ਮਾਂ ਦੀਆਂ ਦੁਆਵਾਂ ਜਿਹੀ ‘ਮਾਂ ਵਰਗੀ ਕਵਿਤਾ’

ਡਾ. ਗੁਰਬਖਸ਼ ਸਿੰਘ ਭੰਡਾਲ
‘ਮਾਂ ਵਰਗੀ ਕਵਿਤਾ’ ਕਾਵਿ-ਪੁਸਤਕ ਲੈ ਕੇ ਹਾਜ਼ਰ ਹੈ, ਬਾ-ਕਮਾਲ ਸ਼ਾਇਰ ਅਤੇ ਪਿਆਰਾ ਗਰਾਈਂ ਪੋ੍ਰ. ਕੁਲਵੰਤ ਸਿੰਘ ਔਜਲਾ। ਉਸ ਦੀ ਕਵਿਤਾ ਵਿਚ ਹੈ ਮਾਪਿਆਂ, ਮਾਂਵਾਂ ਅਤੇ ਮੁਹੱਬਤੀਆਂ ਦੀਆਂ ਦੁਆਵਾਂ। ਕਵਿਤਾ ਵਿਚ ਹਨ ਹਲ, ਕਹੀ, ਸੁਹਾਗਾ, ਰੰਬਾ ਅਤੇ ਦਾਤਰੀ ਨਾਲ ਬਾਤਾਂ ਪਾਉਂਦੇ ਬਾਪ ਦੀਆਂ ਗੱਲਾਂ। ਉਸ ਦੀ ਕਵਿਤਾ ਵਿਚ ਖਰਾਸਾਂ, ਖੂਹਾਂ, ਖਲਵਾਣਾਂ ਅਤੇ ਖਰਬੂਜਿਆਂ ਦੀ ਮਹਿਕ ਹੈ। ਇਹ ਕਵਿਤਾ ਸਾਦਗੀ, ਸਭਿਆਚਾਰ, ਸਹਿਚਾਰ, ਸਮਰਪਣ ਅਤੇ ਸੁਪਨਿਆਂ ਦੀ ਸ਼ਬਦ-ਗਾਥਾ ਹੈ। ਕਵਿਤਾ ਵਿਚ ਲਰਜ਼ਦਾ ਹੈ ਸੰਗੀਤ ਅਤੇ ਹਰਫਾਂ ਵਿਚ ਗੀਤਾਂ ਨੂੰ ਮਿਲਦੀ ਹੈ ਪਰਵਾਜ਼।

ਇਸ ਕਵਿਤਾ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਅਤੇ ਕਦਰਾਂ-ਕੀਮਤਾਂ ਦੀ ਪਹਿਰਦੇਦਾਰੀ ਕਰਨ ਦਾ ਵੱਲ ਆਉਂਦਾ ਹੈ। ਪੋ੍ਰ. ਔਜਲਾ ਕਵਿਤਾ ਲਿਖਦਾ ਨਹੀਂ, ਸਗੋਂ ਜਿਉਂਦਾ ਹੈ। ਆਵੇਸ਼ ਅਤੇ ਅਲਹਾਮ ਵਾਂਗ ਕਵਿਤਾ ਉਸ ਦੇ ਮਨ `ਤੇ ਦਸਤਕ ਦਿੰਦੀ ਹੈ। ਪ੍ਰੋ. ਔਜਲਾ ਦੀ ਕਵਿਤਾ, ਬੱਚਿਆਂ ਤੇ ਧੀਆਂ ਦੀ ਕਵਿਤਾ ਹੈ, ਮਾਂ/ਬਾਪ ਅਤੇ ਦਾਦੀਆਂ/ਨਾਨੀਆਂ ਦੀਆਂ ਯਾਦਾਂ ਨੇ। ਇਹ ਕਵਿਤਾ ਬੱਚਿਆਂ ਦੀਆਂ ਮਾਸੂਮ ਗੱਲਾਂ ਵਰਗੀ। ਧੀਆਂ ਦੇ ਸਿਰ `ਤੇ ਸੋਂਹਦੀ ਫੁੱਲਕਾਰੀ ਜਿਹੀ। ਘਰ, ਪਰਿਵਾਰ ਤੇ ਸਮਾਜ ਦੇ ਸਰੋਕਾਰਾਂ ਨੂੰ ਸਮਝਣ ਅਤੇ ਇਸ ਦੇ ਵਿਚ ਪੈਦਾ ਹੋ ਰਹੇ ਬਿਖਰਾਅ ਨੂੰ ਮੁਖਾਤਬ ਹੈ ਇਹ ਕਵਿਤਾ। ਇਹ ਵਰਤਮਾਨ ਅਤੇ ਅਤੀਤ ਦੀ ਕਸ਼ੀਦਗੀ ਵਿਚੋਂ ਭਵਿੱਖ ਦੇ ਵਿਹੜੇ ਵਿਚ ਸਰਘੀ ਉਗਾਉਣ ਦਾ ਸੁੱਚਾ ਕਰਮ ਹੈ। ਤਾਅ-ਉਮਰ ਕਾਵਿਤਾ ਨਾਲ ਪੀਢੀ ਸਾਂਝ ਪੁਗਾਉਣ ਅਤੇ ਕਵਿਤਾ ਨੂੰ ਅਰਪਿੱਤ ਰਹਿਣ ਵਾਲੇ ਮਿੱਤਰ ਤੇ ਸਹਿਪਾਠੀ ਨੇ ਆਖਰ ਆਪਣੀਆਂ ਜੀਵਨ ਭਰ ਦੀਆਂ ਕਵਿਤਾਵਾਂ ਨੂੰ ਇਕ ਲੜੀ ਵਿਚ ਪਰੋ ਕੇ, ਕਾਵਿ-ਰੂਪ ਵਿਚ ਪਾਠਕਾਂ ਦੇ ਹਵਾਲੇ ਕਰ ਕੇ ਇਕ ਤਰ੍ਹਾਂ ਪੰਜਾਬੀ ਬੋਲੀ ਦਾ ਕਰਜ਼ ਲਾਹਿਆ ਹੈ। ਆਪਣੀਆਂ ਕਵਿਤਾਵਾਂ ਬਾਰੇ ਉਹ ਲਿਖਦਾ ਹੈ,
‘ਚਾਚੀਆਂ, ਤਾਈਆਂ ਤੇ ਮਾਸੀਆਂ ਵਰਗੀਆਂ
ਲਿਖੀਆਂ ਨੇ ਬਹੁਤ ਨਜ਼ਮਾਂ,
ਲਿਖ ਨਹੀਂ ਹੋਈ ਮੈਥੋਂ
ਮਾਂ ਵਰਗੀ ਇਕ ਵੀ ਕਵਿਤਾ।
ਤਾਂ ਹੀ ਉਹੀ ‘ਮਾਂ ਵਰਗੀ ਕਵਿਤਾ’ ਨੇ ਹੁਣ ਦਸਤਕ ਦਿੱਤੀ ਹੈ, ਪੰਜਾਬੀ ਅਦਬ ਦੇ ਵਿਹੜੇ।
ਆਪਣੀ ਕਾਵਿ-ਪੁਸਤਕ ਨੂੰ ਛਾਪਣ ਦੇ ਮਕਸਦ ਬਾਰੇ ਪੋ੍ਰ. ਔਜਲਾ ਦਾ ਕਾਵਿ-ਕਥਨ ਹੈ,
ਖੌਰੇ ਕਦ ਆ ਜਾਣੀ ਇਥੋਂ
ਕੂਚ ਕਰਨ ਦੀ ਵਾਰੀ।
ਚੱਲ ਕੁਲਵੰਤ ਸਮੇਟੀਏ
ਆਪਣੀ ਅੱਖਰਾਂ ਦੀ ਬਾਜ਼ਾਰੀ।
ਇਹ ਕਾਵਿ-ਰਚਨਾ ਅੱਠ ਭਾਗਾਂ ਵਿਚ ਫੈਲੀ ਹੋਈ ਅਤੇ ਹਰ ਹਿੱਸਾ ਇਕ ਖਾਸ ਰਿਸ਼ਤੇ ਨੂੰ ਮੁਖਾਤਿਬ ਹੈ। ਰਿਸ਼ਤੇ ਵਿਚਲੀ ਪਾਕੀਜ਼ਗੀ, ਪਾਹੁਲਤਾ ਅਤੇ ਪਕਿਆਈ ਨੂੰ ਹਰਫਾਂ ਥੀਂ ਪਰੋਂਦੀ ਹੈ ਕਵਿਤਾ। ਮਾਂ, ਬਾਪ, ਬੱਚਿਆਂ, ਧੀਆਂ, ਪਰਿਵਾਰ, ਰਿਸ਼ਤਿਆਂ, ਔਰਤ/ਪਤਨੀ, ਘਰ ਤੇ ਮੈਂ ਅਤੇ ਅਤੀਤ ਬਾਰੇ 142 ਕਵਿਤਾਵਾਂ ਹਨ।
ਮਾਂ, ਮਾਂ ਹੀ ਹੁੰਦੀ, ਜੋ ਘਰ ਦਾ ਸੁੱਚਮ ਤੇ ਉਚਮ। ਉਹ ਮਰ ਕੇ ਕਿਧਰੇ ਨਹੀਂ ਜਾਂਦੀ, ਸਗੋਂ ਬੱਚਿਆਂ ਦੇ ਵਿਅਕਤੀਤਵ ਤੇ ਗੁਫਤਗੂ ਵਿਚ ਵੀ ਰਮਾਈ ਹੁੰਦੀ ਹੈ। ਪ੍ਰੋ. ਕੁਲਵੰਤ ਆਪਣੀ ਮਾਂ ਨੂੰ ਚੇਤਿਆਂ ਵਿਚ ਜੀਵੰਤ ਕਰਦਿਆਂ ਲਿਖਦਾ ਹੈ,
ਤੜਕੇ ਉਠ ਕੇ ਮਾਂ ਬਾਲਦੀ
ਚੁੱਲ੍ਹਾ ਚਾਨਣ ਆਸ ਜਿਹਾ।
ਚੁੱਲ੍ਹਾ ਬਲੇ ਤਾਂ ਘਰ ਲੱਗਦਾ ਸੀ
ਰੱਬ ਦੇ ਰਿਜਕ ਨਿਵਾਸ ਜਿਹਾ।
ਜਾਂ
ਮਰ ਕੇ ਮਾਂ ਰਹੇ ਧੜਕਦੀ
ਧੀਆਂ ਪੁੱਤਰਾਂ ਦੇ ਸਾਹਵਾਂ ਵਿਚ।
ਮਰ ਕੇ ਮਾਂ ਰਹੇ ਜਿਉਂਦੀ
ਗੀਤ, ਗਜ਼ਲ ਕਵਿਤਾਵਾਂ ਵਿਚ।
ਕੱਚੇ ਘਰਾਂ, ਕੱਚੇ ਵਿਹੜਿਆਂ ਤੇ ਕੱਚੇ ਚੁੱਲ੍ਹਿਆਂ ਵਿਚ ਮਾਂ ਤੋਂ ਵੱਡਾ ਪੱਕਾ ਕੌਣ ਹੋ ਸਕਦਾ ਹੈ? ਤਾਂ ਹੀ ਪੋ੍ਰ. ਕੁਲਵੰਤ ਕਹਿੰਦਾ ਹੈ, ‘ਕੱਚੇ ਘਰ ਵਿਚ ਸਭ ਤੋਂ ਪੱਕੀ ਸਾਡੀ ਮਾਂ ਹੁੰਦੀ ਸੀ।’
ਮਾਂ ਆਪਣੇ ਪਰਦੇਸੀ ਪੁੱਤ ਨੂੰ ਉਲਾਂਭਾ ਦਿੰਦੀ ਹੈ,
ਮੈਨੂੰ ਨਹੀਂ ਸੀ ਪਤਾ ਕਿ
ਡਾਲਰਾਂ ਦੀ ਰਣਭੂਮੀ ਵਿਚ
ਜਲਾਵਤਨੀ ਦੇ ਤੀਰਾਂ ਨਾਲ
ਇੰਨੀ ਬੁਰੀ ਤਰ੍ਹਾਂ ਵਿੰਨਿਆ ਜਾਵੇਂਗਾ
ਅਤੇ ਸਰਦ ਹੋ ਜਾਵੇਗੀ
ਤੇਰੇ ਖੂਨ ਦੀ ਤਪਸ਼।
ਜਾਂ
ਨਿਗਲ ਲੈਣਾ ਹੈ ਪੌਂਡਾਂ ਡਾਲਰਾਂ
ਤੇਰਾ ਅੰਬਾਂ ਵਾਲਾ ਦੇਸ਼ ਨੀ ਮਾਏ।
ਵਿਚ ਸੰਦੂਕਾਂ ਰਹਿ ਜਾਣੇ
ਸਭ ਤੇਰੇ ਦਰੀਆਂ ਖੇਸ ਨੀ ਮਾਏ।
ਬਾਪ ਬਾਰੇ ਪੋ੍ਰ. ਕੁਲਵੰਤ ਔਜਲਾ ਦੀਆਂ ਕਵਿਤਾਵਾਂ ਕਮਾਲ ਦੀਆਂ ਹਨ, ਜਿਨ੍ਹਾਂ ਵਿਚ ਬਾਪ ਦੀ ਬੰਦਗੀ ਤੇ ਬੰਦਿਆਈ ਦਾ ਨੂਰ ਹੈ। ਗ੍ਰੰਥਾਂ ਵਰਗੇ ਬਾਪ ਲਈ ਹਰਫ-ਬੰਧਨਾ ਕਰਦਾ ਹੈ,
ਹਲ ਵਾਹਕ ਬਾਪ ਮੇਰਾ
ਬੰਦਾ ਬਾ-ਕਮਾਲ ਸੀ।
ਕਿਰਤੀ ਸੁਭਾਅ ਤੇ
ਸਾਧੂਆਂ ਜਿਹੀ ਚਾਲ ਸੀ।
ਜਾਂ
ਬਾਪ ਦੀ ਕਿਰਤ ਵਿਚੋਂ ਬੋਲਦੇ
ਨਾਨਕ ਬੁੱਧ ਕਬੀਰ,
ਮਾਰਕਸ ਅਰਸਤੂ ਤੇ ਫਰਦ ਫਕੀਰ।
ਜਾਂ
ਘਰ ਜ਼ਮੀਨ ਟਰੈਕਟਰ ਗੱਡੀਆਂ
ਸਭ ਕੁਝ ਵੰਡ ਲਿਆ,
ਸਮਝ ਨਹੀਂ ਆਉਂਦਾ ਵੰਡੀਏ ਕਿੱਦਾਂ
ਬਾਪੂ ਦੀ ਗੰਡਾਸੀ ਨੂੰ।
ਗੰਡਾਸੀ ਵੰਡਣ ਲਈ ਸਿਰਫ ਬਚਦਾ ਹੈ, ਸ਼ਾਇਰ ਮਨ ਤੇ ਸੰਤੋਖੀ ਆਤਮਾ, ਜਿਸ ਨੂੰ ਆਪਣੀ ਵਿਰਾਸਤ ਅਤੇ ਮਿੱਟੀ ਨਾਲ ਮੋਹ ਹੋਵੇ; ਜਿਸ ਨੇ ਬਾਪ ਦੇ ਮੁੜ੍ਹਕੇ ਦੀ ਮਹਿਕ ਨੂੰ ਮਾਣਿਆ ਹੋਵੇ; ਜਿਸ ਨੇ ਬਾਪ ਦੇ ਪਰਨੇ ਦੀ ਛਾਂ ਹੇਠ ਦੁਪਹਿਰਾਂ ਹੰਢਾਈਆਂ ਹੋਣ।
ਪੋ੍ਰ. ਕੁਲਵੰਤ ਦੀ ਆਪਣੀ ਬੇਟੀ ਨਹੀਂ ਹੈ, ਪਰ ਉਸ ਦੀ ਭੈਣ, ਭਤੀਜੀਆਂ ਤੇ ਨੂੰਹ, ਧੀਆਂ ਬਣ ਕੇ ਕਵਿਤਾ ਵਿਚ ਆਉਂਦੀਆਂ ਨੇ ਅਤੇ ਵਰਕਿਆਂ `ਤੇ ਫੈਲਦੀਆਂ ਨੇ। ਉਹ ਧੀਆਂ ਦੇ ਦਰਦ ਨੂੰ ਸਮਝਦਾ ਹੈ, ਉਨ੍ਹਾਂ ਦੀ ਵੇਦਨਾ ਵਿਚ ਪਸੀਜਦਾ ਵੀ ਅਤੇ ਉਨ੍ਹਾਂ ਨੂੰ ਆਪਣੇ ਰਾਹ ਖੁਦ ਨਿਸ਼ਚਿਤ ਕਰਨ ਲਈ ਨਸੀਹਤ ਵੀ ਦਿੰਦਾ ਹੈ। ਉਹ ਲਿਖਦਾ ਹੈ,
ਧੀ ਹੁੰਦੀ ਹੈ ਕਵਿਤਾ ‘ਚ
ਜਿਊਂਦੀ ਲੈਅ ਵਰਗੀ
ਕੋਈ ਅਤਿ ਕੀਮਤੀ ਸ਼ੈਅ ਵਰਗੀ
ਹਰਫਾਂ ਵਿਚਲੀ ਲੋਅ ਵਰਗੀ
ਤੇ ਸਾਹਾਂ ਦੀ ਖੁਸ਼ਬੋ ਵਰਗੀ।

ਪੁੱਤ ਪਰ ਹੁੰਦੇ ਨੇ ਜਾਇਦਾਦ ਦੇ ਵਾਰਸ
ਪੁਰਖਿਆਂ ਦਾ ਖੂਨ
ਤੇ ਭਵਿੱਖ ਦੀ ਫੋਕੀ ਜਿਹੀ ਢਾਰਸ
ਬਸ ਇਹੋ ਫਰਕ ਹੁੰਦਾ ਹੈ ਪੁੱਤ ਤੇ ਧੀ ਵਿਚ।
ਧੀਆਂ ਅਤੇ ਪੁੱਤਾਂ ਦੇ ਫਰਕ ਦੀ ਪਾਰਖੂ ਸਮਝ ਰੱਖਣ ਵਾਲੇ ਪੋ੍ਰ. ਕੁਲਵੰਤ ਨੇ ਕੇਹਾ ਨਿੱਗਰ ਕਾਵਿ-ਵਿਸ਼ਲੇਸ਼ਣ ਕੀਤਾ ਹੈ।
ਬੱਚੇ ਘਰ ਦਾ ਸਿ਼ੰਗਾਰ ਅਤੇ ਭਵਿੱਖ ਦੇ ਵਾਰਸ ਹੁੰਦੇ। ਉਨ੍ਹਾਂ ਦੀ ਹਾਜ਼ਰੀ ਵਿਚ ਜਜ਼ਬਾਤ ਤੇ ਜਜ਼ਬਿਆਂ ਨੂੰ ਨਵੀਂ ਤਸ਼ਬੀਹ ਤੇ ਤਕਦੀਰ ਮਿਲਦੀ,
ਜਜ਼ਬੇ ਜਗਾਉਣ ਤੇ ਉਡਾਉਣ ਅਸਮਾਨ ਵਿਚ।
ਖਾਬ ਤੇ ਰਬਾਬ ਹੁੰਦੇ ਤੋਤਲੀ ਜ਼ੁਬਾਨ ਵਿਚ।
ਜਾਂ
ਮਾਂ ਤੇ ਪੁੱਤ ਦੋਵੇਂ ਸੁਰ ਤੇ ਰਬਾਬ ਹੁੰਦੇ।
ਮਾਂ ਤੇ ਪੁੱਤ ਦੋਵੇਂ ਧਰਤੀ ਤੇ ਆਬ ਹੁੰਦੇ।
ਪੋ੍ਰ. ਕੁਲਵੰਤ ਔਜਲਾ ਦੇ ਚੇਤਿਆਂ ਵਿਚ ਵੱਸਦਾ ਹੈ, ਪੰਜਾਬੀ ਯੂਨੀਵਰਸਿਟੀ ਦਾ ਉਹ ਸੰਸਾਰ ਅਤੇ ਮਿੱਤਰ ਪਿਆਰੇ (ਡਾ. ਜਸਵਿੰਦਰ ਸਿੰਘ, ਡਾ. ਮੱਖਣ ਸਿੰਘ, ਡਾ. ਸਤੀਸ਼ ਵਰਮਾ ਅਤੇ ਡਾ. ਪਵਨ), ਜਿਸ ਵਿਚ ਉਹਦੇ ਸੁਪਨਿਆਂ ਨੇ ਪਰਵਾਜ਼ ਭਰੀ ਤੇ ਜਿਥੇ ਜੀਵਨ-ਭਰ ਦੀਆਂ ਦੋਸਤੀਆਂ ਦਾ ਮੁੱਢ ਬੱਝਾ। ਉਹ ਹੁਣ ਵੀ ਆਪਣੇ ਬੀਤੇ ਦਿਨਾਂ ਦੀ ਸੁਖਨਤਾ ਨੂੰ ਮਾਣਦਾ ਹੈ; ਤਾਂ ਹੀ ਉਹ ਪਿੱਛਲਝਾਤ ਮਾਰਦਾ ਹੈ,
ਤੇ ਲੱਭੀਏ ਉਹ ਜ਼ਮੀਨ
ਕਿ ਜਿਥੇ ਅਸੀਂ
ਜਸਵਿੰਦਰ ਮੱਖਣ ਸਤੀਸ਼
ਪਵਨ ਤੇ ਕੁਲਵੰਤ
ਉਗਾਉਂਦੇ ਰਹੇ ਖਾਬਾਂ ਵਰਗੀ ਜਿ਼ੰਦਗੀ
ਤੇ ਕਲਪਦੇ ਰਹੇ ਕਵਿਤਾ ਵਰਗਾ ਅੰਤ।
ਤੇ ਅਖੀਰ ਵਿਚ ਪੋ੍ਰ. ਕੁਲਵੰਤ ਔਜਲਾ ਜੀਵਨ ਦੇ ਸਦੀਵੀ ਸੱਚ ਨੂੰ ਕਬੂਲਦਾ ਹੈ। ਆਪਣੀ ਅੱਖਰੀ ਅਮਾਨਤ ਨੂੰ ਆਪਣੇ ਪਿਆਰਿਆਂ ਦੇ ਸਪੁਰਦ ਕਰ, ਖੁਦ ਸੁਰਖਰੂ ਹੋਣਾ ਲੋਚਦਾ ਹੈ ਤਾਂ ਕਿ ਉਸ ਦੇ ਅੱਖਰਾਂ ਦੀ ਲੋਅ ਸਦਾ ਬਰਕਰਾਰ ਰਹੇ। ਉਹ ਲਿਖਦਾ ਹੈ,
ਕਰਨਗੇ ਲੋਕੀਂ ਗੱਲਾਂ ਪਿਛੋਂ
ਹੁੰਦਾ ਸੀ ਲਿਖਾਰੀ।
ਰਹੂ ਅਬਾਦ ਹਮੇਸ਼ਾ
ਉਹਦੇ ਲਫਜ਼ਾਂ ਦੀ ਲੈਅਕਾਰੀ।
ਪਰ ਪੋ੍ਰ. ਕੁਲਵੰਤ ਦੇ ਕਾਵਿ-ਸਫਰ ਨੇ ਹੋਰ ਬਹੁਤ ਵੱਡੀਆਂ ਮੱਲਾਂ ਮਾਰਨੀਆਂ ਹਨ ਅਤੇ ਉਚਤਮ ਕਾਵਿ-ਕਿਰਤਾਂ, ਪੰਜਾਬੀ ਪਿਆਰਿਆਂ ਦੀ ਝੋਲੀ ਵਿਚ ਪਾ ਕੇ ਪੰਜਾਬੀ ਅਦਬ ਨੂੰ ਹੋਰ ਅਮੀਰ ਕਰਨਾ ਹੈ। ਇਹ ਆਸ ਹੀ ਨਹੀਂ ਸਗੋਂ ਮੈਨੂੰ ਪੂਰਨ ਵਿਸ਼ਵਾਸ ਹੈ ਪੋ੍ਰ. ਕੁਲਵੰਤ ਔਜਲਾ ਦੀ ਕਲਮ-ਕੀਰਤੀ ‘ਤੇ।
‘ਮਾਂ ਵਰਗੀ ਕਵਿਤਾ’ ਲਈ ਢੇਰ ਸਾਰੀਆਂ ਮੁਬਾਰਕਾਂ!