ਕਰੋਨਾ ਵਾਇਰਸ ਦੇ ਟੀਕੇ

(ਡਾ. ਗੁਰੂਮੇਲ ਸਿੱਧੂ ਮੈਡੀਕਲ ਡਾਕਟਰ ਨਹੀਂ, ਇਕ ਵਿਗਿਆਨੀ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੁਲੰਬੀਆ, ਵੈਨਕੂਵਰ ਤੋਂ ਜਨੈਟਿਕਸ ਦੇ ਖੇਤਰ ਵਿਚ ਪੀਐਚ. ਡੀ. ਕੀਤੀ ਹੋਈ ਹੈ। ਉਨ੍ਹਾਂ ਦੀ ਖੋਜ ਦਾ ਵਿਸ਼ਾ ‘ਹੋਸਟ-ਪੈਰਾਸਾਈਟ ਦੇ ਜੀਨਜ਼ ਵਿਚ ਮੁਠਭੇੜ’ ਬਾਰੇ ਹੈ, ਅਰਥਾਤ ਹੋਸਟ ਜਿਵੇਂ ਬੰਦਾ ਅਤੇ ਰੋਗ ਪੈਦਾ ਕਰਨ ਵਾਲੇ ਕਟਾਣੂਆਂ ਜਿਵੇਂ ਕਰੋਨਾ ਵਾਇਰਸ ਦੇ ਜੀਨਜ਼ ਵਿਚ ਕਿਵੇਂ ਮੁਠਭੇੜ ਹੁੰਦਾ ਹੈ। ਕਰੋਨਾ ਵਾਇਰਸ ਦੇ ਟੀਕਿਆਂ ਦੀ ਖੋਜ ਜਨੈਟਿਕ ਖੇਤਰ ਦੇ ਘੇਰੇ ਵਿਚ ਆਉਂਦੀ ਹੈ। ਟੀਕੇ ਜਨੈਟਿਕ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਈਜਾਦ ਕੀਤੇ ਗਏ ਹਨ। ਇਹ ਲੇਖ ਪਾਠਕਾਂ ਦੀ ਜਾਣਕਾਰੀ ਲਈ ਛਾਪ ਰਹੇ ਹਾਂ।)

ਡਾ. ਗੁਰੂਮੇਲ ਸਿੱਧੂ

ਕੋਵਿਡ ਦੇ ਟੀਕਿਆਂ ਸਬੰਧੀ ਇਹ ਦੱਸਣਾ ਜਰੂਰੀ ਹੈ ਕਿ ਇਨ੍ਹਾਂ ਦੀ ਬਣਤਰ ਜਨੈਟਿਕਸ ਦੇ ਕੇਂਦਰੀ ਸਿਧਾਂਤ (ਛੲਨਟਰਅਲ ਧੋਗਮਅ ੋਾ ਘੲਨੲਟਚਿਸ) ‘ਤੇ ਨਿਰਭਰ ਹੈ। ਕੇਂਦਰੀ ਸਿਧਾਂਤ ਤੋਂ ਮੁਰਾਦ ਹੈ ਕਿ ਜੀਵਨ ਦੇ ਨਿਰਵਾਹ ਲਈ ਡੀ. ਐਨ. ਏ. ਤੋਂ ਆਰ. ਐਨ. ਏ. ਬਣਦਾ ਹੈ ਅਤੇ ਆਰ. ਐਨ. ਏ. ਤੋਂ ਪ੍ਰੋਟੀਨਜ਼ ਬਣਦੀਆਂ ਹਨ। ਪ੍ਰੋਟੀਨਜ਼ ਦਾ ਦੂਜਾ ਨਾਂ ਐਨਜ਼ਾਇਮਜ਼ ਹੈ, ਜੋ ਜੀਵਨ ਦਾ ਕਾਰੋਬਾਰ ਚਲਾਉਂਦੇ ਹਨ। ਵਿਗਿਆਨੀਆਂ ਨੇ ਕੇਂਦਰੀ ਸਿਧਾਂਤ ਨੂੰ ਪੁੱਠਾ ਚਲਾਉਣਾ ਸਿੱਖ ਲਿਆ ਹੈ, ਅਰਥਾਤ ਪ੍ਰੋਟੀਨਜ਼ ਤੋਂ ਆਰ. ਐਨ. ਏ. ਅਤੇ ਆਰ. ਐਨ. ਏ. ਤੋਂ ਡੀ. ਐਨ. ਏ. ਬਣਾ ਲੈਂਦੇ ਹਨ। ਇਸ ਤਕਨੀਕ ਨੂੰ ਕੋਵਿਡ-19 ਦੇ ਟੀਕੇ ਬਣਾਉਣ ਲਈ ਵਰਤਿਆ ਗਿਆ ਹੈ।
ਕਰੀਬ ਸਾਰੇ ਛੋਟੇ-ਵੱਡੇ ਜੀਵਾਂ ਵਿਚ ਡੀ. ਐਨ. ਏ. ਕਣ ਹੁੰਦਾ ਹੈ, ਪਰ ਲਗਪਗ ਸਾਰੇ ਵਾਇਰਸ ਆਰ. ਐਨ. ਏ. ਕਣ ਦੇ ਬਣੇ ਹੋਏ ਹਨ। ਕੁਝ ਵਾਇਰਸ ਡੀ. ਐਨ. ਏ. ਕਣ ਦੇ ਹਨ, ਜਿਵੇਂ ‘ਅਡੀਨੋਵਾਇਰਸ’, ‘ਹਰਪੀਜ਼ ਵਾਇਰਸ’ ਅਤੇ ‘ਪੌਕਸੀਵਾਇਰਸ’; ਕੋਵਿਡ-19 ਵਾਇਰਸ ਆਰ. ਐਨ. ਏ. ਵਾਇਰਸ ਹੈ।
ਟੀਕੇ ਬਣਾਉਣ ਲਈ ਦੋਵੇਂ ਕਣਾਂ-ਆਰ. ਐਨ. ਏ. ਅਤੇ ਡੀ. ਐਨ. ਏ. ਦਾ ਪ੍ਰਯੋਗ ਕੀਤਾ ਗਿਆ ਹੈ। ਸਮਕਾਲ ਵਿਚ ਕਰੋਨਾ ਵਾਇਰਸ ਦੇ ਚਾਰ ਖਾਸ ਤੇ ਮਨਜ਼ੂਰਸ਼ੁਦਾ ਟੀਕੇ ਹਨ, ਜੋ ਸਾਰੀ ਦੁਨੀਆਂ, ਖਾਸ ਕਰਕੇ ਯੂਰਪ ਅਤੇ ਉੱਤਰੀ ਅਮਰੀਕਾ ਦੇ ਮੁਲਕਾਂ ਵਿਚ ਵਰਤੇ ਜਾ ਰਹੇ ਹਨ। ਇਹ ਹਨ: ਫਾਇਜ਼ਰ-ਬਾਉਟਨ, ਮੁਡਰਨਾ, ਜੌਹਨਸਨ ਐਂਡ ਜੌਹਨਸਨ ਅਤੇ ਐਸਟਰਾਜੈਨੀਕਾ।
ਪਹਿਲੇ ਦੋ ਟੀਕੇ (ਫਾਇਜ਼ਰ ਬਾਉਟਨ ਤੇ ਮੁਡਰਨਾ) ਐਮ-ਆਰ. ਐਨ. ਏ. (ੰ-੍ਰਂੳ) ਕਣ ਅਤੇ ਦੂਜੇ ਦੋ (ਐਸਟਰਾਜੈਨੀਕਾ ਤੇ ਜੌਹਨਸਨ ਐਂਡ ਜੌਹਨਸਨ) ਡੀ. ਐਨ. ਏ. ਕਣ ਦਾ ਪ੍ਰਯੋਗ ਕਰਦੇ ਹਨ। ਆਰ. ਐਨ. ਏ ਕਣ ਇਕਹਿਰੀ ਅਤੇ ਡੀ. ਐਨ. ਏ. ਦੋਹਰੀ ਲੜੀ ਦਾ ਕਣ ਹੈ, ਇਸ ਲਈ ਆਰ. ਐਨ. ਏ. ਕਣ ਘੱਟ ਅਤੇ ਡੀ. ਐਨ. ਏ. ਵੱਧ ਤਾਪਮਾਨ ਸਹਾਰ ਸਕਦੇ ਹਨ। ਫਾਇਜ਼ਰ ਦੇ ਟੀਕੇ ਨੂੰ -70 ਡਿਗਰੀ ਅਤੇ ਮੁਡਰਨਾ ਨੂੰ -20 ਡਿਗਰੀ ਸੈਲਸੀਅਸ ‘ਤੇ ਰੱਖਣਾ ਪੈਂਦਾ ਹੈ। ਜੌਹਨਸਨ ਐਂਡ ਜੌਹਨਸਨ ਅਤੇ ਐਸਟਰਾਜੈਨੀਕਾ ਨੂੰ ਘਰ ਦੇ ਫਰੈਜ਼ ਵਿਚ ਰੱਖਿਆ ਜਾ ਸਕਦਾ ਹੈ। ਫਾਇਜ਼ਰ ਅਤੇ ਮੁਡਰਨਾ ਨੂੰ ਦੋ ਵਾਰ, 3-ਹਫਤੇ ਦੇ ਵਕਫੇ ਨਾਲ ਲਾਇਆ ਜਾਂਦਾ ਹੈ, ਜੌਹਨਸਨ ਐਂਡ ਜੌਹਨਸਨ ਨੂੰ ਇਕ ਵਾਰ ਅਤੇ ਐਸਟਰਾਜੈਨੀਕਾ ਨੂੰ ਦੋ ਵਾਰ ਲਾਉਣਾ ਪੈਂਦਾ ਹੈ। ਪਹਿਲਾਂ ਇਹ ਵਿਚਾਰ ਲਈਏ ਕਿ ਕੋਵਿਡ-19 ਸਰੀਰ ਵਿਚ ਕਿਵੇਂ ਬੀਮਾਰੀ ਪੈਦਾ ਕਰਦਾ ਹੈ? ਯਾਦ ਰਹੇ, ਕੋਵਿਡ ਵਾਇਰਸ ਦੇ ਕੀਟਾਣੂੰ ਵਿਚ ਆਰ. ਐਨ. ਏ. ਕਣ ਹੁੰਦਾ ਹੈ।
ਕੋਵਿਡ ਦੀ ਸਤਾਹ ‘ਤੇ ਕਿੱਲਾਂ ਵਰਗੇ ਕਿੰਗਰੇ (ੰਪਕਿੲਸ) ਹਨ, ਜੋ ਵੱਖ ਵੱਖ ਤਰ੍ਹਾਂ ਦੀ ਪ੍ਰੋਟੀਨਜ਼ ਪੈਦਾ ਕਰਦੇ ਹਨ। ਇਨ੍ਹਾਂ ‘ਚੋਂ ਇਕ ਪ੍ਰੋਟੀਨ ਨੂੰ ਸਪਾਈਕ ਪ੍ਰੋਟੀਨ ਕਹਿੰਦੇ ਹਨ, ਜੋ ਬੰਦੇ ਦੇ ਸਰੀਰ ਨੂੰ ਪੈਂਚਰ ਕਰਕੇ ਕੋਵਿਡ ਦੇ ਕਣ ਆਰ. ਐਨ. ਏ. ਨੂੰ ਅੰਦਰ ਦਾਖਲ ਕਰ ਦਿੰਦੀ ਹੈ। ਅੰਦਰ ਜਾ ਕੇ ਇਹ ਕਣ ਬੰਦੇ ਦੇ ਸਰੀਰ ਦੀ ਮਸ਼ੀਨਰੀ ਵਰਤ ਕੇ ਹੋਰ ਕੋਵਿਡ ਦੇ ਕੀਟਾਣੂੰ ਪੈਦਾ ਕਰ ਲੈਂਦਾ ਹੈ। ਵਧਦੇ ਵਧਦੇ ਸਰੀਰ ਵਿਚ ਵਾਇਰਸ ਦੇ ਐਨੇ ਕਣ ਬਣ ਜਾਂਦੇ ਹਨ ਕਿ ਕੋਸ਼ ਤੂੜਿਆ ਜਾਂਦਾ ਹੈ ਅਤੇ ਅੰਤ ਨੂੰ ਫਟ ਜਾਂਦਾ ਹੈ ਤੇ ਵਾਇਰਸ ਦੇ ਕਣ ਹੋਰ ਕੋਸ਼ਾਂ ਨੂੰ ਚਿੰਬੜ ਜਾਂਦੇ ਹਨ। ਇਸ ਤਰ੍ਹਾਂ ਬੰਦੇ ਦਾ ਸਾਹ-ਪ੍ਰਬੰਧ, ਜਿਸ ਦਾ ਮੁੱਖ ਅੰਗ ਫੇਫੜੇ ਹਨ, ਨਕਾਰਾ ਹੋ ਜਾਂਦਾ ਹੈ। ਫਲਸਰੂਪ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਖੂਨ ਸਾਫ ਹੋਣੋਂ ਹਟ ਜਾਂਦਾ ਹੈ। ਅੰਤ ਨੂੰ ਬੰਦੇ ਦੀ ਮੌਤ ਹੋ ਜਾਂਦੀ ਹੈ। (ਕੋਵਿਡ ਵਾਇਰਸ ਦੇ ਲਾਗੇ ਦਾ ਵਰਤਾਰਾ ਇੰਜ ਦਿਖਾਇਆ ਗਿਆ ਹੈ। ਦੇਖੋ ਚਿਤਰ-1: ਕੋਵਿਡ ਦਾ ਸਰੀਰ ਵਿਚ ਦਾਖਲ ਹੋਣਾ)
ਟੀਕੇ ਕੋਵਿਡ ਤੋਂ ਕਿਵੇਂ ਬਚਾਉਂਦੇ ਹਨ?
ਜੋ ਟੀਕੇ ਹੁਣ ਦਰਕਾਰ ਹਨ, ਉਹ ਕੋਵਿਡ ਦੀ ਸਪਾਈਕ ਪ੍ਰੋਟੀਨ ਦੇ ਜੀਨ ‘ਤੇ ਨਿਰਭਰ ਹਨ। ਇਹ ਪ੍ਰੋਟੀਨ ਐਮ. ਆਰ. ਐਨ. ਏ. ਤੋਂ ਬਣਦੀ ਹੈ। ਸਪਾਈਕ ਪ੍ਰੋਟੀਨ ਬੰਦੇ ਦੇ ਸਰੀਰ ਵਿਚ ਸ਼ੇਕ ਕਰਦੀ ਹੈ, ਜਿਸ ਰਾਹੀਂ ਵਾਇਰਸ ਦਾ ਆਰ. ਐਨ. ਏ. ਅੰਦਰ ਚਲਿਆ ਜਾਂਦਾ ਹੈ। ਇਹ ਸਰੀਰ ਵਿਚ ਦਾਖਲ ਹੋ ਕੇ ਪ੍ਰੋਟੀਨ ਬਣਾਉਂਦਾ ਹੈ, ਜੋ ਬੰਦੇ ਦੇ ਕੋਸ਼ ਨੂੰ ਸਾਵਧਾਨ ਕਰਦੀ ਹੈ ਕਿ ਇਸ ਪ੍ਰੋਟੀਨ ਦੇ ਵਿਰੁੱਧ ਐਂਟੀਬੌਡੀਜ਼ (ੳਨਟਬਿੋਦਇਸ) ਪ੍ਰੋਟੀਨਜ਼ ਪੈਦਾ ਕਰੇ। ਐਂਟੀਬੌਡੀਜ਼ ਵਾਇਰਸ ਦੇ ਵਿਰੁੱਧ ਇਕ ਪ੍ਰਕਾਰ ਦੀ ਢਾਲ ਹੈ, ਜੋ ਵਾਇਰਸ ਦੇ ਆਰ. ਐਨ. ਏ. ਕਣ ਤੋਂ ਬਣੀ ਪ੍ਰੋਟੀਨ ਨੂੰ ਪਛਾਣ ਕੇ ਉਸ ਨੂੰ ਵਧਣ-ਫੁਲਣ ਤੋਂ ਰੋਕਦੇ ਹਨ।
ਟੀਕੇ ਕਿਵੇਂ ਬਣਾਏ ਗਏ ਹਨ?
ਜਿਵੇਂ ਕਿ ਉਪਰ ਦੱਸਿਆ ਹੈ, ਕੋਵਿਡ-19 ਦੀ ਬੀਮਾਰੀ ਦੀ ਜੜ੍ਹ ਸਪਾਈਕ ਪ੍ਰੋਟੀਨ ਹੈ, ਜੋ ਵਾਇਰਸ ਨੂੰ ਬੰਦੇ ਦੇ ਸਰੀਰ ਅੰਦਰ ਦਾਖਲ ਕਰਦੀ ਹੈ। ਇਹ ਪ੍ਰੋਟੀਨ ਐਮ. ਆਰ. ਐਨ. ਏ. (ੰ-੍ਰਂੳ) ਤੋਂ ਬਣਦੀ ਹੈ। ਇਸ ਲਈ ਸਪਾਈਕ ਪ੍ਰੋਟੀਨ ਦੇ ਵਿਰੁੱਧ ਐਂਟੀਬੌਡੀਜ਼ ਪੈਦਾ ਕਰਨਾ ਜ਼ਰੂਰੀ ਹੈ। ਫਲਸਰੂਪ ਟੀਕਿਆਂ ਵਿਚ ਸਪਾਈਕ ਪ੍ਰੋਟੀਨ ਦੇ ਜੀਨ ਨੂੰ ਵਰਤਿਆ ਗਿਆ ਹੈ। ਫਾਇਜ਼ਰ ਅਤੇ ਮੁਡਰਨਾ ਦੇ ਟੀਕੇ ਸਪਾਈਕ ਪ੍ਰੋਟੀਨ ਦੇ ਆਰ. ਐਨ. ਏ. ਉਤੇ ਆਧਾਰਤ ਹਨ ਅਤੇ ਜੌਹਨਸਨ ਐਂਡ ਜੌਹਨਸਨ ਤੇ ਐਸਟਰਾਜੈਨੀਕਾ ਪਹਿਲਾਂ ਆਰ. ਐਨ. ਏ. ਨੂੰ ਸੀ-ਡੀ. ਐਨ. ਏ. (ਛ-ਧਂੳ) ਵਿਚ ਤਬਦੀਲ ਕਰਦੇ ਹਨ, ਜਿਸ ਨੂੰ ਡੀ. ਐਨ. ਏ. ਵਾਇਰਸ, ਅਡੀਨੋਵਾਇਰਸ (ੳਦੲਨੋਵਰਿੁਸ), ਜੋ ਬੰਦਿਆਂ ਵਿਚ ਬੀਮਾਰੀ ਪੈਦਾ ਨਹੀਂ ਕਰਦੀ, ਵਿਚ ਪਿਉਂਦ ਕਰਕੇ ਟੀਕਾ ਬਣਾਉਂਦੇ ਹਨ। ਇਥੇ ਪਹਿਲਾਂ ਸਪਾਈਕ ਪ੍ਰੋਟੀਨ ਦੇ ਆਰ. ਐਨ. ਏ. ਨੂੰ ਸੀ-ਡੀ. ਐਨ. ਏ. ਵਿਚ ਤਬਦੀਲ ਕਰਨਾ ਪਿਆ, ਤਾਂ ਕਿ ਅਡੀਨੋਵਾਇਰਸ ਵਾਇਰਸ ਦੇ ਡੀ.ਐਨ. ਏ. ਵਿਚ ਪਿਉਂਦ ਕੀਤਾ ਜਾ ਸਕੇ।
ਫਾਇਜ਼ਰ ਅਤੇ ਮੁਡਰਨਾ ਦੇ ਟੀਕੇ ਬਣਾਉਣ ਦੀ ਵਿਧੀ
ਸਪਾਈਕ ਪ੍ਰੋਟੀਨ ਨੂੰ ਪਹਿਲਾਂ ਸੀ-ਡੀ. ਐਨ. ਏ. ਵਿਚ ਤਬਦੀਲ ਕੀਤਾ ਜਾਂਦਾ ਹੈ, ਅਰਥਾਤ ਸਪਾਈਕ ਪ੍ਰੋਟੀਨ ਦੇ ਜੀਨ ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਜੀਨ ਨੂੰ ਬੈਕਟੀਰੀਆ ਦੇ ਗੋਲ ਕ੍ਰੋਮੋਜ਼ੋਮ, ਪਲਾਸਮਿਡ (ਫਲਅਸਮਦਿ) ਵਿਚ ਪਿਉਂਦ ਕਰਕੇ ਬੈਕਟੀਰੀਆ ਨੂੰ ਵੱਡੇ-ਵੱਡੇ ਟੈਂਕਾਂ ਵਿਚ, ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਪੈਦਾ ਕਰਨ ਲਈ ਬੀਜਿਆ ਜਾਂਦਾ ਹੈ। ਫੇਰ ਟੈਂਕਾਂ ਵਿਚ ਵਧਾਏ ਬੈਕਟੀਰੀਆ ਵਿਚੋਂ ਸਪਾਈਕ ਪ੍ਰੋਟੀਨ ਦੇ ਜੀਨ ਨੂੰ ਜੁਦਾ ਕੀਤਾ ਜਾਂਦਾ ਹੈ। ਇਸ ਜੀਨ ਦੇ ਡੀ. ਐਨ. ਏ. ਤੋਂ ਅਰ. ਐਨ. ਏ. ਦੀ ਵਾਢੀ ਕੀਤੀ ਜਾਂਦੀ ਹੈ। ਇਸ ਆਰ. ਐਨ. ਏ. ਨੂੰ ਸ਼ੀਸ਼ੀਆਂ ਵਿਚ ਭਰ ਕੇ ਟੀਕੇ ਦੇ ਤੌਰ ‘ਤੇ ਵਰਤਿਆ ਜਾਂਦਾ ਹੈ।
ਜੌਹਨਸਨ ਐਂਡ ਜੌਹਨਸਨ ਅਤੇ ਐਸਟਰਾਜੈਨੀਕਾ ਦੇ ਟੀਕੇ ਬਣਾਉਣ ਦੀ ਵਿਧੀ
ਇਹ ਦੋਵੇਂ ਕੰਪਨੀਆਂ ਸਪਾਈਕ ਪ੍ਰੋਟੀਨ ਦੇ ਜੀਨ ਨੂੰ ਡੀ. ਐਨ. ਏ. ਵਾਇਰਸ, ਅਡੀਨੋਵਾਇਰਸ ਵਿਚ ਪਿਉਂਦ ਕਰਦੇ ਹਨ। ਇਹ ਵਾਇਰਸ ਸਪਾਈਕ ਪ੍ਰੋਟੀਨ ਦੇ ਜੀਨ ਤੋਂ ਆਰ. ਐਨ. ਏ. ਬਣਾਉਂਦੀ ਹੈ। ਇਹ ਸਾਰਾ ਵਰਤਾਰਾ ਵਾਇਰਸ ਦੇ ਕਣ ਦੇ ਅੰਦਰ ਹੁੰਦਾ ਹੈ। ਇਨ੍ਹਾਂ ਟੀਕਿਆਂ ਲਈ ਅਡੀਨੋਵਾਇਰਸ ਵਰਤੀ ਜਾਂਦੀ ਹੈ, ਪਰ ਅੰਤ ਨੂੰ ਸਪਾਈਕ ਪ੍ਰੋਟੀਨ ਦੇ ਜੀਨ ਤੋਂ ਬਣਿਆ ਆਰ. ਐਨ. ਏ. ਹੀ ਟੀਕੇ ਦਾ ਕੰਮ ਕਰਦਾ ਹੈ। ਇਹ ਤਰੀਕਾ ਇਕ ਪ੍ਰਕਾਰ ਨਾਲ ਸੱਜੇ ਹੱਥ ਨਾਲ ਧੋਣ ਦੇ ਪਿਛਿਉਂ ਖੱਬਾ ਕੰਨ ਫੜਨ ਦੀ ਕਹਾਵਤ ਵਾਂਗ ਹੈ। ਸਾਰੰਸ਼ ਇਹ ਕਿ ਆਖਰ ਨੂੰ ਸਾਰੇ ਟੀਕੇ ਸਪਾਈਕ ਪ੍ਰੋਟੀਨ ਦੇ ਆਰ. ਐਨ. ਏ. ਦਾ ਪ੍ਰਯੋਗ ਕਰਦੇ ਹਨ। ਫਰਕ ਸਿਰਫ ਇਹ ਹੈ ਕਿ ਆਰ. ਐਨ. ਏ. ਤੋਂ ਬਣੇ ਟੀਕੇ ਮਨਫੀ ਤਾਪਮਾਨ ਵਿਚ ਰੱਖਣੇ ਪੈਂਦੇ ਹਨ ਅਤੇ ਡੀ. ਐਨ. ਏ. ਰਾਹੀਂ ਬਣਾਏ ਟੀਕੇ ਨੂੰ ਐਨੇ ਘੱਟ ਤਾਪਮਾਨ ਦੀ ਲੋੜ ਨਹੀਂ। ਦੋ ਪ੍ਰਕਾਰ ਦੇ ਟੀਕਿਆਂ ਵਿਚ ਇਹੋ ਫਰਕ ਹੈ।
ਕੋਵਿਡ-19 ਦੇ ਟੀਕੇ ਕਿਵੇਂ ਅਸਰ ਕਰਦੇ ਹਨ?
1. ਟੀਕਾ ਬਾਂਹ ਦੇ ਉਤਲੇ ਹਿੱਸੇ ਦੇ ਪੱਠੇ ਵਿਚ ਲਾਇਆ ਜਾਂਦਾ ਹੈ। ਐਮ-ਆਰ. ਐਨ. ਏ. ਦਾ ਕਣ ਅੰਦਰ ਜਾ ਕੇ ਰੋਗ-ਸੁਰੱਖਿਅਤ ਕੋਸ਼ਾਂ (ੀਮਮੁਨੲ ਚੲਲਲਸ) ਨੂੰ ਉਤੇਜਿਤ ਕਰਦਾ ਹੈ ਕਿ ਇਸ ਆਰ. ਐਨ. ਏ. ਤੋਂ ਪ੍ਰੋਟੀਨ ਬਣਾਉਣ। ਜਦ ਪ੍ਰੋਟੀਨ ਬਣ ਜਾਂਦੀ ਹੈ ਤਾਂ ਸਰੀਰ ਦੇ ਕੋਸ਼ ਐਮ. ਆਰ. ਐਨ. ਏ. ਨੂੰ ਨਸ਼ਟ ਕਰ ਦਿੰਦਾ ਹੈ। ਇਹ ਸਾਰਾ ਵਰਤਾਰਾ ਸਰੀਰ ਦੇ ਕੋਸ਼ ਦੇ ਕੇਂਦਰੀ ਯੁਜ (ਂੁਚਲੲੁਸ) ਤੋਂ ਬਾਹਰ ਸਾਈਟੋਪਲਾਜ਼ਮ (ਛੇਟੋਪਲਅਸਮ) ਵਿਚ ਵਾਪਰਦਾ ਹੈ।
2. ਬਣੀ ਹੋਈ ਪ੍ਰੋਟੀਨ ਸਰੀਰ ਦੇ ਕੋਸ਼ ਦੀ ਸਤਹ ‘ਤੇ ਪ੍ਰਗਟ ਹੋ ਜਾਂਦੀ ਹੈ। ਸਾਡੇ ਸਰੀਰ ਦਾ ਰੋਗ-ਰੋਕੂ ਪ੍ਰਬੰਧ ਪਛਾਣ ਜਾਂਦਾ ਹੈ ਕਿ ਇਹ ਪ੍ਰੋਟੀਨ ਓਪਰੀ ਹੈ, ਫਲਸਰੂਪ ਇਸ ਦੇ ਵਿਰੁੱਧ ਐਂਟੀਬੌਡੀਜ਼ ਬਣਾਉਣ ਲੱਗ ਪੈਂਦਾ ਹੈ।
3. ਸਰੀਰ ਦੀਆਂ ਐਂਟੀਬੌਡੀਜ਼ ਭਵਿੱਖ ਵਿਚ ਕੋਵਿਡ-19 ਦੇ ਸੰਭਵ ਲਾਗੇ ਤੋਂ ਬਚਾਉਂਦੀਆਂ ਹਨ।
ਲੋਕਾਂ ਨੂੰ ਟੀਕਾ ਕਿਉਂ ਲਗਵਾ ਲੈਣਾ ਚਾਹੀਦਾ ਹੈ?
ਲੋਕਾਂ ਨੂੰ ਭਰਮਾਂ-ਭੁਲੇਖਿਆਂ ਵਿਚ ਨਹੀਂ ਪੈਣਾ ਚਾਹੀਦਾ ਤੇ ਜੋ ਵੀ ਟੀਕਾ ਦਰਕਾਰ ਹੈ, ਉਹ ਲਗਵਾ ਲੈਣਾ ਚਾਹੀਦਾ ਹੈ। ਟੀਕੇ ਦੇ ਹੇਠ ਲਿਖੇ ਫਾਇਦੇ ਹਨ:
1. ਡਾਕਟਰੀ ਤਪਤੀਸ਼ ਅਨੁਸਾਰ ਟੀਕੇ ਕਰੋਨਾ ਨੂੰ ਰੋਕਦੇ ਹਨ।
2. ਟੀਕਿਆਂ ਨਾਲ ਮਹਾਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਜਿਵੇਂ ਕਿ ਅਮਰੀਕਾ ਵਿਚ ਹੋਇਆ ਹੈ।
3. ਟੀਕੇ ਲੋਕਾਂ ਨੂੰ ਅਤੇ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਕੋਵਿਡ ਤੋਂ ਬਚਾਉਂਦੇ ਹਨ।
4. ਕੁਝ ਲੋਕਾਂ ਨੂੰ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਟੀਕੇ ਲੱਗ ਗਏ ਹਨ, ਕੋਵਿਡ ਲੱਗਣ ਦੀ ਸੰਭਾਵਨਾ ਹੋ ਸਕਦੀ ਹੈ, ਕਿਉਂਕਿ ਟੀਕੇ 100% ਕਾਰਗਰ ਨਹੀਂ, ਪਰ ਇਹ ਘਾਤਕ ਸਿੱਧ ਨਹੀਂ ਹੋਵੇਗੀ।
5. ਟੀਕਿਆਂ ਦੀ ਕਾਰਗਰਤਾ ‘ਤੇ ਸ਼ੱਕ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਹਰ ਸੰਭਵ ਤਪਤੀਸ਼ ਤੋਂ ਬਾਅਦ ਹੀ ਲੋਕਾਂ ਨੂੰ ਲਗਾਏ ਜਾਂਦੇ ਹਨ। ਅਮਰੀਕਾ ਦੀ ਬੀਮਾਰੀ-ਰੋਕੂ ਸੰਸਥਾ ਸੀ. ਡੀ. ਸੀ. (ਛ। ਧ। ਛ।) ਅਤੇ ਡਰੱਗ ਐਂਡ ਐਗਰੀਕਲਚਰ ਐਡਮਨਿਸਟਰੇਸ਼ਨ ਦੀ ਮਨਜ਼ੂਰੀ ਤੋਂ ਬਾਅਦ ਲੋਕਾਂ ਨੂੰ ਲਗਾਏ ਜਾਂਦੇ ਹਨ। ਇਸ ਲਈ ਨੁਕਸਾਨਦੇਹ ਨਹੀਂ, ਸਗੋਂ ਸੁਰੱਖਿਅਤ ਹਨ।
ਟੀਕੇ ਬਾਰੇ ਕੀ ਕੁਝ ਜਾਣਨ ਦੀ ਲੋੜ ਹੈ?
1. ਸਾਰੇ ਟੀਕੇ ਲਾਭਦਾਇਕ ਅਤੇ ਅਸਰਦਾਰ ਹਨ।
2. ਪਹਿਲਾ ਟੀਕਾ ਲੱਗਣ ਤੋਂ ਦੋ ਹਫਤੇ ਬਾਅਦ ਸਰੀਰ ਕਰੋਨਾ ਨੂੰ ਮਾਤ ਪਾ ਸਕਦਾ ਹੈ। ਦੂਜੀ ਵਾਰ ਟੀਕਾ ਲੱਗਣ ਸਾਰ ਸਰੀਰ ਵਿਚ ਕਰੋਨਾ ਨੂੰ ਰੋਕਣ ਦੀ ਸਮਰੱਥਾ ਪੈਦਾ ਹੋ ਜਾਂਦੀ ਹੈ।
3. ਜਿਨ੍ਹਾਂ ਲੋਕਾਂ ਨੂੰ ਪੂਰੇ ਟੀਕੇ ਲੱਗ ਗਏ ਹਨ, ਉਹ ਨਾਰਮਲ ਜੀਵਨ ਜਿਊਣਾ ਸ਼ੁਰੂ ਕਰ ਸਕਦੇ ਹਨ, ਜਿਵੇਂ ਸਕੇ ਸਬੰਧੀਆਂ ਨੂੰ ਮਿਲ ਸਕਦੇ ਹਨ, ਬਸ਼ਰਤੇ ਉਨ੍ਹਾਂ ਦੇ ਵੀ ਟੀਕੇ ਲੱਗੇ ਹੋਏ ਹੋਣ।
4. ਟੀਕਾ ਲੱਗਣ ਤੋਂ ਬਾਅਦ ਕੁਝ ਬਗਲਗੀਰ ਅਸਰ (ੰਦਿੲ ੲਾਾੲਚਟਸ) ਹੋ ਸਕਦੇ ਹਨ, ਜਿਵੇਂ ਟੀਕੇ ਵਾਲੀ ਥਾਂ ‘ਤੇ ਸੋਜਸ਼ ਹੋ ਸਕਦੀ ਹੈ, ਪਾਲਾ ਲੱਗ ਕੇ ਮਿੰਨ੍ਹਾ-ਮਿੰਨ੍ਹਾ ਬੁਖਾਰ ਹੋ ਸਕਦਾ ਹੈ, ਚੱਕਰ ਆ ਸਕਦੇ ਹਨ ਤੇ ਕਮਜ਼ੋਰੀ ਹੋ ਸਕਦੀ ਹੈ, ਇਤਿਆਦਿ; ਪਰ ਇਹ ਬੜੇ ਸੁਭਾਵਿਕ ਹਨ ਕਿਉਂਕਿ, ਹਰ ਇਨਸਾਨ ਦੀ ਸਰੀਰ ਦੀ ਰਸਾਇਣਕ ਕਿਰਿਆ ਵੱਖਰੀ ਵਖਰੀ ਹੈ। ਇਸ ਲਈ ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਇਹ ਕੁਝ ਦਿਨਾਂ ਵਿਚ ਹਟ ਜਾਂਦੇ ਹਨ।
ਕੁਝ ਸਾਵਧਾਨੀਆਂ ਤੇ ਚਿਤਾਵਨੀਆਂ
1. ਵਿਗਿਆਨੀ ਲਗਾਤਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਟੀਕੇ, ਕੋਵਿਡ ਵਾਇਰਸ ਨੂੰ ਫੈਲਾਉਣ ਵਿਚ ਕਿੱਥੋਂ ਤਕ ਕਾਮਯਾਬ ਹਨ, ਅਰਥਾਤ ਇਕ ਦੂਜੇ ਤੋਂ ਲੱਗਣ ਤੋਂ ਕਿਵੇਂ ਅਤੇ ਕਿੱਥੋਂ ਤਕ ਬਚਾਉਂਦੇ ਹਨ।
2. ਅਜੇ ਸਾਨੂੰ ਇਹ ਵੀ ਪੂਰਾ ਪਤਾ ਨਹੀਂ ਕਿ ਟੀਕੇ ਕਿੰਨਾ ਚਿਰ ਅਸਰਦਾਰ ਰਹਿੰਦੇ ਹਨ।
3. ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਵਿਡ ਨੂੰ ਠੱਲ੍ਹ ਪਾਉਣ ਲਈ ਕਿੰਨੇ ਪ੍ਰਤੀਸ਼ਤ ਲੋਕਾਂ ਨੂੰ ਟੀਕੇ ਲੱਗ ਜਾਣੇ ਚਾਹੀਦੇ ਹਨ, ਤਾਂ ਕਿ ਸਮੂਹਕ ਅਮਿਊਨਿਟੀ (੍ਹੲਰਦ ੀਮਮੁਨਟਿੇ) ਪੈਦਾ ਹੋ ਸਕੇ, ਅਰਥਾਤ ਸਮੁੱਚੇ ਭਾਈਚਾਰੇ ਦਾ ਰੋਗ-ਰੋਕੂ ਪ੍ਰਬੰਧ ਸੁਰੱਖਿਅਤ ਪੱਧਰ ਤਕ ਪਹੁੰਚ ਸਕ ਤੇ ਇਹ ਕਿਹਾ ਜਾ ਸਕੇ ਕਿ ਹੁਣ ਜਨਤਾ ਕਰੋਨਾ ਤੋਂ ਸੁਰੱਖਿਅਤ ਹੋ ਗਈ ਹੈ।
4. ਸਾਨੂੰ ਅਜੇ ਪੂਰੀ ਤਰ੍ਹਾਂ ਨਹੀਂ ਪਤਾ ਕਿ ਟੀਕੇ ਨਵੀਆਂ ਮਿਊਟੇਸ਼ਨਜ਼ ਦੇ ਵਿਰੁੱਧ ਕਾਰਗਰ ਹਨ, ਜੇ ਹਨ ਤਾਂ ਕਿੰਨੇ ਪੱਧਰ ਤਕ? ਜੈਨੇਟਿਕ ਅੰਦਾਜ਼ੇ ਅਨੁਸਾਰ ਹਰ 10,000 ਕੀਟਾਣੂੰਆਂ ਦੇ ਪੈਦਾ ਹੋਣ ਮਗਰ ਇਕ ਨਵੀਂ ਮਿਊਟੇਸ਼ਨ ਪੈਦਾ ਹੋ ਜਾਂਦੀ ਹੈ। ਵਾਇਸ ਵਰਗੇ ਅਤਿ ਮਹੀਨ ਤੇ ਦੂਰਬੀਨੀ ਕੀਟਾਣੂੰ ਲੱਖਾਂ-ਕਰੋੜਾਂ ਦੀ ਤਾਦਾਦ ਵਿਚ ਪੈਦਾ ਹੁੰਦੇ ਹਨ। ਸਿੱਧ ਹੈ, ਇਸ ਵਾਇਰਸ ਵਿਚ ਨਵੀਆਂ ਮਿਊਟੇਸ਼ਨ ਪੈਦਾ ਹੋਣ ਦਾ ਵਧੇਰਾ ਖਦਸ਼ਾ ਹੈ। ਇਹ ਜਿੰਨੇ ਵੱਧ ਲੋਕਾਂ ਨੂੰ ਲੱਗੇਗੀ, ਓਨੀ ਵੱਧ ਗਿਣਤੀ ਵਿਚ ਪੈਦਾ ਹੋ ਕੇ ਨਵੀਆਂ ਮਿਊਟੇਸ਼ਨਾਂ ਨੂੰ ਜਨਮ ਦੇਵੇਗੀ।
ਕੁਝ ਅਹਿਮ ਸਵਾਲ ਤੇ ਜਵਾਬ
1. ਟੀਕੇ ਕਿੱਥੋਂ ਅਤੇ ਕਿਵੇਂ ਲਗਵਾਏ ਜਾ ਸਕਦੇ ਹਨ?
ਉੱਤਰ: ਸਰਕਾਰ ਦੀ ਵੈਬਸਾਈਟ ਤੋਂ ਪਤਾ ਲੱਗ ਸਕਦਾ ਹੈ ਕਿ ਟੀਕੇ ਲਾਉਣ ਦਾ ਅਧਿਕਾਰ ਕਿਸ ਏਜੰਸੀ ਕੋਲ ਹੈ। ਆਮ ਕਰਕੇ ਸਰਕਾਰ ਨੇ ਹਸਪਤਾਲਾਂ, ਡਾਕਟਰਾਂ, ਫਾਰੲਮੇਸੀਆਂ ਅਤੇ ਡਾਕਟਰੀ ਕਾਮਿਆਂ ਨੂੰ ਟੀਕੇ ਲਾਉਣ ਦਾ ਅਧਿਕਾਰ ਦੇ ਛੱਡਿਆ ਹੈ। ਹੋਰ ਵਾਕਫੀਅਤ ਆਪਣੇ ਡਾਕਟਰ ਤੋਂ ਲੈ ਸਕਦੇ ਹੋ।
2. ਕੀ ਤੁਹਾਨੂੰ ਟੀਕਾ ਚੁਣਨ ਦਾ ਅਧਿਕਾਰ ਹੈ?
ਉੱਤਰ: ਆਮ ਤੌਰ ‘ਤੇ ਜੋ ਟੀਕਾ ਸਰਕਾਰ ਮੁਹੱਈਆ ਕਰਦੀ ਹੈ, ਉਹੀ ਲਾਇਆ ਜਾਂਦਾ ਹੈ। ਪਰ ਤੁਸੀਂ ਕਿਹੜਾ ਟੀਕਾ ਲਵਾਉਣਾ ਚਾਹੁੰਦੇ ਹੋ, ਇਸ ਬਾਰੇ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰ ਕੇ ਚੁਣ ਸਕਦੇ ਹੋ। ਵੈਸੇ ਗੌਰਮਿੰਟ ਦੀ ਕੋਈ ਵੀ ਏਜੰਸੀ ਇਕ ਟੀਕੇ ਨੂੰ ਦੂਜੇ ਨਾਲੋਂ ਕਾਰਗਰ ਹੋਣ ਬਾਰੇ ਕੋਈ ਮਸ਼ਵਰਾ ਨਹੀਂ ਦਿੰਦੀ। ਵੈਸੇ ਸਾਰੇ ਟੀਕੇ ਕਾਰਗਰ ਹਨ, ਇਸ ਲਈ ਜੋ ਵੀ ਦਰਕਾਰ ਹੋਵੇ, ਲਵਾ ਲੈਣਾ ਚਾਹੀਦਾ ਹੈ। ਸਮੇਂ ਸਮੇਂ ਕਿਸੇ ਟੀਕ ਦੇ ਮਾੜੇ ਅਸਰ ਬਾਰੇ ਪਤਾ ਲਗਦਾ ਰਹਿੰਦਾ ਹੈ, ਜਿਵੇਂ ਜੌਹਨਸਨ ਐਂਡ ਜੌਹਨਸਨ ਟੀਕੇ ਬਾਰੇ ਬਲੱਡ ਕਲੌਟਸ ਪੈਦਾ ਹੋਣ ਬਾਰੇ ਚਰਚਾ ਛਿੜੀ ਸੀ। ਇਸ ਬੀਮਾਰੀ ਕਰਕੇ ਸਫੈਦ ਲਹੂ ਦੇ ਕੋਸ਼ਾਂ ਦਾ ਜਮਘਟਾ ਬਣ ਕੇ ਬਲੱਡ ਕਲੌਟਸ ਪੈਦਾ ਹੋਣ ਦਾ ਖਦਸ਼ਾ ਪੈਦਾ ਹੁੰਦਾ ਹੈ।
3. ਇਹ ਕਿਵੇਂ ਪਤਾ ਲੱਗੇ ਕਿ ਟੀਕੇ ਸੁਰੱਖਿਅਤ ਹਨ?
ਉੱਤਰ: ਲੱਖਾਂ ਲੋਕਾ ਨੂੰ ਟੀਕੇ ਲੱਗ ਚੁਕੇ ਹਨ ਤੇ ਇਨ੍ਹਾਂ ਕਾਰਨ ਹਜ਼ਾਰਾਂ ਲੋਕ ਮਰਨ ਤੋਂ ਬਚ ਗਏ ਹਨ। ਸਿੱਧ ਹੈ ਕਿ ਟੀਕੇ ਫਾਇਦੇਮੰਦ ਹਨ।
4. ਕਿਸ ਨੂੰ ਟੀਕਾ ਲਗਵਾ ਲੈਣਾ ਚਾਹੀਦਾ ਹੈ?
ਉੱਤਰ: ਤਜਰਬਾ ਦੱਸਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਟੀਕੇ ਲਵਾ ਲਏ ਹਨ, ਉਹ ਕੋਵਿਡ ਦੇ ਘਾਤਿਕ ਅਸਰ ਤੋਂ ਬਚ ਗਏ ਹਨ।
5. ਕੀ ਟੀਕਿਆਂ ਦਾ ਅਸਰ ਚਿਰਜੀਵੀ ਹੈ?
ਉੱਤਰ: ਟੀਕੇ ਕੋਵਿਡ ਦੇ ਪੈਦਾ ਹੋਣ ਤੋਂ ਬਾਅਦ ਹੀ ਈਜਾਦ ਕੀਤੇ ਗਏ ਹਨ। ਕੋਵਿਡ ਦੇ ਫੈਲਣ ਵਿਚ ਅਜੇ ਸਾਲ ਕੁ ਹੀ ਹੋਇਆ ਹੈ। ਇਸ ਲਈ ਟੀਕਿਆਂ ਦੀ ਕਾਰਗਰਤਾ ਬਾਰੇ ਬਹੁਤੀ ਵਾਕਫੀਅਤ ਦਰਕਾਰ ਨਹੀਂ। ਫਲਸਰੂਪ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਟੀਕੇ ਦਾ ਅਸਰ ਕਿੰਨੀ ਦੇਰ ਤਕ ਰਹੇਗਾ। ਵੈਸੇ ਹੁਣ ਤਕ ਦੇ ਤਜਰਬੇ ਤੋਂ ਲਗਦਾ ਹੈ ਕਿ ਟੀਕਾ ਛੇ ਮਹੀਨੇ ਤਕ ਲਾਭਦਾਇਕ ਸਿੱਧ ਹੋ ਸਕਦਾ ਹੈ। ਫਾਇਜ਼ਰ ਅਤੇ ਮੁਡਰਨਾ ਕੰਪਨੀਆਂ ਨੇ ਛੇ ਮਹੀਨੇ ਤੋਂ ਬਾਅਦ ਇਕ ਬੂਸਟਰ ਡੋਜ਼ ਦੇਣ ਦਾ ਸੁਝਾ ਰੱਖਿਆ ਹੈ। ਸਮੇਂ ਨਾਲ ਇਸ ਬਾਰੇ ਹੋਰ ਵਾਕਫੀਅਤ ਮੁਹੱਈਆ ਕੀਤੀ ਜਾਵੇਗੀ।
6. ਟੀਕੇ ਕਿੰਨੇ ਕੁ ਚਿਰ ਵਿਚ ਕੋਵਿਡ ਦੀ ਮਹਾਮਾਰੀ ਨੂੰ ਖਤਮ ਕਰ ਦੇਣਗੇ?
ਉੁਤਰ: ਮਹਾਮਾਰੀ ‘ਤੇ ਟੀਕਿਆਂ ਦਾ ਅਸਰ ਕਈ ਕਾਰਨਾਂ ‘ਤੇ ਨਿਰਭਰ ਕਰਦਾ ਹੈ, ਜਿਵੇਂ ਸਰਕਾਰ ਵਲੋਂ ਟੀਕੇ ਕਿੰਨੀ ਛੇਤੀ ਮਨਜ਼ੂਰ ਕੀਤੇ ਜਾਂਦੇ ਹਨ ਅਤੇ ਕੰਪਨੀਆਂ ਵਲੋਂ ਕਿੰਨੇ ਚਿਰ ਵਿਚ ਤੇ ਕਿੰਨੀ ਮਿਕਦਾਰ ਵਿਚ ਪੈਦਾ ਕਰ ਕੇ ਜਨਤਾ ਨੂੰ ਲਾਏ ਜਾਂਦੇ ਹਨ, ਟੀਕੇ ਦੇ ਅਸਰ ਦੀ ਮੁਨਿਆਦ ਦੀ ਕਾਮਯਾਬੀ ਕਿੰਨੀ ਕੁ ਹੈ।
ਸੀ. ਡੀ. ਸੀ. ਦੀਆਂ ਮਾਸਕ ਪਹਿਨਣ ਬਾਰੇ ਹਦਾਇਤਾਂ
ਕਵਿਡ-19 ਦੇ ਭੁਆਰੇ ਨੂੰ ਰੋਕਣ ਲਈ ਛਿੱਕਲ (ੰਅਤਸਕਸ) ਬਹੁਤ ਕਾਰਗਰ ਸਿੱਧ ਹੋਏ ਹਨ। ਪਿਛੇ ਜਿਹੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਸੰਸਥਾ ਨੇ ਕੋਵਿਡ ਦੀ ਬੀਮਾਰੀ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਛਿੱਕਲ ਦੀ ਵਰਤੋਂ ਵਿਚ ਕੁਝ ਛੋਟਾਂ ਦਿੱਤੀਆਂ ਹਨ। ਜਿਵੇਂ ਜਿਨ੍ਹਾਂ ਦੇ ਦੋ ਵਾਰ ਟੀਕਾ ਲੱਗ ਚੁਕਾ ਹੈ, ਉਹ ਆਪਣੇ ਸਕੇ ਸਬੰਧੀਆਂ ਤੇ ਯਾਰਾਂ ਦੋਸਤਾਂ ਨੂੰ ਛਿੱਕਲ ਪਾਏ ਬਿਨਾ ਮਿਲ ਸਕਦੇ ਹਨ, ਬਸ਼ਰਤੇ ਮਿਲਣ ਵਾਲਿਆਂ ਨੂੰ ਵੀ ਟੀਕੇ ਲੱਗ ਚੁਕੇ ਹੋਣ।
ਟੀਕਿਆਂ ਦਾ ਸਿਆਸੀਕਰਨ
ਅਮਰੀਕਾ ਵਿਚ ਦੋ ਪਾਰਟੀਆਂ ਹਨ-ਡੈਮੋਕਰੈਟਿਕ ਅਤੇ ਰੀਪਬਲੀਕਨ। ਡੈਮੋਕਰੈਟਿਕ ਪਾਰਟੀ ਦੇ ਮੌਜੂਦਾ ਪ੍ਰੈਜ਼ੀਡੈਂਟ ਜੋਅ ਬਾਇਡਨ ਨੇ ਸਹੁੰ ਚੁੱਕਦਿਆਂ ਅਹਿਦ ਲਿਆ ਸੀ ਕਿ ਪਹਿਲੇ ਸੌ ਦਿਨਾਂ ਵਿਚ ਇਕ ਸੌ ਮਿਲੀਅਨ ਟੀਕੇ ਲਾਏ ਜਾਣਗੇ। ਇਸ ਅਹਿਦ ਤਹਿਤ 100 ਦਿਨਾਂ ਵਿਚ ਇਕ ਸੌ ਮਿਲੀਅਨ ਟੀਕਿਆਂ ਤੋਂ ਵੀ ਵੱਧ ਲੱਗ ਗਏ ਹਨ, ਜਿਸ ਕਰਕੇ ਕੋਵਿਡ ਦੀ ਮਹਾਮਾਰੀ ਨੂੰ ਠੱਲ੍ਹ ਪਈ ਹੈ। ਰੀਪਬਲੀਕਨ ਪਾਰਟੀ ਬਾਇਡਨ ਦੇ ਏਜੰਡੇ ਨੂੰ ਪੂਰਾ ਨਹੀਂ ਹੋਣ ਦੇਣਾ ਚਾਹੁੰਦੀ, ਇਸ ਲਈ ਟੀਕੇ ਲਾਉਣ ਦੇ ਵਿਰੁੱਧ ਪ੍ਰਚਾਰ ਕਰ ਰਹੇ ਹਨ। ਸਿੱਧ ਹੈ ਕਿ ਉਨ੍ਹਾਂ ਨੂੰ ਲੋਕਾਂ ਦੀ ਭਲਾਈ ਨਾਲੋਂ ਆਪਣੀ ਪਾਰਟੀ ਪਿਆਰੀ ਹੈ। ਇਹ ਲੋਕਾਂ ਨਾਲ ਪਰਲੇ ਦਰਜੇ ਦਾ ਘਿਨੌਣਾ ਮਖੌਲ, ਧ੍ਰੋਹ ਅਤੇ ਬਦਦਿਆਨਤਦਾਰੀ ਹੈ। ਰਾਜਨੀਤੀ ਨੂੰ ਵਿਗਿਆਨ ਉੱਤੇ ਠੋਸਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਜਨਤਾ ਨਾਲ ਧ੍ਰੋਹ ਹੀ ਨਹੀਂ, ਉਨ੍ਹਾਂ ਦੇ ਰੋਗ-ਸੁਰੱਖਿਅਤ ਪ੍ਰਬੰਧ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਪ੍ਰਚਾਰ ਦੇ ਪ੍ਰਭਾਵ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੀ ਭਲਾਈ ਖਾਤਰ ਸਾਇੰਸ ਦਾ ਲੜ ਫੜਨਾ ਚਾਹੀਦਾ ਹੈ। ਸਾਇੰਸ ਤੱਥਾਂ ‘ਤੇ ਆਧਾਰਿਤ ਹੈ, ਰਾਜਨੀਤੀ ‘ਤੇ ਆਧਾਰਿਤ ਨਹੀਂ।