ਨਾਬਰੀ ਦਾ ਗਵਾਹ: ਲਾਹੌਰ ਵਾਲਾ ਬਰੈਡਲਾ ਹਾਲ

ਲਾਹੌਰ ਸਥਿਤ ਬਰੈਡਲਾ ਹਾਲ ਦਾ ਆਪਣਾ ਇਤਿਹਾਸ ਹੈ। ਇਹ ਹਾਲ ਚਾਰਲਸ ਬਰੈਡਲਾ (26 ਸਤੰਬਰ 1833-30 ਜਨਵਰੀ 1891) ਦੀ ਯਾਦ ਵਿਚ ਸੰਨ 1900 ਵਿਚ ਬਣਵਾਇਆ ਗਿਆ ਸੀ। ਉਹ ਅੰਗਰੇਜ਼ ਸਿਆਸੀ ਕਾਰਕੁਨ ਸੀ ਜਿਸ ਨੇ 1866 ਵਿਚ ਨੈਸ਼ਨਲ ਸੈਕੂਲਰ ਸੁਸਾਇਟੀ ਦੀ ਨੀਂਹ ਰੱਖੀ ਸੀ। ਇਹ ਹਾਲ ਲਗਾਤਾਰ ਨਾਬਰੀ ਦਾ ਗੜ੍ਹ ਬਣਿਆ ਰਿਹਾ। ਇਥੇ ਵਤਨਪ੍ਰਸਤਾਂ ਨੇ ਅਨੇਕਾਂ ਸਮਾਗਮ ਰਚਾਏ ਅਤੇ ਲੈਕਚਰ ਕੀਤੇ। ਲਹਿੰਦੇ ਪੰਜਾਬ ਦੇ ਲਿਖਾਰੀ ਮੁਦੱਸਰ ਬਸ਼ੀਰ ਨੇ ਇਸ ਹਾਲ ਦੀ ਤਵਾਰੀਖ ਅਤੇ ਇਸ ਨਾਲ ਜੁੜੀਆਂ ਸ਼ਖਸੀਅਤਾਂ ਬਾਰੇ ਵਿਸਥਾਰ ਸਹਿਤ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ।

ਮੁਦੱਸਰ ਬਸ਼ੀਰ
ਮੈਂਡੀ ਜਾਨ ਜੋ ਰੰਗੇ ਸੋ ਗੰਗੇ
ਮਸਤਕ ਜਿਨ੍ਹਾਂ ਦੇ ਪਈ ਫਕੀਰੀ
ਭਾਗ ਤਿਨ੍ਹਾਂ ਦੇ ਚੰਗੇ
ਸੁਰਤ ਦੀ ਸੂਈ ਪ੍ਰੇਮ ਦੇ ਧਾਗੇ
ਪਿਉਂਦ ਲੱਗੇ ਸਤਿਸੰਗੇ
ਕਹੇ ਹੁਸੈਨ ਫਕੀਰ ਸਾਈਂ ਦਾ
ਤਖਤ ਨਾ ਮਿਲਦੇ ਮੰਗੇ (ਸ਼ਾਹ ਹੁਸੈਨ)
ਧਰਤੀ ਉਤੇ ਕੁਝ ਥਾਂਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਸਮਾਜ, ਰਹਿਤਲ, ਵਸੋਂ ਅਤੇ ਬੰਦਿਆਂ ਦੀਆਂ ਪਛਾਣਾਂ ਬਣ ਜਾਂਦੀਆਂ ਨੇ, ਤੇ ਕੁਝ ਥਾਂਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਬੰਦਿਆਂ ਦੀਆਂ ਕਰਨੀਆਂ ਕਾਰਨ ਪਛਾਣੀਆਂ ਜਾਂਦੀਆਂ ਨੇ। ਇਸ ਦੇ ਨਾਲੋ-ਨਾਲ ਕੁਝ ਥਾਂਵਾਂ ਇਹੋ ਜਿਹੀਆਂ ਵੀ ਦਿਸੀਂਦੀਆਂ ਨੇ ਜਿਨ੍ਹਾਂ ਵਿਚ ਸਿਆਣ ਦੇ ਇਹ ਦੋਵੇਂ ਗੁਣ ਦਿਸੀਂਦੇ ਨੇ, ਜਿਵੇਂ ਹਿੰਦ-ਪਾਕਿ ਵਿਚ ਸ਼ਿਮਲਾ, ਮਰੀ ਅਤੇ ਕਸ਼ਮੀਰ ਆਪਣੇ ਪਹਾੜਾਂ ਤੇ ਹਰਿਆਲੀ ਕਾਰਨ ਜੱਗ ਜਾਣੇ ਨੇ। ਗੋਆ ਦਾ ਸਮੁੰਦਰ ਵੀ ਆਪਣੇ ਖਾਸ ਰੰਗਾਂ ਪਾਰੋਂ ਪੂਰੇ ਹਿੰਦੋਸਤਾਨ ਤੋਂ ਵੱਖ ਏ। ਕੁਝ ਥਾਂਵਾਂ ਦੀ ਪਛਾਣ ਬੰਦੇ, ਉਨ੍ਹਾਂ ਦੇ ਕੰਮ ਹੁੰਦੇ ਨੇ। ਅਜੋਕੇ ਸਮੇਂ ਦੱਖਣੀ ਅਫਰੀਕਾ ਨੂੰ ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਨੈਲਸਨ ਮੰਡੇਲਾ ਤੋਂ ਵੱਖ ਅਤੇ ਮਲੇਸ਼ੀਆ ਨੂੰ ਮਹਾਤਿਰ ਮੁਹੰਮਦ ਤੇ ਚੀਨ ਨੂੰ ਮਾਉ ਜ਼ੇ-ਤੁੰਗ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
ਪੰਜਾਬ ਦੀ ਧਰਤੀ ਵਿਚ ਸਾਨੂੰ ਕੁਦਰਤ ਵਲੋਂ ਮਿਲਿਆ ਸੁਹੱਪਣ, ਇਸ ਦੇ ਦਰਿਆ, ਇਸ ਦੀ ਹਰਿਆਲੀ, ਸਦੀਆਂ ਪੁਰਾਣੀ ਰਹਿਤਲ ਤਾਂ ਮਿਲਦੀ ਹੀ ਏ, ਇਸ ਦੇ ਨਾਲ ਪੋਰਸ, ਰਾਜਾ ਰਸਾਲੂ, ਜੈ ਪਾਲ, ਪੂਰਨ ਭਗਤ, ਬਾਬਾ ਫਰੀਦ, ਗੁਰੂ ਨਾਨਕ, ਸ਼ਾਹ ਹੁਸੈਨ, ਦੁੱਲਾ ਭੱਟੀ, ਅਹਿਮਦ ਖਾਨ ਖਰਲ, ਮਿਰਜ਼ਾ ਕਲੰਦਰ, ਸਰਮਦ, ਬੁੱਲ੍ਹੇ ਸ਼ਾਹ, ਸਾਰੰਗ ਤੇ ਇਕ ਲੰਮੀ ਗਿਣਤੀ ਵਿਚ ਕਈ ਬੰਦੇ ਦਿਸੀਂਦੇ ਨੇ।
ਸ਼ਹਿਰ ਲਾਹੌਰ ਦੀ ਵਾਰ ਵਿਚ ਕਈ ਥਾਂਵਾਂ ਅਤੇ ਉਨ੍ਹਾਂ ਨਾਲ ਜੁੜੇ ਬੰਦੇ ਦੀਆਂ ਕਰਨੀਆਂ ਕਾਰਨ ਜਾਣੀਆਂ ਮਾਣੀਆਂ ਨੇ। ਉਹ ਥਾਂਵਾਂ ਜਿਹੜੀਆਂ ਧ੍ਰੋਹ ਖੱਸ ਦੇ ਸਾਹਮਣੇ ਨਾਬਰੀ ਦਾ ਗੜ੍ਹ ਬਣੀਆਂ ਰਹੀਆਂ, ਉਥੇ ਕਈ ਸੂਰਮਿਆਂ ਨਾਬਰੀ ਸ਼ਮ੍ਹਲੇ ਆਪਣੀਆਂ ਜਾਨਾਂ ਦੀਆਂ ਅਣੀਆਂ ‘ਤੇ ਉਚੇ ਰੱਖੇ। ਇਹੋ ਜਿਹੀ ਇਕ ਥਾਂ ਦਾ ਨਾਂ ਬਰੈਡਲਾ ਹਾਲ ਏ।
ਬਰੈਡਲਾ ਹਾਲ ਇੰਗਲਸਤਾਨ ਦੇ ਸੂਝਵਾਨ ਸਿਆਸਤਦਾਨ ਸਰ ਚਾਰਲਸ ਬਰੈਡਲਾ ਦੇ ਨਾਂ ਉਤੇ ਹੈ ਜਿਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਕ ਝਾਤ ਉਨ੍ਹਾਂ ਦੀ ਹਯਾਤੀ ਉਤੇ ਪਾਉਨੇ ਆਂ ਕਿ ਕਿਸ ਕਾਰਨ ਇੰਗਲਸਤਾਨ ਵਾਸੀ ਦਾ ਨਾਂ ਹਿੰਦੋਸਤਾਨ ਦੇ ਇਕ ਹਾਲ ਨਾਲ ਜੁੜਿਆ।
ਚਾਰਲਸ ਬਰੈਡਲਾ ਦਾ ਜਨਮ 26 ਸਤੰਬਰ 1833 ਨੂੰ ਲੰਡਨ ਦੇ ਨੇੜੇ ਦੇ ਹਾਕਸਟਨ ਵਿਚ ਹੋਇਆ। ਉਸ ਦਾ ਪਿਉ ਲਾਅ ਫਰਮ ਵਿਚ ਕਲਰਕ ਸੀ ਜਿਸ ਦੀ ਘੱਟ ਕਮਾਈ ਸੀ। ਮਾੜੇ ਹਾਲਾਂ ਕਾਰਨ ਚਾਰਲਸ ਬਰੈਡਲਾ ਨੇ ਆਪਣੇ ਬਾਲਪਨ ਵਿਚ ਡਾਢੇ ਭੈੜੇ ਦਿਹਾੜ ਹੰਢਾਏ। ਰੋਟੀ ਟੁੱਕਰ ਦੇ ਰੌਲਿਆਂ ਪਾਰੋਂ ਉਸ ਗਿਆਰਾਂ ਵਰਿ੍ਹਆਂ ਦੀ ਉਮਰ ਵਿਚ ਸਕੂਲ ਛੱਡ ਦਿੱਤਾ। ਕਿਸੇ ਦਫਤਰ ਵਿਚ ਨਿੱਕੇ ਮੋਟੇ ਕੰਮਾਂ ਵਾਲੀ ਨੌਕਰੀ ਕਰ ਲਈ। ਕੁਝ ਚਿਰ ਮਗਰੋਂ ਕੋਲਿਆਂ ਦੇ ਕਿਸੇ ਵਪਾਰੀ ਦੇ ਦਫਤਰ ਵਿਚ ਕਲਰਕ ਦੀ ਨੌਕਰੀ ਲੱਭ ਗਈ। ਉਥੇ ਉਸ ਕਲਰਕੀ ਦੇ ਨਾਲੋ-ਨਾਲ ਪੜ੍ਹਾਈ ਵੀ ਟੋਰੀ ਰੱਖੀ। ਉਸ ਨੂੰ ਇਸ ਗੱਲ ਦੀ ਆਸ ਸੀ ਕਿ ਉਹ ਕੁਝ ਚੰਗਾ ਪੜ੍ਹ ਕੇ ਕਿਸੇ ਸਕੂਲ ਵਿਚ ਪੜ੍ਹਾਉਣ ਦੀ ਨੌਕਰੀ ਕਰ ਲਵੇਗਾ। ਦਿਨ ਰਾਤੀਂ ਯਤਨਾਂ ਮਗਰੋਂ ਅਖੀਰ ਇਕ ਸਕੂਲੇ ਨੌਕਰੀ ਲੱਭ ਈ ਗਈ।
ਉਦੋਂ ਇੰਗਲਸਤਾਨ ਦਾ ਰਾਜ ਧਰਤੀ ਦੇ ਕਈ ਦੇਸਾਂ ਉਤੇ ਸੀ। ਬਰੈਡਲਾ ਨੇ ਹਯਾਤੀ ਦੀਆਂ ਔਕੜਾਂ ਦੇਖਣ ਦੇ ਨਾਲੋ-ਨਾਲ ਅੰਗਰੇਜ਼ ਸਰਕਾਰ ਦੇ ਧਰਤੀ ਉਤੇ ਵਧੇਰੇ ਰਾਜ ਪਾਰੋਂ ਖਲਕਤ ਨਾਲ ਵਿਰੋਧਕਾਰੀ ਵੀ ਤੱਕੀ। ਇਸ ਕਾਰਨ ਉਸ ਦੇ ਵਿਚਾਰ ਇੰਗਲਸਤਾਨ ਦੇ ਚਰਚ ਅਤੇ ਬਾਈਬਲ ਤੋਂ ਵੱਖਰੇ ਹੋ ਗਏ। ਉਹ ਕਿਸੇ ਨਾਬਰ ਵਾਂਗੂੰ ਇੰਗਲਸਤਾਨ ਵਿਚ ਪ੍ਰਚੱਲਤ ਸਿਆਸੀ ਤੇ ਧਰਮ ਵਿਹਾਰ ਦੇ ਸਾਹਮਣੇ ਖਲੋ ਗਿਆ। ਇਸੇ ਕਾਰਨ ਉਥੋਂ ਦੇ ਇਕ ਪਾਦਰੀ ਜਾਨ੍ਹ ਗ੍ਰਾਹਮ ਪੈਕਰ ਨੇ ਉਸ ਉਤੇ ਦਹਿਰੀਆ (ਕਾਫਿਰ, ਨਾਸਤਿਕ) ਹੋਵਣ ਦੀ ਇੱਲ ਧਰ ਕੇ ਸਕੂਲੋਂ ਕੱਢਵਾ ਦਿੱਤਾ।
ਸਤਾਰਾਂ ਵਰਿ੍ਹਆਂ ਦੇ ਬਰੈਡਲਾ ਨੇ ਆਪਣੀ ਪਹਿਲੀ ਛਪੀ ਲਿਖਤ ‘ਕੁਝ ਅੱਖਰ ਈਸਾਈ ਧਰਮ ਉਤੇ` ਲੋਕਾਂ ਸਾਹਮਣੇ ਧਰੀ। ਜਦੋਂ ਅੰਗਰੇਜ਼ ਸਰਕਾਰ ਨੇ ਆਪਣੇ ਰਾਜ ਦੀ ਸਾਂਭ ਪਾਰੋਂ ਜਵਾਨਾਂ ਨੂੰ ਉਨ੍ਹਾਂ ਦੀ ਮਰਜ਼ੀ ਬਿਨਾ ਫੌਜ ਵਿਚ ਭਰਤੀ ਕਰਨ ਦਾ ਟੋਰਾ ਟੋਰਿਆ, ਬਰੈਡਲਾ ਨੂੰ ਵੀ ਸਤਾਰਵੀਂ ਬਟਾਲੀਅਨ ‘ਡਰੈਗਨ ਗਾਰਡਜ਼` ਵਿਚ ਭਰਤੀ ਕਰ ਲਿਆ ਗਿਆ। ਬਰੈਡਲਾ ਨੂੰ ਹਿੰਦੋਸਤਾਨ ਨਾਲ ਖਾਸ ਪਿਆਰ ਸੀ। ਫੌਜ ਵਿਚ ਜਾਵਣ ਮਗਰੋਂ ਇਹ ਵੀ ਆਸ ਸੀ ਕਿ ਉਸ ਨੂੰ ਹਿੰਦੋਸਤਾਨ ਘੱਲਿਆ ਜਾਵੇਗਾ ਪਰ ਉਸ ਨੂੰ ਆਇਰਲੈਂਡ ਦੇ ਸ਼ਹਿਰ ਡਬਲਿਨ ਘੱਲ ਦਿੱਤਾ ਗਿਆ। ਫਿਰ ਰੱਬ ਦੀ ਕਰਨੀ ਕੁਝ ਇਹੋ ਜਿਹੀ ਹੋਈ ਕਿ ਉਸ ਦੀ ਇਕ ਮਾਸੀ ਜਿਹੜੀ ਡਾਢੀ ਧਨਵਾਨ ਸੀ, ਚਲਾਣਾ ਕਰ ਗਈ। ਬਰੈਡਲਾ ਉਸ ਦਾ ਇਕੱਲਾ ਵਾਰਿਸ ਸੀ। ਮੋਈ ਮਾਸੀ ਦੇ ਧਨ ਪਾਰੋਂ ਉਸ ਨੇ ਅੰਗਰੇਜ਼ ਸਰਕਾਰ ਦੀ ਨੌਕਰੀ ਤੋਂ ਜਾਨ ਛੁਡਾ ਲਈ। ਉਹ ਲੰਡਨ ਆਣ ਵਸਿਆ ਅਤੇ ਪਿਉ ਵਾਂਗ ਕਿਸੇ ਲਾਅ ਫਰਮ ਵਿਚ ਕਲਰਕ ਹੋ ਗਿਆ। ਉਸ ਸਮੇਂ ਪ੍ਰਚੱਲਤ ਧਰਮ ਨੂੰ ਨਾ ਮੰਨਣ ਕਾਰਨ ਲੰਡਨ ਸੈਕੂਲਰ ਸੁਸਾਇਟੀ ਦਾ ਮੈਂਬਰ ਬਣਿਆ ਅਤੇ ਸੰਨ 1858 ਵਿਚ ਇਸ ਸੁਸਾਇਟੀ ਦਾ ਸਦਰ ਵੀ ਬਣ ਗਿਆ। ਸੰਨ 1860 ਵਿਚ ਸੈਕੂਲਰ ਅਖਬਾਰ ‘ਨੈਸ਼ਨਲ ਰੀਫਾਰਮਰ` ਦਾ ਐਡੀਟਰ ਬਣਿਆ। ਸੰਨ 1866 ਵਿਚ ਉਸ ਨੇ ‘ਨੈਸ਼ਨਲ ਸੈਕੂਲਰ ਸੁਸਾਇਟੀ` ਦੀ ਨੀਂਹ ਵੀ ਧਰੀ। ਇਸ ਸਾਰੇ ਟੋਰੇ ਵਿਚ ਉਸ ਦੀਆਂ ਲਿਖਤਾਂ ਸਾਰੇ ਇੰਗਲਸਤਾਨ ਵਿਚ ਪ੍ਰਸਿੱਧ ਹੋ ਗਈਆਂ ਸਨ। ਧਰਮ ਵਿਰੋਧੀ ਹੋਣ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਸਰਕਾਰੀ ਔਕੜਾਂ ਵੀ ਦੇਖਣੀਆਂ ਪਈਆਂ। ਸੰਨ 1880 ਵਿਚ ਉਹ ਇੰਗਲਸਤਾਨ ਦੀ ਪਾਰਲੀਮੈਂਟ ਦਾ ਮੈਂਬਰ ਬਣਿਆ ਪਰ ਉਥੇ ਵੀ ਉਸ ਬਾਈਬਲ ਉਤੇ ਹਲਫ ਲੈਣ ਤੋਂ ਨਾਂਹ ਕਰ ਛੱਡੀ। ਉਸ ਦਾ ਆਖਣਾ ਸੀ ਕਿ ਹਲਫ ਲੈਣ ਪਾਰੋਂ ਹੋਰ ਚੱਜ ਅਤੇ ਹੋਰ ਅੱਖਰ ਵੀ ਆਪਣੀ ਥਾਂ ਉਤੇ ਸ਼ੁੱਧ ਅਤੇ ਪੂਰੇ ਨੇ। ਇਸ ਮੁੱਦੇ ਉਤੇ ਅਦਾਲਤ ਟੁਰ ਗਿਆ, ਕੇਸ ਕੀਤਾ ਅਤੇ ਜਿੱਤਿਆ ਵੀ। ਉਹ ਅੰਗਰੇਜ਼ ਸਰਕਾਰ ਦੀ ਧਰਤੀ ਉਤੇ ਰਾਜ ਦੀ ਟੋਰ ਨੂੰ ਵੀ ਨਹੀਂ ਮੰਨਦਾ ਸੀ। ਖਾਸਕਰ ਆਇਰਲੈਂਡ ਅਤੇ ਹਿੰਦੋਸਤਾਨ ਵਿਚ ਅੰਗਰੇਜ਼ ਰਾਜ ਨੂੰ ਭੈੜਾ ਜਾਣਦਾ ਸੀ। ਉਸ ਦੀਆਂ ਇੰਗਲਸਤਾਨ ਵਿਚ ਕਰਤੀਆਂ (ਕੰਮਕਾਰ) ਅਤੇ ਲਿਖਤਾਂ ਦੋਵੇਂ ਹਿੰਦੋਸਤਾਨ ਦੇ ਸੂਝਵਾਨਾਂ ਤੀਕਰ ਅੱਪੜਦੀਆ ਰਹੀਆਂ; ਤੇ ਉਥੋਂ ਦੇ ਕਈ ਲੋਕਾਂ ਨਾਲ ਉਸ ਦਾ ਖਤ ਪੱਤਰ ਵੀ ਟੁਰਦਾ ਰਿਹਾ।
ਇਕ ਵਾਰ ਹਿੰਦੋਸਤਾਨ ਆਇਆ ਤਾਂ ਸਰਕਾਰ ਵਲੋਂ ਰੇਲ ਲਾਈਨ ਪਾਉਣ ਦਾ ਠੇਕਾ ਲੱਭ ਗਿਆ। ਉਨ੍ਹਾਂ ਦਿਹਾੜਾਂ ਵਿਚ ਬਰੈਡਲਾ ਨੇ ਲਾਹੌਰ ਦੇ ਡਾਢੇ ਮਹਿੰਗੇ ਇਲਾਕੇ ਰੈਟੀਗਨ ਰੋਡ ਉਤੇ ਵੱਡੀ ਥਾਂ ਮੁੱਲ ਲਈ ਜਿਸ ਦੇ ਮਹਿੰਗੇ ਹੋਵਣ ਦਾ ਕਾਰਨ ਉਸ ਵੇਲੇ ਕਈ ਅੰਗਰੇਜ਼ ਅਫਸਰਾਂ ਦੇ ਬੰਗਲਿਆਂ ਦਾ ਉਥੇ ਹੋਵਣਾ ਸੀ। ਉਨ੍ਹਾਂ ਬੰਗਲਿਆਂ ਅਤੇ ਕੋਠੀਆਂ ਦੇ ਨਿਸ਼ਾਨ ਅੱਜ ਵੀ ਦਿਸੀਂਦੇ ਨੇ। ਹਿੰਦੋਸਤਾਨ ਵਿਚ ਵੀ ਬਰੈਡਲਾ ਅੰਗਰੇਜ਼ ਸਰਕਾਰ ਦੀਆਂ ਪਾਲਸੀਆਂ ਦੀ ਨਿੰਦਿਆ ਕਰਦਾ ਰਿਹਾ। ਇਸੇ ਕਾਰਨ ਰੇਲ ਲਾਈਨ ਦਾ ਠੇਕਾ ਮੁਕਾ ਦਿੱਤਾ ਗਿਆ ਅਤੇ ਹਿੰਦੋਸਤਾਨ ਦੀ ਧਰਤੀ ਛੱਡਣ ਦਾ ਹੁਕਮ ਵੀ ਦੇ ਦਿੱਤਾ ਗਿਆ। ਸਰ ਚਾਰਲਸ ਬਰੈਡਲਾ ਜਿਸ ਨੇ ਸਾਰੀ ਉਮਰ ਕਾਨੂੰਨ ਦੀ ਹੁਕਮਰਾਨੀ ਦੀ ਗੱਲ ਕੀਤੀ ਸੀ, ਕਾਨੂੰਨ ਦੀਆਂ ਬਾਰੀਕੀਆਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਸਰਕਾਰ ਦੇ ਆਖਣ ਦਾ ਆਦਰ ਕੀਤਾ ਅਤੇ ਉਚੇਚੀ ਕਿਸ਼ਤੀ ਬਣਵਾਈ ਜਿਸ ਵਿਚ ਖਾਵਣ ਪੀਵਣ ਦੀਆਂ ਸ਼ੈਆਂ ਰੱਖ ਕੇ ਰਾਵੀ ਦਰਿਆ ਵਿਚ ਜਾ ਬੈਠਾ ਅਤੇ ਸਰਕਾਰ ਨੂੰ ਆਖਿਆ ਕਿ ਮੈਂ ਹਿੰਦੋਸਤਾਨ ਦੀ ਜ਼ਮੀਨ ਉਤੇ ਨਹੀਂ। ਇਉਂ ਕਿਸ਼ਤੀ ਵਿਚ ਕਈ ਦਿਹਾੜ ਲੰਘਾਏ। ਫਿਰ ਸਰਕਾਰ ਨੇ ਉਸ ਨੂੰ ਡੌਂਡੀ ਪਿੱਟੀ, ਇੰਗਲਸਤਾਨ ਘੱਲ ਦਿੱਤਾ। ਉਥੇ 30 ਜਨਵਰੀ 1891 ਨੂੰ ਬਰੈਡਲਾ ਚਲਾਣਾ ਕਰ ਗਿਆ। ਪੂਰੀ ਦੁਨੀਆ ਦੀਆਂ ਸੈਕੂਲਰ ਤਨਜ਼ੀਮਾਂ ਨੇ ਉਸ ਦਾ ਦੁੱਖ ਮਨਾਇਆ। ਉਸ ਦੇ ਜਨਾਜ਼ੇ ਵਿਚ ਕਈ ਹਜ਼ਾਰ ਲੋਕ ਸਨ ਜਿਨ੍ਹਾਂ ਵਿਚ 21 ਵਰਿ੍ਹਆਂ ਦਾ ਮੋਹਨ ਦਾਸ ਕਰਮ ਚੰਦ ਗਾਂਧੀ ਵੀ ਸੀ। ਚਾਰਲਸ ਬਰੈਡਲਾ ਦੀ ਕਬਰ ਬਰੁੱਕਵੁੱਡ ਕਬਰਸਤਾਨ ਵਿਚ ਉਸਾਰੀ ਗਈ। ਉਹ ਤਾਂ ਅਗਾਂਹ ਟੁਰ ਗਿਆ ਪਰ ਉਸ ਦੇ ਵਿਚਾਰ ਅਜੇ ਤਾਈਂ ਜਿਉਂਦੇ ਜਾਗਦੇ ਨੇ। ਇਹੀ ਕਾਰਨ ਹੈ ਕਿ ਉਸ ਨਾਲ ਕਈ ਵੱਡੇ ਨਾਵਾਂ ਨੇ ਮੋਢੇ ਨਾਲ ਮੋਢਾ ਜੋੜੀ ਰੱਖਿਆ ਜਿਨ੍ਹਾਂ ਵਿਚ ਜਾਰਜ ਜੈਕਹੌਲਿਕ, ਏਨੀ ਬੈਸਿੰਟ, ਹੈਗੇਟ ਲਾਅ, ਵਿਲੀਅਮ ਐਵਾਰਟ ਗਲੈਡਸਟੋਨ, ਟੀ.ਪੀ.ਓ. ਕਾਰਨਰ ਅਤੇ ਜਾਰਜ ਬਰਨਾਰਡ ਸ਼ਾਅ ਵਰਗੇ ਉਚੇਚ ਜੀਅ ਵੀ ਦਿਸੀਂਦੇ ਨੇ।
ਬਰੈਡਲਾ ਹਾਲ 30 ਅਕਤੂਬਰ 1900 ਨੂੰ ਉਸਾਰਿਆ ਗਿਆ। ਉਸ ਦਿਹਾੜ ਤੋਂ 1947 ਤੀਕਰ ਇਹ ਨਾਬਰੀ ਦਾ ਗੜ੍ਹ ਬਣਿਆ ਰਿਹਾ। ਲਾਹੌਰ ਨੂੰ ਸ਼ਹਿਰਾਂ ਦਾ ਕੁਤਬ ਅਬਦਾਲ ਵੀ ਆਖਿਆ ਜਾਂਦਾ ਏ। ਜਿਹੜੀ ਸ਼ੈਅ ਇਥੋਂ ਟੁਰੀ, ਉਹ ਪੂਰੇ ਹਿੰਦੋਸਤਾਨ ਅਤੇ ਧਰਤੀ ਉਤੇ ਮੰਨੀ ਗਈ। ਨਾਬਰੀ ਦਾ ਇਹ ਦੀਵਾ ਇਉਂ ਦਾ ਇਥੇ ਜਗਿਆ ਜਿਸ ਦੀ ਰੌਸ਼ਨਾਈ ਪੂਰੇ ਹਿੰਦੋਸਤਾਨ ਵਿਚ ਹੋਈ। ਇਸ ਹਾਲ ਨਾਲ ਕਈ ਵੱਡੇ ਅਤੇ ਉਚੇਚ ਲੋਕ ਜੁੜੇ ਰਹੇ। ਇਸ ਹਾਲ ਦੀ ਖਾਸ ਜਾਣਕਾਰੀ ਲਿਆਉਣ ਪਾਰੋਂ ਸਾਨੂੰ ਉਨ੍ਹਾਂ ਵਿਚੋਂ ਕੁਝ ਬੰਦਿਆਂ ਦੀ ਹਯਾਤੀ ਉਤੇ ਮਾੜੀ ਜਿਹੀ ਝਾਤ ਵੀ ਮਾਰਨੀ ਪਏਗੀ।
ਚਾਰਲਸ ਬਰੈਡਲਾ ਦੇ ਇੰਗਲਸਤਾਨ ਟੁਰ ਜਾਵਣ ਮਗਰੋਂ ਇਸ ਹਾਲ ਦੀ ਉਸਾਰੀ ਹੋਈ ਜਿਸ ਦੀ ਮੁਖ ਵਿਖਾਲੀ ਸੁਰੇਂਦਰ ਨਾਥ ਬੈਨਰਜੀ ਦੇ ਹੱਥੋਂ ਹੋਈ। ਮੁਖ ਵਿਖਾਲੀ ਦੇ ਨਾਂ ਦੀ ਇਹ ਤਖਤੀ ਅੱਜ ਵੀ ਹਾਲ ਦੀ ਪੂਰਬੀ ਸੇਧ ਦੇ ਬੂਹੇ ਦੀ ਕੰਧ ਨਾਲ ਗੱਡੀ ਹੋਈ ਹੈ। ਸੁਰੇਂਦਰ ਨਾਥ ਬੈਨਰਜੀ ਦਾ ਜਨਮ 10 ਨਵੰਬਰ 1841 ਨੂੰ ਕਲਕੱਤੇ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ। ਯੂਨੀਵਰਸਿਟੀ ਔਫ ਕਲਕੱਤਾ ਤੋਂ ਗ੍ਰੈਜੂਏਸ਼ਨ ਕੀਤੀ, ਫਿਰ ਰੁਮੇਸ਼ ਚੰਦਰ ਦੱਤ ਅਤੇ ਬਿਹਾਰੀ ਲਾਲ ਗੁਪਤਾ ਦੇ ਨਾਲ ਇੰਗਲਸਤਾਨ ਟੁਰ ਗਿਆ। ਉਥੇ ਅਸਿਸਟੈਂਟ ਮੈਜਿਸਟਰੇਟੀ ਕੀਤੀ ਅਤੇ ਕਈ ਫਿਲਾਸਫੀਆਂ ਪੜ੍ਹਿਆ। 1875 ਨੂੰ ਹਿੰਦੋਸਤਾਨ ਪਰਤਿਆ ਅਤੇ 26 ਜਨਵਰੀ 1876 ਨੂੰ ਆਨੰਦ ਮੋਹਨ ਦੇ ਨਾਲ ਰਲ ਕੇ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਬਣਾਈ। ਇਸੇ ਤੋਂ ਉਸ ਨੂੰ ਅੰਗਰੇਜ਼ ਰਾਜ ਵਿਚ ਨਵੇਂ ਚੱਜ ਦੀ ਸਿਆਸਤ ਦੇ ਮੋਢੀਆਂ ਵਿਚ ਗਿਣਿਆ ਜਾਂਦਾ ਏ। 1879 ਵਿਚ ‘ਦਿ ਬੰਗਾਲੀ` ਦੇ ਨਾਂ ਤੋਂ ਅਖਬਾਰ ਕੱਢਿਆ। 1883 ਵਿਚ ਉਸ ਦੇ ਅਖਬਾਰ ਦੀ ਇਕ ਸੁਰਖੀ ‘ਇੰਨ ਕੰਟੈਪਟ ਆਫ ਕੋਰਟ’ ਦੇ ਸਿਰਨਾਵੇਂ ਤੋਂ ਛਪੀ ਜਿਸ ਮਗਰੋਂ ਸਰਕਾਰ ਦੇ ਹੁਕਮ ਤਾਈਂ ਉਸ ਨੂੰ ਫੜਿਆ ਗਿਆ। ਫਿਰ ਪੂਰੇ ਹਿੰਦੋਸਤਾਨ ਵਿਚ ਰੌਲਾ ਪੈ ਗਿਆ। 1885 ਵਿਚ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਬਣੀ ਤਾਂ ਬੈਨਰਜੀ ਦੀ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਨੂੰ ਇਸ ਵਿਚ ਰਲਾ ਦਿੱਤਾ ਗਿਆ। ਉਸ ਨੂੰ 1895 ਵਿਚ ਪੂਨਾ ਅਤੇ 1902 ਵਿਚ ਅਹਿਮਦਾਬਾਦ ਵਿਚ ਕਾਂਗਰਸ ਦਾ ਸਦਰ ਮਿਥਿਆ ਗਿਆ। ਬੈਨਰਜੀ 6 ਅਗਸਤ 1925 ਨੂੰ ਚਲਾਣਾ ਕਰ ਗਿਆ।
ਬਰੈਡਲਾ ਹਾਲ ਦੀ ਉਸਾਰੀ ਮਗਰੋਂ ਉਥੇ ਉਸ ਸਮੇਂ ਦੇ ਸੂਝਵਾਨਾਂ ਅਤੇ ਅੰਗਰੇਜ਼ ਸਰਕਾਰ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਇਕੱਠ ਟੁਰ ਪਏ। ਨਾਬਰੀ ਦੇ ਇਸ ਟੋਰੇ ਵਿਚ ਇਥੇ ਨੈਸ਼ਨਲ ਕਾਲਜ ਉਸਾਰਿਆ ਗਿਆ ਜਿਹੜਾ ਖਾਸ ਉਨ੍ਹਾਂ ਪੜ੍ਹਿਆਰਾਂ (ਵਿਦਿਆਰਥੀਆਂ) ਲਈ ਸੀ ਜਿਹੜੇ ਅੰਗਰੇਜ਼ ਸਰਕਾਰ ਦੇ ਕਾਲਜਾਂ ਵਿਚ ਨਹੀਂ ਪੜ੍ਹਨਾ ਚਾਹੁੰਦੇ ਸਨ। ਇਸੇ ਕਾਲਜ ਦੇ ਕਾਰਨ ਬਰੈਡਲਾ ਹਾਲ ਨਾਲ ਲਾਲਾ ਲਾਜਪਤ ਰਾਏ ਵੀ ਜੁੜਿਆ ਰਿਹਾ। ਲਾਲਾ ਜੀ ਦਾ ਜਨਮ 28 ਜਨਵਰੀ 1865 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਵਿਚ ਹੋਇਆ। ਉਸ ਦੇ ਪਿਉ ਦਾ ਨਾਂ ਰਾਧਾ ਕ੍ਰਿਸ਼ਨ ਅਤੇ ਅੰਮਾ ਦਾ ਨਾਂ ਗੁਲਾਬ ਦੇਵੀ ਸੀ। ਰਾਧਾ ਕ੍ਰਿਸ਼ਨ ਉਰਦੂ ਦਾ ਉਸਤਾਦ ਸੀ। ਸੰਨ 1880 ਵਿਚ ਲਾਲਾ ਲਾਜਪਤ ਰਾਏ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਕਾਨੂੰਨ ਦੀ ਡਿਗਰੀ ਲਈ। ਉਸ ਪਹਿਲੀ ਵੱਡੀ ਲਾਮ (ਸੰਸਾਰ ਜੰਗ) ਵੇਲੇ ਅਮਰੀਕਾ ਦਾ ਪੰਧ ਵੀ ਕੱਟਿਆ। ਕਈ ਸੂਝਵਾਨ ਤਨਜ਼ੀਮਾਂ ਅਤੇ ਧੜਿਆਂ ਦੇ ਲੋਕਾਂ ਨੂੰ ਮਿਲਿਆ। ਸੰਨ 1919 ਵਿਚ ਹਿੰਦੋਸਤਾਨ ਪਰਤਿਆ। ਕਾਂਗਰਸ ਦੇ ਆਖਣ ‘ਤੇ ਤਹਿਰੀਕ ਟੁਰੀ- ਸਿਵਲ ਨਾਫੁਰਮਾਨੀ ਦੀ ਤਹਿਰੀਕ। ਉਹ ਇਸ ਵਿਚ ਵੀ ਅਗਾਂਹ-ਅਗਾਂਹ ਸੀ। ਸੰਨ 1921 ਤੋਂ ਲੈ ਕੇ 1923 ਤੀਕਰ ਇਸੇ ਕਾਰਨ ਜੇਲ੍ਹ ਵੀ ਕੱਟੀ। ਸੰਨ 1927 ਵਿਚ ਉਸ ਦੇ ਅੰਮਾ ਹੋਰੀਂ ਟੀ.ਬੀ. ਪਾਰੋਂ ਚਲਾਣਾ ਕਰ ਗਏ। ਫਿਰ ਲਾਲਾ ਜੀ ਨੇ ਹਸਪਤਾਲ ਪਾਰੋਂ ਇਕ ਟਰਸਟ ਉਸਾਰਿਆ ਗੁਲਾਬ ਦੇਵੀ ਹੋਰਾਂ ਦੇ ਨਾਂ ਉਤੇ। ਤੇ ਇਸ ਟਰਸਟ ਨੇ ਸੰਨ 1927 ਵਿਚ ਲਾਹੌਰ ਵਿਚ ਫਿਰੋਜ਼ਪੁਰ ਰੋਡ ਉਤ ਜ਼ਨਾਨੀਆਂ ਲਈ ਹਸਪਤਾਲ ਉਸਾਰਿਆ ਜਿਹੜਾ ਅਜੇ ਤਾਈਂ ਖਲਕਤ ਦੀ ਸੇਵਾ ਕਰ ਰਿਹਾ ਹੈ। ਲਾਲਾ ਲਾਜਪਤ ਰਾਏ ਸਮਾਜੀ ਕੰਮਾਂ ਵਿਚ ਪ੍ਰਧਾਨ ਰਹਿੰਦਾ ਸੀ। ਜਦੋਂ ਬਾਦਸ਼ਾਹੀ ਮਸੀਤ ਦੀ ਨਵੇਂ ਸਿਰਿਉਂ ਉਸਾਰੀ ਦਾ ਵੇਲਾ ਆਇਆ ਤਾਂ ਉਹ ਚੰਦਾ ਦੇਵਣ ਵਾਲਿਆਂ ਵਿਚ ਇੱਡੇ ਖੁਲ੍ਹੇ ਮਨ ਦਾ ਸੀ ਕਿ ਇਕੱਲੇ ਜੀਅ ਦੀ ਗਿਣਤੀ ਵਿਚ ਉਸ ਦਾ ਚੰਦਾ ਸਭ ਤੋਂ ਜ਼ਿਆਦਾ ਸੀ। ਸੰਨ 1928 ਵਿਚ ਸਰ ਜਾਹਨ ਸਾਈਮਨ ਦੀ ਅਗਵਾਈ ਵਿਚ ਕਮਿਸ਼ਨ ਬਣਿਆ। ਇਸ ਕਮਿਸ਼ਨ ਨੂੰ ਨਾ ਮੰਨਦਿਆਂ ਹੋਇਆਂ ਇਸ ਹਾਲ ਵਿਚ ਸਿਆਸਤ ਦਾ ਨਵਾਂ ਟੋਰਾ ਟੁਰਿਆ। ਪੂਰੇ ਹਿੰਦੋਸਤਾਨ ਤੋਂ ਆਗੂ ਇਕੱਠੇ ਹੁੰਦੇ ਰਹੇ। ਉਨ੍ਹਾਂ ਦੀ ਮੇਜ਼ਮਾਨੀ ਲਾਲਾ ਜੀ ਦੇ ਨਾਲੋ-ਨਾਲ ਮੌਲਾਨਾ ਜ਼ਫਰ ਅਲੀ ਖਾਨ ਤੇ ਸੱਯਦ ਅਤਾਉਲਾ ਸ਼ਾਹ ਬੁਖਾਰੀ ਕਰਦੇ ਰਹੇ। ਲਾਲਾ ਜੀ ਨੇ 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਦੀ ਨਿੰਦਿਆ ਵਿਚ ਅਮਨ ਸ਼ਾਂਤੀ ਨਾਲ ਮਾਰਚ ਕੀਤਾ ਪਰ ਐੱਸ.ਪੀ. ਜੇਮਜ਼ ਏ. ਸਕਾਟ ਜਿਹੜਾ ਲਾਲਾ ਜੀ ਨਾਲ ਗੁੱਝਾ ਵੈਰ ਰੱਖਦਾ ਸੀ, ਨੇ ਉਥੇ ਲਾਠੀਚਾਰਜ ਕਰਾਇਆ ਅਤੇ ਲਾਲਾ ਜੀ ਨੂੰ ਖਾਸ ਨਿਸ਼ਾਨਾ ਬਣਾਇਆ। ਉੱਥੇ ਉਸ ਨੂੰ ਇਹੋ ਜਿਹੀਆਂ ਗੁੱਝੀਆਂ ਸੱਟਾਂ ਲੱਗੀਆਂ ਕਿ 27 ਨਵੰਬਰ 1928 ਨੂੰ ਚਲਾਣਾ ਕਰ ਗਿਆ। ਲਾਲਾ ਜੀ ਦੀ ਇਸ ਮੌਤ ਨਾਲ ਭਗਤ ਸਿੰਘ ਦਾ ਪਾਤਰ ਖੁੱਲ੍ਹ ਕੇ ਇੰਜ ਦਾ ਸਾਹਮਣੇ ਆਇਆ ਕਿ ਪੂਰੀ ਦੁਨੀਆ ਵਿਚ ਜਾਣਿਆ ਮਾਨਿਆ ਗਿਆ। ਲਾਲਾ ਜੀ ਦਾ ਬੁੱਤ ਲਾਹੌਰ ਵਿਚ ‘ਓਲਡ ਬੈਂਡ ਸਟੈਂਡ ਗਾਰਡਨ’ ਜਿਹੜਾ ਗੋਲ ਬਾਗ ਦੇ ਨਾਂ ਤੋਂ ਜਾਣਿਆ ਮਾਨਿਆ ਸੀ ਜਿਸ ਨੂੰ ਹੁਣ ਨਾਸਿਰ ਬਾਗ ਆਖਿਆ ਜਾਂਦਾ ਹੈ, ਇਸ ਦੀ ਭੰਗੀਆਂ ਵਾਲੀ ਤੋਪ ਦੇ ਬੂਹੇ ਦੇ ਨਾਲ ਗੱਡਿਆ ਗਿਆ ਪਰ ਵੰਡ ਮਗਰੋਂ ਉਹਨੂੰ ਲਾਹੌਰੋਂ ਸ਼ਿਮਲਾ ਖੜਿਆ ਗਿਆ, ਜਿੱਧਰ ਉਹ ਉਥੋਂ ਦੇ ਸੈਂਟਰਲ ਸੁਕਏਅਰ ਵਿਚ ਖੜ੍ਹਾ ਦਿਸਦਾ ਏ। ਲਾਲਾ ਜੀ ਦੇ ਪੁੰਨ ਦੇ ਕੰਮਾਂ ਕਾਰਨ ਅੱਜ ਵੀ ਧਰਮਪੁਰਾ ਵਿਚ ਕੁਝ ਗਲੀਆਂ ਲਾਜਪਤ ਰਾਏ ਸਟਰੀਟ ਦੇ ਨਾਵਾਂ ‘ਤੇ ਲੱਭਦੀਆਂ ਨੇ ਅਤੇ ਸ਼ਾਹਦਰੇ ਵਿਚ ਇਕ ਬਸਤੀ ਲਾਜਪਤ ਨਗਰ ਦੇ ਨਾਂ ਤੋਂ ਹੈ।
ਬਰੈਡਲਾ ਹਾਲ ਵਿਚ ਅੰਗਰੇਜ਼ ਸਰਕਾਰ ਦੇ ਸਾਹਮਣੇ ਖਲੋਣ ਵਾਲੀਆਂ ਕਈ ਨਾਬਰ ਤਨਜ਼ੀਮਾਂ ਦੇ ਇਕੱਠ ਹੁੰਦੇ ਰਹੇ ਜਿਨ੍ਹਾਂ ਵਿਚ ਗਦਰ ਤਹਿਰੀਕ, ਕਿਸਾਨ ਤਹਿਰੀਕ, ਪਗੜੀ ਸੰਭਾਲ ਓ ਜੱਟਾ, ਨੌਜਵਾਨ ਭਾਰਤ ਸਭਾ ਦੇ ਨਾਂ ਉਚੇਰੇ (ਉਘੜਵੇਂ) ਨੇ। 1920 ਵਿਚ ਇਸ ਹਾਲ ਵਿਚ ਆਲ ਇੰਡੀਆ ਕਮਿਊਨਿਸਟ ਪਾਰਟੀ ਦੇ ਮੋਢੀ ਐਮ.ਐਨ. ਰਾਏ ਨੇ ਹਿੰਦੋਸਤਾਨ ਦੀ ਆਜ਼ਾਦੀ ਦੇ ਹੱਕ ਵਿਚ ਇਹੋ ਜਿਹੀ ਤਕਰੀਰ ਕੀਤੀ ਜਿਸ ਦੀ ਆਵਾਜ਼ ਪੂਰੇ ਹਿੰਦੋਸਤਾਨ ਵਿਚ ਗੂੰਜੀ। ਇਸੇ ਹਾਲ ਵਿਚ ਦੁਨੀਆ ਨੇ ਜਵਾਹਰ ਲਾਲ ਨਹਿਰੂ, ਹਿਰੇਨ ਮੁਕਰਜੀ, ਡਾਕਟਰ ਮੁਹੰਮਦ ਅਸ਼ਰਫ, ਮੀਆਂ ਇਫਤਖਾਰ-ਉਦ-ਦੀਨ, ਡਾ. ਸੈਫ-ਉਦ-ਦੀਨ ਕਿਚਲੂ ਦੇ ਨਾਅਰਿਆਂ ਦੇ ਨਾਲ-ਨਾਲ ਜੋਸ਼ ਮਲੀਹਾਬਾਦੀ ਦੀ ਕਵਿਤਾ ਵੀ ਸੁਣੀ। ਇਸੇ ਹਾਲ ਦੀ ਸਿਆਸਤ ਤੋਂ ਇੰਦਰ ਕੁਮਾਰ ਗੁਜਰਾਲ ਨੇ ਸਿਆਸਤ ਸਿੱਖੀ ਅਤੇ ਆਪਣੀ ਸਟੂਡੈਂਟ ਯੂਨੀਅਨ ਬਣਾਈ। ਅਗਦੋਂ ਇੰਦਰ ਕੁਮਾਰ ਗੁਜਰਾਲ ਹਿੰਦੋਸਤਾਨ ਦਾ ਵਜ਼ੀਰੇ-ਏ-ਆਜ਼ਮ ਬਣਿਆ।
ਹੁਣ ਇਕ ਝਾਤ ਨੈਸ਼ਨਲ ਕਾਲਜ ਅਤੇ ਬਰੈਡਲਾ ਹਾਲ ਨਾਲ ਜੁੜੇ ਇਕ ਮੁੱਖ ਪਾਤਰ ਭਗਤ ਸਿੰਘ ਉਤੇ ਪਾਉਂਦੇ ਹਾਂ ਜਿਸ ਦਾ ਜਨਮ 28 ਸਤੰਬਰ 1907 ਨੂੰ ਜੜ੍ਹਾਂਵਾਲਾ ਪੰਜਾਬ ਵਿਚ ਹੋਇਆ। ਉਸ ਦੇ ਪਿਉ ਦਾ ਨਾਂ ਕਿਸ਼ਨ ਸਿੰਘ ਅਤੇ ਮਾਂ ਦਾ ਨਾਂ ਵਿੱਦਿਆਵਤੀ ਸੀ। ਪਿਛੋਕੜ ਵਿਚ ਉਸ ਦੇ ਵਡਿੱਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਦੱਸੀਂਦੇ ਨੇ। ਉਸ ਦਾ ਦਾਦਾ ਅਰਜਨ ਸਿੰਘ ਪ੍ਰਸਿੱਧ ਗਿਆਨੀ, ਸਵਾਮੀ ਦਯਾਨੰਦ ਦਾ ਭਗਤ ਸੀ। ਇਸ ਦੇ ਨਾਲੋ-ਨਾਲ ਉਹ ਹਿੰਦੂ ਸੁਧਾਰਕ ਤਹਿਰੀਕ ਆਰੀਆ ਸਮਾਜ ਵਿਚ ਵੀ ਸੀ। ਭਗਤ ਸਿੰਘ ਦਾ ਪਿਉ ਅਤੇ ਚਾਚਾ ਅਜੀਤ ਸਿੰਘ ਗਦਰ ਪਾਰਟੀ ਦੇ ਹਮਾਇਤੀ ਸਨ ਜਿਸ ਦੀ ਅਗਵਾਈ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਹਰਦਿਆਲ ਦੇ ਹੱਥ ਸੀ। ਰੀਤੀਆਂ ਵਿਚ ਇਹ ਗੱਲ ਵੀ ਲੱਭਦੀ ਏ ਕਿ ਜਿਸ ਦਿਹਾੜ ਭਗਤ ਸਿੰਘ ਦਾ ਜਨਮ ਹੋਇਆ ਸੀ, ਉਸੇ ਦਿਹਾੜ ਉਸ ਦੇ ਬਾਪੂ ਤੇ ਚਾਚਾ, ਦੋਵੇਂ ਜੇਲ੍ਹ ਤੋਂ ਛੁੱਟ ਕੇ ਆਏ ਸਨ। 1922 ਵਿਚ ਭਗਤ ਸਿੰਘ ਨੂੰ ਉਸ ਦਾ ਚਾਚਾ ਅਜੀਤ ਸਿੰਘ ਨੈਸ਼ਨਲ ਕਾਲਜ ਲਾਹੌਰ ਲੈ ਆਇਆ। 1922 ਤੋਂ 1926 ਤੀਕਰ ਭਗਤ ਸਿੰਘ ਉਸੇ ਕਾਲਜ ਵਿਚ ਪੜ੍ਹਿਆ। ਇੱਥੇ ਉਹਨੂੰ ਗੁਲਾਮ ਹੁਸੈਨ ਕੋਲੋਂ ਮਾਰਕਸੀ ਮੱਤ ਲੱਭੀ ਜਿਹੜਾ ਲਾਹੌਰ ਦੇ ਗਿਣਤੀ ਦੇ ਉਨ੍ਹਾਂ ਬੰਦਿਆਂ ਵਿਚੋਂ ਇਕ ਸੀ ਜਿਸ ਨੂੰ ਮਾਰਕਸ ਅਤੇ ਸੋਸ਼ਲਿਜ਼ਮ ਬਾਰੇ ਭਰਵੀਂ ਜਾਣਕਾਰੀ ਸੀ। ਇਹ ਵੀ ਆਖਿਆ ਜਾਂਦਾ ਏ ਕਿ ਉਸ ਨੇ ਦੋ ਪਰਚੇ ਉਰਦੂ ਅਤੇ ਅੰਗਰੇਜ਼ੀ ਵਿਚ ਸੋਸ਼ਲਿਜ਼ਮ ਉਤੇ ਵੀ ਕੱਢੇ। ਉਨ੍ਹਾਂ ਦਾ ਵੇਰਵਾ ਭਗਤ ਸਿੰਘ ਉਤੇ ਖੋਜ ਕਰਨ ਵਾਲੇ ਰਾਮਪਾਲ ਨੇ ਵੀ ਆਪਣੀਆਂ ਲਿਖਤਾਂ ਵਿਚ ਕੀਤਾ ਹੈ। ਗੁਲਾਮ ਹੁਸੈਨ ਸਰਕਾਰ ਦੀਆਂ ਬਾਂਧਾਂ ਮਗਰੋਂ ਨੁੱਕਰੇ ਲੱਗ ਗਿਆ ਅਤੇ ਅਖੀਰਲੇ ਸਾਹ ਤੱਕ ਇਸਲਾਮੀਆ ਕਾਲਜ ਰੇਲਵੇ ਰੋਡ ਵਿਚ ਪੜ੍ਹਾਉਂਦਾ ਰਿਹਾ। ਇਸ ਤੋਂ ਵੱਡੀ ਕਿਹੜੀ ਗੱਲ ਹੋਵੇਗੀ ਕਿ ਉਸ ਦੀ ਪਛਾਣ ਭਗਤ ਸਿੰਘ ਦੇ ਉਸਤਾਦ ਅਤੇ ਮਾਰਕਸੀ ਮੱਤ ਵਾਲੇ ਜੀਅ ਦੀ ਥਾਂ ਕ੍ਰਿਕਟਰ ਫਜ਼ਲ ਮਹਿਮੂਦ ਦਾ ਪਿਉ ਹੋਣਾ ਬਣੀ।
ਲਾਲਾ ਜੀ ਦੀ ਮੌਤ ਮਗਰੋਂ ਭਗਤ ਸਿੰਘ ਨੇ ਆਪਣੇ ਢੰਗ ਨਾਲ ਹਿੰਦੋਸਤਾਨ ਦੇ ਲੋਕਾਂ ਦੀ ਆਵਾਜ਼ ਚੁੱਕੀ ਜਿਸ ਨੂੰ ਗਾਂਧੀ ਜੀ ਨੇ ਚੰਗਾ ਨਾ ਮੰਨਿਆ। ਭਗਤ ਸਿੰਘ, ਸ਼ਿਵ ਰਾਮ ਰਾਜਗੁਰੂ, ਸੁਖਦੇਵ ਥਾਪਰ, ਚੰਦਰ ਸ਼ੇਖਰ ਆਜ਼ਾਦ ਤੇ ਯਸ਼ਪਾਲ ਨੈਸ਼ਨਲ ਕਾਲਜ ਦੀ ਪਛਾਣ ਬਣੇ। ਭਗਤ ਸਿੰਘ ਨੇ ਆਪਣੇ ਸੰਗੀਆਂ ਨਾਲ ਸਕਾਟ ਨੂੰ ਕਤਲ ਕਰਨ ਦਾ ਮੁੱਦਾ ਚੁੱਕਿਆ। ਇਸ ਮਗਰੋਂ ਭਗਤ ਸਿੰਘ ਦੇ ਜੇਲ੍ਹ ਤੀਕਰ ਜਾਣ ਦੀ ਲੰਮੀ ਵਾਰ ਹੈ ਜਿਸ ਨੂੰ ਜੇ ‘ਭਗਤ ਸਿੰਘ ਦੀ ਵਾਰ’ ਆਖਿਆ ਜਾਵੇ ਤਾਂ ਕੋਈ ਉਚੇਚੀ ਗੱਲ ਨਾ ਹੋਵੇਗੀ। ਭਗਤ ਸਿੰਘ ਉਤੇ ਮੁਕੱਦਮੇ ਮਗਰੋਂ ਬਰੈਡਲਾ ਹਾਲ ਵਿਚ ਸਿਆਸਤ ਦਾ (ਅਜਿਹਾ) ਮੱਚ ਮੱਚਿਆ ਜਿਹਦੀ ਨਿੱਘ ਪੂਰੇ ਹਿੰਦੋਸਤਾਨ ਵਿਚ ਹੋਈ। ਇਸ ਮੁਕੱਦਮੇ ਦੇ ਟੋਰੇ ਵਿਚ ਭਗਤ ਸਿੰਘ ਦੀ ਪਾਰਟੀ ਨੌਜਵਾਨ ਭਾਰਤ ਸਭਾ ਦੇ ਉਚੇਚੇ ਮੈਂਬਰ ਸ਼ਰੀਫ ਮਤੀਨ ਨੇ ਇਕ ਕੈਂਪ ਬਰੈਡਲਾ ਹਾਲ ਦੇ ਬਾਹਰ ਖੁੱਲ੍ਹੇ ਮੈਦਾਨ ਵਿਚ ਵੀ ਲਾਇਆ ਜਿਸ ਵਿਚ ਭਗਤ ਸਿੰਘ ਦੇ ਘਰਵਾਲੇ ਵੀ ਮੰਜੀਆਂ ਡਾਹ ਕੇ ਉਥੇ ਬੈਠੇ ਰਹੇ ਤੇ ਆਉਂਦੇ ਜਾਂਦੇ ਲੋਕਾਂ ਨੂੰ ਮੁਕੱਦਮੇ, ਨਾਬਰੀ ਅਤੇ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਦੀ ਜਾਣਕਾਰੀ ਦਿੰਦੇ ਰਹੇ। ਸਰਕਾਰ ਨੇ ਉਨ੍ਹਾਂ ਉਤੇ ਨਿਗਾਹ ਰੱਖਣ ਪਾਰੋਂ ਪੁਲਿਸ ਚੌਕੀ ਵੀ ਰੈਟੀਗਨ ਰੋਡ ਉਤੇ ਉਸਾਰੀ। ਨਾਬਰੀ ਨੂੰ ਕਦੇ ਕੋਈ ਡੱਕ ਨਾ ਸਕਿਆ ਤੇ ਨਾਹੀਉਂ ਉਦੋਂ ਦੀ ਸਰਕਾਰ ਡੱਕ ਸਕੀ। 23 ਵਰਿ੍ਹਆਂ ਦੇ ਭਗਤ ਸਿੰਘ ਨੂੰ 23 ਮਾਰਚ 1931 ਨੂੰ ਫਾਂਸੀ ਚਾੜ੍ਹ ਦਿੱਤਾ ਗਿਆ। ਦੁੱਲੇ ਭੱਟੀ ਨੂੰ ਵੀ ਅਕਬਰ ਫਾਂਸੀ ਚਾੜ੍ਹਿਆ ਸੀ ਪਰ ਨਾਬਰੀ ਦੇ ਇਹ ਸੂਰੇ ਅੱਜ ਵੀ ਜਿਊਂਦੇ ਜਾਗਦੇ ਨੇ। ਦੁੱਲੇ ਦੀਆਂ ਵਾਰਾਂ ਗਾਵੀਆਂ ਜਾਂਦੀਆਂ ਨੇ, ਤੇ ਦੂਜੇ ਪਾਸੇ ਜਦੋਂ 2008 ਵਿਚ ਹਿੰਦੋਸਤਾਨੀ ਮੈਗਜ਼ੀਨ ‘ਇੰਡੀਆ ਟੂਡੇ’ ਨੇ ਸਭ ਤੋਂ ਉਚੀ ਸ਼ਾਨ ਵਾਲੇ ਹਿੰਦੋਸਤਾਨੀ ਬਾਰੇ ਗਿਣਤੀ ਕਰਵਾਈ ਤਾਂ ਹਰ ਜੀਅ ਤੋਂ ਵੱਧ ਗਿਣਤੀ ਭਗਤ ਸਿੰਘ ਦੇ ਨਾਵੇਂ ਲੱਗੀ। ਇਸ ਗਿਣਤੀ ਵਿਚ ਸੁਭਾਸ਼ ਚੰਦਰ ਬੋਸ ਅਤੇ ਗਾਂਧੀ ਜੀ ਵਰਗੇ ਵੱਡੇ ਨਾਂ ਵੀ ਪਿੱਛੇ ਰਹਿ ਗਏ।
ਚਾਰਲਸ ਬਰੈਡਲਾ ਹਾਲ ਦੀ ਧੁੰਮ ਹਿੰਦੋਸਤਾਨ ਤੋਂ ਅੱਡ ਇੰਗਲਸਤਾਨ ਤੀਕਰ ਸੀ। ਆਜ਼ਾਦੀ, ਲੋਕ ਵਿਚਾਰ ਅਤੇ ਨਾਬਰੀ ਦੀ ਇਸ ਨਿਸ਼ਾਨੀ ਅਤੇ ਇਸ ਦੀ ਵਾਰ, ਕਰਤਿਆਂ, ਬੰਦਿਆਂ ਨੂੰ ਜਿਵੇਂ ਮੁੱਢੋਂ ਪੁੱਟ ਕੇ ਅਸਾਂ ਭੁਲਾਇਆ, ਰਹੇ ਰੱਬ ਦਾ ਨਾਂ। ਵੰਡ ਮਗਰੋਂ ਪਹਿਲਾਂ ਇੱਥੇ ਰਾਸ਼ਨ ਦਾ ਸਟੋਰ ਬਣਾਇਆ ਗਿਆ। ਇਸ ਮਗਰੋਂ 1980 ਤੀਕਰ ਇਹ ਹਾਲ ਸਟੀਲ ਮਿੱਲ ਬਣਿਆ ਰਿਹਾ ਪਰ ਨਾਬਰੀ ਦੇ ਪਰਛਾਵੇਂ ਇਸ ਹਾਲ ਦੇ ਆਲੇ-ਦੁਆਲੇ ਹੀ ਰਹੇ। ਜਨਰਲ ਯਾਹੀਆ ਖਾਨ ਦੇ ਵੇਲੇ ਗੌਰਮਿੰਟ ਇਸਲਾਮੀਆ ਕਾਲਜ ਸਿਵਲ ਲਾਈਨਜ਼ ਲਾਹੌਰ ਤੋਂ ਚਾਰ ਵੱਡੇ ਸੂਝਵਾਨ ਤੇ ਉਸਤਾਦ ਕੱਢੇ ਗਏ ਅਤੇ ਉਨ੍ਹਾਂ ਉਤੇ ਦੇਸ-ਵਿਰੋਧੀ ਹੋਵਣ ਦਾ ਦੋਸ਼ ਧਰਿਆ ਗਿਆ। ਉਹ ਚਾਰੇ ਉਸਤਾਦ ਪ੍ਰੋਫੈਸਰ ਐਰਿਕ ਸਪਰੀਨ, ਪ੍ਰੋਫੈਸਰ ਮਨਜ਼ੂਰ, ਪ੍ਰੋਫੈਸਰ ਅਮੀਨ ਮੁਗਲ ਤੇ ਪ੍ਰੋਫੈਸਰ ਮੀਆਂ ਮਨਰਾਜ-ਉਦ-ਦੀਨ ਸਨ। ਪ੍ਰੋਫੈਸਰ ਮੀਆਂ ਮਨਰਾਜ-ਉਦ-ਦੀਨ ਦੀ ਗੱਲਬਾਤ ਕਾਲਜ ਦੇ ਪ੍ਰਬੰਧੀਆਂ ਨਾਲ ਟੁਰਦੀ ਰਹੀ ਅਤੇ ਫਿਰ ਮਾਮਲੇ ਆਪਸੀ ਨਿਬੜ ਗਏ। ਦੂਜੇ ਪਾਸੇ ਐਰਿਕ ਸਪਰੀਨ ਹੋਰਾਂ ਇਸ ਗੱਲ ਦਾ ਏਡਾ ਭਾਰ ਨਾ ਲਿਆ। ਇਹੋ ਆਖਿਆ ਕਿ ਸਾਡਾ ਕੰਮ ਤਾਂ ਪੜ੍ਹਾਉਣਾ ਹੈ; ਉਥੇ ਨਾ ਸਹੀ, ਕਿਧਰੇ ਹੋਰ ਸਹੀ। ਉਨ੍ਹਾਂ ਦਿਹਾੜਾਂ ਵਿਚ ਸ਼ਫਕਤ ਤਨਵੀਰ ਮਿਰਜ਼ਾ ਹੋਰੀਂ ਪੰਜਾਬੀ ਅਦਬੀ ਸੰਗਤ ਅਤੇ ਮਜਲਿਸ ਸ਼ਾਹ ਹੁਸੈਨ ਵਿਚ ਅਗਾਂਹ-ਅਗਾਂਹ ਸਨ, ਉਹ ਸ਼ਾਹ ਹੁਸੈਨ ਦੇ ਨਾਂ ‘ਤੇ ਕਾਲਜ ਉਸਾਰਨਾ ਚਾਹ ਰਹੇ ਸਨ। ਉਨ੍ਹਾਂ ਦੇ ਮਿੱਤਰ ਹੁਸੈਨ ਨਕੀ ਸਾਹਿਬ ਪੰਜਾਬ ਯੂਨੀਅਨ ਆਫ ਜਰਨਲਿਸਟਸ ਵਿਚ ਸਨ। ਉਨ੍ਹਾਂ ਰਾਹੀਂ ਇਹ ਗੱਲ ਇਉਂ ਨਿਬੜੀ ਕਿ ਪ੍ਰੋਫੈਸਰ ਮਨਜ਼ੂਰ ਹੋਰਾਂ ਦਾ ਘਰ ਜਿਹੜਾ ਬਰੈਡਲਾ ਹਾਲ ਦੇ ਨੇੜੇ ਸੀ, ਉਥੇ ਸ਼ਾਹ ਹੁਸੈਨ ਕਾਲਜ ਬਣਿਆ ਜਿਸ ਵਿਚ ਕਈ ਵੱਡੇ ਨਾਂ ਮੁਹੰਮਦ ਆਸਿਫ ਖਾਂ, ਅਲੀ ਅੱਬਾਸ ਜਲਾਲਪੁਰੀ, ਮੀਆਂ ਮਨਰਾਜ-ਉਦ-ਦੀਨ, ਸ਼ਫਕਤ ਤਨਵੀਰ ਮਿਰਜ਼ਾ, ਸ਼ਹਿਜ਼ਾਦ ਅਹਿਮਦ, ਅਹਿਮਦ ਸਲੀਮ, ਐਰਿਕ ਸਪਰੀਨ, ਪ੍ਰੋਫੈਸਰ ਮਨਜ਼ੂਰ, ਪ੍ਰੋਫੈਸਰ ਅਮੀਨ ਮੁਗਲ ਤੇ ਨਜ਼ਮ ਹੁਸੈਨ ਸੱਯਦ ਹੋਰਾਂ ਨੇ ਵੀ ਪੜ੍ਹਾਇਆ। ਇਹ ਕਾਲਜ ਕੁਝ ਚਿਰ ਉਥੇ ਰਿਹਾ, ਮਗਰੋਂ ਲਾਰੰਸ ਰੋਡ ਉਤੇ ਨਵਾਬਜ਼ਾਦਾ ਸ਼ੇਰ ਅਲੀ ਸ਼ਾਹ ਦੀ ਕੋਠੀ ਨੇੜੇ ਟੁਰ ਗਿਆ। ਜਦੋਂ ਇਥੇ ਆਇਆ ਤੇ ਇਸ ਵਿਚ ਪੰਜਾਬੀ ਡਿਪਾਰਟਮੈਂਟ ਵੀ ਉਸਾਰਿਆ ਗਿਆ, ਭੁੱਟੋ ਵੇਲੇ ਕੌਮਿਆਇਆ ਗਿਆ।
1980 ਤੀਕਰ ਬਰੈਡਲਾ ਹਾਲ ਸਟੀਲ ਮਿੱਲ ਪਾਰੋਂ ਵਰਤਿਆ ਗਿਆ, ਉਸ ਮਗਰੋਂ ਇਕ ਕਾਲਜ, ਟੈਕਨੀਕਲ ਐਜੂਕੇਸ਼ਨ ਸੈਂਟਰ ਬਣਾ ਦਿੱਤਾ ਗਿਆ ਜਿਸ ਦਾ ਨਾਂ ਮਿਲੀ ਦਾਰੁਲ ਤਕਨੀਕ ਸੀ। ਉਹ ਕਾਲਜ ਕਈ ਵਰ੍ਹੇ ਰਿਹਾ। ਦੁਪਹਿਰੀਂ ਉਥੇ ਪ੍ਰਾਈਵੇਟ ਅਕੈਡਮੀਆਂ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀਆਂ ਸਨ। ਇਚਰ ਨੂੰ ਇਧਰ ਦੇ ਪ੍ਰਬੰਧੀਆਂ ਦੇ ਆਪਣੇ ਝਗੜੇ ਵਧ ਗਏ। ਇਸ ਮਗਰੋਂ ਮਤਰੱਕਾ ਵਕਫ ਅਮਲਾਕ ਬੋਰਡ ਨੇ ਅਦਾਲਤ ਵਿਚ ਕੇਸ ਕਰ ਦਿੱਤਾ। ਕੇਸ ਬੋਰਡ ਨੇ ਜਿੱਤਿਆ ਅਤੇ 2009 ਤੋਂ ਇਹ ਹਾਲ ਅੱਜ ਤੀਕਰ ਜੰਦਰਾ ਬੰਦ ਹੋਇਆ ਪਿਆ ਏ।
ਜਦੋਂ ਲਾਹੌਰ ਕਚਹਿਰੀ ਤੋਂ ਥਾਣਾ ਲੋਇਰ ਮਾਲ ਵੱਲ ਟੁਰਿਆ ਜਾਵੇ ਤਾਂ ਥਾਣੇ ਦੀ ਇਮਾਰਤ ਤੋਂ ਪਹਿਲਾਂ ਸੜਕ ਦੇ ਖੱਬੇ ਪਾਸੇ ਪੁਰਾਣੇ ਤੇ ਪ੍ਰਸਿੱਧ ਸਕੂਲ, ਗੌਰਮਿੰਟ ਸੈਂਟਰਲ ਮਾਡਲ ਹਾਈ ਸਕੂਲ ਦੀ ਇਮਾਰਤ ਹੈ। ਇਸ ਤੋਂ ਪਹਿਲਾਂ ਖੱਬੇ ਪਾਸੇ ਹੇਠਾਂ ਨੂੰ ਇਕ ਸੜਕ ਜਾਂਦੀ ਹੈ ਜਿਹੜੀ ਅਗਾਂਹ ਜਾ ਕੇ ਆਊਟ ਮਾਲ ਰੋਡ ਨਾਲ ਜਾ ਰਲਦੀ ਹੈ। ਸੈਂਟਰਲ ਮਾਡਲ ਸਕੂਲ ਦੀ ਇਮਾਰਤ ਨਾਲ ਪੱਛਮੀ ਸੇਧ ਵਿਚ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਦੀ ਇਮਾਰਤ ਏ। ਇਸੇ ਸੇਧ ਵਿਚ ਸੜਕ ਰੈਟੀਗਨ ਰੋਡ ਦੇ ਨਾਂ ਤੋਂ ਹੈ। ਹੇਠਾਂ ਨੂੰ ਆਉਂਦੇ ਖੱਬੇ ਹੱਥ ਟਿੱਲਾ ਫਰੀਦ ਹੈ। ਸੱਜੇ ਹੱਥ ਰੈਟੀਗਨ ਰੋਡ ਹੈ, ਹੁਣ ਇਹਦਾ ਨਾਂ ਵੀ ਬਦਲਿਆ ਗਿਆ ਹੈ। ਇਸ ਦਾ ਨਾਂ ਹੁਣ ਬਾਬਾ ਫਰੀਦ ਰੋਡ ਰੱਖ ਦਿੱਤਾ ਗਿਆ ਹੈ। ਇਸ ਸੜਕ ਉਤੇ ਆਉਂਦੇ ਹੀ ਖੱਬੇ ਹੱਥ ਪਹਿਲਾਂ ਗੌਰਮਿੰਟ ਜੂਨੀਅਰ ਮਾਡਲ ਸਕੂਲ ਰੈਟੀਗਨ ਦੀ ਇਮਾਰਤ ਏ। ਇਸ ਤੋਂ ਖੱਬੇ ਹੱਥ ਇਕ ਰਾਹ ਅੰਦਰ ਨੂੰ ਜਾਂਦਾ ਏ ਜਿਸ ਦੇ ਬਾਹਰ ਗੌਰਮਿੰਟ ਸਕੂਲ ਦੀ ਇਮਾਰਤ ਦੇ ਨਾਲੋ-ਨਾਲ ਹੈਲਥ ਸੈਂਟਰ ਦੀ ਇਮਾਰਤ ਹੈ। ਅੰਦਰ ਜਾਂਦੇ ਹੀ ਇਸ ਖੁੱਲ੍ਹੇ ਮੈਦਾਨ ਦੇ ਮੋਹਰੇ ਬਰੈਡਲਾ ਹਾਲ ਦੀ ਉਚੀ ਵਿਸ਼ਾਲ ਇਮਾਰਤ ਦਿਸਦੀ ਹੈ। ਹਾਲ ਦੀ ਇਮਾਰਤ ਦੇ ਬੂਹੇ, ਵੇਲੇ ਨਾਲ ਹੁੰਦੀਆਂ ਸੜਕਾਂ ਦੀਆਂ ਉਸਾਰੀਆਂ ਕਾਰਨ ਸੜਕ ਤੋਂ ਹੇਠ ਹੋ ਗਏ ਨੇ। ਅੱਧਾ-ਅੱਧਾ ਬੂਹਾ ਹੇਠ ਹੋਇਆ ਪਿਆ ਹੈ ਜਿਨ੍ਹਾਂ ਉਤੇ ਜੰਦਰੇ ਲੱਗੇ ਪਏ ਨੇ। ਪੂਰਬੀ ਸੇਧ ਦੇ ਬੁਰੇ ਹਾਲ ਦੇ ਨਾਲ ਹੀ ਮੁਖ ਦਿਖਾਈ ਦੀ ਤਖਤੀ ਗੱਡੀ ਹੋਈ ਹੈ ਜਿਸ ਉਤੇ ਇਹ ਲਿਖਿਆ ਹੈ:
ਭ੍ਰੳਧLਊਘ੍ਹ ੍ਹੳLL
ਠਹਸਿ ਸਟੋਨੲ ੱਅਸ ਲਅਦਿ ਬੇ
ਠਹੲ ੍ਹੋਨੋੁਰਅਬਲੲ Sੁਰੲਨਦਰਅ ਂਅਟਹ ਭਅਨੲਰਜi
ਹੁਣ ਇਹ ਤਖਤੀ ਬਰੈਡਲਾ ਹਾਲ ਦੇ ਸਾਹਮਣੇ ਕ੍ਰਿਕਟ ਖੇਡਦੇ ਬਾਲਾਂ ਲਈ ਵਿਕਟ ਦਾ ਕੰਮ ਕਰਦੀ ਹੈ।
ਜੇ ਪਿਛਲੇ ਬੂਹੇ ਨਾਲ ਟੁੱਟੀ ਕੰਧ ਤੋਂ ਅੰਦਰ ਨੂੰ ਝਾਤ ਮਾਰੀਏ ਤਾਂ ਪੂਰਬੀ ਸੇਧ ਵਿਚ ਤਿੰਨ ਚਾਰ ਕਮਰੇ ਦਿਸੀਂਦੇ ਨੇ। ਬਾਕੀ ਸਾਰੇ ਹਾਲ ਦੇ ਵਿਚ ਰੜਾ ਫਰਸ਼ ਹੈ ਤੇ ਪੜਛੱਤ ਵੱਲ ਟੀਨ ਦੇ ਵਲੇ ਨੇ। ਹੋ ਸਕਦਾ ਹੈ, ਇਸ ਦੀ ਮੁੱਢਲੀ ਉਸਾਰੀ ਵਿਚ ਫਰਸ਼ ਉਤੇ ਕੋਈ ਬੰਚ ਜਾਂ ਪੌੜੀਆਂ ਹੋਵਣ, ਪੜਛੱਤ ਹੇਠ ਕੋਈ ਗੈਲਰੀਆਂ ਵੀ ਹੋਵਣ ਜਾਂ ਹੋਰ ਕੁਝ ਇੰਜ ਦੀਆਂ ਸ਼ੈਆਂ ਹੋਵਣ ਜਿਹੜੀਆਂ ਪੜ੍ਹਾਈ ਲਿਖਾਈ, ਕਾਲਜ ਤੇ ਕਿਸੇ ਸਿਆਸੀ ਜਲਸਿਆਂ ਵਾਲੀ ਥਾਂ ਉਤੇ ਹੁੰਦੀਆਂ ਨੇ।
ਇਮਾਰਤ ਦੇ ਦੱਖਣ ਸੇਧ ਵਿਚ ਜਮਾਤ-ਏ-ਇਸਲਾਮੀ ਦੇ ਪ੍ਰਸਿੱਧ ਆਗੂ ਹਾਫਿਜ਼ ਸੁਲਤਾਨ ਬੱਟ ਦੇ ਵਡੱਕਿਆਂ ਦਾ ਘਰ ਹੈ। ਹਾਫਜ਼ ਦੇ ਪਿਉ ਦਾ ਨਾਂ ਤੁਫੈਲ ਸੀ ਜੋ ਪੁਲਿਸ ਵਿਚ ਡੀ.ਐਸ.ਪੀ. ਸੀ। ਇਹ ਸਾਰੀ ਥਾਂ ਹਾਫਿਜ਼ ਸੁਲਤਾਨ ਬੱਟ ਦੇ ਅਹਾਤੇ ਤੋਂ ਜਾਣੀ ਜਾਂਦੀ ਹੈ। ਇਸ ਤੋਂ ਪਿਛਾਂਹ ਉਰਦੂ ਬਾਜ਼ਾਰ ਲਾਹੌਰ ਦੇ ਸਦਰ ਖਾਲਿਦ ਪਰਵੇਜ਼ ਦਾ ਘਰ ਹੈ ਜਿਹੜੇ ਗਿੱਲ ਆਰਟ ਪ੍ਰੈੱਸ ਦੇ ਮਾਲਕ ਨੇ। ਉਹ ਸਾਰੀ ਥਾਂ ‘ਅਹਾਤਾ ਪਰਵੇਜ਼ ਮਲਿਕ` ਅਖਵਾਉਂਦੀ ਹੈ। ਹਾਲ ਦੀ ਉਤਰ ਪੱਛਮੀ ਸੇਧ ਵਿਚ ਇਕ ਪੁਰਾਣੀ ਕੋਠੀ ਹੈ ਜਿਹੜੀ ਸਰਦਾਰ ਹੁਸੈਨ ਸ਼ਾਹ ਝੰਗ ਵਾਲੇ ਦੇ ਨਾਂ ਤੋਂ ਪ੍ਰਸਿੱਧ ਹੈ ਜਿਸ ਦੀਆਂ ਪਿਛਲੀਆਂ ਕੰਧਾਂ ਨਾਲ ਆਲੇ-ਦੁਆਲੇ ਦੇ ਘਰਾਂ ਵਾਲਿਆਂ ਦਾ ਗੰਦ ਸੁੱਟਿਆ ਪਿਆ ਦਿਸਦਾ ਹੈ। ਉਨ੍ਹਾਂ ਦੇ ਮਗਰ ਕੇ.ਐਮ. ਗਰਲਜ਼ ਹਾਈ ਸਕੂਲ ਦੀਆਂ ਪੂਰਬੀ ਸੇਧ ਦੀਆਂ ਕੰਧਾਂ ਨੇ ਜਿਸ ਦੇ ਸਾਹਮਣੇ ਪੱਛਮੀ ਸੇਧ ਵਿਚ ਵੈਟਰਨਰੀ ਯੂਨੀਵਰਸਿਟੀ ਹੈ। ਉਸ ਦੇ ਸੱਜੇ ਖੱਬੇ ਕੁਝ ਪੁਰਾਣੀਆਂ ਕੋਠੀਆਂ ਦੇ ਨਿਸ਼ਾਨ ਵੀ ਨੇ ਜਿਨ੍ਹਾਂ ਦਾ ਪਸਾਰ ਏਡਾ ਸੀ ਕਿ ਕਈ ਵਰਿ੍ਹਆਂ ਤੀਕਰ ਅਹਿਮਦ ਟੈਂਟ ਸਰਵਿਸ ਵਾਲਿਆਂ ਦੇ ਦਫਤਰ ਅਤੇ ਕਾਰਖਾਨੇ ਇਨ੍ਹਾਂ ਵਿਚ ਹੀ ਸਨ। ਹਾਲ ਦੀ ਉਤਰ ਪੱਛਮੀ ਸੇਧ ਦੇ ਮੁਹੱਲੇ ਵਿਚ ਕਦੇ ਪ੍ਰਸਿੱਧ ਫਿਲਮੀ ਗਾਇਕ ਅਨਵਰ ਅਲੀ ਵੀ ਰਹਿੰਦੇ ਸਨ। ਹਾਲ ਦੀ ਪੂਰਬੀ ਸੇਧ ਵਿਚ ਕਈ ਦਫਤਰੀ ਖਾਨੇ ਨੇ, ਜਿੱਥੇ ਕਿਤਾਬਾਂ ਕਾਪੀਆਂ ਦੀਆਂ ਜਿਲਦਾਂ ਕੀਤੀਆਂ ਜਾਂਦੀਆਂ ਨੇ। ਹਾਲ ਦੇ ਖੱਬੇ ਸੱਜੇ ਕੁਝ ਪੁਰਾਣੇ ਤੇ ਨਿੱਕੇ ਘਰ ਵੀ ਨੇ। ਇਥੇ ਉਹ ਲੋਕ ਵਸਦੇ ਨੇ ਜਿਹੜੇ ਵੰਡ ਮਗਰੋਂ ਹਿੰਦੋਸਤਾਨ ਤੋਂ ਇਥੇ ਆਣ ਵਸੇ। ਇਨ੍ਹਾਂ ਘਰਾਂ ਵਾਲਿਆਂ ਦੇ ਹਾਲ ਡਾਢੇ ਮਾੜੇ ਨੇ ਤੇ ਉਨ੍ਹਾਂ ਵਾਂਗ ਹਾਲ ਦੀ ਇਮਾਰਤ ਦੇ ਹਾਲ ਵੀ ਡਾਢੇ ਮਾੜੇ ਨੇ। ਜੇ ਇਉਂ ਹੀ ਰਿਹਾ ਤਾਂ ਆਉਣ ਵਾਲੇ ਵਰਿ੍ਹਆਂ ਵਿਚ ਇਹ ਢਹਿ ਵੀ ਸਕਦੀ ਹੈ। ਪੰਜਾਬ ਦੀ ਰਾਜਨੀਤੀ ਵਿਚ ਪਿਛਲੇ ਤੀਹ ਵਰਿ੍ਹਆਂ ਤੋਂ ਵੱਧ ਵੱਡੇ-ਵੱਡੇ ਨਾਂ ਇਸ ਹਾਲ ਦੇ ਹਲਕੇ ਤੋਂ ਜਿੱਤੇ ਪਰ ਕਿਸੇ ਨੂੰ ਇਸ ਦੀ ਵਾਰ ਅਤੇ ਇਹਦੇ ਨਾਲ ਕੋਈ ਸਾਕ ਨਹੀਂ ਰਿਹਾ।
ਇਕ ਦਹਾਕੇ ਤੋਂ ਵੱਧ ਬੰਦ ਹੋਏ ਇਸ ਹਾਲ ਦੇ ਆਲੇ-ਦੁਆਲੇ ਦੇ ਵਾਸੀਆਂ ਕੋਲ ਕੋਈ ਖੋਜਕਾਰ ਜਾਂ ਪੜ੍ਹਿਆਰ ਟੁਰ ਜਾਵੇ ਤਾਂ ਉਹ ਉਹਨੂੰ ਇੰਜ ਦੀਆਂ ਨਿਗਾਹਾਂ ਨਾਲ ਵਿੰਹਦੇ ਨੇ ਕਿ ਖੌਰੇ ਕੋਈ ਉਨ੍ਹਾਂ ਦੀ ਲੰਕਾ ਢਾਵਣ ਆ ਗਿਆ ਹੈ। ਇਸ ਪਾਰੋਂ ਮੈਂ ਆਪਣੇ ਮਿੱਤਰ ਜ਼ਿਸ਼ਾਨ ਅਰਸ਼ਦ ਨਾਲ ਕਿਸੇ ਸਾਂਗੇ ਵਿਚ ਉਥੋਂ ਦੇ ਲੋਕਾਂ ਕੋਲੋਂ ਇਹ ਜਾਣਕਾਰੀ ਲਈ ਕਿ ਹੁਣ ਇਸ ਹਾਲ ਦੀ ਕੀ ਵਰਤੋਂ ਹੋਣੀ ਚਾਹੀਦੀ ਹੈ ਤਾਂ ਕੁਝ ਨੇ ਆਖਿਆ ਕਿ ਇਥੇ ਉਹੀ ਕਾਲਜ ਫਿਰ ਉਸਾਰ ਦਿੱਤਾ ਜਾਵੇ। ਤੇ ਕਈਆਂ ਨੇ ਆਖਿਆ ਕਿ ਇਸ ਨੂੰ ਕਮਿਊਨਿਟੀ ਹਾਲ ਬਣਾ ਦਿੱਤਾ ਜਾਵੇ। ਲੋਕੀਂ ਇਥੇ ਵਿਆਹ ਸ਼ਾਦੀ ਦੇ ਇਕੱਠ ਕਰਨ, ਆਪਣੀਆਂ ਖੁਸ਼ੀਆਂ ਗਮੀਆਂ ਦੇ ਉਥੇ ਹੀ ਪ੍ਰਬੰਧ ਕਰਨ। ਕੁਝ ਮਹੀਨੇ ਹੋਏ ਹਨ ਕਦੇ-ਕਦਾਰ ਜਵਾਨ ਕੁੜੀਆਂ ਮੁੰਡੇ ਇਥੇ ਰਲ ਬਹਿ ਕੇ ਨਾਟਕ ਥੀਏਟਰ ਕਰਦੇ ਨੇ। ਮੈਂ ਜਦੋਂ ਇਸ ਹਾਲ ਦੇ ਪਿਛੋਕੜ ਨੂੰ ਵਿਹਨਾ (ਦੇਖਦਾਂ), ਇਮਾਰਤ ਦਾ ਪਸਾਰ ਅਤੇ ਅੰਗਰੇਜ਼ ਸਮੇਂ ਦੀ ਉਸਾਰੀ ਅੱਖੀਆਂ ਸਾਹਵੇਂ ਆਉਂਦੀ ਹੈ ਤਾਂ ਮੈਨੂੰ ਇਹ ਸੁਝਾਉ ਆਉਂਦਾ ਏ ਕਿ ਇੱਥੇ ਅਜਿਹਾ ਅਦਾਰਾ ਬਣਾ ਦਿੱਤਾ ਜਾਵੇ ਜਿਹੜਾ ਇਥੇ ਲਾਇਬਰੇਰੀ ਟੋਰੇ। ਇਸ ਥਾਂ ਨਾਲ ਜੁੜੇ ਉਚੇਚ ਲੋਕਾਂ ਦੇ ਚਿੱਤਰ ਸਾਹਮਣੇ ਲਿਆਵੇ, ਆਰਟ, ਥੀਏਟਰ, ਫਲਸਫੇ ਦੇ ਮਜ਼ਮੂਨ ਪੜ੍ਹਾਏ ਜਾਵਣ, ਪੰਜਾਬ ਦੇ ਬਾਬਿਆਂ ਦਾ ਕਲਾਮ ਗਾਇਆ ਤੇ ਪੜ੍ਹਾਇਆ ਜਾਵੇ, ਉਸ ਸਮੇਂ ਦੇ ਪਾਤਰਾਂ ਉਤੇ ਲਿਖਤਾਂ ਤੇ ਖੇਡ ਖੇਡੇ ਜਾਵਣ। ਉਨ੍ਹਾਂ ਲੋਕਾਂ ਦੀਆਂ ਕਰਤੀਆਂ ਦੀ ਸੁਰਤ ਸਮਝ ਲੋਕਾਂ ਤਕ ਅੱਪੜੇ। ਇਹ ਤਾਂ ਬੱਸ ਇਕ ਸਲਾਹ ਹੈ, ਕੰਮ ਤਾਂ ਸਰਕਾਰਾਂ ਦਾ ਹੈ ਕਿ ਉਹ ਇਸ ਇਤਿਹਾਸਕ ਥਾਂ ਨੂੰ ਇਹਦੇ ਮੂਜਬ ਆਦਰ ਦੇਵਣ ਪਰ ਕਦੋਂ, ਕਿਵੇਂ, ਇਹ ਵੀ ਆਪਣੀ ਥਾਂਵੇਂ ਇਕ ਵਿਚਾਰ ਹੈ।