‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ’

ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ
ਫੋਨ: 91-98766-55055
ਇਹ ਸੱਚ ਹੈ ਕਿ ਤੁਰਨ ਲਈ ਰਾਹ ਚਾਹੀਦੇ ਹਨ, ਪਰ ਇਹ ਵੀ ਸੱਚ ਹੈ ਕਿ ਤੁਰਿਆਂ ਹੀ ਰਾਹ ਬਣਦੇ ਹਨ, ਜੇ ਚਲਾਂਗੇ ਤਾਂ ਹੀ ਪੁੱਜਾਂਗੇ।
ਘਸੇ-ਪਿਟੇ ਰਾਹਾਂ ‘ਤੇ ਆਮ ਲੋਕ ਤੁਰਦੇ ਹਨ, ਔਝੜੇ-ਬਿਖੜੇ ਰਾਹਾਂ ‘ਤੇ ਸੂਰਮੇ ਤੁਰਦੇ ਹਨ; ਪਰ ਇਤਿਹਾਸ ਉਹੀ ਰਚਦੇ ਹਨ, ਜੋ ਨਵੇਂ-ਨਿਵੇਕਲੇ ਰਾਹ ਬਣਾਉਂਦੇ ਹਨ।

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਦੀਆਂ ਮਸ਼ਹੂਰ ਸਤਰਾਂ ਹਨ,
ਮੈਂ ਰਾਹਾਂ ‘ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
ਯੁਗਾਂ ਤੋਂ ਕਾਫਲੇ ਆਉਂਦੇ
ਇਸੇ ਸੱਚ ਦੇ ਗਵਾਹ ਬਣਦੇ।
ਅਮਰੀਕੀ ਕਵੀ ਰੌਬਰਟ ਫਰੌਸਟ ਦੀ ਇਕ ਕਵਿਤਾ ਹੈ, ‘ਠਹੲ ੍ਰੋਅਦ ਂੋਟ ਠਅਕੲਨ’ (ਅਣ-ਅਪਨਾਈ ਸੜਕ), ਜਿਸ ਵਿਚ ਉਹ ਦੋਰਾਹੇ `ਤੇ ਆ ਜਾਣ `ਤੇ ਚੋਣ ਕਰਨ ਦੀ ਦੁਬਿਧਾ ਅਤੇ ਘੱਟ ਚਲੇ ਰਾਹ ਉਪਰ ਚੱਲਣ ਦੀ ਦਲੇਰੀ ਦੀ ਗੱਲ ਕਰਦੈ, ‘ਇਕ ਪੀਲੇ ਰੰਗ ਦੇ ਜੰਗਲ ‘ਚ ਦੋਰਾਹਾ ਆਇਆ, ਤੇ ਮੈਂ ਘੱਟ ਚਲਿਆ ਰਾਹ ਅਪਨਾਇਆ ਅਤੇ ਇਹ (ਚੋਣ) ਹੀ ਸਾਰਾ ਫਰਕ।’
ਰਾਹ, ਰਾਹੀ ਅਤੇ ਮੰਜ਼ਿਲ ਦਾ ਚੋਲੀ-ਦਾਮਨ ਦਾ ਰਿਸ਼ਤਾ ਹੈ। ਰਾਹ, ਰਾਹੀ ਨੂੰ ਮੰਜ਼ਿਲ ਤੀਕ ਪਹੁੰਚਾਉਣ ਦਾ ਜ਼ਰੀਆ ਹੈ। ਰਾਹ ਬਿਨਾਂ ਮੰਜ਼ਿਲ ਨਹੀਂ ਅਤੇ ਮੰਜ਼ਿਲ ਬਿਨਾ ਰਾਹ ਦਾ ਕੋਈ ਫਾਇਦਾ ਨਹੀਂ; ਪਰ ਰਾਹੀ ਬਿਨਾਂ ਦੋਵੇਂ ਬੇਫਾਇਦਾ ਹਨ।
ਇਨ੍ਹਾਂ ਤਿੰਨਾਂ ਵਿਚ ਤਾਲ-ਮੇਲ ਬਹੁਤ ਜ਼ਰੂਰੀ ਹੈ। ਰਾਹੀ ਨੂੰ ਰਾਹ ਅਤੇ ਮੰਜ਼ਿਲ-ਦੋਹਾਂ ਦਾ ਪਤਾ ਹੋਣਾ ਲਾਜ਼ਮੀ ਹੈ, ਨਹੀਂ ਤਾਂ ਭਟਕਣ ਹੀ ਪੱਲੇ ਪਏਗੀ, ‘ਰਾਹ ਕਹੀਂ, ਰਾਹੀ ਕਹੀਂ, ਰਹਿਬਰ ਕਹੀਂ, ਯੂੰ ਭੀ ਰਾਹ ਤੈਅ ਹੂਆ ਹੈ ਕਹੀਂ?’ ਡਾ. ਇਕਬਾਲ ਐਵੇਂ ਤਾਂ ਨਹੀਂ ਕਹਿੰਦਾ, ‘ਢੂੰਟਤਾ ਫਿਰਤਾ ਹੂੰ ਇਕਬਾਲ ਮੈਂ ਅਪਨੇ ਆਪ ਕੋ, ਆਪ ਹੀ ਗੋਇਆ ਮੁਸਾਫਿਰ ਆਪ ਹੀ ਮੰਜ਼ਿਲ ਹੂੰ ਮੈਂ।’
ਅਜਿਹੀ ਦੁਬਿਧਾ ਬਾਰੇ ਗੁਲਾਮ ਅਲੀ ਦੀ ਗਾਈ ਇਕ ਗਜ਼ਲ ਦਾ ਸ਼ੇਅਰ ਹੈ, ‘ਰੁਕੂੰ ਤੋ ਮੰਜ਼ਿਲੇਂ ਹੀ ਮੰਜ਼ਿਲੇਂ ਹੈਂ, ਚਲੂੰ ਤੋ ਰਾਸਤਾ ਕੋਈ ਨਹੀਂ ਹੈ।’ ਹਿੰਦੀ ਫਿਲਮ ਦੇ ਇਕ ਗੀਤ ਦੀ ਸਤਰ ਹੈ, ‘ਸੌ ਰਾਸਤੇ ਪਰ ਤੇਰੀ ਰਾਹ ਨਹੀਂ।’
ਨਿਸ਼ਾਨਾ ਸਾਹਮਣੇ ਹੋਵੇ ਤੇ ਮੁਸਾਫਿਰ ‘ਚ ਨਿਸ਼ਚਾ ਹੋਵੇ ਤਾਂ ਰਾਹ ਨਾ ਵੀ ਹੋਵੇ ਤਾਂ ਰਾਹ ਬਣਾਏ ਜਾ ਸਕਦੇ ਹਨ। ਦ੍ਰਿੜਤਾ ਅੱਗੇ ਭਲਾ ਕਦੇ ਕੋਈ ਟਿਕਿਆ, ਬੰਦਾ ਟਿਕਾਣੇ ਵਲ ਨਿਸ਼ਾਨਾ ਸਾਧ ਕੇ ਤੁਰੇ ਤਾਂ ਸਹੀ, ਮੰਜ਼ਿਲ ਤਾਂ ਪੈਰ ਚੁੰਮੇਗੀ। ਡਾ. ਬਸ਼ੀਰ ਬਦਰ ਨੇ ਕਿਆ ਖੂਬ ਕਿਹਾ ਹੈ, ‘ਜਬ ਸੇ ਚਲਾ ਹੂੰ ਮੇਰੀ ਮੰਜ਼ਿਲ ਪੇ ਨਜ਼ਰ ਹੈ, ਮੈਨੇ ਰਾਸਤੇ ਮੇਂ ਮੀਲ ਕਾ ਪੱਥਰ ਨਹੀਂ ਦੇਖਾ।’
ਕਈ ਵਾਰ ਜਿ਼ੰਦਗੀ ਉਨ੍ਹਾਂ ਰਾਹਾਂ ਉਪਰ ਵੀ ਤੋਰ ਦਿੰਦੀ ਹੈ, ਜਿਨ੍ਹਾਂ ਦੀ ਸਾਰ ਤੱਕ ਨਹੀਂ ਹੁੰਦੀ। ਭਲਾ ਸੁਰਿੰਦਰ ਕੌਰ ਦਾ ਗਾਇਆ ਗੀਤ ਕਿਸ ਨੇ ਨਹੀਂ ਸੁਣਿਆਂ, ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਓ ਰੱਬਾ ਵੇ ਸਾਨੂੰ ਤੁਰਨਾ ਪਿਆ; ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਨ੍ਹੀਂ ਰਾਹੀਂ ਵੇ ਸਾਨੂੰ ਮੁੜਨਾ ਪਿਆ।’
ਨਵੇਂ ਰਾਹ ਬਣਾਉਣ ਅਤੇ ਉਨ੍ਹਾਂ ਉਪਰ ਆਪਣੇ ਪੈਰਾਂ ਦੇ ਨਿਸ਼ਾਨ ਛੱਡਣ ਲਈ ਜਿਗਰਾ ਚਾਹੀਦੈ। ਬਹੁਤੀ ਵਾਰ ਇਕੱਲਿਆਂ ਹੀ ਸਫਰ `ਤੇ ਚੱਲਣਾ ਪੈਂਦਾ ਹੈ, ਪਰ ਨਿਸ਼ਚਾ ਤੇ ਕਾਮਯਾਬੀ ‘ਕੱਲਿਆਂ ਤੋਂ ਕਾਫਲਾ’ ਕਰ ਦਿੰਦੀ ਹੈ,
‘ਮੈਂ ਅਕੇਲਾ ਹੀ ਚਲਾ ਥਾ ਜਾਨਿਬੇ ਮੰਜਿ਼ਲ ਮਗਰ,
ਲੋਕ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਯਾ।’
ਪਰ ਜੀਵਨ ਦੇ ਸਫਰ ਵਿਚ ਕਦਮ ਬੜੀ ਸਾਵਧਾਨੀ ਨਾਲ ਚੁੱਕਣੇ ਚਾਹੀਦੇ ਹਨ। ਨਵੇਂ ਰਾਹਾਂ ਦਾ ਮਤਲਬ ਗਲਤ ਰਾਹ ਹਰਗਿਜ਼ ਨਹੀਂ, ‘ਸਿਰਫ ਏਕ ਕਦਮ ਉਠਾ ਥਾ ਗਲਤ ਰਾਹੇ ਸ਼ੌਕ ਮੇਂ, ਮੰਜ਼ਿਲ ਤਮਾਮ ਉਮਰ ਮੁਝੇ ਢੂੰਟਤੀ ਰਹੀ।’ (ਅਬਦੁਲ ਹਮੀਦ ਅਦਮ)
ਕੁਰਾਹੇ ਪਾਉਣ ਵਾਲੇ ਸਾਥ ਨਾਲੋਂ ਇਕੱਲੇ ਚਲਣਾ ਬਿਹਤਰ! ਅਹਿਮਦ ਫਰਾਜ਼ ਨੇ ਇਸੇ ਲਈ ਕਿਹਾ ਸੀ, ‘ਹਮਸਫਰ ਚਾਹੀਏ ਹਜੂਮ ਨਹੀਂ, ਇਕ ਮੁਸਾਫਿਰ ਭੀ ਕਾਫਿਲਾ ਹੈ ਮੁਝੇ।’ ਸਹੀ ਦਿਸ਼ਾ ਵਲ ਕਦਮ ਪੁੱਟਣਾ ਮੰਜ਼ਿਲ ਉਪਰ ਅੱਪੜਨ ਦਾ ਸੂਚਕ ਹੈ, ਪਰ ਕਦਮ ਪੁੱਟਣਾ ਜ਼ਰੂਰ ਪੈਂਦੈ। ‘ਲਾਓ ਚਾ’ ਨੇ ਬਹੁਤ ਦੇਰ ਪਹਿਲਾਂ ਕਿਹਾ ਸੀ, ‘ਹਜ਼ਾਰਾਂ ਮੀਲਾਂ ਦਾ ਸਫਰ ਪਹਿਲੇ ਕਦਮ ਨਾਲ ਅਰੰਭ ਹੁੰਦੈ।’ 1974 ਦੀ ਹਿੰਦੀ ਫਿਲਮ ‘ਦੋਸਤ’ ਵਿਚ ਕਿਸ਼ੋਰ ਕੁਮਾਰ ਦਾ ਇਕ ਗੀਤ ਹੈ, ‘ਗਾੜੀ ਬੁਲਾ ਰਹੀ ਹੈ, ਸੀਟੀ ਬਜਾ ਰਹੀ ਹੈ; ਚਲਨਾ ਹੀ ਜ਼ਿੰਦਗੀ ਹੈ, ਚਲਤੀ ਹੀ ਜਾ ਰਹੀ ਹੈ।’
ਹਰਕਤ ਵਿਚ ਹੀ ਬਰਕਤ ਹੈ। ਤੋਰ ‘ਚ ਹੀ ਲੋਰ ਹੈ। ਗਤੀ ਹੀ ਮੁਕਤੀ ਹੈ। ਖੜੋਤ ਤਾਂ ਮੌਤ ਹੈ। ਜੋ ਬਹਿ ਗਿਆ, ਸੋ ਰਹਿ ਗਿਆ। ਜੋ ਖੜ੍ਹ ਗਿਆ, ਸਮਝੋ ਮਰ ਗਿਆ। ਖੜੋਤ ਸੜਿਹਾਂਦ ਹੈ, ਚਲਨਾ ਖੁਸ਼ਬੂ। ਖੜ੍ਹਾ ਪਾਣੀ ਬਦਬੂ ਮਾਰਦੈ, ਚਲਦਾ/ਵਗਦਾ ਪਾਣੀ ਨਿਰਮਲ ਜਲ ਹੁੰਦੈ।’ ਇਕ ਰਾਸਤਾ ਹੈ ਜ਼ਿੰਦਗੀ, ਜੋ ਥੰਮ ਗਏ ਤੋ ਕੁਛ ਨਹੀਂ।’
ਨਵੀਆਂ ਪੈੜਾਂ ਪਾਉਣ ਵਾਲਿਆਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦੈ। ਲੋਕ ਸਫਲਤਾ ਦੇ ਪੁਜਾਰੀ ਹਨ, ਚੜ੍ਹਦੇ ਸੂਰਜ ਨੂੰ ਸਲਾਮਾਂ ਮਾਰਨ ਵਾਲੇ। ਬਸ ਜੇ ਧਾਰ ਲਿਆ ਤਾਂ ਧਾਰ ਲਿਆ, ਤੁਰਨਾ ਹੈ ਤਾਂ ਬਸ ਤੁਰਨਾ ਹੀ ਹੈ; ਵਿਰੋਧ ਹੋਵੇ, ਵਾਵਰੋਲੇ ਆਉਣ, ਵਿਵਸਥਾ ਅੜਿੱਕੇ ਪਾਵੇ, ਪਰ ਮੰਜ਼ਿਲ `ਤੇ ਪਹੁੰਚਣਾ ਹੀ ਹੈ, ‘ਵਿਕਲਪ ਮਿਲੇਂਗੇ ਬਹੁਤ ਮਾਰਗ ਭਟਕਾਨੇ ਕੇ ਲੀਏ, ਸੰਕਲਪ ਏਕ ਹੀ ਕਾਫੀ ਹੈ ਮੰਜ਼ਿਲ ਤਕ ਜਾਨੇ ਕੇ ਲੀਏ।’
ਸ਼ਬਦ-ਵਿਗਿਆਨ (ਐਟੀਮੌਲੌਜੀ) ਦਾ ਸ਼ੌਕ ਹੋਣ ਕਾਰਨ ਮਹਾਨਕੋਸ਼ ਵਿਚ ਰਾਹ ਦੇ ਅਰਥ ਦੇਖ ਬੈਠਾ। 6 ਅਰਥ ਹਨ, ਆਪਾਂ ਇਕੋ ਨਾਲ ਸਾਰਾਂਗੇ: ਰਾਹ-ਫਾਰਸੀ; ਸੰਗਯਾ-ਮਾਰਗ, ਰਾਸਤਾ, ਪੰਥ। ਵੈਸੇ ਫਿਰਨੀ, ਪਗਡੰਡੀ ਅਤੇ ਸੜਕ ਵੀ ਰਾਹ ਹੀ ਹਨ, ਸ਼ਕਲਾਂ ਜ਼ਰਾ ਵੱਖ ਵੱਖ ਹਨ। ਹਵਾਈ ਅਤੇ ਸਮੁੰਦਰੀ ਸਫਰ ਵੀ ਤੈਅਸ਼ੁਦਾ ਰੂਟਾਂ ਉਪਰ ਹੀ ਹੁੰਦੈ।
ਸਾਰੇ ਰਾਹ ਰਾਹੀ/ਮੁਸਾਫਰ ਨੂੰ ਮੰਜ਼ਿਲ ਨਾਲ ਮੇਲ ਕਰਾਉਂਦੇ ਹਨ। ਮਹਿਬੂਬ ਨੂੰ ਮਿਲਣ ਜਾਣਾ ਹੋਵੇ ਤਾਂ ਧੁੱਦਲ ਨਾਲ ਅੱਟਿਆ ਹੋਇਆ ਰਾਹ ਵੀ ਸਵਰਗੀ ਹੁਲਾਰੇ ਦਿੰਦੈ। ਸ. ਸ. ਮੀਸ਼ਾ ਦਾ ਸ਼ੇਅਰ ਹੈ, ‘ਤੇਰੀ ਧੂੜ ਵੀ ਸੁਰਮੇ ਵਰਗੀ, ਸੱਜਣਾਂ ਦੇ ਪਿੰਡ ਜਾਂਦੀਏ ਸੜਕੇ।’
ਨਿਰੰਤਰ ਸਫਰ ਵਿਚ ਰਹਿਣਾ ਕਿਰਿਆਸ਼ੀਲ ਹੋਣ ਦੀ ਨਿਸ਼ਾਨੀ ਹੈ। ਕਈਆਂ ਲਈ ਰਾਸਤਾ ਹੀ ਮੰਜ਼ਿਲ ਹੁੰਦੈ ਤੇ ਚਲਦੇ ਰਹਿਣਾ ਹੀ ਮਕਸਦ। ਕਈਆਂ ਨੂੰ ਮੰਜ਼ਿਲ ‘ਤੇ ਪੁੱਜਣ ਲਈ ਬੜੇ ਧੱਕੇ-ਠੇਡੇ ਖਾਣੇ ਪੈਂਦੇ ਹਨ, ਪਰ ਕਈਆਂ ਨੂੰ ਮੰਜ਼ਿਲ ਧਾਹ ਕੇ ਮਿਲਦੀ ਹੈ, ‘ਕਿਸੀ ਕੋ ਘਰ ਸੇ ਨਿਕਲਤੇ ਹੀ ਮਿਲ ਗਈ ਮੰਜ਼ਿਲ, ਕੋਈ ਹਮਾਰੀ ਤਰਹ ਉਮਰ ਭਰ ਸਫਰ ਮੇਂ ਰਹਾ।’
ਰਾਹ ਨਾਲ ਬੜੇ ਮੁਹਾਵਰੇ ਜੁੜੇ ਹਨ-ਰਾਹ ਪਿਆ ਜਾਣੀਏਂ ਜਾਂ ਵਾਹ ਪਿਆ ਜਾਣੀਏਂ, ਰਾਹ ਰਹਿਣ ਦੇ ਤੇ ਗਾਹ ਗਹਿਣ ਦੇ, ਰਾਹ ਵਿਚ ਹੱਗੇ, ਨਾਲੇ ਆਨੇ ਟੱਡੇ; ਰਾਹੋਂ ਲੰਘਣਾ, ਰਾਹ ਵੇਖਣਾ, ਰਾਹੋਂ ਕੁਰਾਹ ਹੋਣਾ, ਰਾਹ ਸਿਰ ਦੀ ਗੱਲ, ਰਾਹ ਹੋਣਾ, ਰਾਹ ਕਰਨਾ, ਰਾਹ ਤੱਕਣਾ, ਰਾਹ ਪੈਰੀਂ ਲਗਣਾ, ਰਾਹ ਜਾਂਦੀ ਬਲਾਅ ਗਲ ਲਾਉਣੀ, ਰਾਹ `ਤੇ ਆਉਣਾ, ਰਾਹ ਦਾ ਕੰਡਾ ਹੋਣਾ, ਰਾਹ ਦਾ ਕੰਡਾ ਕੱਢਣਾ, ਰਾਹ ਦੀ ਗੱਲ ਕਰਨੀ, ਰਾਹ ਦੇਣਾ, ਰਾਹ ਨਾ ਆਉਣਾ, ਰਾਹ ਰੰਗ ਦਾ ਹੋਣਾ, ਰਾਹ ਵਿਚ ਰੋੜਾ ਅਟਕਾਉਣਾ, ਰਾਹ ਨਾਲ ਵਰਤਣਾ, ਰਾਹ ਪੈਣਾ, ਰਾਹ ਮਾਰਨਾ, ਦਿਲ ਨੂੰ ਦਿਲ ਦਾ ਰਾਹ ਹੋਣਾ ਆਦਿ (ਫਾਰਸੀ-ਉਰਦੂ ਵਾਲਿਆਂ ਤਾਂ ਰਾਹੇ-ਰਾਸਤ ਨੂੰ ਇਕੱਠਾ ਕਰਕੇ ਮੁਹਾਵਰਾ ਬਣਾਇਆ)।
ਗੁਰਬਾਣੀ ਵਿਚ ਰਾਹ, ਮਾਰਗ, ਪੰਥ ਨਾਲ ਸਬੰਧਤ ਅਨੇਕਾਂ ਟੂਕਾਂ ਹਨ, ਪਰ ਇਥੇ ਅਸੀਂ ਸੰਕੇਤ ਮਾਤਰ ਹੀ ਦੇਵਾਂਗੇ, ‘ਰਾਹ ਦੋਵੈ ਇਕ ਜਾਣੈ ਸੋਈ ਸਿਝਸੀ॥’ ‘ਰਾਹ ਦੋਵੈ ਖਸਮੁ ਏਕੋ ਜਾਣੁ॥’ ‘ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੇ ਗਵਾਰਿ॥’ ‘ਪੰਥਿ ਸੁਹੇਲੇ ਜਾਵਹੁ ਤਾਂ ਫਲੁ ਪਾਵੋ ਆਗੇ ਮਿਲੈ ਵਡਾਈ॥’ ‘ਮਾਰਗਿ ਚਲਤ ਸਗਲ ਦੁਖ ਗਏ॥’ ‘ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ॥’
ਜ਼ਿੰਦਗੀ ਵਿਚ ਕਈ ਵਾਰ ਬਿਖੜੇ ਰਾਹ ਅਤੇ ਔਝੜ ਪੈਂਡੇ ਟੱਕਰ ਪੈਂਦੇ ਹਨ। ਆਪਾ-ਧਾਪੀ, ਭੀੜ-ਭੜੱਕੇ ਅਤੇ ਘਾਤਕ ਕਾਹਲ ਵਾਲੇ ਇਸ ਜੀਵਨ ਵਿਚ ਹਰ ਸ਼ਖਸ ਰਾਹ ਦੀ ਤਲਾਸ਼ ਵਿਚ ਹੈ, ‘ਹਰ ਸ਼ਖਸ ਦੌੜਤਾ ਹੈ ਯਹਾਂ ਭੀੜ ਕੀ ਤਰਫ, ਔਰ ਯੇਹ ਭੀ ਚਾਹਤਾ ਹੈ ਕਿ ਉਸੇ ਰਾਸਤਾ ਮਿਲੇ।’ (ਵਸੀਮ ਬਰੇਲਵੀ)
ਹਿੰਮਤਾਂ ਵਾਲੇ ਹੀ ਬਿਖਮ ਰਾਹ ਤੈਅ ਕਰ ਪਾਉਂਦੇ ਹਨ। ਨਿਦਾ ਫਾਜ਼ਲੀ ਨੇ ਤਾਂ ਸਿੱਧਾ ਸਪੱਸ਼ਟ ਕਿਹੈ, ‘ਸਫਰ ਮੇਂ ਧੂਪ ਤੋ ਹੋਗੀ ਜੋ ਚਲ ਸਕੋ ਤੋ ਚਲੋ, ਸਭੀ ਹੈਂ ਭੀੜ ਮੇਂ ਤੁਮ ਭੀ ਨਿਕਲ ਸਕੋ ਤੋ ਚਲੋ…; ਯਹਾਂ ਕਿਸੀ ਕੋ ਕੋਈ ਰਾਸਤਾ ਨਹੀਂ ਦੇਤਾ, ਮੁਝੇ ਗਿਰਾ ਕੇ ਅਗਰ ਤੁਮ ਸੰਭਲ ਸਕੋ ਤੋ ਚਲੋ।’