ਮਾਮਲਾ ਸਰਕਾਰਾਂ ਦੀ ਨੁਕਤਾਚੀਨੀ ਕਰਨ ਅਤੇ ਸਰਕਾਰੀ ਕਹਿਰ ਜਰਨ ਲਈ ਤਿਆਰ ਰਹਿਣ ਦਾ

ਜਤਿੰਦਰ ਪਨੂੰ
ਚੰਗੀ ਗੱਲ ਇਹ ਹੋਈ ਹੈ ਕਿ ਸੀਨੀਅਰ ਪੱਤਰਕਾਰ ਵਿਨੋਦ ਦੂਆ ਵਾਲੇ ਕੇਸ ਵਿਚ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦੇ ਦਿੱਤਾ ਹੈ ਕਿ ਸਰਕਾਰ ਜਾਂ ਸਿਸਟਮ ਦੀ ਨੁਕਤਾਚੀਨੀ ਕਰਨਾ ਦੇਸ਼-ਧੋ੍ਰਹ ਨਹੀਂ ਕਿਹਾ ਜਾ ਸਕਦਾ। ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਇਹ ਮੰਦਾ ਰੁਝਾਨ ਪੈ ਚੁਕਾ ਹੈ ਕਿ ਜਿਸ ਬੰਦੇ ਦੇ ਬੋਲਣ ਜਾਂ ਲਿਖਣ ਨੂੰ ਸਰਕਾਰ ਪਸੰਦ ਨਹੀਂ ਕਰਦੀ, ਉਸ ਉਤੇ ਆਮ ਕਰ ਕੇ ਦੇਸ਼-ਧ੍ਰੋਹੀ ਵਾਲਾ ਫੱਟਾ ਲਾ ਦਿੱਤਾ ਜਾਂਦਾ ਹੈ।

ਏਦਾਂ ਦਾ ਕੰਮ ਕਰਨ ਵਿਚ ਕਿਸੇ ਵੀ ਰੰਗ ਦੀ ਸਿਆਸਤ ਕਰਨ ਵਾਲੀ ਪਾਰਟੀ ਦੀ ਸਰਕਾਰ ਨੇ ਕਦੇ ਸ਼ਰਮ ਨਹੀਂ ਕੀਤੀ। ਅਸੀਂ ਲੋਕ ਨਿੱਤ ਦਿਨ ਕੇਂਦਰ ਅਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਦੀ ਨੁਕਤਾਚੀਨੀ ਕਰਦੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਕਿਰਦਾਰ ਦੀ ਕਾਲਖ ਦਿਖਾਉਣ ਦੀ ਕੋਸਿ਼ਸ਼ ਕਰਦੇ ਰਹਿੰਦੇ ਹਾਂ ਤਾਂ ਸਰਕਾਰਾਂ ਚਲਾਉਣ ਵਾਲਿਆਂ ਨੂੰ ਇਸ ਨਾਲ ਜਿਹੜੀ ਕੌੜ ਚੜ੍ਹਦੀ ਹੈ, ਉਹ ਇਨ੍ਹਾਂ ਕੇਸਾਂ ਵਿਚ ਕਦੇ ਵੀ ਕਿਸੇ ਪੱਤਰਕਾਰ ਜਾਂ ਕਿਸੇ ਹੋਰ ਵੰਨਗੀ ਦੇ ਲੇਖਕ ਦੇ ਖਿਲਾਫ ਕੱਢੀ ਜਾ ਸਕਦੀ ਹੈ। ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਤੋਂ ਬਾਅਦ ਇਹ ਵਿਹਾਰ ਘਟ ਸਕਦਾ ਹੈ, ਪਰ ਇਹ ਬਿਲਕੁਲ ਨਹੀਂ ਸੋਚਿਆ ਜਾ ਸਕਦਾ ਕਿ ਅੱਗੇ ਤੋਂ ਏਦਾਂ ਦਾ ਕੇਸ ਹੀ ਕਿਸੇ ਉਤੇ ਨਹੀਂ ਬਣ ਸਕਦਾ। ਅਜੇ ਵੀ ਇਹ ਵਿਹਾਰ ਪੂਰੀ ਤਰ੍ਹਾਂ ਹਟਣ ਦੀ ਆਸ ਕਰਨੀ ਔਖੀ ਹੈ।
ਜਦੋਂ ਸਰਕਾਰਾਂ ਦੇ ਇਸ ਵਿਹਾਰ ਦੇ ਮੋੜਾ ਕੱਟਣ ਦੀ ਆਸ ਨਹੀਂ ਤਾਂ ਕਈ ਲੋਕ ਇਹ ਕਹਿ ਦਿੰਦੇ ਹਨ ਕਿ ਅਜਿਹੇ ਹਾਲਾਤ ਵਿਚ ਸਰਕਾਰਾਂ ਦੇ ਖਿਲਾਫ ਥੋੜ੍ਹਾ ਬਚ ਕੇ ਹੀ ਲਿਖਣਾ ਚਾਹੀਦਾ ਹੈ। ਇੱਕ ਪੰਜਾਬੀ ਲੇਖਕ ਨੇ ਲਿਖਿਆ ਹੈ ਕਿ ‘ਮੈਂ ਭੁਲਾਵਾਂ ਬੜਾ ਬੇਰੁਖੀ ਓਸ ਦੀ, ਉਹ ਮੁੜ-ਮੁੜ ਯਾਦ ਆਵੇ ਤਾਂ ਮੈਂ ਕੀ ਕਰਾਂ।’ ਸਾਡੀ ਹਾਲਤ ਵੀ ਇਹੀ ਹੈ ਕਿ ਸਰਕਾਰਾਂ ਦੇ ਖਿਲਾਫ ਲਿਖਣ ਦਾ ਸਾਨੂੰ ਕੋਈ ਚਸਕਾ ਨਹੀਂ, ਪਰ ਜੇ ਸਰਕਾਰਾਂ ਦੇ ਅੰਦਰੂਨੀ ਹਾਲਾਤ ਦੀ ਭੱਦੀ ਤਸਵੀਰ ਮੁੜ-ਮੁੜ ਸਾਹਮਣੇ ਆਵੇ ਤਾਂ ਅਸੀਂ ਕੀ ਕਰੀਏ, ਸਾਨੂੰ ਉਸ ਵਕਤ ਲਿਖਣਾ ਪੈਂਦਾ ਹੈ। ਅਸੀਂ ਚੁੱਪ ਨਹੀਂ ਰਹਿ ਸਕਦੇ। ਇਸ ਹਫਤੇ ਦੌਰਾਨ ਫਿਰ ਕਿੰਨਾ ਕੁਝ ਏਦਾਂ ਦਾ ਬਾਹਰ ਆ ਗਿਆ ਹੈ ਕਿ ਅਸੀਂ ਉਨ੍ਹਾਂ ਦੀ ਗੱਲ ਕੀਤੇ ਬਿਨਾ ਨਹੀਂ ਰਹਿ ਸਕਦੇ।
ਸਾਡੇ ਸਾਹਮਣੇ ਇੱਕ ਸਵਾਲ ਉਦੋਂ ਉਭਰਿਆ, ਜਦੋਂ ਇਹ ਖਬਰ ਆਈ ਕਿ ਓਮ ਪ੍ਰਕਾਸ਼ ਚੌਟਾਲਾ ਭ੍ਰਿਸ਼ਟਾਚਾਰ ਦੇ ਕੇਸ ਵਿਚ ਦਸ ਸਾਲ ਦੀ ਜੇਲ੍ਹ ਕੱਟਣ ਪਿੱਛੋਂ ਬਾਹਰ ਆ ਰਿਹਾ ਹੈ ਤਾਂ ਉਸ ਦੇ ਸਵਾਗਤ ਲਈ ਚੌਟਾਲਾ ਪਰਿਵਾਰ ਵਿਚ ਹੋੜ ਲੱਗੀ ਪਈ ਹੈ। ਇੱਕ ਪਾਸੇ ਚੌਟਾਲੇ ਦਾ ਛੋਟਾ ਪੁੱਤਰ ਅਭੈ ਚੌਟਾਲਾ ਕਿਸੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ ਅਤੇ ਦੂਸਰੇ ਪਾਸੇ ਚੌਟਾਲੇ ਦੇ ਨਾਲ ਜੇਲ੍ਹ ਕੱਟ ਰਹੇ ਵੱਡੇ ਪੁੱਤਰ ਅਜੈ ਚੌਟਾਲਾ ਦਾ ਪੁੱਤਰ ਅੱਜ ਕੱਲ੍ਹ ਹਰਿਆਣੇ ਦਾ ਡਿਪਟੀ ਮੁੱਖ ਮੰਤਰੀ ਬਣਨ ਕਾਰਨ ਬਾਕੀ ਸਭਨਾਂ ਤੋਂ ਖੁਦ ਨੂੰ ਵੱਡਾ ਸਮਝਦਾ ਹੈ। ਸਵਾਗਤ ਉਸ ਓਮ ਪ੍ਰਕਾਸ਼ ਚੌਟਾਲਾ ਦਾ ਕਰਨਾ ਸੀ, ਜਿਹੜਾ ਬੱਤੀ ਸੌ ਤੋਂ ਵੱਧ ਜੇ. ਬੀ. ਟੀ. ਟੀਚਰਾਂ ਨੂੰ ਪੈਸੇ ਲੈ ਕੇ ਭਰਤੀ ਕਰਨ ਦਾ ਦੋਸ਼ੀ ਸਾਬਤ ਹੋਇਆ ਸੀ ਤਾਂ ਸੋਲਾਂ ਔਰਤਾਂ ਸਮੇਤ ਕੁੱਲ ਪਚਵੰਜਾ ਜਣੇ ਜੇਲ੍ਹ ਪਹੁੰਚ ਗਏ ਸਨ। ਭਾਰਤ ਦੇਸ਼ ਏਨਾ ਮਹਾਨ ਹੈ ਕਿ ਏਡੇ ਵੱਡੇ ਭ੍ਰਿਸ਼ਟਾਚਾਰ ਦਾ ਦੋਸ਼ੀ ਬੰਦਾ ਦਸ ਸਾਲ ਜੇਲ੍ਹ ਦੀ ਸਜ਼ਾ ਭੁਗਤ ਕੇ ਆਵੇ ਤਾਂ ਉਸ ਦਾ ਸਵਾਗਤ ਕਿਸੇ ਹੀਰੋ ਵਰਗਾ ਹੋ ਸਕਦਾ ਹੈ।
ਦੂਸਰਾ ਮਾਮਲਾ ਪਾਰਲੀਮੈਂਟ ਮੈਂਬਰ ਅਤੇ ਭਾਜਪਾ ਆਗੂ ਸਾਧਵੀ ਪ੍ਰਗਿਆ ਦਾ ਹੈ। ਕਿਸੇ ਸਮੇਂ ਮਹਾਰਾਸ਼ਟਰ ਰਾਜ ਦੇ ਮਾਲੇਗਾਉਂ ਸ਼ਹਿਰ ਵਿਚ ਬੰਬ ਧਮਾਕੇ ਵਿਚ ਕਈ ਲੋਕ ਮਾਰੇ ਗਏ ਤਾਂ ਪਹਿਲਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਉਤੇ ਦੋਸ਼ ਲੱਗਾ ਤੇ ਫਿਰ ਗੱਲ ਪਤਾ ਲੱਗੀ ਕਿ ਧਮਾਕੇ ਲਈ ਵਰਤਿਆ ਗਿਆ ਮੋਟਰ ਸਾਈਕਲ ਸਾਧਵੀ ਪ੍ਰਗਿਆ ਸਿੰਘ ਠਾਕਰ ਦਾ ਸੀ। ਉਸ ਦੀ ਪੁੱਛਗਿੱਛ ਹੋਈ ਅਤੇ ਫਿਰ ਉਸ ਨੂੰ ਜੇਲ੍ਹ ਭੇਜਣਾ ਪਿਆ। ਜਿਸ ਪੁਲਿਸ ਅਫਸਰ ਹੇਮੰਤ ਕਰਕਰੇ ਨੇ ਸਾਧਵੀ ਪ੍ਰਗਿਆ ਦੀ ਪੁੱਛਗਿੱਛ ਕੀਤੀ, ਉਹ ਮੁੰਬਈ ਵਿਚ ਹੋਏ ਹਮਲੇ ਸਮੇਂ ਪਾਕਿਸਤਾਨੋਂ ਆਏ ਅਤਿਵਾਦੀਆਂ ਨਾਲ ਟੱਕਰ ਲੈਂਦਾ ਮਾਰਿਆ ਗਿਆ। ਸਾਧਵੀ ਪ੍ਰਗਿਆ ਦੀ ਪੁੱਛਗਿੱਛ ਵੇਲੇ ਭਾਜਪਾ ਆਗੂਆਂ ਨੇ ਹੇਮੰਤ ਕਰਕਰੇ ਨੂੰ ਹਿੰਦੂਤੱਵ ਦਾ ਦੁਸ਼ਮਣ ਤੇ ਕਈ ਕੁਝ ਹੋਰ ਕਿਹਾ ਸੀ। ਜਦੋਂ ਉਹ ਲੜਦਾ ਮਾਰਿਆ ਗਿਆ ਤਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਉਸ ਦੇ ਘਰ ਅਫਸੋਸ ਕਰਨ ਜਾਣ ਦਾ ਮਨ ਬਣਾਇਆ। ਅੱਗੋਂ ਹੇਮੰਤ ਕਰਕਰੇ ਦੀ ਪਤਨੀ ਨੇ ਕਹਿ ਦਿੱਤਾ ਕਿ ਜਿਉਂਦੇ ਨੂੰ ਤੁਸੀਂ ਭੰਡਦੇ ਰਹੇ ਹੋ, ਅੱਜ ਉਸ ਦਾ ਅਫਸੋਸ ਕਰਨ ਲਈ ਮੇਰੇ ਘਰ ਕੋਈ ਨਾ ਆਇਓ। ਇਸ ਦੇ ਬਾਵਜੂਦ ਸਾਰੇ ਭਾਜਪਾ ਆਗੂ ਅੱਜ ਤੱਕ ਉਸ ਪੁਲਿਸ ਅਫਸਰ ਨੂੰ ਦੇਸ਼ ਦਾ ਸ਼ਹੀਦ ਕਹਿੰਦੇ ਆਏ ਹਨ, ਪਰ ਉਨ੍ਹਾਂ ਦੀ ਪਾਰਲੀਮੈਂਟ ਮੈਂਬਰ ਸਾਧਵੀ ਪ੍ਰਗਿਆ ਠਾਕਰ ਇਹ ਕਹਿੰਦੀ ਹੈ ਕਿ ਉਹ ਅਤਿਵਾਦੀਆਂ ਦਾ ਮਾਰਿਆ ਨਹੀਂ ਮਰਿਆ, ਮੇਰੇ ਸਰਾਫ ਨਾਲ ਮਰਿਆ ਸੀ, ਉਹ ਬੰਦਾ ਪਾਪੀ ਰੂਹ ਸੀ ਤੇ ਉਸ ਦਾ ਇਹੋ ਹਸ਼ਰ ਹੋਣਾ ਚਾਹੀਦਾ ਸੀ। ਭਾਜਪਾ ਦੇ ਸਾਰੇ ਵੱਡੇ-ਛੋਟੇ ਆਗੂ ਨਾ ਹੇਮੰਤ ਨੂੰ ਗਲਤ ਕਹਿ ਸਕਦੇ ਹਨ ਅਤੇ ਨਾ ਸਾਧਵੀ ਨੂੰ ਮੂੰਹ ਬੰਦ ਰੱਖਣ ਲਈ ਕਹਿਣ ਦੀ ਜੁਰਅੱਤ ਕਰਦੇ ਹਨ ਤੇ ਸਾਧਵੀ ਆਏ ਦਿਨ ਇਹੋ ਜਿਹੇ ਬਿਆਨ ਛੱਡੀ ਜਾਂਦੀ ਹੈ ਕਿ ਉਸ ਨਾਲ ਸਿਰਫ ਇਸ ਪਾਰਟੀ ਦਾ ਨਹੀਂ, ਸਾਰੇ ਭਾਰਤ ਦਾ ਵੀ ਅਕਸ ਖਰਾਬ ਹੋਈ ਜਾਂਦਾ ਹੈ।
ਤੀਸਰਾ ਮਾਮਲਾ ਉਤਰ ਪ੍ਰਦੇਸ਼ ਵਿਚ ਬਣਾਏ ਜਾ ਰਹੇ ਰਾਮ ਮੰਦਰ ਲਈ ਜ਼ਮੀਨ ਦੀ ਖਰੀਦ ਸੌਦਿਆਂ ਵਿਚ ਹੁੰਦੇ ਭ੍ਰਿਸ਼ਟਾਚਾਰ ਦਾ ਹੈ। ਪਹਿਲਾਂ ਚਰਚਾ ਛਿੜੀ ਕਿ ਜ਼ਮੀਨ ਦਾ ਇੱਕ ਹਿੱਸਾ ਦੋ ਪ੍ਰਾਪਰਟੀ ਡੀਲਰਾਂ ਨੇ ਕਿਸੇ ਬੰਦੇ ਕੋਲੋਂ ਢਾਈ ਕਰੋੜ ਰੁਪਏ ਦਾ ਖਰੀਦਿਆ ਅਤੇ ਸਿਰਫ ਦਸ ਮਿੰਟ ਪਿੱਛੋਂ ਉਹੋ ਜ਼ਮੀਨ ਸਾਢੇ ਅਠਾਰਾਂ ਕਰੋੜ ਵਿਚ ਰਾਮ ਮੰਦਰ ਨੂੰ ਵੇਚ ਦਿੱਤੀ ਹੈ ਅਤੇ ਢਾਈ ਕਰੋੜ ਤੇ ਸਾਢੇ ਅਠਾਰਾਂ ਕਰੋੜ ਦੇ ਦੋਵਾਂ ਸੌਦਿਆਂ ਉਤੇ ਰਾਮ ਮੰਦਰ ਦੇ ਇੱਕ ਟਰੱਸਟੀ ਦੇ ਦਸਤਖਤ ਹਨ। ਏਦਾਂ ਸਿਰਫ ਦਸ ਮਿੰਟਾਂ ਵਿਚ ਸਾਢੇ ਸੋਲਾਂ ਕਰੋੜ ਦੀ ਹੇਰਾ-ਫੇਰੀ ਕੀਤੀ ਨੰਗੀ ਹੋ ਗਈ। ਪਿੱਛੋਂ ਇਸ ਸੌਦੇ ਬਾਰੇ ਇਹ ਭੇਦ ਖੁੱਲ੍ਹਾ ਕਿ ਜਿਨ੍ਹਾਂ ਦੋ ਪ੍ਰਾਪਰਟੀ ਡੀਲਰਾਂ ਨੇ ਢਾਈ ਕਰੋੜ ਰੁਪਏ ਦੀ ਜ਼ਮੀਨ ਖਰੀਦ ਕੇ ਦਸ ਮਿੰਟਾਂ ਪਿੱਛੋਂ ਰਾਮ ਮੰਦਰ ਨੂੰ ਸਾਢੇ ਅਠਾਰਾਂ ਕਰੋੜ ਦੀ ਵੇਚੀ ਸੀ, ਉਨ੍ਹਾਂ ਨੇ ਜਿਸ ਬੰਦੇ ਤੋਂ ਢਾਈ ਕਰੋੜ ਦੀ ਜ਼ਮੀਨ ਲਈ, ਉਹ ਅਯੁੱਧਿਆ ਖੇਤਰ ਦੇ ਹਜ਼ਾਰਾਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਦਾ ਦੋਸ਼ੀ ਸੀ ਤੇ ਅਦਾਲਤ ਨੇ ਭਗੌੜਾ ਕਰਾਰ ਦੇ ਕੇ ਦੋ ਸਾਲ ਪਹਿਲਾਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਵਾ ਦਿੱਤੀ ਸੀ। ਜੇ ਉਸ ਦੀ ਸਾਰੀ ਜਾਇਦਾਦ ਦੋ ਸਾਲ ਪਹਿਲਾਂ ਅਦਾਲਤੀ ਹੁਕਮ ਦੇ ਨਾਲ ਜ਼ਬਤ ਹੋ ਚੁਕੀ ਸੀ ਤਾਂ ਇਹ ਢਾਈ ਕਰੋੜ ਦੀ ਜ਼ਮੀਨ ਕਿਵੇਂ ਬਚੀ ਰਹਿ ਗਈ ਤੇ ਸਵਾਲ ਇਹ ਵੀ ਹੈ ਕਿ ਜਿਸ ਬੰਦੇ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ, ਉਹ ਇਸ ਜ਼ਮੀਨ ਦੀ ਰਜਿਸਟਰੀ ਕਰਨ ਲਈ ਪੁਲਿਸ ਦੀ ਹਾਜ਼ਰੀ ਵਿਚ ਅਦਾਲਤ ਕਿਵੇਂ ਪਹੁੰਚ ਗਿਆ?
ਹਾਲੇ ਇਹ ਗੱਲ ਠੰਢੀ ਨਾ ਪਈ ਕਿ ਇਸੇ ਰਾਮ ਮੰਦਰ ਲਈ ਢਾਈ ਕਰੋੜ ਦੀ ਜ਼ਮੀਨ ਖਰੀਦਣ ਦਾ ਇੱਕ ਹੋਰ ਸਕੈਂਡਲ ਨਿਕਲ ਪਿਆ। ਭਾਜਪਾ ਆਗੂ ਅਤੇ ਅਯੁੱਧਿਆ ਦੇ ਮੇਅਰ ਦੇ ਭਤੀਜੇ ਨੇ ਕਿਸੇ ਤੋਂ ਇਸੇ ਸਾਲ ਫਰਵਰੀ ਵਿਚ ਜ਼ਮੀਨ ਦਾ ਇਹ ਦੂਸਰਾ ਟੁਕੜਾ ਵੀਹ ਲੱਖ ਦਾ ਖਰੀਦਿਆ ਸੀ ਤੇ ਮਈ ਚੜ੍ਹਦੇ ਸਾਰ ਉਸ ਨੇ ਰਾਮ ਮੰਦਰ ਨੂੰ ਢਾਈ ਕਰੋੜ ਰੁਪਏ ਦਾ ਵੇਚ ਕੇ ਦੋ ਕਰੋੜ ਤੀਹ ਲੱਖ ਕਮਾ ਲਏ। ਇਹ ਚਰਚਾ ਛਿੜਦੇ ਸਾਰ ਉਥੋਂ ਦੇ ਹਨੂੰਮਾਨ ਮੰਦਰ ਦੇ ਮਹੰਤ ਨੇ ਰੌਲਾ ਪਾ ਦਿੱਤਾ ਕਿ ਮੇਅਰ ਦੇ ਭਤੀਜੇ ਨੂੰ ਇਹ ਜ਼ਮੀਨ ਰਾਮ ਮੰਦਰ ਲਈ ਸਾਡੇ ਮੰਦਰ ਨੇ ਦਾਨ ਦਿੱਤੀ ਸੀ, ਸੌਦਾ ਕਿਸ ਤਰ੍ਹਾਂ ਕੀਤਾ ਗਿਆ ਹੈ? ਫਿਰ ਇਹ ਭੇਦ ਖੁੱਲ੍ਹਾ ਕਿ ਇਹ ਸਰਕਾਰੀ ਜ਼ਮੀਨ ਸੀ, ਜਿਸ ਨੂੰ ਨਜ਼ੂਲ ਕਿਹਾ ਜਾਂਦਾ ਹੈ ਤੇ ਇਹ ਜਿਸ ਕੋਲ ਹੋਵੇ, ਉਹ ਵਰਤ ਸਕਦਾ ਹੈ, ਅੱਗੇ ਕਿਸੇ ਨੂੰ ਵੇਚਣ ਦਾ ਸੌਦਾ ਕਰ ਹੀ ਨਹੀਂ ਸਕਦਾ ਤੇ ਚੌਬੁਰਜੀ ਦੇ ਹਨੂੰਮਾਨ ਮੰਦਰ ਕੋਲ ਵੀ ਇਹ ਜ਼ਮੀਨ ਬਗੈਰ ਰਜਿਸਟਰੀ ਤੋਂ ਸੀ ਤੇ ਉਨ੍ਹਾਂ ਦਾਨ ਵਿਚ ਦੇਣ ਵੇਲੇ ਇਹ ਗੱਲ ਦੱਸ ਦਿੱਤੀ ਸੀ। ਉਸ ਦੀ ਰਜਿਸਟਰੀ ਕਰਨ-ਕਰਾਉਣ ਦੀ ਲੋੜ ਨਹੀਂ ਸੀ, ਪਰ ਰਜਿਸਟਰੀ ਦਾ ਨਾਟਕ ਇਸ ਜ਼ਮੀਨ ਨੂੰ ਨਜ਼ੂਲ ਦੀ ਸਰਕਾਰੀ ਜ਼ਮੀਨ ਦੱਸਣ ਦੀ ਥਾਂ ਮੇਅਰ ਦੇ ਭਤੀਜੇ ਦੇ ਨਿੱਜੀ ਮਾਲਕੀ ਦੱਸਣ ਵਾਸਤੇ ਜਾਅਲੀ ਮਾਲਕ ਖੜ੍ਹਾ ਕਰ ਕੇ ਉਸ ਕੋਲੋਂ ਇੱਕ ਰਜਿਸਟਰੀ ਕਰਵਾ ਕੇ ਆਪਣੇ ਨਾਂ ਕਰਵਾਉਣੀ ਤੇ ਰਾਮ ਮੰਦਰ ਦੇ ਨਾਂ ਵੇਚ ਕੇ ਢਾਈ ਕਰੋੜ ਰੁਪਏ ਦੀ ਕਮਾਈ ਕਰਨੀ ਸੀ। ਰਜਿਸਟਰੀ ਪਹਿਲੀ ਹੋਵੇ ਜਾਂ ਦੂਸਰੀ, ਇਹ ਸਾਰਾ ਕੁਝ ਉਨ੍ਹਾਂ ਲੀਡਰਾਂ ਨੇ ਕੀਤਾ ਹੈ, ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਰਾਮ-ਭਗਤ ਹਨ ਅਤੇ ਰਾਮ ਮੰਦਰ ਨਾਲ ਧੋਖਾ ਕਰਨ ਤੋਂ ਵੀ ਨਹੀਂ ਝਿਜਕੇ।
ਇਥੇ ਆ ਕੇ ਇੱਕ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਜਦੋਂ ਏਨਾ ਹਨੇਰ-ਖਾਤਾ ਹੁੰਦਾ ਹੈ ਤਾਂ ਸਰਕਾਰ ਦੇ ਅਧਿਕਾਰੀ ਕੀ ਕਰਦੇ ਹਨ, ਉਨ੍ਹਾਂ ਨੂੰ ਤਨਖਾਹਾਂ ਕਾਹਦੇ ਲਈ ਮਿਲਦੀਆਂ ਹਨ? ਇਹ ਜਾਣਨ ਲਈ ਵੀ ਕਿਸੇ ਤੀਸਰੇ ਰਾਜ ਦੀ ਕਹਾਣੀ ਪਾਉਣ ਦੀ ਥਾਂ ਇਸੇ ਉਤਰ ਪ੍ਰਦੇਸ਼ ਦਾ ਇੱਕ ਕਿੱਸਾ ਹੋਰ ਲੱਭ ਪਿਆ ਹੈ, ਜਿਸ ਤੋਂ ਸੋਚਿਆ ਜਾ ਸਕਦਾ ਹੈ ਕਿ ਉਸ ਰਾਜ ਵਿਚ ਏਦਾਂ ਦਾ ਕੰਮ ਅੱਜ ਨਹੀਂ ਹੋਣ ਲੱਗਾ, ਚਿਰਾਂ ਤੋਂ ਹੁੰਦਾ ਪਿਆ ਹੈ। ਪਿਛਲੇ ਹਫਤੇ ਕਾਨਪੁਰ ਵਿਚ ਪੁਲਿਸ ਨੇ ਕੁਝ ਬੱਚੇ ਚੌਕਾਂ ਵਿਚ ਭੀਖ ਮੰਗਦੇ ਫੜੇ ਤਾਂ ਸੋਚਿਆ ਕਿ ਕਿਸੇ ਆਸ਼ਰਮ ਵਿਚ ਭੇਜ ਦਿੱਤੇ ਜਾਣ। ਜਦੋਂ ਸਰਕਾਰ ਦੇ ਸਮਾਜ ਭਲਾਈ ਮਹਿਕਮੇ ਵੱਲੋਂ ਚਲਾਏ ਜਾਂਦੇ ਆਸ਼ਰਮ ਬਾਰੇ ਪੁੱਛਿਆ ਤਾਂ ਉਹ ਭੇਦ ਖੁੱਲ੍ਹ ਗਿਆ, ਜਿਸ ਬਾਰੇ ਕੋਈ ਸੋਚ ਨਹੀਂ ਸਕਦਾ। ਪਤਾ ਲੱਗਾ ਕਿ ਬੱਤੀ ਸਾਲ ਪਹਿਲਾਂ ਰਾਜ ਸਰਕਾਰ ਨੇ ਉਸ ਸ਼ਹਿਰ ਵਿਚ ਭਿਖਾਰੀਆਂ ਲਈ ਇੱਕ ਆਸ਼ਰਮ ਬਣਾਇਆ ਤੇ ਦੋ ਦਰਜਨ ਦੇ ਕਰੀਬ ਮੁਲਾਜ਼ਮ ਭਰਤੀ ਕੀਤੇ ਸਨ, ਜਿਨ੍ਹਾਂ ਵਿਚੋਂ ਬਾਕੀ ਸਾਰੇ ਰਿਟਾਇਰ ਹੋ ਗਏ ਤੇ ਇਸ ਵਕਤ ਸਿਰਫ ਇੱਕ ਕਲਰਕ ਅਤੇ ਦੋ ਸੇਵਾਦਾਰ ਹਨ। ਉਸ ਆਸ਼ਰਮ ਵਿਚ ਭਿਖਾਰੀਆਂ ਦੇ ਰਹਿਣ ਲਈ ਅਠਾਰਾਂ ਕਮਰੇ ਤੇ ਕੰਮ ਕਰਨ ਦੀ ਟਰੇਨਿੰਗ ਦੇਣ ਲਈ ਚਾਰ ਹਾਲ ਕਮਰੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਬੱਤੀ ਸਾਲਾਂ ਵਿਚ ਕਦੇ ਇੱਕ ਵੀ ਭਿਖਾਰੀ ਫੜ ਕੇ ਇਥੇ ਨਹੀਂ ਲਿਆਂਦਾ ਗਿਆ ਅਤੇ ਅਠਾਰਾਂ ਹਜ਼ਾਰ ਰੁਪਏ ਮਹੀਨਾ ਕਿਰਾਏ ਦੀ ਬਿਲਡਿੰਗ ਵਿਚ ਮੁਲਾਜ਼ਮ ਨੌਕਰੀ ਕਰਦੇ ਤੇ ਰਿਟਾਇਰ ਹੋ ਜਾਂਦੇ ਰਹੇ। ਇਨ੍ਹਾਂ ਬੱਤੀ ਸਾਲਾਂ ਵਿਚ ਇੱਕ ਵਾਰੀ ਮੁੱਖ ਮੰਤਰੀ ਐੱਨ. ਡੀ. ਤਿਵਾੜੀ ਦਾ ਰਾਜ ਸੀ, ਦੋ ਵਾਰੀ ਕਲਿਆਣ ਸਿੰਘ, ਤਿੰਨ ਵਾਰੀ ਬੀਬੀ ਮਾਇਆਵਤੀ, ਚਾਰ ਵਾਰੀ ਮੁਲਾਇਮ ਸਿੰਘ, ਇੱਕ ਵਾਰੀ ਭਾਰਤ ਦਾ ਅੱਜ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਇੱਕ ਵਾਰੀ ਮੁਲਾਇਮ ਸਿੰਘ ਦਾ ਮੁੰਡਾ ਰਾਜ ਕਰ ਚੁੱਕੇ ਹਨ, ਪਰ ਕਿਸੇ ਨੂੰ ਵੀ ਕਦੀ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਦੇ ਰਾਜ ਵਿਚ ਆਹ ਕੁਝ ਹੋਈ ਜਾਂਦਾ ਹੈ।
ਜਿਸ ਰਾਜ ਵਿਚ ਹਰ ਰੰਗ ਦੀ ਪਾਰਟੀ ਦੀ ਸਰਕਾਰ ਦੌਰਾਨ ਇੱਕ ਡੱਕਾ ਵੀ ਤੋੜੇ ਬਿਨਾ ਬੱਤੀ ਸਾਲ ਬਾਈ ਮੁਲਾਜ਼ਮ ਤਨਖਾਹਾਂ ਲੈ ਕੇ ਸੇਵਾ-ਮੁਕਤ ਹੋ ਸਕਦੇ ਹਨ, ਭਗਵਾਨ ਰਾਮ ਦੇ ਨਾਂ ਉਤੇ ਜ਼ਮੀਨ ਖਰੀਦਣ ਲਈ ਰਾਮ ਮੰਦਰ ਦਾ ਇੱਕ ਟਰੱਸਟੀ ਤੇ ਰਾਮ ਦੀ ਨਗਰੀ ਦਾ ਮੇਅਰ ਠੱਗੀ-ਠੋਰੀ ਦੀ ਚਰਚਾ ਵਿਚ ਆ ਸਕਦੇ ਹਨ, ਉਸ ਰਾਜ ਵਿਚ ਹੋਰ ਕਿਹੜਾ ਪੁੱਠਾ ਕੰਮ ਨਹੀਂ ਹੁੰਦਾ ਹੋਵੇਗਾ, ਪਰ ਇਹ ਬਿਲਕੁਲ ਨਹੀਂ ਸਮਝਣਾ ਚਾਹੀਦਾ ਕਿ ਇਹ ਸਿਰਫ ਰਾਮ ਮੰਦਰ ਵਾਲੇ ਉਤਰ ਪ੍ਰਦੇਸ਼ ਵਿਚ ਹੁੰਦਾ ਹੈ, ਭਾਰਤ-ਮਹਾਨ ਦੇ ਲਗਭਗ ਹਰ ਰਾਜ ਵਿਚ ਏਦਾਂ ਦੇ ਕਿੱਸੇ ਬਹੁਤ ਲੱਭ ਪੈਣਗੇ, ਕੋਈ ਲੱਭਣ ਵਾਲਾ ਚਾਹੀਦਾ ਹੈ। ਫਿਰ ਜਿਸ ਪੱਤਰਕਾਰ ਜਾਂ ਹੋਰ ਲੇਖਕ ਨੇ ਇਨ੍ਹਾਂ ਕਿੱਸਿਆਂ ਦੀ ਚਰਚਾ ਕਰਨੀ ਹੈ, ਉਸ ਉਤੇ ਦੇਸ਼-ਧ੍ਰੋਹ ਦਾ ਕੇਸ ਕੋਈ ਵੀ ਸਰਕਾਰ ਬਣਾ ਸਕਦੀ ਹੈ ਤੇ ਇਸ ਦਾ ਚੇਤਾ ਰੱਖਣਾ ਚਾਹੀਦਾ ਹੈ, ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦੇ ਬਾਵਜੂਦ ਭਾਰਤ ਦੀਆਂ ਸਰਕਾਰਾਂ ਨੇ ਏਦਾ ਕਰਨ ਤੋਂ ਟਲਣਾ ਨਹੀਂ।