ਖੇਡਾਂ ਦਾ ਬੁਲਾਰਾ ਦਾਰਾ ਸਿੰਘ ਗਰੇਵਾਲ

ਪ੍ਰਿੰ. ਸਰਵਣ ਸਿੰਘ
ਕਿਲਾ ਰਾਏਪੁਰ ਦਾ ਦਾਰਾ ਗਰੇਵਾਲ ਖੇਡ ਪੱਤਰਕਾਰ ਵੀ ਹੈ ਤੇ ਖੇਡ ਬੁਲਾਰਾ ਵੀ। ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ, ਸੌ ਤੋਲੇ ਸ਼ੁੱਧ ਸੋਨੇ ਦਾ ਭਗਵੰਤ ਮੈਮੋਰੀਅਲ ਹਾਕੀ ਕੱਪ, ਬੈਲ ਗੱਡੀਆਂ ਦੀਆਂ ਦੌੜਾਂ, ਸਟੰਟ ਖੇਡਾਂ ਅਤੇ ਖੇਡ ਮੇਲੇ ਦੇ ਦਿਲਚਸਪ ਬੁਲਾਰੇ ਦੂਰ-ਦੂਰ ਤਕ ਮਸ਼ਹੂਰ ਹਨ। ਕਬੱਡੀ ਦੀ ਕੁਮੈਂਟਰੀ ਦਾ ਤੋਰਾ ਕਿਲਾ ਰਾਏਪੁਰ ਦੀਆਂ ਖੇਡਾਂ ਤੋਂ ਹੀ ਤੁਰਿਆ ਸੀ। ਮਰਹੂਮ ਜੋਗਿੰਦਰ ਸਿੰਘ ਪੀ. ਟੀ. ਨੂੰ ਪੰਜਾਬੀ ਕੁਮੈਂਟਰੀ ਦਾ ਬਾਨੀ ਕਿਹਾ ਜਾਂਦਾ ਹੈ। ਦਾਰਾ ਸਿੰਘ ਗਰੇਵਾਲ ਕਈ ਵਰ੍ਹੇ ਉਹਦੀ ਸੰਗਤ ਵਿਚ ਰਿਹਾ ਤੇ ਉਹਦੇ ਹੱਥੋਂ ਹੀ ਮਾਈਕ ਫੜਿਆ।

ਡਿਗਰੀਆਂ ਯੂਨੀਵਰਸਿਟੀਆਂ ਦੀਆਂ ਵੀ ਹੁੰਦੀਆਂ ਹਨ ਤੇ ਪਿੰਡਾਂ ਦੀਆਂ ਵੀ। ਜਿਵੇਂ ਮੈਂ ਯੂਨੀਵਰਸਿਟੀ ਦੀ ਐੱਮ. ਏ. ਕਰਨ ਦੇ ਨਾਲ ਢੁੱਡੀਕੇ ਪਾਸ ਹਾਂ, ਉਵੇਂ ਦਾਰਾ ਗਰੇਵਾਲ ਐੱਮ.ਪੀਐੱਡ. ਕਰਨ ਨਾਲ ਕਿਲਾ ਰਾਏਪੁਰ ਪਾਸ ਹੈ। ਕਦੇ ਮੈਂ ਲਿਖਿਆ ਸੀ:
ਜਿਨ੍ਹੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਉਵੇਂ ਹੀ ਜਿਨ੍ਹੇ ਕਿਲਾ ਰਾਏਪੁਰ ਦੀਆਂ ਖੇਡਾਂ ਨਹੀਂ ਵੇਖੀਆਂ, ਉਨ੍ਹੇ ਕੁਝ ਵੀ ਨਹੀਂ ਵੇਖਿਆ। ਜਿਨ੍ਹੇ ਪੰਜਾਬੀ ਸਭਿਆਚਾਰ ਦੇ ਦਰਸ਼ਨ ਕਰਨੇ ਹੋਣ, ਉਹ ਕਿਲਾ ਰਾਏਪੁਰ ਦੀਆਂ ਖੇਡਾਂ ਵੇਖ ਲਵੇ। ਉਥੇ ਬੈਲ ਗੱਡੀਆਂ ਦੀ ਦੌੜ ਤੋਂ ਲੈ ਕੇ ਗਿੱਧੇ, ਗਤਕੇ ਤੇ ਤਲ਼ ਜਾਂਦੇ ਪਕੌੜਿਆਂ ਦੀ ਕਰਾਰੀ ਮਹਿਕ ਤਕ ਸਭ ਕੁਝ ਹੁੰਦਾ ਹੈ। ਕਿਧਰੇ ਕਬੱਡੀ ਹੁੰਦੀ ਹੈ, ਕਿਧਰੇ ਨੇਜ਼ਾਬਾਜ਼ੀ, ਕਿਧਰੇ ਬਾਜ਼ੀਗਰਾਂ ਦੀ ਬਾਜ਼ੀ ਤੇ ਮੁੰਡਿਆਂ ਕੁੜੀਆਂ ਦੀ ਹਾਕੀ। ਵਿਚੇ ਗੱਭਰੂ ਭੰਗੜੇ ਪਾਈ ਜਾਂਦੇ ਹਨ, ਮੁਟਿਆਰਾਂ ਗਿੱਧਾ ਤੇ ਵਿਚੇ ਊਠਾਂ-ਘੋੜਿਆਂ ਦੀ ਦੌੜ ਲੱਗੀ ਜਾਂਦੀ ਹੈ। ਕੋਈ ਬੋਰੀ ਚੁੱਕਦਾ ਹੈ, ਕੋਈ ਮੁਗਦਰ ਤੇ ਕੋਈ ਮੂੰਗਲੀਆਂ ਫੇਰੀ ਜਾਂਦਾ ਹੈ। ਦੌੜਾਂ ਲਾਉਣ ਵਾਲੇ ਟਰੈਕ ਨੂੰ ਸਾਹ ਨਹੀਂ ਲੈਣ ਦਿੰਦੇ। ਵਿਚੇ ਸਾਈਕਲ ਸਵਾਰ ਘੁਕਾਟ ਪਾਈ ਜਾਂਦੇ ਹਨ, ਖੱਚਰ ਰੇਹੜੇ ਦੌੜਦੇ ਤੇ ਸੁਹਾਗਾ ਦੌੜਾਂ ਲੱਗਦੀਆਂ ਹਨ। ਕਿਧਰੇ ਊਠ ‘ਤੇ ਖੜ੍ਹਾ ਜੁਆਨ ਹਥੇਲੀ ‘ਤੇ ਪਾਣੀ ਦਾ ਛੰਨਾ ਟਿਕਾਈ ਜਾਂਦਾ ਹੈ ਤੇ ਕਿਧਰੇ ਕੋਈ ਨਿਹੰਗ ਘੋੜਿਆਂ ਦੀ ਜੋੜੀ ਉਤੇ ਇਕ-ਇਕ ਪੈਰ ਰੱਖੀ ਜੋੜੀ ਨੂੰ ਸਿਰਪੱਟ ਦੌੜਾਈ ਜਾਂਦਾ ਦਿਸਦਾ ਹੈ। ਕੋਈ ਘੰਡੀ ਦੇ ਜ਼ੋਰ ਨਾਲ ਸਰੀਆ ਦੂਹਰਾ ਕਰਦਾ ਹੈ ਤੇ ਕਿਧਰੇ ਭੇਡੂਆਂ ਦਾ ਭੇੜ ਹੋਈ ਜਾਂਦਾ ਹੈ। ਝੰਡੇ ਝੂਲਦੇ ਤੇ ਰੰਗ ਬਰੰਗੇ ਗੁਬਾਰੇ ਅੰਬਰ ਰੰਗੀ ਰੱਖਦੇ ਹਨ। ਮੈਦਾਨ ਦੇ ਇਕ ਪਾਸੇ ਵੱਡੇ ਢਿੱਡਾਂ ਤੇ ਬੱਗੀਆਂ ਦਾੜ੍ਹੀਆਂ ਵਾਲੇ ਬਾਬੇ ਰੱਸਾਕਸ਼ੀ ਕਰਦਿਆਂ ਹੌਂਕ ਰਹੇ ਹੁੰਦੇ ਹਨ। ਨਾਲ ਦੀ ਨਾਲ ਦਾਰੇ ਹੋਰਾਂ ਦੀ ਕੁਮੈਂਟਰੀ ਗੂੰਜੀ ਜਾਂਦੀ ਹੈ:
-ਔਹ ਬੀਂਡੀ ਜੁੜਿਆ ਬਾਬਾ ਗੱਡੀ ਖੜ੍ਹਾ ਪੈਰ। ਲੈ ਇਹ ਨੀ ਹਿੱਲਦਾ ਹੁਣ…
-ਔਹ ਡਿਗ`ਪੀ ਝੰਡੀ, ਆਉਂਦੇ ਆ ਵਹਿੜੇ ‘ਵਾ ਨੂੰ ਗੰਢਾਂ ਦਿੰਦੇ। ਹੋ`ਜੋ ਪਾਸੇ ਕੋਈ ਹੇਠਾਂ ਨਾ ਆ`ਜੇ…
-ਲੈ ਬਈ ਮੁੰਡਿਆ ਲਾ ਛਾਲ ਕਿ ਤੈਨੂੰ ਵੀ ਕੋਈ ਢੋਲ-ਢੂਲ ਆਲਾ ਚਾਹੀਦਾ…
-ਔਹ ਲੱਗ ਗਿਆ ਜੱਫਾ। ਆ`ਗੀ ਘੁਲਾੜੀ ‘ਚ ਬਾਂਹ। ਭਲਾ ਘੁਲਾੜੀ ‘ਚੋਂ ਬਾਂਹ ਵੀ ਕਦੇ ਨਿਕਲੀ ਐ…
-ਹੁਣ ਗਾਉਣ ਵਾਲੇ ਵੀ ਸਟਾਰਟਿੰਗ ਲਾਈਨ ‘ਤੇ ਆ ਜਾਣ…
ਦਾਰਾ ਸਿੰਘ ਕੱਦ ਦਾ ਸਮੱਧਰ ਹੈ, ਪਰ ਬੁਲਾਰਾ ਬੜਾ ਕੱਦਾਵਰ ਹੈ। ਉਹਦਾ ਜਨਮ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਬਖਸ਼ੀਸ਼ ਸਿੰਘ ਦੇ ਘਰ 5 ਦਸੰਬਰ 1952 ਨੂੰ ਹੋਇਆ। ਉਸ ਦੇ ਪਿਤਾ ਜੀ ਲਗਭਗ ਤੀਹ ਸਾਲ ਰਾਏਪੁਰ ਦੀ ਖੇਡ ਕਲੱਬ ਦੇ ਖਜਾਨਚੀ ਰਹੇ। ਬਾਅਦ ਵਿਚ ਦਾਰਾ ਸਿੰਘ ਵੀ ਕਲੱਬ ਦਾ ਖਜਾਨਚੀ ਬਣਿਆ। ਉਨ੍ਹਾਂ ਦੇ ਘਰ ਖਿਡਾਰੀਆਂ ਤੇ ਸਾਂਝੇ ਕੰਮ ਕਰਨ/ਕਰਾਉਣ ਲਈ ਆਉਣ-ਜਾਣ ਵਾਲਿਆਂ ਦਾ ਮਾਹੌਲ ਬਣਿਆ ਰਹਿੰਦਾ ਸੀ। ਉਥੇ ਪਿੰਡ ਅਤੇ ਖੇਡਾਂ ਦੇ ਵਿਕਾਸ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ। ਬਾਲਕ ਦਾਰੇ ਨੂੰ ਆਏ ਗਏ ਦੀ ਸੇਵਾ ਕਰਨ ਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਦੇ ਮੌਕੇ ਮਿਲਦੇ। ਪੀ. ਟੀ. ਜੋਗਿੰਦਰ ਸਿੰਘ ਦੇ ਆਉਣ ਨਾਲ ਉਹ ਬਖਸ਼ੀਸ਼ ਸਿੰਘ ਹੋਰਾਂ ਦਾ ਪਰਿਵਾਰਕ ਮੈਂਬਰ ਹੀ ਬਣ ਗਿਆ ਸੀ। ਉਹਦੀਆਂ ਲੱਛੇਦਾਰ ਗੱਲਾਂ ਨਿੱਕੇ ਹੁੰਦੇ ਦਾਰੇ ਦੇ ਕੰਨੀਂ ਪਈ ਗਈਆਂ, ਜੋ ਦੂਣ ਸਵਾਈਆਂ ਹੋ ਕੇ ਨਿਕਲੀਆਂ।
ਉਹ ਦਸਵੀਂ ਤਕ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਿਆ ਤੇ ਹਾਕੀ ਵੀ ਖੇਡਿਆ। ਬੀ. ਏ. ਨਾਰੰਗਵਾਲ ਦੇ ਕਾਲਜ ਤੋਂ ਕੀਤੀ ਅਤੇ ਡੀ. ਪੀਐੱਡ. ਤੇ ਐੱਮ.ਪੀਐੱਡ. ਅਮਰਾਵਤੀ ਤੋਂ। ਹਾਕੀ ਦੀ ਕੋਚਿੰਗ ਦਾ ਡਿਪਲੋਮਾ ਐੱਨ. ਆਈ. ਐੱਸ. ਪਟਿਆਲੇ ਤੋਂ ਕੀਤਾ। ਉਹ ਸਕੂਲ, ਕਾਲਜ ਤੇ ਯੂਨੀਵਰਸਿਟੀ ਵੱਲੋਂ ਹਾਕੀ ਖੇਡਿਆ। ਉਸ ਨੇ ਸੈਕਰਡ ਹਰਟ ਸਕੂਲ ਲੁਧਿਆਣੇ, ਸਰਕਾਰੀ ਸਕੂਲ ਢੰਡਾਰੀ ਤੇ ਸਰਕਾਰੀ ਕਾਲਜ ਲੁਧਿਆਣੇ ਕੱਚੀਆਂ ਨੌਕਰੀਆਂ ਕਰਨ ਪਿਛੋਂ ਸਰਕਾਰੀ ਹਾਈ ਸਕੂਲ ਲਲਤੋਂ ਵਿਚ ਡੀ. ਪੀ. ਈ. ਦੀ ਪੱਕੀ ਨੌਕਰੀ ਕੀਤੀ, ਪਰ ਅਸਲੀ ਸ਼ੌਕ ਕਿਲਾ ਰਾਏਪੁਰ ਦੀਆਂ ਖੇਡਾਂ ਕਰਾਉਣ ਦਾ ਪਾਲਿਆ। ਉਹ ਆਪ ਵੀ ਪੱਬਾਂ ਭਾਰ ਰਹਿੰਦਾ ਤੇ ਨਾਲਦਿਆਂ ਨੂੰ ਵੀ ਪੱਬਾਂ ਭਾਰ ਰੱਖਦਾ। ਕੁਮੈਂਟਰੀ ਕਰਨ ਮੌਕੇ ਪੀ. ਟੀ. ਸਾਹਿਬ ਨੇ ਉਹਨੂੰ ਆਪਣੇ ਨੇੜੇ ਖੜ੍ਹਾ ਲੈਣਾ ਤੇ ਹੱਲਾਸ਼ੇਰੀ ਦਿੰਦੇ ਰਹਿਣਾ। ਉਸਤਾਦ ਦੇ ਥਾਪੜੇ ਨਾਲ ਦਾਰਾ ਸਿੰਘ ਨੇ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨੀ। ਉਸ ਨੇ ਦਰਸ਼ਕਾਂ ਨੂੰ ਕਬੱਡੀ ਦੀ ਖੇਡ ਦੇ ਨਾਲ-ਨਾਲ ਤੋਰੀ ਜਾਣਾ:
ਲਓ ਦੇਵੀ ਦਿਆਲ ਚੱਲਿਆ ਕੌਡੀ ਪਾਉਣ, ਗੋਰਾ ਨਿਛੋਹ ਰੰਗ, ਥੱਬੇ-ਥੱਬੇ ਦੇ ਪੱਟ, ਸਿਧਵਾਈ ਵਰਗੀਆਂ ਲੱਤਾਂ, ਪਾਇਆ ਚਿੱਟਾ ਕੱਛਾ, ਕੱਛੇ ਨੂੰ ਦਿੱਤਾ ਲਾਜਵਰ, ਔਹ ਲਾਇਆ ਹੱਥ ਤੇ ਆ ਗਿਆ ਆਪਣੇ ਪਾੜੇ। ਇਸ ਪ੍ਹੈਂਟ ਉਤੇ ਸੌ ਰੁਪਏ ਦਾ ਇਨਾਮ। ‘ਸੌ ਰੁਪਏ’ ਉਹ ਗੱਜ ਵੱਜ ਕੇ ਕਹਿੰਦਾ ਜੀਹਦੇ ਨਾਲ ਸੌ ਦੇਣ ਵਾਲੇ ਦਾ ਸੌ ਹੋਰ ਦੇਣ ਨੂੰ ਜੀਅ ਕਰਦਾ। ਇੰਜ ਉਹ ਖੇਡ ਉਤੇ ਨੋਟਾਂ ਦੀ ਵਰਖਾ ਕਰਵਾ ਦਿੰਦਾ। ਪੀ. ਟੀ. ਤੇ ਦਾਰਾ ਸਿੰਘ ਨੇ ਕਬੱਡੀ ਨਾਲ ਕੁਮੈਂਟਰੀ ਨੂੰ ਇਉਂ ਜੋੜਿਆ, ਜਿਵੇਂ ਗੀਤ ਨਾਲ ਸਾਜ਼ ਜੋੜੀਦੈ। ਕਈ ਕਿਲਾ ਰਾਏਪੁਰ ਦੀਆਂ ਖੇਡਾਂ ਵੇਖਣ ਸਿਰਫ ਕੁਮੈਂਟਰੀ ਸੁਣਨ ਜਾਂਦੇ। 1983 ਵਿਚ ਦਾਰੇ ਦਾ ਵੱਡੇ ਭਰਾ ਦੀ ਕੈਨੇਡੀਅਨ ਸਾਲੀ ਨਾਲ ਘਲੋਟੀ ਵਿਖੇ ਅਨੰਦ ਕਾਰਜ ਹੋਇਆ ਤੇ ਉਹ 1985 ਵਿਚ ਟੋਰਾਂਟੋ ਜਾ ਵਸਿਆ।
ਕੈਨੇਡਾ/ਅਮਰੀਕਾ ਵਿਚ ਉਹਦੀ ਕਿਲਾ ਰਾਏਪੁਰੀ ਕੁਮੈਂਟਰੀ ਦਾ ਸ਼ਾਇਦ ਪਤਾ ਨਾ ਲੱਗਦਾ, ਜੇ 1991 ਵਿਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਵਾਲੇ ਕੈਨੇਡਾ ‘ਚ ਕਬੱਡੀ ਵਰਲਡ ਕੱਪ ਨਾ ਕਰਾਉਂਦੇ। ਮਿੱਤਰਾਂ ਨੇ ਦੱਸ ਪਾਈ ਕਿ ਮੈਚਾਂ ਨੂੰ ਦਿਲਚਸਪ ਬਣਾਉਣ ਲਈ ਦਾਰਾ ਸਿੰਘ ਤੋਂ ਕੁਮੈਂਟਰੀ ਕਰਵਾਓ। ਉਹ ਟੋਰਾਂਟੋ ਵਿਚ ਵੀ ਕਿਲਾ ਰਾਏਪੁਰ ਦਾ ਨਜ਼ਾਰਾ ਵਿਖਾ ਦੇਵੇਗਾ। ਪਹਿਲਾਂ ਕਿਲਾ ਰਾਏਪੁਰ ਦੀ ਰਵਾਇਤ ਸੀ ਕਿ ਉਥੋਂ ਦਾ ਕੁਮੈਂਟੇਟਰ ਕਿਤੇ ਹੋਰ ਕੁਮੈਂਟਰੀ ਨਹੀਂ ਸੀ ਕਰਦਾ, ਪਰ ਜਦੋਂ ਮੈਟਰੋ ਵਾਲਿਆਂ ਨੇ ਬੜੇ ਹੰਮੇ ਨਾਲ ਬੇਨਤੀ ਕੀਤੀ ਤਾਂ ਦਾਰਾ ਗਰੇਵਾਲ ਮੰਨ ਗਿਆ ਤੇ ਕੈਨੇਡਾ/ਅਮਰੀਕਾ ‘ਚ ਪਹਿਲਾ ਕਬੱਡੀ ਕੁਮੈਂਟੇਟਰ ਸਥਾਪਿਤ ਹੋ ਗਿਆ। ਉਹਦੀ ਵਿਸ਼ੇਸ਼ ਗੱਲ ਇਹ ਰਹੀ ਕਿ ਉਸ ਨੇ ਪੈਸਿਆਂ ਪਿੱਛੇ ਕਬੱਡੀ ਦੀ ਕੁਮੈਂਟਰੀ ਨਹੀਂ ਕੀਤੀ, ਸਗੋਂ ਸੌ਼ਕੀਆ ਖੇਡ ਬੁਲਾਰੇ ਵਜੋਂ ਕੀਤੀ।
ਉਹ 1991 ਤੋਂ 2016 ਤਕ ਟੋਰਾਂਟੋ ਦੇ ਕਬੱਡੀ ਟੂਰਨਾਮੈਂਟਾਂ ਦੀ ਕੁਮੈਂਟਰੀ ਫੈਕਟਰੀ ਦੇ ਕੰਮ ਦੀਆਂ ਦਿਹਾੜੀਆਂ ਭੰਨ ਕੇ ਵੀ ਕਰਦਾ ਰਿਹਾ। ਵੈਨਕੂਵਰ ਤੇ ਕੈਲੀਫੋਰਨੀਆ ਵੀ ਜਾਂਦਾ ਰਿਹੈ। ਜਿਵੇਂ ਖਿਡਾਰੀ ਨੂੰ ਖੇਡ ਵਿਚੋਂ ਅਨੰਦ ਮਿਲਦਾ ਹੈ, ਉਵੇਂ ਉਸ ਨੂੰ ਕੁਮੈਂਟਰੀ ਕਰਨ ਦਾ ਸਰੂਰ ਚੜ੍ਹਦਾ ਰਿਹਾ। 1995 ਦੀ ਆਲਮੀ ਕਬੱਡੀ ਚੈਂਪੀਅਨਸਿ਼ਪ, ਟੋਰਾਂਟੋ ਲਾਗੇ ਹੈਮਿਲਟਨ ਦੇ ਇਨਡੋਰ ਕੌਪਸ ਕੋਲੀਜ਼ੀਅਮ ਵਿਚ ਹੋਈ ਤਾਂ ਪ੍ਰਬੰਧਕਾਂ ਨੇ ਕੁਮੈਂਟਰੀ ਲਈ ਦਾਰਾ ਸਿੰਘ ਤੇ ਮੇਰੀ ਡਿਊਟੀ ਲਾਈ। ਸਾਡੇ ਨਾਲ ਤੀਜਾ ਕੁਮੈਂਟੇਟਰ ਪਾਕਿਸਤਾਨੀ ਸ਼ਾਇਰ ਜਨਾਬ ਨਜ਼ੀਰ ਸਦਰ ਵੀ ਰਲ ਗਿਆ। ਮੈਂ ਆਖਦਾ, “ਲਓ ਚੜ੍ਹਦੇ ਪੰਜਾਬ ਦਾ ਕਬੱਡੀ ਦਾ ਚੜ੍ਹਦਾ ਸੂਰਜ ਹਰਜੀਤ ਬਰਾੜ, ਟੇਕ ਕੇ ਧਰਤੀ ਮਾਂ ਨੂੰ ਮੱਥਾ ਤੇ ਮੰਗ ਕੇ ਸੂਰਜ ਤੋਂ ਸ਼ਕਤੀ, ਚੱਲਿਆ ਪਾਉਣ ਕੌਡੀ। ਜੁਆਨ ਦੀ ਚੜ੍ਹਤ ਦੇਖੋ ਤੇ ਦੇਖੋ ਹੁੰਦਾ ਭੇੜ…।” ਨਜ਼ੀਰ ਸਦਰ ਪਾਕਿਸਤਾਨ ਦੇ ਖਿਡਾਰੀਆਂ ਦਾ ਨਾਂ ਬੜ੍ਹਕ ਮਾਰ ਕੇ ਲੈਂਦਾ, “ਅਸਲਮ ਡੋਗਰ, ਅਮੀਨ ਜੱਟ, ਜੰਜੂਆ, ਆਬਿਦ ਪੱਪੂ…।” ਦਾਰਾ ਸਿੰਘ ਤੇਜ਼-ਤਰਾਰ ਕੁਮੈਂਟਰੀ ਕਰਦਾ, “ਆ`ਗੀ ਘੁਲਾੜੀ `ਚ ਬਾਂਹ, ਲੱਗ ਗਏ ਜਿੰਦੇ, ਬਣਾ`ਤਾ ਚੱਕਰਚੂੰਡਾ…।”
ਭੀਮਾ ਕੌਡੀ ਪਾਉਣ ਜਾਂਦਾ ਤਾਂ ਦਾਰਾ ਆਖਦਾ, “ਚੱਲਿਆ ਬਾਗਾਂ ਵਾਲੇ ਦਾ ਭੀਮਾ, ਰਸੇ ਹੋਏ ਅੰਬ ਵਰਗਾ। ਪਤੰਦਰ ਅੰਬਾਂ ਦਾ ਟੋਕਰਾ ਬੰਨੇ ਲਾ ਕੇ ਹਟਦਾ ਹੋਊ। ਜਿਵੇਂ ਕਹਿੰਦੇ ਆ ਮਹਾਂਭਾਰਤ ਦਾ ਭੀਮ ਸੈਨ ਸਾਰਾ ਕੁਛ ਸਮੇਟ ਜਾਂਦਾ ਸੀ, ਛੱਡਦਾ ਇਹ ਵੀ ਨ੍ਹੀਂ ਹੋਣਾ…।” ਉਹ ਚਲਦੀ ਖੇਡ ਵਿਚ ਰੰਗ ਭਰੀ ਜਾਂਦਾ, “ਲਓ ਬਿਜਲੀ ਬੋਰਡ ਦਾ ਮੰਗੀ ਕੌਡੀ ਪਾਉਣ ਚੱਲਿਆ। ਦੇਖਦੇ ਆਂ ਕੀਹਨੂੰ ਮਾਰਦਾ ਕਰੰਟ ਤੇ ਕੀਹਨੂੰ ਦਿੰਦਾ ਝਟਕਾ? ਔਹ ਮਾਰਿਆ ਚਲਾ ਕੇ ਸਵਰਨੇ ਨੂੰ। ਕਰ-ਤਾ ਫਸਟ ਏਡ ਦੇਣ ਵਾਲਾ! ਹੁਣ ਚੱਲਿਆ ਲਟੈਣ ਵਰਗਾ ਸ਼ੱਬਾ। ਖੜੇ੍ਹ ਆ ਅੱਗੇ ਬੁਰਜਾਂ ਅਰਗੇ ਗੱਭਰੂ। ਹਿਲਦੀ ਆ ਧਰਤੀ ਇਨ੍ਹਾਂ ਦੇ ਭਾਰ ਨਾਲ। ਔਹ ਲੜ ਗਿਆ ਕਾਲਾ, ਕਾਲੇ ਨਾਗ ਅੰਗੂੰ। ਮਾਰਿਆ ਫੜਕਾ ਕੇ, ਕਰ`ਤੀ ਕੰਡ ਝਾੜ। ਜ਼ੋਰ ਦੇਖੋ ਜੁਆਨਾਂ ਦਾ, ਚੁੰਘੀਆਂ ਬੂਰੀਆਂ ਝੋਟੀਆਂ, ਸਾਡੇ ਅੰਗੂੰ ਦੋ ਪਰਸੈਂਟ ਨ੍ਹੀਂ ਪੀਤਾ। ਤੋਲ`ਤਾ ਮੰਡੀ ਬੋਰਡ ਦੇ ਕੰਡੇ ਅੰਗੂੰ, ਮਾਰਿਆ ਮੱਕੀ ਦੇ ਪੂਲੇ ਅੰਗੂੰ ਚਲਾ ਕੇ…।”
ਟੋਰਾਂਟੋ ਤੋਂ ਬਾਅਦ ਅਸੀਂ ਕੈਲੀਫੋਰਨੀਆ ਦੇ ਕਬੱਡੀ ਕੱਪ ਸਮੇਂ ਫਿਰ ‘ਕੱਠੇ ਹੋਏ। ਫਿਰ ਕਈ ਸਾਲਾਂ ਟੋਰਾਂਟੋ ਦੇ ਟੂਰਨਾਮੈਂਟਾਂ ਦੀ ਕੁਮੈਂਟਰੀ ‘ਕੱਠੇ ਕਰਦੇ ਰਹੇ। ਮੈਨੂੰ ਦਾਰਾ ਗਰੇਵਾਲ ਬੜਾ ਜ਼ਹੀਨ, ਨਿਮਰ, ਸਹਿਨਸ਼ੀਲ, ਉਤਸ਼ਾਹੀ, ਪਰਉਪਕਾਰੀ, ਗੁਰਸਿੱਖ ਤੇ ਨਿਸ਼ਕਾਮ ਸੇਵਕ ਲੱਗਦਾ ਰਿਹਾ। ਅਜਿਹੇ ਇਨਸਾਨ ਅੱਜ ਕੱਲ੍ਹ ਦੀ ਨਿੱਜਵਾਦੀ ਦੁਨੀਆਂ ਵਿਚ ਵਿਰਲੇ ਹੀ ਮਿਲਦੇ ਹਨ। ਕਬੱਡੀ ਦੀ ਕੁਮੈਂਟਰੀ ਦੇ ਇਸ ਸ਼ਾਹ-ਅਸਵਾਰ ਨੂੰ ਮੈਟਰੋ ਸਪੋਰਟਸ ਕਲੱਬ ਤੇ ਓਂਟਾਰੀਓ ਕਬੱਡੀ ਕਲੱਬ ਨੇ ਸੋਨੇ ਦੇ ਮੈਡਲ ਪਹਿਨਾ ਕੇ ਮਾਣ ਬਖਸਿ਼ਆ। ਉਹਦਾ ਸਭ ਤੋਂ ਵੱਡਾ ਮਾਣ ਉਹਦੇ ਸਰੋਤੇ ਹਨ, ਜੋ ਉਹਦੀ ਤੇਜ਼-ਤਰਾਰ ਕੁਮੈਂਟਰੀ ਨਾਲ ਕਬੱਡੀ ਮੈਚਾਂ ਦਾ ਦੂਣਾ ਰਸ ਮਾਣਦੇ ਹਨ ਤੇ ਦਾਰੇ ਤੋਂ ਬਲਿਹਾਰੇ ਜਾਂਦੇ ਹਨ।
ਕਬੱਡੀ ਦੀ ਕੁਮੈਂਟਰੀ ਕਰਨ ਵਿਚ ਉਸ ਨੇ ਕਈ ਚੇਲੇ ਬਾਲਕੇ ਵੀ ਪੈਦਾ ਕੀਤੇ, ਜਿਨ੍ਹਾਂ ‘ਚ ਸੁਖਚੈਨ ਬਰਾੜ ਵਾਹਵਾ ਮਸ਼ਹੂਰ ਹੋਇਆ। ਉਸ ਨੇ ਖੇਡ ਮੇਲਿਆਂ ‘ਚ ਜੁੜੇ ਮੇਲੀਆਂ ਗੇਲੀਆਂ ਨੂੰ ਖੇਡ ਪੁਸਤਕਾਂ ਪੜ੍ਹਨ ਵੱਲ ਪ੍ਰੇਰਿਆ ਤੇ ਖੇਡ ਸਾਹਿਤ ਪ੍ਰਚਾਰਨ ਵਿਚ ਯੋਗਦਾਨ ਪਾਇਆ। ਉਸ ਨੇ ਖੇਡ ਪੱਤਰਕਾਰੀ ਵੀ ਕੀਤੀ, ਪਰ ਆਪਣੀ ਕੋਈ ਕਿਤਾਬ ਹਾਲੇ ਤਕ ਨਹੀਂ ਛਪਵਾਈ। ਉਸ ਨੇ ਕਿਲਾ ਰਾਏਪੁਰ ਦੀਆਂ ਖੇਡਾਂ ਦਾ ਇਤਿਹਾਸ, ਖੇਡਾਂ ਦੇ ਨਿੱਜੀ ਤਜਰਬੇ, ਪੇਂਡੂ ਖੇਡਾਂ ਦਾ ਸਰਦਾਰ ਪੀ. ਟੀ. ਜੋਗਿੰਦਰ ਸਿੰਘ, ਖੇਡਾਂ ਦਾ ਮੋਢੀ ਆਤਮਾ ਸਿੰਘ ਗਰੇਵਾਲ, ਊਠ ਦੌੜਾਂ ਦਾ ਸਰਦਾਰ ਸਿਕੰਦਰ ਸਿੰਘ, ਬੈਲ ਗੱਡੀਆਂ ਦਾ ਸ਼ਾਹ-ਅਸਵਾਰ ਬਖਸ਼ੀਸ਼ ਸਿੰਘ ਆਦਿ ਬਾਰੇ ਖੇਡ ਲੇਖ ਤੇ ਕੈਨੇਡਾ/ਅਮਰੀਕਾ ਦੇ ਅੱਖੀਂ ਵੇਖੇ ਅਨੇਕਾਂ ਖੇਡ ਮੇਲਿਆਂ ਦੀਆਂ ਦਿਲਚਸਪ ਰਿਪੋਰਟਾਂ ਅਖਬਾਰਾਂ ਵਿਚ ਛਪਵਾਈਆਂ। ਪੇਸ਼ ਹੈ, ਉਹਦੀ ਖੇਡ ਪੱਤਰਕਾਰੀ ਦੀ ਝਲਕ:
ਖੇਡਾਂ ਦਾ ਬੁਲਾਰਾ ਪੀ. ਟੀ. ਜੋਗਿੰਦਰ ਸਿੰਘ
ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਉਥੋਂ ਦੇ ਛੈਲ-ਛਬੀਲੇ ਗੱਭਰੂ, ਬਾਂਕੀਆਂ ਨਾਰਾਂ ਤੇ ਚੌੜੀਆਂ ਛਾਤੀਆਂ ਵਾਲੇ ਨੌਜੁਆਨ ਬਾਬਿਆਂ ਦਾ ਜਿ਼ਕਰ ਵੀ ਆਉਂਦਾ ਹੈ। ਪੰਜਾਬੀਆਂ ਦੇ ਨਰੋਏ ਜੁੱਸਿਆਂ, ਰੱਜਵੀਆਂ ਖੁਰਾਕਾਂ, ਖੁੱਲ੍ਹੇ-ਡੁੱਲ੍ਹੇ ਸੁਭਾਅ, ਹਾਸੇ-ਖੇੜੇ, ਟੱਪੇ, ਬੋਲੀਆਂ, ਗਿੱਧੇ ਤੇ ਭੰਗੜੇ ਦੀ ਗੱਲ ਚਲਦੀ ਹੈ। ਜਵਾਨੀ ਮਸਤਾਨੀ ਹੋਈ ਘੋਲ ਘੁਲਦੀ ਤੇ ਖੇਡਾਂ ਖੇਡਦੀ ਹੈ। ਖੇਡਾਂ ਦੀ ਗੱਲ ਕਰੀਏ ਤਾਂ ਪੇਂਡੂ ਓਲੰਪਿਕ ਕਹੀਆਂ ਜਾਂਦੀਆਂ ਕਿਲਾ ਰਾਏਪੁਰ ਦੀਆਂ ਖੇਡਾਂ ਅੱਖਾਂ ਮੂਹਰੇ ਆ ਜਾਂਦੀਆਂ ਹਨ।
ਜਵਾਨੀ ਐਟਮੀ ਸ਼ਕਤੀ ਤੋਂ ਘੱਟ ਨਹੀਂ ਹੁੰਦੀ। ਸਵਾਲ ਹੈ, ਇਸ ਨੂੰ ਕਿਸ ਪਾਸੇ ਵਰਤਣਾ ਹੈ? ਇਹ ਜਾਣਨਾ ਸੁਲਝੇ ਹੋਏ ਦੂਰਦਰਸ਼ੀ ਤੇ ਸਮੇਂ ਦੀ ਨਬਜ਼ ਨੂੰ ਪਛਾਣਨ ਵਾਲੇ ਸ਼ਖਸਾਂ ਦੇ ਵੱਸ ਦੀ ਗੱਲ ਹੈ। ਮੈਂ ਇਕ ਬਹੁਪੱਖੀ ਇਨਸਾਨ, ਸਫਲ ਕਿਸਾਨ, ਤਕੜੇ ਖਿਡਾਰੀ, ਅਧਿਆਪਕ, ਖੇਡ ਪ੍ਰਬੰਧਕ ਤੇ ਪ੍ਰਭਾਵਸ਼ਾਲੀ ਖੇਡ ਬੁਲਾਰੇ ਦੀ ਗੱਲ ਕਰਨ ਲੱਗਾ ਹਾਂ, ਜਿਸ ਨੇ ਪੰਜਾਬ ਦੀਆਂ ਜੁਆਨੀਆਂ ਚਾਲੀ ਸਾਲ ਖੇਡਣ-ਮੱਲ੍ਹਣ, ਗਿੱਧਿਆਂ-ਭੰਗੜਿਆਂ ਤੇ ਸਿਹਤਾਂ ਬਣਾਉਣ ਵਿਚ ਰੁਝਾਈ ਰੱਖੀਆਂ। ਸਮੇਂ ਦੀਆਂ ਗਲਤ ਵਬਾਵਾਂ, ਨਸਿ਼ਆਂ ਤੇ ਸਮਾਜਕ ਕੁਰੀਤੀਆਂ ਤੋਂ ਬਚਾਉਣ ਲਈ ਭਾਖੜਾ ਡੈਮ ਵਰਗਾ ਕੰਮ ਕੀਤਾ। ਕਿਲਾ ਰਾਏਪੁਰ ਦੇ ਸ਼ਾਂਤ ਸੁਹਾਵਣੇ ਵਾਤਾਵਰਣ ਵਿਚ ਉਹਦੇ ਕਹੇ ਬੋਲ ਅਖਾਣਾਂ ਤੇ ਮੁਹਾਵਰੇ ਬਣ ਗਏ ਅਤੇ ਹਾਸੇ ਖੇਡੇ ਦੀ ਖੁਸ਼ਬੋ ਚਾਰ-ਚੁਫੇਰੇ ਵਾਤਾਵਰਣ ਵਿਚ ਰਚ-ਮਿਚ ਗਈ। ਉਹਦੇ ਬੋਲਾਂ ਦੀ ਗਵਾਹੀ ਅੱਜ ਵੀ ਇਲਾਕੇ ਦੇ ਝਾੜ-ਬੂਟ ਭਰਦੇ ਹਨ।
ਉਹ ਬੋਲਬਾਣੀ ਦਾ ਜਾਦੂਗਰ ਸੀ। ਹਜ਼ਾਰਾਂ ਲੋਕਾਂ ਦੇ ‘ਕੱਠ ਨੂੰ ਘੰਟਿਆਂ ਬੱਧੀ ਮੈਸਮਰਾਈਜ਼ ਕਰੀ ਰੱਖਦਾ। ਉਹਦੀ ਕੁਮੈਂਟਰੀ ਸੁਣਦੇ ਲੋਕ ਦੁਨਿਆਵੀ ਝਮੇਲਿਆਂ ਨੂੰ ਭੁੱਲ ਕੇ ਖੇਡਾਂ ਦੇ ਮਾਹੌਲ ਵਿਚ ਗੁਆਚ ਜਾਂਦੇ ਸਨ। ਜੇ ਕੋਈ ਲੁਧਿਆਣੇ ਸ਼ਹਿਰ ਦੇ ਚੌੜੇ ਬਾਜ਼ਾਰ ਵਿਚ ਉਸ ਨੂੰ ਘੁੰਮਦਿਆਂ ਵੇਖ ਲੈਂਦਾ ਜਾਂ ਕਿਸੇ ਬੱਸ ਸਟਾਪ ‘ਤੇ ਖੜ੍ਹੇ ਵੇਖਦਾ ਜਾਂ ਕਿਸੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੰਦਿਆਂ ਸੁਣਦਾ ਤਾਂ ਸੁਭਾਵਿਕ ਹੀ ਉਹਦੇ ਮੂੰਹੋਂ ਨਿਕਲ ਜਾਂਦਾ, “ਔਹ ਬਾਬਾ ਜੀ ਕਿਲਾ ਰਾਏਪੁਰ ਦੀਆਂ ਖੇਡਾਂ ਵਾਲੇ ਹਨ।” ਵਾਹ ਲੱਗਦੀ ਉਹ ਮੱਥਾ ਟੇਕ ਕੇ ਅਸੀਸ ਲੈਂਦੇ ਤੇ ਸੰਤੁਸ਼ਟ ਹੁੰਦੇ। ਜਦ ਖੇਡਾਂ ਹੁੰਦੀਆਂ ਤਾਂ ਸਾਰਾ ਮੇਲਾ ਪੀ. ਟੀ. ਸਾਹਿਬ ਦੇ ਬੋਲਾਂ ਦੁਆਲੇ ਘੁੰਮਦਾ ਰਹਿੰਦਾ। ਉਹ ਬਜ਼ੁਰਗਾਂ ਨਾਲ ਬਜ਼ੁਰਗ, ਜੁਆਨਾਂ ਨਾਲ ਜੁਆਨ ਤੇ ਹਾਣੀਆਂ ਨਾਲ ਹਾਣੀ ਬਣ ਕੇ ਵਿਚਰਦੇ। ਖਿਡਾਰੀਆਂ ਤੇ ਦਰਸ਼ਕਾਂ ਦੇ ਦਿਲਾਂ ਦੀ ਧੜਕਣ ਸਰਦਾਰ ਸਾਹਿਬ ਜੁਆਨਾਂ ਲਈ ਸਤਿਕਾਰਯੋਗ ਬਾਬਾ ਜੀ ਸਨ।
ਉਹਦੀ ਜੋਸ਼ੀਲੀ ਕੁਮੈਂਟਰੀ ਸੋਨੇ ‘ਤੇ ਸੁਹਾਗੇ ਦਾ ਕੰਮ ਕਰਦੀ ਤੇ ਸਾਧਾਰਨ ਮੈਚ ਨੂੰ ਵੀ ਕਾਂਟੇਦਾਰ ਬਣਾ ਦਿੰਦੀ ਹੈ। ਪੇਂਡੂ ਖੇਡਾਂ ਦਾ ਸਰਦਾਰ ਜੋਗਿੰਦਰ ਸਿੰਘ ਹਮੇਸ਼ਾ ਜੋਸ਼ ਨਾਲ ਹੀ ਬੋਲਦਾ ਸੀ। ਨਾਲ ਉਹ ਢੁਕਵੇਂ ਅਲੰਕਾਰ ਵੀ ਲਾਈ ਜਾਂਦਾ। ਵਿਚੇ ਇਲਾਕੇ ਦੀਆਂ ਕਹਾਵਤਾਂ ਤੇ ਲੋਕ ਗੀਤਾਂ ਦੇ ਟੱਪੇ ਜੜੀ ਜਾਂਦਾ। ਚਲਦੇ ਮੈਚ ਦਾ ਉਹ ਖੂਬ ਨਜ਼ਾਰਾ ਬੰਨ੍ਹਦਾ ਤੇ ਆਪਣੇ ਬੋਲਾਂ ਨਾਲ ਦਰਸ਼ਕਾਂ ਨੂੰ ਸਰਸ਼ਾਰ ਕਰਦਾ: ਔਹ ਚੱਲਿਆ ਲਾਲ ਕੱਛੇ ਵਾਲਾ ਗੱਭਰੂ ਕੌਡੀ ਪਾਉਣ, ਜੁਆਨ ਦੀ ਚੜ੍ਹਤ ਦੇਖੋ, ਮਾਰਦਾ ਪੱਟਾਂ ‘ਤੇ ਥਾਪੀਆਂ, ਜਾਂਦਾ ਧਰਤੀ ਹਿਲਾਉਂਦਾ, ਦਿੰਦਾ ਗੇੜੇ ‘ਤੇ ਗੇੜਾ, ਕਰੂ ਕੁਛ, ਖਾਲੀ ਨ੍ਹੀਂ ਮੁੜਦਾ, ਔਹ ਲਾ ਗਿਆ ਹੱਥ, ਨਹੀਂ ਰੀਸਾਂ ਜੁਆਨ ਦੀਆਂ। ਨਹੀਂ ਲੁਆਈ ਪਿੰਡੇ ਨੂੰ ਮਿੱਟੀ, ਦੌੜਦਾ ਬੁਲਟ ਵਾਂਗ, ਇਹ ਐ ਕੁੱਬਿਆਂ ਦਾ ਦੇਵੀ ਦਿਆਲ। ਆ ਬਈ ਅੱਟੇ ਆਲਿਆ, ਰੰਗ ਦਾ ਪੱਕਾ, ਲੱਠ ਵਰਗਾ ਸਰੀਰ, ਆਹ ਪੈ ਗਿਆ ਪੇਚਾ। ਪ੍ਹੈਂਟ ਅੱਟੇ ਆਲੇ ਦਾ। ਚੱਲ ਬਈ ਬਿਲਗੇ ਆਲਿਆ, ਗਾਂਹ ਵੀ ਬਿੱਲੂ ਰਾਜੇਆਣੀਆਂ ਖੜ੍ਹਾ, ਝੋਟਿਆਂ ਦਾ ਭੇੜ ਆ, ਮਣਾਂ-ਮੂੰਹੀਂ ਤਾਕਤ, ਮਾਰਦੇ ਆ ਧੌਲਾਂ, ਆ`ਗੀ ਘੁਲਾੜੀ ‘ਚ ਬਾਂਹ, ਭਲਾ ਘੁਲਾੜੀ ‘ਚੋਂ ਬਾਂਹ ਵੀ ਕਦੇ ਨਿਕਲੀ ਆ! ਉਹ ਕਹਿੰਦਾ ਜਾਣਾ, ਉਹ ਕਹਿੰਦਾ ਨਹੀਂ ਜਾਣ ਦੇਣਾ, ਹੁਣ ਤਾਂ ਡਾਢਾ ਈ ਜਾਣਦਾ ਬਈ ਕੀ ਹੋਊ? ਆ`ਗੀ ਵਾਰੀ ਤੋਖੀ ਐਟਮ ਦੀ, ਹਲਕਾ ਜੁੱਸਾ, ਪੈਰ ਧਰਤੀ ‘ਤੇ ਨ੍ਹੀਂ ਲਾਉਂਦਾ, ਕਹਿੰਦਾ ਹਟ ਪਿੱਛੇ, ਟੱਪ ਗਿਆ ਸਾਰਿਆਂ ਦੇ ਉਤੋਂ ਦੀ, ਦਿੰਦਾ ਗੇੜਾ, ਨਹੀਂ ਜੰਮਿਆ ਅਜੇ ਤਕ ਕੋਈ ਇਹਨੂੰ ਰੱਖਣ ਵਾਲਾ। ਚੱਲਿਆ ਪ੍ਰੀਤਾ ਕੌਡੀ ਪਾਉਣ, ਜੈਵਲਿਨ ਥਰੋਅ ਦਾ ਨੈਸ਼ਨਲ ਚੈਂਪੀਅਨ, ਜੁਆਨ ਦਾ ਜੁੱਸਾ ਦੇਖੋ, ਮਸਲ ਲਿਸਕਦੇ, ਲਓ ਪੈ ਗਿਆ ਘਣਗਸਾਂ ਦਾ ਬੋਲਾ, ਲਾ`ਤੇ ਜਿੰਦੇ, ਕੁੰਢੀਆਂ ਦੇ ਸਿੰਗ ਫਸ`ਗੇ ਨਿੱਤਰੂ ਵੜੇਵੇਂ ਖਾਣੀ…।
ਕਲਕੱਤੇ ਦੇ ਡਰਾਈਵਰ ਚੀਰੇ ਬੰਨ੍ਹ ਕੇ ਤੇ ਚਾਦਰੇ ਲਾ ਕੇ ਖੇਡ ਮੇਲਾ ਵੇਖਣ ਆਉਂਦੇ। ਅੱਖਾਂ ‘ਚ ਸੁਰਮਾ, ਕੰਨਾਂ ‘ਚ ਨੱਤੀਆਂ, ਕੁੰਢੀਆਂ ਮੁੱਛਾਂ ਤੇ ਮਹਿਕਾਂ ਛੱਡਦਾ ਅਤਰ ਫੁਲੇਲ। ਉਹ ਬਾਬੇ ਜੋਗਿੰਦਰ ਸਿਓਂ ਦੇ ਗੜ੍ਹਕਦੇ ਬੋਲ ਕੰਨ ਲਾ ਕੇ ਸੁਣਦੇ ਤੇ ਖਿਡਾਰੀਆਂ ਉਤੇ ਰੁਪਈਆਂ ਦਾ ਮੀਂਹ ਵਰ੍ਹਾ ਦਿੰਦੇ। ਕਲਕੱਤੇ ਦੇ ਗਰੇਵਾਲ ਟਰਾਂਸਪੋਰਟਰ ਇਕ ਇਕ ਜੱਫੇ ‘ਤੇ ਸੌ ਸੌ ਦੇ ਨੋਟ ਵਾਰਦੇ। ਸਭ ਤੋਂ ਪਹਿਲਾਂ ਸੌ ਰੁਪਏ ਦਾ ਇਨਾਮ ਬਿੱਲੂ ਰਾਜੇਆਣੀਏ ਨੂੰ ਮਿਲਿਆ ਸੀ। ਬਾਬਾ ਕੁਮੈਂਟਰੀ ਕਰਦਾ ਪਿੰਡਾਂ ਦਾ ਇਤਿਹਾਸ ਵੀ ਦੱਸੀ ਜਾਂਦਾ ਤੇ ਗਰੇਵਾਲਾਂ ਨੂੰ ਵਡਿਆਈ ਵੀ ਜਾਂਦਾ। ਖਿਡਾਰੀਆਂ ਦੀ ਉਸਤਤ ਕਰ ਕੇ ਤੇ ਇਨਾਮ ਦੇਣ ਵਾਲਿਆਂ ਦੀ ਵਡਿਆਈ ਕਰ ਕੇ ਉਹ ਏਨੇ ਇਨਾਮ ਦੁਆਉਂਦਾ ਕਿ ਖਿਡਾਰੀਆਂ ਦੀ ਸਾਲ ਭਰ ਦੀ ਖੁਰਾਕ ਦਾ ਬੰਨ੍ਹ-ਸੁੱਬ ਹੋ ਜਾਂਦਾ। ਕਿਸੇ ਦੇ ਸੱਟ-ਫੇਟ ਲੱਗ ਜਾਂਦੀ ਤਾਂ ਖੜ੍ਹੇ ਪੈਰ ਨੋਟਾਂ ਨਾਲ ਬੋਝੇ ਭਰਾ ਦਿੰਦਾ।
ਬੈਲ ਗੱਡੀਆਂ ਦੀ ਦੌੜ ਦਾ ਨਜ਼ਾਰਾ ਉਹ ਕਬੱਡੀ ਨਾਲੋਂ ਵੀ ਵਧੇਰੇ ਜੋਸ਼ ਨਾਲ ਵਿਖਾਉਂਦਾ। ‘ਕੱਠ ਏਨਾ ਹੁੰਦਾ ਕਿ ਜੁਆਕ ਗੁਆਚ ਜਾਂਦੇ ਤੇ ਮਾਪੇ ਪੀ. ਟੀ. ਸਾਹਿਬ ਤੋਂ ਅਨਾਊਂਸ ਕਰਾਉਂਦੇ। ਅੱਗੋਂ ਬਾਬਾ ਆਖਦਾ, ਉਹ ਮੇਲਾ ਈ ਕਾਹਦਾ ਜਿਥੇ ਜੁਆਕ ਨਾ ਗੁਆਚਣ। ਫਿਰ ਮਾਪਿਆਂ ਨੂੰ ਕਹਿੰਦਾ, ਬਹਿ`ਜੋ ਮੇਰੇ ਕੋਲ, ਆਪੇ ਆ ਜਾਣਗੇ ਜੁਆਕ ਜਿਵੇਂ ਕਟੜੂ-ਵਛੜੂ ਲਵੇਰੇ ਕੋਲ ਆਉਂਦੇ ਆ। ਦਿੰਨੇ ਆਂ ਆਪਾਂ ਮਿੱਠੀਆਂ ਗੋਲੀਆਂ ਦਾ ਹੋਕਾ। ਸਿਆਣ ਲਿਓ ਫੇਰ ਆਪੋ-ਆਪਣੇ ਬਰਖੁਰਦਾਰ!
ਬੈਲ ਗੱਡੀਆਂ ਦੀਆਂ ਦੌੜਾਂ ਲੱਗਣ ਲੱਗਦੀਆਂ ਤਾਂ ਪੀ. ਟੀ. ਸਾਹਿਬ ਦੀ ਆਵਾਜ਼ ਹੋਰ ਵੀ ਜੋਸ਼ੀਲੀ ਹੋ ਜਾਂਦੀ: ਔਹ ਛੱਡ`ਤੀਆਂ ਚਾਰ ਬੈਲ ਗੱਡੀਆਂ ‘ਕੱਠੀਆਂ, ਆਉਂਦੀਆਂ ਧੂੜਾਂ ਪੱਟਦੀਆਂ, ਵਧਦੇ ਆ ਵਹਿੜਕੇ ਰਬੜ ਵਾਂਗੂੰ, ਮਾਰਦੇ ਆ ਚਾਲਕ ਲਲਕਾਰੇ, ਪੈਂਦਾ ਛਣਕਾਟਾ, ਔਹ ਵਧ ਗਿਆ ਖੇੜੀ ਵਾਲਾ, ਕੱਟ ਗਿਆ ਰਾਏਪੁਰੀਆ ਬਖਸ਼ੀ, ਪਾਸੇ ਪਾਸੇ ਹੋ ਜੋ ਲੋਕੋ, ਕੋਈ ਹੇਠਾਂ ਨਾ ਆ`ਜੇ, ਬੈਲ ਗੱਡੀਆਂ ਦੇ ਬਰੇਕਾਂ ਨ੍ਹੀਂ ਹੁੰਦੀਆਂ, ਲੈ ਗਿਆ ਝੰਡੀ ਬਖਸ਼ੀਸ਼ ਸਿਓਂ ਬਖਸ਼ੀ:
-ਬਖਸ਼ੀ ਚਾਲਕ ਨ੍ਹੀਂ ਕਿਸੇ ਬਣ ਜਾਣਾ, ਘਰ ਘਰ ਪੁੱਤ ਜੰਮਦੇ।
-ਗੱਡੀ ਉਡਦੀ ਬਖਸ਼ੀਆ ਤੇਰੀ, ਰਾਮ ਦੇ ਖਟੋਲੇ ਵਾਂਗਰਾਂ।
-ਧੁੰਮਾਂ ਪੈ ਗਈਆਂ ਪੁਆਹੇ ਸਾਰੇ, ਬਖਸ਼ੀ ਦੀ ਗੱਡੀ ਜਿੱਤ`ਗੀ।
ਬਖਸ਼ੀਸ਼ ਸਿੰਘ ਬਖਸ਼ੀ ਆਪਣੇ ਸਮੇਂ ਦਾ ਮਸ਼ਹੂਰ ਯਾਕੀ ਸੀ, ਜੋ 1989 ‘ਚ ਰੱਬ ਨੂੰ ਪਿਆਰਾ ਹੋ ਗਿਆ।
‘ਆਰਸੀ’ ਤੇ ‘ਪ੍ਰੀਤਲੜੀ’ ਪਰਚਿਆਂ ਵਿਚ ਕਦੇ ਖੇਡ ਲੇਖਕ ਸਰਵਣ ਸਿੰਘ ਨੇ ਲਿਖਿਆ ਸੀ, “ਕਲਕੱਤੇ ਤੋਂ ਖੇਡਾਂ ਵੇਖਣ ਆਏ ਦਲੀਪ ਸਿੰਘ ਦੀ ਇਕ ਜ਼ੇਬ ਵਿਚ ਸੌ-ਸੌ ਦੇ ਨੋਟ ਹੁੰਦੇ ਤੇ ਦੂਜੀ ਵਿਚ ਦਸ-ਦਸ ਦੇ। ਉਹ ਕਬੱਡੀ ਦੇ ਪਾੜੇ ਉਤੇ ਖੜ੍ਹ ਕੇ ਇਨਾਮ ਦਿੰਦਾ। ਉਹਨੇ ਜਿਸ ਜ਼ੇਬ `ਚ ਹੱਥ ਪਾਉਣਾ ਉਸੇ ਮੁਤਾਬਿਕ ਪੀ. ਟੀ. ਜੋਗਿੰਦਰ ਸਿੰਘ ਨੇ ਸੌ ਜਾਂ ਦਸ ਰੁਪਏ ਦੇ ਇਨਾਮ ਦਾ ਐਲਾਨ ਕਰ ਦੇਣਾ। ਲੋਕਾਂ ਨੇ ਕਹਿਣਾ ਕਿ ਦਲੀਪ ਸਿੰਘ ਪੀ. ਟੀ. ਦੀ ਬੀਨ ਉਤੇ ਲੱਗਾ ਹੋਇਐ। ਅਸਲੀਅਤ ਵਿਚੋਂ ਇਹ ਸੀ ਕਿ ਖਿਡਾਰੀਆਂ ਦੇ ਕਰਤਬ, ਜੋਗਿੰਦਰ ਸਿੰਘ ਦੀ ਕੁਮੈਂਟਰੀ ਤੇ ਦਲੀਪ ਸਿੰਘ ਦੀ ਦਰਿਆਦਿਲੀ ਰਲ ਮਿਲ ਕੇ ਰੰਗ ਬੰਨ੍ਹਦੇ ਸਨ। ਖਿਡਾਰੀ ਕਹਿੰਦੇ ਜਾਂਦੇ ਸਨ, ਕਿਲਾ ਰਾਇਪੁਰ ਦੀਆਂ ਖੇਡਾਂ ਨੇ ਸਾਡਾ ਪੂਰਾ ਮੁੱਲ ਪਾਇਆ।”
ਮੰਦੇ ਦੇ ਉਨ੍ਹਾਂ ਦਿਨਾਂ ਵਿਚ ਕਈ ਖਿਡਾਰੀਆਂ ਨੇ ਉਥੋਂ ਹਜ਼ਾਰ-ਹਜ਼ਾਰ ਦੇ ਇਨਾਮ ਹਾਸਲ ਕੀਤੇ। ਖੇਡ ਵਿਭਾਗ ਦੀ ਸੀਨੀਅਰ ਅਫਸਰ ਰਹੀ ਸ੍ਰੀਮਤੀ ਸੁਨੀਤਾ ਧੀਰ ਦੱਸਦੀ ਹੁੰਦੀ ਸੀ ਕਿ ਉਹ ਅਜੇ ਵਿਦਿਆਰਥਣ ਸੀ, ਜਦੋਂ ਕਿਲਾ ਰਾਇਪੁਰ ਦੌੜਨ ਗਈ ਤੇ ਅੱਠ ਸੌ ਰੁਪਏ ਦੇ ਇਨਾਮ ਲੈ ਕੇ ਪਰਤੀ। ਪੀ. ਟੀ. ਜੋਗਿੰਦਰ ਸਿੰਘ ਕੁਮੈਂਟਰੀ ਵਿਚ ਲੋਕ ਗੀਤ, ਲਤੀਫੇ ਤੇ ਨਿੱਕੇ-ਨਿੱਕੇ ਪ੍ਰਸੰਗ ਸੁਣਾਉਂਦਾ ਲੋਕਾਂ ਦਾ ਮਨੋਰੰਜਨ ਕਰੀ ਜਾਂਦਾ ਤੇ ਵਿਚੇ ਗਰੇਵਾਲਾਂ ਨੂੰ ਵਡਿਆ ਜਾਂਦਾ। ਮੇਲੀ-ਗੇਲੀ ਉਹਦੀਆਂ ਗੱਲਾਂ ਵੱਲ ਕੰਨ ਰੱਖਦੇ। ਉਹਦੇ ਅਨੇਕਾਂ ਲੋਕ ਗੀਤ ਕੰਠ ਸਨ, ਜਿਨ੍ਹਾਂ ਦੀ ਉਹ ਕੁਮੈਂਟਰੀ ‘ਚ ਵਰਤੋਂ ਕਰਦਾ ਰਹਿੰਦਾ। 70ਵਿਆਂ ‘ਚ ਜਦੋਂ ਕੁਝ ਸਾਲਾਂ ਲਈ ਖੇਡਾਂ ਦੀ ਕਮੇਟੀ ਵਿਚ ਪਾਟਕ ਪਿਆ ਅਤੇ ਦੋ ਖੇਡ ਮੇਲੇ ਲੱਗਣ ਲੱਗੇ ਤਾਂ ਖੇਡਾਂ ਨੂੰ ਅਸਲੀ ਤੇ ਨਕਲੀ ਦੇ ਨਾਂ ਦਿੱਤੇ ਜਾਣ ਲੱਗੇ। ਆਮ ਲੋਕ ਕਹਿੰਦੇ, “ਜੇ ਤਾਂ ਬਈ ਉਹ ਪੀ. ਟੀ. ਬਾਬਾ ਓਥੇ ਓਵੇਂ ਈ ਟੋਟਕੇ ਸੁਣਾਉਂਦੈ ਤਾਂ ਖੇਡਾਂ ਅਸਲੀ ਆ, ਨਹੀਂ ਤਾਂ ਨਕਲੀ।”
ਬੈਲ ਗੱਡੀਆਂ ਦੀ ਦੌੜ ਸਮੇਂ ਪੀ. ਟੀ. ਬੈਲ ਗੱਡੀਆਂ ਨਾਲ ਸਬੰਧਿਤ ਲੋਕ ਗੀਤਾਂ ਦੇ ਟੱਪੇ ਸੁਣਾ ਕੇ ਮੇਲੇ ਨੂੰ ਨਿਹਾਲ ਕਰਦਾ ਰਹਿੰਦਾ ਸੀ:
-ਗੱਡੀ ਚੜ੍ਹਦੀ ਨੇ ਪਿੰਜਣੀ ਤੋੜੀ ਚਾਅ ਮੁਕਲਾਵੇ ਦਾ।
-ਤੈਨੂੰ ਕੀ ਮੁਕਲਾਵਾ ਤਾਰੂ ਰੋਂਦੇ ਯਾਰ ਛੱਡ ਗਈ।
-ਗੱਡੀ ਵਾਲਿਆ ਵੇ ਅੜਬ ਤਖਾਣਾਂ ਕੁੜੀਆਂ ਨੂੰ ਮਿਲ ਲੈਣ ਦੇ।
-ਗੱਡੀ ਵਿਚ ਮੈਂ ਰੋਵਾਂ ਮੇਰੀ ਕੱਤਣੀ ‘ਚ ਰੋਣ ਗਲੋਟੇ।
ਇਕੇਰਾਂ ਬੈਲ ਗੱਡੀਆਂ ਦੀ ਦੌੜ ਵਿਚ ਗੱਡੀਆਂ ਭਿੜ ਗਈਆਂ, ਜਿਸ ਨਾਲ ਇਕ ਬਲਦ ਦੀ ਮੌਤ ਹੋ ਗਈ। ਕਿਲਕਾਰੀਆਂ ਮਾਰਦਾ ਮੇਲਾ ਅਫਸੋਸ ਵਿਚ ਡੁੱਬ ਗਿਆ। ਪੀ. ਟੀ. ਨੇ ਜਜ਼ਬਾਤੀ ਸੁਰ ਵਿਚ ਕਿਹਾ, “ਲੋਕੋ ਇਹ ਬਲਦ ਨ੍ਹੀਂ ਮਰਿਆ, ਮੈਦਾਨੇ ਜੰਗ `ਚ ਲੜਦਾ ਸਿਪਾਹੀ ਸ਼ਹੀਦ ਹੋਇਐ। ਗੱਡੀਆਂ ਵਾਲਿਓ ਵੇਖਿਓ ਕਿਤੇ ਦਿਲ ਨਾ ਛੱਡ ਜਿਓ। ਇਕ ਜਹਾਜ਼ ਦਾ ਕਪਤਾਨ ਸਮੁੰਦਰੀ ਤੂਫਾਨ ਵਿਚ ਮਰ ਗਿਆ। ਮਗਰੋਂ ਉਹਦਾ ਪੁੱਤ ਕਪਤਾਨ ਬਣਿਆ ਤੇ ਉਹਦੀ ਮੌਤ ਵੀ ਸਮੁੰਦਰੀ ਤੂਫਾਨ `ਚ ਹੋਈ। ਪਿੱਛੋਂ ਜਦੋਂ ਉਹਦਾ ਪੋਤਾ ਜਹਾਜ਼ ਦਾ ਕਪਤਾਨ ਬਣਿਆ ਤਾਂ ਇਕ ਬੰਦੇ ਨੇ ਆਖਿਆ, ਤੂੰ ਜਹਾਜ਼ ਨਾ ਚਲਾ, ਤੇਰਾ ਪਿਓ ਤੇ ਦਾਦਾ ਜਹਾਜ਼ `ਚ ਮਰੇ ਨੇ। ਪੋਤਾ ਪੁੱਛਣ ਲੱਗਾ, ਤੇਰਾ ਪਿਓ ਕਿਥੇ ਮਰਿਆ ਸੀ? ਜਵਾਬ ਮਿਲਿਆ, ਮੰਜੇ ਉਤੇ। ਤੇ ਦਾਦਾ? ਜਵਾਬ ਫੇਰ ਉਹੀ ਸੀ, ਅਖੇ ਮੰਜੇ ਉਤੇ। ਜਹਾਜ਼ੀ ਕਪਤਾਨ ਕਹਿਣ ਲੱਗਾ, ਫਿਰ ਤੁਸੀਂ ਮੰਜੇ ਕਿਉਂ ਨਹੀਂ ਛੱਡ ਦਿੰਦੇ? ਬਲਦ ਖੁਰਲੀ `ਤੇ ਖੜ੍ਹਾ ਵੀ ਮਰ ਸਕਦਾ ਸੀ, ਪਰ ਉਹਦੀਆਂ ਗੱਲਾਂ ਕਿਸੇ ਨਹੀਂ ਸੀ ਕਰਨੀਆਂ ਤੇ ਨਾ ਉਹਦੇ ਮਾਲਕ ਦਾ ਨਾਂ ਲੈਣਾ ਸੀ। ਆਓ ਆਪਾਂ ਇਸ ਬਲਦ ਦੇ ਮਾਲਕ ਦਾ ਦੁੱਖ ਵੰਡਾਈਏ।”
ਉਸੇ ਵੇਲੇ ਮੇਲੇ ‘ਚੋਂ ਏਨੇ ਪੈਸੇ ਇਕੱਠੇ ਹੋ ਗਏ, ਜਿਸ ਨਾਲ ਇਕ ਬਲਦ ਦੀ ਥਾਂ ਦੋ ਬਲਦ ਲਏ ਜਾ ਸਕਦੇ ਸਨ। ਉਸ ਪਿਛੋਂ ਬੈਲ ਗੱਡੀਆਂ ਵਾਲੇ ਹੋਰ ਵੀ ਸਿ਼ੱਦਤ ਨਾਲ ਕਿਲਾ ਰਾਇਪੁਰ ਢੁੱਕਣ ਲੱਗੇ। ਇਕ ਵਾਰ ਕਬੱਡੀ ਦੇ ਮੈਚ ਵਿਚ ਇਕ ਖਿਡਾਰੀ ਦੀ ਲੱਤ ਟੁੱਟ ਗਈ। ਸਬੱਬ ਨਾਲ ਉੱਤਰੀ ਭਾਰਤ ਦਾ ਹੱਡੀਆਂ ਦਾ ਪ੍ਰਸਿੱਧ ਡਾਕਟਰ ਕਰਮ ਸਿੰਘ ਗਰੇਵਾਲ ਮੇਲਾ ਵੇਖ ਰਿਹਾ ਸੀ। ਡਾ. ਕਰਮ ਸਿੰਘ ਗਰੇਵਾਲ ਖਿਡਾਰੀ ਦੀ ਮਦਦ ਕਰਨ ਲਈ ਮੈਦਾਨ ਵੱਲ ਵਧਿਆ ਤਾਂ ਸਟੇਜ ਤੋਂ ਆਵਾਜ਼ ਆਈ, “ਬਾਕੀ ਸਾਰੇ ਪਾਸੇ ਹੋ`ਜੋ, ਸਾਡੇ ਕੋਲ ਹੱਡੀਆਂ ਦਾ ਇਲਾਜ ਕਰਨ ਵਾਲਾ ਰੱਬ ਆ ਗਿਆ।” ਤੇ ਉਸ ਜੁਆਨ ਦਾ ਪੂਰਾ ਇਲਾਜ ਕਰਵਾ ਕੇ ਉਹਨੂੰ ਹੱਸਦਾ ਖੇਡਦਾ ਘਰ ਭੇਜਿਆ ਗਿਆ। ਪੇਂਡੂ ਖੇਡਾਂ ਦੇ ਸਰਦਾਰ ਜੋਗਿੰਦਰ ਸਿੰਘ ਦੇ ਬੋਲ ਹੀ ਸਾਰੇ ਦੁੱਖਾਂ ਦਾ ਦਾਰੂ ਸਨ!