ਕਾਲਿਆਂ ਬਾਗਾਂ ਦੀ ਮਹਿੰਦੀ

ਪ੍ਰੇਮ ਲਤਾ ਪ੍ਰਿੰਸੀਪਲ
ਜੀਵਨ ਨੂੰ ਹੱਸ ਕੇ, ਕੁਦਰਤ ਨਾਲ ਘੁਲ-ਮਿਲ ਕੇ, ਲੋੜਾਂ ਅਤੇ ਚਾਵਾਂ ਦੀ ਪੂਰਤੀ ਕਰਕੇ ਜਿਊਣ ਦੀ ਕਲਾ ‘ਚੋਂ ਹੀ ਸਭਿਆਚਾਰ ਜਨਮ ਲੈਂਦਾ ਹੈ। ਹਰ ਸਭਿਆਚਾਰ ਦੀ ਬੁਨਿਆਦ ਪਦਾਰਥ ਦੀ ਸੁਚੱਜੀ ਪ੍ਰੀਤ ਭਰੀ ਵਰਤੋਂ ਵਿਚੋਂ ਉਪਜਿਆ ਮਾਨਸਿਕ ਜਾਂ ਰੂਹ ਦਾ ਆਨੰਦ ਹੀ ਤਾਂ ਹੈ। ਜਦੋਂ ਮਨੁੱਖੀ ਜੀਵਨ ਕੁਦਰਤ ਦੇ ਨਜ਼ਾਰਿਆਂ, ਮਨੁੱਖੀ ਰਿਸ਼ਤਿਆਂ, ਪਦਾਰਥਕ ਲੋੜਾਂ ਦੀ ਪੂਰਤੀ ਲਈ ਸਿਰਜਣਾ ਅਤੇ ਇਤਿਹਾਸਕ ਘਟਨਾਵਾਂ ਨਾਲ ਓਤਪੋਤ ਹੁੰਦਾ ਹੈ ਤਾਂ ਮਨ ਵਿਚੋਂ ਵਲਵਲੇ ਉਠਦੇ ਹਨ।

ਇਹ ਵਲਵਲੇ ਹੀ ਰਸ ਦੇ ਸਰੋਤ ਹਨ। ਫਿਰ ਇਹ ਰਸ ਸੱਭਿਆਚਾਰ ਦੀਆਂ ਵੰਨਗੀਆਂ ਵਿਚ ਉਘੜ ਪੈਂਦਾ ਹੈ।
ਮਨੁੱਖੀ ਸੱਭਿਆਚਾਰ ਵਿਚ ਮੁੱਖ ਰੂਪ ਵਿਚ ਨੌਂ ਰਸ ਮੰਨੇ ਜਾਂਦੇ ਹਨ ਜਿਨ੍ਹਾਂ ਵਿਚ ਸ਼ਿੰਗਾਰ ਰਸ ਮਿਰੀ ਰਸ ਮੰਨਿਆ ਗਿਆ ਹੈ। ਇਹ ਰਸਾਂ ਵਿਚੋਂ ਰਸ ਰਾਜ ਹੈ। ਭਰਤ ਮੁਨੀ ਅਨੁਸਾਰ ਸੰਸਾਰ ਵਿਚ ਜੋ ਕੁਝ ਵੀ ਉਜਵਲ ਤੇ ਪਵਿੱਤਰ ਹੈ, ਉਹ ਸ਼ਿੰਗਾਰ ਰਸ ਵਿਚ ਸ਼ਾਮਲ ਹੈ। ਸ਼ਿੰਗਾਰ ਰਸ ਨੂੰ ਨਿਰਜੀਵ ਅਤੇ ਸੰਜੀਵ ਦੋਹਾਂ ਸ਼ੈਆਂ ਵਿਚ ਦੇਖਿਆ ਜਾ ਸਕਦਾ ਹੈ। ਮੋਰਾਂ ਦੀਆਂ ਪੈਲਾਂ, ਤਿਤਲੀਆਂ ਦੇ ਖੰਭਾਂ ਦੇ ਰੰਗ, ਆਸਮਾਨ ਵਿਚ ਪੰਛੀਆਂ ਅਤੇ ਜੰਗਲਾਂ ਵਿਚ ਹਿਰਨਾਂ ਦੀਆਂ ਡਾਰਾਂ, ਖਿੜੇ ਹੋਏ ਫੁੱਲ, ਹਰਿਆਵਲ ਭਰੇ ਖੇਤ, ਸਤਰੰਗੇ ਪਹਾੜ, ਡਿਗਦੇ-ਵਹਿੰਦੇ ਝਰਨੇ ਆਦਿ ਵਿਚ ਕੁਦਰਤ ਦਾ ਰੰਗ ਡੁੱਲ੍ਹ-ਡੁੱਲ੍ਹ ਪੈਂਦਾ ਹੈ ਜਿਨ੍ਹਾਂ ਦੇ ਅਹਿਸਾਸ ਨਾਲ ਮਨੁੱਖ ਰੂਹ ਦਾ ਆਨੰਦ ਮਾਣਦਾ ਹੈ।
ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਸ਼ਿੰਗਾਰ ਰਸ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਚਾਹਤ ਹੁੰਦੀ ਹੈ। ਔਰਤਾਂ ਦੀ ਇਹੋ ਚਾਹਤ ਅਮੀਰ ਸੱਭਿਆਚਾਰ ਨੂੰ ਜਨਮ ਦਿੰਦੀ ਹੈ। ਸਭਿਆਚਾਰ ਮਨੁੱਖ ਨੂੰ ਧਰਤੀ ਦੇ ਵਿਸ਼ੇਸ਼ ਟੁਕੜੇ ਨਾਲ ਜੋੜਦਾ ਹੈ। ਜਦੋਂ ਕੋਈ ਕਾਰਖਾਨਾ ਜਾਂ ਉਦਯੋਗ ਨਹੀਂ ਸੀ, ਉਸ ਵੇਲੇ ਔਰਤ ਪੌਦਿਆਂ ਤੋਂ ਬਣੀਆਂ ਵਸਤਾਂ ਜਾਂ ਫੁੱਲ-ਪੱਤੀਆਂ ਨਾਲ ਹੀ ਆਪਣਾ ਸ਼ਿੰਗਾਰ ਕਰਦੀ ਸੀ। ਉਸ ਦੀ ਸੁਹਾਗ ਪਟਾਰੀ ਵਿਚ ਦੰਦਾਸਾ, ਚੰਦਨ ਅਤੇ ਮਹਿੰਦੀ ਮੁੱਖ ਰੂਪ ਵਿਚ ਹੁੰਦੀ ਸੀ। ਇਹ ਤਿੰਨੋਂ ਵਸਤਾਂ ਪੌਦਿਆਂ ਤੋਂ ਹੀ ਮਿਲਦੀਆਂ ਹਨ। ਇਸ ਤੋਂ ਇਲਾਵਾ ਸੁਰਮਾ, ਚੂੜੀਆਂ, ਸੰਧੂਰ, ਨਹੁੰ ਪਾਲਿਸ਼, ਬਿੰਦੀ, ਇਤਰ, ਖੰਮਣੀ, ਲਾਲ ਰਿਬਨ ਆਦਿ ਵਸਤਾਂ ਸੁਹਾਗ ਪਟਾਰੀ ਦਾ ਸ਼ਿੰਗਾਰ ਹੁੰਦੀਆਂ ਸਨ ਪਰ ਔਰਤ ਦਾ ਮਹਿੰਦੀ ਨਾਲ ਸਾਥ ਹਾਲੇ ਤਕ ਵੀ ਬਣਿਆ ਹੋਇਆ ਹੈ। ਔਰਤ ਦੇ 16 ਸ਼ਿੰਗਾਰਾਂ ਵਿਚੋਂ ਮਹਿੰਦੀ ਦਾ ਸ਼ਿੰਗਾਰ ਉਤਮ ਮੰਨਿਆ ਗਿਆ ਹੈ।
ਅੰਗਰੇਜ਼ੀ ਵਿਚ ਮਹਿੰਦੀ ਨੂੰ ਹਿਨਾ ਕਿਹਾ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਨਾਮ ਲਾਅਸੋਨੀਆ ਇਨਰਮਿਸ ਹੈ। ਮਹਿੰਦੀ ਦਾ ਬੂਟਾ, ਅਨਾਰ ਦੇ ਬੂਟੇ ਵਾਂਗ ਲੰਮਾ-ਝਾੜੀਦਾਰ ਹੁੰਦਾ ਹੈ। ਪਿਛਲੇ ਸਮੇਂ ਵਿਚ ਮਹਿੰਦੀ ਦੇ ਬੂਟੇ ਤੋਂ ਛੋਟੇ-ਛੋਟੇ ਪੱਤੇ ਤੋੜ ਕੇ ਕੂੰਡੇ ਵਿਚ ਕੁੱਟੇ ਜਾਂਦੇ ਸਨ। ਹਰੇ ਪੱਤਿਆਂ ਨੂੰ ਜਿੰਨਾ ਬਾਰੀਕ ਕੁੱਟਿਆ ਜਾਂਦਾ ਸੀ, ਰੰਗ ਓਨਾ ਹੀ ਗੂੜ੍ਹਾ ਚੜ੍ਹਦਾ ਸੀ। ਸੌਣ ਤੋਂ ਪਹਿਲਾਂ ਕੁੜੀਆਂ ਅਤੇ ਵਿਆਂਦੜਾਂ ਮਹਿੰਦੀ ਦੇ ਘੋਲ ਨੂੰ ਹੱਥਾਂ ਅਤੇ ਪੈਰਾਂ ਉਪਰ ਲਗਾ ਕੇ ਸੌਂ ਜਾਂਦੀਆਂ ਸਨ।
ਪੁਰਾਣੇ ਸਮਿਆਂ ਵਿਚ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ ‘ਤੇ ਮਹਿੰਦੀ ਦੇ ਬੂਟੇ ਲੱਗੇ ਹੁੰਦੇ ਸਨ। ਘਰਾਂ ਵਿਚ ਸੁਆਣੀਆਂ ਸੁੱਕੇ ਪੱਤਿਆਂ ਤੋਂ ਪੀਸੀ ਹੋਈ ਮਹਿੰਦੀ ਦੇ ਕੁੱਜੇ ਭਰ ਕੇ ਸੰਦੂਕਾਂ ਹੇਠਾਂ ਰੱਖ ਦਿੰਦੀਆਂ ਸਨ। ਜਿਸ ਨੂੰ ਵਿਆਹਾਂ-ਸ਼ਾਦੀਆਂ, ਮੇਲਿਆਂ, ਤਿਉਹਾਰਾਂ ਮੌਕੇ ਲੋਹ ਜਾਂ ਮਿੱਟੀ ਦੀਆਂ ਬਠਲੀਆਂ ਵਿਚ ਭਿਉਂ ਦਿੱਤਾ ਜਾਂਦਾ ਸੀ। ਮਿੱਟੀ ਦੇ ਬਰਤਨਾਂ ਵਿਚ ਘੋਲੀ ਮਹਿੰਦੀ ਅਨੂਠੀ ਮਹਿਕ ਦਿੰਦੀ ਸੀ ਜਿਸ ਨਾਲ ਸਾਰਾ ਮਾਹੌਲ ਨਸ਼ਿਆ ਜਾਂਦਾ ਸੀ।
ਸਾਉਣ ਵਿਚ ਮਹਿੰਦੀ ਦੀ ਵਰਤੋਂ ਚੋਖੀ ਵਧ ਜਾਂਦੀ ਸੀ। ਸਾਉਣ ਦੀਆਂ ਤੀਆਂ ਦੇ ਮੇਲਿਆਂ ਵੇਲੇ ਹਰ ਇਕ ਘਰ ਵਿਚ ਕੁਆਰੀਆਂ ਅਤੇ ਵਿਆਂਦੜਾਂ ਮਹਿੰਦੀ ਦਾ ਸ਼ਿੰਗਾਰ ਕਰਦੀਆਂ ਹਨ। ਨਿਆਣੀ ਧੀ ਆਪਣੀ ਮਾਂ ਨੂੰ ਕਹਿੰਦੀ ਹੈ:
ਨੀ ਲੈ ਦੇ ਮਾਏ ਕਾਲਿਆਂ ਬਾਗਾਂ ਦੀ ਮਹਿੰਦੀ।
ਸਾਉਣ ਮਾਨਣ ਪੇਕੇ ਆਈਆਂ ਮੁਟਿਆਰਾਂ ਮਹਿੰਦੀ ਦੇ ਲਾਲ ਸੂਹੇ ਰੰਗਾਂ ਵਿਚ ਰੰਗੀਆਂ, ਸਿਰ ਫੁਲਕਾਰੀਆਂ ਲੈ ਕੇ ਗਿੱਧੇ ਦੇ ਪਿੜ ਵਿਚ ਚੀਚ ਵਹੁਟੀਆਂ ਬਣ-ਬਣ ਨਿੱਤਰ ਦੀਆਂ ਹਨ।
ਜੇ ਕੋਈ ਮੁਟਿਆਰ ਤੀਆਂ ਵੇਲੇ ਪੇਕੇ ਨਾ ਜਾਂਦੀ, ਉਸ ਦਾ ਰੰਗਲਾ ਸਮਾਂ ਸਹੇਲੀਆਂ ਤੋਂ ਵਾਂਝਾ ਰਹਿ ਜਾਂਦਾ। ਫੇਰ ਉਸ ਦੀ ਨਨਾਣ ਹੀ ਉਸ ਦੇ ਮਹਿੰਦੀ ਲਾ ਦਿੰਦੀ ਸੀ, ਇਸ ਸਥਿਤੀ ਵਿਚ ਮੁਟਿਆਰ ਕਹਿੰਦੀ:
ਮਹਿੰਦੀ ਵਾਲੇ ਹੱਥ ਰੁੱਸ ਗਏ
ਜਦੋਂ ਘੋਲ ਕੇ ਨਨਾਣ ਨੇ ਲਾਈ
ਫਿੱਕਾ-ਫਿੱਕਾ ਰੰਗ ਚੜ੍ਹਿਆ
ਬੂਟੀ ਇਕ ਨਾ ਸਵਾਦ ਦੀ ਪਾਈ।
ਪੇਕਿਆਂ ਵੱਲੋਂ ਸਹੁਰੇ ਵਸਦੀ ਧੀ ਲਈ ਭੇਜੇ ਜਾਂਦੇ ਤੀਆਂ ਦੇ ਸੰਧਾਰੇ ਵਿਚ ਵੀ ਮਹਿੰਦੀ ਦਾ ਸਥਾਨ ਅਹਿਮ ਹੁੰਦਾ ਹੈ। ਕਰਵਾ ਚੌਥ ਵੇਲੇ ਪੇਕੇ ਗਈ ਨੂੰਹ ਲਈ ਸਹੁਰਿਆਂ ਵੱਲੋਂ ਭੇਜੀ ਜਾਂਦੀ ਸਰਘੀ ਵਿਚ ਵੀ ਸੁਹਾਗ ਦੀ ਨਿਸ਼ਾਨੀ ਮਹਿੰਦੀ ਜ਼ਰੂਰ ਰੱਖੀ ਜਾਂਦੀ ਹੈ। ਮਹਿੰਦੀ ਨੂੰ ਸ਼ਗਨਾਂ ਦਾ ਬੂਟਾ ਸਮਝਿਆ ਜਾਂਦਾ ਹੈ। ਕੁੜੀਆਂ ਗਾਉਂਦੀਆਂ ਕਹਿੰਦੀਆਂ ਨੇ:
ਮਾਏ ਨੀਂ ਮਾਏ ਮਹਿੰਦੜ ਮੈਂ ਬੀਜਿਆ
ਨੀਂ ਝੰਗ ਸਿਆਲਾਂ ਦੇ ਖੂਹ ‘ਤੇ।
ਵਿਆਹ-ਸਾਹਿਆਂ ਸਮੇਂ ਸ਼ਰੀਕੇ-ਕਬੀਲੇ ਅਤੇ ਆਂਢ-ਗੁਆਂਢ ਦੀਆਂ ਔਰਤਾਂ ਪਰਾਤ ਵਿਚ ਘੋਲੀ ਹੋਈ ਮਹਿੰਦੀ ਦੇ ਦੁਆਲੇ ਘੇਰਾ ਘੱਤ ਕੇ ਭੁੰਜੇ ਦਰੀ ‘ਤੇ ਬੈਠ ਜਾਂਦੀਆਂ ਹਨ। ਵਿਚਕਾਰ ਲੱਕੜ ਦੀ ਚੌਂਕੀ ‘ਤੇ ਵਿਆਂਦੜ ਕੁੜੀ ਨੂੰ ਬਿਠਾਇਆ ਜਾਂਦਾ ਹੈ, ਕੁੜੀ ਦੇ ਮਹਿੰਦੀ ਲਗਾਈ ਜਾਂਦੀ ਹੈ, ਨਾਲ ਹੀ ਲੰਮੀਆਂ ਹੇਕਾਂ ਵਾਲੇ ਗੀਤਾਂ ਨਾਲ ਉਸ ਦਾ ਦਿਲ ਬਹਿਲਾਇਆ ਜਾਂਦਾ ਹੈ। ਸਾਰੀਆਂ ਸੁਆਣੀਆਂ ਅਤੇ ਕੁੜੀਆਂ ਇਕ-ਦੂਜੀ ਦੇ ਮਹਿੰਦੀ ਲਗਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਵਿਆਹ ਵਾਲੀ ਕੁੜੀ ਦੀ ਮਾਂ, ਭੈਣ, ਭਰਜਾਈ ਨੂੰ ਸੰਬੋਧਨ ਕਰਦਿਆਂ ਕੁੜੀਆਂ ਗਾਉਂਦੀਆਂ ਹਨ:
ਉਪਰ ਚੁਬਾਰੇ ਤੈਨੂੰ ਸੱਦ ਹੋਈ
ਸਾਲੂ ਵਾਲੀਏ ਨੀ
ਆ ਕੇ ਤਾਂ ਮਹਿੰਦੀ ਨੀ ਲਵਾ
ਦਿਲਾਂ ਵਿਚ ਵਸ ਹਰੀਏ ਨੀ…
ਕੁੜੀ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਸੁਹਾਗ ਦੇ ਗੀਤਾਂ ਵਿਚ ਵਟ ਜਾਂਦਾ ਹੈ:
ਰੰਗ ਚੜ੍ਹਿਆ ਭੈਣੇ ਏਸ ਮਹਿੰਦੀ ਦਾ ਸਿਖਰੇ ਨੀ
ਬਾਬਲ ਨਿਵਿਆਂ ਭੈਣੇ, ਧੀਆਂ ਦੇ ਫਿਕਰੇ ਨੀ।
ਵਿਆਂਦੜ ਕੁੜੀ ਤੋਰਨ ਵੇਲੇ, ਮਹਿੰਦੀ ਦਾ ਰੰਗ ਵੀ ਉਦਾਸ ਹੋ ਜਾਂਦਾ ਹੈ ਜਿਵੇਂ:
ਮਹਿੰਦੀ ਤਾਂ ਪਾ ਦੇ ਮਾਏ ਸੁੱਕਣੀ ਨੀ
ਮਹਿੰਦੀ ਦਾ ਰੰਗ ਉਦਾਸ
ਖੂਨੀ ਨੈਣ ਜਲ ਨੀਂ ਭਰੇ…।
ਮੁੰਡੇ ਦੇ ਵਿਆਹ ਸਮੇਂ ਮਹਿੰਦੀ ਦੇ ਗੀਤਾਂ ਦਾ ਰੰਗ ਘੋੜੀਆਂ ਵਿਚ ਬਦਲ ਜਾਂਦਾ ਹੈ। ਭੈਣਾਂ ਵੀਰ ਦੇ ਮਹਿੰਦੀ ਲਾਉਂਦੀਆਂ ਗਾਉਂਦੀਆਂ ਹਨ:
ਲਾਓ ਨੀਂ ਲਾਓ ਏਹਨੂੰ ਸ਼ਗਨਾਂ ਦੀ ਮਹਿੰਦੀ
ਮਹਿੰਦੀ ਦਾ ਰੰਗ ਸੂਹਾ ਲਾਲ
ਮੇਰੇ ਬੰਨੜੇ ਦੇ ਮੱਥੇ ‘ਤੇ ਚਮਕਣ ਵਾਲ।
ਜਦੋਂ ਵਿਆਹ ਵੇਲੇ ਕੜਾਹੀ ਵਾਲੇ ਦਿਨ ਮੁਟਿਆਰਾਂ ਮਹਿੰਦੀ ਵਾਲੇ ਹੱਥਾਂ ਨਾਲ ਲੱਡੂ ਵਟਦੀਆਂ ਹਨ ਤਾਂ ਮਹਿੰਦੀ ਰੱਤੇ ਹੱਥ ਬਹੁਤ ਹੀ ਸੋਹਣੇ ਲੱਗਦੇ ਹਨ। ਦਿਓਰ-ਭਰਜਾਈ ਦੀ ਨੋਕ-ਝੋਕ ਵਿਚ ਵੀ ਮਹਿੰਦੀ ਦਾ ਜ਼ਿਕਰ ਇਕ ਖ਼ੂਬਸੂਰਤ ਬੋਲੀ ਰਾਹੀਂ ਇੰਜ ਹੋਇਆ ਹੈ:
ਜੇ ਮੈਂ ਅੱਡੀ ਮਾਰ ਉਡਾਵਾਂ, ਮੇਰੀ ਝਾਂਜਰ ਲਹਿੰਦੀ
ਜੇ ਮੈਂ ਤਾੜੀ ਮਾਰ ਉਡਾਵਾਂ, ਮੇਰੀ ਮਹਿੰਦੀ ਲਹਿੰਦੀ
ਤੇਰੀ ਕਣਕ ਦੀ ਰਾਖੀ ਮੁੰਡਿਆ ਵੇ ਹੁਣ ਮੈਂ ਨਾ ਬਹਿੰਦੀ।
ਸੱਸੀ ਪੁਨੂੰ ਦੀ ਪ੍ਰੀਤ ਗਾਥਾ ਵਿਚ ਸੱਸੀ ਦੇ ਮਹਿੰਦੀ ਚਿਤਰੇ ਪੈਰ ਡਾਚੀ ਦੀ ਪੈੜ ਲੱਭਦੇ-ਲੱਭਦੇ ਥਲਾਂ ਵਿਚ ਭੁੱਜ ਜਾਂਦੇ ਹਨ। ਸੂਫੀ ਕਵੀ ਹਾਸ਼ਮ ਇਸ ਵੇਦਨਾ ਨੂੰ ਇੰਜ ਪ੍ਰਗਟ ਕਰਦਾ ਹੈ:
ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ
ਬਾਲੂ ਰੇਤ ਤਪੇ ਵਿਚ ਥਲ ਦੇ ਜਿਓਂ ਜੌਂ ਭੁੰਨਣ ਭਟਿਆਰੇ।
ਜੇ ਹਾਣ-ਪ੍ਰਵਾਨ ਦਾ ਵਰ ਕਿਸੇ ਮੁਟਿਆਰ ਨੂੰ ਨਾ ਮਿਲਦਾ ਤਾਂ ਵੀ ਉਸ ਦਾ ਮਹਿੰਦੀ ਲਾਉਣ ਦਾ ਚਾਅ ਅਧੂਰਾ ਰਹਿ ਜਾਂਦਾ। ਫੇਰ ਉਹ ਮੁਟਿਆਰ ਆਪਣਾ ਰੁਦਨ ਇਸ ਤਰ੍ਹਾਂ ਕਰਦੀ ਹੈ:
ਬੁੱਢੜੇ ਨਾਲ ਮੇਰਾ ਵਿਆਹ ਧਰ ਦਿੱਤਾ
ਮੈਂ ਰੋਟੀ ਨਾ ਖਾਵਾਂ
ਸਖੀਆਂ ਆਖਣ ਮਹਿੰਦੀ ਲਾ ਲੈ
ਮੈਂ ਮਹਿੰਦੀ ਨਾ ਲਾਵਾਂ
ਸੁੱਤੀ ਪਈ ਦੇ ਲਾ ਤੀ ਮਹਿੰਦੀ
ਕੌਲਿਆਂ ਨਾਲ ਘਸਾਵਾਂ
ਵੀਰਾਂ ਦੇ ਹਲ ਵਗਦੇ
ਰੋਂਦੀ ਕੋਲ ਦੀ ਜਾਵਾਂ
ਮਹਿੰਦੀ ਦਾ ਹਿੰਦੀ ਤੇ ਪੰਜਾਬੀ ਨਾਮ ਮਹਿੰਦੀ, ਮਹਿਕ ਤੋਂ ਉਪਜਿਆ ਜਾਪਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮਹਿੰਦੀ ਮਿਸਰ ਤੋਂ ਅਰਬ ਹੁੰਦੀ ਹੋਈ ਭਾਰਤ ਪਹੁੰਚੀ ਹੈ। ਮਹਿੰਦੀ ਵਿਚ ਔਸ਼ਧੀ ਗੁਣ ਹੋਣ ਕਾਰਨ ਮਿਸਰੀ ਲੋਕ ਆਪਣੇ ਰਾਜੇ-ਮਹਾਰਾਜਿਆਂ ਦੇ ਮ੍ਰਿਤ ਸਰੀਰਾਂ ਨੂੰ ਲੰਮੇ ਸਮੇਂ ਲਈ ਕਾਇਮ ਰੱਖਣ ਲਈ ਮਹਿੰਦੀ ਦਾ ਲੇਪ ਲਗਾਉਂਦੇ ਸਨ। ਮਿਸਰ ਦੀ ਰਾਣੀ ਕਲਿਉਪੈਟਰਾ ਵੀ ਆਪਣੇ ਸ਼ਿੰਗਾਰ ਵਿਚ ਮਹਿੰਦੀ ਦਾ ਪ੍ਰਯੋਗ ਕਰਦੀ ਸੀ।
ਸੰਸਕ੍ਰਿਤ ਵਿਚ ਵੀ ਮੈਂਧਿਕਾ ਨਾਂ ਦਾ ਸ਼ਬਦ ਹੈ। ਪ੍ਰਾਚੀਨ ਗ੍ਰੰਥਾਂ ਵਿਚ ਮੈਂਧਿਕਾ ਅਤੇ ਹਲਦੀ ਦੀ ਵਰਤੋਂ ਦਾ ਜ਼ਿਕਰ ਆਉਂਦਾ ਹੈ। ਔਰਤ ਦੇ 16 ਸ਼ਿੰਗਾਰਾਂ ਵਿਚ ਮਹਿੰਦੀ ਨੂੰ ਸੁਰ ਸੁੰਦਰੀ ਦੇਵੀ ਦੀ ਉਪਾਧੀ ਹਾਸਲ ਹੈ। ਆਯੁਰਵੇਦ ਵਿਚ ਔਸ਼ਧੀ ਗੁਣਾਂ ਤੋਂ ਇਲਾਵਾ ਮਹਿੰਦੀ ਦੀ ਤਾਸੀਰ ਠੰਢੀ ਮੰਨੀ ਗਈ ਹੈ। ਰਾਖਸ਼ਾਂ ਉਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਦੁਰਗਾ ਮਾਤਾ ਦੇ ਹੱਥ-ਪੈਰ ਖ਼ੂਨ ਨਾਲ ਭਰ ਗਏ ਸਨ, ਉਨ੍ਹਾਂ ਦਾ ਗੁੱਸਾ ਸ਼ਾਂਤ ਕਰਨ ਲਈ ਦੁਰਗਾ ਮਾਤਾ ਦਾ ਸ਼ਿੰਗਾਰ ਸੁਰ ਸੁੰਦਰੀ ਦੇਵੀ ਮਹਿੰਦੀ ਨਾਲ ਕੀਤਾ ਗਿਆ ਸੀ।