ਪੂਰਬੀ-ਪੱਛਮੀ ਮਨੋਵਿਗਿਆਨ ਤੇ ਗੁਰਮਤਿ

ਗੁਰਬਚਨ ਸਿੰਘ
ਫੋਨ: 91-98156-98451
ਪੱਛਮੀ ਤਰਜ ਦੇ ਅਧੂਰੇ ਗਿਆਨ ਨੇ ਕਿਵੇਂ ਮਨੁੱਖ ਜਾਤੀ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ, ਇਸ ਦੀ ਇਕ ਸਭ ਤੋਂ ਉਭਰਵੀਂ ਮਿਸਾਲ ਪੱਛਮੀ ਮਨੋਵਿਗਿਆਨ ਹੈ। ਪੱਛਮੀ ਮਨੋਵਿਗਿਆਨ ਦਾ ਮੋਢੀ ਫਰਾਇਡ ਮੰਨਿਆ ਜਾਂਦਾ ਹੈ। ਬਿਨਾ ਸ਼ੱਕ ਫਰਾਇਡ ਮਨ ਦੇ ਤੱਤ ਤੋਂ ਅਸਲੋਂ ਅਣਜਾਣ ਹੈ। ਉਹ ਮਨ ਦੇ ਕੁਝ ਲੱਛਣਾਂ ਦੀ ਵਿਆਖਿਆ ਕਰਦਾ ਹੈ, ਮਨ ਦੀਆਂ ਵੱਖ ਵੱਖ ਅਵਸਥਾਵਾਂ ਦਾ ਜਿ਼ਕਰ ਕਰਦਾ ਹੈ, ਪਰ ਉਹ ਜਿਹੜੇ ਮਨ ਦੇ ਲੱਛਣਾਂ ਜਾਂ ਮਨ ਦੀਆਂ ਵੱਖ ਵੱਖ ਅਵਸਥਾਵਾਂ ਦਾ ਜਿ਼ਕਰ ਕਰਦਾ ਹੈ, ਉਹ ਮਨ ਆਪਣੀ ਅਸਲੀ ਕੁਦਰਤੀ ਹੋਂਦ ਤੋਂ ਅਣਜਾਣ ਹੈ। ਉਹ ਆਪਣੀ ਕੁਦਰਤੀ ਹੋਂਦ ਤੋਂ ਟੁਟਿਆ ਹੋਇਆ ਮਨ ਹੈ। ਇਸ ਅਧੂਰੇ ਮਨੋਵਿਗਿਆਨ ਨੇ ਕਿਵੇਂ ਮਨੁੱਖ ਜਾਤੀ ਦਾ ਬੇੜਾ ਗਰਕ ਕੀਤਾ ਹੈ, ਇਸ ਦਾ ਪਤਾ ਕਰੋਨਾ ਵਾਇਰਸ ਦੀ ਫੈਲੀ ਮਹਾਮਾਰੀ ਦੌਰਾਨ ਉਦੋਂ ਲਗਦਾ ਹੈ, ਜਦੋਂ ਕੁਝ ਸਿਆਣੇ ਡਾਕਟਰ ਇਸ ਰੋਗ ਦੇ ਮਰੀਜਾਂ ਨੂੰ ਆਪਣਾ ਮਨੋਬਲ ਕਾਇਮ ਰੱਖਣ ਦਾ ਸੁਝਾਅ ਦਿੰਦੇ ਹਨ, ਪਰ ਇਹ ਮਨੋਬਲ ਤਾਂ ਹੀ ਕਾਇਮ ਰਹੇਗਾ, ਜੇ ਬੰਦੇ ਨੂੰ ਆਪਣੇ ਮਨ ਦੀ ਕੁਦਰਤੀ ਹੋਂਦ ਅਤੇ ਇਸ ਦੀ ਅਸੀਮ ਤਾਕਤ ਦਾ ਪਤਾ ਹੋਵੇ।

ਫਰਾਇਡ ਦੇ ਇਸ ਅਧੂਰੇ ਮਨੋਵਿਗਿਆਨ ਦੀ ਚਰਚਾ ਡਾ. ਗੁਰਭਗਤ ਸਿੰਘ ਨੇ ਆਪਣੀ ਲਿਖਤ ‘ਵਿਸਮਾਦੀ ਪੂੰਜੀ’ ਵਿਚ ਕੀਤੀ ਹੈ। ਉਨ੍ਹਾਂ ਦੇ ਕਥਨ ਅਨੁਸਾਰ, ‘ਫਰਾਇਡ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਸਾਰੀ ਪੱਛਮੀ ਸਭਿਅਤਾ ਪ੍ਰੇਮਾਤਮਕ ਊਰਜਾ ਨਾਲੋਂ ਟੁੱਟੀ ਹੋਈ ਹੈ ਅਤੇ ‘ਬੀਮਾਰ’ ਹੈ। ਇਸ ਸਭਿਅਤਾ ਦੇ ਸੁਪਨੇ ਵੀ ਇਸ ਉਦਾਸੀਨਤਾ ਜਾਂ ਬਿਮਾਰੀ ਤੋਂ ਪ੍ਰਭਾਵਿਤ ਹਨ। ਨਤੀਜੇ ਵਜੋਂ ਪੱਛਮੀ ਸਭਿਅਤਾ ਦਾ ਅਵਚੇਤਨ, ਬੀਮਾਰ ਅਵਚੇਤਨ ਹੈ। ਕੀ ਇਹ ਸਿਰਫ ਪੱਛਮੀ ਸਭਿਅਤਾ ਦੀ ਸਮੱਸਿਆ ਹੈ ਜਾਂ ਸਾਰੀਆਂ ਸੱਭਿਅਤਾਵਾਂ ਦੀ? ਇਸ ਵੇਲੇ ਇਹ ਇਕ ਵੱਡਾ ਸਵਾਲ ਹੈ। ਇਕ ਮਨੋਵਿਗਿਆਨੀ ਮੈਲਨੀ ਕਲਾਈਨ ਪ੍ਰੇਮਾਤਮਕ ਊਰਜਾ ਬਾਰੇ ਸੰਕਟ ਵਿਚ ਪਏ ਹੋਣ ਨੂੰ ਸਾਰੀ ਮਨੁੱਖ ਜਾਤੀ ਸਬੰਧੀ ਸੱਚ ਮੰਨਦੀ ਹੈ।’
ਹੁਣ ਇਸ ਗੱਲ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਪੱਛਮੀ ਤਰਜ ਦੇ ਅਧੂਰੇ ਮਨੋਵਿਗਿਆਨ ਨੇ ਸਮੁੱਚੀ ਮਾਨਵਤਾ ਨੂੰ ਕਿੰਨੇ ਵੱਡੇ ਮਾਨਸਿਕ ਸੰਕਟ ਵਿਚ ਲਿਆ ਫਸਾਇਆ ਹੈ। ਉਂਜ ਪੱਛਮ ਵਿਚ ਸਭ ਤੋਂ ਪਹਿਲਾਂ ਮਨ ਦੀ ਅਸਲੀ ਤਾਕਤ ਦਾ ਗਿਆਨ ਪਲੈਟੋ ਨੂੰ ਹੋਇਆ, ਜਿਸ ਨੇ ਕਿਹਾ ਸੀ ਕਿ ਸਮਾਂ ਆਵੇਗਾ, ਜਦੋਂ ਮਨੁੱਖ ਆਪਣੇ ਮਨ ਨੂੰ ਏਨਾ ਵਿਕਸਿਤ ਕਰ ਲਏਗਾ ਕਿ ਉਹ ਆਪਣੇ ਸਰੀਰ ਦੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਖੁਦ ਕਰ ਸਕੇਗਾ। ਨਵੇਂ ਯੁਗ ਵਿਚ ਮਨ ਦੀ ਸਭ ਤੋਂ ਭਰਵੀਂ ਵਿਆਖਿਆ ਜਰਮਨ ਫਿਲਾਸਫਰ ਹੇਗਲ ਨੇ ਆਪਣੀ ਕਿਰਤ ‘ਮਨ ਦੇ ਵਰਤਾਰੇ ਦੀ ਸਾਇੰਸ’ ਵਿਚ ਕੀਤੀ ਹੈ। ਹੇਗਲ ਦੀ ਫਿਲਾਸਫੀ ਵਿਚ ਮਨ ਤੇ ਕੁਦਰਤ ਦੇ ਅਟੁੱਟ ਰਿਸ਼ਤੇ ਬਾਰੇ ਰਹੀਆਂ ਤਰੁਟੀਆਂ ਨੂੰ ਮਾਰਕਸ ਨੇ ਦੂਰ ਕੀਤਾ ਹੈ, ਪਰ ਮਨੁੱਖ ਜਾਤੀ ਦੀ ਬਦਕਿਸਮਤੀ ਇਹ ਹੈ ਕਿ ਪੱਛਮ ਵਿਚ ਮਾਰਕਸ ਨੂੰ ਮੋਢੀ ਮੰਨ ਕੇ ਮਨੋਵਿਗਿਆਨ ਵਿਕਸਿਤ ਕਰਨ ਦੀ ਥਾਂ ਬੀਮਾਰ ਮਨ ਦੇ ਵਿਆਖਿਆਕਾਰ ਫਰਾਇਡ ਨੂੰ ਮਨੋਵਿਗਿਆਨ ਦਾ ਮੋਢੀ ਮੰਨ ਲਿਆ ਗਿਆ।
ਅਸਲ ਵਿਚ ਮਨ ਦੀ ਸਭ ਤੋਂ ਵਧੇਰੇ ਖੋਜ ਪੂਰਬ ਵਿਚ ਹੋਈ ਹੈ। ਉਪਨਿਸ਼ਦਾਂ ਵਿਚ ਮਨ ਦੀ ਵਿਆਖਿਆ ਕਰਨ ਦੇ ਯਤਨ ਕੀਤੇ ਗਏ ਹਨ, ਪਰ ਮਨ ਦੀ ਸਭ ਨਾਲੋਂ ਸਪਸ਼ਟ ਅਤੇ ਭਰਵੀਂ ਵਿਆਖਿਆ ਗੁਰੂ ਗ੍ਰੰਥ ਸਾਹਿਬ ਵਿਚ ਹੋਈ ਹੈ। ਮਨ ਦੀ ਅਸੀਮ ਤਾਕਤ ਨੂੰ ਮੰਨ ਕੇ ਇਸ ਨੂੰ ਕਿਵੇਂ ਵਿਕਸਿਤ ਕਰਨਾ ਹੈ, ਇਸ ਦੀ ਜੁਗਤ ਗੁਰੂ ਗ੍ਰੰਥ ਸਾਹਿਬ ਵਿਚ ਦੱਸੀ ਗਈ ਹੈ।
ਉਪਨਿਸ਼ਦਾਂ ਵਿਚ ਦਰਜ ਹੈ, ‘ਇਹ ਜਿਹੜਾ ਹਿਰਦਾ ਜਾਂ ਬੁੱਧੀ ਹੈ, ਇਹੀ ਮਨ ਹੈ। ਇਸ ਦੀਆਂ ਕਈ ਬਿਰਤੀਆਂ ਹਨ, ਜਿਨ੍ਹਾਂ ਨੂੰ ਸੰਗਿਆਨ ਯਥਾ ਪਦਾਰਥ ਦਾ ਠੀਕ ਗਿਆਨ, ਅਗਿਆਨ ਜਾਂ ਈਸ਼ਵਰ ਦਾ ਗਿਆਨ, ਵਿਗਿਆਨ ਜਾਂ ਪਦਾਰਥਾਂ ਦਾ ਵਿਸ਼ੇਸ਼ ਗਿਆਨ, ਪ੍ਰਗਿਆਨ ਜਾਂ ਪ੍ਰਮੁਖ ਚੇਤਨਾ, ਧਾਰਨਾ ਸ਼ਕਤੀ, ਦਰਸ਼ਨ ਸ਼ਕਤੀ, ਧੀਰਜ, ਮਨਨ ਸ਼ਕਤੀ, ਚਿੰਤਨ ਸ਼ਕਤੀ, ਦੁਖਾਕਾਰ ਵ੍ਰਿਤੀ, ਸਮ੍ਰਿਤੀ, ਸੰਕਲਪ, ਨਿਸ਼ਚਾ, ਪ੍ਰਾਣਸ਼ਕਤੀ, ਇੱਛਾ ਸ਼ਕਤੀ ਅਤੇ ਕਾਮਵਾਸਨਾ ਕਿਹਾ ਜਾਂਦਾ ਹੈ। ਇਹ ਸਭ ਕੁਝ ਪ੍ਰਗਿਆਨ ਦੇ ਹੀ ਨਾਮ ਕਹੇ ਜਾਂਦੇ ਹਨ।’…‘ਇੰਦ੍ਰੀਆਂ ਦੇ ਉਪਰਾਮ ਦੀ ਅਵਸਥਾ ਵਿਚ ਇਹ ਮਨ ਰੂਪੀ ਦੇਵ ਸੁਪਨੇ ਵਿਚ ਆਪਣੀ ਮਹਿਮਾ ਨੂੰ ਵੇਖਦਾ ਹੈ। ਜੋ ਕੁਝ ਉਸ ਨੇ ਵੇਖਿਆ ਹੈ, ਉਸ ਦੇ ਪ੍ਰਤੀਬਿੰਬ ਨੂੰ ਫਿਰ ਵੇਖਦਾ ਹੈ। ਜੋ ਸੁਣਿਆ ਹੈ, ਉਸ ਨੂੰ ਫਿਰ ਸੁਣਦਾ ਹੈ। ਵੱਖ ਵੱਖ ਦੇਸ ਅਤੇ ਦਿਸ਼ਾਵਾਂ ਵਿਚ ਉਸ ਨੇ ਜੋ ਕੁਝ ਅਨੁਭਵ ਕੀਤਾ ਹੈ, ਉਸ ਨੂੰ ਫਿਰ ਵਾਰ-ਵਾਰ ਅਨੁਭਵ ਕਰਦਾ ਹੈ। ਵੇਖੇ ਹੋਏ ਤੇ ਨਾ ਵੇਖੇ ਹੋਏ, ਸੁਣੇ ਹੋਏ ਤੇ ਨਾ ਸੁਣੇ ਹੋਏ, ਅਨੁਭਵ ਕੀਤੇ ਹੋਏ ਤੇ ਅਨੁਭਵ ਨਾ ਕੀਤੇ ਹੋਏ ਅਤੇ ਜੋ ਕੁਝ ਵੀ ਸਤ ਅਤੇ ਅਸਤ ਹੈ, ਉਸ ਸਭ ਕੁਝ ਨੂੰ ਵੇਖਦਾ ਹੈ ਅਤੇ ਉਹ ਆਪ ਹੀ ਸਭ ਕੁਝ ਹੋ ਕੇ ਸਭ ਕੁਝ ਵੇਖਦਾ ਹੈ।’ (ਪ੍ਰਸ਼ਨ ਉਪਨਿਸ਼ਦ, ਸਫਾ 95)
‘ਜਿਹੜਾ ਮਨੁੱਖ ਬੁਧੀ ਸਹਿਤ ਹੈ ਭਾਵ ਜਿਸ ਕੋਲ ਆਪਣੀ ਬੁਧਿ ਹੈ ਅਤੇ ਜਿਸ ਦਾ ਆਪਣੇ ਮਨ ਉਤੇ ਸਹੀ ਕਾਬੂ ਹੈ ਭਾਵ ਜਿਸ ਦੇ ਮਨ ਦੀ ਲਗਾਮ ਉਸ ਦੀ ਬੁਧੀ ਦੇ ਹਥ ਵਿਚ ਹੈ ਭਾਵ ਜਿਸ ਦਾ ਮਨ ਉਸ ਦੇ ਆਪਣੇ ਵਸ ਵਿਚ ਹੈ, ਤਾਂ ਫਿਰ ਜਿਵੇਂ ਘੋੜੇ ਰਥ ਨੂੰ ਚਲਾਉਣ ਵਾਲੇ ਰਥਵਾਨ ਦੇ ਵਸ ਵਿਚ ਹੁੰਦੇ ਹਨ, ਉਵੇਂ ਹੀ ਮਨੁੱਖ ਦੀਆਂ ਇੰਦਰੀਆਂ ਉਸ ਦੇ ਆਪਣੇ ਮਨ ਦੇ ਵਸ ਵਿਚ ਹੁੰਦੀਆਂ ਹਨ, ਪਰ ਜਿਹੜਾ ਮਨੁੱਖ ਬੁਧੀ ਰਹਿਤ ਹੈ, ਜਿਸ ਮਨੁੱਖ ਦਾ ਆਪਣੇ ਮਨ ਉਤੇ ਕੋਈ ਜ਼ੋਰ ਨਹੀਂ ਚਲਦਾ ਭਾਵ ਜਿਸ ਮਨੁੱਖ ਦਾ ਮਨ ਉਸ ਦੀ ਆਪਣੇੇ ਵਸ ਵਿਚ ਨਹੀਂ ਹੈ, ਤਾਂ ਫਿਰ ਜਿਵੇਂ ਸਾਰਥੀ ਦੇ ਵਸ ਵਿਚ ਘੋੜੇ ਨਾ ਹੋਣ, ਉਵੇਂ ਹੀ ਉਸ ਮਨੁੱਖ ਦੀਆਂ ਇੰਦਰੀਆਂ ਉਸ ਦੇ ਆਪਣੇ ਮਨ ਦੇ ਵਸ ਵਿਚ ਨਹੀਂ ਹੁੰਦੀਆਂ। ਭਾਵ ਜਿਸ ਮਨੁੱਖ ਦੀ ਬੁਧੀ ਨਹੀਂ ਹੈ, ਮਨ ਅਚੇਤ ਹੈ ਤਾਂ ਉਹ ਮਨੁੱਖ ਆਪਣੇ ਬੇਮੁਹਾਰੇ ਇੰਦ੍ਰਿਆਵੀ ਜਜ਼ਬਿਆਂ ਦਾ ਗੁਲਾਮ ਬਣ ਜਾਂਦਾ ਹੈ, ਜਿਹੜੇ ਅੰਨੇ ਅਤੇ ਨਿਰੋਲ ਵਿਕਾਰਾਂ ਦੇ ਜਨਕ ਹਨ, ਪਰ ਜਿਸ ਮਨੁੱਖ ਦੀ ਬੁਧਿ ਸਾਰਥੀ ਹੈ, ਮਨ ਉਸ ਦੀ ਲਗਾਮ ਹੈ ਭਾਵ ਇੰਦਰੀਆਂ ਉਤੇ ਜਿਸ ਦਾ ਸਵੈ ਕਾਬੂ ਹੈ, ਉਹ ਮਨੁੱਖ ਹਮੇਸ਼ਾ ਆਪਣਾ ਠੀਕ ਰਾਹ ਲਭ ਲੈਂਦਾ ਹੈ। (ਕਠ ਉਪਨਿਸ਼ਦ, ਸਫਾ 61)
ਤਥਾਗਤ ਬੁਧ ਦਾ ਸਾਰਾ ਗਿਆਨ ਮਨ ਉਤੇ ਕਾਬੂ ਪਾਉਣ ਲਈ ਕਹਿੰਦਾ ਹੈ। ਧਮਪਦ ਦੇ ਪਹਿਲੇ ਦੋ ਸੂਤਰ ਮਨ ਦੀ ਤਾਕਤ ਬਾਰੇ ਦੱਸਦੇ ਹਨ, ‘ਜੀਵਨ ਦੇ ਭਾਵਾਂ ਦਾ ਮੁਢ ਮਨ ਤੋਂ ਹੁੰਦਾ ਹੈ। ਮਨ ਹੀ ਸਾਰੀਆਂ ਕਿਰਿਆਵਾਂ ਦਾ ਮੂਲ ਹੈ। ਮਨ ਹੀ ਸ੍ਰੇਸ਼ਠ ਹੈ। ਮਨ ਦੀ ਹੀ ਸਾਰੀ ਮਾਇਆ ਹੈ। ਜਿਹੜਾ ਮਨੁੱਖ ਬੁਰੇ ਮਨ ਨਾਲ ਬੋਲਦਾ ਜਾਂ ਕੰਮ ਕਰਦਾ ਹੈ, ਉਸ ਦੇ ਪਿਛੇ ਦੁਖ ਉਸੇ ਤਰ੍ਹਾਂ ਪੈਂਦਾ ਹੈ, ਜਿਵੇਂ ਰਥ ਦਾ ਪਹੀਆ ਰਥ ਖਿਚਣ ਵਾਲੇ ਬਲਦ ਦੇ। … ਮਨ ਹੀ ਸਾਰੀਆਂ ਕਿਰਿਆਵਾਂ ਦਾ ਮੂਲ ਹੈ। ਮਨ ਹੀ ਸ੍ਰੇਸ਼ਠ ਹੈ। ਮਨ ਦੀ ਹੀ ਸਾਰੀ ਮਾਇਆ ਹੈ, ਜਿਹੜਾ ਮਨੁੱਖ ਨਿਰਮਲ ਮਨ ਤੋਂ ਬੋਲਦਾ ਜਾਂ ਕੰਮ ਕਰਦਾ ਹੈ, ਪਿਛੇ ਚਲਣ ਵਾਲੇ ਪਰਛਾਵੇਂ ਵਾਂਗ ਸੁਖ ਸਦਾ ਉਸ ਦਾ ਪਿਛਾ ਕਰਦੇ ਹਨ।’
ਗੁਰਮਤਿ ਮਨ ਬਾਰੇ ਇਹ ਗਿਆਨ ਦਿੰਦੀ ਹੈ,
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ॥ (ਪੰਨਾ 1330)
ਮਨ ਹੀ ਕਿਸੇ ਮਨੁੱਖ ਨੂੰ ਜੋਗੀ ਜਾਂ ਭੋਗੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਮਨ ਹੀ ਕਿਸੇ ਮਨੁੱਖ ਕੋਲੋਂ ਮੂਰਖਾਂ ਅਤੇ ਮਹਾਂਮੂਰਖਾਂ ਵਾਲੀਆਂ ਹਰਕਤਾਂ ਕਰਵਾਉਂਦਾ ਹੈ। ਮਨ ਹੀ ਉਹ ਸ਼ਕਤੀ ਹੈ, ਜਿਹੜੀ ਕਿਸੇ ਮਨੁੱਖ ਨੂੰ ਦਾਤਾ ਭਾਵ ਕੋਲੋਂ ਕੁਝ ਦੇਣ ਵਾਲਾ ਭਾਵ ਸੰਤੋਖੀ ਅਤੇ ਕਿਸੇ ਨੂੰ ਮੰਗਤਾ ਭਾਵ ਹਰ ਵੇਲੇ ਮੰਗਣ ਵਾਲਾ ਤਥਾ ਲੋਭੀ ਤੇ ਕਮੀਨਾ ਬਣਾਉਂਦੀ ਹੈ। ਮਨੁੱਖ ਦਾ ਆਪਣਾ ਸਰੀਰੀ ਮਨ ਹੀ ਸ਼੍ਰੋਮਣੀ ਗੁਰੂ ਅਤੇ ਕਰਤਾਰੀ ਸ਼ਕਤੀ ਹੈ।
ਇਹੁ ਮਨੁ ਸਕਤੀ ਇਹੁ ਮਨੁ ਸੀਉ॥
ਇਹੁ ਮਨੁ ਪੰਚ ਤਤ ਕੋ ਜੀਉ॥
ਇਹੁ ਮਨ ਲੇ ਜਉ ਉਨਮਨਿ ਰਹੈ॥
ਤਉ ਤੀਨਿ ਲੋਕ ਕੀ ਬਾਤੈ ਕਹੈ॥ (ਪੰਨਾ 342)
ਇਹ ਮਨ ਹੀ ਮਨੁੱਖ ਦੀ ਸ਼ਕਤੀ ਹੈ ਅਤੇ ਇਹ ਮਨ ਹੀ ਮਨੁੱਖ ਦੀ ਸੀਮਾ ਹੈ। ਕਿਸੇ ਵੀ ਮਨੁੱਖ ਦਾ ਵਿਹਾਰ ਉਸ ਦੇ ਆਪਣੇ ਹੀ ਸਰੀਰੀ ਮਨ ਦਾ ਪ੍ਰਗਟ ਰੂਪ ਹੁੰਦਾ ਹੈ। ਜਿਨ੍ਹਾਂ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ, ਉਨ੍ਹਾਂ ਹੀ ਪੰਜਾਂ ਤੱਤਾਂ ਦਾ ਇਕ ਜੀਅ ਇਹ ਮਨ ਹੈ। ਭਾਵ ਮਨ ਦੀ ਹੋਂਦ ਸਰੀਰ ਦੇ ਨਾਲ ਹੀ ਖਤਮ ਹੋ ਜਾਂਦੀ ਹੈ। ਇਹ ਮਨ ਜਦੋਂ ਪੂਰਨ ਵਿਕਸਿਤ ਰੂਪ ਵਿਚ ਉਚਾ ਉਠ ਜਾਏ ਭਾਵ ਵਿਕਸਿਤ ਹੋ ਜਾਏ ਤਾਂ ਇਸ ਮਨ ਦੇ ਅਨੁਭਵੀ ਕਲਾਵੇ ਵਿਚ ਤਿੰਨੇ ਲੋਕ ਭਾਵ ਸਾਰਾ ਬ੍ਰਹਿਮੰਡੀ ਗਿਆਨ ਆ ਜਾਂਦਾ ਹੈ।
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ॥ (ਪੰਨਾ 61)
ਭੇਖੀ ਮਨੁੱਖ ਅੱਖਰਾਂ ਦੀ ਪੜ੍ਹਾਈ ਕਰ ਕੇ ਹੀ ਉਸ ਦਾ ਘੁਮੰਡ ਕਰਨ ਲੱਗ ਪੈਂਦਾ ਹੈ। ਜੇ ਮਨ ਵਿਚ ਘੁਮੰਡ ਦੀ ਮੈਲ ਹੈ ਤਾਂ ਤੀਰਥਾਂ ਦੇ ਇਸ਼ਨਾਨ ਦਾ ਉਕਾ ਕੋਈ ਲਾਭ ਨਹੀਂ। ਗੁਰੂ ਬਿਨਾ ਇਹ ਗਿਆਨ ਕਿਤੇ ਨਹੀਂ ਮਿਲਦਾ ਕਿ ਮਨੁੱਖ ਦਾ ਆਪਣਾ ਸਰੀਰੀ ਮਨ ਹੀ ਰਾਜਾ ਅਤੇ ਸੁਲਤਾਨ ਹੈ। ਭਾਵ ਮਨੁੱਖ ਦੇ ਸਰੀਰ ਉਤੇ ਉਸ ਦੇ ਆਪਣੇ ਹੀ ਮਨ ਦਾ ਹੁਕਮ ਚਲਦਾ ਹੈ। ਮਨ ਸਰੀਰ ਨੂੰ ਆਪਣੀ ਮਰਜੀ ਨਾਲ ਚਲਾਉਂਦਾ ਹੈ। ਮਨ ਪੰਜਾਂ ਗਿਆਨ ਇੰਦ੍ਰੀਆਂ ਤੋਂ ਗਿਆਨ ਹਾਸਲ ਕਰ ਕੇ ਅੱਗੋਂ ਕਰਮ ਇੰਦ੍ਰੀਆਂ ਨੂੰ ਹਰਕਤ ਵਿਚ ਲਿਆਉਂਦਾ ਹੈ। ਮਨ ਗਿਆਨ ਇੰਦ੍ਰੀਆਂ ਤੇ ਕਰਮ ਇੰਦ੍ਰੀਆਂ ਵਿਚਕਾਰ ਇਕ ਸਾਂਝੇ ਕੇਂਦਰ ਵਜੋਂ ਕੰਮ ਕਰਦਾ ਹੈ। ਜੇ ਮਨ ਸਰੀਰ ਦੀਆਂ ਦਸਾਂ ਇੰਦ੍ਰੀਆਂ ਭਾਵ ਪੰਜ ਗਿਆਨ ਇੰਦ੍ਰੀਆਂ ਅਤੇ ਪੰਜ ਕਰਮ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ਕੇ ਇਨ੍ਹਾਂ ਦੀ ਸੁਚੱਜੀ ਵਰਤੋਂ ਕਰਦਾ ਹੈ ਤਾਂ ਉਸ ਮਨੁੱਖ ਦਾ ਆਤਮ ਅਨੁਭਵੀ ਗਿਆਨ ਨਾਲ ਰੌਸ਼ਨ ਹੋ ਜਾਂਦਾ ਹੈ।
ਦਸ ਇੰਦ੍ਰੀ ਕਰਿ ਰਾਖੈ ਵਾਸ॥
ਤਾਕੈ ਆਤਮੈ ਹੋਇ ਪ੍ਰਗਾਸੁ॥ (ਪੰਨਾ 236)
ਡਾ. ਅੰਬੇਡਕਰ ਦਾ ਕਥਨ ਹੈ, ‘ਮਨੁੱਖੀ ਹੋਂਦ ਦਾ ਅੰਤਿਮ ਨਿਸ਼ਾਨਾ ਮਨ ਦੀ ਸਾਧਨਾ ਹੈ।’
ਮਨ ਸਾਧੇ ਸਿਧਿ ਹੋਇ॥ (ਪੰਨਾ 342)