ਅੱਜ ਦੀ ਪੀੜ੍ਹੀ ਬਬੀਤਾ ਨੂੰ ਕ੍ਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਦੀ ਮਾਂ ਦੇ ਰੂਪ ‘ਚ ਪਛਾਣਦੀ ਹੈ। ਇਸ ਪੀੜ੍ਹੀ ਨੂੰ ਸ਼ਾਇਦ ਇਹ ਪਤਾ ਵੀ ਨਹੀਂ ਹੋਵੇਗਾ ਕਿ ਤਿੰਨ-ਚਾਰ ਦਹਾਕੇ ਪਹਿਲਾਂ ਇਹੀ ਬਬੀਤਾ ਮੰਨੀ-ਪ੍ਰਮੰਨੀ ਸਟਾਰ ਸੀ। ਉਹ ਕ੍ਰਿਸ਼ਮਾ ਅਤੇ ਕਰੀਨਾ ਤੋਂ ਕਿਤੇ ਵੱਧ ਸੋਹਣੀ ਸੀ ਅਤੇ ਪਤਾ ਨਹੀਂ ਕਿੰਨੇ ਹੀ ਸਿਨੇਮਾ ਪ੍ਰੇਮੀ ਬਬੀਤਾ ‘ਤੇ ਦਿਲ-ਜਾਨ ਤੋਂ ਫਿਦਾ ਸਨ। ਬਬੀਤਾ ਦੇ ਪਿਤਾ ਹਰੀ ਸ਼ਿਵਦਾਸਾਨੀ ਖੁਦ ਵੀ ਉਸ ਦੌਰ ਦੇ ਚੰਗੇ ਚਰਿੱਤਰ ਅਦਾਕਾਰ ਸਨ। ਉਨ੍ਹਾਂ ਨੇ ਅੰਗਰੇਜ਼ ਔਰਤ ਬਾਰਬਰਾ ਨਾਲ ਵਿਆਹ ਕੀਤਾ ਸੀ। ਸ਼ਾਇਦ ਇਸੇ ਕਰ ਕੇ ਬਬੀਤਾ ਵੀ ‘ਮੇਮ’ ਵਰਗੀ ਲੱਗਦੀ ਸੀ।
ਆਪਣੀ ਭੈਣ ਦੀ ਧੀ ਸਾਧਨਾ ਨੂੰ ਅਦਾਕਾਰਾ ਬਣਵਾਉਣ ਵਾਲੇ ਹਰੀ ਸ਼ਿਵਦਾਸਾਨੀ ਆਪਣੀ ਬੇਟੀ ਨੂੰ ਫ਼ਿਲਮਾਂ ‘ਚ ਭੇਜਣ ਦੇ ਪੱਖ ‘ਚ ਨਹੀਂ ਸਨ। ਸੱਚ ਤਾਂ ਇਹ ਹੈ ਕਿ ਬੇਟੀ ਨੂੰ ਵੀ ਅਦਾਕਾਰੀ ‘ਚ ਕੋਈ ਖਾਸ ਦਿਲਚਸਪੀ ਨਹੀਂ ਸੀ। ਵੱਡੀ ਭੈਣ ਮੀਨਾ ਨੇ ਸਕੂਲ ‘ਚ ਨਾਟਕ ਜ਼ਰੂਰ ਕੀਤਾ ਸੀ, ਪਰ ਬਬੀਤਾ ਨੇ ਬੱਸ ਸ਼ੌਕ ਵਜੋਂ ਕੱਥਕ ਸਿੱਖਿਆ ਸੀ। ਇਹ ਬਾਅਦ ਦੀ ਗੱਲ ਹੈ ਕਿ ਪਿਤਾ ਨੇ ਉਸ ਨੂੰ ਫ਼ਿਲਮਾਂ ‘ਚ ਭੇਜਣ ਦਾ ਫੈਸਲਾ ਕੀਤਾ ਅਤੇ ਜੀæਪੀæ ਸਿੱਪੀ ਨਾਲ ਗੱਲ ਕੀਤੀ। ਉਨ੍ਹਾਂ ਨੇ ਬਬੀਤਾ ਦਾ ਸਕ੍ਰੀਨ ਟੈਸਟ ਲਿਆ ਅਤੇ ਉਹ ਨਵੇਂ ਹੀਰੋ ਰਾਜੇਸ਼ ਖੰਨਾ ਦੀ ਹੀਰੋਇਨ ਬਣ ਗਈ। ਪਹਿਲੇ ਹੱਲੇ ਹੀ ਬਬੀਤਾ ਦੀਆਂ ਸਾਲ ‘ਚ ਤਿੰਨ ਫ਼ਿਲਮਾਂ ਆਈਆਂ ਜਿਨ੍ਹਾਂ ਵਿਚ ‘ਰਾਜ਼’ ਤਾਂ ਸਾਧਾਰਨ ਹੀ ਰਹੀ, ਪਰ ‘ਦਸ ਲਾਖ’ ਸਫਲ ਹੋਈ ਅਤੇ ‘ਫਰਜ਼’ ਨੇ ਤਾਂ ਸਿਲਵਰ ਜੁਬਲੀ ਮਨਾਈ। ‘ਫਰਜ਼’ ਤੋਂ ਬਾਅਦ ਬਬੀਤਾ-ਜਤਿੰਦਰ ਦੀ ਹਿੱਟ ਜੋੜ ਬਣ ਗਈ। ‘ਬਨਫੂਲ’, ‘ਔਲਾਦ’, ‘ਅਨਮੋਲ ਮੋਤੀ’, ‘ਬਿਖਰੇ ਮੋਤੀ’, ‘ਏਕ ਹਸੀਨਾ ਦੋ ਦੀਵਾਨੇ’ ਵਰਗੀਆਂ ਜਤਿੰਦਰ ਤੇ ਬਬੀਤਾ ਦੀਆਂ ਫ਼ਿਲਮਾਂ ਆਈਆਂ। ਰਾਜੇਸ਼ ਖੰਨਾ ਨਾਲ ‘ਡੋਲੀ’, ਧਰਮਿੰਦਰ ਨਾਲ ‘ਕਬ ਕਿਉਂ ਔਰ ਕਹਾਂ’, ਸ਼ਸ਼ੀ ਕਪੂਰ ਨਾਲ ‘ਹਸੀਨਾ ਮਾਨ ਜਾਏਗੀ’, ਸ਼ੰਮੀ ਕਪੂਰ ਨਾਲ ‘ਤੁਮਸੇ ਅੱਛਾ ਕੌਨ ਹੈ’, ਵਿਸ਼ਵਜੀਤ ਨਾਲ ‘ਕਿਸਮਤ’ ਅਤੇ ਰਾਜਿੰਦਰ ਕੁਮਾਰ ਨਾਲ ‘ਅਨਜਾਨਾ’ ਬਬੀਤਾ ਦੀਆਂ ਹਿੱਟ ਫ਼ਿਲਮਾਂ ‘ਚੋਂ ਸਨ। ਬਬੀਤਾ ਦਾ ਵਿਆਹ ਰਣਧੀਰ ਕਪੂਰ 1971 ਵਿਚ ਹੋ ਗਿਆ। ਕਪੂਰ ਖਾਨਦਾਨ ਦੇ ਨਿਯਮਾਂ ਅਨੁਸਾਰ ਕੋਈ ਨੂੰਹ ਫ਼ਿਲਮਾਂ ‘ਚ ਕੰਮ ਨਹੀਂ ਕਰ ਸਕਦੀ ਸੀ, ਇਸ ਲਈ ਬਬੀਤਾ ਨੂੰ ਵੀ ਫ਼ਿਲਮੀ ਦੁਨੀਆਂ ਛੱਡਣੀ ਪਈ। ਨਿੱਜੀ ਜ਼ਿੰਦਗੀ ‘ਚ ਬਬੀਤਾ ਬੜੀ ਸਖਤ ਅਤੇ ਅਸੂਲ ਪਾਬੰਦ ਹੈ। ਸ਼ਾਇਦ ਇਹੀ ਕਾਰਨ ਹੈ ਕਿ ਰਣਧੀਰ ਕਪੂਰ ਦੀ ਆਰਾਮ-ਤਲਬੀ ਤੇ ਬੇਫਿਕਰ ਜ਼ਿੰਦਗੀ ਉਸ ਨੂੰ ਰਾਸ ਨਾ ਆਈ ਅਤੇ ਉਹ ਉਸ ਦੇ ਘਰੋਂ ਬੇਟੀਆਂ ਨਾਲ ਨਿਕਲ ਗਈ। ਪਰਦੇ ਦੇ ਪਿੱਛੇ ਰਹਿ ਕੇ ਬਬੀਤਾ ਨੇ ਆਪਣੀਆਂ ਬੇਟੀਆਂ ਦਾ ਕਰੀਅਰ ਬਣਾਉਣ ‘ਚ ਅਹਿਮ ਰੋਲ ਨਿਭਾਇਆ। ਉਂਜ 20 ਸਾਲ ਬਾਅਦ 2007 ਵਿਚ ਬਬੀਤਾ ਅਤੇ ਰਣਧੀਰ ਕਪੂਰ ਫਿਰ ਇਕੱਠੇ ਹੋ ਗਏ। ਬਬੀਤਾ ‘ਤੇ ਫ਼ਿਲਮਾਏ ਗੀਤ ਅੱਜ ਜਦੋਂ ਵੀ ਕਦੇ ਫਿਜ਼ਾ ‘ਚ ਗੂੰਜਦੇ ਹਨ, ਤਾਂ ਬਬੀਤਾ ਦੀ ਯਾਦ ਦਿਵਾ ਜਾਂਦੇ ਹਨ, ਜਿਵੇਂ ‘ਬੇਖ਼ੁਦੀ ਮੇਂ ਸਨਮ ਉਠ ਗਏ ਜੋ ਕਦਮæææ’, ‘ਆਓ ਹਜ਼ੂਰ ਤੁਮਕੋ ਸਿਤਾਰੋਂ ਮੇਂ ਲੇ ਚਲੂੰæææ’ ਅਤੇ ‘ਰਿਮਝਿਮ ਕੇ ਗੀਤ ਸਾਵਨ ਗਾਏæææ’। ਉਸ ਨੇ ਲੰਬਾ ਸਫਰ ਤੈਅ ਕੀਤਾ ਹੈ ਅਤੇ ਹਰ ਰੂਪ ‘ਚ ਆਪਣੀ ਛਾਪ ਛੱਡੀ ਹੈ।
Leave a Reply