ਚਾਚਾ ਚੰਡੀਗੜ੍ਹੀਆ ਦਾ ਸਾਥ

ਗੁਲਜ਼ਾਰ ਸਿੰਘ ਸੰਧੂ
ਗੁਰਨਾਮ ਸਿੰਘ ਤੀਰ ਉਰਫ ਚਾਚਾ ਚੰਡੀਗੜ੍ਹੀਆ ਬੜਾ ਰੌਣਕੀ ਜਿਊੜਾ ਸੀ। ਮੈਂ ਉਹਨੂੰ ਪਹਿਲੀ ਵਾਰ ਨਵੀਂ ਦਿੱਲੀ ਕਿਸੇ ਸਮਾਗਮ ਵਿਚ ਮਿਲਿਆ। 1967-68 ਵਿਚ ਮੈਂ ਉਥੋਂ ਦੀ ਪੰਡਾਰਾ ਰੋਡ ਕਾਲੋਨੀ ਵਿਚ ਰਹਿੰਦਾ ਸਾਂ ਤਾਂ ਇੰਡੀਆ ਗੇਟ ਦੇ ਨੇੜੇ ਸਵੇਰ ਦੀ ਸੈਰ ਕਰਦਿਆਂ ਉਹਦੇ ਨਾਲ ਅਕਸਰ ਮੁਲਾਕਾਤ ਹੋ ਜਾਂਦੀ ਤੇ ਉਸ ਦੇ ਜੀਵਨ ਅਨੁਭਵ ਦੀਆਂ ਗੱਲਾਂ ਸੁਣ ਕੇ ਮਜ਼ਾ ਆ ਜਾਂਦਾ। ਉਹ ਚੰਡੀਗੜ੍ਹ ਤੋਂ ਦੌਰੇ ਉੱਤੇ ਦਿੱਲੀ ਗਿਆ ਸੀ। ਇੰਡੀਆ ਗੇਟ ਦੇ ਆਲੇ-ਦੁਆਲੇ ਕੂਲੇ ਘਾਹ ਵਿਚ ਨੰਗੇ ਪੈਰੀਂ ਸੈਰ ਕਰਦਾ। ਉਸ ਨੇ ਆਪਣੇ ਪੈਰ ਦੀ ਜੁੱਤੀ ਕਾਫੀ ਦੂਰ ਕਿਸੇ ਜੜ੍ਹੀ-ਬੂਟੀ ਦੀਆਂ ਜੜ੍ਹਾਂ ਵਿਚ ਖੋਲ੍ਹੀ ਹੰੁਦੀ। ਬੇਪ੍ਰਵਾਹ ਹਸਤੀ।
30 ਜੂਨ ਨੂੰ ਉਸ ਨੇ 91 ਵਰਿਆਂ ਦਾ ਹੋ ਜਾਣਾ ਸੀ, ਲਗਪਗ ਮਿਲਖਾ ਸਿੰਘ ਦੀ ਉਮਰ ਦਾ।

ਉਹ 60 ਸਾਲ ਦੀ ਛੋਟੀ ਉਮਰੇ ਵੱਡੀ ਕਮਾਈ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਅਕਲਦਾੜ, ਗੁੜਤੀ, ਅੱਧੀ ਰਾਤ ਦੀਆਂ ਹਾਕਾਂ, ਛੂਮੰਤਰ, ਮੈਨੂੰ ਮੈਥੋਂ ਬਚਾਓ ਆਦਿ ਨਾਂ ਦੀਆਂ ਦੋ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ਗੁਰਨਾਮ ਸਿੰਘ ਇੱਕੋ ਤੀਰ ਨਾਲ ਕਈ ਨਿਸ਼ਾਨੇ ਫੁੰਡਣੇ ਜਾਣਦਾ ਸੀ। ਉਸ ਨੇ ਥੋੜ੍ਹੇ ਜੀਵਨ ਵਿਚ ਅਨੇਕਾਂ ਮਾਣ-ਸਨਮਾਨ ਪ੍ਰਾਪਤ ਕੀਤੇ। ਏਨਾ ਬਹੁਪਰਤੀ ਤੇ ਬਹੁ-ਪੱਖੀ ਕੋਈ ਕੋਈ ਹੰੁਦਾ ਹੈ।
2020 ਦੇ ਅਕਤੂਬਰ ਮਹੀਨੇ ਉਸ ਦੀ ਜੀਵਨ ਸਾਥਣ ਤਰਲੋਚਨ ਕੌਰ ਦੇ ਅਕਾਲ ਚਲਾਣੇ ਸਮੇਂ ਉਸ ਦੀ ਬੇਟੀ ਬੱਬੂ ਤੀਰ ਦੀਆਂ ਗੱਲਾਂ ਤੀਰ ਦੇ ਜੀਵਨ ਦੀ ਸੁਹਿਰਦਤਾ ਤੇ ਪਿਆਰ ਭਾਵਨਾ ਉੱਤੇ ਨਵਾਂ ਚਾਨਣ ਪਾਉਣ ਵਾਲੀਆਂ ਸਨ। ਸ੍ਰੀਮਤੀ ਤੀਰ ਨੇ ਅੰਤਿਮ ਸੁਆਸ ਆਪਣੀ ਧੀ ਦੇ ਘਰ ਤਿਆਗੇ ਸਨ। ਅਕਾਲ ਚਲਾਣੇ ਤੋਂ 8-10 ਮਹੀਨੇ ਪਹਿਲਾਂ ਬੱਬੂ ਆਪਣੀ ਮਾਂ ਨੂੰ ਪਿਤਾ ਦੇ 18 ਸੈਕਟਰ ਵਾਲੇ ਘਰ ਤੋਂ ਆਪਣੇ 36 ਸੈਕਟਰ ਵਾਲੇ ਘਰ ਲੈ ਆਈ ਸੀ। ਬੱਬੂ ਨੇ ਮਾਂ ਦੀ ਸੇਵਾ ਲਈ ਦੋ ਨਰਸਾਂ ਰੱਖੀਆਂ ਹੋਈਆਂ ਸਨ। ਮਾਂ ਨੂੰ ਆਪਣਾ ਘਰ ਬਹੁਤ ਚੇਤੇ ਆਉਂਦਾ ਸੀ, ਪਰ ਬੇਟੀ ਕਿਸੇ ਹਾਲਤ ਵਿਚ ਵੀ ਉਸ ਨੂੰ ਇਕੱਲਿਆਂ ਨਹੀਂ ਸੀ ਛੱਡਣਾ ਚਾਹੰੁਦੀ। ਕਈ ਵਾਰੀ ਤੀਰ ਦੇ ਜਨਮ ਸਥਾਨ ਪਿੰਡ ਕੋਟ ਸੁਖੀਆ (ਜਿਲਾ ਮੋਗਾ) ਦੀਆਂ ਗੱਲਾਂ ਛੇੜ ਕੇ ਉਦਾਸ ਹੋ ਜਾਂਦੀ।
ਬੱਬੂ ਤੋਂ ਪਤਾ ਲੱਗਿਆ ਕਿ ਉਹ ਤੀਰ ਸਾਹਿਬ ਦੇ ਅਕਾਲ ਚਲਾਣੇ ਪਿਛੋਂ ਤਿੰਨ ਦਹਾਕੇ, ਜਦੋਂ ਤੱਕ ਤੀਰ ਵਾਲੇ ਘਰ ਰਹੀ ਤਾਂ ਉਸ ਪਤੀ ਦੀ ਕੋਈ ਚੀਜ਼ ਏਧਰ-ਓਧਰ ਨਹੀਂ ਹੋਣ ਦਿੱਤੀ-ਕਲਮ ਦਵਾਤ ਤੇ ਹੋਰ ਲਿਖਣ ਸਮੱਗਰੀ ਸਮੇਤ। ਹਰ ਦੂਜੇ-ਤੀਜੇ ਮਹੀਨੇ ਪਤੀ ਦੇ ਪਹਿਨਣ ਵਾਲੇ ਵਸਤਰ ਆਪਣੇ ਹੱਥੀਂ ਧੋਂਦੀ ਤੇ ਉਨ੍ਹਾਂ ਨੂੰ ਇਸਤਰੀ ਕਰਕੇ ਪਹਿਲਾਂ ਵਾਲੀ ਥਾਂ ਉੱਤੇ ਟਿਕਾ ਦਿੰਦੀ। ਅਜਿਹਾ ਕੀਤਿਆਂ ਉਸ ਨੂੰ ਆਪਣੇ ਜੀਵਨ ਸਾਥੀ ਦੀ ਹੋਂਦ ਦਾ ਅਹਿਸਾਸ ਹੰੁਦਾ ਸੀ, ਸ਼ਾਇਦ!
ਬੇਟੀ ਦੇ ਘਰ ਰਹਿੰਦਿਆਂ ਜਦੋਂ ਉਸ ਨੂੰ ਆਪਣਾ ਅੰਤ ਨੇੜੇ ਆਉਂਦਾ ਜਾਪਿਆ ਤਾਂ ਮੁੜ ਮੁੜ ਬੇਟੀ ਨੂੰ ਕਹਿੰਦੀ ਕਿ ਪਿਛਲੇ ਘਰ ਵਿਚ ਪਏ, ਉਸ ਦੇ ਉਹ ਵਾਲੇ ਵਸਤਰ ਲਿਆ ਦੇਵੇ, ਜੋ ਉਹ ਘਰੋਂ ਬਾਹਰ ਜਾਣ ਸਮੇਂ ਪਹਿਨਿਆ ਕਰਦੀ ਸੀ। ਬੱਬੂ ਕਈ ਦਿਨ ਟਾਲ-ਮਟੋਲ ਕਰਦੀ ਰਹੀ, ਪਰ ਇੱਕ ਦਿਨ ਮਾਂ ਦੇ ਜ਼ਿਦ ਕਰਨ ਉੱਤੇ ਉਸ ਨੂੰ ਲਿਆਉਣੇ ਹੀ ਪਏ। ਵਸਤਰਾਂ ਦੇ ਆਉਣ ਦੀ ਦੇਰ ਸੀ ਕਿ ਇੱਕ ਦਿਨ ਉਸ ਨੇ ਨਰਸ ਨੂੰ ਤੜਕਸਾਰ ਜਗਾ ਕੇ ਸਵੇਰੇ ਸਵੇਰੇ ਨਹਾਉਣ ਦੀ ਇੱਛਾ ਪ੍ਰਗਟ ਕੀਤੀ। ਇਹ ਵੀ ਕਿ ਇਸ਼ਨਾਨ ਤੋਂ ਪਿਛੋਂ ਉਸ ਨੇ ਘਰੋਂ ਆਏ ਵਸਤਰ ਪਹਿਨਣੇ ਹਨ। ਬੱਬੂ ਨੂੰ ਸਮਝ ਨਾ ਆਏ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ। ਉਸ ਨੇ ਮਾਂ ਦੀ ਇੱਛਾ ਉਤੇ ਫੁੱਲ ਚੜ੍ਹਾਏ ਤੇ ਆਪ ਕੋਵਿਡ ਦਾ ਟੀਕਾ ਲਵਾਉਣ ਚਲੀ ਗਈ। ਉਸ ਨੂੰ ਘਰੋਂ ਗਿਆਂ ਹਾਲੀ ਥੋੜ੍ਹੀ ਦੇਰ ਹੋਈ ਸੀ ਕਿ ਨਰਸ ਦੇ ਟੈਲੀਫੋਨ ਨੇ ਤੁਰੰਤ ਪਰਤਣ ਦੀ ਤਾਕੀਦ ਕੀਤੀ।
ਬੱਬੂ ਤੀਰ ਘਰ ਪਹੰੁਚੀ ਤਾਂ ਮਾਂ ਪਹਿਲਾਂ ਹੀ ਸਵਾਸ ਤਿਆਗ ਚੁਕੀ ਸੀ। ਨਰਸ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਅੰਤਿਮ ਸ਼ਬਦ ਸਨ, ‘ਮੈਂ ਮੋਗੇ ਜਾ ਰਹੀ ਹਾਂ। ਤੀਰ ਸਾਬ੍ਹ ਕੋਲ।’
ਇਹ ਸਤਰਾਂ ਲਿਖਦੇ ਸਮੇਂ ਮੈਂ ਬੱਬੂ ਨੂੰ ਟੈਲੀਫੋਨ ਕੀਤਾ ਤਾਂ ਉਸ ਦੇ ਬੋਲਾਂ ਵਿਚ ਉਦਾਸੀ ਸੀ। ਸ਼ਾਇਦ ਪਿਤਾ ਦਿਵਸ ਹੋਣ ਸਦਕਾ। ਏਧਰ ਮਿਲਖਾ ਸਿੰਘ ਦੇ ਵਾਰਿਸ ਵੀ ਇੱਕ ਦਿਨ ਪਹਿਲਾ ਮਿਲਖਾ ਸਿੰਘ ਦਾ ਸਸਕਾਰ ਕਰ ਚੁਕੇ ਸਨ। ਮੈਂ ਵੀ ਉਦਾਸ ਹੋ ਜਾਂਦਾ ਹਾਂ। ਮੈਨੂੰ ਵਿਦੇਸ਼ਾਂ ਤੋਂ ਮੇਰੇ ਰਿਸ਼ਤੇਦਾਰਾਂ ਦੇ ਟੈਲੀਫੋਨ ਆਉਣ ਲਗਦੇ ਹਨ। ਮੇਰੇ ਫਾਦਰ ਫਿੱਗਰ ਹੋ ਜਾਣ ਸਦਕਾ।
ਇਕ ਨਿਵੇਕਲਾ ਕਵੀ ਦਰਬਾਰ: ਪਿਤਾ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦਾ ਕਵੀ ਦਰਬਾਰ ਆਮ ਨਾਲੋਂ ਵੱਖਰਾ ਸੀ। ਕੋਮਲ ਕਲਾ ਵਿਚ ਮਾਂ ਦਾ ਗੁਣਗਾਨ ਤਾਂ ਸਦਾ ਹੰੁਦਾ ਆਇਆ ਹੈ, ਪਰ ਇਸ ਮੌਕੇ ਪਿਤਾ ਦੀ ਦੇਣ ਖਾਸ ਤੌਰ `ਤੇ ਚੇਤੇ ਕੀਤੀ ਗਈ। ਡਾ. ਐਸ. ਪੀ. ਸਿੰਘ ਦੀ ਸਰਪ੍ਰਸਤੀ ਵਿਚ ਵਿਉਂਤੇ ਗਏ ਇਸ ਕਵੀ ਦਰਬਾਰ ਵਿਚ ਕੈਨੇਡਾ, ਬਟਾਲਾ, ਪਟਿਆਲਾ ਤੱਕ ਦੇ ਕਵੀਆਂ ਤੇ ਕਵਿਤਰੀਆਂ ਨੇ ਆਨ ਲਾਈਨ ਸ਼ਿਰਕਤ ਕੀਤੀ। ਜਗੀਰ ਕਾਹਲੋਂ, ਡਾ. ਰਵਿੰਦਰ, ਦਰਸ਼ਨ ਬੁੱਟਰ, ਬਲਜਿੰਦਰ, ਸੁਨੀਲ ਚੰਦਿਆਣਵੀ ਤੇ ਕਈ ਹੋਰ ਬੀਬੀਆਂ ਵਿਚ ਸੁਰਜੀਤ ਬੈਂਸ, ਸੁਖਚਰਨਜੀਤ ਗਿੱਲ, ਰਾਜਵਿੰਦਰ ਜਟਾਣਾ, ਕੋਮਲਦੀਪ ਤੇ ਨਵਗੀਤ ਦੇ ਨਾਂ ਧਿਆਨ ਮੰਗਦੇ ਹਨ। ਇਸ ਲਈ ਵੀ ਕਿ ਇਨ੍ਹਾਂ ਦੀ ਸ਼ਿਰਕਤ ਨੇ ਇਸਤਰੀ ਮਾਣ-ਮਰਿਆਦਾ ਨੂੰ ਚਾਰ ਚੰਨ ਲਾਏ। ਤ੍ਰੈਲੋਚਨ ਲੋਚੀ ਤੇ ਅਵਤਾਰ ਜੀਤ ਨੇ ਸੁਰੀਲੀ ਪੇਸ਼ਕਾਰੀ ਨਾਲ ਰੰਗ ਬੰਨਿਆ।
ਬਾਬਲ ਨੂੰ ਰਾਹ ਦਸੇਰਾ ਵੀ ਕਿਹਾ ਗਿਆ, ਖਾਲੀ ਥਾਂਵਾਂ ਭਰਨ ਵਾਲਾ ਵੀ, ਰੋਲ ਮਾਡਲ, ਮਾਲੀ ਤੇ ਰੱਬ ਤੱਕ। ਕਵੀ ਗੁਰਭਜਨ ਗਿੱਲ ਵਿਸ਼ੇਸ਼ ਮਹਿਮਾਨ ਤੇ ਵਿਸ਼ੇਸ਼ ਕਵੀ ਵਜੋਂ ਸ਼ਾਮਲ ਹੋਇਆ। ਕਵੀ ਦਰਬਾਰ ਦੀ ਨਿਰਦੇਸ਼ਕ ਪ੍ਰੋ. ਸ਼ਰਨਜੀਤ ਕੌਰ ਸੀ, ਜਿਸ ਨੂੰ ਕਾਲਜ ਦੇ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ ਦਾ ਥਾਪੜਾ ਪ੍ਰਾਪਤ ਹੈ। ਮਜ਼ਾ ਆ ਗਿਆ!
ਅੰਤਿਕਾ: ਅਜਾਇਬ ਸਿੰਘ ਹੰੁਦਲ
ਬਾਪ ਦਾ ਕਰਜ਼ਾ ਉਤਾਰਾਂਗਾ ਕਿਵੇਂ, ਇਹ ਸੋਚਦੇ,
ਉਮਰ ਮੇਰੀ ਬਾਪ ਆਪਣੇ ਦੇ ਬਰਾਬਰ ਹੋ ਗਈ।