ਜੇ ਤੂੰ ਬੈਠੋਂ ਖਾਰੇ ਵੇ…

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਵਿਭਿੰਨ ਸਮਾਜਿਕ ਤੇ ਧਾਰਮਿਕ ਮੌਕਿਆਂ ‘ਤੇ ਕਈ ਕਿਸਮ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ, ਕਈ ਅਨੁਸ਼ਠਾਨਾਂ ਨੂੰ ਅੰਜਾਮ ਦੇਣ ਵਿਚ ਵਿਸ਼ਵਾਸ ਕੀਤਾ ਜਾਂਦਾ ਹੈ। ਸਮੇਂ ਸਮੇਂ ਅਨੁਸਾਰ ਉਨ੍ਹਾਂ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ। ਕਈ ਹਾਲਤਾਂ ਵਿਚ ਉਨ੍ਹਾਂ ਰਸਮਾਂ ਨਾਲ ਕਈ ਮਾਨਤਾਵਾਂ ਵੀ ਜੁੜਦੀਆਂ ਜਾਂਦੀਆਂ ਹਨ। ਰਸਮਾਂ ਲੋਕ ਮਨ ਨਾਲ ਜੁੜਨ ਵਾਲਾ ਵਰਤਾਰਾ ਹੁੰਦੀਆਂ ਹਨ ਤੇ ਲੋਕ ਮਨ ਉਨ੍ਹਾਂ ਨੂੰ ਨਿਭਾਅ ਕੇ ਤਸੱਲੀ ਅਨੁਭਵ ਕਰਦਾ ਹੈ। ਡਾ. ਜੀਤ ਸਿੰਘ ਜੋਸ਼ੀ ਅਨੁਸਾਰ ‘ਕਿਸੇ ਨਿਸ਼ਚਿਤ ਅਵਸਰ ਜਾਂ ਕਿਸੇ ਕਾਰਜ ਨੂੰ ਲੋਕਾਂ ਵੱਲੋਂ ਨਿਰਧਾਰਤ ਵਿਧੀ ਅਨੁਸਾਰ ਨਿਭਾਉਣਾ, ਰਸਮਾਂ ਅਦਾ ਕਰਨਾ ਅਖਵਾਉਂਦਾ ਹੈ। ਇਉਂ ਰਸਮ ਨਿਭਾਈ ਜਾਂਦੀ ਹੈ ਤੇ ਵਾਰ ਵਾਰ ਨਿਭਾਈ ਜਾਣ ਵਾਲੀ ਰਸਮ ਰੂੜ੍ਹ ਹੋ ਜਾਂਦੀ ਹੈ।…ਰਸਮਾਂ ਮਾਨਵੀ ਜੀਵਨ ਨੂੰ ਸੁਹਜ ਭਰਪੂਰ ਹੀ ਨਹੀਂ ਬਣਾਉਂਦੀਆਂ, ਸਗੋਂ ਇਨ੍ਹਾਂ ਰਸਮਾਂ ਨਾਲ ਜੁੜੇ ਭਾਵ ਅਰਥ ਇਨ੍ਹਾਂ ਦੀ ਮਹੱਤਤਾ ਦਾ ਅਹਿਸਾਸ ਵੀ ਕਰਵਾਉਂਦੇ ਹਨ।’ (ਲੋਕ ਕਲਾ ਅਤੇ ਸਭਿਆਚਾਰ ਮੁਢਲੀ ਜਾਣ ਪਛਾਣ, ਪੰਨਾ 149)

ਸਮੇਂ-ਸਥਾਨ ਦੇ ਬਦਲਣ ਨਾਲ ਉਨ੍ਹਾਂ ਰਸਮਾਂ ਨੂੰ ਨਿਭਾਉਣ ਦੀ ਸ਼ਿੱਦਤ ਤੇ ਉਨ੍ਹਾਂ ਨੂੰ ਸਿਰੇ ਚਾੜ੍ਹਨ ਦੇ ਢੰਗ-ਤਰੀਕਿਆਂ ਵਿਚ ਵੀ ਅੰਤਰ ਆਉਂਦਾ ਰਹਿੰਦਾ ਹੈ। ਉਨ੍ਹਾਂ ਨੂੰ ਸਰਲ ਵੀ ਬਣਾ ਲਿਆ ਜਾਂਦਾ ਹੈ ਤੇ ਘੱਟ ਤੋਂ ਘੱਟ ਸਮੇਂ ਤੇ ਉਚੇਚ ਵਿਚ/ਨਾਲ ਉਨ੍ਹਾਂ ਰਸਮਾਂ ਨੂੰ ਨਿਭਾਉਣ ਦੇ ਯਤਨ ਹੋਣ ਲੱਗਦੇ ਹਨ। ਬਹੌਲੀ ਹੌਲੀ ਕਈ ਵਾਰ ਉਨ੍ਹਾਂ ਰਸਮਾਂ ਨੂੰ ਨਿਭਾਉਣ ਤੋਂ ਕੰਨੀ ਕਤਰਾਉਣ ਤੱਕ ਦੀ ਨੌਬਤ ਵੀ ਆ ਪਹੁੰਚਦੀ ਹੈ। ਵਿਆਹ ਮੌਕੇ ਕਈ ਰਸਮਾਂ ਨਿਭਾਈਆਂ ਜਾਂਦੀਆਂ ਹਨ। ਖਾਰੇ ਚੜ੍ਹਨਾ ਵਿਆਹ ਨਾਲ ਸਬੰਧਿਤ ਇੱਕ ਰਸਮ ਦਾ ਨਾਂ ਹੈ, ਜੋ ਵਰ ਅਤੇ ਕੰਨਿਆ-ਦੋਹਾਂ ਦੇ ਘਰੀਂ ਨਿਭਾਈ ਜਾਂਦੀ ਰਹੀ ਹੈ। ਕਾਨਿਆਂ ਦੇ ਬਣੇ ਚੌਰਸ ਟੋਕਰੇ ਨੂੰ ਖਾਰਾ ਕਿਹਾ ਜਾਂਦਾ ਹੈ। ਜੰਝ ਚੜ੍ਹਨ ਵਾਲੇ ਦਿਨ ਤੋਂ ਪਹਿਲੇ ਦਿਨ (ਜਾਂ ਉਸੇ ਦਿਨ) ਵਰ ਅਤੇ ਕੰਨਿਆ ਨੂੰ ਉਨ੍ਹਾਂ ਦੇ ਆਪਣੇ-ਆਪਣੇ ਘਰੀਂ ਖਾਰੇ ਉੱਪਰ ਬਿਠਾ ਕੇ ਰਸਮੀ ਤੌਰ ’ਤੇ ਇਸ਼ਨਾਨ ਕਰਵਾਇਆ ਜਾਂਦਾ ਹੈ। ਖਾਰੇ ਉੱਤੇ ਬਿਠਾ ਕੇ ਵਟਣਾ ਮਲ਼ ਕੇ ਨਹਾਉਣ ਦੀ ਰਸਮ ਪ੍ਰਚੱਲਿਤ ਰਹੀ ਹੈ। ਮੌਕੇ ਮੁਤਾਬਕ ਬਣਨ ਵਾਲੇ ਲਾੜੇ/ਲਾੜੀ ਨੂੰ ਖਾਰੇ ਦੀ ਥਾਂ ‘ਤੇ ਪੀਹੜੀ ਜਾਂ ਚੌਂਕੀ ‘ਤੇ ਵੀ ਬਿਠਾ ਲਿਆ ਜਾਂਦਾ ਹੈ। ਫਿਰ ਵੀ ਕਿਹਾ ਇਸ ਰਸਮ ਨੂੰ ਖਾਰੇ ਚੜ੍ਹਨਾ ਹੀ ਜਾਂਦਾ ਹੈ। ਪਹਿਲਾਂ ਵਰ/ਕੰਨਿਆ ਦੀ ਭਾਬੀ ਲਾਲ ਫੁੱਲਕਾਰੀ ਲੈ ਕੇ ਕਈ ਸ਼ਗਨ ਮਨਾ ਕੇ ਕਿਸੇ ਖੂਹ, ਚੋਅ ਜਾਂ ਛੰਭ ਤੋਂ ਪਾਣੀ ਦੀ ਘੜੋਲੀ ਭਰ ਕੇ ਲਿਆਉਂਦੀ ਹੈ। ਉਸ ਘੜੋਲੀ ਦੇ ਪਾਣੀ ਵਿਚ ਹੋਰ ਪਾਣੀ ਰਲਾ ਕੇ ਉਸ ਨੂੰ ਵਧਾ ਲਿਆ ਜਾਂਦਾ ਹੈ ਤੇ ਵਰ/ਕੰਨਿਆ ਨੂੰ ਖਾਰੇ ਉੱਤੇ ਬਿਠਾ ਕੇ ਇਸ਼ਨਾਨ ਕਰਵਾਇਆ ਜਾਂਦਾ ਹੈ। ਅਕਸਰ ਵਰ/ਕੰਨਿਆ ਦੀਆਂ ਭੈਣਾਂ, ਭਰਜਾਈਆਂ, ਰਿਸ਼ਤੇਦਾਰ, ਆਂਢ-ਗਵਾਂਢ ਦੀਆਂ ਕੁੜੀਆਂ/ਔਰਤਾਂ ਇੱਕ ਫੁੱਲਕਾਰੀ ਜਾਂ ਫੱਟੀਆਂ ਵਾਲੇ ਚੋਪ ਦੀਆਂ ਚਾਰੇ ਕੰਨੀਆਂ ਫੜ੍ਹ ਕੇ ਵਰ/ਕੰਨਿਆ ਉੱਪਰ ਤਾਣ ਲੈਂਦੀਆਂ ਹਨ, ਫਿਰ ਵਟਣਾ ਮਲਿਆ ਜਾਂਦਾ ਹੈ ਅਤੇ ਨਾਲ-ਨਾਲ ਵਟਣੇ ਦੇ ਗੀਤ ਗਾਏ ਜਾਂਦੇ ਹਨ। ਇਸ਼ਨਾਨ ਕਰਨ ਉਪਰੰਤ ਜਦੋਂ ਲਾੜੇ/ਲਾੜੀ ਨੂੰ ਖਾਰੇ ਤੋਂ ਹੇਠਾਂ ਉਤਾਰਿਆ ਜਾਂਦਾ ਹੈ ਤਾਂ ਲਾੜੀ ਸੱਤ ਚੱਪਣੀਆਂ ਨੂੰ ਪੈਰਾਂ ਨਾਲ ਠੋਕਰ ਮਾਰ ਕੇ ਰੇੜ੍ਹਦੀ ਜਾਂ ਭੰਨ੍ਹਦੀ ਹੈ। ਇਨ੍ਹਾਂ ਚੱਪਣੀਆਂ ਵਿਚ ਹਲਦੀ ਤੇ ਚੌਲ ਪਾ ਕੇ ਪਹਿਲਾਂ ਹੀ ਖਾਰੇ ਕੋਲ ਜ਼ਮੀਨ ਉੱਤੇ ਰੱਖ ਲਿਆ ਜਾਂਦਾ ਹੈ। ਚੱਪਣੀਆਂ ਤੋੜਨ ਨੂੰ ਲਾੜੇ ਦੇ ਕੁਆਰੇ ਜੀਵਨ ਦੀਆਂ ਸਭ ਗਲਤੀਆਂ ਨੂੰ ਮੁਆਫ ਕਰਨ ਦੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਹੈ (ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 1192) ਲਾੜੇ/ਲਾੜੀ ਨੂੰ ਖਾਰੇ ਤੋਂ ਉਤਾਰਨ ਵੇਲੇ ਨੂੰ ‘ਖਾਰੇ ਦਾ ਉਤਾਰ’ ਜਾਂ ‘ਖਾਰਾ ਲੁਹਾਈ’ ਵੀ ਕਹਿ ਲਿਆ ਜਾਂਦਾ ਹੈ। ਇਸ ਸਮੇਂ ਲਾੜੇ/ਲਾੜੀ ਨੂੰ ਪਿਆਰ ਵਜੋਂ ਸ਼ਗਨ ਦਿੱਤਾ ਜਾਂਦਾ ਹੈ। ਇਸ ਮੌਕੇ ਦਾਦਕਿਆਂ ਵੱਲੋਂ ਨਾਨਕਿਆਂ ਨੂੰ ਸਿੱਠਣੀਆਂ ਵੀ ਦਿੱਤੀਆਂ ਜਾਂਦੀਆਂ ਹਨ।
ਕਈ ਸਮਾਜਾਂ ਦੇ ਕਈ ਵਰਗਾਂ ਦੀ ਰੀਤੀ ਅਨੁਸਾਰ ਲਾੜਾ ਤੇ ਲਾੜੀ ਫੇਰਿਆਂ ਵੇਲੇ ਖਾਰਿਆਂ ਉੱਤੇ ਬੈਠਦੇ ਹਨ। ਕਈ ਵਾਰ ਕਈ ਥਾਂਈਂ ਲੜੀ ਨੂੰ ਖਾਰੇ ਉੱਤੇ ਅਤੇ ਵਰ ਨੂੰ ਲੱਕੜੀ ਦੀ ਬਣੀ ਚੌਂਕੀ ਉੱਪਰ ਬਿਠਾਇਆ ਜਾਂਦਾ ਹੈ। ਜਿਨ੍ਹਾਂ ਕੰਮੀਆਂ ਕੋਲੋਂ ਖਾਰਾ ਤੇ ਚੌਂਕੀ ਮੰਗਵਾਏ ਜਾਂਦੇ ਹਨ, ਉਨ੍ਹਾਂ ਨੂੰ ਲਾਗ ਦਿੱਤਾ ਜਾਂਦਾ ਹੈ। ਇਸ ਮੌਕੇ ਵੀ ਖਾਰੇ ਦੇ ਗੀਤ ਗਾਏ ਜਾਂਦੇ ਹਨ। ਫੇਰਿਆਂ ਵੇਲੇ ਕੁਝ ਲਾਵਾਂ ਲੈਣ ਸਮੇਂ ਲਾੜਾ ਅੱਗੇ ਚਲਦਾ ਸੀ ਤੇ ਕੁਝ ਲਾਵਾਂ ਲਾੜੀ ਅੱਗੇ ਚਲਦੀ ਸੀ ਤੇ ਲਾੜਾ ਪਿੱਛੇ। ਫੇਰਿਆਂ ਵਕਤ ਖਾਰੇ ਤੇ ਚੌਂਕੀ ਨੂੰ ਲਾੜੇ ਤੇ ਲਾੜੀ ਨੂੰ ਆਪਸ ਵਿਚ ਬਦਲਣ ਲਈ ਕਿਹਾ ਜਾਂਦਾ ਸੀ, ਇਸ ਨੂੰ ਖਾਰੇ ਬਦਲਣਾ ਕਿਹਾ ਜਾਂਦਾ ਸੀ। ਫੇਰੇ ਖਤਮ ਹੋਣ ਪਿੱਛੋਂ ਲਾੜੇ ਤੇ ਲਾੜੀ ਨੂੰ ਖਾਰਿਆਂ ਤੋਂ ਉਤਾਰਿਆ ਜਾਂਦਾ ਸੀ ਤੇ ਲਾੜੇ-ਲਾੜੀ ਨੂੰ ਸ਼ਗਨ ਵਜੋਂ ਕੁਝ ਪੈਸੇ ਭੇਟ ਕੀਤੇ ਜਾਂਦੇ ਸਨ।
ਇਸ ਰਸਮ ਮੌਕੇ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਖਾਰੇ ਦੇ ਗੀਤ ਕਿਹਾ ਜਾਂਦਾ ਹੈ। ਇਨ੍ਹਾਂ ਗੀਤਾਂ ਰਾਹੀਂ ਸਕੇ-ਸਬੰਧੀਆਂ ਦੀਆਂ ਔਰਤਾਂ ਲਾੜੇ ਤੋਂ ਸਦਕੇ/ਬਲਿਹਾਰੇ ਜਾਂਦੀਆਂ ਹਨ। ਲਾੜੇ ਨੂੰ ਇਸ਼ਨਾਨ ਕਰਵਾਉਣ ਸਮੇਂ ਗਾਏ ਜਾਂਦੇ ਅਨੇਕ ਪੰਜਾਬੀ ਲੋਕ ਗੀਤਾਂ ਵਿਚੋਂ ਇਕ ਪ੍ਰਸਿੱਧ ਲੋਕ ਗੀਤ ਦੀਆਂ ਪੰਕਤੀਆਂ ਹਨ:
ਜੇ ਤੂੰ ਬੈਠੋਂ ਖਾਰੇ ਵੇ
ਤੇਰਾ ਬਾਪ ਰੁਪਈਏ ਵਾਰੇ
ਚੜ੍ਹ ਜਾਏ ਨੀ ਮਾਂ ਦਾ ਲਾਡਲਾ,
ਵੇਲਾਂ ਦਿੰਦੀ ਮਾਂ…।

ਨੀਂਗਰ ਚੜ੍ਹਿਆ ਖਾਰੇ,
ਨੀ ਮਾਂ ਸਦਕੜੇ ਇਸ ਖਾਰੇ ਤੋਂ।
ਵੀਰ ਚੜ੍ਹਿਆ ਖਾਰੇ,
ਨੀ ਭੈਣ ਸਦਕੜੇ ਇਸ ਖਾਰੇ ਤੋਂ।
ਲਾਲ ਚੜ੍ਹਿਆ ਖਾਰੇ,
ਨੀ ਮਾਂ ਬਲਿਹਾਰੀ ਇਸ ਦਿਹਾੜੇ ਤੋਂ…
ਵੀਰ ਚੜ੍ਹਿਆ ਖਾਰੇ,
ਨੀ ਭੈਣ ਬਲਿਹਾਰੀ ਇਸ ਦਿਹਾੜੇ ਤੋਂ…।
ਲਾੜੀ ਦੇ ਖਾਰੇ ਚੜ੍ਹਨ ਅਤੇ ਉਸ ਨੂੰ ਨਹਾਉਣ ਵੇਲੇ ਵੱਖਰੀ ਪ੍ਰਕਿਰਤੀ ਦੇ ਲੋਕ ਗੀਤ ਗਾਏ ਜਾਂਦੇ ਹਨ। ਔਰਤਾਂ ਆਪਣੀਆਂ ਦੋ ਟੋਲੀਆਂ ਬਣਾ ਲੈਂਦੀਆਂ ਹਨ। ਇੱਕ ਟੋਲੀ ਲੋਕ ਗੀਤ ਰਾਹੀਂ ਸਵਾਲ ਕਰਦੀ ਹੈ, ਦੂਜੀ ਟੋਲੀ ਜਵਾਬ ਦਿੰਦੀ ਜਾਂਦੀ ਹੈ। ਗਾਇਨ ਸ਼ੈਲੀ ਵਿਚ ਢਲ ਕੇ ਇਹ ਲੋਕ ਗੀਤ ਨਾਟਕੀ ਰੂਪ/ਰੁਖ ਅਖਤਿਆਰ ਕਰ ਲੈਂਦੇ ਹਨ:
ਅੰਗਣ ਚਿੱਕੜ ਕਿਸ ਕੀਤਾ
ਕਿਸ ਡੋਲ੍ਹਿਆ ਪਾਣੀ,
ਦਾਦੇ ਦੀ ਪੋਤਰੀ ਨ੍ਹਾਤੀ ਧੋਤੀ
ਉਸ ਡੋਲ੍ਹਿਆ ਪਾਣੀ…।

ਅੰਗਣ ਚਿੱਕੜ ਕਿਸ ਕੀਤਾ
ਕਿਸ ਡੋਲ੍ਹਿਆ ਪਾਣੀ,
ਮਾਮੇ ਦੀ ਭਣੇਈਂ ਨ੍ਹਾਤੀ ਧੋਤੀ
ਉਸੇ ਡੋਲ੍ਹਿਆ ਪਾਣੀ…।
ਇਸ ਤਰ੍ਹਾਂ ਇੱਕ-ਇੱਕ ਕਰਕੇ ਬਹੁਤ ਸਾਰੇ ਰਿਸ਼ਤਿਆਂ ਦੇ ਨਾਂਵਾਂ ਦਾ ਜ਼ਿਕਰ ਖਾਰੇ ਦੇ ਇਨ੍ਹਾਂ ਲੋਕ ਗੀਤਾਂ ਵਿਚ ਆਉਂਦਾ ਹੈ। ਕਈ ਵਾਰ ਲਾੜੇ ਦੇ ਇਸ਼ਨਾਨ ਕਰਨ ਵੇਲੇ ਇਸ ਗੀਤ ਵਿਚ ਫੇਰਬਦਲ ਕਰ ਕੇ ਇਸ ਨੂੰ ‘ਦਾਦੇ ਦਾ ਪੋਤਾ ਨਾਤ੍ਹਾ ਧੋਤਾ, ਉਸ ਡੋਲ੍ਹਿਆ ਪਾਣੀ…’ ਵਜੋਂ ਗਾ ਲਿਆ ਜਾਂਦਾ ਹੈ।
ਜਦੋਂ ਫੇਰਿਆਂ ਵੇਲੇ ਲਾੜੇ/ਲਾੜੀ ਨੂੰ ਖਾਰਿਆਂ ਉੱਤੇ ਬਿਠਾਇਆ ਜਾਂਦਾ ਸੀ ਤਾਂ ਉਸ ਸਮੇਂ ਗਾਏ ਜਾਣ ਵਾਲੇ ਖਾਰੇ ਦੇ ਲੋਕ ਗੀਤ ਵੇਦੀ ਦੀਆਂ ਥੰਮ੍ਹੀਆਂ ਵੱਲ ਸੰਕੇਤ ਕਰਨ ਵਾਲੇ ਹੁੰਦੇ ਸਨ:
ਇਹ ਚਾਰੇ ਥੰਮ੍ਹੀਆਂ ਵੇ ਪੱਟ ਲੰਮੀਆਂ
ਗੱਡੋ ਮੇਰੇ ਬਾਬਲ ਜੀ ਦੇ ਵਿਹੜੇ,
ਮਾਂ ਵਾਰੀ…।
ਜੀਵੇਂ ਇਨ੍ਹਾਂ ਥੰਮ੍ਹੀਆਂ ਦੇ ਅੰਦਰੇ
ਮੋਤੀਆਂ ਚੌਂਕ ਪੁਰਾਓ,
ਮਾਂ ਵਾਰੀ…।
ਜੀਵੇਂ ਇਨ੍ਹਾਂ ਥੰਮ੍ਹੀਆਂ ਦੇ ਅੰਦਰੇ
ਰੁਕਮਣੀ ਕਾਨ੍ਹ ਬੈਠਾਓ,
ਮਾਂ ਵਾਰੀ…।
ਜੀਵੇਂ ਇਨ੍ਹਾਂ ਥੰਮ੍ਹੀਆਂ ਦੇ ਅੰਦਰੇ
ਲਗਨ ਸੁਧਾਓ, ਮਾਂ ਵਾਰੀ…।
ਇਕ ਪੰਜਾਬੀ ਲੋਕ ਗੀਤ ਦੀਆਂ ਇਨ੍ਹਾਂ ਤੁਕਾਂ ਰਾਹੀਂ ਕੁੜੀਆਂ ਆਪਣੀਆਂ ਮਨੋ ਭਾਵਨਾਵਾਂ ਨੂੰ ਕੁਝ ਇਸ ਤਰ੍ਹਾਂ ਪ੍ਰਗਟ ਕਰਦੀਆਂ ਹਨ:
ਮਾਪਿਓ ਵੇ ਵਰ ਨਿੱਕੜਾ ਸਹੇੜਿਆ
ਦੇ ਕੇ ਗੁੜ ਦੀ ਰੋੜੀ,
ਖਾਰੇ ਚੜ੍ਹਦਾ ਡੁਸ ਡੁਸ ਰੋਵੇ
ਕਿਸ ਕਿਸ ਦੇਵਾਂ ਲੋਰੀ…।
ਖਾਰੇ ਤੋਂ ਉਤਾਰਨ ਵਕਤ ਵੀ ਅਕਸਰ ਇਕ ਲੋਕ ਗੀਤ ਗਾਇਆ ਜਾਂਦਾ ਹੈ। ਇਸ ਲੋਕ ਗੀਤ ਰਾਹੀਂ ਰਚਿਆ ਕਾਵਿ ਸੰਵਾਦ ਵੇਖਣ ਵਾਲਾ ਹੈ:
ਖਾਰਾ ਚਿਤਰ-ਮਚਿਤਰਾ, ਖਾਰਾ ਅੜਿਆ
ਖਾਰੇ ਤੋਂ ਉਤਾਰ, ਮਾਮਾ ਵੱਡਿਆ…।
ਜਦੋਂ ਮਾਮਾ ਭਾਣਜੇ/ਭਾਣਜੀ ਨੂੰ ਖਾਰੇ ਤੋਂ ਉਠਾਉਂਦਾ ਹੈ ਤਾਂ ਵੀ ਗੀਤਾਂ ਨੂੰ ਗਾਉਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਵਿਆਹ ਮੌਕੇ ਖਾਰੇ ਚੜ੍ਹਨ ਦੀ ਇਹ ਰਸਮ ਹੁਣ ਲੋਕ ਚੇਤਨਾ ਵਿਚੋਂ ਵੀ ਲਗਪਗ ਲੋਪ ਹੁੰਦੀ ਜਾ ਰਹੀ ਹੈ। ਤਤਕਾਲ ਵਿਚ ਅਜਿਹੀਆਂ ਰਸਮਾਂ ਦਾ ਆਪਣਾ ਹੀ ਮਹੱਤਵ ਹੁੰਦਾ ਸੀ। ਹੁਣ ਵਿਆਹਾਂ ਦੀ ਤਰਜ਼ ਹੀ ਬਦਲ ਗਈ ਹੈ। ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹਾਂ ਨੇ ਵਿਆਹ ਸੱਭਿਆਚਾਰ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ ਹੈ ਤੇ ਵਿਆਹ ਦੇ ਮੌਕਿਆਂ ਵਿਚੋਂ ਬਹੁਤੀਆਂ ਰਸਮਾਂ ਮਨਫੀ ਹੁੰਦੀਆਂ ਜਾ ਰਹੀਆਂ ਹਨ। ਵਿਸਰ ਰਹੀਆਂ ਅਜਿਹੀਆਂ ਰਸਮਾਂ ਨੂੰ ਚੇਤੇ ਕਰ ਲੈਣ ਦਾ ਵੀ ਆਪਣਾ ਹੀ ਮਹੱਤਵ ਹੈ। ਮੈਰਿਜ ਪੈਲੇਸ ਸੱਭਿਆਚਾਰ ਨੇ ਵਿਆਹ ਦੀਆਂ ਅਨੇਕ ਰਸਮਾਂ ਨੂੰ ਆਪਣੀ ਚਕਾਚੌਂਧ ਤੇ ਚਮਕ-ਦਮਕ ਦੇ ਬਹੁਤ ਪਿੱਛੇ ਕਿਧਰੇ ਉਹਲੇ ਜਿਹੇ ਵਿਚ ਧੱਕ ਦਿੱਤਾ ਹੈ। ਖਾਰੇ ਚੜ੍ਹਨ ਦੀ ਰਸਮ ਵੀ ਘਟ ਗਈਆਂ, ਮਿਟ ਗਈਆਂ, ਗੈਰਜ਼ਰੂਰੀ ਸਮਝੀਆਂ ਜਾਣ ਲੱਗ ਪਈਆਂ ਜਾਂ ਸਮੇਂ ਦੀ ਭੇਟ ਚੜ੍ਹ ਗਈਆਂ ਰਸਮਾਂ ਵਿਚ ਸ਼ਾਮਲ ਹੋ ਰਹੀ ਹੈ। ਪੰਜਾਬੀ ਲੋਕ ਸਾਹਿਤ ਵਿਚ ਇਨ੍ਹਾਂ ਨੂੰ ਸੰਭਾਲ ਕੇ ਰੱਖਣ ਤੇ ਜੀਵਤ ਰੱਖਣ ਦੀ ਤਤਪਰਤਾ ਨੂੰ ਲੋਕਧਾਰਾ ਵਿਗਿਆਨੀਆਂ ਦੇ ਹਿੱਸੇ ਆਉਂਦੀ ਉਦਾਰਤਾ ਵਜੋਂ ਲਿਆ ਜਾਣਾ ਬਣਦਾ ਹੈ।