ਸਿਨੇਮਾ ਦੀ ਪੜ੍ਹਾਈ ਸਿਖਲਾਈ ਦੀ ਵਿਆਕਰਨ ‘ਸਿਟੀਜ਼ਨ ਕੇਨ`

ਡਾ. ਕੁਲਦੀਪ ਕੌਰ
ਫੋਨ: +91-98554-04330
ਸੰਸਾਰ ਸਿਨੇਮਾ ਦੇ ਇਤਿਹਾਸ ਵਿਚ ਬਹੁਤ ਘੱਟ ਅਜਿਹੀਆਂ ਫਿਲਮਾਂ ਹਨ ਜਿਨ੍ਹਾਂ ਦੇ ਤਕਨੀਕੀ ਤੱਤਾਂ ਅਤੇ ਫਿਲਮਾਂਕਣ ਦੇ ਤਰੀਕਿਆਂ ਬਾਰੇ ਲਗਾਤਾਰ ਖੋਜ ਕਾਰਜ ਜਾਰੀ ਰਹਿੰਦੇ ਹੋਣ ਤੇ ਲੱਗਭੱਗ ਪੂਰੀ ਸਦੀ ਉਹ ਫਿਲਮ ਸਾਰੇ ਫਿਲਮ-ਸਕੂਲਾਂ ਦੇ ਸਿਲੇਬਸ ਦਾ ਜ਼ਰੂਰੀ ਹਿੱਸਾ ਬਣੀ ਰਹੇ। ਜਦੋਂ ‘ਸਿਟੀਜ਼ਨ ਕੇਨ` ਰਿਲੀਜ਼ ਹੋਈ ਤਾਂ ਬਹੁਤ ਬੁਰੀ ਤਰ੍ਹਾਂ ਫਲਾਪ ਹੋ ਗਈ। ਇਸ ਦਾ ਕਾਰਨ ਇਹ ਵੀ ਸੀ ਕਿ ਇਹ ਦੌਰ ਚਾਰਲੀ ਚੈਪਲਿਨ ਅਤੇ ਬਸਟਰ ਕੀਟਨ ਦਾ ਦੌਰ ਸੀ ਜਿਨ੍ਹਾਂ ਦੀਆਂ ਫਿਲਮਾਂ ਘੱਟ ਬਜਟ ਵਾਲੀਆਂ, ਬਿਨਾਂ ਕੱਟ ਵਾਲੇ ਸੰਪਾਦਨ ਤੇ ਲੌਂਗ ਕੱਟ ਵਾਲੀਆਂ ਹੁੰਦੀਆਂ ਸਨ। ਇਸ ਤੋਂ ਬਿਨਾਂ ਇਨ੍ਹਾਂ ਫਿਲਮਾਂ ਦਾ ਮੁੱਖ ਉਦੇਸ਼ ਹਲਕੇ-ਫੁਲਕੇ ਲਹਿਜੇ ਵਿਚ ਅਜਿਹੀਆਂ ਕਹਾਣੀਆਂ ਦੀ ਸਿਰਜਣਾ ਕਰਨਾ ਸੀ ਜਿਨ੍ਹਾਂ ਦਾ ਆਦਿ ਤੇ ਅੰਤ ਨਾਟਕ ਵਾਗ ਦਰਸ਼ਕਾਂ ਸਾਹਮਣੇ ਖੁੱਲ੍ਹਦਾ ਜਾਂਦਾ ਸੀ।

ਫਿਲਮ ‘ਸਿਟੀਜ਼ਨ ਕੇਨ` ਰਿਲੀਜ਼ ਹੋਈ ਤਾਂ ਇਸ ਨੇ ਕਲਪਨਾ ਅਤੇ ਯਥਾਰਥ ਵਿਚਕਾਰ ਚਿਰਾਂ ਤੋਂ ਮਿਥੀ ਆ ਰਹੀ ਦੀਵਾਰ ਭੰਨ ਦਿੱਤੀ। ਅੱਜਕੱਲ੍ਹ ਦੇ ਥ੍ਰੀ-ਡੀ ਜਾਂ ਫੋਰ-ਡੀ ਵਾਲੇ ਦੌਰ ਤੋਂ ਧਿਆਨ ਹਟਾ ਕੇ ਉਸ ਦੌਰ ਦੀ ਕਲਪਨਾ ਕਰੋ ਜਦੋਂ ਦਰਸ਼ਕਾਂ ਲਈ ਇਸ ਗੱਲ ਦੀ ਕਲਪਨਾ ਕਰਨਾ ਹੀ ਅਸੁਭਾਵਿਕ ਸੀ ਕਿ ਸੁਪਨਿਆਂ ਤੇ ਯਾਦਾਂ ਨੂੰ ਵੀ ਫਲੈਸ਼ਬੈਕ ਦੀ ਅਦੁੱਤੀ ਤਕਨੀਕ ਰਾਹੀਂ ਸਕਰੀਨ ਤੇ ਦੇਖਿਆ ਜਾ ਸਕਦਾ ਹੈ। ਇਸ ਫਿਲਮ ਨੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਨ੍ਹਾਂ ਦੁਆਰਾ ਸੁਪਨੇ ਲੈਣ ਯਾਦ ਕਰਨ, ਕਿਸੇ ਵੀ ਘਟਨਾ ਦੇ ਦੁਹਰਾਉ ਤੇ ਘਟਨਾਵਾਂ ਨੂੰ ਵੱਖ ਵੱਖ ਕਿਰਦਾਰਾਂ ਦੁਆਰਾ ਬਿਆਨ ਕੀਤੇ ਜਾਣ ਨੂੰ ਦ੍ਰਿਸ਼ਾਂ ਤੇ ਆਵਾਜ਼ਾਂ ਦੁਆਰਾ ਸੰਭਵ ਸਾਬਿਤ ਕੀਤਾ ਤੇ ਇਸ ਨੂੰ ਮੁਮਕਿਨ ਕਰ ਕੇ ਦਿਖਾਇਆ।
ਇਸ ਫਿਲਮ ਨੂੰ ਇੰਨਾ ਸ਼ਾਨਦਾਰ ਬਣਾਉਣ ਵਿਚ ਇਸ ਫਿਲਮ ਦੇ ਸਿਨਮੈਟੋਗ੍ਰਾਫਰ ਗ੍ਰੈਗ ਟੋਲੈੱਂਡ ਦਾ ਵੱਡਾ ਰੋਲ ਹੈ। ਜਿਨ੍ਹਾਂ ਦਿਨਾਂ ਵਿਚ ਇਹ ਫਿਲਮ ਬਣਾਈ ਗਈ, ਉਹ ਲੈੱਨਜ਼ਾਂ ਅਤੇ ਲਾਈਟਿੰਗ ਦੇ ਮਾਮਲਿਆਂ ਵਿਚ ਕਈ ਨਵੇਂ ਤਜਰਬੇ ਕਰ ਰਿਹਾ ਸੀ। ਇਸ ਫਿਲਮ ਦੇ ਦ੍ਰਿਸ਼ਾਂ ਦੇ ਪਿੱਛੇ ਪਿੱਠ-ਭੂਮੀ ਵਿਚ ਵੀ ਕਈ ਦ੍ਰਿਸ਼ ਚੱਲਦੇ ਰਹਿੰਦੇ ਹਨ। ਮਿਸਾਲ ਵਜੋਂ ਜਦੋਂ ਛੋਟੇ ਕੇਨ ਦੇ ਘਰ ਉਸ ਨੂੰ ਲੈ ਕੇ ਜਾਣ ਲਈ ਉਨ੍ਹਾਂ ਦਾ ਲਾਲਚੀ ਰਿਸ਼ਤੇਦਾਰ ਉਸ ਦੇ ਮਾਪਿਆਂ ਨਾਲ ਗੱਲਬਾਤ ਕਰ ਰਿਹਾ ਹੁੰਦਾ ਹੈ ਤਾਂ ਛੋਟਾ ਕੇਨ ਇਸ ਸਭ ਤੋਂ ਬੇਖਬਰ ਆਪਣੀ ਖੇਡ ਵਿਚ ਮਸਤ ਹੈ ਅਤੇ ਉਹ ਘਰ ਦੀ ਖਿੜਕੀ ਵਿਚੋਂ ਦਰਸ਼ਕਾਂ ਨੂੰ ਨਜ਼ਰ ਵੀ ਆ ਰਿਹਾ ਹੈ। ਇਸ ਫਿਲਮ ਰਾਹੀਂ ਨਿਰਦੇਸ਼ਕ ਨੇ ਇਸ ਸਾਬਿਤ ਕਰ ਦਿੱਤਾ ਕਿ ਜ਼ਿੰਦਗੀ ਵਾਂਗ ਫਿਲਮ ਵਿਚ ਵੀ ਬਹੁਤ ਸਾਰੇ ਵਰਤਾਰੇ ਇੱਕੋ ਸਮੇਂ ਤੇ ਵਰਤਦੇ ਹੋ ਸਕਦੇ ਹਨ ਅਤੇ ਇਸ ਦੇ ਬਾਵਜੂਦ ਇੱਕ-ਦੂਜੇ ਤੋਂ ਬਿਲਕੁੱਲ ਅਣਜਾਣ ਤੇ ਅਣਭਿੱਜ ਹੋ ਸਕਦੇ ਹਨ।
ਇਸ ਫਿਲਮ ਦੇ ਨਿਰਦੇਸ਼ਕ ਦੀ ਇਹ ਫਿਲਮ ਉਸ ਦੁਆਰਾ ਸਟੂਡੀਓ ਦੀ ਮਿੱਥ ਨੂੰ ਦਰਕਿਨਾਰ ਕਰਨ ਦੀ ਵੀ ਹੈ। ਉਸ ਨੇ ਇਹ ਫਿਲਮ ਕਿਸੇ ਵੱਡੇ ਸਟੂਡੀਓ ਜਾਂ ਨਿਰਮਾਤਾ ਦੀ ਸਹਾਇਤਾ ਤੋਂ ਬਿਨਾਂ ਬਣਾਈ। ਉਸ ਨੂੰ ਪਤਾ ਸੀ ਕਿ ਕਿ ਕਿਸੇ ਵੱਡੇ ਪ੍ਰੋਡਕਸ਼ਨ ਹਾਊਸ ਦਾ ਹੱਥ ਸਿਰ ਤੇ ਹੋਣ ਤੋਂ ਬਿਨਾਂ ਉਸ ਲਈ ਸਫਲ ਹੋਣਾ ਸੰਭਵ ਨਹੀਂ, ਇਸ ਦੇ ਬਾਵਜੂਦ ਉਸ ਨੇ ਇਹ ਫਿਲਮ ਬਣਾਉਣ ਦਾ ਜੋਖਿਮ ਲਿਆ। ਇਸ ਫਿਲਮ ਤੋਂ ਇਲਾਵਾ ਵੀ ਉਸ ਦੀ ਇੱਕ ਫਿਲਮ ‘ਸਟ੍ਰੇਜ਼ਰ` ਹੀ ਸਫਲ ਰਹੀ ਤੇ ਇੱਕ ਦੌਰ ਅਜਿਹਾ ਵੀ ਆਇਆ ਕਿ ਉਹਨੂੰ ਦੂਜਿਆਂ ਦੀਆਂ ਫਿਲਮਾਂ ਵਿਚ ਅਦਾਕਾਰ ਦਾ ਰੋਲ ਕਰਨਾ ਪਿਆ ਤੇ ਨਿਰਦੇਸ਼ਨ ਦੇ ਆਪਣੇ ਜਨੂਨ ਨੂੰ ਅਲਵਿਦਾ ਕਹਿਣਾ ਪਿਆ। ਇਨ੍ਹਾਂ ਦਿਨਾਂ ਵਿਚ ਉਸ ਦੀ ਇਸ ਫਿਲਮ ਦੀ ਕਹਾਣੀ ਵਾਂਗ ਹੀ ਉਸ ਦੇ ਪਰਿਵਾਰਕ ਮੈਂਬਰ ਅਤੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੇ ਗਏ।
ਇਸ ਫਿਲਮ ਦੀ ਇੱਕ ਖਾਸੀਅਤ ਇਸ ਦਾ ਸੰਗੀਤ ਹੈ। ਅਜਿਹਾ ਸੰਗੀਤ ਤੇ ਪਿੱਠਭੂਮੀ ਵਿਚ ਚੱਲਣ ਵਾਲੀਆਂ ਆਵਾਜ਼ਾਂ ਬਾਰੇ ਚਰਚਾ ਕਰਨ ਤੋਂ ਪਹਿਲਾ ਇਹ ਜਾਣਨਾ ਮਹੱਤਵਪੂਰਨ ਹੈ ਕਿ ਓਰਸਨ ਵੈਲੇਸ ਇੱਕ ਰੇਡੀਓ ਸੰਪਾਦਕ ਅਤੇ ਐਂਕਰ ਸੀ। ਇਹ ਫਿਲਮ ਬਣਾਉਣ ਤੋਂ ਕੁਝ ਦਿਨ ਪਹਿਲਾਂ ਉਸ ਦਾ ਇੱਕ ਪ੍ਰੋਗਰਾਮ ‘ਦਿ ਵਾਰ ਆਫ ਦਿ ਵਰਲਡ` ਵਿਵਾਦਾਂ ਵਿਚ ਘਿਰ ਚੁੱਕਿਆ ਸੀ ਜਿਸ ਰਾਹੀਂ ਉਸ ਨੇ ਅਮਰੀਕੀਆਂ ਨੂੰ ਸਿਰਫ ਆਵਾਜ਼ਾਂ ਦੀ ਵਰਤੋਂ ਰਾਹੀਂ ਇਹ ਯਕੀਨ ਦਿਵਾ ਦਿੱਤਾ ਸੀ ਕਿ ਉਨ੍ਹਾਂ ਉਪਰ ਮੰਗਲ ਗ੍ਰਹਿ ਵਾਲਿਆਂ ਨੇ ਹਮਲਾ ਕਰ ਦਿੱਤਾ ਹੈ। ਇਸ ਫਿਲਮ ਵਿਚ ਵੀ ਬਹੁਤੇ ਕਿਰਦਾਰਾਂ ਦੇ ਕਦਮਾਂ ਦੀ ਆਵਾਜ਼ ਨਾਟਕੀ ਹੈ ਤੇ ਦ੍ਰਿਸ਼ਾਂ ਦੇ ਵਾਪਰਨ ਨੂੰ ਯਥਾਰਥ ਰੂਪ ਦਿੰਦੀ ਹੈ।
ਫਿਲਮ ‘ਸਿਟੀਜ਼ਨ ਕੇਨ` ਨੂੰ ਸਿਰਫ ਫਿਲਮ ਦੇ ਤੌਰ ਤੇ ਪੜ੍ਹਨਾ ਇਸ ਨਾਲ ਬੇਇਨਸਾਫੀ ਹੋਵੇਗੀ। ਇਹ ਉਸ ਦੌਰ ਦੇ ਰੇਡੀਓ ਤੇ ਸਟੂਡੀਓ ਆਧਾਰਿਤ ਸਿਨੇਮਾ ਦਾ ਸੱਚ ਵੀ ਸਾਹਮਣੇ ਲਿਆਉਂਦੀ ਹੈ। ਇਸ ਫਿਲਮ ਦੀ ਕਹਾਣੀ ਬੇਹੱਦ ਸਾਧਾਰਨ ਹੈ ਪਰ ਇੰਨੀ ਗੁੰਝਲਦਾਰ ਹੈ ਕਿ ਇਸ ਵਿਚੋਂ ਸੱਚ ਨਿਤਾਰਨਾ ਔਖਾ ਹੈ। ਜਦੋਂ 1941 ਵਿਚ ਇਹ ਫਿਲਮ ਰਿਲੀਜ਼ ਹੋਈ ਤਾਂ ਅਖਬਾਰ ‘ਨਿਊਯਾਰਕ ਟਾਈਮਜ਼` ਦਾ ਕਹਿਣਾ ਸੀ ਕਿ ਸ਼ਾਇਦ ਇਹ ਸਿਨੇਮਾ ਦੀ ਸਭ ਤੋਂ ਮਹਾਨ ਫਿਲਮ ਸਾਬਿਤ ਹੋਵੇ। ਸੱਤਰ ਸਾਲਾਂ ਬਾਅਦ ਇਹੀ ਅਖਬਾਰ ਲਿਖਦਾ ਹੈ ਕਿ ਅੱਜ ਵੀ ਇਸ ਫਿਲਮ ਬਾਰੇ ਇਹੀ ਲਿਖਣਾ ਸਹੀ ਹੈ ਪਰ ਹੁਣ ਸ਼ਾਇਦ ਲਗਾਉਣ ਦੀ ਕੋਈ ਜ਼ਰੂਰਤ ਨਹੀਂ। ਇਹ ਅਖਬਾਰੀ ਕਹਾਣੀ ਹੈ ਪਰ ਇਹ ਅਖਬਾਰ ਦੀ ਕਹਾਣੀ ਵੀ ਹੈ। ਇਹ ਸੱਚ ਦੀ ਤਲਾਸ਼ ਦੀ ਫਿਲਮ ਹੈ ਜਿਸ ਵਿਚ ਅਸਲ ਸੱਚ ਨਾਮਾਤਰ ਹੈ। ਇਹ ਬੀਤ ਗਏ ਦੀ ਕਹਾਣੀ ਹੈ ਪਰ ਉਸ ਬੀਤ ਗਏ ਬਾਰੇ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਸ ਨੂੰ ਕਿਹੜੇ ਸ਼ਬਦਾਂ ਵਿਚ ਬਿਆਨ ਕੀਤਾ ਜਾਵੇ। ਇਹ ਸਫਲ ਇਨਸਾਨ ਦੀ ਕਹਾਣੀ ਹੈ ਜਿਹੜਾ ਆਪਣੇ ਹੱਥੋਂ ਹੀ ਹਾਰ ਚੁੱਕਿਆ ਹੈ। 1998 ਵਿਚ ਅਮਰੀਕਨ ਫਿਲਮ ਇੰਸਟੀਚਿਊਟ ਨੇ ਫਿਲਮ ਜਗਤ ਨਾਲ ਜੁੜੀਆਂ ਹਸਤੀਆਂ ਤੋਂ ਵੋਟਿੰਗ ਕਰਵਾਈ ਜਿਸ ਵਿਚ ਉਨ੍ਹਾਂ ਨੇ ‘100 ਸਾਲ-100 ਫਿਲਮਾਂ’ ਤਹਿਤ ਚੋਣ ਕਰਨੀ ਸੀ। ਇਹ ਫਿਲਮ ਫਿਰ ਪਹਿਲੇ ਨੰਬਰ ਤੇ ਰਹੀ। ਇਉਂ ਹਰ ਬੀਤ ਰਹੇ ਵਰ੍ਹੇ ਨਾਲ ਇਸ ਦੀ ਨਵੀਂ ਤੋਂ ਨਵੀਂ ਵਿਆਖਿਆ ਸਾਹਮਣੇ ਆਉਂਦੀ ਰਹਿੰਦੀ ਹੈ ਤੇ ਇਸ ਦੀ ਮਹਾਨਤਾ ਨੂੰ ਸਥਾਈ ਬਣਾਈ ਰੱਖਦੀ ਹੈ।