2022 ਵਿਚ ਪੰਜਾਬ ਦਾ ਮੁੱਖ ਮੰਤਰੀ ਕੌਣ ਬਣੇਗਾ?

ਦਲੀਪ ਸਿੰਘ ਵਾਸਨ
ਐਡਵੋਕੇਟ, ਪਟਿਆਲਾ।
ਫੋਨ: 0175-5191856
ਸਿਆਸੀ ਪਾਰਟੀਆਂ ਬਾਰੇ ਲੋਕਾਂ ਨੂੰ ਪਤਾ ਹੀ ਹੈ ਕਿ ਕਿਹੜੀ ਕਿੰਨੇ ਪਾਣੀ ਵਿਚ ਹੈ! ਪੰਜਾਬ ਦੇ ਲੋਕਾਂ ਸਾਹਮਣੇ ਕੁਝ ਜਾਣੇ-ਪਛਾਣੇ ਚਿਹਰੇ ਵੀ ਹਨ, ਜਿਨ੍ਹਾਂ ਵਿਚੋਂ ਕੋਈ ਇੱਕ ਮੁੱਖ ਮੰਤਰੀ ਬਣ ਸਕਦਾ ਹੈ। ਪੰਜਾਬ ਦੇ ਲੋਕਾਂ ਨੂੰ ਇਹ ਸਮਝ ਆ ਚੁਕਾ ਹੈ ਕਿ ਕੋਈ ਵੀ ਪਾਰਟੀ ਜਿੱਤੇ ਜਾਂ ਕੋਈ ਵੀ ਆਦਮੀ ਮੁੱਖ ਮੰਤਰੀ ਬਣੇ, ਪੰਜਾਬ ਦੇ ਲੋਕਾਂ ਗਲ ਜੋ ਸਮੱਸਿਆਵਾਂ ਆ ਪਈਆਂ ਹਨ, ਉਹ ਇੰਨੀਆਂ ਗੰਭੀਰ ਹਨ ਕਿ ਕਿਸੇ ਵੀ ਮੁੱਖ ਮੰਤਰੀ ਜਾਂ ਕਿਸੇ ਵੀ ਪਾਰਟੀ ਪਾਸੋਂ ਹੱਲ ਹੋਣ ਵਾਲੀਆਂ ਨਹੀਂ ਹਨ। ਸੂਬੇ ਵਿਚ ਜੋ ਹਾਲਾਤ ਬਣ ਆਏ ਹਨ, ਇਹ ਸਮੱਸਿਆਵਾਂ ਵਧਣਗੀਆਂ ਹੀ; ਬੇਸ਼ੱਕ ਕੋਈ ਇਹ ਆਖੀ ਜਾਵੇ ਕਿ ਸਭ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ। ਪੰਜਾਬ ਵਿਚ ਸਭ ਤੋਂ ਵੱਡੀ ਸਮੱਸਿਆ ਨੌਜਵਾਨਾਂ ਦੀ ਹੈ, ਜਿਨ੍ਹਾਂ ਦਾ ਕੋਈ ਵੀ ਭਵਿੱਖ ਨਹੀਂ ਹੈ।

ਇਹ ਸਮੱਸਿਆ ਕੋਈ ਅੱਜ ਦੀ ਨਹੀਂ ਹੈ, ਪੰਜਾਬ ਵਿਚ ਕਦੀ ਅਤਿਵਾਦ ਆਇਆ ਸੀ, ਇਹ ਵੀ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋਣ ਕਰਕੇ ਆਇਆ ਸੀ ਅਤੇ ਇਸ ਅਤਿਵਾਦ ਵਿਚ ਬਹੁਤਾ ਨੁਕਸਾਨ ਨੌਜਵਾਨਾਂ ਦਾ ਹੀ ਹੋਇਆ ਸੀ। ਲੰਮੇ ਸਮੇਂ ਤੋਂ ਨੌਜਵਾਨ ਲੱਖਾਂ ਰੁਪਏ ਖਰਚ ਕੇ ਪਰਵਾਸ ਕਰ ਰਹੇ ਹਨ। ਪੰਜਾਬ ਐਸਾ ਪ੍ਰਾਂਤ ਹੈ, ਜੋ ਪਾਕਿਸਤਾਨੀ ਸਰਹੱਦ ਉਤੇ ਹੈ ਤੇ ਅਰਬਾਂ-ਖਰਬਾਂ ਰੁਪਏ ਦੀਆਂ ਨਸ਼ੀਲੀਆਂ ਵਸਤਾ ਇਥੋਂ ਹੀ ਲੰਘ ਕੇ ਅੱਗੇ ਜਾਂਦੀਆਂ ਹਨ ਅਤੇ ਪੰਜਾਬ ਦੇ ਬਹੁਤੇ ਨਿਰਾਸ਼ ਨੌਜਵਾਨ ਨਸ਼ੱਈ ਹੋ ਗਏ ਹਨ ਤੇ ਕਈ ਕਿਸਮ ਦੇ ਜੁਰਮ ਵੀ ਹੋਣ ਲੱਗ ਪਏ ਹਨ।
ਪੰਜਾਬ ਇਕ ਸਰਹੱਦੀ ਸੂਬਾ ਹੋਣ ਕਰਕੇ ਵੱਡੇ ਕਾਰਖਾਨੇ ਪੰਜਾਬ ਵਿਚ ਨਹੀਂ ਆਏ। ਖਾਲਿਸਤਾਨੀ ਲਹਿਰ ਨੇ ਵੀ ਬਹੁਤੇ ਉਦਯੋਗਪਤੀਆਂ ਦਾ ਮੂੰਹ ਪੰਜਾਬ ਤੋਂ ਮੋੜ ਦਿੱਤਾ। ਪੰਜਾਬ ਅਨਾਜ ਲਈ ਮਸ਼ਹੂਰ ਰਿਹਾ ਹੈ ਅਤੇ ਅੱਜ ਵੀ ਹੈ, ਪਰ ਅਨਾਜ ਨੂੰ ਸੰਭਾਲਣ ਤੇ ਪ੍ਰੋਸੈਸ ਕਰਨ ਦਾ ਹਾਲੇ ਪੰਜਾਬ ਅੰਦਰ ਕੋਈ ਪੁਖਤਾ ਪ੍ਰਬੰਧ ਨਹੀਂ ਹੋ ਸਕਿਆ। ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦਾ ਇਕ ਦਾਣਾ ਵੀ, ਬਿਨਾ ਪ੍ਰੋਸੈਸ ਦੇ ਪੰਜਾਬ ਤੋਂ ਬਾਹਰ ਨਹੀਂ ਸੀ ਜਾਣਾ ਚਾਹੀਦਾ। ਅਸੀਂ ਸਾਰੇ ਦੇਸ਼ ਦੀ ਰੋਟੀ ਤੱਕ ਇਥੋਂ ਹੀ ਬਣਾ ਕੇ ਦੇਸ਼ ਦੇ ਹੋਰ ਹਿੱਸਿਆਂ ਵਿਚ ਭੇਜ ਸਕਦੇ ਸਾਂ, ਪਰ ਪੰਜਾਬ ਦੀਆਂ ਜੋ ਪ੍ਰਸਥਿਤੀਆਂ ਬਣਦੀਆਂ ਆ ਰਹੀਆਂ ਹਨ, ਉਸ ਨੇ ਪੰਜਾਬ ਬਰਬਾਦ ਕਰ ਦਿੱਤਾ ਹੈ।
ਜਿਹੜੀਆਂ ਵੀ ਪਾਰਟੀਆਂ ਰਾਜ ਕਰ ਬੈਠੀਆਂ ਹਨ, ਉਹ ਸਿਰ ਉਚਾ ਕਰਕੇ ਇਹ ਨਹੀਂ ਦੱਸ ਸਕਦੀਆਂ ਕਿ ਇਹ ਜੋ ਸਮੱਸਿਆਵਾਂ ਪੰਜਾਬ ਵਿਚ ਆ ਬਣੀਆਂ ਹਨ, ਉਹ ਕਿੱਥੋਂ ਤਕ ਹੱਲ ਕਰ ਸਕੇ ਹਨ ਅਤੇ ਜੇ ਫਿਰ ਮੌਕਾ ਦਿੱਤਾ ਜਾਵੇ ਤਾਂ ਉਹ ਨਵਾਂ ਕੀ ਕਰ ਪਾਉਣਗੇ?
ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਬਟਵਾਰੇ ਵਕਤ ਹੀ ਹੋ ਗਿਆ ਸੀ, ਪਰ ਅੱਜ ਤੱਕ ਹੋਏ ਸਿਆਸਤਦਾਨਾਂ ਦੀਆਂ ਨਾਜਾਇਜ਼ ਕਾਰਵਾਈਆਂ ਕਰਕੇ ਇਹ ਪੰਜਾਬ ਟੋਟੇ ਟੋਟੇ ਹੋ ਗਿਆ ਹੈ। ਅੱਜ ਨਾ ਤਾਂ ਇਸ ਪਾਸ ਪਹਾੜ ਹਨ, ਨਾ ਹੀ ਜੰਗਲ; ਨਾ ਹੀ ਕੋਈ ਦਰਿਆ ਆਪਣਾ ਹੈ, ਨਾ ਹੀ ਕੋਈ ਡੈਮ ਹੀ। ਸਿਆਸੀ ਲੋਕਾਂ ਕਾਰਨ ਵੱਡੀ ਬਦਕਿਸਮਤੀ ਇਹ ਕਿ ਅੱਜ ਸਾਡੇ ਪਾਸ ਆਪਣੀ ਰਾਜਧਾਨੀ ਵੀ ਨਹੀਂ ਹੈ।
ਇਹ ਵੀ ਇੱਕ ਸੱਚਾਈ ਹੈ ਕਿ ਅੱਜ ਪੰਜਾਬ ਵਿਚ ਲੱਖਾਂ ਹੀ ਕਾਮੇ ਹੋਰ ਸੂਬਿਆਂ ਵਿਚੋਂ ਆ ਕੇ ਕੰਮ ਕਰ ਰਹੇ ਹਨ ਅਤੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ, ਪਰ ਪੰਜਾਬ ਦਾ ਨੌਜਵਾਨ ਵਿਦੇਸ਼ ਨੂੰ ਭੱਜ ਰਿਹਾ ਹੈ, ਜਿਥੇ ਜਾ ਕੇ ਉਹ ਇਹੀ ਕੰਮ ਕਰ ਰਿਹਾ ਹੈ, ਜੋ ਉਹ ਆਪਣੇ ਦੇਸ਼ ਵਿਚ ਕਰਨੋਂ ਕਤਰਾਉਂਦਾ ਹੈ।
ਪੰਜਾਬ ਵਿਚ ਬਹੁਤੀ ਆਬਾਦੀ ਸਿੱਖਾਂ ਦੀ ਹੈ ਅਤੇ ਅਸੀਂ ਦੇਖਿਆ ਹੈ ਕਿ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬੀਆਂ ਨੇ ਸੰਘਰਸ਼ ਚਲਾਇਆ ਤਾਂ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਜਦ ਇਹ ਕਿਸਾਨ ਜਥੇਬੰਦੀਆਂ ਹਾਜ਼ਰ ਹੋਈਆਂ ਤਾਂ ਭਾਜਪਾ ਸਰਕਾਰ ਵਲੋਂ ਇਹ ਪ੍ਰਤੀਕਰਮ ਵੀ ਆਇਆ ਕਿ ਇਹ ਕਿਸਾਨ ਨਹੀਂ ਹਨ, ਅਤਿਵਾਦੀ ਹਨ। ਇਹ ਵੀ ਆਖ ਦਿੱਤਾ ਗਿਆ ਕਿ ਇਹ ਤਾਂ ਖਾਲਿਸਤਾਨੀ ਹਨ, ਅਰਥਾਤ ਸਿੱਖਾਂ ਉਤੇ ਇਹ ਦੋਸ਼ ਕਦੀ ਕਾਂਗਰਸ ਸਰਕਾਰ ਲਾ ਰਹੀ ਸੀ ਅਤੇ ਅੱਜ ਇਹ ਭਾਜਪਾ ਸਰਕਾਰ ਵੀ ਲਾ ਰਹੀ ਹੈ। ਇਹ ਘਿਨਾਉਣੇ ਦੋਸ਼ ਖਤਮ ਕਿਵੇਂ ਕੀਤੇ ਜਾ ਸਕਦੇ ਹਨ? ਇਹ ਮਸਲਾ ਵੀ ਹੈ, ਪਰ ਲਗਦਾ ਹੈ ਕਿ ਇਹ ਗੱਲਾਂ ਖੜ੍ਹੀਆਂ ਹੀ ਰਹਿਣਗੀਆਂ ਅਤੇ ਪੰਜਾਬ ਅੰਦਰ ਜਿਸ ਵੀ ਮਰਜ਼ੀ ਦੀ ਪਾਰਟੀ ਦੀ ਸਰਕਾਰ ਬਣ ਜਾਵੇ, ਇਹ ਗੱਲਾਂ ਖੜ੍ਹੀਆਂ ਰੱਖੀਆਂ ਜਾਣਗੀਆਂ। ਲਗਦਾ ਹੈ, ਜਲਦੀ ਕੀਤਿਆਂ ਇਹ ਧੱਬੇ ਸਿੱਖ ਜਨਤਾ ਕਦੀ ਵੀ ਸਾਫ ਨਹੀਂ ਕਰ ਸਕੇਗੀ।
ਵੋਟਾਂ ਪੈਣਗੀਆਂ ਵੀ ਅਤੇ ਪੰਜਾਬੀ ਵੋਟਾਂ ਪਾਉਣਗੇ/ਪੁਆਉਣਗੇ ਵੀ। ਵੋਟਾਂ ਵੀ ਰਸਮੀ ਜਿਹੀ ਕਾਰਵਾਈ ਹੈ ਅਤੇ ਕੋਈ ਨਾ ਕੋਈ ਸਰਕਾਰ ਬਣ ਵੀ ਜਾਵੇਗੀ। ਫਿਲਹਾਲ ਕਿਸੇ ਵੀ ਪਾਰਟੀ ਜਾਂ ਧੜੇ ਨੇ ਕੋਈ ਵੀ ਪ੍ਰੋਗਰਾਮ ਨਹੀਂ ਰੱਖਿਆ ਹੈ ਕਿ ਉਹ ਪੰਜਾਬੀਆਂ ਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹੱਲ ਕਰਨਗੇ? ਬਸ ਕੁਝ ਚਿਹਰੇ ਹਨ, ਜੋ ਚਮਕ ਰਹੇ ਹਨ ਅਤੇ ਕੋਈ ਇਕ ਧੜਾ ਜਾਂ ਪਾਰਟੀ ਜਾਂ ਕੋਈ ਇਕ ਵਿਅਕਤੀ ਵਿਸ਼ੇਸ਼ ਛਾਤੀ ਤਾਣ ਕੇ ਇਹ ਨਹੀਂ ਆਖ ਸਕਦਾ ਕਿ ਉਹ ਜਿੱਤ ਜਾਵੇਗਾ! ਉਂਜ ਸਿਆਸੀ ਅਦਲਾ-ਬਦਲੀਆਂ ਤੇ ਜੋੜ-ਤੋੜ ਹੋਣੇ ਸ਼ੁਰੂ ਹੋ ਚੁਕੇ ਹਨ।
ਜਿਥੋਂ ਤਕ ਰਾਜਸੀ ਧੜਿਆਂ ਦਾ ਸਬੰਧ ਹੈ, ਕਾਂਗਰਸ ਵਿਚ ਸਭ ਅੱਛਾ ਨਹੀਂ ਹੈ। ਅਕਾਲੀਆਂ ਦੇ ਵੀ ਦੋ-ਤਿੰਨ ਧੜੇ ਬਣੇ ਪਏ ਹਨ। ਆਮ ਆਦਮੀ ਪਾਰਟੀ ਨੇ ਜਿਹੜੇ ਵੀ ਆਦਮੀ ਸਾਡੇ ਸਾਹਮਣੇ ਕੀਤੇ ਹਨ, ਉਹ ਵੀ ਰਾਜਸੀ ਖੇਤਰ ਵਿਚ ਨਵੇਂ ਨਵੇਂ ਹਨ। ਉਹ ਰਾਜ ਸੰਭਾਲ ਸਕਦੇ ਹਨ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਮਾੜੀ ਮੋਟੀ ਭੱਲ ਬਣ ਆਈ ਹੈ, ਉਹ ਵੀ ਹੱਥੋਂ ਨਾ ਜਾਂਦੀ ਰਹੇ, ਕੁਝ ਨਹੀਂ ਆਖਿਆ ਜਾ ਸਕਦਾ। ਪੰਜਾਬ ਵਿਚ ਖੱਬੀਆਂ ਪਾਰਟੀਆਂ ਵੀ ਹਨ। ਪਹਿਲਾਂ ਇਹ ਇਕ ਪਾਰਟੀ ਸੀ, ਫਿਰ ਦੋ ਬਣ ਗਈਆਂ ਅਤੇ ਹੁਣ ਤਾਂ ਕਈ ਗਰੁੱਪ ਬਣ ਜਾਣ ਦੀ ਚਰਚਾ ਹੈ। ਇਨ੍ਹਾਂ ਨੇ ਵੀ ਹਾਲੇ ਤੱਕ ਯਾਨਿ ਪਿਛਲੇ ਸਾਢੇ ਸੱਤ ਦਹਾਕਿਆਂ ਵਿਚ ਆਪਣੀ ਕੋਈ ਵੀ ਨੀਤੀ, ਪ੍ਰਾਜੈਕਟ, ਸਕੀਮ ਜਾਂ ਟੀਚਾ ਬਣਾ ਕੇ ਪੰਜਾਬੀਆਂ ਅੱਗੇ ਪੇਸ਼ ਨਹੀਂ ਕੀਤਾ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਦੀਆਂ ਅਗਲੀਆਂ ਚੋਣਾਂ ਬਸ ਰਸਮੀ ਜਿਹੀਆਂ ਹੋਣਗੀਆਂ ਅਤੇ ਇਹ ਰਾਜਸੀ ਧੜੇ ਆ ਕੇ ਆਪਣਾ ਆਪਣਾ ਰੰਗ ਜਮਾਉਣਗੇ। ਪੰਜਾਬੀਆਂ ਦੀਆਂ ਇਹ ਜਿੰਨੀਆਂ ਵੀ ਸਮੱਸਿਆਵਾਂ ਹਨ, ਇਹ ਪੈਦਾ ਕਰਨ ਵਿਚ ਪੰਜਾਬ ਦੇ ਸਿਆਸਤਦਾਨਾਂ ਦਾ ਹੱਥ ਰਿਹਾ ਹੈ। ਪੰਜਾਬ ਛੋਟਾ ਕੀਤਾ, ਪੰਜਾਬ ਦੀ ਰਾਜਧਾਨੀ ਗਈ, ਪੰਜਾਬ `ਚੋਂ ਹਿਮਾਚਲ ਤੇ ਹਰਿਆਣਾ ਬਣੇ, ਖਾਲਿਸਤਾਨੀ ਲਹਿਰ ਚੱਲੀ, ਉਦਯੋਗ ਨਹੀਂ ਰਿਹਾ ਸਮੇਤ ਬਹੁਤ ਸਾਰੀਆਂ ਗੱਲਾਂ ਪੰਜਾਬ ਦੇ ਸਿਆਸੀ ਲੋਕਾਂ ਸਾਹਮਣੇ ਵਾਪਰਦੀਆਂ ਰਹੀਆਂ ਹਨ ਅਤੇ ਪੰਜਾਬ ਦੇ ਸਿਆਸਤਦਾਨ ਇਹ ਨਹੀਂ ਆਖ ਸਕਦੇ ਕਿ ਇਹ ਸਮੱਸਿਆਵਾਂ ਪੈਦਾ ਕਰਨ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਇਸ ਲਈ ਜਿਹੜਾ ਮਰਜ਼ੀ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ, ਬਸ ਰਸਮੀ ਜਿਹੀ ਸਰਕਾਰ ਚਲਾਉਣੀ ਹੈ ਅਤੇ ਪਾਰਟੀ ਕੋਈ ਵੀ ਪਈ ਹੋਵੇ, ਪੰਜਾਬੀਆਂ ਦਾ ਇਸ ਨਾਲ ਕੋਈ ਮਤਲਬ ਨਹੀਂ ਹੈ।