ਸੰਵੇਦਨਾ ਦੀ ਸੁਰ-ਬੰਧਨਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸਿਲਵਟਾਂ ਦਾ ਕਿੱਸਾ ਛੋਹਿਆ ਸੀ, “ਅਕਸਰ ਹੀ ਸਿਲਵਟਾਂ, ਚਾਦਰ ਦੇ ਸੁੱਚਮ ਤੇ ਸੁਹੱਪਣ ਵਿਚੋਂ ਬਿਸਤਰਾ ਰੂਪੀ ਬਹਿਸ਼ਤ ਹੁੰਦੀਆਂ। ਇਹ ਸਰੀਰਾਂ ਵਿਚ ਪੈਦਾ ਹੋਏ ਆਵੇਗ, ਉਤਸ਼ਾਹ, ਆਵੇਸ਼ ਅਤੇ ਫੁੱਟਦੀਆਂ ਤਰੰਗਾਂ ਦਾ ਆਧਾਰ।…

ਪਰ ਸਿਲਵਟਾਂ ਨੂੰ ਹਰ ਰੋਜ਼ ਮਿਟਾਉਂਦੇ ਰਹੋ ਤਾਂ ਕਿ ਨਵੀਆਂ ਸਿਲਵਟਾਂ ਨੂੰ ਸਿਰਜਣ ਅਤੇ ਇਨ੍ਹਾਂ ਵਿਚੋਂ ਨਰੋਏ ਨਕਸ਼ਾਂ ਨੂੰ ਨਿਹਾਰਨ ਦੀ ਤ੍ਰਿਸ਼ਨਾ ਬਣੀ ਰਹੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੰਵੇਦਨਾ ਦੀ ਸੁਰ-ਬੰਧਨਾ ਕੀਤੀ ਹੈ। ਉਹ ਕਹਿੰਦੇ ਹਨ, “ਸੰਵੇਦਨਸ਼ੀਲਤਾ, ਖੁਸ਼ੀ ਦਾ ਖਜਾਨਾ, ਬਰਕਤਾਂ ਦੀ ਬਹਿਸ਼ਤ, ਨਿਅਮਾਤਾਂ ਦੀ ਨਗਰੀ। ਪ੍ਰਾਪਤੀਆਂ ਦਾ ਸਿਰਲੇਖ ਅਤੇ ਭਰੇ-ਭਕੂਨੇ ਹੋਣ ਦਾ ਅਹਿਸਾਸ।…ਸੰਵੇਦਨਾ ਨੂੰ ਮਰਨ ਨਾ ਦਿਓ। ਆਪਣਾ ਹਾਸਲ ਬਣਾਓ।…ਕਰਮ, ਧਰਮ, ਸੁਪਨੇ, ਸਰਗੋਸ਼ੀ, ਸਾਧਨਾ, ਸਿਰੜ, ਸੋਚ, ਸਮਰਪਣ, ਸਾਹਾਂ ਅਤੇ ਸਾਦਗੀ ਵਿਚ ਸੰਵੇਦਨਸ਼ੀਲਤਾ ਹੋਵੇ ਤਾਂ ਜਿ਼ੰਦਗੀ ਦਾ ਹਰ ਪਲ ਜਿਊਣ ਜੋਗਾ ਹੋ ਜਾਂਦਾ।” ਡਾ. ਭੰਡਾਲ ਦਾ ਇਹ ਕਹਿਣਾ ਸੱਚਾਈ ਭਰਪੂਰ ਹੈ, “ਸੰਵੇਦਨਹੀਣ ਲੋਕਾਂ ਦੀਆਂ ਸੰਵੇਦਨਾ ਵਾਲੀਆਂ ਗੱਲਾਂ, ਬੇਹੂਦਾ ਅਤੇ ਬਕਵਾਸ ਹੁੰਦੀਆਂ, ਕਿਉਂਕਿ ਜਿ਼ੰਦਗੀ ਦੇ ਹਰ ਖੇਤਰ ਵਿਚ ਹੀ ਸੰਵੇਦਨਹੀਣ ਮਨੁੱਖ ਮਿਲ ਜਾਂਦੇ ਹਨ, ਜੋ ਸਿਰਫ ਨਿੱਜ ਤੱਕ ਸੀਮਤ ਹੁੰਦੇ; ਕਿਸੇ ਦੇ ਦੁੱਖਾਂ, ਤਕਲੀਫਾਂ, ਔਕੜਾਂ, ਲਾਚਾਰੀ, ਕਮਜੋ਼ਰੀ, ਨਿਤਾਣੇਪਣ ਜਾਂ ਨਿਆਸਰੇਪਣ ਦਾ ਉਨ੍ਹਾਂ `ਤੇ ਕੋਈ ਅਹਿਸਾਸ ਨਹੀਂ ਹੁੰਦਾ।”

ਡਾ. ਗੁਰਬਖਸ਼ ਸਿੰਘ ਭੰਡਾਲ

ਸੰਵੇਦਨਾ, ਮਨ ਦੀ ਸੂਖਮਤਾ, ਸੁੱਚੀਆਂ ਭਾਵਨਾਵਾਂ ਦੀ ਛੋਹ, ਸੁੱਚੇ ਅਹਿਸਾਸਾਂ ਦਾ ਭਰ ਵਗਦਾ ਦਰਿਆ, ਪਾਕ ਰੂਹ ਦੀਆਂ ਰਮਜ਼ਾਂ ਅਤੇ ਅੰਤਰੀਵ ਵਿਚ ਵੱਸਦੀ ਰੂਹ-ਰੇਜ਼ਤਾ। ਆਤਮਿਕ ਧਾਰਨਾ ‘ਚ ਕਦਰਾਂ ਕੀਮਤਾਂ ਨੂੰ ਵਸਾਉਣਾ ਅਤੇ ਇਨ੍ਹਾਂ ਦੀ ਚਾਨਣੀ ਵਿਚ ਅੰਦਰ ਅਤੇ ਬਾਹਰ ਨੂੰ ਚਮਕਾਉਣਾ।
ਸੰਵੇਦਨਾ, ਜਿ਼ੰਦਗੀ ਦਾ ਸਭ ਤੋਂ ਅਨਮੋਲ ਗਹਿਣਾ, ਜਿਨ੍ਹਾਂ ਨੇ ਸਾਰੀ ਉਮਰ ਸਾਥ ਰਹਿਣਾ। ਇਸ ਨੇ ਕੁਝ ਨਹੀਂ ਲੈਣਾ, ਸਗੋਂ ਦੇਣਾ ਹੀ ਦੇਣਾ। ਇਸ ਸਦਕਾ ਜਿ਼ੰਦਗੀ ਨੂੰ ਆਪਣੀ ਹੋਂਦ ਅਤੇ ਹਾਸਲਤਾ `ਤੇ ਮਾਣ ਰਹਿਣਾ।
ਸੰਵੇਦਨਾ, ਅੱਖ ਵਿਚ ਉਤਰੀ ਨਮੀ ਜਦ ਕੋਈ ਦਰਦਾਂ ਦੀ ਬਾਤ ਪਾਉਂਦਾ। ਮਨ ਵਿਚ ਪੈਦਾ ਹੋਈ ਤਰਥੱਲੀ ਜਦ ਕੁਝ ਅਣਕਿਹਾ ਤੇ ਅਣਕਿਆਸਿਆ ਵਾਪਰਦਾ, ਜੋ ਸੋਗ ਦੀ ਸਫ ਵਿਛਾਉਂਦਾ। ਬੋਲਾਂ ਵਿਚ ਪੈਦਾ ਹੋਈ ਤਰਾਹਟ ਜਦ ਕਿਸੇ ਦੇ ਬੋਲ ਖੁਦਕੁਸ਼ੀ ਕਰਨ ਲਈ ਮਜਬੂਰ ਹੁੰਦੇ, ਹੋਠਾਂ `ਤੇ ਜ਼ਬਰ ਦਾ ਜਿੰਦਰਾ ਅਤੇ ਇਕ ਮੂਕ ਰੁਦਨ ਹੋਠਾਂ ਤੋਂ ਤੁਰਦਾ ਅੰਦਰ ਵਿਚ ਬੈਠ ਜਾਵੇ। ਅਜਿਹੇ ਵੇਲੇ ਬੋਲ ਕਿੰਜ ਹੁੰਗਾਰਾ ਭਰੇ ਅਤੇ ਕਿਸ ਅੱਗੇ ਫਰਿਆਦ ਕਰੇ ਕਿ ਬੋਲਾਂ ਦੀ ਨੱਪੀ ਹੋਈ ਸੰਘੀ ਨੂੰ ਕੋਈ ਤਾਂ ਆਜ਼ਾਦ ਕਰਵਾਵੇ ਅਤੇ ਬੋਲ ਪੁੰਗਾਰੇ ਨੂੰ ਵਿਗਸਣ ਤੋਂ ਨਾ ਹਟਕਾਵੇ।
ਸੰਵੇਦਨਾ, ਜੀਵਨ-ਸ਼ੈਲੀ ਦਾ ਮੂਲ-ਮੰਤਰ। ਮਾਨਵੀ ਧਾਰਾਵਾਂ ਦਾ ਆਧਾਰ, ਕਰਮਸ਼ੈਲੀ ਦਾ ਸੁੰਦਰ ਤੇ ਸਦੀਵੀ ਸਰੂਪ। ਤੁਹਾਡੇ ਕਰਮ, ਧਰਮ, ਸੁਪਨੇ, ਸਰਗੋਸ਼ੀ, ਸਾਧਨਾ, ਸਿਰੜ, ਸੋਚ, ਸਮਰਪਣ, ਸਾਹਾਂ ਅਤੇ ਸਾਦਗੀ ਵਿਚ ਸੰਵੇਦਨਸ਼ੀਲਤਾ ਹੋਵੇ ਤਾਂ ਜਿ਼ੰਦਗੀ ਦਾ ਹਰ ਪਲ ਜਿਊਣ ਜੋਗਾ ਹੋ ਜਾਂਦਾ।
ਸੰਵੇਦਨਾ ਸਭ ਧਰਮਾਂ ਤੋਂ ਉਤਮ। ਸਾਰੀਆਂ ਫਿਲਾਸਫੀਆਂ ਦੀ ਜਨਮ-ਦਾਤੀ। ਸਮੁੱਚੀਆਂ ਕੌਮਾਂ ਵਿਚ ਇਸ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ। ਸੰਵੇਦਨਸ਼ੀਲ ਹੋਣ ਤੋਂ ਬਗੈਰ ਕੌਣ ਕਿਸੇ ਲਈ ਆਪਣਾ ਬਲੀਦਾਨ ਦੇ, ਹਿੰਦ ਦੀ ਚਾਦਰ ਹੋਣ ਦਾ ਮਾਣ ਪ੍ਰਾਪਤ ਕਰਦਾ? ਕਿਸ ਨੇ ਸਰਹਿੰਦ ਦੀ ਕਚਹਿਰੀ ਵਿਚ ਹਾਅ ਦਾ ਨਾਅਰਾ ਮਾਰਨਾ ਸੀ? ਕਿਸ ਨੇ ਤੱਤੀ ਤਵੀ `ਤੇ ਬੈਠੇ ਸ਼ਾਂਤੀ ਦੇ ਪੁੰਜ ਸਾਹਵੇਂ, ਲਾਹੌਰ ਨੂੰ ਤਹਿਸ਼-ਨਹਿਸ਼ ਕਰਨ ਲਈ ਹੁਕਮ ਦੇਣ ਵਾਸਤੇ ਤਰਲਾ ਕਰਨਾ ਸੀ? ਕਿਹੜੇ ਜੰਗਲ ਵਿਚ ਵਾਸ ਕਰਨ ਵਾਲਿਆਂ ਨੇ ਬਿਗਾਨੀਆਂ ਧੀਆਂ ਨੂੰ ਧਾੜਵੀਆ ਕੋਲੋਂ ਛੁਡਾ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰਨਾ ਸੀ? ਇਹ ਤਾਂ ਸਿਰਫ ਸੰਵੇਦਨਸ਼ੀਲ ਲੋਕ ਹੀ ਕਰ ਸਕਦੇ, ਜਿਨ੍ਹਾਂ ਦੀ ਜ਼ਮੀਰ ਜਾਗਦੀ ਹੋਵੇ। ਉਨ੍ਹਾਂ ਦੀ ਰੂਹ ਜਿਉਂਦੀ ਤੇ ਅੰਦਰੋਂ ਜਾਗੇ ਹੋਏ ਹੋਣ। ਉਹ ਕਿਸੇ ਦੇ ਤਰਲਿਆਂ ਵਿਚ ਤਰਲ ਹੁੰਦੇ। ਕਿਸੇ ਦੇ ਰੁਦਨ ਵਿਚ ਰੋਮ ਰੋਮ ਰੁਆਂਸੇ ਜਾਂਦੇ ਅਤੇ ਕਿਸੇ ਦੀਆਂ ਹਿਚਕੀਆਂ ਨੂੰ ਹਿੱਕ ਨਾਲ ਲਾ ਉਨ੍ਹਾਂ ਵਿਚ ਹਾਸੇ ਉਗਾਉਣ ਦਾ ਉਪਰਾਲਾ ਕਰਦੇ।
ਸੰਵੇਦਨਾ, ਖੁਦ ਦੇ ਸਨਮੁੱਖ ਹੋਣਾ। ਖੁਦ ਵਿਚੋਂ ਖੁਦਾਈ ਦੀ ਨਿਸ਼ਾਨਦੇਹੀ ਕਰਨੀ। ਖੁਦ ਵਿਚੋਂ ਸਵੈ ਨੂੰ ਮਨਫੀ ਕਰਨਾ। ਖੁਦ ਦੀ ਅਗਵਾਈ ਵਿਚ ਆਪਣੀਆਂ ਅਰਾਧਨਾਵਾਂ, ਧਾਰਨਾਵਾਂ, ਵਿਚਾਰਾਂ, ਵਿਹਾਰਾਂ ਅਤੇ ਵਰਤੋਂ ਦੇ ਨਾਲ ਜੀਵਨ-ਜੋਤ ਨੂੰ ਜਗਾਉਣਾ ਅਤੇ ਇਸ ਦੇ ਨਿੱਘ ਤੇ ਰੌਸ਼ਨੀ ਨਾਲ ਆਲੇ-ਦੁਆਲੇ ਨੂੰ ਜਿਊਣ ਜੋਗਾ ਕਰਨਾ ਵੀ ਹੁੰਦਾ।
ਸੰਵੇਦਨਾ, ਮੂਲ ਆਦਤ, ਮਨ ਵਿਚ ਪਨਪੀ ਤੇ ਪਕੇਰੀ ਹੋਈ ਜੀਵਨ-ਜਾਚ। ਇਹ ਵਿਰਾਸਤ ਵਿਚ ਵੀ ਮਿਲਦੀ, ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਸਹਿੰਦਿਆਂ ਵੀ ਪ੍ਰਾਪਤ ਹੁੰਦੀ ਅਤੇ ਕਈ ਵਾਰ ਚੌਗਿਰਦੇ ਵਿਚ ਹੋਈਆਂ ਅਣਹੋਣੀਆਂ ਵਿਚੋਂ ਵੀ ਪੈਦਾ ਹੁੰਦੀ, ਜਿਸ ਨਾਲ ਤੁਹਾਡੀ ਹੋਂਦ ਦੇ ਨਾਲ-ਨਾਲ ਸਮੁੱਚਤਾ ਵੀ ਜੁੜੀ ਹੁੰਦੀ।
ਸੰਵੇਦਨਾ ਦਾ ਸਬਕ ਪੜ੍ਹਾਉਣ ਲਈ ਸਭ ਤੋਂ ਪਹਿਲਾਂ ਇਸ ਦਾ ਪਾਠੀ ਹੋਣਾ ਜਰੂਰੀ। ਇਸ ਨੂੰ ਆਪਣੀ ਕਰਮਸ਼ੈਲੀ ਦਾ ਹਿੱਸਾ ਬਣਾਉਣਾ ਲਾਜ਼ਮੀ। ਇਸ ਅਨੁਸਾਰ ਆਪਣੀਆਂ ਤਰਜ਼ੀਹਾਂ ਤੇ ਤਦਬੀਰਾਂ ਨੂੰ ਉਲੀਕਣਾ ਅਤੇ ਵਿਊਂਤਣਾ ਜਰੂਰੀ; ਤਾਂ ਹੀ ਅਸੀਂ ਇਸ ਦੀਆਂ ਬਰਕਤਾਂ ਤੇ ਬਹਿਸ਼ਤੀ ਵਰਤਾਰਿਆਂ ਨੂੰ ਆਪਣੇ ਕਰਮਾਂ ਰਾਹੀਂ ਆਲੇ-ਦੁਆਲੇ ਵਿਚ ਪੈਦਾ ਕਰ, ਇਸ ਵੰਨੀਂ ਪ੍ਰੇਰਿਤ ਕਰ ਸਕਦੇ। ਸੰਵੇਦਨਹੀਣ ਲੋਕਾਂ ਦੀਆਂ ਸੰਵੇਦਨਾ ਵਾਲੀਆਂ ਗੱਲਾਂ, ਬੇਹੂਦਾ ਅਤੇ ਬਕਵਾਸ ਹੁੰਦੀਆਂ।
ਸੰਵੇਦਨਸ਼ੀਲ ਲੋਕ ਬੜੀ ਜਲਦੀ ਉਦਾਸ, ਉਪਰਾਮ, ਉਲਾਰ ਤਾਂ ਹੋ ਜਾਂਦੇ, ਪਰ ਜਲਦੀ ਹੀ ਉਹ ਉਤਸ਼ਾਹ, ਉਦਮ ਅਤੇ ਊਰਜਾ ਨਾਲ ਭਰੇ, ਆਪਣੇ ਕਦਮਾਂ ਨੂੰ ਨਵੀਂ ਦਿਸ਼ਾ ਅਤੇ ਸੇਧ ਨਾਲ ਨਵੇਂ ਸਫਰ ਦਾ ਆਗਾਜ਼ ਕਰਦੇ।
ਸੰਵੇਦਨਸ਼ੀਲ ਲੋਕ ਕਦੇ ਵੀ ਆਲਸੀ, ਅਲਗਰਜ਼, ਅਨਾਰਕੀ ਨਹੀਂ ਹੁੰਦੇ ਅਤੇ ਨਾ ਹੀ ਆਤਮ-ਸਮਰਪਣ ਕਰਦੇ। ਸਗੋਂ ਉਹ ਤਾਂ ਹਰਦਮ ਤਿਆਰ-ਬਰ-ਤਿਆਰ। ਆਪਣੇ ਮਨ ਦੀ ਸੁਣਦੇ ਅਤੇ ਮਨ ਦੀਆਂ ਮੁਹਾਰਾਂ ਨੂੰ ਜੀਵਨ ਦੀਆਂ ਸੁੱਚੀਆਂ ਰਾਹਾਂ ਵੰਨੀਂ ਮੋੜਨ ਤੇ ਜਿ਼ੰਦਗੀ ਦੇ ਸੁਰਮਈ ਵਰਤਾਰੇ ਸਿਰਜਣ ਵਿਚ ਮੋਹਰੀ।
ਪਰ ਅੱਜ ਕੱਲ੍ਹ ਸੰਵੇਦਨਾ ਵਾਲ ਖਿਲਾਰੀ, ਧਾਹਾਂ ਮਾਰਦੀ, ਖੁਦ ਹੀ ਸਿਵਿਆਂ ਵੱਲ ਵਾਹੋ-ਦਾਹੀ ਭੱਜੀ ਜਾ ਰਹੀ। ਕੁਝ ਇਸ ਨੂੰ ਦਫਨਾ ਚੁਕੇ ਅਤੇ ਕਈ ਇਸ ਨੂੰ ਦਫਨਾਉਣ ਲਈ ਕਾਹਲੇ। ਹਰੇਕ ਹੀ ਇਸ ਦੀ ਲਾਸ਼ ਮੋਢਿਆਂ `ਤੇ ਟਿਕਾਈ ਕਬਰਾਂ ਵੱਲ ਜਾ ਰਿਹਾ। ਸਾਡੇ ਕੋਲ ਇਸ ਦਾ ਸੋਗ ਮਨਾਉਣ ਦੀ ਵੀ ਵਿਹਲ ਨਹੀਂ। ਜਦੋਂ ਸੰਵੇਦਨਾ ਮਰ ਜਾਵੇ, ਬੰਦਾ ਪੈਸੇ ਦੀ ਦੌੜ ਵਿਚ ਗਲਤਾਨ ਹੋ ਜਾਵੇ, ਰਿਸ਼ਤਿਆਂ ਦਾ ਕੋਈ ਅਰਥ ਨਾ ਰਹਿ ਜਾਵੇ, ਭੈਣ-ਭਰਾ ਸਿਰਫ ਜਾਇਦਾਦ ਬਣ ਜਾਣ ਅਤੇ ਮਾਪੇ, ਬੋਝ ਬਣ ਜਾਣ ਤਾਂ ਸੰਵੇਦਨਾ ਨੂੰ ਤੁਸੀਂ ਕਿਥੋਂ ਭਾਲੋਗੇ?
ਵੇ ਵਕਤਾ! ਇਹ ਕੇਹਾ ਵੇਲਾ
ਕਿ ਅਸੀਂ ਸੰਵੇਦਨਹੀਣ ਕਹਾਈਏ।
ਆਪਣੀਆਂ ਸੋਚ-ਜੂਹਾਂ ਵਿਚ
ਕਬਰਾਂ ਨਿੱਤ ਉਗਾਈਏ।
ਆਪਣੀ ਰੂਹ ਵਿਚ ਸੂਲਾਂ ਬੀਜ ਕੇ
ਫੁੱਲ ਦਾ ਹੋਕਰਾ ਲਾਈਏ।
ਆਪਣੇ ਹਰਫੀਂ ਬੀਜ ਕੇ ਹਉਕੇ
ਹਾਸਿਆਂ ਦਾ ਵਣਜ ਕਮਾਈਏ।
ਆਪਣੇ ਬੋਲੋਂ ਜ਼ਹਿਰ ਉਗਲਦਿਆਂ
ਮਿੱਠਤ-ਮੁਲੰਮਾ ਲਾਈਏ।
ਰਾਹਾਂ ਵਿਚ ਖਲੋਤੇ ਹੋਏ
ਭਰਮਾਂ ਦਾ ਸਫਰ ਉਗਾਈਏ।
ਖੇਤਾਂ ਦੀਆਂ ਵੱਟਾਂ ਉਤੇ
ਆਪਣੇ ਖੂਨ ਦਾ ਟਿੱਕਾ ਲਾਈਏ।
ਘਰ ਦੀਆਂ ਸਾਬਤ ਕੰਧਾਂ ਵਿਚ
ਨਫਰਤੀ ਇੱਟਾਂ ਲਾਈਏ।
ਘਰ ਦੀ ਸੱਚੀ ਫਿਜ਼ਾ ਵਿਚ
ਹਿੱਚਕੀਆਂ ਨੂੰ ਸਹਿਲਾਈਏ।
ਕਿਸੇ ਦੀਆਂ ਚੀਕਾਂ ਸੁਣਦਿਆਂ
ਮਨ ‘ਚ ਸ਼ਗਨ ਮਨਾਈਏ।
ਕਿਸੇ ਦੇ ਪੁੱਤ ਦਾ ਸਿਵਾ ਦੇਖ ਕੇ
ਮਨ ਵਿਚ ਸ਼ੁਕਰ ਮਨਾਈਏ।
ਇਹ ਵੀ ਵੇਲਾ ਦੇਖਣਾ ਸੀ ਕਿ ਬੋਲੀ ਲੱਗਣੀ ਸੀ ਚਾਵਾਂ ਦੀ, ਬਾਪ ਦੀਆਂ ਸੰਘਣੀਆਂ ਛਾਂਵਾਂ ਦੀ, ਮੰਨਤਾਂ ਜਿਹੀਆਂ ਮਾਂਵਾਂ ਦੀ, ਦੁਰੱਲਭ ਮਿਲੀਆਂ ਦੁਆਵਾਂ ਦੀ, ਸੂਲੀ ਟੰਗੇ ਸਾਹਾਂ ਦੀ ਅਤੇ ਇਕੋ ਕੁੱਖੋਂ ਜੰਮੇ ਭਰਾਵਾਂ ਦੀ।
ਸੰਵੇਦਨਾ ਦਾ ਸਿਵਾ ਸੇਕ ਕੇ ਕੀ ਮਿਲੇਗਾ? ਕਿਸ ਦੀ ਆਸ ਵਿਚ ਮਨੁੱਖ ਅਜਿਹਾ ਕਰ ਰਿਹਾ? ਕੀ ਉਸ ਨੂੰ ਆਪਣਾ ਅੰਤ ਨਹੀਂ ਦਿਸਦਾ ਜਾਂ ਉਸ ਦੀ ਸੋਚ ਵਿਚ ਸਦੀਵੀ ਜੀਣ ਦੀ ਭਾਵਨਾ ਹੀ ਪ੍ਰਬਲ ਹੈ? ਭਰਮ ਪਾਲਣ ਵਾਲੇ ਨੂੰ ਕੁਝ ਹਾਸਲ ਨਹੀਂ ਹੁੰਦਾ, ਕਿਉਂਕਿ ਭਰਮ ਟੁੱਟਣ `ਤੇ ਬਹੁਤ ਕੁਝ ਤਹਿਸ਼-ਨਹਿਸ਼ ਹੋ ਜਾਂਦਾ। ਸਿਰਫ ਪੱਲੇ ਵਿਚ ਰਹਿ ਜਾਂਦੀ ਸਿਵਿਆਂ ਦੀ ਉਡ ਰਹੀ ਸਵਾਹ, ਜਿਸ ਵਿਚ ਗਵਾਚ ਜਾਂਦੀ ਏ ਜਿ਼ੰਦਗੀ ਦੀ ਰਾਹ।
ਜਿ਼ੰਦਗੀ ਦੇ ਹਰ ਖੇਤਰ ਵਿਚ ਹੀ ਮਨੁੱਖ ਸੰਵੇਦਨਹੀਣ। ਉਹ ਸਿਰਫ ਨਿੱਜ ਤੱਕ ਸੀਮਤ। ਕਿਸੇ ਦੇ ਦੁੱਖਾਂ, ਤਕਲੀਫਾਂ, ਔਕੜਾਂ, ਲਾਚਾਰੀ, ਕਮਜੋ਼ਰੀ, ਨਿਤਾਣੇਪਣ ਜਾਂ ਨਿਆਸਰੇਪਣ ਦਾ ਕੋਈ ਅਹਿਸਾਸ ਨਹੀਂ; ਪਰ ਸਭ ਤੋਂ ਵੱਧ ਦੁੱਖ ਹੁੰਦਾ ਜਦ ਕਿਸੇ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਕੇ, ਨਿੱਜੀ ਲਾਭ ਜਾਂ ਹੋਛੇਪਣ ਨੂੰ ਜਾਹਰ ਕਰਨ ਲਈ ਸੰਵੇਦਨਸ਼ੀਲਤਾ ਦੀ ਆਖਰੀ ਹੱਦ ਵੀ ਉਲੰਘਦੇ ਕੁਝ ਲੋਕ। ਸੋਸ਼ਲ ਮੀਡੀਆ ਦਾ ਇਹ ਕੇਹਾ ਨਿਲੱਜ ਯੁੱਗ ਆ ਕਿ ਅਸੀਂ ਸੰਵੇਦਨਾ ਦਾ ਸੇਕ ਮਹਿਸੂਸ ਕੀਤੇ ਬਗੈਰ, ਇਸ ਦੇ ਸਿਵੇ ਦੀ ਅੱਗ ਸੇਕਦੇ, ਦੂਸਰੇ ਨੂੰ ਵੀ ਸਾੜਨ ਲਈ ਹਰ ਕੋਸਿ਼ਸ਼ ਕਰਦੇ ਹਾਂ।
ਕਿਸੇ ਦਾ ਪੁੱਤ ਯੁੱਧ ‘ਚ ਸ਼ਹੀਦ ਹੋ ਗਿਆ ਤੇ ਉਸ ਦੀ ਲੋਥ ਵਿਹੜੇ ਵਿਚ ਪਈ ਹੋਵੇ ਤਾਂ ਮੀਡੀਆ ਵਾਲੇ ਉਸ ਦੀ ਪਤਨੀ ਨੂੰ ਪੁੱਛਣਗੇ ਕਿ ਤੁਹਾਨੂੰ ਇਸ ਮੌਕੇ ਕਿਵੇਂ ਮਹਿਸੂਸ ਹੁੰਦਾ ਏ? ਕਿਸੇ ਮਾਂ ਦਾ ਪੁੱਤ ਐਕਸੀਡੈਂਟ ਵਿਚ ਭਰ ਜਵਾਨੀ ਵਿਚ ਤੁਰ ਜਾਵੇ ਤਾਂ ਮੀਡੀਆ-ਕਰਮੀ ਮਾਂ ਦੇ ਜ਼ਖਮਾਂ `ਤੇ ਲੂਣ ਛਿੜਕਦਿਆਂ ਪੁੱਛਣਗੇ ਕਿ ਪੁੱਤ ਦੀ ਲਾਸ਼ ਕੋਲ ਬੈਠਿਆਂ ਕਿਵੇਂ ਸੋਚਦੇ ਹੋ? ਕਿਸੇ ਬਾਪ ਦੀ ਜਵਾਨ ਧੀ ਨੂੰ ਸਹੁਰੇ ਮਾਰ ਦੇਣ ਤਾਂ ਉਸ ਦੇ ਦੁੱਖਾਂ ਦੀ ਪੰਡ ਨੂੰ ਹੋਰ ਭਾਰੀ ਕਰਨ ਲਈ, ਉਸ ਦੇ ਹੰਝੂਆਂ ਭਿੱਜੇ ਚਿਹਰੇ ਅਤੇ ਹਉਕਿਆਂ ਨੂੰ ਟੀ. ਵੀ. ‘ਤੇ ਦਿਖਾ ਕੇ ਪਤਾ ਨਹੀਂ ਕੀ ਦਿਖਾਉਣਾ ਲੋਚਦੇ? ਕਿਸੇ ਪਰਿਵਾਰ ਦੀ ਬੱਚੀ ਬੋਰਵੈੱਲ ਵਿਚ ਡਿੱਗ ਕੇ ਮਰ ਜਾਵੇ ਏ ਤਾਂ ਇਨ੍ਹਾਂ ਦੀ ਢਾਣੀ ਉਥੇ ਪਹੁੰਚ ਜਾਂਦੀ ਅਤੇ ਉਸ ਦੀ ਮਾਂ ਦੇ ਦਰਦ ਤੇ ਬਾਪ ਦੀ ਪੀੜਾ ਨੂੰ ਵੱਧ ਤੋਂ ਵੱਧ ਲੋਕਾਂ ਸਾਹਵੇਂ ਪਰੋਸਦੀ। ਕੀ ਮੀਡੀਆ ਕੋਲ ਸਿਰਫ ਇਹੀ ਸਾਧਨ ਰਹਿ ਗਿਆ ਕਿ ਉਹ ਵੱਧ ਤੋਂ ਵੱਧ ਵਿਊਸਿ਼ਪ ਨੁੰ ਵਧਾਉਣ ਲਈ, ਅਜਿਹੀਆਂ ਹੋਛੀਆਂ ਹਰਕਤਾਂ ‘ਤੇ ਉਤਾਰੂ ਹੋ ਜਾਣ? ਕੀ ਮੀਡੀਆ ਵਾਲਿਆਂ ਦੀ ਆਤਮਾ ਮਰ ਚੁਕੀ ਏ? ਕੀ ਇਨ੍ਹਾਂ ਨੂੰ ਇੰਨੀ ਵੀ ਤਾਲੀਮ ਨਹੀਂ ਕਿ ਕਿਸੇ ਦੇ ਨਿੱਜੀ ਪੀੜ-ਪਰੁੱਚੇ ਪਲਾਂ ਨੂੰ ਲੋਕਾਂ ਸਾਹਵੇਂ ਪ੍ਰਗਟ ਕਰਕੇ, ਕਿਸੇ ਦੀ ਨਿੱਜੀ ਜਿ਼ੰਦਗੀ ਨੂੰ ਨਰਕ ਬਣਾਉਣ ਲਈ ਕਸੂਰਵਾਰ ਕਿਉਂ ਬਣਦੇ? ਦਰਅਸਲ ਗਰਕ ਗਈਆਂ ਨੇ ਕਦਰਾਂ ਕੀਮਤਾਂ। ਜਦ ਮੀਡੀਆ ਸਿਰਫ ਧਨ ਕਮਾਉਣ ਦਾ ਸਾਧਨ ਬਣ ਜਾਵੇ ਅਤੇ ਸੋਸ਼ਲ ਪਲੇਟਫਾਰਮਾਂ `ਤੇ ਅਜਿਹਾ ਕੁਝ ਦਿਖਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ, ਹੋਛੇਪਣ ਦੀ ਪੂਰਤੀ ਨੂੰ ਸਭ ਕੁਝ ਸਮਝ ਲਿਆ ਜਾਵੇ ਤਾਂ ਸਮਝ ਲਵੋ ਕਿ ਹੁਣ ਸਿਰਫ ਮਨੁੱਖਤਾ ਦਾ ਮਰਸੀਆ ਹੀ ਪੜ੍ਹਿਆ ਜਾਣਾ ਬਾਕੀ ਰਹਿ ਗਿਆ ਏ।
ਹਰ ਸੰਵੇਦਨਸ਼ੀਲ ਵਿਅਕਤੀ ਬਹੁਤ ਪੀੜਤ ਹੁੰਦਾ ਤੇ ਰੂਹ ਵਲੂੰਧਰੀ ਜਾਂਦੀ, ਜਦ ਕਿਸੇ ਦੇ ਹੰਝੂਆਂ ਨੂੰ ਵੇਚਿਆ ਜਾਵੇ, ਗਮਾਂ ਦੀ ਨਿਲਾਮੀ ਕੀਤੀ ਜਾਵੇ, ਆਂਦਰਾਂ ਵਿਚੋਂ ਨਿਕਲੀ ਚੀਸ ਨੂੰ ਪੈਸੇ ਦੀ ਚਕਾਚੌਂਧ ਲਈ ਵਰਤਿਆ ਜਾਵੇ ਜਾਂ ਕਿਸੇ ਦੇ ਵਿਰਲਾਪਾਂ ਤੇ ਵੈਣਾਂ ਨੂੰ ਦਿਖਾ ਕੇ ਸੰਵੇਦਨਾ ਨੂੰ ਸ਼ਰਮਸਾਰ ਕੀਤਾ ਜਾਵੇ। ਇਹ ਮੌਕੇ ਨੀਚਪੁਣੇ ਨੂੰ ਉਜਾਗਰ ਕਰਨ ਦੇ ਨਹੀਂ ਹੁੰਦੇ। ਅਜਿਹੇ ਮੌਕੇ `ਤੇ ਕਿਸੇ ਦੀ ਵੇਦਨਾ ਨਿੱਜੀ ਹੁੰਦੀ ਅਤੇ ਇਸ ਨੂੰ ਸ਼ੱਰ੍ਹੇਆਮ ਦਿਖਾਉਣਾ, ਪੀੜਤ ਵਿਅਕਤੀ ਨੂੰ ਜਲੀਲ ਕਰਨਾ ਹੁੰਦਾ। ਪਿਛਲੇ ਦਿਨੀਂ ਸੁਰਾਂ ਦੇ ਸਿਕੰਦਰ, ਸਰਦੂਲ ਸਿਕੰਦਰ ਦੀ ਮੌਤ ਦੇ ਮੌਕੇ ਜਿਵੇਂ ਕੁਝ ਯੂ-ਟਿਊਬੀਆਂ ਨੇ ਨੂਰੀ ਨੂੰ ਸਰਦੂਲ ਦੀ ਲਾਸ਼ ਨਾਲ ਲਿਪਟਿਆਂ, ਵਿਰਲਾਪ ਕਰਦਿਆਂ ਦਿਖਾ ਕੇ, ਹੰਝੂਆਂ ਤੇ ਹਉਕਿਆਂ ਵਿਚੋਂ ਆਪਣੇ ਲਾਈਕਸ ਨੂੰ ਵਧਾਉਣ ਦੀ ਕੋਸਿ਼ਸ਼ ਕੀਤੀ। ਦਰਦਾਂ ਦੀ ਮਾਰੀ, ਅੱਥਰੂ-ਅੱਥਰੂ ਹੋਈ ਨੂਰੀ ਨੂੰ ਦਿਖਾਉਣ ਵਿਚ ਬੇਸ਼ਰਮੀ ਕੀਤੀ, ਇਹ ਬਹੁਤ ਨਿੰਦਣਯੋਗ ਅਤੇ ਕਰੂਰ ਵਰਤਾਰਾ ਸੀ। ਇਹ ਰੁਕਣਾ ਚਾਹੀਦਾ ਹੈ। ਕਮੀਨਗੀ ਹੈ ਕਿਸੇ ਦੀ ਤ੍ਰਾਸਦੀ `ਤੇ ਰੋਟੀਆਂ ਸੇਕਣੀਆਂ। ਇਹ ਕੁਝ ਦੇਖ ਕੇ ਮਨ ਬਹੁਤ ਰੋਇਆ ਅਤੇ ਮਰ ਗਈ ਜ਼ਹਿਨੀਅਤ ਨੂੰ ਕੋਸਦਾ ਰਿਹਾ।
ਖੁਦਾ ਦਾ ਵਾਸਤਾ ਈ ਅਜਿਹੇ ਯੂ ਟਿਊਬੀਓ! ਵੈਣਾਂ ਦਾ ਵਣਜ ਨਾ ਕਰੋ ਅਤੇ ਨਾ ਹੀ ਵਿਰਲਾਪਾਂ ਵਿਚੋਂ ਵਿਊਸਿ਼ਪ ਨੂੰ ਕਿਆਸੋ। ਕੁਝ ਚੰਗਾ ਦਿਖਾਓ। ਜੇ ਦਰਸ਼ਕ ਲਈ ਇਸ ਦੀ ਸਾਰਥਿਕਤਾ, ਸੇਧ, ਸੱਚਾਈ ਜਾਂ ਸੁਚੱਜਤਾ ਹੋਈ ਤਾਂ ਤੁਹਾਡੇ ਲਾਈਕਸ ਆਪਣੇ ਆਪ ਵੱਧ ਜਾਣਗੇ। ਜਦ ਇਸ ਵਰਤਾਰੇ ਨੂੰ ਰੋਕਣ ਲਈ ਇਕ ਸੰਵੇਦਨਸ਼ੀਲ ਬੇਟੀ ਦੀ ਵੀਡੀਓ ਸੁਣੀ ਤਾਂ ਮਨ ਨੂੰ ਧਰਵਾਸ ਮਿਲਿਆ ਕਿ ਕੋਈ ਤਾਂ ਹਰਿਆ ਬੂਟਾ ਰਿਹੋ ਰੀ। ਅਜਿਹਾ ਦਿਖਾਉਣ ਤੋਂ ਪਹਿਲਾਂ ਇਹ ਜਰੂਰ ਸੋਚਣਾ ਕਿ ਜੇ ਅਜਿਹਾ ਕੁਝ ਤੁਹਾਡੇ ਨਾਲ ਵਾਪਰੇ, ਤੁਹਾਡੇ ਕੋਲੋਂ ਅਜਿਹੇ ਪ੍ਰਸ਼ਨ ਪੁੱਛੇ ਜਾਣ ਅਤੇ ਤੁਹਾਡੀਆਂ ਹਿੱਚਕੀਆਂ ਤੇ ਹੰਝੂਆਂ ਨੂੰ ਦਿਖਾਇਆ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ? ਜਰਾ ਸੋਚਣਾ! ਤੁਹਾਡੇ ਪਿਆਰੇ ਦੇ ਮਰਨ ਤੋਂ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਤੁਸੀਂ ਕੀ ਸੋਚੋਗੇ? ਤੁਹਾਡੀ ਮਾਨਸਿਕਤਾ ਕੀ ਹੋਵੇਗੀ? ਤੁਹਾਡੀ ਮਨੋਦਿਸ਼ਾ ਵਿਚ ਕੀ ਉਥਲ-ਪਥਲ ਹੋਵੇਗੀ? ਜੋ ਤੁਹਾਡੇ ਮਨ ਵਿਚ ਹੋਵੇਗਾ, ਉਹ ਹੀ ਮਰਨ ਵਾਲੇ ਦੇ ਸਕੇ ਸਬੰਧੀਆਂ ਦੇ ਮਨਾਂ ਵਿਚ ਵਾਪਰਦਾ ਏ।
ਸੰਵੇਦਨਾ ਤਾਂ ਸਰੀਰ ਦੇ ਧੜਕਦੇ ਹੋਏ ਹਿੱਸੇ ਦਾ ਹੀ ਇਕ ਕਿੱਸਾ ਹੈ। ਜਦ ਇਹ ਵੀ ਨਾ ਰਿਹਾ ਤਾਂ ਕਿਥੇ ਰਹੇਗਾ ਸੰਵੇਦਨਾ, ਸੂਖਮਤਾ ਅਤੇ ਸਕੂਨਤਾ ਦਾ ਸੰਦੇਸ਼।
ਸੰਵੇਦਨਾ ਨੂੰ ਮਰਨ ਨਾ ਦਿਓ। ਆਪਣੀ ਸੋਚ ਵਿਚ ਉਤਾਰੋ। ਇਸ ਦੀਆਂ ਰਹਿਮਤਾਂ ਨੂੰ ਆਪਣਾ ਹਾਸਲ ਬਣਾਓ। ਨਜ਼ਰ ਦੇ ਦਿਸਹੱਦਿਆਂ ਵਿਚ ਸੰੁਦਰ ਨਜ਼ਰੀਆ ਉਤਾਰੋ ਤਾਂ ਹੀ ਤੁਸੀਂ ਨਸੀਬਾਂ ਦੀ ਫੁੱਲਕਾਰੀ ਨੂੰ ਸੁੱਚੇ ਧਾਗਿਆਂ ਅਤੇ ਸੂਹੇ ਰੰਗਾਂ ਨਾਲ ਸਜਾ, ਇਸ ਨੂੰ ਮਲਕੀਅਤ ਬਣਾ, ਇਸ ਦੀਆਂ ਬਰਕਤਾਂ ਮਾਣ ਸਕਦੇ ਹੋ।
ਸੰਵੇਦਨਹੀਣ ਲੋਕ ਸਿਰਫ ਰੋਬੋਟ। ਮਕਾਨਕੀ ਜਿ਼ੰਦਗੀ ਦਾ ਮਖੌਟਾ। ਭਾਵਨਾਵਾਂ ਤੋਂ ਵਿਰਵੇ। ਖੁੱਲ੍ਹੀਆਂ ਅੱਖਾਂ ਨਾਲ ਦੇਖਣ ਤੋਂ ਆਕੀ ਅਤੇ ਸੱਚ ਬੋਲਣ ਤੋਂ ਤ੍ਰਹਿੰਦੇ। ਆਪਣੀਆਂ ਅੱਖਾਂ ਮੀਟ ਕੇ ਕਿੰਨਾ ਕੁ ਚਿਰ ਕੋਈ ਕਬੂਤਰ ਬਣ ਬੈਠ ਸਕਦਾ। ਆਖਰ ਨੂੰ ਤਾਂ ਬਿੱਲੀ ਨੇ ਝਪਟਾ ਮਾਰਨਾ ਹੀ ਹੁੰਦਾ।
ਸੰਵੇਦਨਹੀਣ ਔਲਾਦ, ਮਾਪਿਆਂ ਨੂੰ ਘਰੋਂ ਬਾਹਰ ਕੱਢ ਰਹੀ। ਜਾਇਦਾਦ ਕਾਰਨ ਭਰਾ ਹੀ ਭਰਾ ਦੀ ਲਾਸ਼ ਨੂੰ ਖੇਤ ਵਿਚ ਹੀ ਦੱਬ ਰਿਹਾ। ਅਦਾਰੇ ਦਾ ਮਾਲਕ ਮੁਲਾਜ਼ਮਾਂ ਦਾ ਸ਼ੋਸ਼ਣ ਕਰਦਾ। ਅਧਿਕਾਰੀ ਆਪਣੇ ਮਾਤਹਿਤਾਂ ਦਾ ਸਰੀਰਕ, ਮਾਨਸਿਕ ਜਾਂ ਆਰਥਿਕ ਸ਼ੋਸ਼ਣ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਦਰਅਸਲ ਇਹ ਗਰਕੀ ਸੰਵੇਦਨਾ ਦਾ ਪ੍ਰਗਟਾਅ। ਅਸੀਂ ਇਸ ਨੂੰ ਹੀ ਆਪਣਾ ਜੀਵਨ-ਆਧਾਰ ਬਣਾ ਲਿਆ; ਤਾਂ ਹੀ ਅੱਜ ਕੱਲ੍ਹ ਘਰ ਨਹੀਂ ਉਸਾਰਦੇ, ਸਗੋਂ ਮਕਾਨ ਬਣਾਉਂਦੇ ਹਾਂ। ਕਮਰਾ ਨਹੀਂ ਹੁੰਦਾ, ਸਗੋਂ ਇਹ ਘੁਰਨਾ-ਰੂਪੀ ਚਾਰ-ਦੀਵਾਰੀ ਹੁੰਦੀ। ਖਿੜਕੀਆਂ ਤੇ ਰੌਸ਼ਨਦਾਨ ਖੁੱਲ੍ਹੇ ਨਹੀਂ ਰੱਖਦੇ, ਸਗੋਂ ਪਰਦਾਦਾਰੀ ਕਰਦੇ ਹਾਂ। ਸਦਾ ਖੁੱਲ੍ਹੇ ਰਹਿਣ ਵਾਲੇ ਘਰ ਦੇ ਦਰਵਾਜੇ, ਹੁਣ ਬੰਦ ਦਰਵਾਜਿਆਂ ਦੀ ਕੈਦ ਕੱਟਦੇ ਨੇ। ਇਹ ਕੇਹੀ ਉਨਤੀ ਤੇ ਕੇਹਾ ਦਾਈਆ? ਕਦੇ ਖੁੱਲ੍ਹੇ ਦਰਾਂ, ਖੁੱਲ੍ਹੀਆਂ ਸਬਾਤਾਂ ਤੇ ਦਲਾਨ, ਬਿਨ ਕੁੰਡਿਓਂ ਬੂਹੇ ਅਤੇ ਵਿਹੜਿਆਂ ਵਿਚ ਵਿਚਰਦੀ ਖੁੱਲ੍ਹੀ ਡੁੱਲੀ ਜਿ਼ੰਦਗੀ ਨੂੰ ਕਿਆਸਣਾ, ਤੁਹਾਨੂੰ ਅਜੋਕੀ ਜਿ਼ੰਦਗੀ ਅਤੇ ਜੀਵਨ-ਜਾਚ ਤੇ ਨਮੋਸ਼ੀ ਹੋਵੇਗੀ।
ਸੰਵੇਦਨਾ ਜਿਉਂਦੀ ਤਾਂ ਅੱਖਾਂ ਛਲਕਦੀਆਂ, ਦੀਦਿਆਂ ਵਿਚ ਲਾਲੀ ਉਤਰਦੀ, ਹੰਝੂਆਂ ਵਿਚ ਖੁਦ ਨੂੰ ਭਿਉਂਦੇ। ਕਿਸੇ ਦੀ ਖੁਸ਼ੀ ਵਿਚ ਰੂਹ ਤੋਂ ਸ਼ਰੀਕ ਹੁੰਦੇ। ਕਿਸੇ ਦੀਆਂ ਸਫਲਤਾਵਾਂ ਨੂੰ ਆਪਣੀਆਂ ਸਫਲਤਾਵਾਂ ਸਮਝਦੇ। ਕਿਸੇ ਦੇ ਸੁਪਨਿਆਂ ਦੀ ਪੂਰਤੀ ਵਿਚ ਸਹਿਯੋਗ ਦਿੰਦੇ। ਕਿਸੇ ਦੇ ਖਾਲੀ ਬਸਤੇ ਵਿਚ ਕਿਤਾਬਾਂ ਤੇ ਕਾਪੀਆਂ ਦਾ ਖਜ਼ਾਨਾ ਪਾਉਂਦੇ। ਕਿਸੇ ਨੰਗੇ ਤਨ ਲਈ ਲਿਬਾਸ ਦਾ ਪ੍ਰਬੰਧ ਕਰਦੇ ਜਾਂ ਕਿਸੇ ਲਈ ਛੱਤ ਦਾ ਬੰਦੋਬਸਤ ਕਰਦੇ। ਸੰਵੇਦਨਸ਼ੀਲ ਲੋਕ ਹੀ ਪਿੰਗਲਵਾੜਾ ਦੇ ਮੋਢੀ ਹੁੰਦੇ, ਮਦਰ ਟੈਰੇਸਾ ਵੀ ਬਣਦੇ, ਬਜੁਰਗ ਆਸ਼ਰਮ ਵੀ ਉਸਾਰਦੇ ਅਤੇ ਨਿਆਸਰਿਆਂ ਤੇ ਨਿਤਾਣਿਆਂ ਲਈ ਰੈਣ-ਬਸੇਰਾ ਬਣਾਉਂਦੇ।
ਸੰਵੇਦਨਸ਼ੀਲ ਲੋਕ ਸੱਚੇ-ਸੁੱਚੇ, ਇਮਾਨਦਾਰ ਅਤੇ ਪਾਕ ਰੂਹਾਂ। ਉਨ੍ਹਾਂ ਦੇ ਮੁਖੜੇ, ਹਰਕਤਾਂ, ਅੰਗਾਂ ਵਿਚ ਪੈਦਾ ਹੋਈ ਹਰਕਤ ਜਾਂ ਹੰਝੂਆਂ, ਹਾਸਿਆਂ ਤੇ ਹਾਵ-ਭਾਵਾਂ ਵਿਚੋਂ, ਉਨ੍ਹਾਂ ਦਾ ਅੰਤਰੀਵ ਬਾਖੂਬੀ ਪੜ੍ਹਿਆ ਜਾ ਸਕਦਾ। ਉਹ ਕੁਝ ਵੀ ਨਹੀਂ ਲੁਕੋ ਸਕਦੇ। ਉਹ ਦਿੱਬ-ਦ੍ਰਿਸ਼ਟੀ ਦੇ ਮਾਲਕ ਅਤੇ ਦੂਰ-ਅੰਦੇਸ਼ ਹੁੰਦੇ।
ਸੰਵੇਦਨਸ਼ੀਲ ਲੋਕ ਹੀ ਸਭ ਤੋਂ ਜਿ਼ਆਦਾ ਦੁੱਖੀ ਹੁੰਦੇ, ਕਿਉਂਕਿ ਜਦ ਉਨ੍ਹਾਂ ਦਾ ਸੁਪਨਾ ਤਿੜਕਦਾ ਤਾਂ ਇਸ ਦੀਆਂ ਕਿੱਚਰਾਂ, ਉਨ੍ਹਾਂ ਦੇ ਪੈਰਾਂ ਵਿਚ ਚੱਭਦੀਆਂ ਅਤੇ ਦੀਦਿਆਂ ਵਿਚ ਵੀ ਚਸਕਾਂ ਪੈਦਾ ਕਰਦੀਆਂ। ਉਹ ਬਹੁਤ ਹੀ ਆਸਵੰਤ ਹੁੰਦੇ ਅਤੇ ਇਨ੍ਹਾਂ ਦੀ ਅਪੂਰਤੀ ਕਾਰਨ ਉਹ ਅੰਤਰੀਵੀ ਪੀੜਾ ਵਿਚ ਚੂਰ-ਚੂਰ ਹੋ ਜਾਂਦੇ।
ਸੰਵੇਦਨਸ਼ੀਲਤਾ, ਖੁਸ਼ੀ ਦਾ ਖਜਾਨਾ, ਬਰਕਤਾਂ ਦੀ ਬਹਿਸ਼ਤ, ਨਿਅਮਾਤਾਂ ਦੀ ਨਗਰੀ। ਰੂਹ-ਰੇਜ਼ਤਾ ਤੇ ਰੂਹ-ਰੰਗਤਾ। ਰਾਗ-ਰਾਗਣੀ ਦੀ ਸੁਰ-ਬੰਧਨਾ। ਪ੍ਰਾਪਤੀਆਂ ਦਾ ਸਿਰਲੇਖ ਅਤੇ ਭਰੇ-ਭਕੂਨੇ ਹੋਣ ਦਾ ਅਹਿਸਾਸ। ਅੱਖਾਂ ਉਚੀਆਂ ਕਰਕੇ ਜਿਊਣ ਦਾ ਅੰਦਾਜ਼, ਜੀਵਨ ਦੇ ਸੁੱਚਮ ਵਿਚ ਰੰਗਿਆ ਜੀਵਨ-ਸਾਜ਼ ਅਤੇ ਸਭ ਦੇ ਸਨਮੁੱਖ ਦਿਲ ਦਾ ਰਾਜ਼।
ਸੰਵੇਦਨਸ਼ੀਲ ਲੋਕ ਇਹ ਜਾਣਦੇ ਕਿ ਜੇ ਅੱਜ ਉਹ ਮਿੱਟੀ ਦੇ ਉਪਰ ਹਨ ਤਾਂ ਕੱਲ੍ਹ ਨੂੰ ਉਹ ਮਿੱਟੀ ਦੇ ਹੇਠਾਂ ਵੀ ਹੋਣਗੇ। ਉਨ੍ਹਾਂ ਨੂੰ ਪਤਾ ਹੁੰਦਾ ਕਿ ਮਿੱਟੀ ਤੋਂ ਬਣਿਆਂ ਨੇ ਆਖਰ ਨੂੰ ਮਿੱਟੀ ਹੋ ਕੇ, ਮਿੱਟੀ ਵਿਚ ਹੀ ਮਿਲਣਾ ਏ।
ਮਰਦਾਂ ਨਾਲੋਂ ਔਰਤਾਂ ਜਿ਼ਆਦਾ ਸੰਵੇਦਨਸ਼ੀਲ। ਉਹ ਬੜੀ ਜਲਦੀ ਭਾਵੁਕ ਹੋ ਜਾਂਦੀਆਂ। ਕਿਸੇ ਦੀਆਂ ਆਹਾਂ ਵਿਚ ਆਹ ਬਣ ਜਾਦੀਆਂ। ਕਿਸੇ ਨੂੰ ਹਾਸੇ ਅਰਪਤ ਕਰਨ ਲਈ ਪੂਰੀ ਵਾਹ ਲਾਉਂਦੀਆਂ। ਸ਼ਾਇਦ ਇਸ ਕਰਕੇ ਕਈ ਵਾਰ ਉਨ੍ਹਾਂ ਦੀ ਸੰਵੇਦਨਾ ਦਾ ਸ਼ੋਸ਼ਣ ਕਰਕੇ, ਦਰਦਾਂ ਦੀ ਭੱਠੀ ਵਿਚ ਝੋਕੇ ਜਾਣ ਲਈ ਮਜਬੂਰ ਵੀ ਕੀਤਾ ਜਾਂਦਾ। ਜਿ਼ਆਦਾ ਦੁੱਖ ਵੀ ਔਰਤਾਂ ਦੇ ਹਿੱਸੇ ਆਉਂਦੇ।
ਸੰਵੇਦਨਸ਼ੀਲ ਲੋਕਾਂ ਨੂੰ ਪਤਾ ਹੁੰਦਾ ਕਿ ਜਨਮ ਵੀ ਕਿਸੇ ਨੇ ਦਿੱਤਾ, ਨਾਮ ਵੀ ਹੋਰਨਾਂ ਨੇ ਦਿੱਤਾ, ਵਿਦਿਆ ਕਿਸੇ ਨੇ ਦਿੱਤੀ, ਕੰਮ ਵੀ ਕਿਸੇ ਲਈ ਕੀਤਾ ਅਤੇ ਸ਼ਮਸ਼ਾਨ ਵੱਲ ਵੀ ਕੋਈ ਚਾਰ ਲੋਕ ਲੈ ਕੇ ਜਾਣਗੇ। ਉਨ੍ਹਾਂ ਦਾ ਤਾਂ ਕੁਝ ਵੀ ਨਹੀਂ। ਸਿਰਫ ਕਮਾਈ ਹੋਈ ਸੰਵੇਦਨਾ ਹੀ, ਉਨ੍ਹਾਂ ਦੇ ਜਾਣ ਤੋਂ ਬਾਅਦ ਲੋਕ-ਚੇਤਿਆਂ ਵਿਚ ਵੱਸੀ ਰਹਿਣੀ ਹੈ।