ਮਿਸ਼ਨ-2022 ਦੀ ਤਿਆਰੀ ਵਿਚ ਜੁਟੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮਿਸ਼ਨ-2022` ਦੀ ਤਿਆਰੀ ਲਈ ਸੱਦੀ ਅਹਿਮ ਮੀਟਿੰਗ `ਚ ਸਮੁੱਚੀ ਵਜ਼ਾਰਤ ਦੀ ਸ਼ਮੂਲੀਅਤ ਨੇ ਪਾਰਟੀ ਅੰਦਰਲੇ ਬਾਗੀ ਸੁਰਾਂ ਦੇ ਮੱਠਾ ਪੈਣ ਵੱਲ ਇਸ਼ਾਰਾ ਕੀਤਾ ਹੈ। ਮੁੱਖ ਮੰਤਰੀ ਨੇ ਇਥੇ ਆਪਣੀ ਸਰਕਾਰੀ ਰਿਹਾਇਸ਼ `ਤੇ ਵਜ਼ੀਰਾਂ ਨੂੰ ਵਿਚਾਰ-ਵਟਾਂਦਰੇ ਲਈ ਸੱਦਿਆ ਸੀ। ਉਨ੍ਹਾਂ ਦੋ ਸ਼ਿਫਟਾਂ `ਚ ਮੰਤਰੀਆਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਹੁਣ ਸਿਸਵਾਂ ਫਾਰਮ ਹਾਊਸ ਦੀ ਥਾਂ ਆਪਣੀ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ।

ਸੂਤਰਾਂ ਅਨੁਸਾਰ ਮੁੱਖ ਮੰਤਰੀ ਨਾਲ ਹੋਈ ਪਹਿਲੀ ਮੀਟਿੰਗ ਵਿਚ ਮਨਪ੍ਰੀਤ ਬਾਦਲ, ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸੁਖਸਰਕਾਰੀਆ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਸਿੰਘ ਕਾਂਗੜ ਆਦਿ ਸ਼ਾਮਲ ਸਨ। ਇਨ੍ਹਾਂ ਮੀਟਿੰਗਾਂ ਤੋਂ ਸੰਕੇਤ ਮਿਲੇ ਹਨ ਕਿ ਅਕਾਲੀ-ਬਸਪਾ ਗੱਠਜੋੜ ਬਣਨ ਮਗਰੋਂ ਕਾਂਗਰਸ ਸਰਕਾਰ ਨੇ ਅਗਲੀਆਂ ਚੋਣਾਂ ਦੀ ਤਿਆਰੀ ਲਈ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਲਈ ਤਿਆਰੀ ਵਿੱਢ ਦਿੱਤੀ ਹੈ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਗੁਪਤ ਮਿਲਣੀ ਨੂੰ ਲੈ ਕੇ ਭੇਤ ਬਣ ਗਿਆ ਹੈ। ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਨੇ ਮੀਟਿੰਗ ਹੋਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ ਪਰ ਅਮਰਿੰਦਰ ਅਤੇ ਬਾਜਵਾ ਸਿਆਸੀ ਤੌਰ ‘ਤੇ ਇਕ-ਦੂਜੇ ਦੇ ਨੇੜੇ ਆਉਣ ਲੱਗ ਪਏ ਹਨ। ਬੀਤੇ ਦਿਨੀਂ ਤੋਂ ਚਰਚਾ ਛਿੜੀ ਹੋਈ ਸੀ ਕਿ ਮੁੱਖ ਮੰਤਰੀ ਨੇ ਬਾਜਵਾ ਦੇ ਘਰ ਜਾ ਕੇ ਮੀਟਿੰਗ ਕੀਤੀ ਹੈ। ਸਿਆਸੀ ਆਗੂ ਭਾਵੇਂ ਨਾਂਹ-ਨਾਂਹ ਕਰ ਰਹੇ ਹਨ ਪਰ ਅੰਦਰੋਂ ਅੰਦਰੀਂ ਜਰੂਰ ਕੁਝ ਰਿੱਝ ਰਿਹਾ ਹੈ।
ਸਿਆਸੀ ਹਲਕਿਆਂ ਮੁਤਾਬਕ ਬਾਜਵਾ ਦੀ ਸੁਰ ‘ਚ ਹੁਣ ਅਮਰਿੰਦਰ ਪ੍ਰਤੀ ਮੋਹ ਦਿਸਣ ਲੱਗ ਪਿਆ ਹੈ ਅਤੇ ਫਤਹਿਜੰਗ ਸਿੰਘ ਬਾਜਵਾ ਆਖ ਰਹੇ ਹਨ ਕਿ ਅਮਰਿੰਦਰ ਵਰਗਾ ਕਿਸੇ ਪਾਰਟੀ ਕੋਲ ਨੇਤਾ ਨਹੀਂ ਹੈ। ਸੰਭਵ ਹੈ ਕਿ ਕਾਂਗਰਸ ਹਾਈਕਮਾਨ ਨੇ ਸਾਰਿਆਂ ਨੂੰ ਮੱਤਭੇਦ ਭੁਲਾ ਕੇ ਨੇੜਤਾ ਬਣਾਏ ਜਾਣ ਲਈ ਆਖਿਆ ਗਿਆ ਹੋਵੇਗਾ। ਖੇਡ ਮੰਤਰੀ ਰਾਣਾ ਸੋਢੀ ਮੁਤਾਬਕ ਦੋਵੇਂ ਆਗੂਆਂ ‘ਚ ਨਿੱਜੀ ਦੂਰੀ ਕਦੇ ਨਹੀਂ ਰਹੀ, ਸਿਰਫ ਵਿਚਾਰਾਂ ਦੇ ਮੱਤਭੇਦ ਰਹੇ ਹਨ। ਦੇਖਿਆ ਜਾਵੇ ਤਾਂ ਪਿਛਲੇ ਕੁਝ ਦਿਨਾਂ ਤੋਂ ਮਾਝੇ ਦੀ ਸਿਆਸਤ ਨੂੰ ਲੈ ਕੇ ਨਵੀਂ ਕਤਾਰਬੰਦੀ ਹੋਣ ਲੱਗੀ ਹੈ। ਹੁਣ ਤੱਕ ਮਾਝੇ ‘ਚ ਕਾਂਗਰਸੀ ਜਰਨੈਲ ਵਜੋਂ ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸੁਖਸਰਕਾਰੀਆ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਚਰਦੇ ਰਹੇ ਹਨ।
ਮਾਝੇ ਦੇ ਤਿੰਨੋਂ ਆਗੂਆਂ ਵੱਲੋਂ ਹਾਈਕਮਾਨ ਕੋਲ ਮੁੱਖ ਮੰਤਰੀ ਦੀ ਕਾਰਜਸ਼ੈਲੀ ‘ਤੇ ਸੁਆਲ ਚੁੱਕੇ ਜਾਣ ਮਗਰੋਂ ਅਮਰਿੰਦਰ ਨੇ ਮਾਝੇ ਵਿਚ ਨਵੀਂ ਸਿਆਸੀ ਬ੍ਰਿਗੇਡ ਨੂੰ ਵੀ ਨਾਲੋਂ-ਨਾਲ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਮਾਝੇ ਦੇ ਤਿੰੰਨੋਂ ਕੈਬਨਿਟ ਵਜ਼ੀਰਾਂ ਨੂੰ ਨਜਰਅੰਦਾਜ ਕਰਨਾ ਅਮਰਿੰਦਰ ਲਈ ਕੋਈ ਛੋਟਾ ਖਤਰਾ ਨਹੀਂ ਹੋਵੇਗਾ। ਹਾਈਕਮਾਨ ਕੋਲ ਵੀ ਇਨ੍ਹਾਂ ਦੀ ਚੰਗੀ ਪੈਂਠ ਬਣੀ ਹੋਈ ਹੈ ਅਤੇ ਮੁੱਖ ਮੰਤਰੀ ਨੂੰ ਸਿਆਸੀ ਸੰਤੁਲਨ ਬਣਾ ਕੇ ਚੱਲਣਾ ਪਵੇਗਾ। ਜੇਕਰ ਹਫਤੇ ਭਰ ਦੇ ਘਟਨਾਕ੍ਰਮ ਨੂੰ ਦੇਖੀਏ ਤਾਂ ਮਾਝੇ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਜਸਬੀਰ ਸਿੰਘ ਡਿੰਪਾ ਬਾਕੀ ਆਗੂਆਂ ਨਾਲ ਮੁੱਖ ਮੰਤਰੀ ਨੂੰ ਕਈ ਦਫਾ ਮਿਲ ਚੁੱਕੇ ਹਨ। ਰਵਨੀਤ ਬਿੱਟੂ ਸਮੇਤ ਇਹ ਤਿੰਨੋਂ ਸੰਸਦ ਮੈਂਬਰ ਹੁਣ ਇਕੱਠੇ ਵਿਚਰਦੇ ਹਨ। ਹੁਣ ਜੋ ਚਰਚੇ ਹਨ, ਉਨ੍ਹਾਂ ਮੁਤਾਬਕ ਜਸਬੀਰ ਸਿੰਘ ਡਿੰਪਾ ਨੇ ਹੀ ਅਮਰਿੰਦਰ ਅਤੇ ਬਾਜਵਾ ਦਰਮਿਆਨ ਕੜੀ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਫਤਹਿਜੰਗ ਸਿੰਘ ਬਾਜਵਾ ਦੇ ਲੜਕੇ ਨੂੰ ਨੌਕਰੀ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਵੀ ਵਿੰਨ੍ਹ ਦਿੱਤੇ ਹਨ।
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਕੋਲ ਇਸ ਗੱਲੋਂ ਇਨਕਾਰ ਕੀਤਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਹੋਈ ਹੈ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਉਹ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਬਣਨ ਦੀ ਦੌੜ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ ਅਤੇ ਮੁੱਖ ਮੰਤਰੀ ਜੇਕਰ ਉਨ੍ਹਾਂ ਦੀ ਰਿਹਾਇਸ਼ ‘ਤੇ ਆਉਣਾ ਚਾਹੁਣ ਤਾਂ ਉਹ ਸਵਾਗਤ ਕਰਨਗੇ। ਬਾਜਵਾ ਨੇ ਨਵਜੋਤ ਸਿੱਧੂ ਦੀ ਤਾਰੀਫ ਕਰਦਿਆਂ ਆਖਿਆ ਕਿ ਪਾਰਟੀ ਅੰਦਰ ਸੀਨੀਆਰਤਾ ਅਤੇ ਵਫਾਦਾਰੀ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲਏ ਜਾਣੇ ਹਨ ਅਤੇ ਨਵਜੋਤ ਸਿੱਧੂ ਨੂੰ ਵੀ ਅਹਿਮ ਰੋਲ ਦਿੱਤਾ ਜਾਵੇ।