿਚ ਲੈ ਕੇ ਆਉਂਦਾ ਹੈ?
ਜਵਾਬ: ਜਿਹੜੀ ਸੰਨ 1984 ਵਿਚ ਸਥਿਤੀ ਬਣੀ ਜਿਸ ਨੂੰ ਅੱਜ 37 ਸਾਲ ਹੋ ਗਏ ਹਨ, ਬਹੁਤ ਅਣਸੁਖਾਵੀਂ ਘਟਨਾ ਸੀ। ਇਸ ਦੀ ਵਾਅ ਤੁਹਾਨੂੰ ਲੱਗਣੀ ਹੀ ਸੀ। ਜੇ ਤੁਹਾਡੇ ਅੰਦਰ ਅਣਖ ਤੇ ਗ਼ੈਰਤ ਹੈ ਤਾਂ ਉਸ ਚੀਜ਼ ਨੇ ਤੁਹਾਡੇ ਅੱਗੇ ਵੱਡਾ ਸੰਕਲਪ ਲਿਆ ਖੜ੍ਹਾ ਕੀਤਾ। ਹੁਣ ਜੇ ਮੌਕਾ ਆਇਆ ਤਾਂ ਤੁਸੀਂ ਕਿੱਥੇ ਖੜ੍ਹੇ ਹੋ। ਉਹ ਮੇਰੇ ਇਕੱਲੇ ਲਈ ਹੀ ਸੁਆਲ ਨਹੀਂ ਸੀ, ਹੋਰਾਂ ਲਈ ਵੀ ਹੋਇਆ ਹੋਵੇਗਾ। ਮੈਨੂੰ ਇਹ ਚੁਭਿਆ ਕਿ ਇਸ ਤਰ੍ਹਾਂ ਦਾ ਸੰਕਲਪ ਸਾਡੇ ਲਈ ਹੀ ਕਿਉਂ ਖੜ੍ਹਾ ਹੋਇਆ। ਕੀ ਆਪਾਂ ਇੰਨੇ ਦਬ ਗਏ ਹਾਂ, ਜਾਂ ਇੰਨੇ ਕਮਜ਼ੋਰ ਹੋ ਗਏ ਹਾਂ ਕਿ ਸਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ? ਉਸ ਨੇ ਇੱਕ ਖਿੱਚ ਤਾਂ ਪੈਦਾ ਕਰਨੀ ਹੀ ਸੀ।
ਸਵਾਲ: ਉਸ ਖਿੱਚ ਵਿਚੋਂ ਤੁਹਾਡਾ ਇਕ ਨਿਸ਼ਾਨਾ, ਜਿਵੇਂ ਤੁਸੀਂ ਦੱਸਿਆ ਸੀ, ਉਹ ਇਹ ਸੀ ਕਿ ਜਿੰਨਾ ਵੱਡਾ 1984 ਦਾ ਸਦਮਾ ਹੈ, ਅਪਰੇਸ਼ਨ ਬਲਿਊ ਸਟਾਰ; ਉਸ ਵਿਚ ਜ਼ਰੂਰੀ ਸੀ ਕਿ ਉਸ ਕਿਸਮ ਦਾ ਹੀ ਜਵਾਬ ਦਿੱਤਾ ਜਾਵੇ। ਇੱਕ ਵੱਡਾ ਨਿਸ਼ਾਨਾ ਤੈਅ ਕੀਤਾ ਗਿਆ ਸੀ, ਉਹ ਮੌਕੇ ਦੀ ਪ੍ਰਧਾਨ ਮੰਤਰੀ ਸੀ।
ਜਵਾਬ: ਹਾਂ ਖਿਆਲ ਸੀ।
ਸਵਾਲ: ਤੁਹਾਡਾ ਖਿਆਲ ਸੀ ਪਰ ਪ੍ਰਧਾਨ ਮੰਤਰੀ ਦਾ ਕਤਲ 31 ਅਕਤੂਬਰ ਨੂੰ ਹੋ ਗਿਆ। ਤੁਹਾਨੂੰ ਉਸ ਦਿਨ ਕੀ ਲੱਗਿਆ।
ਜਵਾਬ: ਇਹ ਤਾਂ ਨਹੀਂ ਕਿ ਅਸੀਂ ਕੋਈ ਭੰਗੜੇ ਪਾਏ ਜਾਂ ਲੱਡੂ ਵੰਡੇ ਜਿਵੇਂ ਲੋਕਾਂ ਨੇ ਕੀਤਾ ਸੀ। ਅਸੀਂ ਕਿਹਾ ਸੀ ਕਿ ਇੱਕ ਤਰ੍ਹਾਂ ਨਾਲ ਸਾਡਾ ਮੀਲ ਪੱਥਰ ਤੈਅ ਹੋ ਗਿਆ। ਇਹ ਨਹੀਂ ਸੀ ਕਿ ਅਸੀਂ ਕੋਈ ਖੁਸ਼ੀ ਮਨਾਈ ਹੋਵੇ।
ਸਵਾਲ: ਦੂਜਾ ਪਾਸਾ ਜਿਹੜਾ ਮੈਂ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਵੀ ਇਸ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾਇਆ ਹੋਇਆ ਸੀ।
ਜਵਾਬ: ਹਾਂ ਖਿਆਲ ਸੀ।
ਸਵਾਲ: ਉਸ ਤੋਂ ਬਾਅਦ ਤੁਸੀਂ ਦਿੱਲੀ ਗਏ। ਦਿੱਲੀ ਵਿਚ ਉਸ ਸਮੇਂ ਬਹੁਤ ਵੱਡਾ ਕਤਲੇਆਮ ਹੋਇਆ। ਤੁਸੀਂ ਇੱਥੋਂ ਉਥੇ ਚਲੇ ਗਏ, ਉਹ ਪਲ ਕਿਸ ਕਿਸਮ ਦੇ ਸੀ, ਜਦੋਂ ਤੁਸੀਂ ਹੋਟਲ ਵਿਚ ਰੁਕੇ ਹੋਏ ਸੀ। ਬਾਹਰਲੇ ਪਾਸੇ ਜਿਸ ਕਿਸਮ ਦਾ ਮਾਹੌਲ ਸੀ, ਤੇ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਉਸ ਵਿਚ ਤੁਸੀਂ ਆਪਣੇ-ਆਪ ਨੂੰ ਕਿਵੇਂ ਦੇਖਦੇ ਹੋ?
ਜਵਾਬ: ਮੈਂ ਥੋੜ੍ਹੇ ਦਿਨਾਂ ਬਾਅਦ ਦਿੱਲੀ ਗਿਆ ਸੀ। ਉਦੋਂ ਦਿੱਲੀ ਸੜੀ ਹੋਈ ਸੀ। ਸਭ ਕੁਝ ਪ੍ਰਤੱਖ ਸੀ ਕਿ ਅੱਗਾਂ ਲੱਗੀਆਂ ਹਨ, ਇਮਾਰਤਾਂ ਟੁੱਟੀਆਂ ਹਨ, ਬਦਬੂ ਮਾਰ ਰਹੀ ਸੀ। ਕਾਲਖ ਥਾਂ-ਥਾਂ ਦਿਸਦੀ ਸੀ। ਖਾਸ ਕਰ ਮੈਂ ਦੱਖਣੀ ਦਿੱਲੀ ਗਿਆ ਸੀ। ਬਾਹਰਲੇ ਪਾਸੇ, ਤਿਰਲੋਕਪੁਰੀ ਮੈਂ ਨਹੀਂ ਗਿਆ, ਨਾ ਮੰਗੋਲਪੁਰੀ ਗਿਆ ਅਤੇ ਨਾ ਕੇਂਦਰੀ ਦਿੱਲੀ। ਦੱਖਣੀ ਦਿੱਲੀ ਵਿਚ ਪ੍ਰਤੱਖ ਨਿਸ਼ਾਨੀਆਂ ਸਨ। ਕਿੰਨਾ ਭਿਆਨਕ ਹਾਦਸਾ ਹੋਇਆ, ਉਹ ਦ੍ਰਿਸ਼ ਹੀ ਦਰਸਾਉਂਦੇ ਸੀ। ਮੇਰੀ ਜਿਨ੍ਹਾਂ ਵੀ ਚੰਗੇ-ਚੰਗੇ ਲੋਕਾਂ ਨਾਲ ਗੱਲਬਾਤ ਹੋਈ, ਜਾਂ ਜੋ ਮੈਂ ਆਪ ਦੇਖੇ, ਉਹ ਬੇਵਸੀ ਦੇ ਅੱਥਰੂ ਕੇਰਦੇ ਸਨ। ਸਭ ਦੀ ਜ਼ੁਬਾਨ ਉਤੇ ਨਾਮ ਸੀ ਕਿ ਇਹ ਸਭ ਕੁਝ ਕਿਸ ਨੇ ਕੀਤਾ, ਤੇ ਕਾਂਰਗਸ ਦੇ ਬੰਦਿਆਂ ਅਤੇ ਮੁਕਾਮੀ ਆਗੂਆਂ ਨੇ ਕੀਤਾ। ਥੋੜ੍ਹੇ ਦਿਨਾਂ ਬਾਅਦ ਹੀ ਕਿਤਾਬ ਆ ਗਈ ਸੀ- ‘ਹੂਅ ਆਰ ਦਿ ਗਿਲਟੀ।`
ਸਵਾਲ: ਪੀਪਲਜ਼ ਯੂਨੀਅਨ ਆਫ ਡੈਮੋਕਰੈਟਿਕ ਰਾਈਟਸ ਨੇ ਉਸ ਸਮੇਂ ਰਪਟ ਛਾਪੀ। ਜੋ ਤੁਸੀਂ ਦਿੱਲੀ ਤੋਂ ਲੈ ਕੇ ਆਏ।
ਜਵਾਬ: ਨਹੀਂ, ਕਿਤਾਬ ਤਾਂ ਬਾਅਦ ਵਿਚ ਆਈ। ਬਹੁਤ ਰੌਲਾ ਪਿਆ ਸੀ ਉਸ ਕਿਤਾਬ ਉਪਰ ਵੀ। ਸ਼ਾਇਦ ਸਰਕਾਰ ਨੇ ਕਿਤਾਬ ਉਪਰ ਪਾਬੰਦੀ ਵੀ ਲਗਾਈ।
ਸਵਾਲ: ਪੰਜਾਬ ਸਰਕਾਰ ਨੇ ਪਾਬੰਦੀ ਲਗਾਈ ਸੀ ਜਦੋਂ ਉਹ ਪੰਜਾਬੀ ਵਿਚ ਛਪੀ ਸੀ।
ਜਵਾਬ: ਹਾਂ ਕੁਝ ਹੋਇਆ ਸੀ, ਦਿੱਲੀ ਵੀ ਰੌਲਾ ਪਿਆ ਸੀ। ਮੇਰਾ ਖਿਆਲ ਹੈ, ਉਸ ਵਿਚ ਤੇਜਪਾਲ ਵੀ ਸੀ। ਜਿਹੜਾ ਤਹਿਲਕਾ ਵਾਲਾ ਹੈ।
ਸਵਾਲ: ਨਹੀਂ, ਤਰੁਣ ਤੇਜਪਾਲ ਉਸ ਵਿਚ ਨਹੀਂ ਸਨ।
ਜਵਾਬ: ਨਵਲੱਖਾ ਸੀ।
ਸਵਾਲ: ਗੌਤਮ ਨਵਲੱਖਾ ਸੀ।
ਜਵਾਬ: ਹਾਂ, ਇਹ ਬੰਦੇ ਸਨ ਜਿਹੜੇ ਸਰਗਰਮ ਕਾਰਕੁਨ ਸਨ।
ਸਵਾਲ: ਜਿਵੇਂ ਉਸ ਪੂਰੇ ਦੌਰ ਵਿਚ ਤੁਸੀਂ ਕਿਹਾ ਕਿ ਗੈਰਤ ਦਾ ਸੁਆਲ ਸੀ। ਜਿੰਨਾ ਗੁੱਸਾ ਸਭ ਨੂੰ ਆਇਆ ਅਤੇ ਉਸ ਦੇ ਨਤੀਜੇ ਵਜੋਂ ਤੁਹਾਡੇ ਹੱਥਾਂ ਵਿਚ ਹਥਿਆਰ ਆਏ, ਤੇ ਉਹ ਚੱਲੇ ਵੀ। ਜ਼ਿੰਦਗੀ ਵਿਚ ਮੁੜ ਕੇ ਵੀ ਕੋਈ ਇਸ ਤਰ੍ਹਾਂ ਦਾ ਪਲ ਆਇਆ, ਜਦੋਂ ਤੁਹਾਨੂੰ ਲੱਗਿਆ ਕਿ ਜਿਹੜਾ ਇਹ ਪਲ ਹੈ ਮੁੜ ਕੇ ਹਥਿਆਰ ਵੱਲ ਲੈ ਜਾਵੇਗਾ?
ਜਵਾਬ: ਨਹੀਂ, ਇਸ ਤਰ੍ਹਾਂ ਦੇ ਕੋਈ ਹਾਲਾਤ ਨਹੀਂ ਬਣੇ। ਮੈਨੂੰ ਤਾਂ ਗੁੱਸੇ ਹੋਇਆਂ ਵੀ ਬਹੁਤ ਚਿਰ ਹੋ ਗਿਆ ਹੈ। ਨਾ ਘਰ ਕਦੇ ਕੋਈ ਆਪਸ ਵਿਚ ਟਕਰਾਅ ਹੋਇਆ ਤੇ ਨਾ ਬਾਹਰ ਹੀ ਕਿਸੇ ਨਾਲ ਹੋਇਆ। ਛੋਟੀ-ਮੋਟੀ ਤੂੰ-ਤੂੰ ਮੈਂ-ਮੈਂ, ਉਹ ਵੀ ਬਹੁਤ ਘੱਟ ਹੋਈ। ਮੈਂ ਜੇਲ੍ਹ ਵਿਚ ਰਿਹਾ, ਹਾਂ ਅਮਰੀਕਾ ਵਿਚ ਸਾਡਾ ਝਗੜਾ ਹੋਇਆ। ਉਥੇ ਜੇਲ੍ਹਾਂ ਹੀ ਇਸ ਤਰ੍ਹਾਂ ਦੀ ਹਿੰਸਾ ਹੈ; ਜਾਂ ਤੁਸੀਂ ਹੋ ਜਾਂ ਉਹ ਹਨ। ਇਸ ਤੋਂ ਇਲਾਵਾ ਮੈਂ ਤਿਹਾੜ ਰਿਹਾ ਜਾਂ ਕਿਸੇ ਥਾਂ ਹੋਰ, ਫਿਰ ਇਸ ਤਰ੍ਹਾਂ ਦਾ ਮੌਕਾ ਨਹੀਂ ਆਇਆ। ਨਾ ਕਦੇ ਪੁਲਿਸ ਵਾਲਿਆਂ ਨਾਲ ਆਇਆ।
ਸਵਾਲ: ਜਦੋਂ ਅਸੀਂ ਇਸ ਵੇਲੇ ਕਰੋਨਾ ਮਹਾਮਾਰੀ ਦੇ ਦੌਰ ਵਿਚੋਂ ਲੰਘ ਰਹੇ ਹਾਂ ਤੇ ਲੋਕ ਇਕੱਲਤਾ ਦੀ ਗੱਲ ਕਰ ਰਹੇ ਹਨ। ਇਸ ਵੇਲੇ ਇਕੱਲਤਾ ਵੀ ਮਹਾਮਾਰੀ ਦੇ ਰੂਪ ਵਿਚ ਸਾਡੇ ਸਾਹਮਣੇ ਹੈ। ਕੀ ਇਸ ਦੌਰ ਵਿਚ ਵੀ ਤੁਹਾਡੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੁੰਦੀਆਂ ਹਨ?
ਜਵਾਬ: ਨਹੀਂ, ਮੈਂ ਮਹਾਮਾਰੀ ਨੂੰ ਆਪਣੇ ਆਪ ਤੇ ਬੰਦਿਸ਼ ਨਹੀਂ ਸਮਝਿਆ। ਪਹਿਲਾਂ ਹੀ ਮੇਰੀ ਜ਼ਿੰਦਗੀ ਬੜੀ ਸੀਮਤ ਜਿਹੀ ਹੈ। ਹਾਂ, ਜੇ ਕੋਈ ਕੰਮ ਕਰਨ ਜਾਣਾ ਹੈ, ਤਾਂ ਜਾਣਾ ਹੀ ਹੈ। ਉਹ ਮੇਰਾ ਪਹਿਲਾਂ ਵੀ ਉਸੇ ਤਰ੍ਹਾਂ ਨੇਮ ਸੀ ਤੇ ਹੁਣ ਥੋੜ੍ਹਾ ਘਟ ਗਿਆ। ਸਮਾਗਮ ਘਟ ਗਏ, ਕਿਸੇ ਘਰ ਆਉਣਾ-ਜਾਣਾ ਘਟ ਗਿਆ। ਇਸ ਕਰਕੇ ਮੇਰੀ ਜ਼ਿੰਦਗੀ ਉਪਰ ਬਹੁਤਾ ਫਰਕ ਨਹੀਂ ਪਿਆ।
ਸਵਾਲ: ਜਦੋਂ ਪਿਛਲੀ ਵਾਰ ਮੈਂ ਤੁਹਾਡਾ ਇੰਟਰਵਿਊ ਕੀਤਾ ਸੀ ਤਾਂ ਤੁਹਾਨੂੰ ਪੁੱਛਿਆ ਸੀ ਕਿ ਜੇਲ੍ਹ ਵਿਚ ਕਿਸ ਆਸ ਉਤੇ ਤੁਸੀਂ ਜ਼ਿੰਦਗੀ ਗੁਜ਼ਾਰੀ। ਤੁਸੀਂ ਜਵਾਬ ਦਿੱਤਾ ਸੀ ਕਿ ਆਸ ਉਮੀਦੇ …
ਜਵਾਬ: ਉਮਰ ਗੁਜ਼ਾਰੀ …
ਸਵਾਲ: ਹੁਣ ਇਸ ਦੌਰ ਵਿਚੋਂ ਤੁਸੀਂ ਕਿਸ ਕਿਸਮ ਦੀ ਉਮੀਦ ਦੇਖਦੇ ਹੋ?
ਜਵਾਬ: ਅੰਗਰੇਜ਼ੀ ਦਾ ਕਥਨ ਹੈ- ਦਾਓ ਸ਼ੈੱਲ ਵਿਲ ਪਾਸ, ਭਾਵ ਇਹ ਪਲ ਵੀ ਨਿਕਲ ਜਾਣਗੇ। ਦੁਨੀਆ ਉਪਰ ਆਫਤਾਂ ਆਉਂਦੀਆਂ ਰਹਿੰਦੀਆਂ ਹਨ। 1900 ਦੇ ਸ਼ੁਰੂ ਵਿਚ ਵੀ ਆਈਆਂ ਸਨ, ਸਪੈਨਿਸ਼ ਫਲੂ ਆਇਆ। ਇੰਨੀਆਂ ਵੱਡੀਆਂ ਜੰਗਾਂ ਹੋਈਆਂ। ਉਹ ਵੀ ਆਫਤਾਂ ਹੀ ਸਨ। ਉਸ ਸਮੇਂ ਵੀ ਲੋਕਾਂ ਦੀ ਜ਼ਿੰਦਗੀ ਸੀਮਤ ਹੋ ਗਈ ਸੀ। ਹੁਣ ਇੱਕ ਤਰੀਕੇ ਨਾਲ ਬਿਮਾਰੀ ਨੇ ਘੇਰਿਆ, ਮਾਨਵਤਾ ਨੂੰ ਨਵਾਂ ਦ੍ਰਿਸ਼ ਦਰਪੇਸ਼ ਹੈ ਜਿਸ ਨੇ ਉਨ੍ਹਾਂ ਦੀ ਹੋਂਦ ਨੂੰ ਲਲਕਾਰਿਆ ਹੈ। ਦੁਨੀਆ ਨੂੰ ਸਮਝ ਹੀ ਨਹੀਂ ਆਈ ਕਿ ਇਹ ਚੀਜ਼ ਇੰਨੀ ਕਿਵੇਂ ਘਾਤਕ ਹੋ ਗਈ? ਉਹ ਮੁੱਕਣ ਨੂੰ ਹੀ ਨਹੀਂ ਆ ਰਹੀ। ਇਹ ਬਹੁਤ ਵੱਡਾ ਸਵਾਲ ਹੈ। … ਕੱਲ੍ਹ ਵੀ ਅਮਰੀਕਾ ਵਿਚ ਕਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੁਣ ਭਾਰਤ ਵਿਚ ਮਾਮਲੇ ਘੱਟ ਹਨ, ਕਦੇ ਵਧ ਜਾਂਦੇ ਹਨ ਤੇ ਫਿਰ ਘੱਟ ਹੋ ਜਾਂਦੇ ਹਨ। ਪਤਾ ਹੀ ਨਹੀਂ ਲੱਗਦਾ ਕਿਉਂਕਿ ਆਪਣੇ ਇੱਥੇ ਸਿਹਤ ਸਹੂਲਤਾਂ ਦਾ ਇੰਤਜ਼ਾਮ ਹੀ ਇਸ ਤਰ੍ਹਾਂ ਦਾ ਹੈ। ਇੰਤਜ਼ਾਮ ਵਾਲੇ ਮੁਲਕ ਵੀ ਨਾਕਾਮਯਾਬ ਹੋ ਗਏ, ਉਹ ਇਸ ਦਾ ਸਾਹਮਣਾ ਹੀ ਨਹੀਂ ਕਰ ਸਕੇ।
ਸਵਾਲ: ਪਿਛਲੀ ਇੰਟਰਵਿਊ ਵਿਚ ਮੈਂ ਤੁਹਾਡਾ ਇਹ ਫਿਕਰਾ ਜੇਬ ਵਿਚ ਪਾ ਕੇ ਲੈ ਗਿਆ ਸੀ ਜੋ ਇਹ ਸੀ ਕਿ ਆਸ ਉਮੀਦੇ ਉਮਰ ਗੁਜ਼ਾਰੀ। ਇਸ ਵਾਰ ਦਾ ਜੋ ਫਿਕਰਾ ਹੈ, ਉਹ ਇਹ ਹੈ ਕਿ ਇਹ ਪਲ ਵੀ ਲੰਘ ਜਾਵੇਗਾ। ਤੁਸੀਂ ਆਪਣੀ ਇਸ ਜੇਲ੍ਹ ਦੀ ਡਾਇਰੀ ਵਿਚੋਂ ਕੁਝ ਪੜ੍ਹਨਾ ਚਾਹੁੰਦੇ ਹੋ।
ਜਵਾਬ: ਹਾਂ ਮੈਂ ਦੱਸਦਾਂ, ਉਹ ਕਹਿੰਦੇ ਹਨ ਕਿ ਜ਼ਿੰਦਗੀ ਦੀ ਸਿਆਣਪ … ਹੁਣ ਆਪਣੇ ਅੱਗੇ ਸਮਝ ਦੀ ਖਿੱਚ ਹੈ, ਇਸ ਨਾਲ ਕਿਵੇਂ ਨਜਿੱਠਣਾ। … ਆਪਣੇ ਅੱਗੇ ਇਹ ਸਵਾਲ ਹੈ। ਜਵਾਬ ਬੇਲੋੜੀਆਂ ਸ਼ੈਆਂ ਨੂੰ ਖਤਮ ਕਰਨ ‘ਚ ਹੈ। ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਹੀ ਨਹੀਂ, ਜਿਵੇਂ ਡਰ ਹੈ ਜਾਂ ਹੋਰ ਵਿਵਸਥਾ ਦੀਆਂ ਚੀਜ਼ਾਂ ਹਨ। ਆਪਾਂ ਉਨ੍ਹਾਂ ਦੇ ਦਾਬੇ ਹੇਠ ਕਿਉਂ ਆਉਣਾ ਹੈ? ਇਹ ਤੁਹਾਡੀ ਜ਼ਿੰਦਗੀ ਦੀ ਸਮਝ ਹੈ। ਇਸ ਤਰ੍ਹਾਂ ਦੇ ਮੌਕੇ ਉਹ ਚੀਜ਼ ਦਿੰਦੀ ਹੈ। ਜ਼ਿੰਦਗੀ ਦੀ ਸਿਆਣਪ ਬੇਲੋੜੀਆਂ ਸ਼ੈਆਂ ਤੋਂ ਛੁਟਕਾਰਾ ਪਾਉਣ ਵਿਚ ਹੈ। ਜਿਹੜੀਆਂ ਚੀਜ਼ਾਂ ਚਾਹੀਦੀਆਂ ਹੀ ਨਹੀਂ, ਉਨ੍ਹਾਂ ਨੂੰ ਖਤਮ ਕਰਨਾ ਹੀ ਆਪਣੇ ਲਈ ਚੰਗਾ ਹੈ।