ਸੰਤਾਲੀ ਦੀ ਵੰਡ ਦੇ ਦੁਖੜੇ

ਗੁਲਜ਼ਾਰ ਸਿੰਘ ਸੰਧੂ
1947 ਦੀ ਦੇਸ਼ ਵੰਡ ਦਾ ਸਾਕਾ ਕਾਫੀ ਹੱਦ ਤੱਕ ਹਿਟਲਰ ਦੀਆਂ ਕਰਤੂਤਾਂ ਨਾਲ ਮਿਲਦਾ-ਜੁਲਦਾ ਸੀ। ਸੱਤ ਦਹਾਕੇ ਲੰਘ ਜਾਣ ਉੱਤੇ ਵੀ ਇਸ ਦੀਆਂ ਦਿਲ ਕੰਬਾਊ ਵਾਰਦਾਤਾਂ ਲੋਕਾਂ ਦੀ ਜ਼ੁਬਾਨ ਉੱਤੇ ਹਨ। ਹੁਸ਼ਿਆਰਪੁਰ ਜਿਲੇ ਦਾ ਸਾਂਵਲ ਧਾਮੀ ਪੰਜਾਬ ਦੇ ਪਿੰਡਾਂ ਤੇ ਕਸਬਿਆਂ ਦੇ ਬਜ਼ੁਰਗਾਂ ਨਾਲ ਮੁਲਾਕਾਤਾਂ ਕਰਕੇ ਉਸ ਵੇਲੇ ਦੀ ਦੁੱਖ ਭਰੀ ਕਹਾਣੀ ਪੰਜਾਬੀ ਮੀਡੀਆਂ ਰਾਹੀਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹੈ। ਉਸ ਦੀਆਂ ਮੁਲਾਕਾਤਾਂ ਦੀ ਇੱਕ ਪੁਸਤਕ ‘ਤੰੂ ਨਿਹਾਲਾ ਨਾ ਬਣੀਂ’ (ਚੇਤਨਾ ਪ੍ਰਕਾਸ਼ਨ, ਪੰਨੇ 176, ਮੁੱਲ 180 ਰੁਪਏ) ਛਪ ਚੁਕੀ ਹੈ ਤੇ ਦੂਜੀ ਤਿਆਰੀ ਅਧੀਨ ਹੈ। ਹਾਲ ਹੀ ਵਿਚ ਛਪੀਆਂ ਸ਼ਾਮ ਚੁਰਾਸੀ ਨਾਂ ਦੇ ਪਿੰਡ ਦੀਆਂ ਘਟਨਾਵਾਂ ਨੂੰ ਵਿਸਤਾਰਿਆ ਜਾਵੇ ਤਾਂ ਇੱਕ ਨਾਵਲ ਦੀ ਸਮੱਗਰੀ ਬਣ ਜਾਂਦੀ ਹੈ। ਮੈਂ ਇਥੇ ਇੱਕ ਨਿੱਕੀ ਜਿਹੀ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ।

ਇਸ ਪਿੰਡ ਹਰ ਸਾਲ ਇੱਕ ਗਾਮੀ ਸ਼ਾਹ ਦਾ ਮੇਲਾ ਲਗਦਾ ਹੈ। ਸੰਨ ਸੰਤਾਲੀ ਤੋਂ ਕਈ ਸਾਲ ਪਿੱਛੋਂ ਤੱਕ ਏਧਰੋਂ ਉਜੜ ਕੇ ਪਾਕਿਸਤਾਨ ਗਏ ਮੁਸਲਮਾਨ ਸ਼ੇਖ ਦੋ ਬੱਸਾਂ ਵਿਚ ਸਵਾਰ ਹੋ ਕੇ ਇਸ ਮੇਲੇ ਉੱਤੇ ਆਉਂਦੇ ਰਹੇ ਹਨ। ਉਹ ਤਿੰਨ ਦਿਨ ਆਪਣੇ ਏਸ ਪਿੰਡ ਰਹਿੰਦੇ। ਇੱਕ ਵਾਰੀ ਸ਼ਾਮ ਚੁਰਾਸੀ ਦਾ ਪੁਰਾਣਾ ਵਸਨੀਕ ਨਿਸਾਰ ਅਹਿਮਦ ਵੀ ਆਇਆ। ਉਹ ਏਥੋਂ ਦੇ ਪੰਡਤਾਂ ਦੇ ਮੰੁਡੇ ਕਿਸ਼ਨ ਦਾ ਆੜੀ ਹੰੁਦਾ ਸੀ। ਉਹ ਸਿੱਧਾ ਕਿਸ਼ਨ ਦੇ ਘਰ ਗਿਆ ਤਾਂ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਕਾਫੀ ਦੇਰ ਰੋਂਦੇ ਰਹੇ। ਏਥੋਂ ਤੱਕ ਕਿ ਉਹ ਪਾਕਿਸਤਾਨੋਂ ਆਏ ਸ਼ੇਖਾਂ ਨਾਲ ਨਹੀਂ ਰਿਹਾ। ਕਿਸ਼ਨ ਦੇ ਘਰ ਹੀ ਰਿਹਾ। ਰੋਟੀ ਪਾਣੀ ਉਸ ਦੇ ਘਰ ਹੀ ਖਾਂਦਾ। ਉਹ ਦੋਵੇਂ ਪੁਰਾਣੀਆਂ ਗੱਲਾਂ ਯਾਦ ਕਰਕੇ ਵਾਰ ਵਾਰ ਹੱਸੇ ਤੇ ਰੋਏ। ਉਨ੍ਹਾਂ ਦੋਹਾਂ ਨੂੰ ਆਪਣੇ ਜਮਾਤੀ ਅਬਦੁਲ ਕਿਯੂਮ ਵੀ ਚੇਤੇ ਆ ਗਿਆ, ਜਿਸ ਨੇ ਸਕੂਲ ਵਿਚ ਉਰਦੂ ਫਾਰਸੀ ਦੀ ਥਾਂ ਹਿੰਦੀ ਸੰਸਕ੍ਰਿਤ ਪੜ੍ਹੀ ਸੀ। ਨਿਸਾਰ ਅਹਿਮਦ ਨੇ ਵਾਪਸ ਜਾ ਕੇ ਕਿਯੂਮ ਨੂੰ ਕਿਸ਼ਨ ਬਾਰੇ ਦੱਸਿਆ। ਉਸ ਨੇ ਕਿਸ਼ਨ ਨੂੰ ਹਿੰਦੀ ਵਿਚ ਚਿੱਠੀ ਲਿਖੀ। ਏਧਰੋਂ ਕਿਸ਼ਨ ਨੇ ਉਸ ਦੀ ਚਿੱਠੀ ਦਾ ਉਤਰ ਉਰਦੂ ਵਿਚ ਦਿੱਤਾ।
ਕਯੂਮ ਨੇ ਉੱਤਰ ਵਿਚ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਨ ਪਿੱਛੋਂ ਇਹ ਵੀ ਲਿਖਿਆ ਕਿ ਉਹ ਪਾਕਿਸਤਾਨ ਜਾ ਕੇ ਹਿੰਦੀ (ਦੇਵਨਾਗਰੀ) ਅੱਖਰਾਂ ਲਈ ਤਰਸ ਗਿਆ ਹੈ। ਉਸ ਨੇ ਬੇਨਤੀ ਕੀਤੀ ਕਿ ਉਸ ਨੂੰ ਸਦਾ ਹਿੰਦੀ ਵਿਚ ਹੀ ਖਤ ਲਿਖਿਆ ਕਰੇ। ਕਿਸ਼ਨ ਨੇ ਉਸ ਦੀ ਬੇਨਤੀ ਪ੍ਰਵਾਨ ਕੀਤੀ ਤੇ ਮੁੜ ਉਰਦੂ ਵਿਚ ਉੱਤਰ ਨਹੀਂ ਦਿੱਤਾ।
ਮੈਨੂੰ ਇਹ ਗੱਲ ਪੜ੍ਹ ਕੇ ਆਪਣੀ ਪਾਕਿਸਤਾਨ ਫੇਰੀ ਚੇਤੇ ਆ ਗਈ। ਮੇਰੀ ਮੁਢਲੀ ਪੜ੍ਹਾਈ ਉਰਦੂ ਵਿਚ ਸੀ। ਜਦੋਂ ਮੈਂ ਪਾਕਿਸਤਾਨ ਗਿਆ ਤਾਂ ਸਰਹੱਦ ਪਾਰ ਕਰਦੇ ਸਾਰ ਸਾਰੀਆਂ ਦੁਕਾਨਾਂ ਤੇ ਮਕਾਨਾਂ ਉੱਤੇ ਉਰਦੂ (ਫਾਰਸੀ ਲਿਪੀ) ਦੇਖ ਕੇ ਮਨ ਪ੍ਰਸੰਨ ਹੋ ਗਿਆ ਸੀ। ਹੁਣ ਭਾਰਤ ਵਿਚ ਉਹ ਅੱਖਰ ਵਿਖਾਈ ਨਹੀਂ ਦਿੰਦੇ। ਦਿੱਲੀ ਦੱਖਣ ਤੇ ਹੈਦਰਾਬਾਦ ਵਿਚ ਵੀ ਨਹੀਂ।
ਸਾਂਵਲ ਧਾਮੀ ਦੀਆਂ ਲਿਖਤਾਂ ਅਜੋਕੀ ਸਦੀ ਲਈ ਮਾਰਗ ਦਰਸ਼ਕ ਹਨ। ਇਹ ਦੁਖੜੇ ਪੜ੍ਹ ਕੇ ਹਰ ਕਿਸੇ ਦਾ ਮਨ ਭਰ ਆਉਂਦਾ ਹੈ ਤੇ ਚਾਹੰੁਦਾ ਹੈ ਕਿ ਅਜਿਹਾ ਕਾਰਾ ਮੁੜ ਨਾ ਹੋਵੇ। ਸਾਂਵਲ ਦਾ ਪਿੰਡ ਸਿੰਗੜੀਵਾਲ ਹੁਸ਼ਿਆਰਪੁਰ ਤਹਿਸੀਲ ਵਿਚ ਪੈਂਦਾ ਹੈ, ਹੁਸ਼ਿਆਰਪੁਰ-ਜਲੰਧਰ ਮਾਰਗ ਉੱਤੇ ਤਿੰਨ ਕਿਲੋਮੀਟਰ। ਚੇਤੇ ਰਹੇ ਕਿ ਸਾਂਵਲ ਧਾਮੀ ਤੋਂ ਬਹੁਤ ਪਹਿਲਾਂ ਇਸ ਪਿੰਡ ਦੇ ਰਹਿਣ ਵਾਲਾ ਬੱਬਰ ਅਕਾਲੀ ਭਾਈ ਰਤਨ ਸਿੰਘ ਸਿੰਗੜੀਵਾਲ ਅਪਣੇ ਪਿੰਡ ਦਾ ਨਾਂ ਪੰਜਾਬ ਦੇ ਨਕਸ਼ੇ ਉੱਤੇ ਲਿਆ ਚੁਕਾ ਹੈ। ਸਾਂਵਲ ਧਾਮੀ (ਚਰਨ ਪੁਸ਼ਪਿੰਦਰ ਸਿੰਘ) ਭਾਈ ਸਾਹਿਬ ਦੇ ਭਰਾ ਦਾ ਪੋਤਾ ਹੈ।
ਕਿਸਾਨੀ ਮਸਲਿਆਂ ਦੀ ਪੁਣ-ਛਾਣ: ਪੰਜਾਬੀ ਟ੍ਰਿਬਿਊਨ ਤੋਂ ਸੇਵਾ ਮੁਕਤ ਹੋਏ ਮੇਘਾ ਸਿੰਘ ਨੇ ‘ਦਰਦ ਕਿਸਾਨੀ ਦਾ’ (ਸਪਤਰਿਸ਼ੀ ਪਬਲੀਕੇਸ਼ਨਜ਼, ਪੰਨੇ 124, ਮੁੱਲ 150 ਰੁਪਏ) ਵਿਚ ਖੇਤੀ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਵੱਖ ਵੱਖ ਪੱਖਾਂ ਉੱਤੇ ਚਾਨਣਾ ਪਾਇਆ ਹੈ। ਪੁਸਤਕ ਦੇ ਸੰਪਾਦਕ ਬਲਵੰਤ ਸਿੰਘ ਸਿੱਧੂ ਨੇ ਲੇਖਕ ਵਲੋਂ ਲਿਖੇ 1700 ਤੋਂ ਵੱਧ ਸੰਪਾਦਕੀਆਂ ਵਿਚੋਂ 40 ਅਜਿਹੇ ਸੰਪਾਦਕੀ ਚੁਣੇ, ਜਿਹੜੇ ਕਿਸਾਨੀ ਦੇ ਦੁੱਖਾਂ ਦੀ ਬਾਤ ਪਾਉਂਦੇ ਹਨ। ਇਨ੍ਹਾਂ ਦਾ ਸਿੱਧਾ ਸਬੰਧ ਅਜੋਕੇ ਕਿਸਾਨ ਅੰਦੋਲਨ ਨਾਲ ਜੁੜਦਾ ਹੈ। ਇਨ੍ਹਾਂ ਵਿਚ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਹੱਕ ਤੇ ਕੇਂਦਰ ਦੀ ਵਰਤਮਾਨ ਸਰਕਾਰ ਵਲੋਂ ਫਸਲਾਂ ਦੀ ਉਪਜ ਨੂੰ ਕਾਰਪੋਰੇਟ ਘਰਾਣਿਆਂ ਦੀ ਝੋਲੀ ਸੁੱਟਣ ਵਿਰੁੱਧ ਦਲੀਲਾਂ ਦਰਜ ਹਨ। ਕਿਸਾਨੀ ਸਮੱਸਿਆਵਾਂ ਨੂੰ ਕਿਸਾਨੀ ਕਰਜ਼ੇ ਤੇ ਖੁਦਕੁਸ਼ੀਆਂ ਦੇ ਸੰਦਰਭ ਵਿਚ ਵੀ ਵੇਖਿਆ ਗਿਆ ਹੈ। 2016 ਦੇ ਦੋ ਸੰਪਾਦਕੀ ਦਸਦੇ ਹਨ ਕਿ ਨਰਿੰਦਰ ਮੋਦੀ ਉਦੋਂ ਤੋਂ ਹੀ ਕਾਰਪੋਰੇਟਾਂ ਨੂੰ ਲਾਭ ਦੇਣ ਦਾ ਚਾਹਵਾਨ ਸੀ। ਪੁਸਤਕ ਦੇ ਅੰਤ ਵਿਚ ਦਿੱਤੀਆਂ ਅੰਤਿਕਾਵਾਂ ਵਿਚ ਵਰਤਮਾਨ ਕਿਸਾਨ ਅੰਦੋਲਨ ਸਬੰਧੀ ਲੇਖ ਤੇ ਕਵਿਤਾਵਾਂ ਦਰਜ ਹਨ, ਕਿਸਾਨੀ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਤੇ ਹੁਣ ਤੱਕ ਛਪੀਆਂ ਪੁਸਤਕਾਂ ਦੀ ਸੂਚੀ ਸਮੇਤ। ਇਸ ਰਚਨਾ ਦਾ ਸਵਾਗਤ ਕਰਨਾ ਬਣਦਾ ਹੈ।
ਕਰੋਨਾ ਮਹਾਮਾਰੀ ਪ੍ਰਤੀ ਸੁਚੇਤ ਰਹਿਣ ਦੀ ਲੋੜ: ਬੀਤੇ ਹਫਤੇ ਮੈਨੂੰ ਫੋਰਟਿਸ ਹਸਪਤਾਲ ਜਾਣਾ ਪਿਆ ਤਾਂ ਮੇਰੀ ਮੁਲਾਕਾਤ ਲੁਧਿਆਣਾ ਤੋਂ ਚੈੱਕ-ਅਪ ਲਈ ਆਏ ਮਰੀਜ਼ ਅਸ਼ਵਨੀ ਕੁਮਾਰ ਮਲਹੋਤਰਾ ਨਾਲ ਹੋਈ। ਉਹ ਖੁਦ ਮੈਡੀਕਲ ਡਾਕਟਰ ਹੈ। ਉਸ ਨੂੰ ਅਪਣੇ ਰੋਗ ਦੀ ਏਨੀ ਚਿੰਤਾ ਨਹੀਂ ਸੀ, ਜਿੰਨੀ ਕਰੋਨਾ ਪ੍ਰਤੀ ਵਰਤੀਆਂ ਜਾ ਰਹੀਆਂ ਲਾਪ੍ਰਵਾਹੀਆਂ ਦੀ। ਉਸ ਦਾ ਮੱਤ ਹੈ ਕਿ ਸਾਡੀ ਜਨਤਾ ਨੇ ਪਹਿਲੀ ਲਹਿਰ ਤੋਂ ਸਬਕ ਨਹੀਂ ਸਿੱਖਿਆ ਤਾਂ ਦੂਜੀ ਦਾ ਸ਼ਿਕਾਰ ਹੋ ਗਈ।
ਡਾ. ਅਸ਼ਵਨੀ ਕਹਿੰਦਾ ਹੈ ਕਿ ਤੀਜੀ ਲਹਿਰ ਦਾ ਭਰੋਸਾ ਨਹੀਂ। ਸਾਨੂੰ ਹਾਲੀ ਵੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਹਰ ਰੋਜ਼ ਵੀਹ ਸਕਿੰਟ ਲਈ ਵਾਰ ਵਾਰ ਹੱਥ ਧੋਣਾ, ਘਰ ਤੋਂ ਬਾਹਰ ਨਿਕਲਦੇ ਸਮੇਂ ਮੰੂਹ ਤੇ ਨੱਕ ਨੂੰ ਢਕ ਕੇ ਰੱਖਣ ਲਈ ਮਾਸਕ ਦੀ ਠੀਕ ਵਰਤੋਂ ਕਰਨਾ, ਇੱਕ ਦੂਜੇ ਤੋਂ ਦੋ ਗਜ ਦੀ ਸਰੀਰਕ ਦੂਰੀ ਬਣਾਈ ਰੱਖਣਾ, ਭੀੜ ਭੜੱਕੇ ਵਾਲੀਆਂ ਥਾਂਵਾਂ ਉੱਤੇ ਜਾਣ ਤੋਂ ਸਖਤ ਪਰਹੇਜ਼ ਕਰਨਾ ਅਤੇ ਵੈਕਸੀਨੇਸ਼ਨ ਪ੍ਰਤੀ ਉੱਕਾ ਹੀ ਘੌਲ ਨਾ ਕਰਨਾ ਜ਼ਰੂਰੀ ਹੈ। ਇਨ੍ਹਾਂ ਪੰਜ ਅਸੂਲਾਂ ਦਾ ਪਾਲਣ ਕੀਤਿਆਂ ਕਰੋਨਾ ਵਿਰੁੱਧ ਸਫਲਤਾ ਮਿਲਣੀ ਲਾਜ਼ਮੀ ਹੈ।
ਅੰਤਿਕਾ: ਮਿਰਜ਼ਾ ਗਾਲਿਬ
ਹੂਏ ਮਰ ਕੇ ਹਮ ਜੋ ਰੁਸਵਾ
ਹੂਏ ਕਿਉ ਨਾ ਗਰਕ-ਏ-ਦਰਿਆ,
ਨਾ ਕਭੀ ਜਨਾਜ਼ਾ ਉਠਤਾ
ਨਾ ਕਹੀਂ ਮਜ਼ਾਰ ਹੋਤਾ।