ਖੇਤਾਂ ਦਾ ਜੇਤੂ ਕਾਮਾ, ਜ਼ਿੰਦਗੀ ‘ਚ ਹਾਰਿਆ ਜੁਆਰੀਆ

ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਚਿਰ ਪਹਿਲਾਂ ਸੀਰੀ ਰਲੇ ਇਕ ਕਾਮੇ ਦੇ ਬਹਾਨੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਦੇ ਹਾਲ ਬਿਆਨ ਕੀਤੇ ਹਨ। ਇਹ ਉਹ ਜਮਾਤ ਹੈ ਜਿਸ ਦੀ ਆਵਾਜ਼ ਅੱਵਲ ਤਾਂ ਨਿੱਕਲਦੀ ਹੀ ਨਹੀਂ, ਤੇ ਜੇ ਕਿਤੇ ਨਿੱਕਲੇ ਵੀ ਤਾਂ ਕੋਈ ਸੁਣਦਾ ਨਹੀਂ। ਅੱਜਕੱਲ੍ਹ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵੀ ਇਨ੍ਹਾਂ ਕਾਮਿਆਂ ਬਾਰੇ ਗੱਲਾਂ ਚੱਲੀਆਂ ਪਰ ਇਸ ਚਰਚਾ ਵਿਚ ਵੀ ਇਹ ਬਹੁਤ ਪਿਛਾਂਹ ਰਹਿ ਗਏ। ਦੇਖਿਆ ਜਾਵੇ ਤਾਂ ਇਨ੍ਹਾਂ ਦਾ ਉਜਾੜਾ ਤਾਂ ਨਿੱਤ ਦਿਨ ਹੁੰਦਾ ਹੈ। ਲੇਖਕ ਨੇ ਆਪਣੀ ਇਸ ਲਿਖਤ ਵਿਚ ਕਾਮਿਆਂ ਦੀਆਂ ਮਾਨਸਿਕ ਗੁੰਝਲਾਂ ਦੀਆਂ ਬਾਤਾਂ ਵੀ ਕੀਤੀਆਂ ਹਨ।

ਰਾਜਿੰਦਰ ਪਾਲ ਸਿੰਘ ਬਰਾੜ
ਫੋਨ: +91-98150-50617
ਉਹਨੂੰ ਸਭ ਤਿੱਖਾ ਕਹਿ ਕੇ ਬੁਲਾਉਂਦੇ ਸਨ। ਕਈ ਦਾਤ ਵੀ ਕਹਿ ਦਿੰਦੇ ਸੀ ਪਰ ਬਹੁਤੇ ਉਸ ਨੂੰ ਤਿੱਖੇ ਨਾਂ ਨਾਲ ਹੀ ਬੁਲਾਉਂਦੇ ਸੀ। ਨ੍ਹੇਰੀ (ਹਨੇਰੀ) ਉਸ ਦਾ ਇਕ ਹੋਰ ਨਾਂ ਸੀ। ਉਹ ਸਾਰੇ ਨਾਵਾਂ ਨਾਲ ਬੋਲ ਪੈਂਦਾ ਸੀ। ਇਹ ਤਾਂ ਬਹੁਤ ਬਾਅਦ ਵਿਚ ਪਤਾ ਲੱਗਿਆ ਕਿ ਉਹਦਾ ਅਸਲ ਨਾਂ ਤਾਂ ਹੋਰ ਸੀ ਜੋ ਸਾਨੂੰ ਤਾਂ ਕੀ, ਉਸ ਨੂੰ ਵੀ ਯਾਦ ਨਹੀਂ ਸੀ। ਤਿੱਖਾ ਉਸ ਦਾ ਵਿਸ਼ੇਸ਼ਣ ਸੀ, ਆਪਣੇ ਕੰਮ ਨਾਲ ਆਪ ਕਮਾਇਆ। ਉਹ ਹਰ ਕੰਮ ਨੂੰ ਬੜੀ ਕਾਹਲੀ ਕਾਹਲੀ, ਛੋਹਲੇ ਛੋਹਲੇ ਕਰਦਾ ਸੀ। ਹਰ ਕੰਮ ਵਿਚ ਬੜਾ ਤਿੱਖਾ ਸੀ। ਅੱਜਕਲ੍ਹ ਦੀ ਭਾਸ਼ਾ ਵਿਚ ਸਮਾਰਟ, ਸਟੀਕ ਐਂਡ ਗੁੱਡ ਸਟਰਾਈਕਰ ਸੀ। ਹੈਰਾਨੀ ਦੀ ਗੱਲ ਹੈ ਕਿ ਉਸ ਦਾ ਅਸਲ ਨਾਂ ਮੈਨੂੰ ਅੱਜ ਤਕ ਨਹੀਂ ਪਤਾ ਲੱਗਿਆ ਹਾਲਾਂਕਿ ਉਹ ਚਾਰ ਪੰਜ ਸਾਲ ਸਾਡੇ ਨਾਲ ਸੀਰ ਕਰ ਗਿਆ ਸੀ।
ਸਾਡੀ ਜੱਦੀ ਜ਼ਮੀਨ ਤਾਂ ਸਾਧਾਂਵਾਲੇ ਪਿੰਡ ਸੀ, ਬਾਪੂ ਜੀ ਕੋਟਕਪੂਰੇ ਨੌਕਰੀ ਕਰਦੇ ਸਨ ਤੇ ਇੱਥੇ ਵੀ ਕੁਝ ਜ਼ਮੀਨ ਮੁੱਲ ਲੈ ਲਈ ਸੀ। ਪਹਿਲਾਂ ਅਸੀਂ ਦੋਵਾਂ ਥਾਵਾਂ ‘ਤੇ ਜ਼ਮੀਨ ਹਿੱਸੇ ‘ਤੇ ਦਿੰਦੇ ਸੀ ਪਰ ਮੇਰੇ ਦਸਵੀਂ ਕਰਨ ਸਮੇਂ ਆਪ ਟਰੈਕਟਰ ਲੈ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਤਿੱਖਾ ਸਾਡੇ ਨਾਲ ਸੀਰੀ ਆ ਰਲਿਆ। ਇਹ ਉਹ ਸਮਾਂ ਸੀ ਜਦੋਂ ਖੇਤੀ ਵਿਚ ਹਿੱਸੇ ਦੀ ਥਾਂ ਠੇਕਾ ਪ੍ਰਚੱਲਤ ਹੋ ਰਿਹਾ ਸੀ ਅਤੇ ਸੀਰੀ ਦੀ ਥਾਵੇਂ ਸਾਲ ਭਰ ਲਈ ਉੱਕੀ-ਪੁੱਕੀ ਰਕਮ ਮੁਕੱਰਰ ਕਰਨ ਦਾ ਰਿਵਾਜ ਪੈ ਰਿਹਾ ਸੀ। ਇੱਥੇ ਇਹ ਵਿਆਖਿਆ ਤਾਂ ਵਾਧੂ ਹੈ ਕਿ ਖੇਤੀ ਦੇ ਖਰਚੇ ਵਧ ਗਏ ਸੀ। ਹਿੱਸੇ ‘ਤੇ ਜ਼ਮੀਨ ਦੇਣ, ਲੈਣ ਅਤੇ ਸੀਰੀ ਸੇਪੀ ਸਾਰੇ ਪ੍ਰਬੰਧ ਹੀ ਹਿਸਾਬੋਂ ਕਿਤਾਬੋਂ ਬਾਹਰ ਹੋ ਗਏ ਸੀ, ਸਾਰੇ ਰਿਸ਼ਤੇ ਨਵੇਂ ਸਿਰਿਉਂ ਪਰਿਭਾਸ਼ਤ ਹੋ ਰਹੇ ਸਨ। ਪਰ ਅਜੇ ਵੀ ਠੇਕੇ ‘ਤੇ ਰੱਖੇ ਕਾਮੇ ਨੂੰ ਸੀਰੀ ਹੀ ਆਖਿਆ ਜਾਂਦਾ ਸੀ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਵੀ ਉਹੀ ਸਨ।
ਤਿੱਖੇ ਦਾ ਕੰਮ ਸਵੇਰੇ ਪਸ਼ੂਆਂ ਨੂੰ ਕੱਖ ਪਾਉਣ ਅਤੇ ਗੋਹਾ ਹਟਾਉਣ ਤੋਂ ਸ਼ੁਰੂ ਹੋ ਜਾਂਦਾ। ਖੇਤ ਘੱਟ ਕੰਮ ਹੋਵੇ ਤਾਂ ਸਵੇਰੇ ਰੋਟੀ ਘਰੋਂ ਖਾ ਕੇ ਜਾਂਦਾ, ਬਾਕੀ ਦਿਨ ਖੇਤ ਹੀ ਲੰਘਦਾ ਸੀ। ਸ਼ਾਮੀਂ ਪੱਠੇ ਲੈ ਕੇ ਮੁੜਦਾ ਅਤੇ ਵੱਧ ਕੰਮ ਦੇ ਦਿਨਾਂ ਵਿਚ ਰੋਟੀ ਪਿੱਛੇ ਜਾਂਦੀ ਸੀ। ਉਸ ਨੂੰ ਟਰੈਕਟਰ ਚਲਾਉਣਾ ਨਹੀਂ ਆਉਂਦਾ ਸੀ, ਸੋ ਇਹ ਕੰਮ ਪਹਿਲਾਂ ਡਰਾਈਵਰ ਅਤੇ ਫੇਰ ਆਪ ਹੀ ਕਰੀਦਾ ਸੀ। ਪਰ ਬਾਕੀ ਸਾਰੇ ਕੰਮ- ਵੱਟਾਂ ਪਾਉਣੀਆਂ, ਵੱਟਾਂ ਘੜਨੀਆਂ, ਪਾਣੀ ਲਾਉਣਾ, ਰੇਹ ਖਿਲਾਰਨਾ, ਗੋਡੀ ਕਰਨੀ, ਪੱਠੇ ਵੱਢਣੇ, ਕੁਤਰਨੇ, ਲਿਆਉਣੇ, ਫਸਲ ਵੱਢਣੀ, ਕੱਟਣੀ, ਝਾੜਨੀ, ਚੁਗਣੀ, ਸਾਂਭਣੀ- ਗੱਲ ਕੀ, ਸਾਰੇ ਕੰਮ ਉਸ ਨੇ ਕਰਨੇ ਹੁੰਦੇ ਸੀ। ਕੰਮ ਜ਼ਿਆਦਾ ਹੁੰਦਾ ਤਾਂ ਅਸੀਂ ਆਪ ਨਾਲ ਲਗਦੇ, ਹੋਰ ਜ਼ਿਆਦਾ ਹੁੰਦਾ ਤਾਂ ਵਾਧੂ ਦਿਹਾੜੀਏ ਹੁੰਦੇ ਪਰ ਆਮ ਹਾਲਤਾਂ ਵਿਚ ਸਾਰੇ ਕੰਮ ਉਸ ਨੇ ਹੀ ਕਰਨੇ ਸੀ। ਕੋਈ ਕੰਮ ਉਸ ਨੂੰ ਕਹਿਣਾ ਨਹੀਂ ਪੈਂਦਾ ਸੀ। ਕੰਮ ਦੀ ਵਿਉਂਤ ਉਸ ਦੀ ਆਪਣੀ ਹੁੰਦੀ ਸੀ, ਜੇ ਵਿਉਂਤ ਭੰਗ ਕਰਦੇ ਜਾਂ ਸਲਾਹ ਦਿੰਦੇ ਤਾਂ ਹੋਰੂੰ ਜਿਹੀ ਝਾਕਦਾ, ਫਿਰ ਮਨ ਮਾਰ ਕੇ ਸਾਡੇ ਦੱਸੇ ਅਨੁਸਾਰ ਕੰਮ ਕਰਨ ਲੱਗ ਪੈਂਦਾ। ਤੇ ਕਈ ਵਾਰ ਤਾਂ ਗੁੱਸੇ ਵਿਚ ਸਾਰੇ ਕੰਮ ਸਾਡੀ ਦੱਸੀ ਤਰਤੀਬ ਅਨੁਸਾਰ ਨਿਬੇੜ ਦਿੰਦਾ ਪਰ ਕਈ ਵਾਰ ਨਲਕੇ ਦੀ ਹੱਥੀ ਗੇੜਦਾ, ਹੱਥੀ ਕੱਢ ਬੈਠਦਾ, ਦਾਤੀ ਚਲਾਉਂਦਿਆਂ ਦਾਤੀ ਮਰਵਾ ਲੈਂਦਾ ਪਰ ਉਹ ਅੱਗੋਂ ਜਵਾਬ ਨਹੀਂ ਦਿੰਦਾ ਸੀ। ਕੰਮ ਨੂੰ ਕਚੀਚੀ ਵੱਟ ਕੇ ਪੈ ਜਾਂਦਾ ਸੀ। ਬਾਪੂ ਜੀ ਉਸ ਨੂੰ ਕੁਝ ਨਹੀਂ ਕਹਿੰਦੇ ਸੀ, ਕਿਉਂਕਿ ਜਾਣਦੇ ਸੀ ਕਿ ਬੰਦਾ ਕੰਮ ਦਾ ਹੈ। ਬੀਬੀ ਤੋਂ ਡਰਦਾ, ਘਰ ਦੇ ਕੰਮ ਜਲਦੀ ਨਿਬੇੜ ਕੇ ਖੇਤ ਜਾਣ ਲਈ ਕਾਹਲਾ ਰਹਿੰਦਾ।
ਮੇਰੇ ਨਾਲ ਉਸ ਦੀ ਬਹੁਤ ਬਣਦੀ ਸੀ। ਇਸ ਦਾ ਕਾਰਨ ਦੂਹਰਾ ਸੀ। ਇਕ ਤਾਂ ਮੈਂ ਖੇਤੀ ਦੇ ਕੰਮ ਨਾਲ ਕਰਾਉਂਦਾ ਸੀ, ਜਾਂ ਕਹਿ ਲਓ ਮੈਂ ਉਸ ਦਾ ਨਿਗਰਾਨ ਸੀ। ਦੂਜਾ ਮੈਨੂੰ ਉਸ ਦੀਆਂ ਗੱਲਾਂ ਵਿਚ ਬਹੁਤ ਦਿਲਚਸਪੀ ਸੀ। ਉਹ ਮੇਰੇ ਨਾਲ ਖੁੱਲ੍ਹਿਆ ਹੋਇਆ ਸੀ। ਤਿੱਖੇ ਨਾਲ ਖੁੱਲ੍ਹਣ ਦਾ ਸਬੱਬ ਵੀ ਅਜੀਬ ਬਣਿਆ। ਹਾੜ੍ਹੀ ਵੱਢੀ ਜਾ ਰਹੀ ਸੀ, ਮੇਰੀ ਡਿਊਟੀ ਕਾਮਿਆਂ ਤਕ ਚਾਹ ਪਾਣੀ ਪਹੁੰਚਾਉਣਾ ਅਤੇ ਨਿਗਰਾਨੀ ਕਰਨਾ ਸੀ। ਪਰ ਅਜਿਹਾ ਕਰਦਿਆਂ ਹਾੜ੍ਹੀ ਮੌਕੇ ਖੇਤ ਵਿਚ ਕੋਈ ਵਿਹਲਾ ਖੜ੍ਹਾ ਨਹੀਂ ਰਹਿ ਸਕਦਾ, ਨਾਲ ਹਾੜ੍ਹੀ ਵੀ ਵੱਢਣੀ ਪੈਂਦੀ ਸੀ। ਮੇਰੇ ਸਮੇਤ ਸਭ ਆਪੋ ਆਪਣੀਆਂ ਪਾਤਾਂ ਵਿਚ ਹਾੜ੍ਹੀ ਵੱਢ ਰਹੇ ਸੀ। ਅਚਾਨਕ ਚੀਂ ਚੀਂ ਦੀ ਉੱਚੀ ਆਵਾਜ਼ ਆਈ। ਸਾਰੇ ਪਾਤਾਂ ਵਿਚੋਂ ਉਠ 11 ਕੇ.ਵੀ. ਦੇ ਉੱਚੇ ਬਿਜਲੀ ਦੇ ਖੰਭੇ ਵੱਲ ਦੇਖਣ ਲੱਗੇ। ਤਿੱਖਾ ਉੱਚੀ ਆਵਾਜ਼ ਵਿਚ ਬੋਲਿਆ- ‘ਹੁਣ ਆਊ ਨਜ਼ਾਰਾ।’ ਮੈਨੂੰ ਗੱਲ ਕੁਝ ਸਮਝ ਨਾ ਲੱਗੀ ਪਰ ਮੈਂ ਵੀ ਖੰਭੇ ਵੱਲ ਦੇਖਣ ਲੱਗਿਆ। ਇਹ ਚੀਂ ਚੀਂ ਘੋਗੜ ਦੀ ਸੀ, ਹੁਣ ਘੋਗੜ ਘੋਗੜੀ ਮਿਲਾਪ ਕਰ ਰਹੇ ਸੀ। ਸਾਡੇ ਇਲਾਕੇ ਵਿਚ ਇੱਲਾਂ/ਗਿਰਝਾਂ/ਬਾਜ਼ਾਂ/ਉਕਾਬਾਂ ਦੀ ਸ਼੍ਰੇਣੀ ਦੇ ਇਕ ਵੱਡੇ ਪੰਛੀ ਨੂੰ ਘੋਗੜ ਆਖਦੇ ਹਨ। ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਪਤਾ ਸੀ ਕਿ ਨਰ ਪੰਛੀ ਮਿਲਾਪ ਤੋਂ ਪਹਿਲਾਂ ਚੀਂ ਚੀਂ ਆਵਾਜ਼ਾਂ ਕੱਢਦੇ ਹਨ, ਨਰ ਮਾਦਾ ਨੂੰ ਬਲਾਉਂਦਾ ਉਕਸਾਉਂਦਾ ਹੈ। ਕੁਦਰਤ ਦੀ ਖੇਡ ਦੇਖ ਕੇ ਸਾਰੇ ਆਨੰਦ ਲੈਂਦੇ। ਸਾਡਾ ਟੱਬਰ ਪੜ੍ਹਿਆ ਲਿਖਿਆ ਅਤੇ ਥੋੜ੍ਹਾ ਸ਼ਹਿਰੀ ਕਿਸਮ ਦਾ ਸੀ ਪਰ ਮੇਰਾ ਹਾਸਾ ਨਿਕਲ ਗਿਆ, ਬਾਅਦ ਵਿਚ ਮੈਂ ਥੋੜ੍ਹੀ ਸੰਗ ਮੰਨ ਗਿਆ। ਮੇਰੀ ਹਾਲਤ ਦੇਖ ਕੇ ਤਿੱਖੇ ਨੇ ਅੱਖ ਮਾਰੀ। ਕਹਿੰਦਾ, “ਚੱਲ ਵਈ ਪਾੜ੍ਹਿਆ ਪਿਆ ਪਾਣੀ, ਕੰਮ ਸਿਰੇ ਲਾਈਏ।” ਅਸਲ ਵਿਚ ਤਿੱਖਾ ਦਿਹਾੜੀਆਂ ਨੂੰ ਮਾਲਕ ਵਾਂਗ ਹੀ ਛੇਤੀ ਕੰਮ ਮੁਕਾਉਣ ਲਈ ਆਖਦਾ ਸੀ। ਕੰਮਕਾਰ ‘ਤੇ ਬੜੀ ਮੇਰ ਕਰਦਾ ਸੀ। ਖੈਰ, ਇਸ ਘਟਨਾ ਤੋਂ ਬਾਅਦ ਤਿੱਖਾ ਮੇਰੇ ਨਾਲ ਖੁੱਲ੍ਹ ਗਿਆ।
ਤਿੱਖੇ ਨੂੰ ਇਕ ਹੋਰ ਕੰਮ ਵਿਚ ਬੜਾ ਆਨੰਦ ਆਉਂਦਾ ਸੀ, ਉਹ ਸੀ ਮੱਝਾਂ ਨੂੰ ਨਵੇਂ ਦੁੱਧ ਕਰਵਾਉਣਾ। ਉਸ ਸਮੇਂ ਅਜੇ ਮਸਨੂਈ ਗਰਭਦਾਨ ਦਾ ਪ੍ਰਚਲਨ ਨਹੀਂ ਸੀ। ਪਿੰਡ ਵਿਚ ਅਕਸਰ ਸਾਂਝਾ ਝੋਟਾ ਰੱਖਿਆ ਹੁੰਦਾ ਸੀ। ਵੈਸੇ ਸਾਡੇ ਪਿੰਡ ਦੇ ਇਕ ਕੋਠੀ ਵਾਲਿਆਂ ਨੇ ਵੀ ਝੋਟਾ ਰੱਖਿਆ ਸੀ ਜੋ ਖਲ ਵੜੇਵਿਆਂ ਦੇ ਨਾਂ ‘ਤੇ ਪੈਸੇ ਲੈਂਦੇ ਸੀ। ਪਰ ਤਿੱਖਾ ਮੁੱਲ ਦੇ ਝੋਟੇ ਦੀ ਥਾਂ ਆਵਾਰਾ ਜਿਸ ਨੂੰ ਪੰਚਾਇਤੀ ਜਾਂ ਸਰਕਾਰੀ ਸਾਹਨ ਆਖਦੇ ਸੀ, ਦੀ ਭਾਲ਼ ਕਰਦਾ ਅਤੇ ਮੁੜ ਹੇਹੇ ਵਿਚ ਆਈ ਮੱਝ ਨੂੰ ਬਾਹਰ ਵਾੜੇ ਵਿਚ ਲੈ ਜਾਂਦਾ ਅਤੇ ਜਾਨਵਰਾਂ ਦਾ ਮਿਲਾਪ ਦੇਖ ਕੇ ਪੂਰਾ ਖੁਸ਼ ਹੁੰਦਾ ਸੀ। ਉਸ ਦਾ ਬੁਸ਼ਕਰਾ ਮਾਰਨਾ, ਝੋਟੇ ਦੀ ਪੂਛ ਖਿੱਚਣਾ, ਮੈਨੂੰ ਕਾਲਜ ਪੜ੍ਹਦੇ ਹੋਣ ਕਰਕੇ ਥੋੜ੍ਹਾ ਅਜੀਬ ਲੱਗਦਾ ਸੀ। ਖੁਸ਼ ਤਾਂ ਉਸ ਦਿਨ ਘਰ ਦੇ ਵੀ ਬਹੁਤ ਹੁੰਦੇ ਸੀ, ਕਿਉਂਕਿ ਪਸ਼ੂ ਪਾਲਣ ਵਿਚ ਆਰਥਿਕ ਪੱਖੋਂ ਇਹ ਬੜਾ ਮਹੱਤਵਪੂਰਨ ਦਿਨ ਹੁੰਦਾ ਸੀ। ਗਰਭ ਧਾਰਨ ਕਰਕੇ ਨਵੇਂ ਸੂਏ ਪੈਣ ਤੋਂ ਬਗੈਰ ਫੰਡਰ ਮੱਝ ਕਿਸੇ ਕੰਮ ਦੀ ਨਹੀਂ ਹੁੰਦੀ ਸੀ ਅਤੇ ਉਸ ਦਾ ਮੁੱਲ ਹਜ਼ਾਰਾਂ ਤੋਂ ਵੀਹਾਂ ਵਿਚ ਆ ਜਾਂਦਾ। ਉਸ ਦਿਨ ਘਰਦੇ ਉਸ ਨੂੰ ਹੋਰ ਕੰਮ ਨਹੀਂ ਆਖਦੇ ਸੀ। ਵੱਡੇ ਹੋ ਕੇ ਜਦੋਂ ਮੈਂ ਫਰਾਈਡ ਪੜ੍ਹਿਆ ਅਤੇ ਮਾਨਵੀ ਵਿਹਾਰ ਦੀਆਂ ਘਟਨਾਵਾਂ ਦੇ ਸੰਕੇਤਕ ਅਰਥ ਸਮਝੇ ਤਾਂ ਪਤਾ ਲੱਗਿਆ ਕਿ ਉਸ ਅੰਦਰ ਪਤਾ ਨਹੀਂ ਕਿਹੜੀਆਂ ਮਾਨਸਿਕ ਗੁੰਝਲਾਂ ਪਈਆਂ ਹੋਈਆਂ ਸਨ ਜਿਨ੍ਹਾਂ ਦਾ ਹੱਲ ਉਹ ਪੰਛੀਆਂ ਜਾਨਵਰਾਂ ਦੇ ਮਿਲਾਪ ਵਿਚੋਂ ਤਲਾਸ਼ ਕਰਦਾ ਸੀ। ਉਹ ਕਾਮੁਕ ਕਪੋਲ ਕਲਪਨਾਵਾਂ ਕਰਕੇ ਵੀ ਕਥਾਰਸਿਸ ਕਰਦਾ ਸੀ।
ਜਦੋਂ ਉਹ ਸਾਡੇ ਨਾਲ ਸੀਰੀ ਰਲਿਆ, ਉਸ ਸਮੇਂ ਤਿੰਨ ਧੀਆਂ ਦਾ ਬਾਪ, ਉਮਰ 35-40 ਦੇ ਗੇੜ ਹੋਊ। ਪਰ ਉਹ ਕਿਸੇ ਕਾਲਜ ਦੀ ਮਾਸਟਰਨੀ ਨਾਲ ਝੂਠੇ ਇਸ਼ਕ ਦੇ ਕਿੱਸੇ ਮਸਾਲੇ ਲਗਾ ਕੇ ਸੁਣਾਉਂਦਾ ਸੀ। ਉਸ ਦਾ ਕੋਈ ਦੂਰ ਦਾ ਰਿਸ਼ਤੇਦਾਰ ਜਿਸ ਨੂੰ ਉਹ ਸਾਢੂ ਦੱਸਦਾ ਸੀ, ਕਾਲਜ ਵਿਚ ਸਫਾਈ ਸੇਵਕ ਸੀ। ਉਹ ਉਸ ਨੂੰ ਮਿਲਣ ਜਾਂਦਾ ਸੀ। ਬਾਕੀ ਸਭ ਉਸ ਦੀ ਕਲਪਨਾ ਸੀ। ਮੈਂ ਟੋਕਿਆ, ਮੈਂ ਕਾਲਜ ਜਾਂਦਾ ਹਾਂ, ਉਥੇ ਮਾਸਟਰਨੀਆਂ ਨਹੀਂ, ਮੈਡਮਾਂ ਹੁੰਦੀਆਂ ਨੇ। ਉਹ ਮੇਰੇ ਮੂੰਹੋਂ ਮੈਡਮ ਸ਼ਬਦ ਸੁਣ ਕੇ ਕਈ ਦਿਨ ਮੈਡੂੰਮ ਮੈਡੂੰਮ ਉਚਾਰਦਾ ਰਿਹਾ। ਅਖੀਰ ਉਸ ਨੇ ਕਿੱਸੇ ਦੇ ਪਾਤਰ ਦੇ ਨਾਂ ਦੀ ਤਬਦੀਲੀ ਕਰ ਲਈ ਪਰ ਉਸ ਨੇ ਫਿਲਮ ਦੇਖਣ ਸਮੇਂ ਦੇ ਬਾਕੀ ਦ੍ਰਿਸ਼ਾਂ ਵਿਚ ਕੋਈ ਤਬਦੀਲੀ ਨਾ ਕੀਤੀ। ਜਿੱਥੇ ਮਾਸਟਰਨੀ ਜਾਂ ਮੈਡਮ ਆਖਦੀ ਸੀ, ‘ਤਿੱਖਿਆ ਮੈਂ ਤਾਂ ਤੇਰੇ ਇਸ਼ਕ ਵਿਚ ਝੱਲੀ ਹਾਂ, ਮੈਨੂੰ ਆਪਣੇ ਨਾਲ ਲੈ ਜਾ, ਭਾਵੇਂ ਝੁੱਗੀ ਵਿਚ ਰੱਖ ਲਈਂ।’ ਉਹ ਮਾਣ ਨਾਲ ਦੱਸਦਾ ਕਿ ਮੈਂ ਉਸ ਨੂੰ ਆਖਿਆ, ‘ਆਹ ਦਿਲਲੱਗੀਆਂ ਖੇਡਾਂ ਤਾਂ ਠੀਕ ਹਨ ਪਰ ਮੇਰੇ ਘਰ ਤਾਂ ਧੀਆਂ ਤੇ ਉਨ੍ਹਾਂ ਦੀ ਮਾਂ ਹੈ। ਸੁੱਖ ਨਾਲ ਸ਼ਾਇਦ ਇਸ ਸਾਲ ਕਾਕਾ ਵੀ ਆਵੇ।’ ਉਹ ਆਖਦੀ, ‘ਲੈ ਚੱਲ ਦੋਵੇਂ ਭੈਣਾਂ ਰਲ਼ ਕੇ ਕੱਟ ਲਾਂਗੀਆਂ।’ ਮੈਂ ਆਖਿਆ, ‘ਹਟ ਕਮਲੀ। ਇਉਂ ਤਾਂ ਬਦਨਾਮੀ ਹੋਊ।’ ਕਈ ਵਾਰ ਕਿੱਸੇ ਦਾ ਅੰਤ ਇਉਂ ਵੀ ਹੁੰਦਾ, ‘ਆਪਾਂ ਅਗਲੇ ਸਾਲ ਲੈ ਨਾ ਆਈਏ। ਕੀ ਖਿਆਲ ਆ ਤੇਰਾ ਪਾੜ੍ਹਿਆ।’ ਉਹ ਮੈਨੂੰ ਪਾੜ੍ਹਾ ਆਖਦਾ ਜੋ ਮੈਨੂੰ ਬਿਲਕੁਲ ਚੰਗਾ ਨਾ ਲਗਦਾ। ਉਸ ਸਮੇਂ ਆਮ ਪੇਂਡੂ ਘਰਾਂ ਵਿਚ ਇਕ ਮੁੰਡੇ ਨੂੰ ਹੀ ਪੜ੍ਹਾਇਆ ਜਾਂਦਾ ਸੀ ਤੇ ਉਸ ਨੂੰ ਪਾੜ੍ਹਾ ਆਖਿਆ ਜਾਂਦਾ ਸੀ। ਸਾਡਾ ਤਾਂ ਸਾਰਾ ਟੱਬਰ ਹੀ ਪਾੜ੍ਹਾ ਸੀ ਸਗੋਂ ਪਾੜ੍ਹਿਆਂ ਨੂੰ ਪੜ੍ਹਾਉਣ ਵਾਲਾ। ਬਾਪੂ ਜੀ ਹੈੱਡ ਟੀਚਰ, ਭੈਣ ਟੀਚਰ ਅਤੇ ਵੱਡਾ ਭਰਾ ਬੀ.ਐੱਡ. ਕਰਦਾ ਸੀ।
ਉਸ ਨੂੰ ਕਦੇ ਘਰੋਂ ਬੁਲਾਉਣ ਨਹੀਂ ਜਾਣਾ ਪਿਆ, ਜਿਵੇਂ ਹੋਰ ਲੋਕਾਂ ਨੂੰ ਜਾਣਾ ਪੈਂਦਾ ਸੀ। ਉਹ ਸਾਡੇ ਉਠਣ ਤੋਂ ਪਹਿਲਾਂ ਹੀ ਆ ਦਰਵਾਜ਼ਾ ਖੜਕਾਉਂਦਾ ਸੀ ਅਤੇ ਜੇ ਕਦੇ ਨਾ ਆਉਂਦਾ ਤਾਂ ਫਿਰ ਉਹ ਆਪਣੇ ਘਰੇ ਵੀ ਨਹੀਂ ਹੁੰਦਾ ਸੀ। ਫੇਰ ਉਹ ਮੇਰੀ ਬੀਬੀ ਦੀ ਭਾਸ਼ਾ ਵਿਚ ਹਰਨਾਂ ਦੇ ਸਿੰਗੀਂ ਚੜ੍ਹਿਆ ਹੁੰਦਾ ਸੀ। ਅਸਲ ਵਿਚ ਤਾਂ ਉਸ ਨੂੰ ਜੂਆ ਖੇਡਣ ਦੀ ਆਦਤ ਸੀ। ਹਫਤੀਂ ਦਸੀਂ ਦਿਨੀਂ ਉਸ ਨੂੰ ਜੂਏ ਦਾ ਦੌਰਾ ਪੈਂਦਾ, ਘਰ ਦੇ ਕਿਸੇ ਜੀਅ ਤੋਂ ਆਨੀ ਬਹਾਨੀਂ ਪੈਸੇ ਮੰਗਦਾ ਅਤੇ ਸ਼ਹਿਰ ਨੂੰ ਭੱਜ ਜਾਂਦਾ। ਘੰਟੇ ਦੀ ਵਾਟ ਅੱਧੇ ਵਿਚ ਨਿਬੇੜ ਵਾਪਸ ਆ ਕੇ ਕੰਮ ਲੱਗ ਜਾਂਦਾ। ਉਸ ਨੂੰ ਵਹਿਮ ਸੀ ਕਿ ਬੀਬੀ ਦੇ ਹੱਥ ਦੇ ਦਿੱਤੇ ਪੈਸਿਆਂ ਨਾਲ ਸੱਟਾ ਨਿਕਲਦਾ ਹੈ। ਉਹ ਹਮੇਸ਼ਾ ਬੀਬੀ ਤੋਂ ਪੈਸੇ ਮੰਗਦਾ। ਬਾਪੂ ਤੋਂ ਆਨੇ ਬਹਾਨੇ ਪੈਸੇ ਨਾ ਫੜਦਾ ਸਗੋਂ ਕਹਿੰਦਾ- ਐਥੇ ਰੱਖ ਦਿਓ, ਜਾਣ ਲੱਗਾ ਲੈ ਜੂੰ। ਮੁੜ ਬੀਬੀ ਨੂੰ ਆਖਦਾ, ‘ਸਰਦਾਰਨੀਏ, ਐਥੇ ਮੇਰੇ ਪੈਸੇ ਪਏ ਆ, ਫੜਾਈਂ।’ ਰੱਬ ਸਬੱਬੀਂ, ਵਰ੍ਹੇ ਛਿਮਾਹੀ ਜੇ ਕਦੇ ਸੱਟਾ ਨਿਕਲ ਆਉਂਦਾ ਤਾਂ ਸਭ ਤੋਂ ਪਹਿਲਾਂ ਸ਼ੇਵ ਕਰਾਉਂਦਾ, ਨਵੇਂ ਕਪੜੇ ਸਵਾਉਂਦਾ। ਘਰੇ ਲਹਿਰਾਂ ਬਹਿਰਾਂ ਕਰਦਾ, ਬੋਤਲ ਖਰੀਦਦਾ, ਸਿਨਮੇ ਵੜ ਜਾਂਦਾ। ਹੋਰ ਨਹੀਂ ਤਾਂ ਰਿਸ਼ਤੇਦਾਰੀਆਂ ਨੂੰ ਚੜ੍ਹ ਜਾਂਦਾ। ਅਖੀਰ ਪੈਸੇ ਮੁੱਕਣ ‘ਤੇ ਘਰ ਮੁੜਦਾ ਅਤੇ ਚੁੱਪ ਕਰ ਕੇ ਚੋਰਾਂ ਵਾਂਗ ਕੰਮ ‘ਤੇ ਆ ਲਗਦਾ। ਉਸ ਦੀਆਂ ਅੱਖਾਂ ਵਿਚ ਥਕਾਵਟ, ਖੁਮਾਰ ਅਤੇ ਹਲਕੀ ਉਦਾਸੀ ਹੁੰਦੀ ਸੀ।
ਉਹਨੂੰ ਜੇ ਹਰਨਾਂ ਦੇ ਸਿੰਗੀਂ ਚੜ੍ਹੇ ਨੂੰ ਡਰਾਵਾ ਦੇਣਾ, ਤੇਰੀਆਂ ਪਹਿਲਾਂ ਮੰਨੀਆਂ 12 ਛੁੱਟੀਆਂ ਤਾਂ ਪਹਿਲਾਂ ਹੀ ਖਤਮ ਨੇ, ਜੇ ਹੁਣ ਕੰਮ ‘ਤੇ ਨਾ ਆਇਆ ਤਾਂ ਦਿਹਾੜੀਆਂ ਕੱਟੀਆਂ ਜਾਣਗੀਆਂ। ਉਸ ਨੇ ਬੇਫਿਕਰੀ ਨਾਲ ਆਖਣਾ, “ਡਬਲ ਕੱਟੋ ਜੀ। ਜੋ ਚਲਦਾ ਵਿਹਾਰ ਹੈ ਪਰ ਮੈਂ ਨੀ ਅਜੇ ਆਉਣਾ।” ਜੇ ਕੰਮ ਦੇ ਜ਼ੋਰ ਦੀ ਦੁਹਾਈ ਦੇਣੀ ਤਾਂ ਉਸ ਨੇ ਆਖਣਾ, “ਦਿਹਾੜੀਆ ਕਰ ਲਓ, ਪੈਸੇ ਦੇ ਦੂੰ। ਉਹ ਰਾਜਾ ਬਣਿਆ ਬੈਠਾ ਹੁੰਦਾ। ਪੈਸੇ ਦੀ ਬਹੁਲਤਾ ਵਾਲੇ ਦਿਨ ਭਰਪੂਰਤਾ ਨਾਲ ਜਿਊਂਦਾ। ਪੂਰੀ ਰੂਹ ਨਾਲ ਜਿਊਂਦਾ ਸੀ ਪੂਰਾ ਭਿੱਜ ਕੇ, ਬਗ਼ੈਰ ਕਿਸੇ ਟੁੰਡੀਲਾਟ ਦੀ ਪਰਵਾਹ ਕੀਤੇ। ਪਰ ਇਹ ਦਿਨ ਬਹੁਤੇ ਨਹੀਂ ਹੁੰਦੇ ਸੀ। ਮੈਂ ਆਖਿਆ, “ਸੱਟਾ ਕਿਵੇਂ ਲਾਈਦੈ?” ਕਹਿੰਦਾ, “ਮੈਥੋਂ ਨਾ ਪੁੱਛ। ਮਾਸਟਰ ਜੀ ਆਖਣਗੇ ਕਾਕਾ ਵਿਗਾੜਤਾ।” ਨਾਲ ਹੀ ਉਹ ਦੱਸਣ ਲੱਗ ਪਿਆ, “ਬੱਸ ਖਾਈਵਾਲ ਕੋਲ ਜਾ ਕੇ ਮੁੰਡਾ ਲਾ ਦੇਈਦੈ। ਜੇ ਥੋਡਾ ਮੁੰਡਾ ਪੈ ਜਾਵੇ ਤਾਂ ਵੀਹ ਗੁਣਾਂ ਮਿਲਦੇ ਐ। ਲੰਬਰ (ਨੰਬਰ) ਬੰਬੇ ਤੋਂ ਨਿਕਲਦੈ। ਦਸ ਗਿਆਰਾਂ ਵਾਲੀ ਗੱਡੀ ‘ਤੇ ਆਉਂਦੈ।” ਮੈਨੂੰ ਅੱਜ ਤਕ ਪਤਾ ਨਹੀਂ ਲੱਗਿਆ ਕਿ ਗੱਡੀ ਦੇ ਡੱਬੇ ਉਪਰ ਲਿਖੇ ਨੰਬਰਾਂ ਨੂੰ ਕਿਵੇਂ ਡੀਕੋਡ ਕਰਦੇ ਸੀ। ਗੈਰ-ਕਾਨੂੰਨੀ ਧੰਦਾ ਬੇਈਮਾਨੀ ਤੋਂ ਕਿੰਨਾ ਕੁ ਬਚਿਆ ਹੋਊ? ਹਰ ਸੱਟੇਬਾਜ਼ ਵਾਂਗ ਉਹ ਵੀ ਬੜਾ ਵਹਿਮੀ ਸੀ। ਜੇ ਘਰੋਂ ਨਿਕਲਦਿਆਂ ਟਰੈਕਟਰ ਮਿਲ ਜਾਣਾ ਤਾਂ ਚਾਰ ਟਾਇਰ ਦੇਖ ਕੇ 4 ਨੰਬਰ ਲਗਾ ਦੇਣਾ। ਜੇ ਪਿੱਛੇ ਟਰਾਲੀ ਵੀ ਹੋਣੀ ਤਾਂ 6 ਟਾਇਰ ਦੇਖ ਕੇ 6 ‘ਤੇ ਦਾਅ ਲਾ ਦੇਣਾ। ਬੀਬੀ ਨੇ ਪੈਸੇ ਫੜਾਉਂਦਿਆਂ ਜੇ ਕਿਸੇ ਹੋਰ ਪ੍ਰਸੰਗ ਵਿਚ ਕਹਿ ਦੇਣਾ ਕਿ ਫਲਾਣੇ ਨਾਲ ਤਾਂ ਜੱਗੋਂ ਤੇਰ੍ਹਵੀਂ ਹੋ ਗਈ ਤਾਂ ਉਸ ਨੇ 13 ਨੰਬਰ ‘ਤੇ ਦਾਅ ਲਾ ਦੇਣਾ। ਉਹਦੇ ਅੰਨ੍ਹੇ ਦਾਅ ਜਦੋਂ ਨਿਕਲਦੇ ਤਾਂ ਉਹ ਬਾਦਸ਼ਾਹ ਹੁੰਦਾ। ਨਹੀਂ ਤਾਂ ਦੋ ਦਿਨ ਉਸ ਦਾ ਜੀਅ ਲੱਗਿਆ ਰਹਿੰਦਾ ਕਿ ਖਬਰੈ ਨੰਬਰ ਨਿਕਲੇ ਕਿਸਮਤ ਪਲਟੇ। ਉਦਂੋ ਤੀਜੇ ਦਿਨ ਨੰਬਰ ਆਉਂਦਾ ਸੀ।
ਉਸ ਦੀ ਬਾਟੀ ਆਲੇ ਵਿਚ ਪਈ ਹੁੰਦੀ ਸੀ। ਚਾਹ, ਲੱਸੀ, ਦਾਲ, ਖੀਰ ਸਭ ਉਸੇ ਵਿਚ ਚਲਦੇ। ਰੋਟੀ ਹੱਥਾਂ ‘ਤੇ ਬੋਚ ਲੈਂਦਾ ਸੀ। ਸਾਡੇ ਘਰ ਕੁਝ ਪੜ੍ਹਾਈ ਲਿਖਾਈ ਕਰਕੇ ਤੇ ਕੁਝ ਸਿੱਖ ਧਰਮ ਦਾ ਅਸਰ ਕਰਕੇ ਬਹੁਤੀ ਭਿੱਟ ਨਹੀਂ ਮੰਨਦੇ ਸੀ। ਕਈ ਵਾਰ ਸਵੇਰੇ ਦਾਲ ਬਾਟੀ ਵਿਚ ਹੋਣੀ ਤਾਂ ਲੱਸੀ ਉਸ ਨੇ ਓਕ ਨਾਲ ਪੀਣੀ। ਜੇ ਗਲਾਸ ਉਥੇ ਰੱਖ ਦੇਣਾ ਤਾਂ ਉਸ ਨੇ ਪੱਲੇ ਨਾਲ ਫੜ ਕੇ ਗਲਾਸ ਤੋਂ ਲੱਸੀ ਬਾਟੀ ਵਿਚ ਪਾ ਲੈਣੀ। ਬੀਬੀ ਕਦੇ ਕਦੇ ਕਿਸੇ ਹੋਰ ਗੱਲ ਤੋਂ ਔਖੀ ਹੁੰਦੀ ਤਾਂ ਘੂਰ ਦਿੰਦੀ ਕਿ ਤੂੰ ਭਾਂਡਾ ਸੁਕ-ਮਾਂਜ ਕਰਕੇ ਛੱਡ ਦਿੱਤਾ, ਚੁੱਲ੍ਹੇ ‘ਚ ਨਹੀਂ ਸੁੱਟਿਆ ਜਾਂਦਾ ਸੀ। ਪਿਛਲੇ ਘਰੇ ਬਾਹਰ ਚੁੱਲ੍ਹਾ ਸੀ ਜੋ ਅਕਸਰ ਵੰਡ ਵੜੇਵਾਂ ਜਾਂ ਪਾਣੀ ਤੱਤਾ ਕਰਨ ਲਈ ਧੁਖਦਾ ਰਹਿੰਦਾ ਸੀ। ਜਦੋਂ ਉਹ ਸਾਡੇ ਨਾਲ ਸੀਰੀ ਸੀ, ਮੈਂ ਉਸ ਨੂੰ ਤਾਜ਼ਾ ਤਾਜ਼ਾ ਪੜ੍ਹੇ ਮਾਰਕਸਵਾਦ ਦੇ ਪ੍ਰਭਾਵ ਹੇਠ ਇਨਕਲਾਬ ਦੀਆਂ ਗੱਲਾਂ ਸੁਣਾਉਂਦਾ ਕਿ ਜਦੋਂ ਕੋਈ ਨਾ ਸੀਰੀ ਹੋਵੇਗਾ ਨਾ ਮਾਲਕ ਹੋਵੇਗਾ, ਨਾ ਕੋਈ ਉੱਚਾ ਹੋਵੇਗਾ ਨਾ ਨੀਵਾਂ ਹੋਵੇਗਾ ਤਾਂ ਉਹ ਹੱਸ ਛੱਡਦਾ, ਛੱਡ ਪਾੜ੍ਹਿਆ ਦਿਲ ਬਹਿਲਾਉਣ ਨੂੰ ਇਹ ਬੜੀਆਂ ਵਧੀਆ ਗੱਲਾਂ ਨੇ ਪਰ ਕਦੇ ਇਉਂ ਵੀ ਹੋਇਆ। ਇਹ ਸਭ ਰੱਬ ਨੇ ਬਣਾਈਆਂ ਨੇ, ਵੈਸੇ ਜੇ ਕਦੇ ਇਉਂ ਹੋ ਜਾਵੇ ਤਾਂ ਨਜ਼ਾਰਾ ਆ ਜਾਵੇ।
ਤਿੱਖੇ ਦਾ ਇਕ ਹੋਰ ਸ਼ੌਕ ਵੱਟਾਂ ਘੜਨੀਆਂ ਸੀ। ਵੈਸੇ ਤਾਂ ਵਾਧੂ ਘਾਹ ਕਾਰਨ ਵੱਟਾਂ ਘੜਨੀਆਂ ਹੀ ਪੈਂਦੀਆਂ ਸਨ ਪਰ ਅਕਸਰ ਜੱਟਾਂ ਦੀਆਂ ਅੱਧੀਆਂ ਲੜਾਈਆਂ ਪਾਣੀ ਪਿੱਛੇ ਤੇ ਅੱਧੀਆਂ ਵੱਟਾਂ ਪਿੱਛੇ ਹੁੰਦੀਆਂ ਹਨ। ਹਰ ਜੱਟ ਨੂੰ ਲਾਲਚ ਹੁੰਦਾ ਹੈ ਕਿ ਵੱਟ ਵੱਢ ਕੇ ਆਪਣੇ ਨਾਲ ਇਕ ਉਰਾ ਹੋਰ ਰਲਾ ਲਵੇ। ਮੇਰੇ ਪਿਤਾ ਜੀ ਸਕੂਲ ਅਧਿਆਪਕ ਸਨ ਅਤੇ ਲੜਾਈ ਝਗੜਿਆਂ ਤੋਂ ਦੂਰ ਰਹਿਣ ਵਾਲੇ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਮੀਨਾਂ ਖਰੀਦਣ ਨਾਲ ਵਧਦੀਆਂ ਹਨ, ਵੱਟਾਂ ਵੱਢਣ ਨਾਲ ਨਹੀਂ। ਕਈ ਵਾਰ ਖੇਤ ਸਬਜ਼ੀ ਭਾਜੀ ਲੈਣ ਗਈ ਬੀਬੀ ਤੱਤੀ ਹੋ ਕੇ ਮੁੜਦੀ ਕਿ ਗੁਆਂਢੀਆਂ ਨੇ ਵੱਟ ਵੱਢੀ ਪਈ ਹੈ। ਬਾਪੂ ਨੇ ਆਖਣਾ ਕੋਈ ਨਹੀਂ, ਜਿਹੋ ਜਿਹੇ ਉਨ੍ਹਾਂ ਦੇ ਚਾਲੇ ਨੇ, ਉਨ੍ਹਾਂ ਵਾਲੀ ਜ਼ਮੀਨ ਵੀ ਆਪਾਂ ਹੀ ਲੈ ਲੈਣੀ ਹੈ। ਖੈਰ, ਤਿੱਖਾ ਰੀਝ ਨਾਲ ਵੱਟਾਂ ਘੜਦਾ, ਇਕ ਵਾਰ ਇਸੇ ਕਾਰਨ ਗੁਆਂਢੀਆਂ ਨਾਲ ਤਕਰਾਰ ਹੋ ਗਿਆ। ਮੈਂ ਅੰਦਰੋਂ ਅੰਦਰੀ ਖੁਸ਼ ਹੋਇਆ ਪਰ ਉਸ ਨੂੰ ਆਖਿਆ, ਤੂੰ ਕਾਹਤੋਂ ਪੰਗਾ ਲੈ ਲਿਆ, ਤੈਨੂੰ ਕੀਹਨੇ ਆਖਿਆ ਸੀ। ਉਹ ਕਹਿੰਦਾ, ਐਵੇਂ ਸਾਲੇ ਰੌਲਾ ਪਾਉਂਦੇ ਆ, ਆਪਾਂ ਤਾਂ ਆਪਣੇ ਪਾਸੇ ਦਾ ਘਾਹ ਛਾਂਗਿਆ ਹੈ। ਉਹ ਅਸਲ ਗੱਲ ਦੱਸਣ ਲੱਗਿਆ ਕਿ ਬਿਨਾ ਵੱਟਾਂ ਘੜਿਆਂ ਤਾਂ ਵਾਹਣ ਇਉਂ ਲੱਗਦੈ ਜਿਵੇਂ ਬੰਦਾ ਸਿਰ ਮੁਨਾ ਕੇ ਬੋਦੇ ਤਾਂ ਚੋਪੜੀ ਫਿਰੇ ਪਰ ਦਾੜ੍ਹੀ ਵਧੀ ਹੋਵੇ। ਉਹ ਚੁੰਡਾਂ (ਕੋਨੇ) ਵੀ ਬਹੁਤ ਵਧੀਆ ਕਰਦਾ ਸੀ। ਖੇਤ ਬੀਜਣ ਸਮੇਂ ਟਰੈਕਟਰ ਨਾਲ ਕੋਨਿਆਂ ਤੋਂ ਵਾਹਨ ਬੀਜਣ ਖੁਣੋਂ ਰਹਿ ਜਾਂਦਾ ਸੀ। ਉਸ ਥਾਂ ਨੂੰ ਕਹੀ ਨਾਲ ਪੁੱਟ ਕੇ ਹੱਥਾਂ ਨਾਲ ਛੱਟਾ ਦੇ ਕੇ ਬੀਜ ਬੀਜਣਾ ਪੈਂਦਾ ਸੀ। ਉਹ ਇਹ ਕੰਮ ਲਗਨ ਨਾਲ ਕਰਦਾ ਸੀ। ਸਾਡੇ ਘਰ ਖਾਸ ਕਰਕੇ ਬੀਬੀ ਦਾ ਵਿਸ਼ਵਾਸ ਸੀ ਕਿ ਤਿੱਖੇ ਦੇ ਹੱਥ ਵਿਚ ਬਰਕਤ ਹੈ। ਜਿਹੜੇ ਕੰਮ ਨੂੰ ਹੱਥ ਪਾਉਂਦਾ ਸੀ, ਪੂਰਾ ਕਰਕੇ ਹੀ ਹਟਦਾ ਸੀ। ਇਸੇ ਕਰਕੇ ਉਸ ਦਾ ਨਾਂ ਨ੍ਹੇਰੀ ਸੀ, ਤਿੱਖਾ ਸੀ, ਦਾਤ ਸੀ, ਤੂਫਾਨ ਸੀ।
ਸਾਨੂੰ ਦੋਹਾਂ ਭਰਾਵਾਂ ਨੂੰ ਨੌਕਰੀ ਮਿਲੀ। ਮਾਂ ਬਾਪ ਬਜ਼ੁਰਗ ਹੋ ਗਏ, ਅਸੀਂ ਖੇਤੀ ਛੱਡ ਦਿੱਤੀ। ਪਿੰਡ ਜਾਣਾ ਘਟ ਗਿਆ। ਪਤਾ ਲੱਗਿਆ ਕਿ ਇਹ ਪਤਾ ਹੀ ਨਹੀਂ ਲੱਗਿਆ ਕਿ ਤਿੱਖਾ ਕਿੱਥੇ ਚਲਾ ਗਿਆ। ਦੱਸਣ ਵਾਲਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਇਕ ਘੱਟ ਜ਼ਮੀਨ ਵਾਲੇ ਡਰਾਈਵਰੀ ਕਰਦੇ ਜੱਟਾਂ ਦੇ ਮੁੰਡੇ ਨੇ ਟਰੱਕ ਮਾਲਕ ਦੀ ਪਤਨੀ ਨਾਲ ਆਪਣੇ ਸਬੰਧਾਂ ਕਾਰਨ ਮਾਲਕ ਦਾ ਕਤਲ ਕਰ ਦਿੱਤਾ। ਉਹ ਵੀਹ ਸਾਲੀ ਕੱਟ ਕੇ ਆਇਆ ਤਾਂ ਉਸ ਦਾ ਕੈਦੀ ਨਾਂ ਪੱਕ ਗਿਆ ਸੀ। ਜ਼ਮੀਨ ਘੱਟ ਹੋਣ ਕਾਰਨ ਰਿਸ਼ਤਾ ਕੀ ਹੋਣਾ ਸੀ। ਤਿੱਖੇ ਦੀ ਢਲਦੀ ਉਮਰੇ, ਤਿੱਖੇ ਦੀ ਘਰਵਾਲੀ ਵਿਹੜਾ ਛੱਡ ਬੱਚਿਆਂ ਸਮੇਤ ਕੈਦੀ ਦੇ ਘਰ ਆ ਬੈਠੀ। ਮੁੰਡਾ ਹੋ ਗਿਆ। ਤਿੱਖਾ ਪਹਿਲਾਂ ਤਾਂ ਆਪਣੇ ਪੁਰਾਣੇ ਵਿਹੜੇ ਵਾਲੇ ਕੋਠੜੇ ਵਿਚ ਪਿਆ ਰਹਿੰਦਾ। ਅਖੀਰ ਇਕ ਦਿਨ ਕੈਦੀ ਅਤੇ ਆਪਣੀ ਘਰ ਵਾਲੀ (ਜੋ ਹੁਣ ਕੈਦੀ ਦੀ ਵੀ ਘਰਵਾਲੀ ਸੀ) ਦੇ ਨਾਲ ਹੀ ਰਹਿਣ ਲੱਗ ਪਿਆ। ਕਦੇ ਕੰਮ ਧੰਦੇ ਵਿਚ ਹੱਥ ਵਟਾਈ ਵੀ ਕਰ ਦਿੰਦਾ। ਅਖੀਰ ਉਹ ਕਿੱਥੇ ਚਲਿਆ ਗਿਆ, ਕੁਝ ਪਤਾ ਨਹੀਂ ਲੱਗਿਆ। ਸੱਚਮੁੱਚ ਉਸ ਦਾ ਕੋਈ ਨਾਂ ਥਾਂ ਨਹੀਂ ਸੀ, ਉਹ ਧਰਤੀ ‘ਤੇ ਕੰਮ ਕਰਨ ਹੀ ਆਇਆ ਸੀ ਤੇ ਆਪਣੇ ਹਿੱਸੇ ਦਾ ਕੰਮ ਕਰ ਗਿਆ। ਜ਼ਿੰਦਗੀ ਉਸ ਦੀ ਕਦੇ ਕਾਲਪਨਿਕ ਰੋਮਾਂਸਾਂ ਨਾਲ ਅਤੇ ਕਦੇ ਕਿਸਮਤ ਬਦਲਣ ਦੇ ਆਹਰ ਨਾਲ ਅੱਗੇ ਤੁਰਦੀ ਸੀ। ਵੈਸੇ ਉਹ ਕੰਮ ਵਿਚ ਛੋਹਲਾ, ਸੱਟੇ ਦਾ ਸ਼ੌਕੀਨ, ਰੋਮਾਂਟਿਕ ਖਾਮਖਿਆਲੀ ਦਾ ਬਾਦਸ਼ਾਹ ਗੁਰਦਿਆਲ ਸਿੰਘ ਦਾ ਅਣਹੋਇਆ ਸੀ ਪਰ ਪਾਸ਼ ਦੇ ਕਾਵਿ ਪਾਤਰਾਂ ਵਾਂਗ ਜੱਗ ‘ਤੇ ਨਾਂ ਰਹਿ ਜਾਣ ਦੀ ਤਮੰਨਾ ਪਾਲੀ ਫਿਰਦਾ ਸੀ। ਉਸ ਦੀਆਂ ਕੁੜੀਆਂ ਵਿਆਹੀਆਂ ਗਈਆਂ, ਆਪਣਾ ਮੁੰਡਾ ਹੋਇਆ ਨਹੀਂ ਅਤੇ ਘਰ ਵਾਲੀ ਕੈਦ ਕੱਟ ਕੇ ਆਏ ਜੱਟ ਦੇ ਘਰ ਵੱਸ ਗਈ, ਉਹ ਜਿਊਂਦਾ ਮਰ ਗਿਆ, ਵੈਸੇ ਉਸ ਨੇ ਹੁਣ ਜੀਅ ਕੇ ਵੀ ਕੀ ਕਰਨਾ ਸੀ। ਮੇਰਾ ਦੱਸਿਆ ਇਨਕਲਾਬ ਵੀ ਨਹੀਂ ਆਇਆ, ਵੈਸੇ ਉਸ ਤੋਂ ਵੱਧ ਇਨਕਲਾਬ ਦੀ ਹੋਰ ਕਿਸ ਨੂੰ ਜ਼ਰੂਰਤ ਸੀ।