ਜ਼ਿੰਮੇਵਾਰ ਧਿਰਾਂ ਵੱਖ-ਵੱਖ ਨੁਕਤੇ ਵਿਚਾਰਨ ਲਈ ਅੱਗੇ ਆਉਣ

ਸਾਕਾ ਨੀਲਾ ਤਾਰਾ: ਕੀ ਸਿੱਖ ਅੰਤਰ ਝਾਤ ਮਾਰਨਗੇ?-2
‘ਪੰਜਾਬ ਟਾਈਮਜ਼’ ਦੇ ਅੰਕ 23 (5 ਜੂਨ 2021) ਵਿਚ ਸਾਕਾ ਨੀਲਾ ਤਾਰਾ ਬਾਰੇ ਸਿੱਖ ਵਿਦਵਾਨ ਹਰਚਰਨ ਸਿੰਘ ਪ੍ਰਹਾਰ ਦਾ ਲੇਖ ਛਾਪਿਆ ਗਿਆ ਸੀ। ਕੁਝ ਸੰਜੀਦਾ ਪਾਠਕਾਂ ਨੇ ਉਨ੍ਹਾਂ ਵੱਲੋਂ ਉਠਾਏ ਕੁਝ ਅਹਿਮ ਸਵਾਲਾਂ ਦੇ ਪ੍ਰਸੰਗ ਵਿਚ ਕੁਝ ਹੋਰ ਨੁਕਤੇ ਸਾਂਝੇ ਕੀਤੇ ਸਨ। ਇਨ੍ਹਾਂ ਨੁਕਤਿਆਂ ਨੂੰ ਕੇਂਦਰ ਵਿਚ ਰੱਖ ਕੇ ਹਰਚਰਨ ਸਿੰਘ ਪ੍ਰਹਾਰ ਨੇ ਉਸ ਲੇਖ ਦਾ ਦੂਜਾ ਭਾਗ ਭੇਜਿਆ ਹੈ ਜਿਸ ਵਿਚ ਉਨ੍ਹਾਂ ਦਲੀਲ ਨਾਲ ਸਿੱਖ ਵਿਦਵਾਨਾਂ ਅੱਗੇ ਕੁਝ ਹੋਰ ਸਵਾਲ ਰੱਖੇ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ। ਇਸ ਲੇਖ ਵਿਚ ਉਨ੍ਹਾਂ ਉਹ ਨੁਕਤੇ ਵੀ ਵਿਚਾਰ ਹਨ ਜਿਨ੍ਹਾਂ ਬਾਰੇ ਅਜੇ ਤੱਕ ਨਿੱਠ ਕੇ ਚਰਚਾ ਨਹੀਂ ਹੋ ਸਕੀ ਹੈ।

ਹਰਚਰਨ ਸਿੰਘ ਪ੍ਰਹਾਰ
ਫੋਨ: 403-681-8689
ਦੁਨੀਆ ਦਾ ਇਤਿਹਾਸ ਵੱਡੇ ਦੁਖਾਂਤਾਂ, ਜੰਗਾਂ, ਯੁੱਧਾਂ ਨਾਲ ਭਰਿਆ ਪਿਆ ਹੈ। ਇਤਿਹਾਸ ਦੀਆਂ ਉਨ੍ਹਾਂ ਘਟਨਾਵਾਂ ਤੋਂ ਅਸੀਂ ਚੰਗੇ-ਮਾੜੇ ਸਬਕ ਤਾਂ ਸਿੱਖ ਸਕਦੇ ਹਾਂ ਪਰ ਜੀਣਾ ਅਸੀਂ ਆਪਣੇ ਅੱਜ ਦੇ ਹਾਲਾਤ ਅਤੇ ਸਮਰੱਥਾ ਅਨੁਸਾਰ ਹੁੰਦਾ ਹੈ। ਲੋਕ ਆਪਣੇ ਇਤਿਹਾਸ ਤੋਂ ਸਬਕ ਲੈ ਕੇ ਅੱਗੇ ਵਧਦੇ, ਤਰੱਕੀ ਕਰਦੇ ਹਨ ਅਤੇ ਅਜਿਹੇ ਯਤਨ ਕਰਦੇ ਹਨ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਪਿਛਲੀ ਸਦੀ ਵਿਚ ਹੋਈਆਂ ਦੋ ਸੰਸਾਰ ਜੰਗਾਂ ਤੋਂ ਬਾਅਦ ਬੇਸ਼ਕ ਕਈ ਦੇਸ਼ ਆਰਥਿਕ ਤਰੱਕੀ ਦੇ ਨਾਲ-ਨਾਲ ਵਿਨਾਸ਼ਕਾਰੀ ਨਿਊਕਲੀਅਰ ਹਥਿਆਰਾਂ ਵਿਚ ਵੀ ਬਹੁਤ ਸ਼ਕਤੀਸ਼ਾਲੀ ਹੋਏ ਹਨ ਪਰ ਇਸ ਦੇ ਬਾਵਜੂਦ ਸਾਰਿਆਂ ਨੇ ਸੰਸਾਰ ਯੁੱਧਾਂ ਤੋਂ ਸਿੱਖੇ ਸਬਕਾਂ ਤੋਂ ਬਾਅਦ ਪਿਛਲੇ 80 ਸਾਲਾਂ ਵਿਚ ਤੀਜੀ ਸੰਸਾਰ ਜੰਗ ਨਹੀਂ ਹੋਣ ਦਿੱਤੀ, ਭਾਵੇਂ ਠੰਢੀ ਜੰਗ ਚੱਲਦੀ ਰਹੀ। ਪੱਛਮੀ ਦੇਸ਼ਾਂ ਨੇ ਆਪਣੇ ਦੇਸ਼ਾਂ ਦਾ ਸਾਂਝਾ ਭਾਈਚਾਰਾ ਉਸਾਰਨ ਦਾ ਵੀ ਪੂਰਾ ਯਤਨ ਕੀਤਾ।
ਪਿਛਲੇ ਮਹੀਨੇ ਸਿੱਖ ਭਾਈਚਾਰੇ ਨੇ 37 ਸਾਲ ਪਹਿਲਾਂ ਜੂਨ 84 ਦੀਆਂ ਮੰਦਭਾਗੀਆਂ ਘਟਨਾਵਾਂ ਦੀ ਵਰ੍ਹੇਗੰਢ ਮਨਾਈ ਤਾਂ ਜੋ ਕੁਝ ਦੇਖਣ-ਸੁਣਨ ਨੂੰ ਮਿਲਿਆ, ਉਸ ਤੋਂ ਇਹੀ ਸਮਝ ਬਣਦੀ ਹੈ ਕਿ ਅਸੀਂ 37 ਸਾਲ ਬਾਅਦ ਵੀ ਕੀ ਤੇ ਕਿਵੇਂ ਹੋਇਆ, ਨੂੰ ਹੀ ਸੁਣੀ-ਸੁਣਾਈ ਜਾਂਦੇ ਹਾਂ। ਅਜੇ ਵੀ ਅਸੀਂ ਇਸ ਬਾਰੇ ਚਰਚਾ ਕਰਨ ਨੂੰ ਤਿਆਰ ਨਹੀਂ ਕਿ ਜੂਨ 84 ਕਿਉਂ ਹੋਇਆ? ਹਰ ਸਾਲ ਨਵੀਆਂ ਕਹਾਣੀਆਂ ਬੜੇ ਸਨਸਨੀਖੇਜ਼ ਢੰਗ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ। ਬਹੁਤ ਸਾਰੇ ਸੋਸ਼ਲ ਮੀਡੀਆ ਚੈਨਲ ਆਪਣੀ ਟੀ.ਆਰ.ਪੀ. ਵਧਾਉਣ ਲਈ ਇਨ੍ਹਾਂ ਘਟਨਾਵਾਂ ਨੂੰ ਮਸਾਲੇ ਲਾ ਕੇ ਪੇਸ਼ ਕਰਦੇ ਹਨ। ਸਾਡੇ ਬਹੁਤੇ ਵਿਦਵਾਨਾਂ ਦਾ ਜ਼ੋਰ ਜੂਨ 84 ਰਾਹੀਂ ਸਿੱਖਾਂ ਨੂੰ ਪੀੜਤ ਧਿਰ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕਰਨਾ ਰਿਹਾ ਹੈ ਪਰ ਇਥੇ ਵੀ ਉਹ ਮਾਰ ਖਾ ਜਾਂਦੇ ਹਨ, ਜਦੋਂ ਇੱਕ ਪਾਸੇ ਕਹਿੰਦੇ ਹਨ ਕਿ ਭਾਰਤ ਦੀ ਸ਼ਕਤੀਸ਼ਾਲੀ ਫੌਜ ਨੇ ਛੋਟੀ ਜਿਹੀ ਘੱਟ-ਗਿਣਤੀ ਦੇ ਧਾਰਮਿਕ ਸਥਾਨ ‘ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦਾ ਨਸਲਘਾਤ ਕੀਤਾ, ਫਿਰ ਨਾਲ ਹੀ ਆਪਣੀ ਬਹਾਦਰੀ ਤੇ ਮੋਰਚਾਬੰਦੀ ਦੇ ਕਿੱਸੇ ਸ਼ੁਰੂ ਕਰ ਦਿੰਦੇ ਹਨ ਕਿ ਕਿਵੇਂ ਸਿੰਘਾਂ ਦੀ ਮੋਰਚਾਬੰਦੀ ਦੇਖ ਕੇ ਫੌਜ ਵੀ ਹੈਰਾਨ ਰਹਿ ਗਈ, ਕਿਵੇਂ ਸਿੰਘਾਂ ਨੇ ਹਜ਼ਾਰਾਂ ਫੌਜੀਆਂ ਦੇ ਸੱਥਰ ਵਿਛਾ ਦਿੱਤੇ, ਸਿੰਘਾਂ ਨੇ ਫੌਜੀ ਟੈਂਕ ਵੀ ਉਡਾ ਦਿੱਤੇ ਆਦਿ। ਸਾਡੇ ਵਿਦਵਾਨਾਂ ਦੇ ਇਹ ਦੋਨੋਂ ਆਪਾ-ਵਿਰੋਧੀ ਕਿੱਸੇ ਸੁਣ ਕੇ ਕੌਣ ਮੰਨੇਗਾ ਕਿ ਨਿਹੱਥੇ ਸਿੱਖਾਂ ਨਾਲ ਭਾਰਤੀ ਫੌਜ ਨੇ ਧੱਕਾ ਕੀਤਾ ਸੀ?
ਇਸ ਲਿਖਤ ਦਾ ਮੁੱਖ ਵਿਸ਼ਾ ਸਿੱਖ ਸਿਆਸਤ ਦੇ ਵਿਸ਼ਲੇਸ਼ਕ ਅਤੇ ਖਾਲਿਸਤਾਨੀ ਲਹਿਰ ਦੇ ਸਿਧਾਂਤਕ ਵਿਆਖਿਆਕਾਰ ਅਜਮੇਰ ਸਿੰਘ ਵਲੋਂ ਜੂਨ ਦੇ ਪਹਿਲੇ ਹਫਤੇ ਯੂਟਿਊਬ ‘ਤੇ ਲਗਾਤਾਰ ਪਾਈਆਂ ਵੀਡੀਓ ਹਨ। ਇਨ੍ਹਾਂ ਵਿਚ ਉਨ੍ਹਾਂ ਨੇ ਜੂਨ 84 ਦੀਆਂ ਘਟਨਾਵਾਂ ਨੂੰ ਪਲ-ਪਲ ਦੀ ਜਾਣਕਾਰੀ ਅਨੁਸਾਰ 1 ਜੂਨ ਤੋਂ 7 ਜੂਨ ਤੱਕ ਦੱਸਣ ਦਾ ਦਾਅਵਾ ਕੀਤਾ ਹੈ। ਜਿਥੇ ਉਨ੍ਹਾਂ ਬਹੁਤ ਸਾਰੀਆਂ ਆਪਾ-ਵਿਰੋਧੀ ਗੱਲਾਂ ਕੀਤੀਆਂ ਹਨ, ਉਥੇ ਬਹੁਤ ਸਾਰੀਆਂ ਗੱਲਾਂ ਮੰਨੀਆਂ ਹਨ ਜੋ ਹੁਣ ਤੱਕ ਇਸ ਪਾਲੇ ਦੇ ਵਿਦਵਾਨ ਸਰਕਾਰ ਦੇ ਵਿਰੋਧ ਵਿਚ ਵਰਤਦੇ ਸਨ। ਹੁਣ ਮਸਲਾ ਇਨ੍ਹਾਂ ਘਟਨਾਵਾਂ ਦੇ ਨਿਰਪੱਖ ਵਿਸ਼ਲੇਸ਼ਣ ਅਤੇ ਕੁਝ ਸਵਾਲ ਖੜ੍ਹੇ ਕਰਨ ਦਾ ਹੈ ਤਾਂ ਕਿ ਅਸੀਂ ਸਮਝ ਸਕੀਏ ਕਿ ਜੂਨ 84 ਦਾ ਘੱਲੂਘਾਰਾ ਕਿਉਂ ਵਾਪਰਿਆ ਤੇ ਉਸ ਵਕਤ ਕੀ ਹਾਲਾਤ ਸਨ?
ਅਜਮੇਰ ਸਿੰਘ ਦੇ ਕਥਨ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਅਤੇ ਸਿੱਖਾਂ ਦੀਆਂ ਕੁਝ ਮੰਗਾਂ ਨੂੰ ਆਧਾਰ ਬਣਾ ਕੇ 1982 ਵਿਚ ਪੂਰਨ ਤੌਰ ‘ਤੇ ਸ਼ਾਂਤਮਈ ਧਰਮ ਯੁੱਧ ਮੋਰਚਾ ਆਰੰਭਿਆ ਸੀ ਤੇ ਅਖੀਰ ਤੱਕ ਇਸ ਸਿਧਾਂਤਕ ਪੱਖ ‘ਤੇ ਸਖਤੀ ਨਾਲ ਪਹਿਰਾ ਦਿੱਤਾ ਕਿ ਇਹ ਮੋਰਚਾ ਕਿਸੇ ਵੀ ਢੰਗ ਨਾਲ ਹਿੰਸਕ ਨਾ ਹੋਵੇ ਤਾਂ ਕਿ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਜ਼ਿਆਦਤੀ ਕਰਨ ਦਾ ਮੌਕਾ ਨਾ ਮਿਲੇ। ਫਿਰ ਵੀ ਸਰਕਾਰ ਨੂੰ ਜ਼ਿਆਦਤੀਆਂ ਕਰਨ ਦਾ ਮੌਕਾ ਕਿਉਂ ਮਿਲਿਆ? ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਿਉਂ ਹੋਇਆ? ਇਸ ਬਾਰੇ ਅਜਮੇਰ ਸਿੰਘ ਚੁੱਪ ਧਾਰ ਲੈਂਦੇ ਹਨ। ਉਹ ਨਹੀਂ ਦੱਸਦੇ ਕਿ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਲਈ ਲੜ ਰਹੇ ਲੋਕਾਂ ਦੇ ਸੰਘਰਸ਼ ਵਿਚ ਹਿੰਸਾ ਕਿਸ ਨੇ ਅਤੇ ਕਿਉਂ ਵਾੜੀ? ਉਹ ਕਿਹੜੇ ਕਾਰਨ ਸਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਾਂਤਮਈ ਮੋਰਚੇ ਵਿਚ ਹਥਿਆਰ ਚੁੱਕਣੇ ਪਏ? ਖਾੜਕੂਆਂ ਨੂੰ ਡੀ.ਆਈ.ਜੀ. ਅਟਵਾਲ ਦਾ ਕਤਲ ਹਰਿਮੰਦਰ ਸਾਹਿਬ ਦੀਆਂ ਬਰੂਹਾਂ ‘ਤੇ ਕਰਨ ਦੀ ਕੀ ਮਜਬੂਰੀ ਸੀ? ਜਦੋਂ ਇਹ ਕਤਲ ਹੋਇਆ ਸੀ ਤਾਂ ਸੰਤ ਭਿੰਡਰਾਂਵਾਲੇ ਸਮੇਤ ਅਕਾਲੀ ਲੀਡਰਸ਼ਿਪ ਨੇ ਕਿਹਾ ਸੀ ਕਿ ਸਿੱਖਾਂ ਨੂੰ ਬਦਨਾਮ ਕਰਨ ਦਾ ਇਹ ਏਜੰਸੀਆਂ ਦਾ ਕਾਰਾ ਹੈ। ਹੁਣ ਇਸ ਬਾਰੇ ਜੂਨ 10, 1984 ਨੂੰ ਦਰਬਾਰ ਸਾਹਿਬ ਵਿਚ ਸ਼ਹੀਦ ਹੋਏ ਖਾੜਕੂ ਮੇਜਰ ਸਿੰਘ ਨਾਗੋਕੇ ਦੇ ਇੰਗਲੈਂਡ ਰਹਿੰਦੇ ਪੁੱਤਰ ਅਜੈਪਾਲ ਸਿੰਘ ਨਾਗੋਕੇ ਨੇ ਇੰਟਰਵਿਊ ਵਿਚ ਕਿਹਾ ਹੈ ਕਿ ਉਸ ਦੀ ਮਾਂ ਨੇ ਦੱਸਿਆ ਸੀ ਕਿ ਡੀ.ਆਈ.ਜੀ. ਅਟਵਾਲ ਦਾ ਕਤਲ ਉਸ ਦੇ ਪਿਤਾ ਨੇ ਕੀਤਾ ਸੀ। ਮੇਜਰ ਸਿੰਘ ਨਾਗੋਕੇ ਸੰਤ ਭਿੰਡਰਾਂਵਾਲੇ ਦਾ ਚਹੇਤਾ ਸੀ। ਇਸ ਤੋਂ ਕੀ ਸਮਝਿਆ ਜਾਵੇ ਕਿ ਦਰਬਾਰ ਸਾਹਿਬ ਬੈਠੇ ਖਾੜਕੂ ਏਜੰਸੀਆਂ ਲਈ ਕੰਮ ਕਰਦੇ ਸਨ?
2 ਜੂਨ 1984 ਨੂੰ ਭਾਰਤ ਸਰਕਾਰ ਨੇ ਪੰਜਾਬ ਵਿਚ ਫੌਜ ਭੇਜਣ, ਸਾਰੇ ਪੰਜਾਬ ਦੀ ਘੇਰਾਬੰਦੀ ਕਰਨ, ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਤਿਆਰੀ ਬਾਰੇ ਵਿਸਥਾਰ ਵਿਚ ਦੱਸਦਿਆਂ ਅਜਮੇਰ ਸਿੰਘ ਦੱਸਦੇ ਹਨ ਕਿ ਭਾਰਤ ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਦੀ ਪਲੈਨ ਲੰਮਾ ਸਮਾਂ ਪਹਿਲਾਂ ਬਣਾ ਲਈ ਸੀ, ਭਾਰਤੀ ਫੌਜ ਨੇ 1983 ਦੇ ਅਖੀਰ ਵਿਚ ਚਕਰਾਤਾ ਤੇ ਸਰਸਾਵਾ ਨਾਮ ਦੇ ਸਥਾਨਾਂ ‘ਤੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਦਾ ਮਾਡਲ ਬਣਾ ਕੇ ਹਮਲੇ ਦੀ ਰਿਹਰਸਲ ਵੀ ਕੀਤੀ ਸੀ। ਫਿਰ ਉਸੇ ਵਕਤ ਅਜਮੇਰ ਸਿੰਘ ਇਹ ਕਹਿੰਦੇ ਹਨ ਕਿ ਸਰਕਾਰ ਨਹੀਂ ਚਾਹੁੰਦੀ ਸੀ ਕਿ ਉਸ ਨੂੰ ਵੱਡਾ ਹਮਲਾ ਕਰਨਾ ਪਵੇ, ਇਸ ਲਈ ਉਨ੍ਹਾਂ ਨੇ ਆਖਰੀ ਹਮਲੇ ਤੋਂ ਪਹਿਲਾਂ ਕਈ ਯੋਜਨਾਵਾਂ ਬਣਾਈਆਂ। ਪਹਿਲਾਂ ਫਰਵਰੀ 1984 ਵਿਚ ਸਰਕਾਰ ਨੇ ਦਰਬਾਰ ਸਾਹਿਬ ਕਮਾਂਡੋ ਭੇਜ ਕੇ ਲੰਗਰ ਹਾਲ ਦੀ ਬਿਲਡਿੰਗ ਤੋਂ ਲੈਕਚਰ ਕਰਦੇ ਸੰਤ ਭਿੰਡਰਾਂਵਾਲੇ ਨੂੰ ਚੁੱਕ ਲਿਆਉਣ ਦੀ ਸਕੀਮ ਬਣਾਈ ਤਾਂ ਕਿ ਬਿਨਾ ਕਿਸੇ ਵੱਡੇ ਖੂਨ ਖਰਾਬੇ ਦੇ ਸੰਤ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇਸ ਬਾਬਤ ਭਾਰਤੀ ਖੁਫੀਆ ਏਜੰਸੀ ‘ਰਾਅ’ ਦੇ ਸੀਨੀਅਰ ਅਫਸਰ ਜੀ.ਬੀ. ਸਿੱਧੂ ਦੀ ਕਿਤਾਬ ‘ਖਾਲਿਸਤਾਨ ਕੌਂਸੀਪੀਰੇਸੀ` ਅਨੁਸਾਰ ਸੰਤ ਭਿੰਡਰਾਂਵਾਲੇ ਨੂੰ ਕਮਾਂਡੋ ਐਕਸ਼ਨ ਨਾਲ ਚੁੱਕ ਕੇ ਲਿਆਉਣ ਦੀ ਕਾਰਵਾਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਲਈ ਮੁਲਤਵੀ ਕਰ ਦਿੱਤੀ ਸੀ, ਕਿਉਂਕਿ ਇਸ ਐਕਸ਼ਨ ਨਾਲ ਦਰਬਾਰ ਸਾਹਿਬ ਵਿਚ 20-25 ਬੰਦੇ ਮਰਨ ਦਾ ਖਤਰਾ ਸੀ, ਸਰਕਾਰ ਅਜਿਹਾ ਖਤਰਾ ਮੁੱਲ ਲੈ ਕੇ ਸਿੱਖਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਸੀ। ਅੱਗੇ ਜਾ ਕੇ ਅਜਮੇਰ ਸਿੰਘ ਕਹਿੰਦੇ ਹਨ ਕਿ ਸਰਕਾਰ ਨੇ ਜਨਵਰੀ ਤੋਂ ਜੂਨ 84 ਤੱਕ ਦਰਬਾਰ ਸਾਹਿਬ ਅੰਦਰ ਸੰਤ ਭਿੰਡਰਾਂਵਾਲੇ ਦੀ ਅਗਵਾਈ ਵਾਲੇ ਖਾੜਕੂਆਂ ਨੂੰ ਕੱਢਣ ਲਈ ਕਈ ਹੋਰ ਸਕੀਮਾਂ ਬਣਾਈਆਂ ਜੋ ਸਿਰੇ ਨਹੀਂ ਚੜ੍ਹ ਸਕੀਆਂ। ਫਿਰ ਕਿਸ ਆਧਾਰ ‘ਤੇ ਅਜਮੇਰ ਸਿੰਘ ਜਾਂ ਹੋਰ ਵਿਦਵਾਨ ਇਹ ਕਹਿੰਦੇ ਹਨ ਕਿ ਇੰਦਰਾ ਸਰਕਾਰ ਨੇ ‘ਸਿੱਖਾਂ ਨੂੰ ਸਬਕ ਸਿਖਾਉਣ` ਲਈ ਲੰਮਾ ਸਮਾਂ ਪਹਿਲਾਂ ਤਿਆਰੀ ਕਰ ਲਈ ਸੀ? ਇਸ ਬਾਰੇ ਇੱਕ ਹੋਰ ਸਿੱਖ ਵਿਦਵਾਨ ਤੇ ਮਹਾਂ ਕਵੀ ਹਰਿੰਦਰ ਸਿੰਘ ਮਹਿਬੂਬ ਆਪਣੀ ਇੱਕ ਇੰਟਰਵਿਊ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ: ‘ਖਾਲਸੇ ਦੇ ਸਵੈਮਾਣ ਨੂੰ ਹਮੇਸ਼ਾਂ ਲਈ ਤੋੜਨ ਵਾਸਤੇ ਭਾਰਤ ਸਰਕਾਰ ਨੇ ਹਰਿਮੰਦਰ ਸਾਹਿਬ ਦੁਆਲੇ ਤੀਜਾ ਵੱਡਾ ਘੱਲੂਘਾਰਾ ਵਰਤਾਇਆ ਸੀ`। ਇਸੇ ਤਰ੍ਹਾਂ ਡਾ. ਸੁਖਦਿਆਲ ਸਿੰਘ ਆਪਣੀ ਇੱਕ ਇੰਟਰਵਿਊ ਵਿਚ ਕਹਿੰਦੇ ਹਨ ਕਿ ਸੰਤ ਭਿੰਡਰਾਂਵਾਲੇ ਨੂੰ ਫੜਨ ਲਈ ਫੌਜ ਦਰਬਾਰ ਸਾਹਿਬ ਨਹੀਂ ਵੜੀ ਸੀ ਸਗੋਂ ਸਿੱਖਾਂ ਦੀ ਅਣਖ ਨੂੰ ਦਰੜਨ ਵਾਸਤੇ ਫੌਜ ਦਰਬਾਰ ਸਾਹਿਬ ਵੜੀ ਸੀ? ਸਾਬਕਾ ਆਈ.ਏ.ਐਸ. ਅਤੇ ਸਿੱਖ ਵਿਦਵਾਨ ਗੁਰਤੇਜ ਸਿੰਘ ਅਨੁਸਾਰ, ਸਰਕਾਰ ਨੇ ਦਰਬਾਰ ਸਾਹਿਬ ਫੌਜ ਤਾਂ ਭੇਜੀ ਸੀ, ਕਿਉਂਕਿ ਸੰਤ ਭਿੰਡਰਾਂਵਾਲੇ ਸਿੱਖਾਂ ਨੂੰ ਜਗਾ ਰਹੇ ਸਨ ਕਿ ਤੁਸੀਂ ਭਾਰਤ ਵਿਚ ਗੁਲਾਮ ਹੋ।
ਹਰ ਸਾਲ ਜੂਨ ਦੇ ਪਹਿਲੇ ਹਫਤੇ ਸਿੱਖ ਵਿਦਵਾਨਾਂ ਦੀਆਂ ਅਜਿਹੀਆਂ ਅਨੇਕਾਂ ਆਪਾ-ਵਿਰੋਧੀ ਟਿੱਪਣੀਆਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ ਜਿਥੇ ਕੋਈ ਕੁਝ ਕਹਿ ਰਿਹਾ ਤੇ ਕੋਈ ਕੁਝ! ਇਨ੍ਹਾਂ ਕੋਲ ਆਪਣੀ ਗੱਲ ਕਹਿਣ ਲਈ ਕੋਈ ਪ੍ਰਮਾਣਿਕ ਤੱਥ ਨਹੀਂ ਹੁੰਦਾ। ਜਦੋਂ ਵਿਦਵਾਨ ਅਜਿਹੀਆਂ ਵੱਡੀਆਂ ਗੱਲਾਂ ਕਰਦੇ ਹਨ ਤਾਂ ਇਸ ਪਿਛੇ ਉਨ੍ਹਾਂ ਦਾ ਆਧਾਰ ਕੀ ਹੈ, ਬਾਰੇ ਗੱਲ ਨਹੀਂ ਕਰਦੇ; ਨਾ ਹੀ ਉਹ ਉਨ੍ਹਾਂ ਹਾਲਾਤ ਬਾਰੇ ਗੱਲ ਕਰਨ ਨੂੰ ਤਿਆਰ ਹਨ ਜਿਨ੍ਹਾਂ ਕਾਰਨ ਇਹ ਮੰਦਭਾਗਾ ਭਾਣਾ ਵਾਪਰਿਆ।
ਅਜਮੇਰ ਸਿੰਘ ਆਪਣੀ ਇੱਕ ਹੋਰ ਵੀਡੀਓ ਵਿਚ ਇੰਕਸ਼ਾਫ ਕਰਦੇ ਹਨ ਕਿ ਭਾਰਤ ਸਰਕਾਰ ਨੇ ਫੌਜੀ ਕਾਰਵਾਈ ਤੋਂ ਪਹਿਲਾਂ ਕਈ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਤੋਂ ਸਲਾਹ ਲਈ ਸੀ ਕਿ ਘੱਟੋ ਤੋਂ ਘੱਟ ਖੂਨ ਖਰਾਬੇ ਦੇ ਦਰਬਾਰ ਸਾਹਿਬ ਅੰਦਰ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਬਾਹਰ ਕੱਢਿਆ ਜਾ ਸਕੇ। ਇਸ ਸਬੰਧੀ ਉਹ ਇੰਗਲੈਂਡ, ਸੋਵੀਅਤ ਯੂਨੀਅਨ, ਇਜ਼ਰਾਈਲ ਕੋਲ ਤਰਲੇ ਮਾਰ ਰਹੀ ਸੀ ਕਿ ਕੋਈ ਅਜਿਹਾ ਰਸਤਾ ਸੁਝਾਇਆ ਜਾਵੇ ਜਿਸ ਨਾਲ ਪੰਜਾਬ ਵਿਚ ਵਧ ਰਹੀ ਹਿੰਸਾ ਰੋਕਣ ਲਈ ਘੱਟ ਤੋਂ ਘੱਟ ਖੂਨ ਖਰਾਬੇ ਵਾਲਾ ਰਾਹ ਨਿਕਲ ਸਕੇ। ਇਸ ਬਾਰੇ ਇੰਗਲੈਂਡ ਦੀ ਏਅਰ ਫੋਰਸ ਦੇ ਕੁਝ ਅਫਸਰ ਹਾਲਾਤ ਦਾ ਜਾਇਜ਼ਾ ਲੈਣ ਦਰਬਾਰ ਸਾਹਿਬ ਵੀ ਆਏ ਸਨ। ਇਹ ਸਾਰੀਆਂ ਗੱਲਾਂ ਅਜਮੇਰ ਸਿੰਘ ਅਤੇ ਹੋਰ ਸਿੱਖ ਵਿਦਵਾਨਾਂ ਦੀਆਂ ਧਾਰਨਾਵਾਂ ਦੇ ਉਲਟ ਹਨ ਕਿ ਭਾਰਤ ਸਰਕਾਰ ਸਿੱਖਾਂ ਨੂੰ ਫੌਜੀ ਹਮਲੇ ਰਾਹੀਂ ਸਬਕ ਸਿਖਾਉਣਾ ਚਾਹੁੰਦੀ ਸੀ। ਇਨ੍ਹਾਂ ਬੁੱਧੀਜੀਵੀਆਂ ਦੀਆਂ ਆਪਣੀਆਂ ਲਿਖਤਾਂ ਅਨੁਸਾਰ ਹੀ ਭਾਰਤ ਸਰਕਾਰ ਹਰ ਸੰਭਵ ਤਰੀਕਾ ਅਪਣਾ ਰਹੀ ਸੀ ਤਾਂ ਕਿ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਹਥਿਆਰਬੰਦ ਖਾੜਕੂ ਬਿਨਾ ਖੂਨ ਖਰਾਬੇ ਦੇ ਆਤਮ-ਸਮਰਪਣ ਕਰ ਦੇਣ ਜਾਂ ਕਮਾਂਡੋ ਐਕਸ਼ਨ ਨਾਲ ਘੱਟ ਤੋਂ ਘੱਟ ਜਾਨੀ-ਮਾਲੀ ਨੁਕਸਾਨ ਰਾਹੀਂ ਉਨ੍ਹਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਕੱਢ ਲਿਆ ਜਾਵੇ।
ਇਸ ਵੀਡੀਓ ਲੜੀ ਵਿਚ ਅੱਗੇ ਜਾ ਕੇ ਅਜਮੇਰ ਸਿੰਘ ਕਹਿੰਦੇ ਹਨ ਕਿ ਬੇਸ਼ਕ ਦੋ ਜੂਨ ਨੂੰ ਫੌਜ ਪੰਜਾਬ ਆਉਣੀ ਸ਼ੁਰੂ ਹੋ ਗਈ ਸੀ ਪਰ ਫਾਈਨਲ ਹਮਲੇ ਦਾ ਫੈਸਲਾ ਬਹੁਤ ਅਖੀਰ ਵਿਚ 4 ਜੂਨ ਨੂੰ ਕੀਤਾ ਗਿਆ। ਇਸ ਬਾਰੇ ਉਹ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਦੀ ਕਿਤਾਬ ‘ਉਪਰੇਸ਼ਨ ਬਲਿਊ ਸਟਾਰ: ਟਰੂ ਸਟੋਰੀ` ਦੇ ਹਵਾਲੇ ਨਾਲ ਦੱਸਦੇ ਹਨ ਕਿ ਜਨਰਲ ਬਰਾੜ ਅਖੀਰ ਤੱਕ ਨਹੀਂ ਚਾਹੁੰਦਾ ਸੀ ਕਿ ਫੌਜੀ ਹਮਲਾ ਕੀਤਾ ਜਾਵੇ, ਇਸ ਲਈ ਉਸ ਨੇ ਅਕਾਲੀ ਲੀਡਰਾਂ, ਅਕਾਲ ਤਖਤ ਦੇ ਜਥੇਦਾਰ ਤੱਕ ਰਾਬਤਾ ਕੀਤਾ ਕਿ ਖਾੜਕੂ ਬਿਨਾ ਕਿਸੇ ਖੂਨ ਖਰਾਬੇ ਦੇ ਆਤਮ-ਸਮਰਪਣ ਕਰਨ ਦੇਣ। ਉਸ ਨੂੰ 5 ਜੂਨ ਦੀ ਰਾਤ ਤੱਕ ਆਸ ਸੀ ਕਿ ਸ਼ਾਇਦ ਫੌਜ ਦੇ ਟੈਂਕਾਂ ਅਤੇ ਦਿਲ ਦਹਿਲਾ ਦੇਣ ਵਾਲੇ ਵੱਡੇ ਬੰਬਾਂ ਦੇ ਖੜਾਕੇ ਨਾਲ ਖਾੜਕੂ ਆਤਮ-ਸਮਰਪਣ ਕਰ ਦੇਣਗੇ; ਪਰ ਉਹ ਅਜਿਹੇ ਯਤਨਾਂ ਵਿਚ ਸਫਲ ਨਹੀਂ ਹੋਇਆ ਕਿਉਂਕਿ ਸੰਤ ਭਿੰਡਰਾਂਵਾਲੇ ਤੇ ਸਾਬਕਾ ਮੇਜਰ ਜਨਰਲ ਸ਼ੁਬੇਗ ਸਿੰਘ ਕਿਸੇ ਵੀ ਕੀਮਤ ‘ਤੇ ਹਥਿਆਰ ਸੁੱਟਣ ਲਈ ਤਿਆਰ ਨਹੀਂ ਸਨ। ਅਜਮੇਰ ਸਿੰਘ ਅਨੁਸਾਰ ਸੰਤ ਅਤੇ ਉਨ੍ਹਾਂ ਦੇ 60-70 ਜੁਝਾਰੂ ਸਾਥੀਆਂ ਨੇ ਹਰ ਹਾਲਤ ਵਿਚ ਅਕਾਲ ਤਖਤ ‘ਤੇ ਸ਼ਹੀਦੀਆਂ ਪਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਤਾਂ ਹੀ ਸਿੱਖ ਕੌਮ ਨੂੰ ਹਲੂਣਾ ਵੱਜਣਾ ਸੀ ਤੇ ਸਿੱਖਾਂ ਨੂੰ ਭਾਰਤ ਵਿਚ ਗੁਲਾਮੀ ਦਾ ਅਹਿਸਾਸ ਹੋਣਾ ਸੀ। ਅਜਮੇਰ ਸਿੰਘ ਅਨੁਸਾਰ ਸ਼ਹੀਦੀਆਂ ਪਾਉਣ ਵਾਲੇ 60-70 ਜੁਝਾਰੂ ਅਕਾਲ ਤਖਤ ‘ਤੇ ਵੱਖਰੀ ਜਗ੍ਹਾ ਬੈਠ ਕੇ ਸਾਰਾ ਦਿਨ ‘ਵਾਹਿਗੁਰੂ` ਦਾ ਸਿਮਰਨ ਹੀ ਕਰਦੇ ਸਨ ਤਾਂ ਕਿ ਕਿਤੇ ਉਹ ਸ਼ਹੀਦੀ ਪਾਉਣ ਵੇਲੇ ਡੋਲ ਨਾ ਜਾਣ। ਇਸ ਤੋਂ ਇਲਾਵਾ ਉਹ ਜ਼ਿਕਰ ਕਰਦੇ ਹਨ ਕਿ ਜਨਰਲ ਬਰਾੜ ਨੇ ਗੱਲਬਾਤ ਦੇ ਸਾਰੇ ਰਸਤੇ ਬੰਦ ਹੋਣ ਤੋਂ ਬਾਅਦ, ਫੌਜ ਭੇਜਣ ਦੀ ਥਾਂ ਪਹਿਲਾਂ ਕਮਾਂਡੋ ਭੇਜਣ ਦਾ ਫੈਸਲਾ ਕੀਤਾ ਤਾਂ ਕਿ ਅਕਾਲ ਤਖਤ ‘ਤੇ ਜ਼ਹਿਰੀਲੀ ਗੈਸ ਛੱਡ ਕੇ ਖਾੜਕੂਆਂ ਨੂੰ ਕਾਬੂ ਕੀਤਾ ਜਾ ਸਕੇ ਪਰ ਬਦਕਿਸਮਤੀ ਨਾਲ ਹਵਾ ਉਲਟ ਦਿਸ਼ਾ ਵਿਚ ਚੱਲਣ ਕਾਰਨ ਜਿਥੇ ਗੈਸ ਵਾਲਾ ਐਕਸ਼ਨ ਕਾਮਯਾਬ ਨਹੀਂ ਹੋਇਆ, ਉਥੇ ਜਦੋਂ ਕਮਾਂਡੋਆਂ ਦੇ ਪਹਿਲੇ ਦਸਤੇ ਪਰਿਕਰਮਾ ਵਿਚ ਦਾਖਲ ਹੋਣ ਲੱਗੇ ਤਾਂ ਪਰਿਕਰਮਾ ਦੇ ਕਮਰਿਆਂ ਵਿਚੋਂ ਇਤਨੀ ਭਾਰੀ ਫਾਇਰਿੰਗ ਹੋਈ ਕਿ ਕਮਾਂਡੋ ਅੱਗੇ ਨਹੀਂ ਵਧ ਸਕੇ, ਕਈ ਮਾਰੇ ਗਏ ਤੇ ਕਈ ਫੱਟੜ ਹੋ ਗਏ ਜਿਸ ਕਰ ਕੇ ਕਮਾਂਡੋ ਪਲਾਨ ਮੁਲਤਵੀ ਕਰਨਾ ਪਿਆ। ਸਾਰੇ ਯਤਨ ਫੇਲ੍ਹ ਹੋਣ ਤੋਂ ਬਾਅਦ ਬਖਤਰਬੰਦ ਗੱਡੀਆਂ ਵਿਚੋਂ ਧਮਾਕੇ ਨਾਲ ਡਰਾਉਣ ਵਾਲੇ ਬੰਬ ਸੁੱਟੇ ਗਏ ਤਾਂ ਕਿ ਅਕਾਲ ਤਖਤ ਦੀ ਇਮਾਰਤ ਨੂੰ ਨੁਕਸਾਨੇ ਬਿਨਾ ਖਾੜਕੂ ਬਾਹਰ ਕੱਢੇ ਜਾ ਸਕਣ। ਅਖੀਰ ਵਿਚ ਟੈਂਕ ਲਿਆਉਣ ਦਾ ਫੈਸਲਾ ਕੀਤਾ ਗਿਆ। ਅਜਮੇਰ ਸਿੰਘ ਦੀ ਉਪਰਲੀ ਸਾਰੀ ਵਾਰਤਲਾਪ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਜੇ ਫੌਜ ਆਖਰੀ ਸਮੇਂ ਤੱਕ ਵੱਖ-ਵੱਖ ਢੰਗ ਅਪਨਾਉਂਦੀ ਰਹੀ ਤਾਂ ਫਿਰ ਉਹ ਕਿਸ ਆਧਾਰ ‘ਤੇ ਪਿਛਲੇ 37 ਸਾਲ ਤੋਂ ਕਹਿ ਰਹੇ ਹਨ ਕਿ ਸਰਕਾਰ ਨੇ ਸਾਜ਼ਿਸ਼ ਕਰਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ?
ਅਜਮੇਰ ਸਿੰਘ ਫੌਜੀ ਹਮਲੇ ਦੀ ਤਿਆਰੀ ਤੋਂ ਪਹਿਲਾਂ ਸਰਕਾਰ ਵਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਬਾਰੇ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਸਰਕਾਰ ਨੇ ਅਕਾਲੀਆਂ ਨਾਲ ਸਮਝੌਤਾ ਕਰਕੇ ਮਸਲਾ ਹੱਲ ਕਰਨ ਲਈ ਜਨਵਰੀ 1983 ਤੋਂ ਜੂਨ 1984 ਤੱਕ 25-30 ਮੀਟਿੰਗਾਂ ਕੀਤੀਆਂ ਜਿਨ੍ਹਾਂ ਵਿਚ ਸਰਕਾਰ ਅਤੇ ਅਕਾਲੀਆਂ ਦੀਆਂ ਸਿੱਧੀਆਂ ਮੀਟਿੰਗਾਂ; ਸਰਕਾਰ, ਅਕਾਲੀਆਂ ਤੇ ਵਿਰੋਧੀ ਧਿਰ ਦੇ ਲੀਡਰਾਂ ਦੀਆਂ ਤਿੰਨ ਧਿਰੀ ਮੀਟਿੰਗਾਂ ਅਤੇ ਵੱਖ-ਵੱਖ ਸਿੱਖ ਲੀਡਰਾਂ ਨਾਲ ਗੁਪਤ ਮੀਟਿੰਗਾਂ ਸ਼ਾਮਿਲ ਸਨ। ਉਹ ਇਹ ਵੀ ਮੰਨਦੇ ਹਨ ਕਿ ਸਰਕਾਰ ਅਤੇ ਵਿਰੋਧੀ ਧਿਰ ਦੇ ਲੀਡਰ ਇਹ ਚਾਹੁੰਦੇ ਸਨ ਕਿ ਅਕਾਲੀ ਸਮਝੌਤਾ ਕਰਕੇ ਮੋਰਚਾ ਵਾਪਿਸ ਲੈ ਲੈਣ ਤਾਂ ਕਿ ਸੰਤ ਭਿੰਡਰਾਂਵਾਲੇ ਅਤੇ ਉਸ ਦੇ ਖਾੜਕੂਆਂ ਨੂੰ ਅੱਲਗ-ਥਲੱਗ ਕਰਕੇ ਦਰਬਾਰ ਸਾਹਿਬ ਵਿਚੋਂ ਬਾਹਰ ਕੱਢ ਦਿੱਤਾ ਜਾਵੇ। ਅਜਮੇਰ ਸਿੰਘ ਆਪ ਹੀ ਮੰਨਦੇ ਹਨ ਕਿ ਸੰਤ ਅਕਾਲੀਆਂ ਨੂੰ ਮੀਟਿੰਗਾਂ ਵਿਚ ਜਾਣ ਤੋਂ ਪਹਿਲਾਂ ਕਹਿ ਦਿੰਦੇ ਸਨ ਕਿ ਮੀਟਿੰਗਾਂ ਜਿਤਨੀਆਂ ਮਰਜ਼ੀ ਕਰੋ ਪਰ ਜੇ ਸਮਝੌਤਾ ਆਨੰਦਪੁਰ ਦੇ ਮਤੇ ਤੋਂ ਘੱਟ ਕੀਤਾ ਤਾਂ ਫਿਰ ਮੈਂ ਇਥੇ ਬੈਠਾਂ।
ਇਸ ਦਾ ਅਰਥ ਭਲਾ ਕੀ ਸਮਝਿਆ ਜਾਵੇ? ਕੀ ਇਸ ਤੋਂ ਅਕਾਲੀ ਲੀਡਰਸ਼ਿਪ ਦੇ ਰਾਜਸੀ ਦੀਵਾਲੀਏਪਨ ਦਾ ਕੋਈ ਹੋਰ ਸਬੂਤ ਰਹਿ ਜਾਂਦਾ ਹੈ? ਅਜਮੇਰ ਸਿੰਘ ਇਹ ਵੀ ਦੱਸਦੇ ਹਨ ਕਿ ਸਰਕਾਰ ਨੇ ਅਕਾਲੀਆਂ ‘ਤੇ ਇਹ ਦਬਾਅ ਵੀ ਪਾਇਆ ਸੀ ਕਿ ਸੰਤ ਭਿੰਡਰਾਂਵਾਲੇ ਖਿਲਾਫ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾ ਕੇ ਸਿੱਖ ਜਗਤ ਤੋਂ ਨਿਖੇੜ ਦਿੱਤਾ ਜਾਵੇ ਤਾਂ ਉਸ ਨੂੰ ਬਾਹਰ ਕੱਢਣਾ ਆਸਾਨ ਹੋਵੇਗਾ। ਇੱਕ ਮੌਕੇ ‘ਤੇ ਅਕਾਲੀਆਂ ਨੇ ਅਜਿਹਾ ਯਤਨ ਕੀਤਾ ਵੀ ਅਤੇ ਅਕਾਲ ਤਖਤ ਦੇ ਜਥੇਦਾਰ ਤੋਂ ਅਸਿੱਧੇ ਢੰਗ ਨਾਲ ਹੁਕਮਨਾਮਾ ਜਾਰੀ ਕਰਵਾ ਦਿੱਤਾ ਸੀ ਕਿ ਕੋਈ ਵੀ ਬੰਦਾ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਮੱਥਾ ਟੇਕਣ ਨਾ ਆਵੇ ਤੇ ਕੰਪਲੈਕਸ ਵਿਚ ਹਥਿਆਰਾਂ ਦਾ ਪ੍ਰਦਰਸ਼ਨ ਨਾ ਕੀਤਾ ਜਾਵੇ ਤਾਂ ਕੁਝ ਦਿਨਾਂ ਲਈ ਸੰਤ ਭਿੰਡਰਾਂਵਾਲੇ ਤੇ ਸਾਥੀਆਂ ਨੇ ਇਹ ਹੁਕਮ ਮੰਨ ਕੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣਾ ਬੰਦ ਕਰ ਦਿੱਤਾ ਸੀ ਪਰ ਕੁਝ ਦਿਨਾਂ ਬਾਅਦ ਫਿਰ ਉਹੀ ਕੁਝ ਹੋਣ ਲੱਗਾ ਸੀ। ਇਸੇ ਤਰ੍ਹਾਂ ਜਦੋਂ ਅਕਾਲ ਤਖਤ ਦੇ ਇੱਕ ਸਾਬਕਾ ਜਥੇਦਾਰ ਅਤੇ ਸਿੱਖ ਧਰਮ ਬਾਰੇ 22 ਕਿਤਾਬਾਂ ਦੇ ਲੇਖਕ ਗਿਆਨੀ ਪ੍ਰਤਾਪ ਸਿੰਘ ਨੇ ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਤੇ ਹਥਿਆਰਾਂ ਦੇ ਖੁੱਲ੍ਹੇਆਮ ਪ੍ਰਦਰਸ਼ਨ ਦਾ ਵਿਰੋਧ ਕੀਤਾ ਤਾਂ ਕੁਝ ਦਿਨਾਂ ਬਾਅਦ ਹੀ ਅੰਮ੍ਰਿਤਸਰ ਵਿਚ 10 ਮਈ 1984 ਨੂੰ ਖਾੜਕੂ ਦਇਆ ਸਿੰਘ ਤੇ ਉਸ ਦੇ ਸਾਥੀ ਨੇ 80 ਸਾਲਾ ਬਜ਼ੁਰਗ ਜਥੇਦਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਨਾਲ ਦਹਿਸ਼ਤ ਦਾ ਅਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਕੋਈ ਵਿਰੋਧ ਵਿਚ ਗੱਲ ਕਰਨ ਨੂੰ ਤਿਆਰ ਨਹੀਂ ਸੀ। ਉਂਜ, ਅਜਮੇਰ ਸਿੰਘ ਦੀ ਸਾਰੀ ਰੌਚਕ ਸਟੋਰੀ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੇ ਹਰ ਵਾਜਿਬ ਢੰਗ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਖੂਨ ਖਰਾਬੇ ਤੋਂ ਬਿਨਾ ਮਸਲਾ ਸੁਲਝ ਜਾਵੇ ਪਰ ਅਕਾਲ ਤਖਤ ‘ਤੇ ਬੈਠੇ ਖਾੜਕੂ ਹਰ ਹਾਲਤ ਵਿਚ ਅਜਿਹੇ ਹਾਲਾਤ ਬਣਾਉਣਾ ਚਾਹੁੰਦੇ ਸਨ ਕਿ ਜੂਨ ਚੁਰਾਸੀ ਵਾਲਾ ਮੰਦਭਾਗਾ ਭਾਣਾ ਵਰਤ ਜਾਵੇ, ਕਿਉਂਕਿ ਉਨ੍ਹਾਂ ਦੀ ਸੋਚ ਅਨੁਸਾਰ, ਜਦੋਂ ਸਿੱਖਾਂ ‘ਤੇ ਸਰਕਾਰ ਦੀ ਸਖਤੀ ਵਧੇਗੀ ਤਾਂ ਸਿੱਖਾਂ ਨੂੰ ਭਾਰਤ ਵਿਚ ਆਪਣੀ ਗੁਲਾਮੀ ਦਾ ਅਹਿਸਾਸ ਹੋਵੇਗਾ।
ਅਜਮੇਰ ਸਿੰਘ ਆਪਣੀ ਇੰਟਰਵਿਊ ਲੜੀ ਵਿਚ ਬੜੀ ਦਿਲਚਸਪ ਘਟਨਾ ਦਾ ਜ਼ਿਕਰ ਕਰਦੇ ਹਨ ਕਿ ਕਾਮਰੇਡਾਂ ਸਮੇਤ ਦੇਸ਼ ਭਰ ਦੀਆਂ ਕਾਂਗਰਸ ਵਿਰੋਧੀ ਪਾਰਟੀਆਂ ਇੰਦਰਾ ਗਾਂਧੀ ਨੂੰ ਫੈਡਰਲ ਢਾਂਚਾ ਲਾਗੂ ਕਰਨ ਅਤੇ ਹੋਰ ਮੰਗਾਂ ਵਾਸਤੇ ਘੇਰਨ ਲਈ ਫਾਰੂਕ ਅਬਦੁੱਲਾ ਦੀ ਅਗਵਾਈ ਵਿਚ ਸ੍ਰੀਨਗਰ ਵਿਚ ਮੀਟਿੰਗ ਕਰ ਰਹੀਆਂ ਸਨ ਕਿ ਇੱਕ ਦਿਨ ਪਹਿਲਾਂ, 5 ਅਕਤੂਬਰ 1983 ਦੀ ਰਾਤ ਨੂੰ ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਪਿੰਡ ਕੋਲ 4 ਖਾੜਕੂਆਂ ਨੇ 6 ਬੇਗੁਨਾਹ ਹਿੰਦੂਆਂ ਨੂੰ ਬੱਸ ਵਿਚੋਂ ਲਾਹ ਕੇ ਮਾਰ ਦਿੱਤਾ। ਇਸ ਤੋਂ ਅਗਲੇ ਦਿਨ ਹੀ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਭੰਗ ਕਰਕੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। ਅਜਮੇਰ ਸਿੰਘ ਅਨੁਸਾਰ, ਇਸ ਘਟਨਾ ਨੇ ਸਾਰੇ ਦੇਸ਼ ਦਾ ਮਾਹੌਲ ਹੀ ਬਦਲ ਦਿੱਤਾ। ਜਿਹੜੀਆਂ ਵਿਰੋਧੀ ਪਾਰਟੀਆਂ ਇੰਦਰਾ ਗਾਂਧੀ ‘ਤੇ ਇਹ ਦਬਾਅ ਪਾਉਂਦੀਆਂ ਸਨ ਕਿ ਸਰਕਾਰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਵਿਚ ਦੇਰੀ ਕਿਉਂ ਕਰ ਰਹੀ ਹੈ ਤਾਂ ਇਸ ਘਟਨਾ ਤੋਂ ਬਾਅਦ ਉਹੀ ਪਾਰਟੀਆਂ ਮੰਗ ਕਰਨ ਲੱਗੀਆਂ ਕਿ ਸਰਕਾਰ ਨੂੰ ਪੰਜਾਬ ਵਿਚ ਵਧ ਰਹੀ ਹਿੰਸਾ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਇਸੇ ਘਟਨਾ ਨੇ ਜੂਨ 84 ਲਈ ਮਾਹੌਲ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਸਬੰਧੀ ਇੰਟਰਵਿਊ ਕਰਤਾ ਵਲੋਂ ਸਵਾਲ ਪੁੱਛਣ ‘ਤੇ ਅਜਮੇਰ ਸਿੰਘ ਨੇ ਦੱਸਿਆ ਕਿ ਸੰਤਾਂ ਨੇ ਇਸ ਘਟਨਾ ਦੀ ਨਾ ਹਮਾਇਤ ਕੀਤੀ ਸੀ ਤੇ ਨਾ ਹੀ ਵਿਰੋਧ ਕੀਤਾ ਸੀ, ਕਿਉਂਕਿ ਅਜਿਹੀਆਂ ਘਟਨਾਵਾਂ ਸੰਤਾਂ ਨੂੰ ਆਪਣਾ ਨਿਸ਼ਾਨਾ ਹਾਸਿਲ ਕਰਨ ਵਿਚ ਸਹਾਈ ਹੋ ਰਹੀਆਂ ਸਨ। ਇਥੇ ਸਵਾਲ ਪੈਦਾ ਹੁੰਦਾ ਹੈ: ਕੀ ਅਕਾਲ ਤਖਤ ‘ਤੇ ਹਮਲਾ ਕਰਾਉਣਾ ਤੇ ਸ਼ਹੀਦੀ ਪਾਉਣਾ ਹੀ ਸੰਤਾਂ ਦਾ ਨਿਸ਼ਾਨਾ ਸੀ? ਜੇ ਸੰਤਾਂ ਦਾ ਇਹੀ ਨਿਸ਼ਾਨਾ ਸੀ ਤਾਂ ਫਿਰ ਸਿੱਖ ਵਿਦਵਾਨ ਸਰਕਾਰ ਨੂੰ 37 ਸਾਲ ਤੋਂ ਦੋਸ਼ ਕਿਸ ਆਧਾਰ ‘ਤੇ ਦੇ ਰਹੇ ਹਨ ਕਿ ਸਰਕਾਰ ਨੇ ਸਿੱਖਾਂ ਨੂੰ ਸਬਕ ਸਿਖਾਉਣ ਜਾਂ ਸਿੱਖਾਂ ਦੀ ਅਣਖ ਖਤਮ ਕਰਨ ਲਈ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਸੀ?
ਕੁਝ ਮਹੀਨੇ ਪਹਿਲਾਂ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਆਪਣੀ ਨਵੀਂ ਕਿਤਾਬ ‘ਰਿਵਰਜ਼ ਔਨ ਫਾਇਰ: ਖਾਲਿਸਤਾਨ ਸਟਰਗਲ` ਦੇ ਚੈਪਟਰ 5 ‘ਫੈਟਲ ਬੱਸ ਜਰਨੀ: ਢਿੱਲਵਾਂ ਟੂ ਅਪਰੇਸ਼ਨ ਬਲਿਊ ਸਟਾਰ` ਵਿਚ ਢਿੱਲਵਾਂ ਕਾਂਡ ਵਿਚ ਸ਼ਾਮਿਲ ਸਾਬਕਾ ਖਾੜਕੂ ਸੁੱਖਾ ਸਿੰਘ ਦੇ ਹਵਾਲੇ ਨਾਲ ਜ਼ਿਕਰ ਕੀਤਾ ਹੈ ਕਿ ਸੰਤਾਂ ਦੇ ਖਾਸ 4 ਖਾੜਕੂਆਂ ਸੁਰਿੰਦਰ ਸਿੰਘ ਸੋਢੀ, ਜਨਰਲ ਲਾਭ ਸਿੰਘ, ਸੁੱਖਾ ਸਿੰਘ ਅਤੇ ਉਸ ਦਾ ਤੋਤੀ ਨਾਂ ਦਾ ਚੇਲਾ ਦਰਬਾਰ ਸਾਹਿਬ ਵਿਚੋਂ ਹਿੰਦੂਆਂ ਨੂੰ ਬੱਸ ਵਿਚੋਂ ਲਾਹ ਕੇ ਮਾਰਨ ਲਈ ਗਏ ਸਨ ਤੇ ਉਥੇ ਹੀ ਵਾਪਿਸ ਆ ਗਏ ਸਨ। ਸੁੱਖਾ ਸਿੰਘ ਅਨੁਸਾਰ, ਸੰਤਾਂ ਦੇ ਅਸਲ੍ਹਾ ਇੰਚਾਰਜ ਭਾਈ ਰਾਮ ਸਿੰਘ ਨੇ ਉਨ੍ਹਾਂ ਨੂੰ ਹਥਿਆਰ ਦੇ ਕੇ ਇਹ ਕੰਮ ਕਰਨ ਲਈ ਤੋਰਿਆ ਸੀ। ਸੁੱਖਾ ਸਿੰਘ ਨੇ ਇਸ ਇੰਟਰਵਿਊ ਵਿਚ ਇਹ ਇੰਕਸ਼ਾਫ ਵੀ ਕੀਤਾ ਕਿ ‘ਪ੍ਰੀਤਲੜੀ’ ਦੇ ਐਡੀਟਰ ਸੁਮੀਤ ਸਿੰਘ ਨੂੰ ਲੋਪੋਕੇ ਪ੍ਰੀਤ ਨਗਰ ਕਸਬੇ ਕੋਲ ਸੁੱਖਾ ਸਿੰਘ ਤੇ ਉਸ ਦੇ ਸਾਥੀਆਂ ਨੇ ਹੀ ਮਾਰਿਆ ਸੀ। ਹਾਲਾਤ ਦਾ ਵਿਅੰਗ ਦੇਖੋ ਕਿ ਸੁਮੀਤ ਸਿੰਘ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਪਾਣੀਪਤ (ਹਰਿਆਣਾ) ਵਿਚ ਭੜਕੀ ਸਿੱਖ ਵਿਰੋਧੀ ਹਿੰਸਾ ਵਿਚ ਦਿੱਲੀ ਤੋਂ ਆ ਰਹੇ ਸੁਮੀਤ ਸਿੰਘ ਨੂੰ ਭੀੜ ਨੇ ਵਾਲ ਕੱਟੇ ਹੋਣ ਕਰਕੇ ਹਿੰਦੂ ਸਮਝ ਕੇ ਜਾਨ ਬਖਸ਼ ਦਿੱਤੀ ਸੀ ਅਤੇ ਪੰਜਾਬ ਵਿਚ ਖਾੜਕੂਆਂ ਨੇ ਸੁਮੀਤ ਸਿੰਘ ਨੂੰ ਵਾਲ ਕੱਟੇ ਹੋਣ ਕਰਕੇ ਹਿੰਦੂ ਸਮਝ ਕੇ ਗੋਲੀਆਂ ਮਾਰ ਦਿੱਤੀਆਂ ਸਨ। ਖਾੜਕੂ ਸੁੱਖਾ ਸਿੰਘ ਅਨੁਸਾਰ, ਭਾਈ ਰਾਮ ਸਿੰਘ ਨੇ ਹੀ ਉਨ੍ਹਾਂ ਨੂੰ ਪਾਣੀਪਤ ਦੀ ਸਿੱਖ ਵਿਰੋਧੀ ਹਿੰਸਾ ਦੇ ਜਵਾਬ ਵਿਚ ਬਦਲਾ ਲੈਣ ਲਈ ਲੋਪੋਕੇ ਹਿੰਦੂ ਕਤਲ ਕਰਨ ਲਈ ਭੇਜਿਆ ਸੀ ਜਦਕਿ ਹੁਣ ਤੱਕ ਅਜਿਹੀਆਂ ਸਾਰੀਆਂ ਕਾਰਵਾਈਆਂ ਪਿਛੇ ਏਜੰਸੀਆਂ ਦਾ ਹੱਥ ਪ੍ਰਚਾਰਿਆ ਜਾਂਦਾ ਰਿਹਾ ਹੈ। ਇਹ ਵੀ ਕਿਹਾ ਜਾਂਦਾ ਸੀ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾਉਣ ਅਤੇ ਜੂਨ 84 ਦੇ ਹਮਲੇ ਦੀ ਤਿਆਰੀ ਵਜੋਂ ਇਹ ਕਾਰੇ ਏਜੰਸੀਆਂ ਤੋਂ ਕਰਾਏ ਗਏ ਸਨ। ਅਜਮੇਰ ਸਿੰਘ ਸਮੇਤ ਖਾੜਕੂ ਲਹਿਰ ਦੀਆਂ ਵਾਰਿਸ ਧਿਰਾਂ ਨੂੰ ਸਵਾਲ ਹੈ ਕਿ ਫਿਰ ਕੀ ਹੁਣ ਇਹ ਮੰਨਿਆ ਜਾਵੇ ਕਿ ਦਰਬਾਰ ਸਾਹਿਬ ਅੰਦਰ ਬੈਠੇ ਖਾੜਕੂ ਏਜੰਸੀਆਂ ਲਈ ਕੰਮ ਕਰਦੇ ਸਨ?
ਅਜਮੇਰ ਸਿੰਘ ਆਪਣੀ ਇਸ ਵੀਡੀਓ ਲੜੀ ਵਿਚ ਮੰਨਦੇ ਹਨ ਕਿ ਸਾਰੇ ਦੇਸ਼ ਵਿਚ ਵਿਰੋਧੀ ਪਾਰਟੀਆਂ ਸਮੇਤ ਲੋਕਾਂ ਦਾ ਇੰਦਰਾ ਗਾਂਧੀ ‘ਤੇ ਦਬਾਅ ਸੀ ਕਿ ਪੰਜਾਬ ਵਿਚ ਰੋਜ਼ਾਨਾ ਹੋ ਰਹੇ ਕਤਲਾਂ ਨੂੰ ਰੋਕਣ ਲਈ ਸਰਕਾਰ ਕੋਈ ਸਖਤ ਕਦਮ ਕਿਉਂ ਨਹੀਂ ਉਠਾ ਰਹੀ, ਪੰਜਾਬ ਵਿਚ ਫੌਜ ਦੀ ਮੰਗ ਵੀ ਉਠਣ ਲੱਗੀ ਸੀ। ਅਜਮੇਰ ਸਿੰਘ ਅਨੁਸਾਰ, ਸਰਕਾਰ ਨੇ ਹਾਲਾਤ ਦਾ ਫਾਇਦਾ ਉਠਾ ਕੇ ਦੇਸ਼ ਭਰ ਵਿਚ ਸਿੱਖਾਂ ਖਿਲਾਫ ਮਾਹੌਲ ਸਿਰਜਿਆ ਤਾਂ ਕਿ ਫੌਜੀ ਹਮਲੇ ਦੀ ਸੂਰਤ ਵਿਚ ਲੋਕ ਵਿਰੋਧ ਵਿਚ ਨਾ ਖੜ੍ਹਨ। ਅਜਮੇਰ ਸਿੰਘ ਵਾਰ-ਵਾਰ ਮੰਨਦੇ ਹਨ ਕਿ ਅਕਾਲੀਆਂ ਨੇ ਖਾੜਕੂਆਂ ਦੀ ਭੜਕਾਹਟ ਦੇ ਬਾਵਜੂਦ ਸ਼ਾਂਤਮਈ ਸੰਘਰਸ਼ ਵਾਲਾ ਆਪਣਾ ਸਿਧਾਂਤਕ ਪੈਂਤੜਾ ਨਹੀਂ ਛੱਡਿਆ ਪਰ ਉਹ ਸੰਤ ਭਿੰਡਰਾਂਵਾਲੇ ਦੇ ਖਾੜਕੂਆਂ ਦੀ ਵਧ ਰਹੀ ਹਿੰਸਾ ਅੱਗੇ ਬੇਵੱਸ ਹੋ ਗਏ। ਅਜਮੇਰ ਸਿੰਘ ਅਨੁਸਾਰ, ਪੰਜਾਬ ਵਿਚ ਰੋਜ਼ਾਨਾ ਵਾਪਰ ਰਹੀਆਂ ਹਿੰਸਕ ਕਾਰਵਾਈਆਂ ਨਾਲ ਹਿੰਦੂਆਂ ਵਿਚ ਵੀ ਗੁੱਸਾ ਵਧਣ ਲੱਗਾ ਜਿਸ ਦੇ ਨਤੀਜੇ ਵਜੋਂ ਫੌਜੀ ਕਾਰਵਾਈ ਦੇ ਬਣਦੇ ਮਾਹੌਲ ਵਿਚ ਮਾਰਚ 1984 ਤੋਂ ਸੰਤਾਂ ਨੇ ਵੱਧ ਤੋਂ ਵੱਧ ਹਥਿਆਰ ਜਮ੍ਹਾਂ ਕਰਨੇ ਅਤੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦਰਬਾਰ ਸਾਹਿਬ ਵਿਚ ਮੋਰਚਾਬੰਦੀ ਮਹਿਜ਼ ਡਰ ਵਿਚੋਂ ਕੀਤੀ ਗਈ ਕਿ ਸਰਕਾਰ ਹਮਲਾ ਨਾ ਕਰ ਦੇਵੇ ਜਦਕਿ ਅਜਮੇਰ ਸਿੰਘ ਅਨੁਸਾਰ, ਹਮਲੇ ਦਾ ਫੈਸਲਾ ਬਹੁਤ ਲੇਟ ਕੀਤਾ ਗਿਆ ਸੀ।
ਅਜਮੇਰ ਸਿੰਘ ਦੀ ਇਸ ਇੰਟਰਵਿਊ ਲੜੀ ਵਿਚ ਕੁਝ ਹੋਰ ਵਿਚਾਰਨਯੋਗ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਹੁਣ ਤੱਕ ਸਿੱਖ ਵਿਦਵਾਨ ਸਰਕਾਰ ਵਿਰੁਧ ਵਰਤਦੇ ਸਨ। ਹੁਣ ਤੱਕ ਕਿਹਾ ਜਾਂਦਾ ਸੀ ਕਿ ਸਰਕਾਰ ਨੇ 3 ਜੂਨ ਦਾ ਦਿਨ ਇਸ ਲਈ ਚੁਣਿਆ ਤਾਂ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ‘ਤੇ ਇਕੱਠੇ ਹੋਏ ਸਿੱਖਾਂ ਦਾ ਵੱਧ ਤੋਂ ਵੱਧ ਕਤਲੇਆਮ ਕੀਤਾ ਜਾ ਸਕੇ; ਪਰ ਹੁਣ ਉਹ ਮੰਨਦੇ ਹਨ ਕਿ 3 ਜੂਨ ਨੂੰ ਧਰਮ ਯੁੱਧ ਮੋਰਚੇ ਦੀ ਅਗਲੀ ਕਾਰਵਾਈ ਵਜੋਂ ਪੰਜਾਬ ਵਿਚ ਭਾਰਤ ਸਰਕਾਰ ਖਿਲਾਫ ‘ਸਿਵਲ ਨਾ-ਫੁਰਮਾਨੀ` ਸ਼ੁਰੂ ਕਰਨ ਦਾ ਐਲਾਨ ਹੋ ਚੁੱਕਾ ਸੀ ਜਿਸ ਦਾ ਭਾਵ ਸਰਕਾਰ ਖਿਲਾਫ ਸਿੱਧੀ ਬਗਾਵਤ ਹੋਣਾ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਸਰਕਾਰ ਨੇ ਮੱਥਾ ਟੇਕਣ ਗਏ ਸ਼ਰਧਾਲੂਆਂ ਨੂੰ ਬਾਹਰ ਕੱਢਣ ਲਈ ਕੋਈ ਯਤਨ ਨਹੀਂ ਕੀਤਾ, ਅਜਮੇਰ ਸਿੰਘ ਇਹ ਵੀ ਮੰਨਦੇ ਹਨ ਕਿ ਸਰਕਾਰ ਨੇ ਫੌਜੀ ਐਕਸ਼ਨ ਇਸੇ ਕਰਕੇ 3 ਜੂਨ ਦੀ ਥਾਂ 5 ਜੂਨ ਤੱਕ ਪਿੱਛੇ ਪਾਇਆ ਅਤੇ ਸਪੀਕਰਾਂ ਰਾਹੀਂ ਅਨਾਊਂਸਮੈਂਟਾਂ ਕੀਤੀਆਂ ਕਿ ਲੋਕ ਬਾਹਰ ਆ ਜਾਣ, ਪਰ ਉਹ ਕਹਿੰਦੇ ਹਨ ਕਿ ਹੋ ਸਕਦਾ, ਬਹੁਤ ਲੋਕਾਂ ਨੇ ਅਨਾਊਸਮੈਂਟਾਂ ਨਾ ਸੁਣੀਆਂ ਹੋਣ ਜਾਂ ਸੋਚ ਲਿਆ ਹੋਵੇ ਕਿ ਦੋਨੋਂ ਪਾਸਿਉਂ ਗੋਲੀ ਚੱਲ ਰਹੀ ਹੈ, ਹੁਣ ਅੰਦਰ ਹੀ ਬੈਠੇ ਰਹੋ, ਜੋ ਵਾਹਿਗੁਰੂ ਨੂੰ ਮਨਜ਼ੂਰ ਹੋਊ ਦੇਖੀ ਜਾਊ!
ਇਸੇ ਤਰ੍ਹਾਂ ਅਜਮੇਰ ਸਿੰਘ ਨੇ ਨਵਾਂ ਖੁਲਾਸਾ ਕੀਤਾ ਕਿ ਫੌਜ ਨੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਕਈ 2-3 ਜੂਨ ਨੂੰ ਕਈ ਘੰਟੇ ਕਰਫਿਊ ਵਿਚ ਢਿੱਲ ਵੀ ਦਿੱਤੀ ਸੀ। ਉਹ ਜਨਰਲ ਬਰਾੜ ਦੀ ਕਿਤਾਬ ਦੇ ਹਵਾਲੇ ਨਾਲ ਇਹ ਵੀ ਮੰਨਦੇ ਹਨ ਕਿ ਬਹੁਤ ਲੋਕ ਬਾਹਰ ਨਿਕਲ ਵੀ ਆਏ ਸਨ ਅਤੇ ਅੰਦਰ ਸਿਰਫ 1500-2000 ਲੋਕ ਹੀ ਸਨ। ਇਸ ਨਾਲ ਸਿੱਖ ਵਿਦਵਾਨਾਂ ਦੀ ਇਸ ਧਾਰਨਾ ‘ਤੇ ਵੀ ਪ੍ਰਸ਼ਨ ਚਿੰਨ੍ਹ ਲਗਦਾ ਹੈ ਕਿ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੌਰਾਨ 20-25 ਹਜ਼ਾਰ ਬੰਦਾ ਮਾਰਿਆ ਗਿਆ ਸੀ ਅਤੇ ਕੂੜਾ ਸੁੱਟਣ ਵਾਲੇ ਟਰੱਕਾਂ ਦੇ ਟਰੱਕ ਭਰ ਕੇ ਲਾਸ਼ਾਂ ਸ਼ਮਸ਼ਾਨਘਾਟਾਂ ਨੂੰ ਲਿਜਾਈਆਂ ਗਈਆਂ ਸਨ। ਸਾਡੇ ਵਿਦਵਾਨ ਬਹੁਤ ਸਾਰੀਆਂ ਗੱਲਾਂ ਬਿਨਾ ਤੱਥਾਂ ਤੋਂ ਬੜੇ ਦਾਅਵੇ ਨਾਲ ਪੇਸ਼ ਕਰਦੇ ਹਨ। ਇਸ ਦੀ ਮਿਸਾਲ ਇਥੋਂ ਮਿਲਦੀ ਹੈ ਕਿ ਸਾਬਕਾ ਆਈ.ਏ.ਐਸ.ਗੁਰਤੇਜ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸਾਕਾ ਨੀਲਾ ਤਾਰਾ ਬਾਰੇ ਸੈਮੀਨਾਰ ਵਿਚ ਕਹਿੰਦੇ ਹਨ ਕਿ ਸਿੱਖਾਂ ਨੇ ਧਰਮ ਯੁੱਧ ਮੋਰਚੇ ਵਿਚ ਢਾਈ ਲੱਖ ਸ਼ਹੀਦੀਆਂ ਦਿੱਤੀਆਂ ਜਿਸ ਦੀ ਦੁਨੀਆ ਦੇ ਇਤਿਹਾਸ ਵਿਚ ਕੋਈ ਗਵਾਹੀ ਨਹੀਂ ਮਿਲਦੀ। ਇਹ ਵੀ ਵਰਨਣਯੋਗ ਹੈ ਕਿ ਪਿਛਲੇ ਮਹੀਨੇ ਸਾਬਕਾ ਆਈ.ਏ.ਐਸ. ਨ੍ਰਿਪਇੰਦਰ ਰਤਨ (ਜੋ ਜੂਨ 84 ਵਿਚ ਜਲੰਧਰ ‘ਚ ਬਤੌਰ ਕਮਿਸ਼ਨਰ ਤਾਇਨਾਤ ਸਨ) ਦੀ ਅਨੇਕਾਂ ਪ੍ਰਮਾਣਿਕ ਤੱਥਾਂ ਆਧਾਰਿਤ ਕਿਤਾਬ ‘ਉਪਰੇਸ਼ਨ ਬਲਿਊ ਸਟਾਰ 84` ਅਨੁਸਾਰ ਦਰਬਾਰ ਸਾਹਿਬ ਦੇ ਫੌਜੀ ਹਮਲੇ ਮੌਕੇ ਸਿਰਫ 79 ਫੌਜੀ ਅਤੇ 700-750 ਦੇ ਕਰੀਬ ਆਮ ਲੋਕ ਮਰੇ ਸਨ ਜਿਨ੍ਹਾਂ ਵਿਚ 100-125 ਦੇ ਕਰੀਬ ਖਾੜਕੂ ਹੋ ਸਕਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜੇ ਫੌਜ ਨੇ ਹਜ਼ਾਰਾਂ ਬੇਗੁਨਾਹ ਲੋਕ ਅੰਦਰ ਜਾਣ-ਬੁੱਝ ਕੇ ਮਾਰ ਦਿੱਤੇ ਸਨ ਤਾਂ ਫਿਰ ਸੰਤਾਂ ਦੇ ਬਹੁਤ ਨਜ਼ਦੀਕੀ ਜਨਰਲ ਲਾਭ ਸਿੰਘ, ਹਰਮਿੰਦਰ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ, ਜਸਵੀਰ ਸਿੰਘ ਘੁੰਮਣ, ਮਨਜੀਤ ਸਿੰਘ ਭੋਮਾ, ਅਨੋਖ ਸਿੰਘ ਉਬੋਕੇ ਜਾਂ ਭਾਈ ਅਮਰੀਕ ਸਿੰਘ, ਮੇਜਰ ਸਿੰਘ ਨਾਗੋਕੇ ਵਰਗੇ ਅਨੇਕਾਂ ਖਾੜਕੂਆਂ ਦੇ ਪਰਿਵਾਰ ਉਥੋਂ ਸਹੀ ਸਲਾਮਤ ਬਚ ਕੇ ਬਾਹਰ ਕਿਵੇਂ ਆ ਗਏ? ਇਥੋਂ ਤੱਕ ਕਿ ਬੱਬਰ ਖਾਲਸਾ ਦੇ ਸਿੰਘ ਤਾਂ ਸਾਰੇ ਹੀ ਬਚ ਕੇ ਨਿਕਲ ਗਏ ਸਨ।
ਇੱਕ ਗੱਲ ਪਿਛਲੇ 37 ਸਾਲਾਂ ਤੋਂ ਕਹੀ ਜਾਂਦੀ ਸੀ ਕਿ ਚਲੋ ਮੰਨ ਲਿਆ, ਸੰਤ ਭਿੰਡਰਾਂਵਾਲੇ ਅਤੇ ਉਸ ਦੇ ਹਥਿਆਰਬੰਦ ਖਾੜਕੂਆਂ ਨੂੰ ਕੱਢਣ ਲਈ ਅਕਾਲ ਤਖਤ ‘ਤੇ ਹਮਲਾ ਕੀਤਾ ਗਿਆ ਪਰ ਪੰਜਾਬ ਦੇ ਹੋਰ 37 ਗੁਰਦੁਆਰਿਆਂ ‘ਤੇ ਹਮਲਾ ਕਿਉਂ ਕੀਤਾ ਗਿਆ? ਉਥੇ ਤਾਂ ਕੋਈ ਖਾੜਕੂ ਨਹੀਂ ਸਨ। ਦੂਸਰਾ, ਖਾੜਕੂ ਤਾਂ ਸਿਰਫ ਅਕਾਲ ਤਖਤ ‘ਤੇ ਸਨ, ਫਿਰ ਸਾਰੇ ਪੰਜਾਬ ਦੀ ਘੇਰਾਬੰਦੀ ਕਿਉਂ ਕੀਤੀ ਗਈ? ਇਸ ਤੋਂ ਸਾਬਿਤ ਹੁੰਦਾ ਕਿ ਫੌਜੀ ਕਾਰਵਾਈ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਸੀ ਕਿ ਉਹ ਹਿੰਦੂ ਭਾਰਤ ਵਿਚ ਗੁਲਾਮ ਬਣ ਕੇ ਰਹਿਣ, ਨਹੀਂ ਤਾਂ ਉਨ੍ਹਾਂ ਦਾ ਇਹੀ ਹਸ਼ਰ ਹੋਵੇਗਾ। ਅਜਮੇਰ ਸਿੰਘ ਨੇ ਆਪਣੀ ਇਸ ਵੀਡੀਓ ਲੜੀ ਵਿਚ ਇਹ ਮੰਨਿਆ ਹੈ ਕਿ ਬਹੁਤ ਸਾਰੇ ਖਾੜਕੂ ਵੱਖ-ਵੱਖ ਗੁਰਦੁਆਰਿਆਂ ਵਿਚ ਹਥਿਆਰਾਂ ਨਾਲ ਲੈਸ ਬੈਠੇ ਸਨ। ਉਹ ਕਹਿੰਦੇ ਹਨ ਕਿ ਗੁਰਦੁਆਰਿਆਂ ਵਿਚ ਹਥਿਆਰਾਂ ਸਮੇਤ ਸ਼ਰਨ ਲੈਣੀ ਸਾਡੀ ਧਾਰਮਿਕ ਪ੍ਰੰਪਰਾ ਹੈ, 18ਵੀਂ ਸਦੀ ਵਿਚ ਵੀ ਸਿੱਖ ਅਜਿਹਾ ਕਰਦੇ ਰਹੇ ਸਨ, ਇਸ ਵਿਚ ਕੁਝ ਵੀ ਗਲਤ ਨਹੀਂ ਸੀ। ਉਨ੍ਹਾਂ ਇਹ ਵੀ ਮੰਨਿਆ ਕਿ ਸੰਤ ਅਕਸਰ ਆਪਣੇ ਲੈਕਚਰਾਂ ਵਿਚ ਕਹਿੰਦੇ ਸਨ ਕਿ ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਵਿਚ ਪੈਰ ਰੱਖਿਆ ਤਾਂ ਤੁਸੀਂ ਕਿਸੇ ਹੁਕਮ ਦੀ ਉਡੀਕ ਨਾ ਕਰਿਉ, ਜੋ ਹਥਿਆਰ ਹੱਥ ਆਵੇ, ਲੈ ਕੇ ਦਰਬਾਰ ਸਾਹਿਬ ਵੱਲ ਕੂਚ ਕਰ ਦਿਉ। ਇਸ ਬਾਰੇ ਇੱਕ ਸਾਬਕਾ ਖਾੜਕੂ ਕੁਲਜਿੰਦਰ ਸਿੰਘ ਢਿੱਲੋਂ ਜੋ ਫੌਜੀ ਹਮਲੇ ਦੌਰਾਨ ਅੰਦਰੋਂ ਫੜਿਆ ਗਿਆ ਸੀ ਤੇ ਬਾਅਦ ਵਿਚ ਹਸਪਤਾਲ ਤੋਂ ਬਚ ਕੇ ਨਿਕਲ ਗਿਆ ਸੀ, ਅਨੁਸਾਰ ਸੰਤਾਂ ਦੇ ਹੁਕਮਾਂ ਅਨੁਸਾਰ ਉਹ ਕੁਝ ਸਿੰਘ ਕੁਝ ਗੁਰਦੁਆਰਿਆਂ ਵਿਚ ਹਥਿਆਰ ਦੇਣ ਗਏ ਸੀ ਤੇ ਪਲਾਨ ਇਹ ਸੀ ਕਿ ਜਦੋਂ ਹਮਲਾ ਹੋਇਆ ਤਾਂ ਬਾਹਰੋਂ ਵੱਖ-ਵੱਖ ਥਾਵਾਂ ਤੋਂ ਬਗਾਵਤ ਕਰ ਦਿੱਤੀ ਜਾਵੇ। ਅਜਮੇਰ ਸਿੰਘ ਇਹ ਵੀ ਮੰਨਦੇ ਹਨ ਕਿ ਜੇ ਫੌਜ ਪੰਜਾਬ ਦੀ ਇਸ ਤਰ੍ਹਾਂ ਸਖਤ ਘੇਰਾਬੰਦੀ ਨਾ ਕਰਦੀ ਤਾਂ ਫਿਰ ਪੰਜਾਬ ਦਾ ਪਤਾ ਨੀ ਕੀ ਬਣਨਾ ਸੀ ਤੇ ਕਿਤਨਾ ਕਤਲੇਆਮ ਹੋਣਾ ਸੀ। ਇਸ ਦਾ ਮਤਲਬ ਤਾਂ ਇਹੀ ਬਣਦਾ ਹੈ ਕਿ ਸਰਕਾਰ ਦੀ ਪੂਰੇ ਪੰਜਾਬ ਦੀ ਘੇਰਾਬੰਦੀ, ਸ਼ੱਕੀ ਗੁਰਦੁਆਰਿਆਂ ਦੀ ਤਲਾਸ਼ੀ ਲੈਣੀ ਗਲਤ ਨਹੀਂ ਸੀ। ਸਰਕਾਰ ਦੇ ਅਜਿਹੇ ਯਤਨਾਂ ਕਰਕੇ ਹੀ ਪੰਜਾਬ ਵਿਚ ਵੱਡਾ ਖੂਨ ਖਰਾਬਾ ਹੋਣ ਤੋਂ ਬਚ ਗਿਆ। ਹੋ ਸਕਦਾ, 1947 ਵਾਲੇ ਹਾਲਾਤ ਬਣ ਜਾਂਦੇ ਤੇ ਹਿੰਦੂ-ਸਿੱਖ ਆਪਸ ਵਿਚ ਇੱਕ ਦੂਜੇ ਦਾ ਵਢਾਂਗਾ ਕਰਦੇ।
ਕੁਲਜਿੰਦਰ ਸਿੰਘ ਢਿਲੋਂ ਨੇ ਆਪਣੀ ਇੱਕ ਇੰਟਵਿਊ ਵਿਚ ਡਾ. ਵਿਸ਼ਵਾਨਾਥ ਤਿਵਾੜੀ ਦੀ ਹੱਤਿਆ ਦਾ ਜੋ ਇੰਕਸ਼ਾਫ ਕੀਤਾ ਹੈ, ਉਹ ਵੀ ਇਸ ਘਟਨਾਕ੍ਰਮ ਨੂੰ ਸਮਝਣ ਲਈ ਮੁੱਲਵਾਨ ਹੈ। ਖਾੜਕੂਆਂ ਨੇ ਤਿਵਾੜੀ ਨੂੰ 3 ਅਪਰੈਲ 1984 ਨੂੰ ਉਸ ਦੇ ਘਰੇ ਹੀ ਕਤਲ ਕਰ ਦਿੱਤਾ ਸੀ ਜਿਸ ਬਾਰੇ ਸੰਤ ਭਿੰਡਰਾਂਵਾਲੇ ਅਤੇ ਅਕਾਲੀਆਂ ਨੇ ਕਿਹਾ ਸੀ ਕਿ ਇਹ ਏਜੰਸੀਆਂ ਦਾ ਕੰਮ ਹੈ, ਜਦਕਿ ਉਨ੍ਹਾਂ ਦੇ ਆਪਣੇ ਖਾੜਕੂਆਂ ਨੇ ਇਹ ਕਤਲ ਕੀਤਾ ਸੀ ਕਿਉਂਕਿ ਡਾ. ਤਿਵਾੜੀ, ਅਕਾਲੀਆਂ ਤੇ ਸਰਕਾਰ ਵਿਚ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਇੱਕ ਕੜੀ ਸੀ।
ਅਜਮੇਰ ਸਿੰਘ ਇਸੇ ਵੀਡੀਓ ਲੜੀ ਵਿਚ ਇੱਕ ਜਗ੍ਹਾ ਕਹਿੰਦੇ ਹਨ ਕਿ ਕੁਝ ਲੋਕ ਤਰਕ ਦਿੰਦੇ ਹਨ ਕਿ ਸੰਤਾਂ ਨੂੰ ਅਕਾਲ ਤਖਤ ‘ਤੇ ਹਥਿਆਰ ਨਹੀਂ ਜਮ੍ਹਾਂ ਕਰਨੇ ਚਾਹੀਦੇ ਸਨ ਜਾਂ ਘੱਟੋ-ਘੱਟ ਜਦੋਂ ਫੌਜ ਆ ਗਈ ਸੀ ਤਾਂ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਦੀ ਤਬਾਹੀ ਅਤੇ ਬੇਅਦਬੀ ਰੋਕਣ ਲਈ ਉਥੋਂ ਬਾਹਰ ਆ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਮੁਗਲਾਂ ਨਾਲ ਪਹਿਲੀ ਲੜਾਈ ਮੌਕੇ ਅੰਮ੍ਰਿਤਸਰ ਤੋਂ ਬਾਹਰ ਚਲੇ ਗਏ ਸਨ ਤਾਂ ਕਿ ਦਰਬਾਰ ਸਾਹਿਬ ਨੂੰ ਆਂਚ ਨਾ ਆਵੇ। ਇਸ ਬਾਰੇ ਆਪਣਾ ਸਿਧਾਂਤਕ ਤਰਕ ਪੇਸ਼ ਕਰਦੇ ਹੋਏ ਅਜਮੇਰ ਸਿੰਘ ਕਹਿੰਦੇ ਹਨ ਕਿ ਸੰਤਾਂ ਦੀ ਲੜਾਈ ਕੋਈ ਮੰਗਾਂ (ਆਨੰਦਪੁਰ ਦੇ ਮਤੇ ਦੀਆਂ) ਦੀ ਨਹੀਂ ਸੀ, ਉਹ ਤਾਂ ਧਰਮ ਨੂੰ ਬਚਾਉਣ ਦੀ ਲੜਾਈ ਲੜ ਰਹੇ ਸਨ, ਉਹ ਤਾਂ ਸਿੱਖੀ ਬਚਾਉਣ ਦੀ ਲੜਾਈ ਲੜ ਰਹੇ ਸਨ। ਉਹ ਤਾਂ ਆਏ ਹੀ ਅਕਾਲ ਤਖਤ ‘ਤੇ ਸ਼ਹੀਦੀ ਪਾਉਣ ਸਨ। ਉਨ੍ਹਾਂ ਦੀ ਸ਼ਹੀਦੀ ਦਾ ਸਫਰ ਉਸ ਦਿਨ ਸ਼ੁਰੂ ਹੋ ਗਿਆ ਸੀ ਜਿਸ ਦਿਨ ਉਹ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਪਹੁੰਚ ਗਏ ਸਨ। ਸੰਤ ਜੀ ਅਕਸਰ ਕਹਿੰਦੇ ਸਨ ਕਿ ਜੇ ਧਰਮ ਨੂੰ ਬਚਾਉਣਾ ਹੈ, ਸਿੱਖੀ ਨੂੰ ਬਚਾਉਣਾ ਹੈ ਤਾਂ ਸਿਰ ਦੇਣੇ ਪੈਣਗੇ ਤੇ ਸਿਰ ਵੀ ਅਕਾਲ ਤਖਤ ਅਤੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਹੀ ਦੇਣੇ ਪੈਣਗੇ। ਇਥੇ ਦਿੱਤੀ ਸ਼ਹਾਦਤ ਦਾ ਅਸਰ ਹੀ ਹੋਰ ਹੈ। ਸੰਤਾਂ ਨੂੰ ਸਪਸ਼ਟ ਸੀ ਕਿ ਸਾਡੀ ਲੜਾਈ ਮੰਗਾਂ ਦੀ ਨਹੀਂ, ਦੋ ਤਖਤਾਂ ਦੀ ਲੜਾਈ ਹੈ। ਹਿੰਦੂ ਹਾਕਮਾਂ ਤੇ ਸਿੱਖਾਂ (ਜਿਨ੍ਹਾਂ ਨੂੰ ਭੁੱਲ ਚੁੱਕਾ ਸੀ ਕਿ ਅਸੀਂ ਵੀ ਤਖਤਾਂ ਦੇ ਮਾਲਕ ਹਾਂ) ਨੂੰ ਅਹਿਸਾਸ ਤਾਂ ਹੀ ਹੋਣਾ ਸੀ ਕਿ ਸਾਡਾ ਵੀ ਕੋਈ ਤਖਤ ਹੈ, ਜੇ ਸ਼ਹੀਦੀ ਅਕਾਲ ਤਖਤ ‘ਤੇ ਪਾਈ ਜਾਂਦੀ।
ਅੱਗੇ ਗੱਲ ਕਰਨ ਤੋਂ ਪਹਿਲਾਂ ਇਸ ਸਬੰਧੀ ਸ਼੍ਰੋਮਣੀ ਸਿੱਖ ਵਿਦਵਾਨ ਪ੍ਰੋ. ਪੂਰਨ ਸਿੰਘ ਦੇ 100 ਕੁ ਸਾਲ ਪਹਿਲਾਂ ਲਿਖੇ ਲੇਖ ‘ਸ੍ਰੀ ਦਰਬਾਰ ਸਾਹਿਬ` ਦਾ ਹਵਾਲਾ ਦੇਣਾ ਵਾਜਿਬ ਰਹੇਗਾ ਜਿਸ ਵਿਚ ਉਹ ਲਿਖਦੇ ਹਨ: ‘ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦਾ ਸਿਧਾਂਤ ਬਖਸ਼ਿਆ ਪਰ ਸ੍ਰੀ ਅੰਮ੍ਰਿਤਸਰ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਨੂੰ ਕਦੇ ਸਿਆਸਤ ਦਾ ਕੇਂਦਰ ਨਹੀਂ ਬਣਾਇਆ। ਉਨ੍ਹਾਂ ਨੇ ਧਰਮ ਨੂੰ ਸਿਆਸਤ ਤੋਂ ਹਮੇਸ਼ਾਂ ਉਚਾ ਰੱਖਿਆ। ਗੁਰੂ ਸਾਹਿਬ ਚਾਹੁੰਦੇ ਸਨ ਕਿ ਦਰਬਾਰ ਸਾਹਿਬ ਕਦੇ ਜੰਗ ਦਾ ਅਖਾੜਾ ਨਾ ਬਣੇ, ਪੁਲੀਟੀਕਲ ਕੰਮ ਇਥੋਂ ਦੂਰ ਹੋ ਕੇ ਕੀਤੇ ਜਾਣ। ਜਦੋਂ ਦੁਬਾਰਾ ਅੰਮ੍ਰਿਤਸਰ ਵਿਚ ਜੰਗ ਦਾ ਮਾਹੌਲ ਬਣਨ ਲੱਗਾ ਤਾਂ ਗੁਰੂ ਸਾਹਿਬ ਮਾਝੇ ਨੂੰ ਛੱਡ ਦੂਰ ਪਹਾੜਾਂ ਵਿਚ ਕੀਰਤਪੁਰ ਆ ਵਸੇ ਤਾਂ ਕਿ ਇਹ ਸਰਬ ਸਾਂਝਾ ਥਾਂ ਕਦੇ ਜੰਗਾਂ-ਯੁੱਧਾਂ ਦਾ ਅਖਾੜਾ ਨਾ ਬਣੇ।’ ਪ੍ਰੋ. ਪੂਰਨ ਸਿੰਘ ਅੱਗੇ ਲਿਖਦੇ ਹਨ, ‘ਮਹਾਰਾਜਾ ਰਣਜੀਤ ਸਿੰਘ ਨੇ ਵੀ ਗੁਰੂਆਂ ਦੀ ਇਸੇ ਸੋਚ ਅਨੁਸਾਰ ‘ਖਾਲਸਾ ਰਾਜ` ਦੀ ਰਾਜਧਾਨੀ ਅੰਮ੍ਰਿਤਸਰ ਦੀ ਥਾਂ ਲਾਹੌਰ ਬਣਾਉਣਾ ਬਿਹਤਰ ਸਮਝਿਆ ਤਾਂ ਕਿ ਦਰਬਾਰ ਸਾਹਿਬ ਨੂੰ ਸਿਆਸਤ ਅਤੇ ਯੁੱਧਾਂ ਤੋਂ ਦੂਰ ਰੱਖਿਆ ਜਾਵੇ।` ਸਪਸ਼ਟ ਹੈ ਕਿ ਗੁਰੂਆਂ ਦੀ ਮੀਰੀ-ਪੀਰੀ ਸੋਚ ਦਾ ਅਰਥ ਇਹੀ ਸੀ ਕਿ ਸਿਆਸਤ ਧਰਮ ਅਧੀਨ ਰਹੇ, ਭਾਵ ਸਿਆਸੀ ਲੋਕ ਧਰਮੀ ਹੋਣ, ਨਾ ਕਿ ਧਰਮ ਨੂੰ ਸਿਆਸਤ ਲਈ ਵਰਤਿਆ ਜਾਵੇ ਜਿਸ ਤਰ੍ਹਾਂ ਅਕਾਲੀ ਅਤੇ ਹੁਣ ਖਾਲਿਸਤਾਨੀ ਆਪਣੀਆਂ ਰਾਜਸੀ ਇਛਾਵਾਂ ਲਈ ਧਰਮ ਅਤੇ ਗੁਰਦੁਆਰਿਆਂ ਨੂੰ ਵਰਤਦੇ ਹਨ।
ਅਜਮੇਰ ਸਿੰਘ ਦੇ ਉਪਰਲੇ ਪ੍ਰਵਚਨਾਂ ਦਾ ਭਾਵ ਤਾਂ ਇਹੀ ਬਣਦਾ ਹੈ ਕਿ ਸੰਤ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਿੱਖ ਇਤਿਹਾਸ ਵਿਚ ਆਪਣਾ ਖਾਸ ਸਥਾਨ ਬਣਾਉਣ ਲਈ ਅਕਾਲ ਤਖਤ ‘ਤੇ ਸ਼ਹੀਦੀਆਂ ਪਾਉਣ ਦਾ ਰਸਤਾ ਚੁਣਿਆ ਅਤੇ ਅਜਿਹੇ ਹਾਲਾਤ ਬਣਾਏ ਕਿ ਸਰਕਾਰ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਰਗੀ ਘਿਨਾਉਣੀ ਕਾਰਵਾਈ ਲਈ ਮਜਬੂਰ ਹੋ ਜਾਏ। ਕੀ ਅਜਮੇਰ ਸਿੰਘ ਸਿੱਖ ਪੰਥ ਨੂੰ ਤੱਥਾਂ ਆਧਾਰਿਤ ਕਦੇ ਦੱਸਣਗੇ ਕਿ ਭਾਰਤ ਅਤੇ ਦੁਨੀਆ ਭਰ ਵਿਚ ਖੁਸ਼ਹਾਲ ਵਸਦੇ ਸਿੱਖ ਭਾਈਚਾਰੇ ਦੀ ਉਹ ਕਿਹੜੀ ਸਿੱਖੀ ਹੋਂਦ ਸੀ ਜੋ ਖਤਮ ਕੀਤੀ ਜਾ ਰਹੀ ਸੀ, ਜਾਂ ਸਿੱਖ ਧਰਮ ਨੂੰ ਅਜਿਹਾ ਕਿਹੜਾ ਖਤਰਾ ਖੜ੍ਹਾ ਹੋ ਗਿਆ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ 60-70 ਸਾਥੀਆਂ ਦੇ ਅਕਾਲ ਤਖਤ ‘ਤੇ ਸ਼ਹੀਦੀ ਪਾਏ ਬਿਨਾ ਨਹੀਂ ਟਲਣਾ ਸੀ? ਕੀ ਅਜੋਕੇ ਆਧੁਨਿਕ ਸੰਸਾਰ ਵਿਚ ਕੁਝ ਬੰਦਿਆਂ ਦੇ ਸ਼ਹੀਦੀ ਪਾਉਣ ਨਾਲ ਧਰਮ ਦਾ ਪ੍ਰਸਾਰ ਹੋ ਸਕਦਾ ਹੈ? ਫਿਰ ਸਾਡੇ ਵਿਦਵਾਨਾਂ ਦਾ ਇਹ ਤਰਕ ਕਿਤਨਾ ਕੁ ਵਾਜਿਬ ਰਹਿ ਜਾਂਦਾ ਹੈ ਕਿ ਸਰਕਾਰ ਨੇ ਸਿੱਖੀ ਦੀ ਹੋਂਦ ਖਤਮ ਕਰਨ ਅਤੇ ਪੰਜ ਸਦੀਆਂ ਦਾ ਵੈਰ ਕੱਢਣ ਲਈ ਫੌਜੀ ਹਮਲਾ ਕੀਤਾ ਸੀ!
ਅੱਜ ਅਸੀਂ ਇਕੀਵੀਂ ਸਦੀ ਦੇ ਤੀਜੇ ਦਹਾਕੇ ਵਿਚ ਵਿਚਰ ਰਹੇ ਹਾਂ ਅਤੇ ਦੁਨੀਆ ਭਰ ਦੇ ਚਿੰਤਕ ਅੱਜ ਦੇ ਪ੍ਰਸੰਗ ਵਿਚ ਭਵਿੱਖ ਵਿਚ ਮਨੁੱਖਤਾ ਨੂੰ ਆਉਣ ਵਾਲੇ ਖਤਰਿਆਂ ਤੇ ਚੈਲਿੰਜਾਂ ਬਾਰੇ ਵਿਚਾਰਾਂ ਕਰ ਰਹੇ ਹਨ ਪਰ ਸਾਡੇ ਵਿਦਵਾਨ ਸਿੱਖਾਂ ਦੇ ਹਰ ਮਸਲੇ ਦਾ ਹੱਲ 17ਵੀਂ-18ਵੀਂ ਸਦੀ ਵਿਚੋਂ ਲੱਭਦੇ ਹਨ। ਉਨ੍ਹਾਂ ਨੂੰ ਭੁੱਲ ਜਾਂਦਾ ਹੈ ਕਿ 17ਵੀਂ-18ਵੀਂ ਸਦੀ ਵਾਲੇ ਦਿਨ ਬਹੁਤ ਸਮਾਂ ਪਹਿਲਾਂ ਖਤਮ ਹੋ ਚੁੱਕੇ ਹਨ, ਅੱਜ ਦੀਆਂ ਸਮੱਸਿਆਵਾਂ ਨੂੰ ਅੱਜ ਦੇ ਪ੍ਰਸੰਗ ਤੇ ਅੱਜ ਦੇ ਢੰਗ ਤਰੀਕਿਆਂ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਦੁਨੀਆ ਦੇ ਪ੍ਰਮੁੱਖ ਸੂਝਵਾਨ ਵਿਅਕਤੀਆਂ ਵਿਚ ਗਿਣੇ ਜਾਂਦੇ, ਇਤਿਹਾਸ ਦੇ ਪ੍ਰੋਫੈਸਰ ਤੇ ਲੇਖਕ ਜ਼ੁਵਾਲ ਹਰਾਰੀ ਆਪਣੀ ਨਵੀਂ ਕਿਤਾਬ ‘21ਵੀਂ ਸਦੀ ਲਈ 21 ਸਬਕ’ ਵਿਚ ‘ਰਾਸ਼ਟਰਵਾਦ` ਬਾਰੇ ਲਿਖਦੇ ਹਨ ਕਿ ਅੱਜ ਗਲੋਬਲਾਈਜ਼ੇਸ਼ਨ ਦੇ ਦੌਰ ਵਿਚ ਜਦੋਂ ਸਾਰਾ ਸੰਸਾਰ ਗਲੋਬਲ ਵਿਲੇਜ ਬਣ ਚੁੱਕਾ ਹੈ ਤਾਂ ਸਾਡੀਆਂ ਸਮੱਸਿਆਵਾਂ ਵੀ ਗਲੋਬਲ ਬਣ ਚੁੱਕੀਆਂ ਹਨ ਤੇ ਇਨ੍ਹਾਂ ਦੇ ਹੱਲ ਵੀ ਹੁਣ ਕੌਮਾਂ ਜਾਂ ਦੇਸ਼ਾਂ ਦੇ ਨਜ਼ਰੀਏ ਤੋਂ ਨਹੀਂ ਸਗੋਂ ਮਨੁੱਖਤਾ ਦੇ ਨਜ਼ਰੀਏ ਤੋਂ ਕਰਨੇ ਪੈਣਗੇ, ਤਾਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟ ਟੈਕਨੋਲੌਜੀ, ਵਿਨਾਸ਼ਕਾਰੀ ਪਰਮਾਣੂ ਹਥਿਆਰ, ਗਲੋਬਲ ਵਾਰਮਿੰਗ, ਆਰਥਿਕ ਮੰਦਵਾੜੇ, ਸਾਰੀ ਦੁਨੀਆ ਦੀ ਦੌਲਤ ਦਾ ਕੁਝ ਕਾਰਪੋਰੇਸ਼ਨਾਂ ਦੇ ਹੱਥ ਆ ਜਾਣਾ, ਧਾਰਮਿਕ ਕੱਟੜਵਾਦ ਆਧਾਰਿਤ ਅਤਿਵਾਦ ਆਦਿ ਨਾਲ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਚੁਣੌਤੀਆਂ ਨੂੰ ਗਲੋਬਲ ਪ੍ਰਸੰਗ ਵਿਚ ਹੀ ਹੱਲ ਕੀਤਾ ਜਾ ਸਕੇਗਾ; ਜਦਕਿ ਸਾਡੇ ਵਿਦਵਾਨ 17ਵੀਂ-18ਵੀਂ ਸਦੀ ਵਾਲੇ ਕੌਮਾਂ ਦੇ ਸੰਕਲਪਾਂ ਵਿਚ ਫਸੇ ਹੋਏ ਹਨ। ਅੱਜ ਸਿੱਖ ਸਾਰੀ ਦੁਨੀਆ ਵਿਚ ਵੱਸ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੁਣ ਸਿਰਫ ਪੰਜਾਬ ਤੱਕ ਸੀਮਤ ਨਹੀਂ ਸਗੋਂ ਗਲੋਬਲ ਬਣ ਚੁੱਕੀਆਂ ਹਨ। ਇਤਿਹਾਸਕਾਰਾਂ ਦਾ ਕੰਮ ਇਤਿਹਾਸ ਦੀਆਂ ਘਟਨਾਵਾਂ ਨੂੰ ਯਾਦ ਕਰਕੇ ਸੁਣਾਉਣਾ ਨਹੀਂ ਸਗੋਂ ਉਸ ਵਿਚੋਂ ਭਵਿੱਖ ਉਸਾਰਨਾ ਹੁੰਦਾ ਹੈ। ਕੀ ਸਾਡੇ ਵਿਦਵਾਨ ਕਦੇ ਇਸ ਪਾਸੇ ਵੀ ਧਿਆਨ ਮਾਰਨਗੇ?
ਇਥੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੀ ਦਸ ਸਾਲ ਪਹਿਲਾਂ ਲਿਖੀ ਕਿਤਾਬ ‘ਖਾਲਿਸਤਾਨ ਸਟਰਗਲ: ਏ ਨੌਨ ਮੂਵਮੈਂਟ’ ਦੇ ‘ਬਦਲਾ` ਸਿਰਲੇਖ ਹੇਠਲੇ ਨੌਵੇਂ ਚੈਪਟਰ ਦੇ ਪੰਨਾ 201 ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜੋ ਉਨ੍ਹਾਂ ‘ਟਾਈਮਜ਼ ਆਫ ਇੰਡੀਆ’ ਦੇ ਪਹਿਲੀ ਨਵੰਬਰ 1984 ਦੇ ਅੰਕ ਤੋਂ ਲਿਆ ਹੈ। ਇਸ ਵਿਚ ਉਹ ਦੱਸਦੇ ਹਨ ਕਿ 31 ਅਕਤੂਬਰ, 1984 ਦੀ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇ ਜੀ ਦੇ ਪੁਰਬ ਮੌਕੇ ਦਿੱਲੀ ਦੇ ਇੱਕ ਗੁਰਦੁਆਰੇ ਵਿਚ ਜੂਨ 84 ਬਾਰੇ ਕਿਹਾ ਸੀ: ‘ਇਸ ਵਿਚ ਸਿਰਫ ਉਨ੍ਹਾਂ (ਸਰਕਾਰ ਜਾਂ ਫੌਜ) ਦਾ ਹੀ ਦੋਸ਼ ਨਹੀਂ ਸੀ, ਸਾਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ। ਸਾਨੂੰ (ਖਾੜਕੂਆਂ) ਕਿਸ ਨੇ ਕਿਹਾ ਸੀ ਕਿ ਬੱਸਾਂ ਵਿਚੋਂ ਲਾਹ ਕੇ ਬੇਗੁਨਾਹ ਬੰਦੇ ਮਾਰੇ ਜਾਣ? ਕਿਸ ਨੇ ਕਿਹਾ ਸੀ ਕਿ ਪਿੰਡਾਂ ਵਿਚੋਂ ਘੜੀਸ ਕੇ ਬੇਗੁਨਾਹ ਲੋਕ ਮਾਰੇ ਜਾਣ? ਸਾਨੂੰ ਇਸ ਦੀ ਜ਼ਿੰਮੇਵਾਰੀ ਲੈਣੀ ਪਵੇਗੀ ਜੋ ਅੱਜ ਵਾਪਰਿਆ (ਉਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ), ਉਸ ਨੂੰ ਇਸੇ ਪ੍ਰਸੰਗ ਵਿਚ ਸਮਝਣਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਿਮਲੇ ਵਾਲੇ ਚੈਲ ਫਾਰਮ ਵਿਚ ਗੌਲਫ ਖੇਡ ਰਿਹਾ ਸੀ, ਜਦੋਂ ਉਸ ਨੂੰ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਦੀ ਖਬਰ ਮਿਲੀ। ਉਹ ਬੇਚੈਨ ਹੋ ਕੇ ਇਤਨਾ ਤੜਫ ਉਠਿਆ ਕਿ ਉਸੇ ਵਕਤ ਦਿੱਲੀ ਇੰਦਰਾ ਨਿਵਾਸ ਜਾ ਕੇ ਰੋਸ ਵਜੋਂ ਕਾਂਗਰਸ ਪਾਰਟੀ ਅਤੇ ਐਮ.ਪੀ. ਤੋਂ ਅਸਤੀਫਾ ਦੇ ਦਿੱਤਾ ਜਦੋਂਕਿ ਉਹ ਉਸ ਵਕਤ ਰਾਜੀਵ ਗਾਂਧੀ ਅਤੇ ਇੰਦਰਾ ਪਰਿਵਾਰ ਦੇ ਬਹੁਤ ਨੇੜੇ ਸੀ। ਇੰਦਰਾ ਗਾਂਧੀ ਨੇ ਉਸ ਨੂੰ ਅਜਿਹਾ ਨਾ ਕਰਨ ਲਈ ਬਹੁਤ ਰੋਕਿਆ ਵੀ ਸੀ ਪਰ ਉਹ ਨਹੀਂ ਮੰਨਿਆ ਸੀ। ਕੈਪਟਨ ਅਮਰਿੰਦਰ ਸਿੰਘ ਵਰਗੇ ਲੱਖਾਂ ਸਿੱਖਾਂ ਨੂੰ ਬੇਸ਼ਕ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦਾ ਭਾਰੀ ਦੁੱਖ ਹੋਇਆ ਸੀ ਪਰ ਉਨ੍ਹਾਂ ਦੇ ਮਨਾਂ ਵਿਚ ਇਹ ਸਵਾਲ ਵੀ ਸਨ ਕਿ ਇਹ ਹਮਲਾ ਕਿਉਂ ਹੋਇਆ? ਇਸ ਬਾਰੇ ਜ਼ਿੰਮੇਵਾਰ ਧਿਰਾਂ ਤੋਂ ਜਾਨਣਾ ਸਿੱਖਾਂ ਦਾ ਹੱਕ ਹੈ।
ਕੀ ਸਾਡੇ ਵਿਦਵਾਨ ਅਤੇ ਲੀਡਰ ਕਦੇ 1978-1995 ਦੇ ਦੌਰ ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਨੂੰ ਕਦੇ ਇਸ ਪੱਖ ਤੋਂ ਵੀ ਵਿਚਾਰਨਗੇ ਕਿ ਇਸ ਵਿਚ ਸਾਡਾ ਵੀ ਕਿਤੇ ਕੋਈ ਮਾੜਾ ਮੋਟਾ ਦੋਸ਼ ਸੀ? ਅੱਜ ਤੱਥਾਂ ਆਧਾਰਿਤ ਬਹੁਤ ਸਾਰੀਆਂ ਸਚਾਈਆਂ ਸਾਹਮਣੇ ਆ ਰਹੀਆਂ ਹਨ, ਕੀ ਕਦੇ ਉਨ੍ਹਾਂ ਬਾਰੇ ਵਿਚਾਰ ਵੀ ਹੋਵੇਗੀ? ਕੀ ਕਦੇ ਸਾਡੇ ਵਿਦਵਾਨ ਬੇਮੁਹਾਰੀ ਹਥਿਆਰਬੰਦ ਲਹਿਰ ਵਿਚ ਹੋਈ ਤਬਾਹੀ ਨੂੰ ਕਦੇ ਨਿਰਪੱਖਤਾ ਨਾਲ ਵਿਚਾਰਨਗੇ ਅਤੇ ਹਜ਼ਾਰਾਂ ਬੇਗੁਨਾਹਾਂ ਦੇ ਕਤਲਾਂ ਲਈ ਮੁਆਫੀ ਮੰਗਣਗੇ? ਉਸ ਸਮੇਂ ਜੋ ਵਾਪਰਿਆ ਤੇ ਜੋ ਅੱਜ ਵਾਪਰ ਰਿਹਾ ਹੈ, ਇਸ ਦੇ ਕਾਰਨਾਂ ਬਾਰੇ ਅੰਤਰ-ਝਾਤੀ ਦੀ ਲੋੜ ਹੈ। ਕੀ ਅਜਮੇਰ ਸਿੰਘ, ਗੁਰਤੇਜ ਸਿੰਘ, ਪੱਤਰਕਾਰ ਕਰਮਜੀਤ ਸਿੰਘ, ਪੱਤਰਕਾਰ ਸੁਖਦੇਵ ਸਿੰਘ ਵਰਗੇ ਕੌਮ ਦੇ ਰਹਿਬਰ ਦੱਸ ਸਕਦੇ ਹਨ ਕਿ ਉਨ੍ਹਾਂ ਦਾ ਅਜੇ ਵੀ ਨੌਜਵਾਨਾਂ ਨੂੰ ਭੜਕਾਉਣ ਪਿਛੇ ਕੀ ਮਕਸਦ ਹੈ? ਕਦੇ ਉਹ ਦੱਸਣਗੇ ਕਿ 1989 ਦੀਆਂ ਚੋਣਾਂ ਵਿਚ ਲੱਖਾਂ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਲੋਂ ਸ਼ੁਰੂ ਕੀਤੀ ਖਾੜਕੂ ਲਹਿਰ ਦੇ ਵਾਰਿਸ ਸਿਮਰਨਜੀਤ ਸਿੰਘ ਮਾਨ, ਅਤਿੰਦਰਪਾਲ ਸਿੰਘ, ਰਜਿੰਦਰ ਕੌਰ ਬੁਲਾਰਾ ਵਰਗੇ ਮੁੜ ਕੇ ਕਦੇ ਜ਼ਮਾਨਤਾਂ ਵੀ ਕਿਉਂ ਨਹੀਂ ਬਚਾ ਸਕੇ?