ਤਰਲੋਚਨ ਸਿੰਘ ਦੁਪਾਲਪੁਰ
ਪਾਕਿਸਤਾਨ ਦੀ ਅਫਗਾਨਿਸਤਾਨ ਨਾਲ ਲਗਦੀ ਸਰਹੱਦ ਦੇ ਆਸ-ਪਾਸ ਸਵਾਤ ਘਾਟੀ ਨਾਂ ਦਾ ਇਲਾਕਾ; ਜਿਥੇ ਸੰਵਿਧਾਨ ਦੇ ਪੋਥਿਆਂ ਵਿਚ ਲਿਖੇ ਹੋਏ ਜਾਂ ਪਾਰਲੀਮੈਂਟ ਦੇ ਘੜੇ ਹੋਏ ਕਾਨੂੰਨ ਨਹੀਂ ਚੱਲਦੇ, ਸਗੋਂ ਤਾਲਿਬਾਨ ਦੀਆਂ ਸਟੇਨਗੰਨਾਂ ਹੀ ਕਾਨੂੰਨ ਬਣਾਉਂਦੀਆਂ ਹਨ ਤੇ ਹਕੂਮਤ ਚਲਾਉਂਦੀਆਂ ਹਨ। ਯਾਦ ਰਹੇ, ਇਹ ਉਹੀ ਇਲਾਕਾ ਹੈ ਜਿੱਥੇ ਸਿੱਖ ਰਾਜ ਵੇਲੇ ਸ਼ ਹਰੀ ਸਿੰਘ ਨਲੂਏ ਦੀ ਫੌਜ ਨਾਲ ਵਾਪਰੀ ਇਕ ਘਟਨਾ ਨੂੰ ਲੈ ਕੇ ਪ੍ਰੋæ ਮੋਹਨ ਸਿੰਘ ਨੇ ‘ਦੇਸ ਪਿਆਰ’ ਨਾਮ ਦੀ ਕਵਿਤਾ ਲਿਖੀ ਸੀ। ਇਸ ਕਵਿਤਾ ਵਿਚ ਇਕ ਬੁੱਢੇ ਅਫ਼ਗਾਨ ਦੀ ਦੇਸ ਭਗਤੀ ਦਾ ਵਰਣਨ ਬੜੀ ਖੂਬਸੂਰਤੀ ਨਾਲ ਕੀਤਾ ਗਿਆ ਹੈ ਜੋ ਸਿੱਖ ਸੈਨਿਕਾਂ ਹੱਥੋਂ ਅੱਖਾਂ ਸਾਹਵੇਂ ਆਪਣਾ ਪੁੱਤ ਮਰਦਾ ਤਾਂ ਦੇਖ ਲੈਂਦਾ ਹੈ ਪਰ ਆਪਣੇ ਹਾਕਮਾਂ ਦੇ ਪਹਾੜੀ ਕਿਲੇ ਬਾਰੇ ਕੋਈ ਥਹੁ-ਪਤਾ ਨਹੀਂ ਦੱਸਦਾ। ਨਲੂਏ ਸਰਦਾਰ ਦੀਆਂ ਸੰਗੀਨਾਂ ਦਾ ਖੌਫ ਦਿਲੋਂ ਭੁਲਾ ਕੇ ਉਹ ਲਲਕਾਰਦਾ ਕਹਿੰਦਾ ਹੈ,
ਹਿੱਕ ਬੁੱਢੇ ਦੀ ਚੀਰ ਕੇ ਤੇਰੀ ਸਰਵਾਹੀ
ਲੱਭੇਗੀ ਹੁਣ ਸੋਹਣਿਆਂ ਕਿਲੀ ਦਾ ਬੂਹਾ।
ਉਸ ਇਲਾਕੇ ਦੇ ਤਾਲਿਬਾਨ, ਜਿਨ੍ਹਾਂ ਨੂੰ ਆਪਾਂ ਆਪਣੀ ਬੋਲੀ ‘ਚ ਪਾੜ੍ਹੇ ਜਾਂ ‘ਪਾੜ੍ਹਿਆਂ ਦੀ ਪਾਰਟੀ’ ਕਹਿ ਸਕਦੇ ਹਾਂ; ਉਨ੍ਹਾਂ ਹੁਕਮ ਚਾੜ੍ਹਿਆ ਹੋਇਐ ਕਿ ਕੁੜੀਆਂ ਦੀ ਪੜ੍ਹਾਈ ਬੰਦ ਕੀਤੀ ਜਾਵੇ; ਕਿਉਂਕਿ ਜੇ ਇਹ ਪੜ੍ਹ-ਲਿਖ ਜਾਣ ਤਾਂ ਇਨ੍ਹਾਂ ‘ਤੇ ਪੱਛਮੀ ਸੱਭਿਅਤਾ ਦਾ ਰੰਗ ਚੜ੍ਹ ਜਾਂਦਾ ਹੈ! ਉਹ ਪੱਛਮੀ ਵਰਤੋਂ-ਵਿਹਾਰ ਨੂੰ ਸਥਾਨਕ ਸਭਿਆਚਾਰ ਲਈ ਖ਼ਤਰਾ ਮੰਨਦੇ ਹਨ। ਉਥੋਂ ਦੀ ਚੌਦਾਂ ਸਾਲਾ ਬਾਲੜੀ ਮਲਾਲਾ, ਪੜ੍ਹਾਈ ਜਾਰੀ ਰੱਖਣ ਦੀ ਜ਼ਿੱਦ ਦੇ ਨਾਲ-ਨਾਲ ਹਿਜ਼ਾਬ ਜਾਂ ਬੁਰਕਾ ਪਹਿਨਣ ਤੋਂ ਵੀ ਬਗਾਵਤੀ ਤੇਵਰ ਦਿਖਾਉਣ ਲੱਗੀ। ਇਸੇ ਗੁਨਾਹ ਹੇਠ ਗੁਸੈਲ ਤਾਲਿਬਾਨ ਨੇ ਉਸ ਦੀ ਸਕੂਲ ਬੱਸ ਘੇਰ ਲਈ ਤੇ ‘ਮਲਾਲਾ ਕਿਹੜੀ ਹੈ?’ ਪੁੱਛ ਕੇ ਉਹਦੇ ‘ਤੇ ਗੋਲੀ ਚਲਾ ਦਿੱਤੀ। ਖ਼ੁਦਾ ਦਾ ਲੱਖ ਲੱਖ ਸ਼ੁਕਰ ਕਿ ਉਸ ਬਹਾਦਰ ਕੁੜੀ ਨੂੰ ਸਮੇਂ ਸਿਰ ਮੈਡੀਕਲ ਸਹਾਇਤਾ ਮਿਲ ਗਈ ਤੇ ਅਖ਼ਬਾਰੀ ਖ਼ਬਰਾਂ ਅਨੁਸਾਰ ਉਹ ਹੁਣ ਸਿਹਤਯਾਬ ਹੋ ਰਹੀ ਹੈ।
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੀ ਯਾਤਰਾ ‘ਤੇ ਜਾਣ ਵਾਲੇ ਸੱਜਣ ਦੱਸਦੇ ਨੇ ਕਿ ਪਾਕਿਸਤਾਨ ਸਾਡੇ ਦੇਸ਼ ਨਾਲੋਂ ਲਗਭਗ ਅੱਧੀ ਸਦੀ ਪਛੜਿਆ ਹੋਇਆ ਹੈ। ਇਹ ‘ਅੱਧੀ ਸਦੀ’ ਵਾਲਾ ਅੰਕੜਾ ਬਿਲਕੁਲ ਦਰੁਸਤ ਜਾਪਦਾ ਹੈ ਕਿਉਂਕਿ 50-60 ਸਾਲ ਪਹਿਲਾਂ ਜੇ ਪੂਰੇ ਪੰਜਾਬ ‘ਚ ਨਹੀਂ, ਤਾਂ ਸਾਡੇ ਦੁਆਬੇ ਵਿਚ ਵੀ ਕੁੜੀਆਂ ਨੂੰ ਸਕੂਲੇ ਭੇਜਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਇਹ ਵਿਰੋਧ ਗੰਨਾਂ-ਰਾਈਫਲਾਂ ਨਾਲ ਨਹੀਂ ਸੀ ਕੀਤਾ ਜਾਂਦਾ; ਜਿਵੇਂ ਅੱਜ ਤਾਲਿਬਾਨ ਕਰ ਰਹੇ ਹਨ। ਹਾਂ, ਕੁੜੀਆਂ ਨੂੰ ਪੜ੍ਹਾਉਣ ਵਿਰੁਧ ਲਿਖਤੀ ਤੇ ਮੌਖਿਕ ਪ੍ਰਚਾਰ ਜ਼ਰੂਰ ਹੁੰਦਾ ਰਿਹਾ।
ਪਾਕਿਸਤਾਨ ਦੀ ਜੰਮਪਲ ਮੇਰੀ ਮਾਂ ਦੱਸਿਆ ਕਰਦੀ ਸੀ ਕਿ ਸੰਨ ’47 ਤੋਂ ਬਾਅਦ ਜਦੋਂ ਦੇਸ ਵਿਚ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਤਾਂ ਕੁੜੀਆਂ ਨੂੰ ਸਕੂਲਾਂ ‘ਚ ਭੇਜਣ ਖਿਲਾਫ ਬੜੀ ਤਕੜੀ ਮੁਹਿੰਮ ਚੱਲੀ। ਉਨ੍ਹਾਂ ਸਮਿਆਂ ਦੇ ਕਿਸੇ ‘ਅਣਖੀਲੇ ਸ਼ਾਇਰ’ ਦਾ ਲਿਖਿਆ ਕਿੱਸਾ ਸਾਡੀ ਮਾਂ ਨੂੰ ਜ਼ੁਬਾਨੀ ਯਾਦ ਸੀ। ਬੈਂਤ ਛੰਦ ਵਿਚ ਰਚੇ ਹੋਏ ਉਸ ਕਿੱਸੇ ਵਿਚ ਉਹ ਸਾਰੀਆਂ ‘ਖਰਾਬੀਆਂ’ ਅਤੇ ‘ਬਰਬਾਦੀਆਂ’ ਵਰਣਨ ਕੀਤੀਆਂ ਹੋਈਆਂ ਸਨ ਜੋ ਪੜ੍ਹ-ਲਿਖ ਜਾਣ ਵਾਲੀਆਂ ਕੁੜੀਆਂ ਵਿਚ ਖੁਦ-ਬਖੁਦ ਆ ਜਾਣੀਆਂ ਸਨ। ਸਾਡੀ ਮਾਂ ਬੜੇ ਰਹਾ ਨਾਲ ਇਹ ਕਿੱਸਾ ਗਾਉਂਦੀ ਹੁੰਦੀ ਸੀ। ਉਸ ਦੀਆਂ ਦੋ ਕੁ ਸਤਰਾਂ ਮੈਨੂੰ ਹੁਣ ਤੱਕ ਵੀ ਯਾਦ ਹਨ,
ਸੋਲ਼ਾਂ ਸਾਲ ਦੀ ਕੰਨਿਆਂ
ਪੜ੍ਹਨੇ ਪਾਈ ਸਕੂਲ।
ਉਸ ਦੇ ਮਾਈ ਬਾਪ ਨੂੰ
ਸ਼ਰਮ ਨਾ ਆਈ ਮੂਲ।
ਜਦੋਂ ਕੁ ਮੈਂ ਸੁਰਤ ਸੰਭਾਲੀ, ਸੰਨ 1966 ਤੋਂ 68-69 ਦੇ ਸਮਿਆਂ ਦੌਰਾਨ ਨਰਿੰਦਰ ਬੀਬਾ ਤੇ ਉਹਦੇ ਕਿਸੇ ਜੋਟੀਦਾਰ ਦਾ ਗਾਇਆ ਗੀਤ ਬੜਾ ਮਕਬੂਲ ਹੋਇਆ ਸੀ ਜਿਸ ਵਿਚ ਗੁਰਮੁਖੀ ਦੀ ਸਾਰੀ ‘ਪੈਂਤੀ’ ਬੋਲਣ ਦੇ ਨਾਲ-ਨਾਲ ਪੜ੍ਹਨ-ਪੜ੍ਹਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਸੀ। ਉਸ ਗੀਤ ਵਿਚ ਵੀ ਮਰਦ ਕਲਾਕਾਰ ਕੁੜੀ ਨੂੰ ਸਕੂਲੇ ਜਾਣ ਤੋਂ ਵਰਜਦਾ ਹੋਇਆ ਆਪਣਾ ਇਹ ‘ਤੌਖਲਾ’ ਜ਼ਾਹਰ ਕਰਦਾ ਹੈ,
ਜੇ ਤੂੰ ਜਾ ਕੇ ਸਕੂਲ ਪੜ੍ਹ ਲਿਖ ਜਾਏਂਗੀ।
ਨੀ ਤੂੰ ਚਿੱਠੀਆਂ ‘ਬਿਗਾਨਿਆਂ’ ਨੂੰ ਲਿਖ ਲਿਖ ਪਾਏਂਗੀ।
ਸਮੇਂ ਨੇ ਥੋੜ੍ਹੀ ਕਰਵਟ ਬਦਲੀ ਤਾਂ ਸਾਡੇ ਇਲਾਕੇ ਦੀਆਂ ਕੁੜੀਆਂ ਨੂੰ ਇੰਨੀ ਕੁ ‘ਖੁੱਲ੍ਹ’ ਮਿਲੀ ਕਿ ਉਹ ਪੰਜਵੀਂ ਪਾਸ ਕਰਨ ਲੱਗ ਪਈਆਂ। ਇਹ ਫਰਾਖ਼ਦਿਲੀ ਵੀ ਵਿਰਲੇ-ਵਿਰਲੇ ਘਰਾਂ ਨੇ ਹੀ ਦਿਖਾਉਣੀ ਸ਼ੁਰੂ ਕੀਤੀ ਸੀ। ਮੈਨੂੰ ਆਪਣੇ ਪਿੰਡ ਦਾ ਚੇਤਾ ਹੈ ਕਿ ਪ੍ਰਾਇਮਰੀ ਦੀ ‘ਡਿਗਰੀ’ ਲੈ ਚੁੱਕੀਆਂ ਕੁੜੀਆਂ ਪੰਜ ਗ੍ਰੰਥੀ ਅਤੇ ਰੇਹਲ ਚੁੱਕ ਕੇ ਸਾਡੇ ਘਰ ਆਉਂਦੀਆਂ ਹੁੰਦੀਆਂ ਸਨ। ਮੇਰਾ ਬਾਪ ਜਾਂ ਸਾਡੀ ਮਾਤਾ, ਉਨ੍ਹਾਂ ਨੂੰ ਜਪੁ ਜੀ ਸਾਹਿਬ, ਸੁਖਮਨੀ ਸਾਹਿਬ ਦੀਆਂ ਬਾਣੀਆਂ ਦੀ ਸੰਥਿਆ ਦਿਆ ਕਰਦੇ ਸਨ। ਮੈਨੂੰ ਯਾਦ ਐ ਕਿ ਅਕਸਰ ਬਹੁਤੀਆਂ ਕੁੜੀਆਂ ਨੂੰ ਮੂਲ ਮੰਤਰ ਵਿਚਲਾ ‘ਸੈਭੰ’ ਨਹੀਂ ਸੀ ਉਚਾਰਨ ਕਰਨਾ ਆਉਂਦਾ। ਵਿਚਾਰੀਆਂ ‘ਭੰਗ ਭੰਗ’ ਹੀ ਕਹਿੰਦੀਆਂ ਰਹਿੰਦੀਆਂ। ਵਿਚ-ਵਿਚਾਲੇ ਮੇਰੀ ਮਾਂ ਉਨ੍ਹਾਂ ਨੂੰ ਸੁਚੱਜੇ ਵਰਤੋਂ-ਵਿਹਾਰ ਦੀ ਸਿੱਖਿਆ ਵੀ ਦਿਆ ਕਰਦੀ ਸੀ, ਕਿਉਂਕਿ ਪੰਜ ਗ੍ਰੰਥੀ ਸੰਪੂਰਨ ਕਰ ਲੈਣ ਵਾਲੀਆਂ ਕੁੜੀਆਂ ਲਈ ਅਗਲਾ ‘ਸਟੈਪ’ ਬਿਗਾਨੇ ਘਰ ਤੋਰ ਦੇਣ ਦਾ ਹੀ ਹੁੰਦਾ ਸੀ। ਇਕ-ਦੋ ਸਾਲਾਂ ਦੇ ਅੱਗੜ-ਪਿੱਛੜ ਨਾਲ ਇਨ੍ਹਾਂ ਕੁੜੀਆਂ ਦੇ ਹੱਥ ਪੀਲੇ ਕਰ ਹੀ ਦਿੱਤੇ ਜਾਂਦੇ ਸਨ। ‘ਪੇਕੀਂ ਕੱਸੀਆਂ ਸਹੁਰੀਂ ਵੱਸੀਆਂ’ ਵਾਲੀ ਕਹਾਵਤ ਦਾ ਉਨ੍ਹਾਂ ਸਮਿਆਂ ਵਿਚ ਡੰਕੇ ਦੀ ਚੋਟ ਨਾਲ ਪਾਲਣ ਕੀਤਾ ਜਾਂਦਾ ਸੀ।
ਮੈਨੂੰ ਆਪਣੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਵੇਲੇ ਦੀ ਘਟਨਾ ਯਾਦ ਹੈ ਜਦੋਂ ਇਕ ‘ਤਾਲਿਬਾਨੀ ਸਰਪੰਚ’ ਸਾਡੇ ਸਕੂਲ ਆ ਵੜਿਆ ਸੀ। ਉਸ ਨੂੰ ਅਧਿਆਪਕਾਂ ਨੇ ਰਲ਼-ਮਿਲ ਕੇ ਬੜੀ ਮੁਸ਼ਕਿਲ ਨਾਲ ‘ਠੰਢਾ’ ਕੀਤਾ ਸੀ। ਗੱਲ ਇੰਜ ਹੋਈ ਕਿ ਸਾਡੇ ਸਕੂਲ ਵਿਚ ਰਾਹੋਂ ਕਸਬੇ ਦਾ ਇਕ ਅਧਿਆਪਕ ਆ ਲੱਗਿਆ। ਨਵੀਂ-ਨਵੀਂ ਜੇæਬੀæਟੀæ ਕਰ ਕੇ ਆਏ ਨੂੰ, ਉਸ ਨੂੰ ‘ਵਿੱਦਿਆ ਫੈਲਾਉਣ’ ਦਾ ਜਨੂਨ ਚੜ੍ਹਿਆ ਹੋਇਆ ਹੋਣੈ! ਯਸ਼ਪਾਲ ਪਾਠਕ ਨਾਮ ਵਾਲੇ ਇਸ ਮਾਸਟਰ ਨੇ ਸਕੂਲ ਵਿਚ ਥੋੜ੍ਹੇ ਜਿਹੇ ਵਿਦਿਆਰਥੀ ਦੇਖ ਕੇ ਇਨ੍ਹਾਂ ਦੀ ਗਿਣਤੀ ਵਧਾਉਣ ਲਈ ਸਕੀਮ ਬਣਾਈ। ਉਸ ਨੇ ਲਾਗੇ-ਲਾਗੇ ਦੇ ਪਿੰਡਾਂ ਦੇ ਸਰਪੰਚਾਂ ਲੰਬੜਦਾਰਾਂ ਦੀ ਮੀਟਿੰਗ ਸਕੂਲ ਵਿਚ ਰੱਖ ਲਈ। ਸਾਡੇ ਗੁਆਂਢੀ ਪਿੰਡ ਅਟਾਰੀ ਦਾ ਸਰਪੰਚ ਹਜ਼ਾਰਾ ਸਿੰਘ ਵੀ ਪਹੁੰਚ ਗਿਆ। ਨਿਆਣਿਆਂ ਨੂੰ ਸਕੂਲ ਵਿਚ ਦਾਖਲ ਕਰਾਉਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਸ੍ਰੀ ਪਾਠਕ ਨੇ ਦਿਲ ਟੁੰਬਵੇਂ ਲਫਜ਼ਾਂ ‘ਚ ਭੂਮਿਕਾ ਬੰਨ੍ਹੀ।
ਮਾੜੀ ਕਿਸਮਤ ਨੂੰ ਉਸ ਨੇ ਸਭ ਤੋਂ ਪਹਿਲਾਂ ਬਜ਼ੁਰਗ ਹਜ਼ਾਰਾ ਸਿੰਘ ਨੂੰ ਕੁਝ ਕਹਿਣ ਲਈ ‘ਬੇਨਤੀ’ ਕਰ ਦਿੱਤੀ। ਪੂਰੇ ਜੋਸ਼ ਵਿਚ ਆਏ ਹਜਾਰਾ ਸਿੰਘ ਨੇ ਮੇਜ ‘ਤੇ ਮੁੱਕਾ ਮਾਰ ਕੇ ਆਖਿਆ, “ਏ ਮਾਹਟਰ ਜੀ, ਆਹ ਜਿਹੜੀਆਂ ਤੁਸੀਂ ਸਾਨੂੰ ਪੁੱਠੀਆਂ ਮੱਤਾਂ ਦਿੰਨੇ ਓਂ, ਸਾਨੂੰ ਨ੍ਹੀਂ ਮੰਜੂਰæææਤੂੰ ਕਹਿਨੈਂ ਸਾਰੇ ਨਿਆਣੇ ਸਕੂਲ ਭੇਜੀਏ?æææਮੇਰਾ ਵੱਸ ਚੱਲੇ ਤਾਂ ਐਹ ਜਿਹੜੇ ਤਪੜੀਆਂ ‘ਤੇ ਬੈਠੇ ਐ, ਇਨ੍ਹਾਂ ਨੂੰ ਵੀ ਘਰਾਂ ਨੂੰ ਤੋਰ ਦਿਆਂæææ।”
ਸਾਡੀ ਜਮਾਤ ਵਿਚ ਬੈਠੇ ਆਪਣੇ ਦੋਹਤੇ ਵੱਲ ਹੱਥ ਕਰ ਕੇ ਹਜ਼ਾਰਾ ਸਿੰਘ ਗਰਜਿਆ, “ਅਹਿ ਬਾਂਦਰ ਜਿਹੇ ਨੂੰ ਅਸੀਂ ਜਿਹੜਾ ਕੰਮ ਕਹੀਏ, ਮੋਹਰਿਉਂ ਟੀਟਣੇ ਮਾਰਦਾ ਪਰੇ ਭੱਜ ਜਾਂਦੈ। ਜਿਹੜਾ ਮੇਰਾ ਦੋਹਤਾ ਘਰੇ ਰਹਿੰਦੈ, ਉਹ ਨਿਰਾ ਈ ਸਰਵਣ ਪੁੱਤ ਐ। ਮੱਝਾਂ ਚਰਾਉਣ ਜਾਂਦੈ, ਖੇਤਾਂ ‘ਚੋਂ ਬਾਲਣ ‘ਕੱਠਾ ਕਰ ਕੇ ਲਿਆਉਂਦੈ। ਹਰ ਕੰਮ ਨੂੰ ਆਖੇ ਲੱਗਦੈ, ਪਰ ਆਹ ਪੜ੍ਹਾਕੂ? ਨਿਰੀ ਗਦੂਤ! ਗੱਡਾ ਖੜ੍ਹੈ ਇਨ੍ਹਾਂ ਨੂੰ ਪੜ੍ਹਨੇ ਪਾਉਣ ਖੁਣੋਂ?”
ਲਗਦੇ ਹੱਥ ਹੀ ਹਜ਼ਾਰਾ ਸਿੰਘ ਨੇ ਮੱਥੇ ‘ਤੇ ਹਜ਼ਾਰ ਤਿਊੜੀ ਪਾਉਂਦਿਆਂ ਲਾਗੇ ਕੁਰਸੀ ‘ਤੇ ਬੈਠੀ ਉਸ ਮਾਸਟਰਨੀ ਉਤੇ ਤਵਾ ਲਾ’ਤਾ ਜੋ ਉਸ ਦੇ ਪਿੰਡ ਦੀ ਨੂੰਹ ਸੀ ਅਤੇ ਸਾਡੇ ਸਕੂਲ ਪੜ੍ਹਾਉਂਦੀ ਸੀ, “ਆਹ ਦੇਖ ਲਉ ‘ਪੜ੍ਹੀਆਂ’ ਦੇ ਚਾਲੇ! ਪਿੰਡ ਵਿਚ ਮਿਲ਼ੇ ਤਾਂ ਘੁੰਢ ਕੱਢ ਲੈਂਦੀ ਆ, ਐਥੇ ਆ ਕੇ ਨੰਗੇ ਮੂੰਹ ਐਉਂ ਬੈਠੀ ਐ ਜਿਮੇਂ ਪੇਕੀਂ ਆਈ ਹੁੰਦੀ ਹੈ! ਹੇ ਖ੍ਹਾਂ!!”
‘ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ’ ਵਾਲੀ ਹਾਲਤ ਵਿਚ ਫਸੇ ਅਧਿਆਪਕਾਂ ਨੇ ਬੜੀ ਜੁਗਤਿ ਨਾਲ ਹਜ਼ਾਰਾ ਸਿੰਘ ਦਾ ਚੜ੍ਹਿਆ ਪਾਰਾ ਹੇਠਾਂ ਲਿਆਂਦਾ।
ਉਦੋਂ ਸਾਡੇ ਪੰਜਾਬ ਵਿਚ ਅਤੇ ਹੁਣ ਸਵਾਤ ਘਾਟੀ ਵਿਚ ਕੁੜੀਆਂ ਨੂੰ ਪੜ੍ਹਾਉਣ ਦੇ ਵਿਰੋਧੀਆਂ ਦਾ ਸ਼ਾਇਦ ਉਹੀ ਤਰਕ ਹੋਵੇਗਾ ਜੋ ਕਿਸੇ ਸਮੇਂ ਡਾæ ਮੁਹੰਮਦ ਇਕਬਾਲ ਨੇ ਹਾਸੇ-ਹਾਸੇ ਵਿਚ ਬਿਆਨਿਆ ਸੀ। ਕਹਿੰਦੇ ਨੇ, ਸਕੂਲ ਵਿਚ ਪੜ੍ਹਦੇ ਅਲੂੰਏਂ ਜਿਹੇ ਮੁਸਲਿਮ ਲੜਕੇ ਨੇ ਡਾਕਟਰ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਇੰਗਲੈਂਡ ਵਿਚ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਮੁਸਲਿਮ ਕੁੜੀਆਂ ਲਈ ਪਰਦੇ ਦੀ ਡਟ ਕੇ ਵਜਾਹਤ ਕਰਦੇ ਓ? ਅਗਿਓਂ ਉਸ ਲੜਕੇ ਦੀਆਂ ਗੋਲ਼-ਗੋਲ਼ ਗੱਲ੍ਹਾਂ ‘ਤੇ ਥਪਕੀ ਮਾਰਦਿਆਂ ਡਾæ ਇਕਬਾਲ ਕਹਿਣ ਲੱਗੇ, “ਕਮਲ਼ਿਆ, ਜੇ ਮੇਰਾ ਵੱਸ ਚੱਲੇ ਤਾਂ ਤੇਰੇ ਜਿਹੇ ਮੁੰਡਿਆਂ ਲਈ ਵੀ ਬੁਰਕਾ ਲਾਜ਼ਮੀ ਬਣਾ ਦਿਆਂ।”
ਸਵਾਤ ਘਾਟੀ ਵਾਲੇ ਤਾਲਿਬਾਨ ਦੀ ਸੋਚ ਦੀਆਂ ਜੜ੍ਹਾਂ ਵੀ ਸ਼ਾਇਦ ਡਾæ ਇਕਬਾਲ ਦੇ ਇਨ੍ਹਾਂ ਸ਼ਿਅਰਾਂ ‘ਚੋਂ ਫੁੱਟੀਆਂ ਹੋਣ,
ਗਲਾ ਤੋ ਘੋਟ ਦੀਆ ਅਹਿਲੇ ਮਦਰੱਸਾ ਨੇ ਤੇਰਾ।
ਆਏ ਆਵਾਜ਼ ਕਹਾਂ ਸੇ ਲਾ-ਇਲਾ ਇਲ-ਲਿਲਾ।
—
ਸੋਚਾ ਥਾ ਕਿ ਲਾਏਗੀ ਫਰਾਗਤ ਤਾਅਲੀਮ
ਕਿਆ ਪਤਾ ਥਾ ਕਿ ਆਏਗਾ ਅਲਹਾਦ ਭੀ ਸਾਥ!
ਸਾਨੂੰ ਪੰਜਾਬੀਆਂ ਨੂੰ ਫਖ਼ਰ ਹੈ ਕਿ ‘ਸੋ ਕਿਉ ਮੰਦਾ ਆਖੀਐ’ ਦੀ ਆਵਾਜ਼ ਸਾਡੀ ਧਰਤੀ ‘ਤੇ ਗੂੰਜੀ ਅਤੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੱਸਣ ਮੁਤਾਬਕ ਇਹ ਮਾਣ ਵੀ ਪੰਜਾਬ ਨੂੰ ਹੀ ਜਾਂਦਾ ਹੈ ਕਿ ਜਦੋਂ ਹਾਲੇ ਅਮਰੀਕਾ ਵਿਚ ਵੀ ਇਸਤਰੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਮਿਲਿਆ, ਇੱਧਰ ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬੀਬੀਆਂ ਨੇ ਵੋਟਾਂ ਪਾਈਆਂ ਸਨ।
Leave a Reply