ਅਨੈਤਿਕ ਕੰਮ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਛੁੱਟੀ ਹੋਵੇਗੀ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਅਨੈਤਿਕ ਕਾਰਵਾਈ ਅਤੇ ਨਸ਼ਾਖੋਰੀ ਆਦਿ ਵਿਚ ਦੋਸ਼ੀ ਪਾਏ ਗਏ ਸੰਸਥਾ ਦੇ ਕਰਮਚਾਰੀਆਂ ਨੂੰ ਤੁਰਤ ਨੌਕਰੀ ਤੋਂ ਫਾਰਗ ਕਰਨ ਦੇ ਨਿਯਮ ‘ਤੇ ਵੀ ਮੋਹਰ ਲਾਈ ਗਈ ਹੈ। ਇਸ ਤੋਂ ਇਲਾਵਾ ਕਰੋਨਾ ਦੌਰਾਨ ਪੀੜਤ ਮਨੁੱਖਤਾ ਲਈ ਅਹਿਮ ਸੇਵਾਦਾਰ ਰਹੀ ਸਿੱਖ ਸੰਸਥਾ ਨੇ ਹੁਣ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੂਚਨਾ ਕੇਂਦਰ ਨੇੜੇ ਜੈਨਰਿਕ ਦਵਾਈਆਂ ਦਾ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ ਹੈ ਤਾਂ ਜੋ ਲੋੜਵੰਦ ਲੋਕ ਲਾਗਤ ਮੁੱਲ ‘ਤੇ ਹੀ ਦਵਾਈਆਂ ਪ੍ਰਾਪਤ ਕਰ ਸਕਣ। ਇਹ ਫੈਸਲਾ ਇਥੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਤੋਸ਼ਾਖਾਨਾ ਦੀਆਂ ਬੇਸ਼ਕੀਮਤੀ ਇਤਿਹਾਸਕ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਕੇ ਸੰਭਾਲਣ ਦਾ ਫੈਸਲਾ ਕੀਤਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਹੋਏ ਫੈਸਲਿਆਂ ਬਾਰੇ ਆਖਿਆ ਕਿ ਜਲਦੀ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੈਨਰਿਕ ਦਵਾਈਆਂ ਦਾ ਸਟੋਰ ਖੋਲ੍ਹਿਆ ਜਾਵੇਗਾ, ਤਾਂ ਜੋ ਲੋੜਵੰਦ ਅਤੇ ਗਰੀਬ ਲੋਕ ਲਾਗਤ ਕੀਮਤ ‘ਤੇ ਦਵਾਈਆਂ ਪ੍ਰਾਪਤ ਕਰ ਸਕਣ। ਬਾਅਦ ਵਿਚ ਇਹ ਸਟੋਰ ਹੋਰ ਤਖਤ ਸਾਹਿਬਾਨ ਤੇ ਹੋਰ ਗੁਰੂ ਘਰਾਂ ਵਿਚ ਵੀ ਖੋਲ੍ਹੇ ਜਾਣਗੇ। ਜਿੰਮੇਵਾਰ ਅਹੁਦਿਆਂ ‘ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਜਿਨ੍ਹਾਂ ਦਾ ਸਮਾਂ ਇਕ ਥਾਂ ‘ਤੇ ਦੋ ਸਾਲ ਤੋਂ ਵੱਧ ਹੋ ਗਿਆ ਹੈ, ਉਨ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਗੁਰਪੁਰਬਾਂ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਜਾਏ ਜਾਂਦੇ ਜਲੌਅ ਦੀਆਂ ਇਤਿਹਾਸਕ ਵਸਤਾਂ ਜੋ ਤੋਸ਼ਾਖਾਨਾ ਵਿਚ ਹਨ, ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰ ਕੇ ਸੰਭਾਲੀਆਂ ਜਾਣਗੀਆਂ। ਇਸ ਤੋਂ ਇਲਾਵਾ ਤੋਸ਼ਾਖਾਨਾ ਨੂੰ ਵੀ ਆਧੁਨਿਕ ਤਕਨੀਕ ਨਾਲ ਨਵਿਆਇਆ ਜਾਵੇਗਾ।
ਅੰਤ੍ਰਿੰਗ ਕਮੇਟੀ ਨੇ ਐਸ.ਐਸ. ਕੋਹਲੀ ਐਸੋਸੀਏਟ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਵੀ ਫੈਸਲਾ ਲਿਆ ਹੈ। ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਉਸ ਦਾ ਲਾਇਸੈਂਸ ਰੱਦ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 87 ਦੇ 35 ਗੁਰਦੁਆਰੇ ਸੈਕਸ਼ਨ-85 ਵਿਚ ਲਿਆਉਣ ਲਈ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਗਿਆ, ਪਰ ਸਰਕਾਰ ਵੱਲੋਂ ਹੁਣ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਇਤਿਹਾਸਕ ਖੂਹ ਦੀ ਸਾਫ ਸਫਾਈ ਅਤੇ ਲੋੜ ਅਨੁਸਾਰ ਮੁਰੰਮਤ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।
_____________________________
ਜਗੀਰ ਕੌਰ ਮੁਆਫੀ ਮੰਗੇ ਜਾਂ ਪ੍ਰਧਾਨਗੀ ਛੱਡੇ: ਮੰਡ
ਜੈਤੋ: ਅਕਾਲ ਤਖਤ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਇਥੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ (10ਵੀਂ ਪਾਤਸ਼ਾਹੀ) ਵਿਚ ਸਥਿਤ ਉਹ ਵਿਰਾਸਤੀ ਖੂਹ ਵੇਖਣ ਪਹੁੰਚੇ, ਜਿਸ ਵਿਚੋਂ 15 ਜੂਨ ਨੂੰ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਸੀ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੀ ਕਠਪੁਤਲੀ ਦੱਸਦਿਆਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਸਾਜ਼ਿਸ਼ ਤਹਿਤ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਇਸ ਮਾਮਲੇ ਸਬੰਧੀ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਫਿਰ ਅਸਤੀਫਾ ਦੇ ਕੇ ਪ੍ਰਧਾਨਗੀ ਤੋਂ ਪਾਸੇ ਹੋ ਜਾਣਾ ਚਾਹੀਦਾ ਹੈ।