ਲਾਹੌਰ ਵਾਲਾ ਅਦਾਕਾਰ ਸ਼ੇਖ ਇਕਬਾਲ

ਸ਼ੇਖ ਇਕਬਾਲ ਉਰਫ ਇਕਬਾਲ ਸ਼ੇਖ ਦੀ ਪੈਦਾਇਸ਼ ਸਿਆਲਕੋਟ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਸ਼ੇਖ ਇਕਬਾਲ ਭਾਰਤੀ ਪੰਜਾਬੀ ਫਿਲਮਾਂ ਦੇ ਨਾ ਕੇਵਲ ਸਹਾਇਕ ਅਦਾਕਾਰ ਸਨ ਬਲਕਿ ਵੰਡ ਤੋਂ ਬਾਅਦ ਲਾਹੌਰ, ਪੰਜਾਬ ਵਿਚ ਬਣਨ ਵਾਲੀਆਂ ਫਿਲਮਾਂ ਦੇ ਬਾਕਮਾਲ ਅਦਾਕਾਰ, ਕਹਾਣੀਨਵੀਸ, ਫਿਲਮਸਾਜ਼, ਹਿਦਾਇਤਕਾਰ, ਮੁਕਾਲਮਾਨਿਗਾਰ, ਮੰਜ਼ਰਨਿਗਾਰ ਤੇ ਖਲਨਾਇਕ ਵੀ ਸਨ।

ਸ਼ੇਖ ਇਕਬਾਲ ਬੁਨਿਆਦੀ ਤੌਰ ਉਤੇ ਰੇਡੀਓ ਆਰਟਿਸਟ ਸਨ। ਉਨ੍ਹਾਂ ਨੇ 40ਵਿਆਂ ਦੇ ਦਹਾਕੇ ਵਿਚ ਆਪਣੇ ਫਨੀ ਸਫਰ ਦਾ ਆਗਾਜ਼ ਆਲ ਇੰਡੀਆ ਰੇਡੀਓ, ਲਾਹੌਰ ਤੋਂ ਸ਼ੁਰੂ ਕੀਤਾ। ਉਹ ਰੇਡੀਓ ਦੇ ਦਿਹਾਤੀ ਪ੍ਰੋਗਰਾਮ ‘ਜਮਹੂਰ ਦੀ ਆਵਾਜ਼’ ਦਾ ਅਹਿਮ ਹਿੱਸਾ ਸਨ ਜਿਸ ਵਿਚ ਉਨ੍ਹਾਂ ਦੇ ਨਾਲ ਨਿਜ਼ਾਮਦੀਨ (ਮਿਰਜ਼ਾ ਸੁਲਤਾਨ ਬੇਗ) ਵੀ ਸਨ। ਉਨ੍ਹਾਂ ਨੇ ਇਸ਼ਫਾਕ ਅਹਿਮਦ ਦੇ ਮਸ਼ਹੂਰ ਰੇਡੀਓ ਡਰਾਮੇ ‘ਤਲਕੀਨ ਸ਼ਾਹ’ ਵਿਚ ਹਿਦਾਇਤ ਉੱਲਾ ਦਾ ਮਸ਼ਹੂਰ ਕਿਰਦਾਰ ਵੀ ਅਦਾ ਕੀਤਾ ਸੀ। ਇਸ ਪ੍ਰੋਗਰਾਮ ਵਿਚ ਉਨ੍ਹਾਂ ਦੀ ਅਦਾਕਾਰਾ ਪਤਨੀ ਰੇਖਾ ਵੀ ਕੰਮ ਕਰਦੀ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਫਿਲਮਾਂ ‘ਚ ਕੰਮ ਕਰਨ ਦਾ ਸ਼ੌਕ ਵੀ ਜਨੂੰਨ ਦੀ ਹੱਦ ਤਕ ਸੀ। ਇਹੀ ਦਿਲਚਸਪੀ ਉਨ੍ਹਾਂ ਨੂੰ ਫਿਲਮੀ ਅਦਾਕਾਰੀ ਵੱਲ ਵੀ ਖਿੱਚ ਲਿਆਈ।
ਜਦੋਂ ਲਾਹੌਰ ਵਿਚ ਫਿਲਮਸਾਜ਼ ਕਿਸ਼ੋਰੀ ਲਾਲ ਸ਼ਾਹ ਨੇ ਫਿਲਮਸਾਜ਼ ਅਦਾਰੇ ਸਿਨੇ ਸਟੂਡੀਓਜ਼ ਦੇ ਬੈਨਰ ਹੇਠ ਜੀ. ਆਰ. ਸੇਠੀ ਦੀ ਹਿਦਾਇਤਕਾਰੀ ਵਿਚ ਪੰਜਾਬੀ ਫਿਲਮ ‘ਗਵਾਂਢੀ’ (1942) ਸ਼ੁਰੂ ਕੀਤੀ, ਤਾਂ ਜਿੱਥੇ ਉਨ੍ਹਾਂ ਨੇ ਸ਼ਿਆਮ ਤੇ ਵੀਨਾ ਨੂੰ ਨਵੇਂ ਚਿਹਰਿਆਂ ਵਜੋਂ ਤਆਰਿਫ ਕਰਵਾਇਆ, ਉੱਥੇ ਹੋਰਨਾਂ ਨਵੇਂ ਸਹਾਇਕ ਅਦਾਕਾਰਾਂ ਵਿਚ ਸ਼ੇਖ ਇਕਬਾਲ ਨੂੰ ਵੀ ਪੇਸ਼ ਕੀਤਾ। ਕਹਾਣੀ ਨਿਰੰਜਨਪਾਲ, ਮੁਕਾਲਮੇ ਵਲੀ ਸਾਹਿਬ, ਗੀਤ ਸੋਹਨ ਲਾਲ ਸਾਹਿਰ (ਬੀ. ਏ.), ਵਲੀ ਸਾਹਿਬ, ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਅਤੇ ਮੌਸੀਕੀ ਪੰਡਤ ਅਮਰਨਾਥ ਨੇ ਮੁਰੱਤਿਬ ਕੀਤੀ। ਇਹ ਫਿਲਮ 8 ਅਪਰੈਲ 1942 ਨੂੰ ਮੁਲਤਾਨ ‘ਚ ਨੁਮਾਇਸ਼ ਹੋਈ। ਜਦੋਂ ਆਰ. ਐਲ. ਸ਼ੋਰੀ (ਸੀਨੀਅਰ) ਨੇ ਆਪਣੇ ਫਿਲਮਸਾਜ਼ ਅਦਾਰੇ ਸ਼ੋਰੀ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਆਪਣੇ ਫਰਜ਼ੰਦ ਰੂਪ ਕੇ. ਸ਼ੋਰੀ ਦੀ ਹਿਦਾਇਤਕਾਰੀ ਵਿਚ ਪੰਜਾਬੀ ਫਿਲਮ ‘ਕੋਇਲ’ (1944) ਬਣਾਈ, ਤਾਂ ਇਸ ਵਿਚ ਸ਼ੇਖ ਇਕਬਾਲ ਨੇ ਸਹਾਇਕ ਅਦਾਕਾਰ ਵਜੋਂ ‘ਤੋਤਾ ਰਾਮ’ ਦਾ ਪਾਰਟ ਅਦਾ ਕੀਤਾ। ਫਿਲਮ ਦੇ ਮਰਕਜ਼ੀ ਰੁਮਾਨੀ ਕਿਰਦਾਰ ਵਿਚ ਮਨੋਰਮਾ ਤੇ ਸਤੀਸ਼ ਛਾਬੜਾ ਮੌਜੂਦ ਸਨ। ਕਹਾਣੀ ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ ਨੇ ਮੁਰੱਤਿਬ ਕੀਤਾ ਸੀ। ਇਹ ਫਿਲਮ 24 ਨਵੰਬਰ 1944 ਨੂੰ ਵਲਿੰਗਟਨ ਟਾਕੀਜ਼, ਲਾਹੌਰ ਵਿਖੇ ਰਿਲੀਜ਼ ਹੋਈ ਤੇ ਸਿਲਵਰ ਜੁਬਲੀ ਫਿਲਮ ਕਰਾਰ ਪਾਈ। ਜਦੋਂ ਗੁਲ ਜ਼ਮਾਨ ਨੇ ਆਪਣੇ ਫਿਲਮਸਾਜ਼ ਅਦਾਰੇ ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿਚ ਪੰਜਾਬੀ ਫਿਲਮ ‘ਗੁਲ ਬਲੋਚ’ (1945) ਸ਼ੁਰੂ ਕੀਤੀ ਤਾਂ ਸ਼ੇਖ ਇਕਬਾਲ ਨੇ ਵੀ ਸਹਾਇਕ ਭੂਮਿਕਾ ਨਿਭਾਈ। ਫਿਲਮਸਾਜ਼ ਮੀਆਂ ਮੁਸ਼ਤਾਕ, ਕਹਾਣੀ ਗੁਲ ਜ਼ਮਾਨ, ਮੁਕਾਲਮੇ ਕੇ. ਸੀ. ਵਰਮਾ, ਗੀਤ ਮੁਹੰਮਦ ਸ਼ਫੀ ਆਸ਼ਿਕ ‘ਲਾਹੌਰੀ’ ਅਤੇ ਸੰਗੀਤਕਾਰ ਸ਼ਿਆਮ ਸੁੰਦਰ, ਪੰਡਤ ਅਮਰਨਾਥ ਤੇ ਲੱਛੀ ਰਾਮ ਸਨ। ਇਹ ਫਿਲਮ 23 ਅਗਸਤ 1946 ਨੂੰ ਕਰਾਊਨ ਟਾਕੀਜ਼, ਲਾਹੌਰ, 24 ਅਗਸਤ ਨੂੰ ਸੁਦਰਸ਼ਨ ਟਾਕੀਜ਼, ਸਰਗੌਧਾ ਵਿਖੇ ਨੁਮਾਇਸ਼ ਹੋਈ। ਠਾਕੁਰ ਹਿੰਮਤ ਸਿੰਘ ਦੇ ਫਿਲਮਸਾਜ਼ ਅਦਾਰੇ ਲੀਲਾ ਮੰਦਰ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਸ਼ਾਂਤੀ ਪ੍ਰਕਾਸ਼ ਬਖਸ਼ੀ ਦੀ ਹਿਦਾਇਤਕਾਰੀ ਵਿਚ ਬਣੀ ਪੰਜਾਬੀ ਫਿਲਮ ‘ਕਮਲੀ’ (1946) ‘ਚ ਸ਼ੇਖ ਇਕਬਾਲ ਦੇ ਮੁਕਾਬਲੇ ਹੀਰੋਇਨ ਦਾ ਪਾਰਟ ਰਾਣੀ ਕਿਰਨ (ਪਹਿਲੀ ਫਿਲਮ) ਨੇ ਅਦਾ ਕੀਤਾ। ਇਹ ਫਿਲਮ 4 ਅਕਤੂਬਰ 1946 ਨੂੰ ਰਿਟਜ਼ ਸਿਨਮਾ, ਲਾਹੌਰ ਤੇ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ ਤੇ ਲਾਹੌਰ ‘ਚ ਬਣਨ ਵਾਲੀ ਆਖਰੀ ਪੰਜਾਬੀ ਫਿਲਮ ਕਰਾਰ ਪਾਈ।
ਸ਼ਤੀਸ਼ ਬੱਤਰਾ ਦੇ ਫਿਲਮਸਾਜ਼ ਅਦਾਰੇ ਬੱਤਰਾ ਪ੍ਰੋਡਕਸ਼ਨਜ਼, ਲਾਹੌਰ ਦੀ ਮਜਨੂੰ (ਹੈਰੋਲਡ ਲੂਈਸ) ਨਿਰਦੇਸ਼ਿਤ ਹਿੰਦੀ ਫਿਲਮ ‘ਪਾਪੀ’ (1943) ‘ਚ ਵੀ ਸ਼ੇਖ ਇਕਬਾਲ ਨੇ ਸ਼ਹਾਇਕ ਭੂਮਿਕਾ ਨਿਭਾਈ। ਕਹਾਣੀ ਤੇ ਮੰਜ਼ਰਨਾਮਾ ਹੈਰੋਲਡ ਲੂਈਸ, ਮੁਕਾਲਮੇ ਇਹਸਾਨ ਬੀ. ਏ., ਅਖਤਰ ਚੁਗਤਾਈ, ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਪੰਡਤ ਅਮਰਨਾਥ ਨੇ ਤਿਆਰ ਕੀਤਾ। ਸ਼ੋਰੀ ਪਿਕਚਰਜ਼, ਲਾਹੌਰ ਦੀ ਬਰਕਤ ਮਿਹਰਾ ਨਿਰਦੇਸ਼ਿਤ ਹਿੰਦੀ ਫਿਲਮ ‘ਚੰਪਾ’ (1945) ‘ਚ ਵੀ ਸ਼ੇਖ ਇਕਬਾਲ ਸਹਾਇਕ ਅਦਾਕਾਰ ਸਨ। ਸ਼ੋਰੀ ਪਿਕਚਰਜ਼, ਲਾਹੌਰ ਦੀ ਹੈਰੋਲਡ ਲੂਈਸ (ਮਜਨੂੰ) ਨਿਰਦੇਸ਼ਿਤ ਫਿਲਮ ‘ਬਦਨਾਮੀ’ (1946) ‘ਚ ਵੀ ਸ਼ੇਖ ਇਕਬਾਲ ਸਹਾਇਕ ਫਨਕਾਰ ਦੇ ਤੌਰ ‘ਤੇ ਮੌਜੂਦ ਸਨ। ਸ਼ੋਰੀ ਪਿਕਚਰਜ਼, ਲਾਹੌਰ ਦੀ ਹੀ ਮੋਤੀ ਬੀ. ਗਿਡਵਾਨੀ ਨਿਰਦੇਸ਼ਿਤ ਹਿੰਦੀ ਫਿਲਮ ‘ਖਾਮੋਸ਼ ਨਿਗਾਹੇਂ’ (1946) ‘ਚ ਇਕਬਾਲ ਸ਼ੇਖ ਆਪਣੇ ਫਨ ਨਾਲ ਛਾਏ ਹੋਏ ਸਨ। ਜੀਵਨ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫਿਲਮ ‘ਆਰਸੀ’ (1947) ‘ਚ ਇਕਬਾਲ ਸ਼ੇਖ ਸਹਾਇਕ ਕਿਰਦਾਰ ਅਦਾ ਕਰ ਰਹੇ ਸਨ। ਡਾਨ ਫਿਲਮਜ਼, ਲਾਹੌਰ ਦੀ ਐਸ. ਸ਼ਫਕਤ (ਐਮ.ਏ.) ਨਿਰਦੇਸ਼ਿਤ ਹਿੰਦੀ ਫਿਲਮ ‘ਡਾਇਰੈਕਟਰ’ (1947) ‘ਚ ਸ਼ੇਖ ਇਕਬਾਲ ਨੇ ਅਹਿਮ ਭੂਮਿਕਾ ਨਿਭਾਈ। ਗੁਪਤਾ ਆਰਟ ਪ੍ਰੋਡਕਸ਼ਨਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫਿਲਮ ‘ਏਕ ਰੋਜ਼’ (1947) ‘ਚ ਵੀ ਸ਼ੇਖ ਇਕਬਾਲ ਦੀ ਸਹਾਇਕ ਕਿਰਦਾਰਨਿਗਾਰੀ ਨੂੰ ਪਸੰਦ ਕੀਤਾ ਗਿਆ। ਕੁਲਦੀਪ ਪਿਕਚਰਜ਼, ਲਾਹੌਰ ਦੀ ਦਾਊਦ ਚਾਂਦ ਨਿਰਦੇਸ਼ਿਤ ਫਿਲਮ ‘ਪਪੀਹਾ ਰੇ’ (1948) ‘ਚ ਵੀ ਸ਼ੇਖ ਇਕਬਾਲ ਦੀ ਸਹਾਇਕ ਭੂਮਿਕਾ ਪਸੰਦ ਕੀਤੀ ਗਈ। 1947 ਵਿਚ ਮਦਨ ਮੋਹਨ ਮਿਹਰਾ ਉਰਫ ਬਿੱਲੂ ਮਿਹਰਾ ਨੇ ਆਪਣੀ ਹਿਦਾਇਤਕਾਰੀ ‘ਚ ਸ਼ੋਰੀ ਸਟੂਡੀਓਜ਼ ਵਿਚ ਮੂਵੀ ਮੇਕਰਜ਼, ਲਾਹੌਰ ਦੇ ਬੈਨਰ ਹੇਠ ਹਿੰਦੀ ਫਿਲਮ ‘ਖਾਨਾਬਦੋਸ਼’ (1948) ਸ਼ੁਰੂ ਕੀਤੀ। ਫਿਲਮ ਵਿਚ ਸ਼ੇਖ ਇਕਬਾਲ ਨੇ ਖਾਸ ਰੋਲ ਅਦਾ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿਚ ਕਲਾਵਤੀ ਤੇ ਪ੍ਰਾਣ ਮੌਜੂਦ ਸਨ। 1947 ਵਿਚ ਪੰਜਾਬ ਵੰਡ ਦੌਰਾਨ ਫਿਲਮਸਾਜ਼ ਏ. ਐਮ. ਗੁਪਤਾ ਇਸ ਫਿਲਮ ਦੇ ਨੈਗੇਟਿਵ ਲੈ ਕੇ ਬੰਬੇ ਚਲੇ ਗਏ। ਬੰਬੇ ‘ਚ ਇਹ ਫਿਲਮ ‘ਦੋ ਸੌਦਾਗਰ’ ਦੇ ਨਾਮ ਨਾਲ ਮੁਕੰਮਲ ਹੋਈ ਅਤੇ ਦਸੰਬਰ 1948 ਵਿਚ ਬੰਬੇ ‘ਚ ਅਤੇ 15 ਅਪਰੈਲ 1952 ਨੂੰ ਭਾਟੀ ਗੇਟ, ਲਾਹੌਰ ਵਿਖੇ ਰਿਲੀਜ਼ ਹੋਈ।
1947 ਵਿਚ ਪੰਜਾਬ ਵੰਡ ਤੋਂ ਬਾਅਦ ਸ਼ੇਖ ਇਕਬਾਲ ਨੇ ਭਾਰਤ ਆਉਣ ਦੀ ਬਜਾਏ ਲਾਹੌਰ (ਪਾਕਿਸਤਾਨ) ਰਹਿਣਾ ਹੀ ਪਸੰਦ ਕੀਤਾ। ਪਾਕਿਸਤਾਨ ਫਿਲਮ ਸਨਅਤ ਵਿਚ ਸ਼ੇਖ ਇਕਬਾਲ ਨੇ 168 ਫਿਲਮਾਂ ਵਿਚ ਆਪਣੀਆਂ ਸਲਾਹੀਅਤਾਂ ਦਾ ਲੋਹਾ ਮਨਵਾਇਆ, ਜਿਨ੍ਹਾਂ ਵਿਚ 114 ਪੰਜਾਬੀ ਅਤੇ ਅਤੇ 53 ਉਰਦੂ ਫਿਲਮਾਂ ਸ਼ਾਮਲ ਹਨ। ਸਟਾਰ ਪਿਕਚਰਜ਼, ਲਾਹੌਰ ਦੀ ਪਹਿਲੀ ਉਰਦੂ ਫਿਲਮ ‘ਹਮਾਰੀ ਬਸਤੀ’ (1950) ਦੀ ਕਹਾਣੀ ਵੀ ਸ਼ੇਖ ਇਕਬਾਲ ਨੇ ਹੀ ਲਿਖੀ ਸੀ। ਬਤੌਰ ਅਦਾਕਾਰ ਸ਼ੇਖ ਇਕਬਾਲ ਦੀਆਂ ਮਸ਼ਹੂਰ ਫਿਲਮਾਂ ਵਿਚ ‘ਦੁੱਲਾ ਭੱਟੀ’, ‘ਮੋਰਨੀ’ (1956), ‘ਅੰਜਾਮ’ (1957/ਉਰਦੂ), ‘ਗੁਲ ਬਦਨ’ (1960/ਉਰਦੂ), ‘ਮਲੰਗੀ’ (1965), ‘ਚੰਨ ਮੱਖਣਾ’ (1968), ‘ਵਰਿਆਮ’, (1969), ‘ਦੁਨੀਆ ਮਤਲਬ ਦੀ’ (1970), ‘ਜ਼ੁਲਮ ਦਾ ਬਦਲਾ’, ‘ਖਾਨ ਚਾਚਾ’ (1972), ‘ਅੱਜ ਦਾ ਮਹੀਵਾਲ’ (1973), ‘ਸਿੱਧਾ ਰਸਤਾ’ (1974) ਅਤੇ ਕਈ ਹੋਰ ਫਿਲਮਾਂ ਸ਼ਾਮਲ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ।
ਸ਼ੇਖ ਇਕਬਾਲ ਨੇ 5 ਫਿਲਮਾਂ ਦੀ ਹਿਦਾਇਤਕਾਰੀ ਕੀਤੀ। ਉਨ੍ਹਾਂ ਦੀ ਹਿਦਾਇਤਕਾਰੀ ਵਿਚ ਰਿਲੀਜ਼ਸ਼ੁਦਾ ਪਹਿਲੀ ਪੰਜਾਬੀ ਫਿਲਮ ਨਿਊ ਇਰਾ ਫਿਲਮਜ਼, ਲਾਹੌਰ ਦੀ ‘ਸੁੱਚੇ ਮੋਤੀ’ (1959) ਸੀ, ਜਿਸ ਵਿਚ ਉਨ੍ਹਾਂ ਜਲਾਲਪੁਰ ਜੱਟਾਂ ਦੇ ਗੱਭਰੂ ਇਜਾਜ਼ ਦੁਰਾਨੀ (ਸ਼ੌਹਰ ਅਦਾਕਾਰਾ ਨੂਰਜਹਾਂ) ਨੂੰ ਨਵੇਂ ਹੀਰੋ ਵਜੋਂ ਤੁਆਰਿਫ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹਿਦਾਇਤਕਾਰੀ ਵਿਚ ਅਨਵਰ ਫਿਲਮਜ਼, ਲਾਹੌਰ ਦੀ ਉਰਦੂ ਫਿਲਮ ‘ਸ਼ਹਿਬਾਜ਼’ (1960) ਅਤੇ ਉਸ ਦਾ ਮੰਜ਼ਰਨਾਮਾ ਵੀ ਲਿਖਿਆ, ਪਰ ਇਨ੍ਹਾਂ ਦੀਆਂ ਹਿਦਾਇਤ ਕੀਤੀਆਂ ਇਨ੍ਹਾਂ 5 ਫਿਲਮਾਂ ਵਿਚੋਂ ਕੋਈ ਵੀ ਨੁਮਾਇਆਂ ਕਾਮਯਾਬੀ ਹਾਸਲ ਨਾ ਕਰ ਸਕੀ। ਸ਼ੇਖ ਇਕਬਾਲ ਨੇ ਬਤੌਰ ਕਹਾਣੀਨਵੀਸ ਪੰਜਾਬੀ ਫਿਲਮਾਂ ‘ਮਾਹੀ ਮੁੰਡਾ’, ‘ਚੰਨ ਮਾਹੀ’ (1956), ‘ਯੱਕੇ ਵਾਲੀ’ (1957), ‘ਜੀਦਾਰ’ (1965), ‘ਪੰਜ ਦਰਿਆ’ (1968), ‘ਨੌਕਰ ਵਹੁਟੀ ਦਾ’ (1974) ਅਤੇ ‘ਅਨੋਖਾ ਦਾਜ’ (1981) ਆਦਿ ਦੀਆਂ ਕਹਾਣੀਆਂ ਲਿਖੀਆਂ। ਇਨ੍ਹਾਂ ਫਿਲਮਾਂ ਨੇ ਰਿਕਾਰਡ ਤੋੜ ਬਿਜ਼ਨਸ ਕੀਤਾ। ਉਹ ਚਰਿੱਤਰ ਅਦਾਕਾਰੀ ਵਿਚ ਆਪਣੀ ਪੁਖਤਾ ਪਛਾਣ ਬਣਾਉਣ ਤੋਂ ਬਾਅਦ ਕੁਝ ਫਿਲਮਾਂ ਵਿਚ ਖਲਨਾਇਕ ਦੇ ਤੌਰ ‘ਤੇ ਵੀ ਆਏ। ਬਤੌਰ ਫਿਲਮਸਾਜ਼ ਸ਼ੇਖ ਇਕਬਾਲ ਦੀ ਆਖਰੀ ਪੰਜਾਬੀ ਫਿਲਮ ‘ਇਸ਼ਕ ਪੇਚਾ’ (1984) ਸੀ ਜੋ ਇਨ੍ਹਾਂ ਦੇ ਪੁੱਤਰ ਅਨਵਰ ਇਕਬਾਲ ਨੇ ਹਿਦਾਇਤ ਕੀਤੀ ਸੀ। ਬਤੌਰ ਚਰਿੱਤਰ ਅਦਾਕਾਰ ਉਨ੍ਹਾਂ ਦੀ ਆਖਰੀ ਪੰਜਾਬੀ ਫਿਲਮ ‘ਕੁਦਰਤ ਦਾ ਇੰਤਕਾਮ’ (1990) ਸੀ। ਸ਼ੇਖ ਇਕਬਾਲ ਨੇ ਵੰਡ ਤੋਂ ਪਹਿਲਾਂ ਬਣੀਆਂ ਫਿਲਮਾਂ ਭਾਰਤੀ ਹਿੰਦੀ ਫਿਲਮਾਂ ਦੀ ਅਦਾਕਾਰਾ ਰੇਖਾ ਨਾਲ ਮੁਹੱਬਤੀ ਵਿਆਹ ਕੀਤਾ। ਲਾਹੌਰ ਜਾ ਕੇ ਉਸ ਨੇ ਇਸਲਾਮ ਕਬੂਲ ਕਰ ਲਿਆ ਸੀ। ਇਨ੍ਹਾਂ ਦੇ ਪੁੱਤ ਦਾ ਨਾਮ ਅਨਵਰ ਇਕਬਾਲ ਫਿਲਮਸਾਜ਼ ਹੈ।
ਪਾਕਿਸਤਾਨੀ ਫਿਲਮ ਸਨਅਤ ਨੇ ਇਸ ਕਾਬਿਲ ਫਨਕਾਰ ਨੂੰ ਇਸ ਦੇ ਜਿਊਂਦੇ ਜੀ ਹੀ ਭੁਲਾ ਦਿੱਤਾ। 13 ਜੂਨ 1990 ਨੂੰ ਲਾਹੌਰ ਵਿਚ ਸ਼ੇਖ ਇਕਬਾਲ ਫੌਤ ਹੋ ਗਏ। ਦੁੱਖ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਮੌਤ ਦੇ ਬਾਅਦ ਵੀ ਉਨ੍ਹਾਂ ਦੀ ਫਿਲਮੀ ਦੇਣ ਨੂੰ ਯਾਦ ਨਹੀਂ ਰੱਖਿਆ ਗਿਆ, ਪਰ ਸ਼ੇਖ ਇਕਬਾਲ ਦੇ ਫਨ ਦਾ ਚਿਰਾਗ ਹਮੇਸ਼ਾਂ ਜਲਦਾ ਰਹੇਗਾ। -ਮਨਦੀਪ ਸਿੰਘ ਸਿੱਧੂ