ਚਾਚੀ ਰਾਮੋ

ਪ੍ਰਿਤਪਾਲ ਸਿੰਘ ਟਿਵਾਣਾ, ਸਿਆਟਲ
ਫੋਨ: 206-765-9069
‘ਇਨ੍ਹਾਂ ਤੀਵੀਆਂ ਨੂੰ ਗੱਲਾਂ ਦੇ ਸਿਵਾ ਕੁਝ ਨਹੀਂ ਆਉਂਦਾ’, ਪਿੰਡ ਦੀ ਖੂਹੀ ਕੋਲ ਵਿਹਲੇ, ਗੱਪਾਂ ਮਾਰਦੇ ਬੁੱਢਿਆਂ ਨੂੰ ਕਹਿੰਦਿਆਂ ਅਸੀਂ ਰੋਜ਼ ਸੁਣਦੇ ਸੀ, ਪਰ ਇਹ ਨਹੀਂ ਸੀ ਪਤਾ ਲਗਦਾ, ਉਹ ਕਿਹੜੀਆਂ ਤੀਵੀਆਂ ਬਾਰੇ ਗੱਲਾਂ ਕਰਦੇ ਹੁੰਦੇ ਸਨ। ਸਾਨੂੰ ਉਸ ਵਕਤ ਕੋਈ ਬਹੁਤੀ ਸੋਝੀ ਨਹੀਂ ਸੀ ਤੇ ਨਾ ਹੀ ਕੋਈ ਕੰਮ। ਸਕੂਲੋਂ ਛੁੱਟੀ ਹੁੰਦਿਆਂ ਸਾਰੇ ਦੋਸਤ ਰੱਜ ਕੇ ਖੇਡਦੇ। ਫਿਰ ਘਰ ਆਉਣ ਲੱਗਿਆਂ ਇਸ ਖੂਹੀ ਕੋਲ ਪਾਣੀ ਪੀਣ ਰੁਕ ਜਾਂਦੇ। ਪਿਆਸ ਭਾਵੇਂ ਹੋਵੇ ਜਾਂ ਨਾ, ਸਿਰਫ ਦੋਸਤਾਂ ਨਾਲ ਦਸ ਮਿੰਟ ਹੋਰ ਬਿਤਾਉਣ ਲਈ ਜੀਅ ਕਰਦਾ। ਪਾਣੀ ਪੀਂਦਿਆਂ ਉਨ੍ਹਾਂ ਬੁੱਢਿਆਂ ਦੀਆਂ ਕੁਝ ਗੱਲਾਂ ਵੀ ਕੰਨੀ ਪੈ ਜਾਂਦੀਆਂ।
ਘਰ ਆਉਂਦੇ ਤਾਂ ਸਾਡੀ ਮਾਤਾ ਜੀ ਕੋਲ ਗਵਾਂਢਣਾਂ ਬੈਠ ਕੇ ਗੱਲਾਂ ਕਰਦੀਆਂ ਹੁੰਦੀਆਂ, ਨਾਲੇ ਮਾਤਾ ਜੀ ਦੇ ਕੰਮ ‘ਚ ਹਿੱਸਾ ਵੰਡਾਉਂਦੀਆਂ। ਕਿਸੇ ਨੇ ਕਾਗਜ਼ ਭਿਉਣੇ ਤੇ ਕਿਸੇ ਨੇ ਗਾਚੀ ਮਿੱਟੀ। ਤੇ ਫਿਰ ਰਲ ਕੇ ਗੋਹਲੇ ਅਤੇ ਭੜੋਲੀਆਂ ਬਣਉਾਣੀਆਂ। ਕਦੇ ਮਿੱਟੀ ਦੇ ਚੁੱਲ੍ਹੇ ਤੇ ਚੁਰਾਂ ਬਣਾਉਣੇ, ਤੇ ਕਦੇ ਹਾਰੇ, ਤੰਦੂਰ। ਤਿਉਹਾਰ ਆਉਣੇ ਤੇ ਰਲ ਕੇ ਖੋਏ ਦੀ ਬਰਫੀ ਅਤੇ ਲੱਡੂ ਬਣਾਉਣੇ। ਸਵੇਰੇ ਲਗਦੀਆਂ ਤੇ ਦੁਪਹਿਰ ਤਕ ਲਗੀਆਂ ਰਹਿੰਦੀਆਂ, ਜਿਵੇਂ ਉਨ੍ਹਾਂ ਦਾ ਜੀਅ ਵੀ ਘਰ ਜਾਣ ਨੂੰ ਨਾ ਕਰਦਾ ਹੋਵੇ। ਕਾਫੀ ਪਿਆਰ ਸੀ ਉਨ੍ਹਾਂ ਸਭਨਾਂ ਵਿਚ।

ਸਾਡੀ ਮਾਤਾ ਜੀ ਨੇ ਸਾਨੂੰ ਸਿਖਾਇਆ ਸੀ ਕਿ ਉਨ੍ਹਾਂ ਨੂੰ ਚਾਚੀ ਜਾਂ ਤਾਈ ਕਰ ਕੇ ਬੁਲਾਇਆ ਕਰੋ। ਮਾਤਾ ਤੋਂ ਛੋਟੀ ਉਮਰ ਦੀ ਚਾਚੀ ਤੇ ਵੱਡੀ ਉਮਰ ਦੀ ਤਾਈ। ਸਹੇਲੀਆਂ ਜਿ਼ਆਦਾ ਸਨ, ਸੋ ਉਨ੍ਹਾਂ ਵਿਚ ਭਿੰਨਤਾ ਰੱਖਣ ਲਈ ਅਸੀਂ ਨਾਮ ਆਪ ਜੋੜ ਲੈਂਦੇ ਸਾਂ। ਜਿਵੇਂ ਚਾਚੀ ਰਾਮੋ, ਤਾਈ ਦੇਬੋ, ਤਾਰੋ ਭੂਆ, ਤਾਈ ਗੁਰਨਾਮੋ, ਚਾਚੀ ਛੱਤਰੋ, ਚਾਚੀ ਧਾਂਦਰੇ ਵਾਲੀ ਆਦਿ।
ਦੋ ਤਿੰਨ ਸਾਲ ਬੀਤੇ ਤੇ ਮੇਰੇ ਮਾਤਾ ਨੂੰ ਕੈਂਸਰ ਦੀ ਬਿਮਾਰੀ ਲੱਗ ਗਈ। ਉਹ ਬਿਸਤਰੇ ਵਿਚ ਪੈ ਗਈ। ਉਹਦੀਆਂ ਸਹੇਲੀਆਂ ਫਿਰ ਵੀ ਆਉਂਦੀਆਂ ਰਹੀਆਂ ਤੇ ਘਰ ਦਾ ਸਾਰਾ ਕੰਮ ਮੁਕਾ ਕੇ ਜਾਂਦੀਆਂ। ਮਾਤਾ ਜੀ ਦੇ ਬਹੁਤ ਇਲਾਜ ਕੀਤੇ, ਪਰ ਨਾ-ਮੁਰਾਦ ਕੈਂਸਰ ਨੇ ਪਿੱਛਾ ਨਾ ਛੱਡਿਆ। ਦੀਵਾਲੀ ‘ਤੇ ਸਾਰੀਆਂ ਸਹੇਲੀਆਂ ਸਾਡੇ ਘਰ ਮਿਠਾਈ ਦੇਣ ਆਈਆਂ ਤੇ ਉਸ ਤੋਂ ਤੀਜੇ ਦਿਨ ਮੇਰੀ ਮਾਤਾ ਸਾਨੂੰ ਸਦਾ ਲਈ ਛੱਡ ਗਈ। ਅਸੀਂ ਦੋ ਭਰਾ ਸੀ ਤੇ ਇਕ ਭੈਣ। ਸਾਰੇ ਛੋਟੀ ਉਮਰ ਦੇ। ਅਸੀਂ ਸਾਰੇ ਬਹੁਤ ਰੋਏ। ਤਦ ਇਨ੍ਹਾਂ ਸਾਰੀਆਂ ਚਾਚੀਆਂ ਤੇ ਤਾਈਆਂ ਨੇ ਸਾਨੂੰ ਬਹੁਤ ਹੌਸਲਾ ਦਿੱਤਾ।
ਇਨ੍ਹਾਂ ਵਿਚੋਂ ਇਕ ਚਾਚੀ ਰਾਮੋ ਸੀ। ਕੱਦ ਦੀ ਮਧਰੀ ਤੇ ਸਾਉਲੇ ਰੰਗ ਦੀ। ਉਸ ਦਾ ਪਰਿਵਾਰ ਰੰਘੜ ਮੁਸਲਮਾਨ ਸੀ ਤੇ ਅਸੀਂ ਜੱਟ ਸਿੱਖ ਸੀ। ਚਾਚੀ ਰਾਮੋ ਦਾ ਪਤੀ ਦੌਲਤ ਖਾਂ ਟਰੱਕ ਡਰਾਈਵਰ ਸੀ। ਇਕ ਵਾਰ ਟੂਰ ‘ਤੇ ਜਾਂਦਾ, ਕਈ ਕਈ ਦਿਨ ਵਾਪਸ ਨਾ ਆਉਂਦਾ। ਚਾਚੀ ਰਾਮੋ ਨੇ ਸਵੇਰੇ ਸਾਡੇ ਸਕੂਲ ਜਾਣ ਤੋਂ ਇਕ ਘੰਟਾ ਪਹਿਲੇ ਹੀ ਸਾਨੂੰ ਨਾਸ਼ਤਾ ਭੇਜ ਦੇਣਾ। ਦੁਪਹਿਰੇ ਸਕੂਲੋਂ ਆ ਕੇ ਅਸੀਂ ਬਸਤੇ ਘਰ ਰੱਖਣੇ ਤੇ ਚਾਚੀ ਰਾਮੋ ਘਰ ਆਟਾ ਲੈ ਜਾਣਾ ਤੇ ਉਹਨੇ ਸਾਨੂੰ ਰੋਟੀਆਂ ਪਕਾ ਦੇਣੀਆਂ। ਬਹੁਤ ਵਾਰੀ ਤਾਂ ਸਾਡੇ ਜਾਣ ਤੋਂ ਪਹਿਲਾਂ ਹੀ ਉਹ ਰੋਟੀਆਂ ਬਣਾ ਰਹੀ ਹੁੰਦੀ। ਸੁੱਖ ਨਾਲ ਉਹਦਾ ਆਪਣਾ ਵੀ ਵੱਡਾ ਪਰਿਵਾਰ ਸੀ-ਤਿੰਨ ਲੜਕੀਆਂ ਤੇ ਦੋ ਲੜਕੇ। ਫਿਰ ਅਸੀਂ ਅੱਠਾਂ ਨੇ ਰਲ ਕੇ ਰੋਟੀ ਖਾਣੀ ਤੇ ਆਉਣ ਲੱਗਿਆਂ ਚਾਚੀ ਰਾਮੋ ਨੇ ਸਾਡਾ ਆਟਾ ਸਾਨੂੰ ਵਾਪਸ ਦੇ ਦੇਣਾ।
ਫਿਰ ਪਤਾ ਲੱਗਿਆ ਕਿ ਚਾਚੀ ਰਾਮੋ ਨੂੰ ਜਮੀਨ ਵੇਚਣੀ ਪਈ ਸੀ। ਉਹਨੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ। ਖੇਤਾਂ ਵਿਚੋਂ ਘਾਹ ਲਿਆਉਣਾ, ਨਰਮਾਂ ਕਪਾਹ ਚੁਗਣੀ ਤੇ ਮੱਕੀ ਕੱਢਣੀ, ਗੰਨੇ ਘੜਨੇ ਆਦਿ ਕਈ ਕੰਮ ਸਨ, ਜੋ ਉਹ ਰੋਜ਼ ਕਰਦੀ, ਪਰ ਇਨ੍ਹਾਂ ਜਿ਼ੰਮੇਵਾਰੀਆਂ ਵਧਣ ਦੇ ਬਾਵਜੂਦ ਉਹਨੇ ਸਾਡਾ ਖਾਣਾ ਬਣਾਉਣਾ ਨਾ ਛੱਡਿਆ।
ਅਸੀਂ ਸਭ ਵੱਡੇ ਹੋ ਗਏ। ਉਹਦੇ ਬੱਚੇ ਵੀ। ਉਹ ਵੀ ਚਾਚੀ ਵਾਂਗ ਹਿੰਮਤੀ ਸਨ। ਪੜ੍ਹਾਈ ਦੇ ਨਾਲ ਨਾਲ ਜੀਵਕਾ ਕਮਾਉਣ ਵਿਚ ਚਾਚੀ ਰਾਮੋ ਦਾ ਹੱਥ ਵਟਾਉਂਦੇ। ਕੁੜੀਆਂ ਲੋਕਾਂ ਲਈ ਮੰਜੇ ਪੀੜ੍ਹੀਆਂ, ਦਰੀਆਂ. ਸਵੈਟਰ ਕੋਟੀਆਂ ਆਦਿ ਬੁਣਦੀਆਂ। ਰਾਤ ਨੂੰ ਦੇਰ ਤਕ ਚਰਖਾ ਕੱਤਦੀਆਂ। ਸੁਬਹ-ਸਵੇਰੇ ਉਠ ਕੇ ਫਿਰ ਪਸ਼ੂਆਂ ਦੇ ਕੰਮ ਤੋਂ ਸ਼ੁਰੂ ਹੋ ਜਾਂਦੀਆਂ। ਚਾਚੀ ਰਾਮੋ ਨੇ ਆਪਣੇ ਘਰ ਦੇ ਹਾਲਾਤ ਬਾਰੇ ਨਾ ਕਦੇ ਕਿਸੇ ਨੂੰ ਦੱਸਿਆ, ਨਾ ਮਦਦ ਮੰਗੀ, ਸਗੋਂ ਹੋਰਨਾਂ ਦੇ ਦੁੱਖ-ਸੁੱਖ ਬਰਾਬਰ ਵੰਡਦੀ ਰਹੀ।
ਕਿਸੇ ਦੇ ਵਿਆਹ ਹੋਣਾ ਤਾਂ ਚਾਚੀ ਰਾਮੋ ਨੇ ਸਭ ਤੋਂ ਪਹਿਲਾਂ ਗੀਤ ਗਾਉਣ ਤੇ ਗਿੱਧਾ ਪਾਉਣ ਲਈ ਤਿਆਰ ਹੋਣਾ। ਲਗਦਾ, ਉਸ ਪਰਿਵਾਰ ਨਾਲੋਂ ਜਿ਼ਆਦਾ ਖੁਸ਼ੀ ਉਸ ਨੂੰ ਹੋ ਰਹੀ ਹੋਵੇ। ਇਸੇ ਤਰ੍ਹਾਂ ਜੇ ਕਿਸੇ ਦੇ ਮਰਗ ਹੋ ਗਈ ਤਾਂ ਪਰਿਵਾਰ ਨੂੰ ਦਿਲਾਸਾ ਦੇਣਾ ਅਤੇ ਬੱਚਿਆਂ ਨੂੰ ਚਾਹ ਪਾਣੀ ਦੇਣ ਲਈ ਸਭ ਤੋ ਪਹਿਲੇ ਪਹੁੰਚ ਜਾਣਾ। ਜੇ ਕਦੇ ਕਿਸੇ ਨਾਲ ਮਕਾਣੇ ਜਾਣਾ ਹੁੰਦਾ ਤਾਂ ਆਪ ਡਾਢੇ ਤੜਕੇ ਉੱਠ ਕੇ ਆਪਣੇ ਘਰ ਦੇ ਕੰਮ ਕਰ ਕੇ ਉਨ੍ਹਾਂ ਦੇ ਘਰ ਜਾਣਾ ਤੇ ਕਹਿਣਾ ‘ਚਲੋ ਭਾਈ ਕਿੱਡਾ ਦਿਨ ਚੜ੍ਹ ਆਇਆ। ਮੁੜ ਕੇ ਵੀ ਆਉਣੈ।’ ਬਿਨਾਂ ਕਿਸੇ ਰੁਤਬੇ ਤੋਂ ਉਹ ਪਿੰਡ ਦੇ ਕਿਸੇ ਸਰਪੰਚ ਜਾਂ ਪ੍ਰਧਾਨ ਤੋਂ ਘਟ ਨਹੀਂ ਸੀ। ਹਰ ਇਕ `ਤੇ ਉਹਦਾ ਪੂਰਾ ਰੋਹਬ ਦਾਬ ਸੀ।
ਗਵਾਂਢ ਵਿਚ ਜੇ ਕਿਸੇ ਰਾਤ, ਤਾਇਆ ਪ੍ਰੀਤਮ ਅਤੇ ਉਸ ਦਾ ਮੁੰਡਾ ਜੱਗਾ ਦਾਰੂ ਪੀ ਕੇ ਲੜ ਪੈਂਦੇ ਤੇ ਉੱਚੀ ਬੋਲਦੇ, ਤਾਂ ਚਾਚੀ ਰਾਮੋ ਇਕ ਦਮ ਉਨ੍ਹਾਂ ਦੇ ਘਰ ਜਾਂਦੀ। ਦਰਾਂ ਵਿਚ ਢਾਕਾਂ `ਤੇ ਹੱਥ ਧਰ ਕੇ ਖੜ੍ਹ ਕੇ ਗਰਜਵੀਂ ਆਵਾਜ਼ ਵਿਚ ਕਹਿੰਦੀ, ‘ਵੇ ਜੱਗਿਆ, ਤੈਨੂੰ ਸ਼ਰਮ ਨਹੀ ਆਉਂਦੀ। ਅੱਧੀ ਰਾਤੀਂ ਰੌਲਾ ਪਾਇਐ।’ ਜੱਗੇ ਦੀ ਸਾਰੀ ਸ਼ਰਾਬ ਲਹਿ ਜਾਣੀ। ‘ਅੱਛਾ ਚਾਚੀ ਮੈਂ ਨਹੀਂ ਬੋਲਦਾ’ ਜੱਗੇ ਨੇ ਕਹਿਣਾ; ਤੇ ਫਿਰ ਚਾਚੀ ਉਹਦੇ ਪਿਓ ਦੁਆਲੇ ਹੋ ਜਾਂਦੀ, ‘ਵੇ ਪ੍ਰੀਤਮਾ ਤੂੰ ਤਾਂ ਸਿਆਣਾ ਹੈ, ਨਿਆਣਿਆਂ ਨਾਲ ਕਿਉਂ ਬੋਲਦੈਂ?’ ਉਹਨੇ ਵੀ ਕਹਿ ਦੇਣਾ, ‘ਰਾਮੋ, ਮੈਂ ਹੁਣ ਕੁਝ ਨਹੀਂ ਕਹਿੰਦਾ।’ ਤੇ ਉਸ ਤੋਂ ਬਾਅਦ ਇਉਂ ਲਗਣਾ ਜਿਵੇਂ ਪ੍ਰੀਤਮ ਜਾਂ ਜੱਗਾ ਉਸ ਪਿੰਡ ਵਿਚ ਹੀ ਨਹੀਂ ਰਹਿੰਦੇ। ਕਈ ਦਿਨ ਉਹ ਚਾਚੀ ਨੂੰ ਮੂੰਹ ਦਿਖਾਣ ਤੋਂ ਕਤਰਾਉਂਦੇ। ਇਸੇ ਤਰ੍ਹਾਂ ਹੀ ਜੇ ਕਿਤੇ ਕਿਸੇ ਦੇ ਹੋਰ ਘਰ ਬੋਲ-ਬੁਰਾਲਾ ਹੋ ਗਿਆ, ਤਾਂ ਚਾਚੀ ਨੇ ਉਥੇ ਵੀ ਪਹੁੰਚ ਜਾਣਾ। ਉਹਦੇ ਆਉਂਦਿਆਂ ਹੀ ਲੜਾਈ ਬੰਦ ਹੋ ਜਾਂਦੀ। ਉਹਨੂੰ ਕੁਝ ਕਹਿਣ ਦੀ ਲੋੜ ਹੀ ਨਾ ਪੈਂਦੀ।
ਪਰ ਇੰਨੇ ਰੋਹਬ ਦੇ ਨਾਲ ਨਾਲ ਉਹਦੀ ਜ਼ਬਾਨ ਮਿੱਠੀ ਵੀ ਬਹੁਤ ਸੀ। ਹਰ ਇਕ ਦਾ ਹਾਲ ਚਾਲ ਪੁਛਣਾ, ਹਰ ਘਰ ਦੀ ਖਬਰ ਰੱਖਣਾ, ਸਭਨਾਂ ਨੂੰ ਅਸੀਸਾਂ ਦੇਣੀਆਂ, ਉਨ੍ਹਾਂ ਦੇ ਸੁੱਖ ਲਈ ਅਰਦਾਸਾਂ ਕਰਨੀਆਂ, ਉਸ ਦਾ ਸੁਭਾਅ ਸੀ। ਆਪਣੇ ਕੁੜੀਆਂ-ਮੁੰਡਿਆਂ ਦੇ ਵਿਆਹ ਉਹਨੇ ਠਾਠ ਨਾਲ ਕੀਤੇ। ਸਭ ਨੂੰ ਬੁਲਾਇਆ।
ਜਦ ਮੈਂ ਅਮਰੀਕਾ ਆਉਣ ਲੱਗਿਆ ਤਾਂ ਉਹ ਵਧਾਈ ਦੇਣ ਆਈ। ਮੈਂ ਉਹਦੇ ਪੈਰੀਂ ਹੱਥ ਲਾਏ। ਉਹਦੀਆਂ ਅੱਖਾਂ ਵਿਚੋਂ ਝਲਕਦੀ ਖੁਸ਼ੀ ਨੂੰ ਦੇਖਿਆ। ਉਨ੍ਹਾਂ ਵਿਚੋਂ ਮੈਨੂੰ ਮੇਰੀ ਮਾਂ ਦੀ ਤਸਵੀਰ ਨਜ਼ਰ ਆਈ।
ਇਥੇ ਪਹੁੰਚ ਕੇ ਜਿੰ਼ਦਗੀ ਨਵੇਂ ਸਿਰਿਓਂ ਸ਼ੁਰੂ ਹੋਈ। ਇਸ ਦੇਸ਼ ਦੇ ਰੀਤੀ-ਰਿਵਾਜ਼ ਤੇ ਰਹਿਣ-ਸਹਿਣ ਦਾ ਢੰਗ ਦੇਖਣ ਨੂੰ ਮਿਲਿਆ। ਸਭ ਇਕੱਲੇ ਇਕੱਲੇ, ਆਪਣੇ ਆਪ ਵਿਚ ਖੋਏ ਹੋਏ, ਕੰਮ `ਤੇ ਜਾਣਾ ਜਾਂ ਸੌਣਾ। ਗਵਾਂਢ ਵਿਚ ਕਿਸੇ ਦੇ ਨਾਮ ਤੱਕ ਦਾ ਪਤਾ ਨਹੀਂ। ਰਿਸ਼ਤਿਆਂ ਨੂੰ ਨਿਭਾਉਣ ਲਈ ਡਾਲਰਾਂ ਦੀ ਕਸੌਟੀ। ਰੰਗ ਤੇ ਧਰਮ ਕਰਕੇ ਵਿਤਕਰੇ। ਵਿਦੇਸ਼ੀਆਂ ਨਾਲ ਨਫਰਤ।
ਇਹ ਕੁਝ ਵੇਖ ਕੇ ਮੈਨੂ ਚਾਚੀ ਰਾਮੋ ਦੀ ਯਾਦ ਆਉਂਦੀ। ਜਿਹੜੀ ਸਾਰੇ ਪਿੰਡ ਨੂੰ ਆਪਣਾ ਪਰਿਵਾਰ ਸਮਝਦੀ ਸੀ। ਧਰਮ ਜਾਤ-ਪਾਤ ਨੂੰ ਪਾਸੇ ਰੱਖ ਕੇ ਸਾਰਿਆਂ ਦੀ ਮਦਦ ਕਰਦੀ ਸੀ। ਰਿਸ਼ਤਿਆਂ ਨੂੰ ਨਿਭਾਉਣ ਲਈ ਆਪਣਾ ਖੂਨ-ਪਸੀਨਾ ਇੱਕ ਕਰ ਦਿੰਦੀ ਸੀ।
ਤੇ ਫਿਰ ਮੈਨੂੰ ਚਾਚੀ ਰਾਮੋ ਦਾ ਕੱਦ ਪੂਰੇ ਅਮਰੀਕਾ ਤੋਂ ਵੱਡਾ ਜਾਪਦਾ। ਫਿਰ ਤੁਰਦੀ-ਫਿਰਦੀ ਚਾਚੀ ਰਾਮੋ ਦੀ ਸ਼ਕਲ ਫਿਲਮ ਦੀ ਰੀਲ੍ਹ ਵਾਂਗ ਸਾਹਮਣਿਓਂ ਲੰਘਦੀ। ਕਿਤੇ ਮਾਤਾ ਨਾਲ ਬੈਠੀ ਕੰਮਾਂ `ਚ ਹੱਥ ਵੰਡਾਉਂਦੀ, ਕਦੇ ਰੋਟੀਆਂ ਖਵਾਣ ਬਾਅਦ ਆਟਾ ਵਾਪਸ ਕਰਦੀ, ਕਦੇ ਅਸੀਸਾਂ ਦਿੰਦੀ। ਤੇ ਫਿਰ ਆਪਣੀ ਮਾਂ ਦੀਆਂ ਸਾਰੀਆਂ ਸਹੇਲੀਆਂ ਦਾ ਇਕੱਠੇ ਹੋ ਕੇ ਕੰਮ ਤੇ ਗੱਲਾਂ ਕਰਦੀਆਂ ਦਾ ਦ੍ਰਿਸ਼ ਸਾਹਮਣੇ ਆਉਂਦਾ। ਮਨ ਨੂੰ ਸਕੂਨ ਜਿਹਾ ਮਿਲਦਾ, ਪਰ ਪਲ ਭਰ ਲਈ ਹੀ, ਕਿਉਂਕਿ ਨਾਲ ਹੀ ਉਹ ਖੂਹ `ਤੇ ਬੈਠੇ ਇਕ ਦੂਜੇ ਨਾਲ ਔਰਤਾਂ ਪ੍ਰਤੀ ਆਪਣੇ ਜੀਵਨ ਦਾ ਫਲਸਫਾ ਸਾਂਝਾ ਕਰਦੇ ਬੁੱਢਿਆਂ ਦੇ ਬੋਲ ਕੰਨਾਂ ਵਿਚ ਗੂੰਜਦੇ, “ਇਨ੍ਹਾਂ ਤੀਵੀਆਂ ਨੂੰ ਤਾਂ ਗੱਲਾਂ ਤੋਂ ਸਿਵਾ ਕੁਝ ਨਹੀਂ ਆੳਂੁਦਾ।”
ਤੇ ਮੇਰੀਆਂ ਅੱਖਾਂ ਆਪ ਮੁਹਾਰੇ ਵਹਿ ਤੁਰਦੀਆਂ।