ਧਰਮ ਅਤੇ ਧਰਮਨਿਰਪੱਖਤਾ: ਮੋਦੀ ਸਟਾਈਲ

ਹੁਣ ਕੋਈ ਸ਼ੱਕ ਨਹੀਂ ਰਿਹਾ ਕਿ ਕੱਟੜ ਹਿੰਦੂਵਾਦੀ ਜਥੇਬੰਦੀ ਆਰæਐਸ਼ਐਸ਼ ਅਤੇ ਇਸ ਦੇ ਸਿਆਸੀ ਵਿੰਗ, ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਹੀ ਹਨ। ਪਹਿਲਾਂ ਜਦੋਂ ਉਸ ਨੂੰ ਪਾਰਟੀ ਦੀ ਚੋਣ ਕਮੇਟੀ ਦਾ ਮੁਖੀ ਥਾਪਿਆ ਗਿਆ ਸੀ ਤਾਂ ਮਾੜਾ ਜਿਹਾ ਓਹਲਾ ਰੱਖਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ ਤਾਂ ਅਜੇ ਬਾਕੀ ਹੈ, ਪਰ ਜਿਸ ਤਰ੍ਹਾਂ ਮੋਦੀ ਜਲਸੇ ਕਰ ਰਿਹਾ ਹੈ ਅਤੇ ਬਿਆਨ-ਦਰ-ਬਿਆਨ ਦਾਗ ਰਿਹਾ ਹੈ, ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਆਰæਐਸ਼ਐਸ਼ ਅਤੇ ਮੋਦੀ ਨੂੰ ਹੁਣ ਚਿੜੀ ਦੀ ਅੱਖ ਵਾਂਗ ਸਿਰਫ ਲੋਕ ਸਭਾ ਚੋਣਾਂ ਹੀ ਸਾਹਮਣੇ ਦਿਸ ਰਹੀਆਂ ਹਨ ਅਤੇ ਇਹ ਸਾਰਾ ਕੁਝ ਹੁਣ ਤੋਂ ਹੀ ਚੋਣਾਂ ਲਈ ਮੁੱਦੇ ਸੈਟ ਕਰਨ ਦੇ ਆਹਰੇ ਲੱਗ ਗਿਆ ਹੈ। ਆਰæਐਸ਼ਐਸ ਨੇ ਇਸ ਸਿਲਸਿਲੇ ਵਿਚ ਐਨ ਜੂਆ ਖੇਡਣ ਦਾ ਯਤਨ ਕੀਤਾ ਹੈ। ਮੋਦੀ ਨੇ ਹੁਣ ਤੱਕ ਦਾ ਸਭ ਤੋਂ ਸਪਸ਼ਟ ਬਿਆਨ ਇਹੀ ਦਾਗਿਆ ਹੈ ਕਿ ਉਹ ਹਿੰਦੂ ਰਾਸ਼ਟਰਵਾਦੀ ਆਗੂ ਹੈ। ਦੂਜੇ ਉਸ ਨੇ ਕਾਂਗਰਸ ਦੀ ਅਖੌਤੀ ਧਰਮਨਿਰਪੱਖਤਾ ਉਤੇ ਸਿੱਧੀ ਚੋਟ ਮਾਰੀ ਹੈ। ਇਸ ਨਾਲ ਕਾਂਗਰਸੀ ਆਗੂ ਵੀ ਨੀਂਦ ਵਿਚੋਂ ਅਚਾਨਕ ਜਾਗਣ ਵਾਂਗ ਬਿਆਨ-ਦਰ-ਬਿਆਨ ਦਾਗਣ ਲੱਗ ਪਏ ਹਨ। ਦਿਨਾਂ ਵਿਚ ਹੀ ਸਿਆਸਤ ਅਤੇ ਮੀਡੀਏ ਦਾ ਪਿੜ ਭਖ ਉਠਿਆ ਹੈ। ਮੀਡੀਏ ਦਾ ਇਕ ਤਕੜਾ ਹਿੱਸਾ ਮੋਦੀ ਲਈ ਨਰਮ ਗੋਸ਼ਾ ਰੱਖਦਾ ਹੈ। ਇਹ ਉਹੀ ਹਿੱਸਾ ਸੀ ਜਿਸ ਨੇ ਆਮ ਲੋਕਾਂ ਨੂੰ ਪਿਛਲੀਆਂ ਗੱਲਾਂ ਭੁੱਲ ਕੇ ਮੋਦੀ ਦੇ ਵਿਕਾਸ ਮਾਡਲ ਵੱਲ ਧਿਆਨ ਦੇਣ ਦਾ ਸੱਦਾ ਦਿੱਤਾ ਸੀ। ਅਸਲ ਵਿਚ ਮੀਡੀਏ ਦੇ ਇਸ ਹਿੱਸੇ ਦੇ ਹਿਤ ਕਾਰਪੋਰੇਟ ਤੇ ਧਨਾਢ ਘਰਾਣਿਆਂ ਨਾਲ ਜੁੜੇ ਹੋਏ ਹਨ ਅਤੇ ਇਹ ਘਰਾਣੇ ਅੱਜ ਦੀ ਤਾਰੀਖ ਵਿਚ ਚਾਹੁੰਦੇ ਹਨ ਕਿ ਦੇਸ਼ ਦਾ ਲੀਡਰ ਮੋਦੀ ਵਰਗਾ ਹੀ ਹੋਣਾ ਚਾਹੀਦਾ ਹੈ ਜਿਹੜਾ ਇਨ੍ਹਾਂ ਘਰਾਣਿਆਂ ਲਈ ਵਿਕਾਸ ਮਾਡਲ ਵਾਲੀਆਂ ਨਵੀਆਂ ਨੀਤੀਆਂ ਡੰਡੇ ਦੇ ਜ਼ੋਰ ਲਾਗੂ ਕਰੇ। ਉਂਜ, ਜਿਹੜੀ ਗੱਲ ਲੋਕਾਂ ਨੂੰ ਭੁਲਾਉਣ ਲਈ ਕਹੀ ਜਾ ਰਹੀ ਹੈ, ਉਹ ਲੋਕਾਂ ਨੂੰ ਇਕ ਦਿਨ ਵੀ ਭੁੱਲੀ ਨਹੀਂ ਹੈ ਅਤੇ ਉਸ ਬਾਰੇ ਮੋਦੀ ਨੇ ਵੀ ਹੁਣ ਠੋਕ-ਵਜਾ ਕੇ ਕਹਿ ਦਿੱਤਾ ਹੈ ਕਿ ਉਸ ਨੂੰ ਆਪਣੇ ਕੀਤੇ ਉਤੇ ਕੋਈ ਪਛਤਾਵਾ ਨਹੀਂ ਹੈ। ਸਭ ਨੂੰ ਚੇਤੇ ਹੋਵੇਗਾ ਕਿ ਮੋਦੀ ਨੇ 2002 ਵਿਚ ਗੁਜਰਾਤ ਦੰਗਿਆਂ ਦੌਰਾਨ ਮੁਸਲਮਾਨਾਂ ਪ੍ਰਤੀ ਉਹੀ ਨੀਤੀ ਅਪਣਾਈ ਸੀ ਜੋ ਕਾਂਗਰਸ ਨੇ 1984 ਵਿਚ ਸਿੱਖਾਂ ਪ੍ਰਤੀ ਅਖਤਿਆਰ ਕੀਤੀ ਸੀ। ਦੋਹਾਂ ਵੇਲਿਆਂ ਮੌਕੇ, ਹਿੰਦੂ ਫਿਰਕਾਪ੍ਰਸਤਾਂ ਨੂੰ ਘੱਟਗਿਣਤੀਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਸੀ। 1984 ਦੇ ਸਿੱਖ ਕਤਲੇਆਮ ਲਈ ਅਜੇ ਤੱਕ ਕਿਸੇ ਕਾਂਗਰਸੀ ਆਗੂ ਨੂੰ ਸੀਖਾਂ ਪਿੱਛੇ ਨਹੀਂ ਡੱਕਿਆ ਗਿਆ ਅਤੇ ਮੋਦੀ ਤਾਂ ਲਲਕਾਰੇ ਮਾਰ ਮਾਰ ਆਖ ਹੀ ਰਿਹਾ ਹੈ ਕਿ ਉਸ ਨੇ ਉਸ ਵਕਤ ਜੋ ਰੋਲ ਨਿਭਾਇਆ, ਉਹ ਠੀਕ ਹੀ ਸੀ।
ਜ਼ਾਹਿਰ ਹੈ ਕਿ ਮੁਸਲਮਾਨਾਂ ਦੇ ਲਹੂ ਨਾਲ ਹੱਥ ਲਬੇੜਨ ਵਾਲਾ ਨਰੇਂਦਰ ਮੋਦੀ ਧਰਮ ਦੇ ਰੱਥ ਉਤੇ ਸਵਾਰ ਹੋ ਕੇ ਸਿਆਸਤ ਦੇ ਪਿੜ ਵਿਚ ਗੇੜੇ ਦੇਣ ਲੱਗ ਪਿਆ ਹੈ। ਇਹ ਆਗੂ ਧਰਮ ਅਤੇ ਸਿਆਸਤ ਦਾ ਜਿਸ ਢੰਗ ਨਾਲ ਸੁਮੇਲ ਕਰ ਰਿਹਾ ਹੈ ਅਤੇ ਜਿਸ ਢੰਗ ਨਾਲ ਧਰਮਨਿਰਪੱਖਤਾ ਨੂੰ ਵੰਗਾਰ ਰਿਹਾ ਹੈ, ਉਸ ਤੋਂ ਇਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਉਸ ਦਾ ਸਿੱਧਾ ਨਿਸ਼ਾਨਾ ਬਹੁ-ਗਿਣਤੀ ਹਿੰਦੂ ਵੋਟਾਂ ਹੀ ਹਨ। ਇਸ ਪ੍ਰਸੰਗ ਵਿਚ ਸਭ ਤੋਂ ਕਸੂਤੀ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਹੈ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਮੁਤਾਬਕ ਸਦਾ ਹੀ ਧਰਮ ਅਤੇ ਸਿਆਸਤ ਦੇ ਸੁਮੇਲ ਦਾ ਹੋਕਾ ਦਿੰਦਾ ਰਿਹਾ ਹੈ। ਛੇਵੇਂ ਪਾਤਸ਼ਾਹ ਨੇ ਸਿਆਸਤ ਉਤੇ ਧਰਮ ਦੇ ਕੁੰਡੇ ਵਾਲੀ ਗੱਲ ਆਖੀ ਸੀ ਅਤੇ ਉਦੋਂ ਆਖੀ ਸੀ ਜਦੋਂ ਮੁਗਲ ਸ਼ਾਸਨ ਲਗਾਤਾਰ ਸਿਰ ਚੜ੍ਹਦਾ ਆ ਰਿਹਾ ਸੀ। ਪਹਿਲਾਂ 20ਵੀ ਸਦੀ ਅਤੇ ਹੁਣ 21ਵੀ ਸਦੀ ਦੇ ਦੂਜੇ ਦਹਾਕੇ ਦੌਰਾਨ ਅਕਾਲੀ ਦਲ ਵੱਲੋਂ ਧਰਮ ਅਤੇ ਸਿਆਸਤ ਦੇ ਸਿਧਾਂਤ ਦਾ ਹਾਲ ਇਹ ਬਣਾ ਦਿੱਤਾ ਗਿਆ ਕਿ ਸਿਆਸਤ ਦੇ ਪਿੜ ਵਿਚ ਪੈਰ ਬੰਨ੍ਹਣ ਲਈ ਧਰਮ ਨੂੰ ਆਧਾਰ ਬਣਾਇਆ ਗਿਆ। ਇਹ ਇਸੇ ਕੋਝੀ ਸਿਆਸਤ ਦੀ ਕੋਈ ਚੋਰ-ਮੋਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਮੋਦੀ ਵਰਗੇ ਆਗੂਆਂ ਦੀ ਪਿੱਠ ‘ਤੇ ਆਣ ਖੜ੍ਹਾ ਹੋਇਆ ਹੈ। ਮੋਦੀ ਦੀ ਰੈਲੀ ਵਿਚ ਪੁੱਜਣ ਲਈ ਅਕਾਲੀ ਦਲ ਦਾ ਸਰਪ੍ਰਸਤ ਅਤੇ ਸੂਬੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣਾ ਵਿਦੇਸ਼ ਦੌਰਾ ਵਿਚੇ ਛੱਡ ਦਿੰਦਾ ਹੈ। ਇਹ ਸਾਰੀ ਗਿਣਤੀ-ਮਿਣਤੀ ਭਾਵੇਂ ਹੈ ਤਾਂ ਸਾਰੀ ਸਿਆਸੀ, ਪਰ ਇਸ ਨਾਲ ਇਕ ਤੱਥ ਤਾਂ ਚਿੱਟੇ ਦਿਨ ਵਾਂਗ ਸਾਫ ਹੋ ਗਿਆ ਹੈ ਕਿ ਬਹੁ-ਗਿਣਤੀ ਦੀ ਫਿਰਕਾਪ੍ਰਸਤੀ ਅਤੇ ਘੱਟ-ਗਿਣਤੀ ਦੀ ਫਿਰਕਾਪ੍ਰਸਤੀ ਇਕ ਮੋੜ ‘ਤੇ ਆਣ ਕੇ ਇਕੱਠੀਆਂ ਹੋ ਗਈਆਂ ਹਨ, ਤੇ ਨਾਲ ਹੀ ਨਾਲ ਇਹ ਕਾਂਗਰਸ ਦੀ ਅਖੌਤੀ ਧਰਮਨਿਰਪੱਖਤਾ ਨੂੰ ਵੰਗਾਰਨ ਲੱਗ ਪਈਆਂ ਹਨ। ਇਹੀ ਉਹ ਮੋੜ ਅਤੇ ਤੱਥ ਹੈ ਜਿਥੇ ਪੁੱਜ ਕੇ 20ਵੀ ਸਦੀ ਦੇ ਅਰੰਭ ਵਿਚ ਦੇਸ਼ ਦੀ ਆਜ਼ਾਦੀ ਲਈ ਹੰਭਲਾ ਮਾਰਨ ਵਾਲੇ ਗਦਰੀਆਂ ਦਾ ਚੇਤਾ ਆਉਂਦਾ ਹੈ। ਉਨ੍ਹਾਂ ਨੇ ਬਾਕਾਇਦਾ ਆਪਣੇ ਮਤਿਆਂ ਵਿਚ ਧਰਮ ਨੂੰ ਹਰ ਇਕ ਦਾ ਨਿੱਜੀ ਮਸਲਾ ਐਲਾਨਿਆ ਸੀ ਅਤੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ ਮੰਚ ਉਤੇ ਇਕੱਠੇ ਕਰ ਕੇ, ਉਨ੍ਹਾਂ ਅੰਗਰੇਜ਼ ਸ਼ਾਸਕਾਂ ਖਿਲਾਫ ਹਥਿਆਰਬੰਦ ਸੰਘਰਸ਼ ਬਾਰੇ ਸੋਚਿਆ ਸੀ ਜਿਨ੍ਹਾਂ ਦੇ ਰਾਜ ਵਿਚ ਸੂਰਜ ਵੀ ਨਹੀਂ ਸੀ ਛੁਪਦਾ ਹੁੰਦਾ। ਉਹ ਆਪਣੇ ਉਸ ਗਦਰ ਨੂੰ ਭਾਵੇਂ ਸਿਰੇ ਨਹੀਂ ਸਨ ਲਾ ਸਕੇ, ਪਰ ਗਦਰੀਆਂ ਦੀ ਉਸ ਸੱਚੀ ਅਤੇ ਸੁੱਚੀ ਸੋਚ ਦਾ ਚਿਰਾਗ ਅੱਜ ਵੀ ਲਟ ਲਟ ਬਲ ਰਿਹਾ ਹੈ। ਅੱਜ ਵੀ ਲੋੜ ਗਦਰੀਆਂ ਦੇ ਬਾਲੇ ਇਸ ਚਿਰਾਗ ਵਿਚ ਤੇਲ ਪਾਉਣ ਦੀ ਹੈ ਤਾਂ ਕਿ ਨਰੇਂਦਰ ਮੋਦੀ ਵਰਗੇ ਲੀਡਰਾਂ ਦੀ ਧਰਮ ਆਧਾਰਤ ਅਖੌਤੀ ਸਿਆਸਤ ਅਤੇ ਕਾਂਗਰਸ ਦੀ ਨਕਲੀ ਧਰਮਨਿਰਪੱਖਤਾ ਵਾਲੀ ਸਿਆਸਤ ਨੂੰ ਵੰਗਾਰਿਆ ਜਾ ਸਕੇ।

Be the first to comment

Leave a Reply

Your email address will not be published.