ਇਵੇਂ ਹੀ ਚੰਦ ਚਾੜ੍ਹਨਗੇ ਪੰਜਾਬ ਦੇ ਕਾਂਗਰਸੀ ਆਗੂ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੁਰਾਣੇ ਸਮੇਂ ਦੀ ਗੱਲ ਹੈ। ਦੂਰ-ਦੁਰਾਡੇ ਸਫਰ ’ਤੇ ਜਾ ਰਹੇ ਵਪਾਰੀਆਂ ਦੇ ਇਕ ਟੋਲੇ ਨੂੰ ਰਾਤ ਪੈ ਗਈ। ਉਨ੍ਹਾਂ ਰਾਤ ਦੇ ਵਿਸਰਾਮ ਲਈ ਆਰਜੀ ਝੁੱਗੀਆਂ ਬਣਾ ਲਈਆਂ। ਜਲ ਛਕਣ ਲਈ ਉਨ੍ਹਾਂ ਨੇੜੇ ਹੀ ਇਕ ਖੂਹ ਦਾ ਪਤਾ ਵੀ ਲਾ ਲਿਆ। ਰਾਤ ਪਈ ਤੋਂ ਉਨ੍ਹਾਂ ਨੇ ਆਪਣੇ ਦਲ ਨਾਲ ਨਵੇਂ ਨਵੇਂ ਰਲੇ ਇਕ ਸੱਜਣ ਨੂੰ ਖੂਹ ’ਚੋਂ ਪਾਣੀ ਲੈਣ ਭੇਜਿਆ। ਗਾਲੜੀ ਜਿਹੇ ਸੁਭਾਅ ਦਾ ਉਹ ਬੰਦਾ ਡੋਲ ਤੇ ਲੱਜ ਚੁੱਕ ਕੇ ਪਾਣੀ ਲੈਣ ਚਲਾ ਗਿਆ।

ਖੂਹ ਦੀ ਮੌਣ ’ਤੇ ਜਾ ਕੇ ਉਸ ਨੇ ਪਾਣੀ ਦੀ ਡੁੰਘਾਈ ਦੇਖਣ ਲਈ ਜਦ ਥੱਲੇ ਨੂੰ ਝਾਕਿਆ ਤਾਂ ਖੂਹ ਦੇ ਪਾਣੀ ਵਿਚ ਉਸ ਨੂੰ ਚੰਦ ਦਾ ਪਰਛਾਵਾਂ ਦਿਸਿਆ। ਉਹ ਸੋਚਣ ਲੱਗਾ ਕਿ ਚੰਦ ਤਾਂ ਖੂਹ ਵਿਚ ਡਿੱਗਾ ਪਿਆ ਹੈ! ਉਸ ਨੂੰ ਖਿਆਲ ਆਇਆ ਕਿ ਜੇ ਮੈਂ ਚੰਦ ਨੂੰ ਖੂਹ ’ਚੋਂ ਨਾ ਕੱਢਿਆ ਤਾਂ ਚਾਨਣ ਨਹੀਂ ਹੋਵੇਗਾ ਤੇ ਰਾਤ ਬਹੁਤ ਹਨੇਰੀ ਹੋ ਜਾਵੇਗੀ। ਇਹ ਵਿਚਾਰ ਕੇ ਉਸ ਨੇ ਫੈਸਲਾ ਕਰ ਲਿਆ ਕਿ ਪਾਣੀ ਤਾਂ ਉਹ ਬਾਅਦ ਵਿਚ ਲਿਜਾਵੇਗਾ, ਪਹਿਲਾਂ ਖੂਹ ਵਿਚੋਂ ਚੰਦ ਬਾਹਰ ਕੱਢ ਲਿਆ ਜਾਵੇ!
ਲਉ ਜੀ, ਪਹਿਲਾਂ ਤਾਂ ਉਸ ਨੇ ਇਕ ਵਿੰਗਾ ਜਿਹਾ ਕਿੱਲ ਲੱਭਿਆ, ਜੋ ਮੂਹਰਿਓਂ ਥੋੜ੍ਹਾ ਕੁੰਡੀ ਵਾਂਗ ਮੁੜਿਆ ਹੋਇਆ ਸੀ। ਝੱਟ ਉਸ ਨੇ ਲੱਜ ਨਾਲੋਂ ਡੋਲ ਖੋਲ੍ਹਿਆ ਅਤੇ ਉਹ ਕਿੱਲ ਬੰਨ੍ਹ ਲਿਆ। ਜਦ ਉਸ ਨੇ ਲੱਜ ਖੂਹ ਵਿਚ ਫਰਾਹ ਕੇ ਉੱਤੇ ਨੂੰ ਖਿੱਚੀ ਤਾਂ ਕਿੱਲ ਥੱਲੇ ਕਿਸੇ ਉੱਖੜੀ ਹੋਈ ਇੱਟ ਵਿਚ ਫਸ ਗਿਆ। ਉਸ ਨੂੰ ਜਾਪਿਆ ਕਿ ਮੇਰਾ ਕੁੰਡਾ, ਚੰਦ ਨੂੰ ਪੈ ਗਿਆ ਹੈ, ਹੁਣ ਮੈਂ ਉਸ ਨੂੰ ਉੱਪਰ ਖਿੱਚ ਲਵਾਂ।
ਘਿਰਲੀ ’ਤੇ ਲੱਜ ਚੜ੍ਹਾ ਕੇ ਉਸ ਨੇ ਖਿੱਚਣੀ ਸ਼ੁਰੂ ਕੀਤੀ। ਮੁੜਿਆ ਹੋਇਆ ਕਿੱਲ ਕਿਤੇ ਚੰਗੀ ਤਰ੍ਹਾਂ ਹੀ ਅੜ ਗਿਆ ਹੋਵੇਗਾ, ਜਿਸ ਕਰਕੇ ਉਹ ਲੱਜ ਖਿੱਚ ਖਿੱਚ ਕੇ ਹੰਭ ਗਿਆ, ਪਰ ‘ਚੰਦ’ ਬਾਹਰ ਨਾ ਆ ਸਕਿਆ।
ਦੋ ਕੁ ਪਲ ਸਾਹ ਲੈ ਕੇ ਉਸ ਨੇ ਫਿਰ ਸਾਰਾ ਤਾਣ ਇਕੱਠਾ ਕਰਕੇ ਇਕ ਦਮ ਜੋਰ ਮਾਰਿਆ। ਜਿਉਂ ਹੀ ਉਸ ਨੇ ਅਜਿਹਾ ਹੱਲਾ ਮਾਰਿਆ ਤਾਂ ਇੱਟ ’ਚ ਫਸਿਆ ਕਿੱਲ ਨਿਕਲ ਗਿਆ ਤੇ ਉਹ ਪਿੱਛੇ ਨੂੰ ਧੜੰਮ ਸਿਰ ਪਰਨੇ ਸਿੱਧਾ ਸਰਪਾਲ ਡਿੱਗ ਪਿਆ! ਉਹਦੀ ਪੱਗ ਲਹਿ ਕੇ ਪਾਸੇ ਡਿੱਗ ਪਈ ਤੇ ਟੋਟਰ ਉੱਤੇ ਸੱਟ ਵੀ ਲੱਗੀ। ਉਸ ਨੂੰ ਡਿਗਦਿਆਂ ਹੀ ਨ੍ਹੇਰਨੀ ਜਿਹੀ ਆ ਗਈ। ਇੰਨੇ ਨੂੰ ਉਹਦੇ ਕੁਝ ਸਾਥੀ ਉਹਨੂੰ ਲੱਭਦੇ ਲੱਭਦੇ ਖੂਹ ’ਤੇ ਆਣ ਪਹੁੰਚੇ। ਉਹਨੂੰ ਡਿੱਗੇ ਪਏ ਨੂੰ ਦੇਖ ਕੇ ਸਾਥੀ ਹੈਰਾਨ ਹੋ ਰਹੇ ਸਨ, ਪਰ ਉਹ ਆਪਣਾ ਸਿਰ ਮਲਦਿਆਂ ਆਸਮਾਨ ਵੱਲ ਨਜ਼ਰ ਘੁਮਾ ਕੇ ਖੁਸ਼ ਹੋ ਕੇ ਬੋਲਿਆ, “ਕੀ ਹੋਇਆ ਜੇ ਮੇਰੇ ਸੱਟ ਲੱਗ ਗਈ ਐ, ਪਰ ਮੈਂ ਚੰਦ ਤਾਂ ਚਾੜ੍ਹ ਦਿੱਤਾ ਨਾ ਆਸਮਾਨ ਵਿਚ!”