ਇਕਬਾਲ ਰਾਮੂਵਾਲੀਆ ਸਿਮਰਤੀ ਗ੍ਰੰਥ ਪ੍ਰਕਾਸਿ਼ਤ

ਪ੍ਰਿੰ. ਸਰਵਣ ਸਿੰਘ
ਇਕਬਾਲ ਸਿੰਘ ਰਾਮੂਵਾਲੀਏ ਦੀ ਚੌਥੀ ਬਰਸੀ ‘ਤੇ ਉਹਦੇ ਬਾਰੇ ਸਿਮਰਤੀ ਗ੍ਰੰਥ ਛਪਿਆ ਹੈ, ਜਿਸ ਵਿਚ ਸ਼ਰਧਾਂਜਲੀਆਂ, ਰਚਨਾ ਸਮੀਖਿਆ ਤੇ ਉਹਦੀਆਂ ਕੁਝ ਰਚਨਾਵਾਂ ਸ਼ਾਮਲ ਹਨ। ਉਸ ਨੇ ਪਹਿਲਾ ਸਾਹ 22 ਫਰਵਰੀ 1946 ਨੂੰ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸੀ ਅਤੇ ਆਖਰੀ ਸਾਹ 17 ਜੂਨ 2017 ਨੂੰ ਟੋਰਾਂਟੋ ਦੇ ਪ੍ਰਿੰਸਿਜ਼ ਮਾਰਗਰੇਟ ਕੈਂਸਰ ਹਸਪਤਾਲ ਦੇ ਰੂਮ ਨੰਬਰ 1712 ਵਿਚ ਲਿਆ। ਜੰਮਣ ਵੇਲੇ ਫੱਗਣ ਦੀ ਕੋਸੀ ਰੁੱਤ ਸੀ ਤੇ ਚਲਾਣੇ ਵਾਲੇ ਦਿਨ ਹਾੜ੍ਹ ਦੀ ਤਪਦੀ ਧੁੱਪ। ਉਹਦੇ ਜਨਮ ਸਮੇਂ ਉਹਦੀ ਮਾਂ ਨੂੰ ਦੁੱਧ ਨਹੀਂ ਸੀ ਉੱਤਰ ਰਿਹਾ। ਜਨਮ ਤੋਂ ਲੈ ਕੇ ਡੇਢ ਸਾਲ ਤਕ ਉਹ ਗੁਆਂਢੀ ਮੁਸਲਮਾਨ ਸਮਦੂ ਦੀ ਬੇਔਲਾਦ ਔਰਤ ਗੁਜਰੀ ਦੇ ਦੁੱਧ ‘ਤੇ ਪਲਿਆ। ਇਸੇ ਕਰਕੇ ਆਂਢੀ-ਗੁਆਂਢੀ ਉਸ ਨੂੰ ‘ਗੁਜਰੀ-ਆਲਾ’ ਕਹਿੰਦੇ ਰਹੇ। ਉਸ ਨੇ ਸਵੈ-ਜੀਵਨੀ ‘ਸੜਦੇ ਸਾਜ਼ ਦੀ ਸਰਗਮ’ ਦੇ ਪਹਿਲੇ ਕਾਂਡ ਦਾ ਨਾਂ ਹੀ ‘ਗੁਜਰੀ ਮਰਦੀ ਨਹੀਂ’ ਰੱਖਿਆ।

ਇਕਬਾਲ ਲੱਠਾ ਬੰਦਾ ਸੀ। ਕਮਾਲ ਦਾ ਕਲਾਕਾਰ। ਕਵੀ, ਕਵੀਸ਼ਰ, ਗਾਇਕ, ਸਾਜਿ਼ੰਦਾ, ਕਹਾਣੀਕਾਰ, ਨਾਵਲਕਾਰ, ਨਿਬੰਧਕਾਰ, ਮੀਡੀਆਕਾਰ, ਭਾਸ਼ਨਕਾਰ, ਅਧਿਆਪਕ ਤੇ ਸਮਾਜ ਸੇਵਕ-ਇਲੈਵਨ ਇਨ ਵਨ। ਉਸ ਨੂੰ ਅਨੇਕਾਂ ਨਾਂਵਾਂ ਨਾਲ ਬੁਲਾਇਆ ਜਾਂਦਾ ਸੀ। ਕੋਈ ਉਸ ਨੂੰ ਢੋਲ ਕਹਿੰਦਾ, ਕੋਈ ਮੱਲਾ, ਕੋਈ ਕਵੀਸ਼ਰ ਕਾ ਅਕਬਾਲ, ਕੋਈ ਇਕਬਾਲ ਗਿੱਲ, ਕੋਈ ਬਾਲੀ ਗਿੱਲ ਤੇ ਕੋਈ ਇਕਬਾਲ ਰਾਮੂਵਾਲੀਆ। ਗੋਰੇ ਉਹਦਾ ਨਾਂ ਇੱਕਬੈਲ ਗਿੱਲ ਲੈਂਦੇ। ਕੁਝ ਕਵਿਤਾਵਾਂ ਉਸ ਨੇ ਐੱਸ. ਇਕਬਾਲ ਨਾਂ ਹੇਠ ਵੀ ਛਪਵਾਈਆਂ। ਉਸ ਦੇ ਅੱਧੀ ਦਰਜਨ ਤੋਂ ਵੱਧ ਨਾਂਵਾਂ ਵਿਚ ਇਕ ਨਾਂ ‘ਗੁਜਰੀ-ਆਲਾ’ ਵੀ ਬੋਲਦਾ ਰਿਹਾ। ਰਛਪਾਲ ਗਿੱਲ ਦਾ ਉਹ ਇਕਬਾਲ ਬਾਈ ਸੀ ਤੇ ਸੁਖਸਾਗਰ ਦਾ ਮੇਰਾ ਇਕਬਾਲ। ਬਾਪੂ ਕਰਨੈਲ ਸਿੰਘ ਪਾਰਸ ਦਾ ਢੋਲਾ ਤੇ ਬੇਬੇ ਦਲਜੀਤ ਕੌਰ ਦਾ ਅਕਬਾਲ ਸਿਓਂ। ਸਾਡਾ ਉਹ ਮੋਹਖੋਰਾ ਰਾਮੂਵਾਲੀਆ ਬੇਲੀ ਸੀ।
ਗੁਜਰੀ, ਜੀਹਦਾ ਦੁੱਧ ਇਕਬਾਲ ਦੇ ਲਹੂ ਵਿਚ ਰਚ ਚੁਕਾ ਸੀ, ਹਿੰਦ-ਪਾਕਿ ਦੀ ‘ਆਜ਼ਾਦੀ’ ਦੀ ਬਰਬਾਦੀ ਵਿਚ ਮਾਰੀ ਗਈ। ਪਾਰਸ ਪਰਿਵਾਰ ਨੇ ਉਸ ਨੂੰ ਬਚਾਉਣ ਦੀ ਪੂਰੀ ਵਾਹ ਲਾਈ, ਪਰ ਉਹ ਗੁਜਰੀ ਨੂੰ ਬਚਾ ਨਾ ਸਕਿਆ। ਮੁਸਲਮਾਨੀ ਗੁਜਰੀ ਦਾ ਦੁੱਧ ਚੁੰਘ ਕੇ ਇਕਬਾਲ ਧਰਮਾਂ-ਜਾਤਾਂ ਦੀ ਜਕੜ ਤੋਂ ਆਜ਼ਾਦ ਸੈਕੂਲਰ ਇਨਸਾਨ ਤੇ ਤਰਕਸ਼ੀਲ ਵਿਦਵਾਨ ਬਣਿਆ। ਉਹ ਹੋਰ ਵੀ ਬਹੁਤ ਕੁਝ ਬਣਿਆ। ਉਹਦੀ ਬੇਬੇ ਦੱਸਦੀ ਹੁੰਦੀ ਸੀ, “ਪੁਲਸੀਆਂ ਦੀ ਧਾੜ ਜਦੋਂ ਤੂੜੀ ਵਾਲੇ ਕੋਠੇ `ਚ ਵੜੀ, ਪਿੱਛੇ-ਪਿੱਛੇ ਮੈਂ ਤੇ ਤੇਰਾ ਬਾਪੂ ਸੀ। ਤੂੰ, ਕਾਕਾ, ਗੁਜਰੀ ਦੇ ਪੱਟਾਂ `ਤੇ ਸੁੱਤਾ ਪਿਆ ਸੀ। ਸਿਪਾਹੀ, ਅਕਬਾਲ ਸਿਅ੍ਹਾਂ, ਗੁਜਰੀ ਨੂੰ ਤੇਰੇ ਸਮੇਤ ਈ ਧੂਹ ਕੇ ਜੀਪ ਕੋਲ ਲੈ ਗਏ। ਮੈਂ ਤੇ ਤੇਰਾ ਬਾਪੂ ਮਗਰੇ-ਮਗਰ, ‘ਛੱਡ ਦਿਓ ਅਬਲਾ ਨੂੰ, ਜਾਲਮੋਂ!’ ਮੈਨੂੰ ਮੇਰੀ ਮਾਂ ਦੀਆਂ ਕੂਕਾਂ ਸੁਣਾਈ ਦੇਣ ਲੱਗੀਆਂ, ‘ਦੇਖਿਓ ਮੇਰਾ ਮੁੰਡਾ ਨਾ ਮਾਰ ਦਿਓ!’ ਦੋ-ਤਿੰਨ ਸਿਪਾਹੀਆਂ ਨੇ ਗੁਜਰੀ ਦੀਆਂ ਬਾਹਾਂ ਮਰੋੜ ਕੇ ਮੈਨੂੰ ਉਸ ਦੀ ਬੁਕਲ `ਚੋਂ ਮੂਲੀ ਵਾਂਗ ਪੱਟ ਲਿਆ। ਜੀਪ ਦਾ ਪਿਛਲਾ ਹਿੱਸਾ ਹੇਠਾਂ ਨੂੰ ਡਿੱਗਿਆ, ਤੇ ਜੀਪ `ਚ ਸੁੱਟੀਆਂ ਪਾਕਿਸਤਾਨ ਦੀਆਂ ਦੋ ਫਾਕੜਾਂ ਭੀੜ ਦੀਆਂ ਨਜ਼ਰਾਂ ਤੋਂ ਉਹਲੇ ਹੋ ਗਈਆਂ। ਉਹ… ਉਹ ਬੱਸ… ਜੀਪ `ਚ ਹੀ ਪੂਰੀ ਹੋ ਗਈ!”
‘ਕੱਲੀ ਰਾਮੂਵਾਲੇ ਦੀ ਗੁਜਰੀ ਹੀ ਨਹੀਂ, ਪੰਜਾਬ ਦੀਆਂ ਲੱਖਾਂ ਗੁਜਰੀਆਂ ਆਜ਼ਾਦੀ ਦੇ ਨਾਂ ਉਤੇ ਪੰਜਾਬ-ਵੰਡ ਦੀ ਭੇਟਾ ਚਾੜ੍ਹ ਦਿੱਤੀਆਂ ਗਈਆਂ, ਜਿਨ੍ਹਾਂ ਦੇ ਵੈਣ ਅੰਮ੍ਰਿਤਾ ਪ੍ਰੀਤਮ ਨੇ ‘ਅੱਜ ਆਖਾਂ ਵਾਰਸ ਸ਼ਾਹ ਨੂੰ’ ਕਵਿਤਾ ਲਿਖ ਕੇ ਪਾਏ। ਉਹ ਵੈਣ ਇਕਬਾਲ ਦੀ ਕਵਿਤਾ ਵਿਚ ਵੀ ਸੁਲਘਦੇ ਰਹੇ। ਉਸ ਦੇ ਪਹਿਲੇ ਕਾਵਿ-ਸੰਗ੍ਰਹਿ ਦਾ ਨਾਂ ਹੀ ‘ਸੁਲਘਦੇ ਅਹਿਸਾਸ’ ਹੈ। 1947 ਵਿਚ ਜਿੰਨਾ ਉਪੱਦਰ ਮਜ਼੍ਹਬੀ ਜਨੂੰਨੀਆਂ ਨੇ ਆਪਣੇ ਹਮਸਾਇਆਂ ਉਤੇ ਢਾਹਿਆ, ਸ਼ਾਇਦ ਹੀ ਕਿਤੇ ਹੋਰ ਢਾਹਿਆ ਗਿਆ ਹੋਵੇ। ਧਰਮ ਦੇ ਨਾਂ ‘ਤੇ ਰਾਜਨੀਤੀ ਕਰਦੇ ਸਿਆਸਤਦਾਨਾਂ ਅਤੇ ਛੁਰੇ/ਤ੍ਰਿਸ਼ੂਲ/ਕਿਰਪਾਨਾਂ ਚਲਾਉਂਦੇ ਜਨੂੰਨੀਆਂ ਤੋਂ ਦੁਖੀ ਹੋਏ ਇਕਬਾਲ ਨੇ ਮਰਗ ਦੇ ਬਿਸਤਰੇ ‘ਤੇ ਪਿਆਂ ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਮੇਰੇ ਮਰਨ ‘ਤੇ ਕੋਈ ਧਾਰਮਿਕ ਰਸਮ ਰੀਤ ਨਾ ਕੀਤੀ ਜਾਵੇ। ਜੇ ਕੀਤੀ ਤਾਂ ਮੈਂ ਸਮਝਾਂਗਾ ਮੈਨੂੰ ਦੁਬਾਰਾ ਮਾਰਿਆ ਜਾ ਰਿਹੈ!
25 ਜੂਨ 2017 ਨੂੰ ਬਰੈਂਪਟਨ ਦੇ ਕਰੇਟੋਰੀਅਮ ਵਿਚ ਉਹਦੇ ਫਿਊਨਰਲ ਸਮੇਂ ਕੋਈ ਧਾਰਮਿਕ ਰਸਮ ਰੀਤ ਨਹੀਂ ਸੀ ਕੀਤੀ ਗਈ। ਵੱਡੀ ਗਿਣਤੀ ਵਿਚ ਪਹੁੰਚੇ ਉਹਦੇ ਪਿਆਰਿਆਂ ਨੂੰ ਮਾਤਮੀ ਧੁਨ ਸੁਣਾਉਣ, ਇਕਬਾਲ-ਰਛਪਾਲ ਦੀ ਆਵਾਜ਼ ਵਿਚ ਰਿਕਾਰਡ ਕੀਤੀ ਕਵੀਸ਼ਰੀ ‘ਜੱਗ ਜੰਕਸ਼ਨ ਰੇਲਾਂ ਦਾ’ ਤੇ ‘ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ’ ਗਾਉਣ ਅਤੇ ਵਰਿਆਮ ਸੰਧੂ ਤੇ ਸੁਰਿੰਦਰ ਧੰਜਲ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ ਦੇਣ ਉਪਰੰਤ ਦੇਹ ਅਗਨੀ ਦੇ ਹਵਾਲੇ ਕਰ ਦਿੱਤੀ ਗਈ ਸੀ।
ਵਰਿਆਮ ਸਿੰਘ ਸੰਧੂ ਨੇ ਕਿਹਾ ਸੀ, “ਸਾਡਾ ਇਕਬਾਲ ਅਜੇ ਸੱਤਰਾਂ ਬਹੱਤਰਾਂ ਸਾਲਾਂ ਦਾ ਕਿਥੇ ਹੋਇਆ ਸੀ! ਅਜੇ ਤਾਂ ਉਹਦੀ ਰੂਹ, ਵਿਚਾਰ ਤੇ ਵਿਹਾਰ ਅੰਦਰ ਜਵਾਨੀ ਦਾ ਜੋਸ਼ ਠਾਠਾਂ ਮਾਰ ਰਿਹਾ ਸੀ। ਅਜੇ ਤਾਂ ਉਹਦੇ ਅੰਦਰ ਤਰਕਸੰਗਤ, ਸੰਤੁਲਿਤ ਤੇ ਸ਼ਕਤੀਸ਼ਾਲੀ ਸੋਚਾਂ ਦੀ ਲਿਸ਼ਕ ਲਿਸ਼ ਲਿਸ਼ ਲਿਸ਼ਕਦੀ ਪਈ ਸੀ। ਅਜੇ ਤਾਂ ਉਹਦੇ ਅੰਦਰ ਨੱਕੋ-ਨੱਕ ਭਰਿਆ, ਉਮਲਦਾ-ਉਛਲਦਾ ਤੇ ਬੇਰੋਕ ਵਗਦਾ ਮੁਹੱਬਤ ਦਾ ਦਰਿਆ ਛਲ ਛਲ ਛਲਕਦਾ ਪਿਆ ਸੀ। ਅਜੇ ਤਾਂ ਉਹਦੇ ਬੋਲਾਂ ਵਿਚਲੀ ‘ਸੱਚ ਸੁਣਾਇਸੀ ਸੱਚ ਕੀ ਬੇਲਾ’ ਵਾਲੀ ਗੜ੍ਹਕ ਜਿਉਂ ਦੀ ਤਿਉਂ ਕਾਇਮ ਸੀ। ਅਜੇ ਤਾਂ ਉਹਦੀ ਕਲਮ ਵਿਚਲੀ ਲੋਹੜੇ ਦੀ ਜਵਾਨੀ ਅੰਗੜਾਈਆਂ ਭਰ ਰਹੀ ਸੀ ਤੇ ਸ਼ਬਦ-ਸਿਰਜਣਾ ਦਾ ਜਲੌਅ ਦਗ ਦਗ ਦਗਦਾ ਪਿਆ ਸੀ ਕਿ ਉਹ ਇਹ ਸਾਰਾ ਕੁਝ ਆਪਣੇ ਨਾਲ ਲੈ ਕੇ ਅਚਨਚੇਤ ਅਲੋਪ ਹੋ ਗਿਆ। ਅਜੇ ਤਾਂ ਉਹਨੇ ਮੇਰੇ ਆਖੇ ਲਿਖੀ ਆਪਣੀ ਸਵੈ-ਜੀਵਨੀ ਦਾ ਤੀਜਾ ਭਾਗ ਲਿਖਣਾ ਸੀ ਤੇ ਜਿਸ ਬਾਰੇ ਉਹਨੇ ਮਹੀਨਾ ਪਹਿਲਾਂ ਆਪਣੀ ਮਿੱਠਬੋਲੜੀ ਜ਼ਬਾਨ ਵਿਚ ਕਿਹਾ ਸੀ, ‘ਵੀਰ ਜੀ! ਛੇਤੀ ਹੀ ਤੁਹਾਨੂੰ ਨਵਾਂ ਚੈਪਟਰ ਲਿਖ ਕੇ ਭੇਜਾਂਗਾ।’ ਉਹਨੇ ਜਾਣਾ ਤਾਂ ਸੀ, ਪਰ ਉਹ ਆਪਣੇ ਨਾਲ ਕਿਹੜੇ ਕਿਹੜੇ ਰੰਗ ਤੇ ਕਿਹੜੀਆਂ ਰੌਸ਼ਨੀਆਂ ਲੈ ਗਿਆ, ਇਸ ਦਾ ਅਨੁਮਾਨ ਲਾਉਣਾ ਬਹੁਤ ਔਖਾ ਏ।”
ਏਕ ਮੁਸਾਫਿਰ ਦੇ ਸਫਰ ਜੈਸੀ ਹੈ ਸਭ ਕੀ ਦੁਨੀਆਂ
ਕੋਈ ਜਲਦ ਮੇਂ ਕੋਈ ਦੇਰ ਮੇਂ ਜਾਨੇ ਵਾਲਾ।
ਉਸੇ ਰੁਖਸਤ ਤੋ ਕੀਆ, ਹਮੇਂ ਮਾਅਲੂਮ ਨਾ ਥਾ
ਘਰ ਸਾਥ ਹੀ ਲੇ ਗਿਆ, ਘਰ ਛੋੜ ਕੇ ਜਾਨੇ ਵਾਲਾ।
ਇਸ ਸੰਸਾਰ ਦੇ ਜੱਗ-ਜੰਕਸ਼ਨ ਨੂੰ ਉਹ ਸਦਾ ਲਈ ਅਲਵਿਦਾ ਆਖ ਗਿਆ। ਉਬਾਲੇ ਖਾਂਦੇ ਵਿਚਾਰਾਂ ਵਾਲਾ, ਲਟ ਲਟ ਮਘਦੇ ਜਜ਼ਬਿਆਂ ਦਾ ਸੇਕ ਛੱਡਣ ਵਾਲਾ ਖੌਲਦਾ ਸਮੁੰਦਰ ਸਦਾ ਲਈ ਸ਼ਾਂਤ ਹੋ ਗਿਆ। ਇਕ ਦਹਿਕਦਾ ਸੂਰਜ ਬਰਫ ਦੇ ਗੋਲੇ ਦੀ ਕੇਸਰੀ ਟਿੱਕੀ ਵਾਂਗ ਖੁਰ ਕੇ ਅਲੋਪ ਹੋ ਗਿਆ ਤੇ ਆਪਣੇ ਵਿਚਾਰਾਂ ਦਾ ਕਿਰਮਚੀ ਰੰਗ ਬਿਖੇਰ ਡੂੰਘੇ ਹਨੇਰਿਆਂ ਵਿਚ ਨਿਵਾਸ ਕਰਨ ਲਈ ਜਾ ਬੈਠਾ ਏ। ਉਹ ਤਾਂ ਚਲਾ ਗਿਆ ਏ, ਪਰ ਕੀ ਸਾਡੇ ਦਿਲਾਂ ਵਿਚੋਂ ਵੀ ਉਹ ਕਿਤੇ ਜਾ ਸਕਦਾ ਏ!
ਲਾ ਕੇ ਸਰ ‘ਚੋਂ ਇਕ ਡੁਬਕਣੀ
ਪੰਛੀ ਕਦੋਂ ਦਾ ਉੱਡ ਗਿਆ,
ਪਾਣੀ ਤਾਂ ਪਰ ਕੰਬਦਾ ਰਹੇਗਾ ਦੇਰ ਤੱਕ…।
ਇਕਬਾਲ ਕੀ ਨਹੀਂ ਸੀ? ਪਿਆਰਾ ਪਤੀ ਤੇ ਪਿਤਾ ਸੀ। ਭਰਾਵਾਂ ਦੀ ਬਾਂਹ। ਭੈਣਾਂ ਦਾ ਛਿੰਦਾ ਵੀਰ। ਸੰਸਾਰ ਪੱਧਰ ‘ਤੇ ਵਸਦੇ ਪੰਜਾਬੀਆਂ ਦੇ ਦੁਖ-ਸੁਖ ਨਾਲ ਜੁੜਵੇਂ ਤੇ ਭਖਦੇ ਮੁੱਦਿਆਂ ਬਾਰੇ ਬੇਬਾਕ, ਤਰਕਸੰਗਤ ਤੇ ਸੱਚੀ ਗੱਲ ਕਹਿਣ ਤੇ ਕਰਨ ਵਾਲਾ। ਆਪਣੀ ਲੜਾਈ ਲੜ ਕੇ ਸਮਾਜ ਤੇ ਜੀਵਨ ਵਿਚ ਆਪਣਾ ਨਾਂ-ਥਾਂ ਬਣਾਉਣ ਵਿਚ ਲੱਗੇ ਸੰਘਰਸ਼ਸ਼ੀਲ ਲੋਕਾਂ ਦਾ ਪ੍ਰਸੰ਼ਸਕ। ਉਹਨੂੰ ਕਿਸੇ ਦਾ ਅੱਗੇ ਵਧਣ ਲਈ ਕੀਤਾ ਸੰਘਰਸ਼ ਵੇਖ-ਸੁਣ ਕੇ ਚਾਅ ਚੜ੍ਹ ਜਾਂਦਾ ਸੀ। ਜਿਥੇ ਤੇ ਜਦੋਂ ਵੀ ਕਿਸੇ ਮਦਦ ਦੀ ਲੋੜ ਹੁੰਦੀ, ਉਹ ਦਿਲ ਦੇ ਸਾਰੇ ਚਾਅ ਨਾਲ ਉਹਦੇ ਲਈ ਆਪਣਾ ਆਪਾ ਅਰਪਣ ਕਰ ਦਿੰਦਾ। ਉਹ ਚਾਲੂ ਬੰਦਿਆਂ ਵਾਂਗ ‘ਹਾਂ ਜੀ ਹਾਂ ਜੀ’ ਵਿਚ ਸਿਰ ਹਿਲਾਉਣੋਂ ਇਨਕਾਰੀ ਸੀ ਤੇ ਜੋ ਉਹਨੂੰ ਠੀਕ ਤੇ ਚੰਗਾ ਲੱਗਦਾ ਸੀ, ਉਹਦੇ ਹੱਕ ਵਿਚ ਗਰਜਵੀਂ ਪਰ ਸੰਤੁਲਿਤ ਆਵਾਜ਼ ਉਠਾਉਣ ਵਾਲਾ ਜੁਝਾਰੂ ਸੀ, ਜਿਸ ਨੇ ਸਦਾ ਆਪਣੀ ਹਿੱਕ ਤੇ ਧੌਣ ਨੂੰ ਵਿਰੋਧੀਆਂ ਦੇ ਵਾਰ ਖਾਣ ਲਈ ਸਿੱਧਾ ਰੱਖਿਆ। ਉਹਦੇ ਵਿਚ ਕੋਈ ਵਿੰਗ ਵਲ ਨਹੀਂ ਸੀ। ਉਹ ਲੋੜਵੰਦਾਂ ਦੀਆਂ ਛੱਤਾਂ ਹੇਠ ਆਸਰਾ ਦੇਣ ਵਾਲਾ ਸਿੱਧਾ ਸਤੋਰ ਸ਼ਤੀਰ ਸੀ।
ਸੋਸ਼ਲ ਮੀਡੀਆ ‘ਤੇ ਇਕਬਾਲ ਬਾਰੇ ਲਿਖੀਆਂ ਗਈਆਂ ਟਿੱਪਣੀਆਂ ਵਿਚ ਉਹਦੇ ਬਾਰੇ ਜੋ ਵਿਸ਼ੇਸ਼ਣ ਵਰਤੇ ਗਏ, ਉਹ ਉਹਦੀਆਂ ਲਿਖਤਾਂ, ਉਹਦੇ ਵਿਚਾਰਾਂ ਤੋਂ ਪ੍ਰਭਾਵਿਤ ਉਨ੍ਹਾਂ ਲੋਕਾਂ ਵੱਲੋਂ ਵਰਤੇ ਗਏ, ਜਿਨ੍ਹਾਂ ਵਿਚੋਂ ਬਹੁਤੇ ਉਹਨੂੰ ਨਿੱਜੀ ਤੌਰ ‘ਤੇ ਮਿਲੇ ਹੋਏ ਨਹੀਂ ਸਨ, ਪਰ ਉਹਦੇ ਵਿਚਾਰਾਂ ਦੀ ਬੇਬਾਕੀ, ਦਲੇਰੀ ਤੇ ਤਰਕਸ਼ੀਲਤਾ ਅਤੇ ਸੱਚਾਈ ਨੇ ਉਨ੍ਹਾਂ ਦੀ ਰੂਹ ਨੂੰ ਟੁੰਬਿਆ ਸੀ।
ਮਹਾਨ ਸ਼ਖਸੀਅਤ, ਨਿੱਘਾ ਤੇ ਮਿਲਣਸਾਰ ਇਨਸਾਨ, ਪੰਜਾਬੀ ਵਾਰਤਕ ਦਾ ਅਨੂਠਾ ਰਚਨਹਾਰਾ, ਸੱਚ ਦਾ ਸੂਰਜ, ਮਿਲਾਪੜਾ ਤੇ ਰੂਹ ਨੂੰ ਟੁੰਬਣ ਵਾਲਾ ਇਨਸਾਨ। ਨਿਮਾਣਿਆਂ, ਨਿਤਾਣਿਆਂ ਦਾ ਯਾਰ। ਉਹ ਰੌਣਕੀ ਬੰਦਾ ਸੀ, ਮਖੌਲ ਕਰ ਵੀ ਲੈਂਦਾ ਤੇ ਸਹਿ ਵੀ ਲੈਂਦਾ ਸੀ। ਕਿਆ ਬਾਤਾਂ ਉਹਦੀ ਸ਼ਾਇਰੀ, ਵਾਰਤਕ ਤੇ ਬੇਬਾਕੀ ਦੀਆਂ। ਅਜਮੇਰ ਔਲਖ ਦੇ ਮਗਰੇ ਦੋ ਦਿਨਾਂ ਬਾਅਦ ਪੰਜਾਬੀ ਦਾ ਇਕ ਹੋਰ ਹੀਰਾ ਤੁਰ ਗਿਆ। ਬੰਦਾ ਤੁਰ ਜਾਂਦਾ ਹੈ, ਪਿੱਛੇ ਯਾਦਾਂ ਰਹਿ ਜਾਂਦੀਆਂ ਨੇ। ਅਜਮੇਰ ਤੇ ਇਕਬਾਲ ਦੇ ਸੰਘਰਸ਼ ਨੂੰ ਸਲਾਮ!
ਅਜਮੇਰ ਤੇ ਇਕਬਾਲ ਦੋਹੇਂ ਧਰਮਾਂ ਦੀ ਸੰਕੀਰਨਤਾ ਤੇ ਕੱਟੜਤਾ ਦੇ ਵਿਰੁੱਧ ਸਨ। ਦੋਹਾਂ ਦੇ ਧੀਆਂ ਹੀ ਜਨਮੀਆਂ, ਜਿਨ੍ਹਾਂ ਨੂੰ ਪੁੱਤਰਾਂ ਤੋਂ ਵੱਧ ਸਮਝਿਆ ਗਿਆ। ਦੋਹਾਂ ਨੇ ਜੀਂਦੇ ਜੀਅ ਕਹਿ ਦਿੱਤਾ ਸੀ ਕਿ ਸਾਡੇ ਮਰਨੇ ਉਤੇ ਧਾਰਮਿਕ ਰਸਮਾਂ ਨਾ ਕੀਤੀਆਂ ਜਾਣ। ਉੱਦਣ ਇਕਬਾਲ ਨੂੰ ਵਿਦਾਇਗੀ ਸਮੇਂ ਸ਼ੋਕ ਵਿਚ ਜੁੜੇ ਵੱਡੇ ਜਨ ਸਮੂਹ ਨੇ ਉਹਦੀ ਸੋਚ ਉਤੇ ਪਹਿਰਾ ਦੇਣ ਦਾ ਹੀ ਅਹਿਦ ਕੀਤਾ ਸੀ।
ਇਕਬਾਲ ਰਾਮੂਵਾਲੀਆ ਸਾਹਿਤਕ ਹਲਕਿਆਂ ਵਿਚ ਚਰਚਿਤ ਨਾਂ ਸੀ। ਦੇਸ਼ ਵਿਚ ਵੀ ਤੇ ਵਿਦੇਸ਼ਾਂ ਵਿਚ ਵੀ। ਪੰਜਾਬੀ ਸਾਹਿਤ ਵਿਚ ਉਹ ਨਿਵੇਕਲੀ ਥਾਂ ਬਣਾ ਚੁਕਾ ਸੀ। ਉਸ ਦੇ ਪੰਜ ਕਾਵਿ ਸੰਗ੍ਰਹਿ, ‘ਸੁਲਘਦੇ ਅਹਿਸਾਸ’, ‘ਤਿੰਨ ਕੋਣ’, ‘ਕੁਝ ਵੀ ਨਹੀਂ’, ‘ਪਾਣੀ ਦਾ ਪਰਛਾਵਾਂ’ ਤੇ ‘ਕਵਿਤਾ ਮੈਨੂੰ ਲਿਖਦੀ ਹੈ’ ਛਪੇ। ਇਕ ਕਾਵਿ-ਨਾਟ ‘ਪਲੰਘ-ਪਘੂੰੜਾ’ ਛਪਿਆ। ਇਕ ਕਹਾਣੀ ਸੰਗ੍ਰਹਿ ‘ਨਿੱਕੀਆਂ-ਵੱਡੀਆਂ ਧਰਤੀਆਂ’, ਅੰਗਰੇਜ਼ੀ ਵਿਚ ਦੋ ਨਾਵਲ ‘ਦਾ ਡੈੱਥ ਆਫ ਏ ਪਾਸਪੋਰਟ’ ਤੇ ‘ਦਿ ਮਿਡਏਅਰ ਫਰਾਊਨ’ ਛਪੇ। ਪੰਜਾਬੀ ਵਿਚ ਨਾਵਲ ‘ਮੌਤ ਇੱਕ ਪਾਸਪੋਰਟ ਦੀ’, ਸਵੈ-ਜੀਵਨੀ ਦੇ ਦੋ ਭਾਗ ‘ਸੜਦੇ ਸਾਜ਼ ਦੀ ਸਰਗਮ’ ਤੇ ‘ਬਰਫ ਵਿਚ ਉਗਦਿਆਂ’ ਅਤੇ ਸੈਂਕੜੇ ਆਰਟੀਕਲ ਉਹਦੇ ਜੀਂਦੇ ਜੀਅ ਛਪੇ। ਉਹਦੀਆਂ ਕੁਝ ਰਚਨਾਵਾਂ ਅਣਛਪੀਆਂ ਵੀ ਰਹਿ ਗਈਆਂ। ਉਸ ਨੇ ਅਜੇ ਹੋਰ ਬਹੁਤ ਕੁਝ ਲਿਖਣ ਤੇ ਛਾਪਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ।
ਮੈਨੂੰ ਯਾਦ ਆ ਰਹੇ ਨੇ 1970-71 ਦੇ ਉਹ ਦਿਨ। ਉਨ੍ਹੀਂ ਦਿਨੀਂ ਮੈਂ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਦਾ ਕਾਰਜਕਾਰੀ ਪ੍ਰਿੰਸੀਪਲ ਸਾਂ। ਜੁਲਾਈ ਦੇ ਮਹੀਨੇ ਇਕ ਛੀਟਕਾ ਜਿਹਾ ਸੁਨੱਖਾ ਨੌਜੁਆਨ ਮੈਨੂੰ ਦਫਤਰ ਵਿਚ ਮਿਲਣ ਆਇਆ। ਗੋਰਾ ਰੰਗ, ਸੋਹਣੀ ਪੱਗ, ਸ਼ੌਕੀਨ ਪਹਿਰਾਵਾ। ਬੋਲਿਆ ਤਾਂ ਆਵਾਜ਼ ਪਹਿਲਾਂ ਹੀ ਸੁਣੀ ਹੋਈ ਲੱਗੀ। ਉਂਜ ਮੈਂ ਉਸ ਨੂੰ ਪਹਿਲੀ ਵਾਰ ਮਿਲ ਰਿਹਾ ਸਾਂ। ਉਸ ਨੇ ਆਪਣਾ ਨਾਂ ਇਕਬਾਲ ਰਾਮੂਵਾਲੀਆ ਦੱਸਿਆ। ਮੈਂ ਸਮਝ ਗਿਆ ਕਿ ਉਹ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਪੁੱਤਰ ਹੈ, ਜਿਸ ਨੂੰ ਮੈਂ ਰੇਡੀਓ ਤੋਂ ਸੁਣਦਾ ਰਹਿੰਦਾ ਸਾਂ। ਪਤਾ ਲੱਗਾ ਕਿ ਉਹ ਅੰਗਰੇਜ਼ੀ ਦੀ ਐੱਮ. ਏ. ਸੈਕੰਡ ਕਲਾਸ ਕਰ ਗਿਐ ਤੇ ਕਾਲਜ ਦੀ ਐਡ ਪੜ੍ਹ ਕੇ ਲੈਕਚਰਰ ਲੱਗਣ ਲਈ ਅਰਜ਼ੀ ਦੇਣ ਆਇਆ ਹੈ। ਮੈਂ ਉਸ ਨੂੰ ਦੱਸਿਆ ਕਿ ਹਾਲੇ ਕਾਲਜ ਨੂੰ ਪਾਰਟ ਟਾਈਮ ਲੈਕਚਰਰ ਦੀ ਲੋੜ ਹੈ। ਅਗਲੇ ਸਾਲ ਫੁੱਲ ਟਾਈਮ ਪੋਸਟ ਬਣ ਜਾਵੇਗੀ। ਜੇ ਉਹ ਪਾਰਟ ਟਾਈਮ ਲੈਕਚਰਾਰ ਲੱਗਣ ਲਈ ਤਿਆਰ ਹੈ ਤਾਂ ਹੁਣੇ ਰੱਖ ਸਕਦੇ ਹਾਂ। ਉਹ ਇਹ ਕਹਿ ਕੇ ਚਲਾ ਗਿਆ ਕਿ ਸੁਧਾਰ ਦੇ ਕਾਲਜ ਵਿਚ ਵੀ ਟਰਾਈ ਕਰ ਰਿਹਾਂ। ਜੇ ਉਥੇ ਗੱਲ ਨਾ ਬਣੀ ਤਾਂ ਤੁਹਾਡੇ ਕੋਲ ਹੀ ਆ ਜਾਵਾਂਗਾ।
ਮੈਂ ਕਈ ਵਾਰ ਸੋਚਦਾਂ ਕਾਸ਼! ਉਹ ਸਾਡੇ ਕੋਲ ਆ ਜਾਂਦਾ ਤਾਂ ਸ਼ਾਇਦ ਉਹ ਵੀ ਮੇਰੇ ਵਾਂਗ ਢੁੱਡੀਕੇ ਹੀ ਲੰਮਾ ਸਮਾਂ ਟਿਕਿਆ ਰਹਿੰਦਾ ਤੇ ਨਕਸਲੀ ਗੇੜ ‘ਚ ਕੈਨੇਡਾ ਵੱਲ ਭੱਜਣੋਂ ਬਚ ਜਾਂਦਾ!