ਪੰਜਾਬੀ ਅਤੇ ਹਿੰਦੀ ਵਿਚਕਾਰ ਪੁਲ ਡਾ. ਰਾਜਪਾਲ

ਬਲਕਾਰ ਸਿੰਘ ਪ੍ਰੋਫੈਸਰ
ਹਾਣੀਆਂ ਦੀ ਡਾਰ ਵਿਚੋਂ ਜਦੋਂ ਕੋਈ ਕਿਰਦਾ ਹੈ ਤਾਂ ਅਫਸੋਸ ਅਤੇ ਭੈਅ ਦੀ ਮਿੱਝ ਜਿਹੀ ਅੰਦਰ ਹਿੱਲਦੀ ਮਹਿਸੂਸ ਹੋਣ ਲੱਗ ਪੈਂਦੀ ਹੈ। ਕੁਝ ਦਿਨ ਪਹਿਲਾਂ ਡਾ. ਰਾਜਪਾਲ ਨਾਲ ਗੱਲ ਹੋਈ ਸੀ, ਕਿਉਂਕਿ ਮੈਂ ਹਾਣੀਆਂ ਨੂੰ ਇਹੀ ਪੁੱਛਦਾ ਰਹਿੰਦਾ ਹਾਂ ਕਿ ਸਿਹਤ ਦਾ ਕੀ ਹਾਲ ਹੈ? ਜਦੋਂ ਵੀ ਕਦੇ ਰਲ ਕੇ ਬੈਠਦੇ ਹੁੰਦੇ ਸੀ ਤਾਂ ਸਾਂਝੀ ਸਮਝ ਇਹੀ ਬਣਦੀ ਹੁੰਦੀ ਸੀ ਕਿ ਕਿਥੋਂ ਕਿਥੇ ਪਹੁੰਚ ਗਏ ਹਾਂ। ਤੱਪੜਾਂ ਵਾਲੇ ਸਕੂਲਾਂ ਤੋਂ ਲੈ ਕੇ ਯੂਨੀਵਰਸਿਟੀਆਂ ਦੀ ਪ੍ਰੋਫੈਸਰਸ਼ਿਪ ਤੱਕ ਦੀ ਯਾਤਰਾ ਕਿਸੇ ਨੂੰ ਵੀ ਅਕਲ ਦੇ ਆਸਰੇ ਕੀਤੀ ਹੋਈ ਪ੍ਰਾਪਤੀ ਨਹੀਂ ਲੱਗਦੀ ਹੁੰਦੀ ਸੀ, ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਜੇ ਪੰਜਾਬੀ ਯੂਨੀਵਰਸਿਟੀ ਨਾ ਬਣਦੀ ਤਾਂ ਸਾਡੇ ਵਿਚੋਂ ਬਹੁਤਿਆਂ ਨੂੰ ਕਾਲਜ ਦੀ ਪ੍ਰੋਫੈਸਰਸ਼ਿਪ ਨਾਲ ਹੀ ਸੰਤੁਸ਼ਟ ਹੋਣਾ ਪੈਣਾ ਸੀ।

ਹਲੀਮੀ ਤਾਂ ਸਾਰਿਆਂ ਵਿਚ ਧਰਤੀ ਪੁੱਤਰਾਂ ਵਾਂਗ ਸਾਂਝੀ ਸੀ। ਅਕਲ ਵਿਚ ਵੀ ਸਾਰੇ ਇਕੋ ਜਿਹੇ ਹੀ ਲੱਗਦੇ ਹੁੰਦੇ ਸਨ। ਬਸ ਕਦੇ ਕਦੇ ਕੋਈ ਇਕ ਆਪਣੇ ਫਿਕਰੇ ਜਾਂ ਮੁਹੱਬਤੀ ਲਗਨ ਕਰਕੇ ਵੱਖਰਾ ਦਿਸਣ ਲੱਗਦਾ ਸੀ ਤਾਂ ਦੂਜਿਆਂ ਨੂੰ ਲੱਤ ਖਿੱਚਣ ਦਾ ਮੌਕਾ ਮਿਲ ਜਾਂਦਾ ਸੀ।
ਕਵੀ, ਵਾਰਤਾਕਾਰ ਅਤੇ ਅਲੋਚਕ ਇਕ ਦੂਜੇ ਨਾਲ ਛੇੜ ਛਾੜ ਕਰਕੇ ਝੱਸ ਪੂਰਾ ਕਰ ਲੈਂਦੇ ਹੁੰਦੇ ਸਨ। ਕੋਈ ਦੱਸੇ ਜਾਂ ਨਾ ਦੱਸੇ, ਹਰ ਇਕ ਨੂੰ ਆਪਣੇ ਨਾਲੋਂ ਵੱਧ ਇਕ ਦੂਜੇ ਦੀ ਬੀਮਾਰੀ ਦਾ ਪਤਾ ਹੁੰਦਾ ਸੀ। ਵਰਲਡ ਪੰਜਾਬੀ ਸੈਂਟਰ ਦੀ ਸਟੇਜ `ਤੇ ਇਕੱਠੇ ਹੋ ਕੇ ਤੀਆਂ ਵਰਗੇ ਮਰਹਲੇ ਗੁਜ਼ਾਰਦੇ ਰਹੇ ਸੀ। ਭਗਵਾਨ ਦਾਸ ਦੀ ਕੰਟੀਨ ਤੋਂ ਮਟਰਾਂ ਵਾਲੇ ਸਮੋਸੇ ਧਰਵਾਸ ਨਾਲੋਂ ਵੱਧ ਵਕਤ ਗੁਜ਼ਾਰਨ ਵਾਸਤੇ ਸਹਾਇਤਾ ਕਰਦੇ ਹੁੰਦੇ ਸਨ। ਡਿਸਪੋਜ਼ੇਬਲ ਕੱਪਾਂ ਵਿਚ ਕੰਟੀਨ ਦੀ ਚਾਹ ਪੀਣ ਵਾਸਤੇ ਪੀਣੀ ਪੈਂਦੀ ਸੀ। ਭੀੜ ਘਟਦੀ ਤਾਂ ਡਿਪ ਵਾਲੀ ਚਾਹ ਦਾ ਪ੍ਰਬੰਧ ਹੋ ਜਾਂਦਾ ਸੀ। ਇਹੋ ਜਿਹੇ ਦਿਨਾਂ ਵਿਚ ਕੋਵਿਡ-19 ਇਸ ਤਰ੍ਹਾਂ ਸਾਡੇ ਵਿਚ ਆ ਵੜਿਆ ਸੀ, ਜਿਵੇਂ ਮੱਕੀ ਦੇ ਖੇਤ ਵਿਚ ਝੋਟਾ ਆਣ ਵੜੇ!
ਅਸੀਂ ਇਸ ਗੱਲ `ਤੇ ਗੱਜ ਵੱਜ ਕੇ ਹੱਸਦੇ ਹੁੰਦੇ ਸੀ ਕਿ ਜਿਸ ਵਹਿੜਕੇ ਨੇ ਤੈਨੂੰ ਰੰਡੀ ਕੀਤਾ ਹੈ, ਅਸੀਂ ਵੀ ਓਸੇ ਦੇ ਪੱਟੇ ਹੋਏ ਹਾਂ। ਇਹ ਵਹਿੜਕਾ ਕਿਹੜੇ ਵੇਲੇ ਝੋਟਾ/ਢੱਠਾ ਹੋ ਕੇ ਕੋਵਿਡ ਕਹਾਉਣ ਲੱਗ ਪਿਆ, ਮੇਰੀ ਪੀਹੜੀ ਨੂੰ ਗਲ ਪਏ ਢੋਲ ਵਾਂਗ ਵਜਾਉਣਾ ਪੈ ਰਿਹਾ ਹੈ। ਹਰ ਦੂਜੇ ਤੀਜੇ ਦਿਨ ਗੱਲ ਹੋ ਜਾਂਦੀ ਸੀ ਤਾਂ ਇਹ ਕਹਿ ਕੇ ਗੱਲ ਮੁਕਾਉਂਦੇ ਸੀ ਕਿ ਮਿਲਦੇ ਹਾਂ। ਮਿਲਣਾ ਕਿਥੇ ਸੀ? ਕੋਵਿਡ ਕਲਜੁਗ ਨੇ ਅਜੀਬ ਵਰਤਾਰੇ ਦਾ ਸ਼ਿਕਾਰ ਬਣਾ ਦਿੱਤਾ ਹੈ। ਮਾਪਿਆਂ ਅਤੇ ਔਲਾਦ ਵਿਚਕਾਰ ਕਿਹੋ ਜਿਹੀ ਲਕੀਰ ਖਿੱਚੀ ਗਈ ਹੈ। ਪਾਣੀ `ਤੇ ਵੀ ਲਕੀਰਾਂ ਪੈਣ ਵਰਗੀਆਂ ਅਣਹੋਣੀਆਂ ਹੋਣ ਲੱਗ ਪਈਆਂ ਹਨ।
ਪਿਆਰੇ ਰਾਜਪਾਲ ਦੇ ਤੁਰ ਜਾਣ ਦੀ ਸੂਚਨਾ ਮੇਰੇ ਤੱਕ ਉਸ ਵੇਲੇ ਪਹੁੰਚੀ, ਜਦੋਂ ਉਸ ਦਾ ਸਸਕਾਰ ਹੋ ਰਿਹਾ ਸੀ। ਇਕੋ ਕਾਲੋਨੀ ਵਿਚ ਰਹਿੰਦਿਆਂ ਦਾ ਇਹ ਹਾਲ ਹੈ ਤਾਂ ਕਿਸੇ ਨੂੰ ਕੋਈ ਕੀ ਕਹੇ? ਕਾਨੂੰਨੀ ਵੀਹ ਬੰਦਿਆਂ ਵਿਚੋਂ ਇਕ ਹੋਣ ਦਾ ਮੌਕਾ ਵੀ ਨਹੀਂ ਮਿਲਿਆ। ਜਾਂਦਾ ਵੀ ਤਾਂ ਮੈਂ ਕੁਲਵੰਤ ਗਰੇਵਾਲ ਵਾਂਗ ਉਸ ਦਾ ਮੂੰਹ ਇਸ ਕਰਕੇ ਨਹੀਂ ਵੇਖਣਾ ਸੀ, ਕਿਉਂਕਿ ਹਾਣੀਆਂ ਦੀ ਮਹਿਫਿਲ ਵਿਚ ਇਸ ਆਖਰੀ ਅਣਕਿਆਸੇ ਦਰਸ਼ਨ ਨੂੰ ਟਿਕਾਇਆ ਨਹੀਂ ਜਾ ਸਕਣਾ ਸੀ। ਅਣਹੋਣੀਆ ਏਵੇਂ ਹੀ ਵਾਪਰਦੀਆਂ ਹਨ। ‘ਕੇਲ ਕਰੇਂਦੇ ਹੰਝ’ ਨੂੰ ‘ਅਚਿੰਤੇ ਬਾਜ’ ਏਵੇਂ ਹੀ ਪੈਂਦੇ ਆ ਰਹੇ ਹਨ। ਯਾਰਾਂ ਦੀ ਮਹਿਫਿਲ ਵਿਚ ਹੁੰਦੇ ਤਾਂ ਇਸ ਦੀਆਂ ਪਰਤਾਂ ਫੋਲਣ ਦੇ ਆਹਰ ਲੱਗ ਜਾਣਾ ਸੀ। ਗੱਲਾਂ ਵਿਚੋਂ ਗੱਲਾਂ ਇਸ ਤਰ੍ਹਾਂ ਨਿਕਲਦੀਆਂ ਆਉਣੀਆਂ ਸਨ ਕਿ ਵਕਤ ਦਾ ਪਤਾ ਹੀ ਨਹੀਂ ਸੀ ਲੱਗਣਾ।
ਮਹਿਫਿਲ ਦਾ ਸੁਤੇ ਦਸਤੂਰ ਇਹ ਹੋ ਗਿਆ ਸੀ ਕਿ ਆਪਣੀਆਂ ਆਪਣੀਆਂ ਮੁਸ਼ਕਿਲਾਂ ਦੀਆਂ ਟੋਕਰੀਆਂ ਬਾਹਰ ਹੀ ਰਹਿ ਜਾਂਦੀਆਂ ਸਨ। ਵਿਚਾਰ ਤੇ ਹਾਸ ਦਾ ਸੁਮੇਲ ਪੈਦਾ ਹੁੰਦਾ ਤੇ ਢਹਿੰਦਾ ਰਹਿੰਦਾ ਸੀ। ਨਤੀਜਿਆਂ `ਤੇ ਪਹੁੰਚਣ ਦੀ ਕਿਸੇ ਨੂੰ ਕਾਹਲ ਨਹੀਂ ਸੀ ਹੁੰਦੀ। ਬਸ ਜਪੁਜੀ ਦੀ ‘ਸੁਣੀਐ’ ਅਤੇ ‘ਮੰਨੀਐ’ ਬਿਨਾ ਹਵਾਲੇ ਤੋਂ ਸਾਰਿਆਂ ਦਾ ਹਾਸਲ ਰਹਿੰਦੀ ਸੀ। ਜਿਊਂਦੇ ਜੀਅ ਜਿਵੇਂ ਕੁਲਵੰਤ ਗਏਵਾਲ ‘ਬੂੰਦ ਬੂੰਦ ਤਰਸਣ’ ਦੀ ਗੱਲ ਕਰਦਾ ਹੁੰਦਾ ਸੀ, ਉਸ ਨੂੰ ਕੰਨਾਂ ਰਾਹੀਂ ਪੀਣ ਦੇ ਵਰਤਾਰੇ ਨੂੰ ਹੋਈਆਂ ਮਹਿਫਿਲਾਂ ਦਾ ਹਾਸਲ ਕਿਹਾ ਜਾ ਸਕਦਾ ਹੈ। ਰਾਜਪਾਲ ਦੇ ਤੁਰ ਜਾਣ ਨੇ ਇਸ ਨਾਲ ਜੁੜੇ ਹੋਏ ਉਦਰੇਵੇਂ ਦਾ ਦਰਵਾਜਾ ਖੋਲ੍ਹ ਦਿੱਤਾ ਹੈ। ਰੱਬ ਖੈਰ ਕਰੇ, ਕਿਉਂਕਿ ਇਹ ਤਾਂ ਫੈਸਲਾ ਯਾਰਾਂ ਦੀ ਢਾਣੀ ਵਿਚ ਵੀ ਨਹੀਂ ਹੋ ਸਕਿਆ ਸੀ ਕਿ ਕੋਵਿਡ ਬੀਮਾਰੀ ਹੈ ਕਿ ਸਿਆਸਤ ਹੈ? ਪਰ ਹਾਣੀਆਂ ਦੀ ਗੈਰ-ਹਾਜਰੀ ਵਿਚ ਇਸ ਨੂੰ ਸਜ਼ਾ ਵਾਂਗ ਭੁਗਤਣ ਤੋਂ ਕੌਣ ਬਚ ਸਕਦਾ ਹੈ।
ਪੰਜਾਬੀ ਯੁੂਨੀਵਰਸਿਟੀ ਪਟਿਆਲਾ ਨਾਲ ਜਿਹੜੇ ਦਾਨਿਸ਼ਵਰ ਰੋਜ਼ੀ ਰੋਟੀ ਦੀ ਦਾਤੀ ਵਾਂਗ ਨਿਭਦੇ ਰਹੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਡਾ. ਰਾਜਪਾਲ ਹਿੰਦੀ ਦੇ ਪ੍ਰੋਫੈਸਰ ਸਨ, ਪਰ ਉਨ੍ਹਾਂ ਨੇ ਕੰਮ ਪੰਜਾਬੀ ਵਿਚ ਵੀ ਬਹੁਤ ਕੀਤਾ ਸੀ। ਤੁਰਨ ਵੇਲੇ ਵੀ ਉਹ ਪੰਜਾਬੀ ਭਾਸ਼ਾ ਦੇ ਪ੍ਰਾਜੈਕਟ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਪੰਜਾਬੀ ਹਿਤੈਸ਼ੀ ਹੋਣ ਤੇ ਸ਼ੱਕ ਦੀ ਸਿਆਸਤ ਹੋਣ ਲੱਗੀ ਸੀ ਤਾਂ ਸਾਰੇ ਦੋਸਤ ਉਨ੍ਹਾਂ ਦੀ ਸਹੁੰ ਦੇਣ ਨੂੰ ਤਿਆਰ ਹੋ ਗਏ ਸਨ। ਰਾਜਪਾਲ ਬੇਲੋੜੀਆਂ ਲੜਾਈਆਂ ਦੀ ਧਿਰ ਹੋਣ ਤੋਂ ਵੀ ਬਚਦਾ ਰਹਿੰਦਾ ਸੀ। ਸਲਾਹ ਉਹ ਕੇਵਲ ਪੁੱਛੇ ਤੋਂ ਹੀ ਦਿੰਦਾ ਸੀ। ਨੈਤਿਕ ਕੀਮਤਾਂ ਦੀ ਅਕਾਦਮਿਕਤਾ ਦੇ ਇਸ ਵਿਸ਼ੇਸ਼ੱਗ ਨੂੰ ਪਤਾ ਸੀ ਕਿ ਪੰਜਾਬੀ ਨੂੰ ਜੋ ਮਾਨਤਾ ਹਿੰਦੀ ਰਾਹੀਂ ਮਿਲ ਸਕਦੀ ਹੈ, ਉਸ ਪਾਸੇ ਪੰਜਾਬੀ ਦੇ ਵਾਰਸਾਂ ਨੇ ਅਜੇ ਤੁਰਨਾ ਹੈ। ਮਿਸਾਲ ਉਹ ਪ੍ਰੋ. ਪੂਰਨ ਸਿੰਘ ਦੇ ਨਿਬੰਧਾਂ ਦੀ ਉਸ ਪੁਸਤਕ ਦੀ ਦਿੰਦੇ ਹੁੰਦੇ ਸਨ, ਜਿਹੜੀ ਹਿੰਦੀ ਜਗਤ ਵਿਚ ਸਨਮਾਨਯੋਗ ਸਥਾਨ ਬਣਾਈ ਬੈਠੀ ਹੈ।
ਉਹ ਨਿਰੰਤਰ ਹਿੰਦੀ ਵਿਚ ਇਕ ਮੈਗਜ਼ੀਨ ਕੱਢ ਰਹੇ ਸਨ, ਜਿਸ ਰਾਹੀਂ ਉਹ ਪੰਜਾਬੀ ਤੇ ਹਿੰਦੀ ਵਿਚਕਾਰ ਪੁਲ ਵਰਗੀ ਭੂਮਿਕਾ ਨਿਭਾਅ ਰਹੇ ਸਨ। ਉਹੀ ਸਨ, ਜਿਨ੍ਹਾਂ ਨੇ ਆਪਣੇ ਇਕ ਵਿਦਿਆਰਥੀ ਤੋਂ ਮੇਰੀ ਪੁਸਤਕ ‘ਅਕਾਲ ਤਖਤ ਸਾਹਿਬ: ਜੋਤਿ ਅਤੇ ਜੁਗਤਿ’ ਦਾ ਹਿੰਦੀ ਅਨੁਵਾਦ ਕਰਵਾ ਕੇ ਉਸ ਦੀ ਭੂਮਿਕਾ ਲਿਖੀ ਸੀ। ਇਹ ਪੁਸਤਕ ਸੰਜਯ ਪ੍ਰਕਾਸ਼ਨ ਦੇ ਮਾਲਕ ਪਰਵੀਨ ਢੱਲ ਨੇ ਛਾਪ ਦਿੱਤੀ ਹੈ। ਵਾਣੀ ਪ੍ਰਕਾਸ਼ਨ ਲਈ ਡਾ. ਜਸਪਾਲ ਸਿੰਘ ਦੀ ਇਕ ਪੁਸਤਕ ਵੀ ਇਸੇ ਲੀਹ `ਤੇ ਹਿੰਦੀ ਵਿਚ ਤਿਆਰ ਹੋ ਰਹੀ ਹੈ। ਰਾਜਪਾਲ ਵਰਗੇ ਜਾਗੇ ਹੋਏ ਦੋਸਤਾਂ ਦੇ ਪੈਰੋਂ ਇਕ ਲਹਿਰ ਪੈਦਾ ਹੋ ਰਹੀ ਸੀ, ਜਿਸ ਦੀ ਅਗਵਾਈ ਨੂੰ ਡਾ. ਰਾਜਪਾਲ ਦੇ ਚਲਾਣੇ ਨਾਲ ਪੈਦਾ ਹੋ ਗਈ ਵੰਗਾਰ ਦਾ ਸਾਹਮਣਾ ਕਰਨਾ ਪਵੇਗਾ।
ਡਾ. ਰਾਜਪਾਲ ਦੇ ਅਕਾਦਮਿਕ ਯੋਗਦਾਨ ਦੇ ਮੁਲੰਕਣ ਦੇ ਮੌਕੇ ਤਾਂ ਪੈਦਾ ਹੁੰਦੇ ਰਹਿਣਗੇ, ਪਰ ਉਨ੍ਹਾਂ ਦੇ ਚਲਾਣੇ ਦਾ ਕੋਵਿਡ ਦੇ ਅਣਗੌਲੇ ਮਾਹੌਲ ਵਿਚ ਗਰਕ ਜਾਣਾ ਕਦੇ ਨਹੀਂ ਭੁੱਲਣਾ। ਕੋਵਿਡ ਨਾਲ ਪੈਦਾ ਹੋਈਆਂ ਸਿਰ ਪਈਆਂ ਦੂਰੀਆਂ ਨਾਲ ਉਹ ਸਾਰੇ ਸੰਦੇਸ਼ਾਂ ਤੇ ਸਿਆਹੀ ਡੁੱਲ੍ਹ ਗਈ ਲੱਗਦੀ ਹੈ, ਜਿਨ੍ਹਾਂ ਦੇ ਅੱਖਰ ਰਾਜਪਾਲ ਦੇ ਹਵਾਲੇ ਨਾਲ ਉਠਾਏ ਜਾਣੇ ਸਨ। ਇਨ੍ਹਾਂ ਬੇਮੁਰੱਵਤ ਸਮਿਆਂ ਵਿਚ ਚਲੇ ਜਾਣਾ, ਬਣੇ ਰਹਿਣ ਨਾਲੋਂ ਚੰਗਾ ਲੱਗਣ ਲੱਗ ਪਿਆ ਹੈ। ਯਾਰਾਂ ਨਾਲ ਫੋਨ `ਤੇ ਰਿਸ਼ਤੇ ਪਾਲਣ ਦੀਆਂ ਮਜਬੂਰੀਆਂ ਦਾ ਕੋਈ ਕੀ ਕਰ ਸਕਦਾ ਹੈ? ਜਿਹੜੀ ਅਲਵਿਦਾ ਡਾ. ਰਾਜਪਾਲ ਨੂੰ ਮੈਂ ਕਹਿਣੀ ਸੀ, ਉਹ ਉਸ ਨੇ ਬਿਨਾ ਕਹੇ ‘ਬੁਧੂ ਦੀ ਫੂਕ’ ਵਾਂਗ ਪਹਿਲਾਂ ਹੀ ਕਹਿ ਦਿੱਤੀ ਹੈ। ਜਿਸ ਮਾਰਗ `ਤੇ ਉਹ ਨਿਕਲ ਗਿਆ ਹੈ, ਉਸ ਦੀ ਪੈੜ ਨਹੀਂ ਨੱਪੀ ਜਾ ਸਕਦੀ। ਹੁਣ ਵਿਛੜੇ ਯਾਰਾਂ ਨੂੰ ਇਕੱਲਿਆਂ ਯਾਦ ਕਰਨ ਦੀ ਸਜ਼ਾ ਭੁਗਤਣੀ ਹੀ ਪਵੇਗੀ।
ਮੇਰੇ ਨਜ਼ਦੀਕ ਉਹ ਰੱਜ ਕੇ ਜੀਵਿਆ ਸੀ ਅਤੇ ਭਰੇ-ਭਕੁੰਨੇ ਪਰਿਵਾਰ ਵਿਚੋਂ ਸ਼ਾਨ ਨਾਲ ਵਿਦਿਆ ਹੋਇਆ ਹੈ। ਇਸ ਤਰ੍ਹਾਂ ਤੁਰ ਜਾਣ ਨੂੰ ਪੰਜਾਬੀ ਸਭਿਆਚਾਰ ਵਿਚ ‘ਵੱਡਾ ਕਰਨ’ ਵਾਂਗ ਸਵਿਕਾਰਿਆ ਹੋਇਆ ਹੈ। ਇਸੇ ਨੂੰ ਸਿੱਖ ਸਭਿਆਚਾਰ ਵਿਚ ‘ਭਾਣਾ’ ਸਵਿਕਾਰਿਆ ਹੋਇਆ ਹੈ। ਭੈਣ ਸ੍ਰੀਮਤੀ ਰਾਜਪਾਲ ਨੂੰ ਆਪਣਾ ਹੀ ਧਰਵਾਸ ਸਿਰਜਣਾ ਪੈਣਾ ਹੈ, ਕਿਉਂਕਿ ਮੌਤ ਨਾਲ ਪਾਏ ਟੋਇਆਂ ਨੂੰ ਪੂਰਿਆ ਨਹੀਂ ਜਾ ਸਕਦਾ। ਦੋਹਾਂ ਨਾਲ ਗੁਜ਼ਾਰੇ ਪਲ ਵੀ ਹੌਲੀ ਹੌਲੀ ਮੁੱਠ ਵਿਚੋਂ ਰੇਤੇ ਵਾਂਗ ਕਿਰਦੇ ਜਾਣੇ ਹਨ। ਨਵਾਂ ਬੇਸ਼ੱਕ ਕੁਝ ਨਹੀਂ ਵਾਪਰਦਾ, ਪਰ ਜੋ ਵਾਪਰਦਾ ਹੈ, ਉਹ ਨਵਾਂ ਹੀ ਹੁੰਦਾ ਹੈ। ਹਾਣੀਆਂ ਦੀ ਮਹਿਫਿਲ ਵਿਚ ‘ਕੌਣ ਮੂਆ ਰੇ ਕੌਣ ਮੂਆ’ ਵਾਸਤੇ ਰਾਜਪਾਲ ਵਾਂਗ ਉਤਸ਼ਾਹੀ ਅਤੇ ਊਰਜਿਤ ਹੁੰਗਾਰਾ ਭਰਣ ਵਾਲਾ ਲੱਭਿਆਂ ਵੀ ਨਹੀਂ ਲੱਭਣਾ। ਗਾਲਿਬ ਦੀ ‘ਜ਼ਹੂਰ-ਏ-ਤਰਤੀਬ’ ਵਿਚ ‘ਅਜਜ਼ਾਂ ਦਾ ਪਰੀਸ਼ਾਂਨ’ ਹੋਣਾ ਵੀ ਉਸ ਵਾਂਗ ਸਮਝਣਾ ਤੇ ਸਾਂਝਾ ਕਿਸੇ ਤੋਂ ਨਹੀਂ ਹੋਣਾ। ਇਸ ਨਾਲ ਇਹ ਕਹਿ ਕੇ ਸਬਰ ਕਰਨਾ ਪੈਣਾ ਹੈ,
ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ
ਜ਼ਿਮੀਂ ਮਿਲਤੀ ਹੈ ਤੋਂ ਆਸਮਾਂ ਨਹੀਂ ਮਿਲਤਾ।
ਅਲਵਿਦਾ ਤਾਂ ਕੇਵਲ ਯਾਦਾਂ ਦੀਆਂ ਪਹਿਲਤਾਜ਼ਗੀਆਂ ਨੂੰ ਹੀ ਕਹੀ ਜਾ ਸਕਦੀ ਹੈ।