ਅਯੁੱਧਿਆ ਜ਼ਮੀਨੀ ਘੁਟਾਲੇ ‘ਤੇ ਭਾਰਤੀ ਜਨਤਾ ਪਾਰਟੀ ਦੀ ਘੇਰਾਬੰਦੀ

ਨਵੀਂ ਦਿੱਲੀ: ਅਯੁੱਧਿਆ ‘ਚ ਜ਼ਮੀਨੀ ਸੌਦੇ ਦਾ ਇਕ ਹੋਰ ਮਾਮਲਾ ਸਾਹਮਣੇ ਆਉਣ ਮਗਰੋਂ ਕਾਂਗਰਸ ਨੇ ਸਰਕਾਰ ‘ਤੇ ਹਮਲਾ ਕਰਦਿਆਂ ਇਸ ਨੂੰ ‘ਰਾਮਧ੍ਰੋਹ‘ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੀ ਲੁੱਟ ਅਤੇ ਮੁਨਾਫਾਖੋਰੀ ‘ਚ ਸ਼ਮੂਲੀਅਤ ਵਾਲੇ ਵਿਅਕਤੀ ‘ਚੰਦਾਜੀਵੀ‘ ਹਨ। ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ,”ਇਹ ਜਿੰਮੇਵਾਰੀ ਸੁਪਰੀਮ ਕੋਰਟ ਅਤੇ ਪ੍ਰਧਾਨ ਮੰਤਰੀ ਦੀ ਬਣਦੀ ਹੈ ਕਿ

ਉਹ ਜਮੀਨ ਦੀ ਵੇਚ-ਵੱਟ ਅਤੇ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਦਾਨ ਦੀ ਸਾਰੀ ਪ੍ਰਕਿਰਿਆ ਦਾ ਆਡਿਟ ਕਰਵਾ ਕੇ ਸੱਚ ਦਾ ਪਤਾ ਲਾਉਣ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਟਰੱਸਟ ਬਣਾਇਆ ਗਿਆ ਸੀ।“
ਕਾਂਗਰਸ ਨੇ ਦੋਸ਼ ਲਾਇਆ ਕਿ ਦੂਜਾ ਸੌਦਾ ਦੀਪ ਨਾਰਾਇਣ ਅਤੇ ਟਰੱਸਟ ਵਿਚਕਾਰ ਹੋਇਆ। ਦੀਪ ਨਾਰਾਇਣ ਭਾਜਪਾ ਦਾ ਸਾਬਕਾ ਮੈਂਬਰ ਹੈ ਅਤੇ ਉਹ ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਦਾ ਭਤੀਜਾ ਹੈ ਜਿਸ ਨੇ ਕੌਡੀਆਂ ਦੇ ਭਾਅ ਜਮੀਨ ਖਰੀਦਣ ਮਗਰੋਂ ਮੋਟੇ ਭਾਅ ‘ਤੇ ਅੱਗੇ ਜਮੀਨ ਵੇਚੀ ਹੈ। ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮੁੱਦੇ ‘ਤੇ ਮਹੰਤ ਨ੍ਰਿਤਿਆ ਗੋਪਾਲ ਦਾਸ ਨਾਲ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਕਾਂਗਰਸ ਆਗੂ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦਾ ਕੰਮ ਨਹੀਂ ਰੁਕਣਾ ਚਾਹੀਦਾ ਹੈ ਪਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਰੋੜਾਂ ਰਾਮ ਭਗਤਾਂ ਦੀ ਆਸਥਾ ਦਾ ਸਵਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਨੇ ਫਰਵਰੀ ‘ਚ ਅਯੁੱਧਿਆ ‘ਚ 890 ਵਰਗ ਮੀਟਰ ਜਮੀਨ 20 ਲੱਖ ਰੁਪਏ ‘ਚ ਖਰੀਦੀ ਸੀ ਜਿਸ ਨੂੰ ਮੰਦਰ ਟਰੱਸਟ ਨੂੰ ਢਾਈ ਕਰੋੜ ਰੁਪਏ ‘ਚ ਅੱਗੇ ਵੇਚਿਆ ਗਿਆ। ਭਾਜਪਾ ਆਗੂ ਨੇ ਮਹਿਜ 79 ਦਿਨਾਂ ‘ਚ 1250 ਫੀਸਦ ਮੁਨਾਫਾ ਕਮਾਇਆ। ਇਸ ਤੋਂ ਪਹਿਲਾਂ ਕਾਂਗਰਸ ਨੇ ਦੋਸ਼ ਲਾਇਆ ਸੀ ਕਿ 2 ਕਰੋੜ ਰੁਪਏ ‘ਚ ਖਰੀਦੀ ਗਈ ਜਮੀਨ ਕੁਝ ਮਿੰਟਾਂ ਦੇ ਅੰਦਰ ਹੀ ਟਰੱਸਟ ਨੂੰ ਸਾਢੇ 18 ਕਰੋੜ ਰੁਪਏ ‘ਚ ਵੇਚੀ ਗਈ ਸੀ। ਉਨ੍ਹਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਸ ਘੁਟਾਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।