ਫਲਾਇੰਗ ਸਿੱਖ ਮਿਲਖਾ ਸਿੰਘ ਦੀ ਅਲਵਿਦਾ

ਰੇਹਾਨ ਫਜ਼ਲ
ਅਣਵੰਡੇ ਭਾਰਤ ਵਿਚ ਸਾਲ 1932 ਵਿਚ ਜਨਮੇ ਮਿਲਖਾ ਸਿੰਘ ਦੀ ਕਹਾਣੀ ਜੋਸ਼ ਅਤੇ ਦ੍ਰਿੜਤਾ ਨਾਲ ਭਰੀ ਪਈ ਹੈ। ਇਹ ਉਹ ਸ਼ਖਸ ਸੀ ਜੋ ਵੰਡ ਦੇ ਕਤਲੇਆਮ ਦੌਰਾਨ ਮੁਸ਼ਕਿਲ ਨਾਲ ਬਚ ਗਿਆ ਸੀ, ਉਸ ਦੇ ਪਰਿਵਾਰ ਦੇ ਕਈ ਜੀਅ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤੇ ਗਏ ਸਨ; ਇਹ ਉਹ ਸ਼ਖਸ ਸੀ ਜੋ ਟ੍ਰੇਨ ਵਿਚ ਬਿਨਾ ਟਿਕਟ ਦੇ ਸਫਰ ਕਰਦਿਆਂ ਫੜਿਆ ਗਿਆ ਸੀ ਜਿਸ ਕਰਕੇ ਉਸ ਨੂੰ ਜੇਲ੍ਹ ਦੀ ਸਜ਼ਾ ਵੀ ਭੁਗਤਣੀ ਪਈ ਸੀ; ਇਹ ਉਹ ਸ਼ਖਸ ਸੀ ਜਿਸ ਨੇ ਦੁੱਧ ਦੇ ਇੱਕ ਗਿਲਾਸ ਲਈ ਫੌਜ ਦੀ ਦੌੜ ਵਿਚ ਹਿੱਸਾ ਲਿਆ ਸੀ ਅਤੇ ਜੋ ਬਾਅਦ ਵਿਚ ਭਾਰਤ ਦਾ ਸਭ ਤੋਂ ਮਹਾਨ ਅਥਲੀਟ ਬਣ ਕੇ ਉਭਰਿਆ।

1960 ਵਿਚ ਰੋਮ ਓਲੰਪਿਕ ਵਿਚ ਵਿਸ਼ਵ ਰਿਕਾਰਡ ਤੋੜਨ ਦੇ ਬਾਵਜੂਦ ਮਿਲਖਾ ਸਿੰਘ ਭਾਰਤ ਲਈ ਸੋਨ ਤਗਮਾ ਜਿੱਤ ਨਹੀਂ ਸਕੇ ਸਨ ਅਤੇ ਉਨ੍ਹਾਂ ਨੂੰ ਚੌਥੇ ਸਥਾਨ ‘ਤੇ ਹੀ ਸਬਰ ਕਰਨਾ ਪਿਆ ਸੀ। ਮਿਲਖਾ ਸਿੰਘ ਨੇ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਉਸ ਸਮੇਂ ਬਣਾਈ ਸੀ ਜਦੋਂ ਕਾਰਡਿਫ (ਵੇਲਜ਼, ਇੰਗਲੈਂਡ) ਰਾਸ਼ਟਰਮੰਡਲ ਖੇਡਾਂ ਵਿਚ ਤਤਕਾਲੀ ਵਿਸ਼ਵ ਰਿਕਾਰਡ ਧਾਰਕ ਮੈਲਕਮ ਸਪੈਂਸ ਨੂੰ 440 ਗਜ਼ ਦੀ ਦੌੜ ਵਿਚ ਹਰਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ ਸੀ।
ਉਸ ਰਾਤ ਮਿਲਖਾ ਸਿੰਘ ਨੂੰ ਨੀਂਦ ਹੀ ਨਹੀਂ ਆਈ ਸੀ। ਅਗਲੇ ਦਿਨ 440 ਗਜ਼ ਦੀ ਦੌੜ ਦਾ ਫਾਈਨਲ ਸ਼ਾਮ ਨੂੰ ਚਾਰ ਵਜੇ ਸੀ। ਸਵੇਰ ਦੇ ਸਮੇਂ ਉਨ੍ਹਾਂ ਨੇ ਆਪਣੀਆਂ ਨਾੜਾਂ ਨੂੰ ਆਰਾਮ ਦੇਣ ਲਈ ਟੱਬ ਵਿਚ ਗਰਮ ਪਾਣੀ ਨਾਲ ਇਸ਼ਨਾਨ ਕੀਤਾ, ਨਾਸ਼ਤਾ ਕੀਤਾ ਅਤੇ ਫਿਰ ਕੰਬਲ ਲੈ ਕੇ ਸੌਂ ਗਏ। ਦੁਪਹਿਰ ਨੂੰ ਉਨ੍ਹਾਂ ਦੀ ਅੱਖ ਖੁੱਲ੍ਹੀ।
ਉਨ੍ਹਾਂ ਨੇ ਦੁਪਹਿਰ ਦੇ ਖਾਣੇ ਵਿਚ ਸੂਪ ਦੀ ਕੌਲੀ ਅਤੇ ਡਬਲ ਰੋਟੀ ਦੇ ਦੋ ਟੁਕੜੇ ਖਾਧੇ। ਉਨ੍ਹਾਂ ਜਾਣਬੁੱਝ ਕੇ ਹੀ ਘੱਟ ਖਾਣਾ ਖਾਧਾ ਤਾਂ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਨਾ ਹੋਵੇ। ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਕਰੀਬ ਇੱਕ ਵਜੇ ਮੈਂ ਕੰਘੀ ਕੀਤੀ ਅਤੇ ਆਪਣੇ ਲੰਮੇ ਵਾਲਾਂ ਨੂੰ ਚਿੱਟੇ ਰੁਮਾਲ ਨਾਲ ਢਕਿਆ। ਏਅਰ ਇੰਡੀਆ ਦੇ ਆਪਣੇ ਬੈਗ ਵਿਚ ਮੈਂ ਸਪਾਈਕਡ ਜੁੱਤੇ, ਛੋਟਾ ਤੋਲੀਆ, ਕੰਘਾ ਅਤੇ ਗਲੂਕੋਜ਼ ਦਾ ਪੈਕੇਟ ਰੱਖਿਆ। ਫਿਰ ਮੈਂ ਟਰੈਕ ਸੂਟ ਪਾ ਕੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਭਗਵਾਨ ਸਿ਼ਵ ਨੂੰ ਯਾਦ ਕੀਤਾ।”
ਮਿਲਖਾ ਸਿੰਘ ਨੂੰ ਉਸ ਦਿਨ ਦਾ ਹਰ ਪਲ ਯਾਦ ਸੀ।
“ਮੇਰੀ ਟੀਮ ਦੇ ਮੈਂਬਰ ਬੱਸ ਵਿਚ ਮੇਰਾ ਇੰਤਜ਼ਾਰ ਕਰ ਰਹੇ ਸਨ। ਜਦੋਂ ਮੈਂ ਆਪਣੀ ਸੀਟ ‘ਤੇ ਬੈਠਾ ਤਾਂ ਉਨ੍ਹਾਂ ਨੇ ਮੈਨੂੰ ਮਜ਼ਾਕ ਵਿਚ ਕਿਹਾ ਕਿ ਮਿਲਖਾ ਸਿੰਘ ਅੱਜ ਆਫ ਕਲਰ ਲੱਗ ਰਿਹਾ ਹੈ। ਇੱਕ ਨੇ ਪੁੱਛਿਆ- ਕੀ ਗੱਲ ਹੈ? ਅੱਜ ਤੁਸੀਂ ਖੁਸ਼ ਕਿਉਂ ਨਹੀਂ ਲੱਗ ਰਹੇ ਹੋ? ਮੈਂ ਉਨ੍ਹਾਂ ਦੇ ਸਵਾਲਾਂ ਦਾ ਕੋਈ ਜਵਾਬ ਨਾ ਦਿੱਤਾ ਪਰ ਮੇਰਾ ਮਨ ਥੋੜ੍ਹਾ ਜਿਹਾ ਹਲਕਾ ਜ਼ਰੂਰ ਹੋ ਗਿਆ।”
ਮਿਲਖਾ ਸਿੰਘ ਮੁਤਾਬਿਕ, ਉਸ ਨੂੰ ਇਸ ਤਰ੍ਹਾਂ ਕੁਝ ਘਬਰਾਇਆ ਦੇਖ ਕੇ ਉਨ੍ਹਾਂ ਦੇ ਕੋਚ ਡਾਕਟਰ ਹਾਵਰਡ ਉਨ੍ਹਾਂ ਦੇ ਨਾਲ ਦੀ ਸੀਟ ‘ਤੇ ਆ ਕੇ ਬੈਠ ਗਏ ਅਤੇ ਕਹਿਣ ਲੱਗੇ, “ਅੱਜ ਵਾਲੀ ਦੌੜ ਜਾਂ ਤਾਂ ਤੈਨੂੰ ਬਣਾ ਦੇਵੇਗੀ, ਜਾਂ ਫਿਰ ਬਰਬਾਦ ਕਰ ਦੇਵੇਗੀ। ਜੇ ਤੂੰ ਮੇਰੇ ਸੁਝਾਅ, ਟਿਪਸ ਦਾ ਪਾਲਣ ਕਰੇਗਾ ਤਾਂ ਤੂੰ ਮਾਲਕਮ ਸਪੈਂਸ ਨੂੰ ਹਰਾਉਣ ਵਿਚ ਕਾਮਯਾਬ ਰਹੇਂਗਾ। ਤੇਰੇ ਅੰਦਰ ਅਜਿਹਾ ਕਰਨ ਦੀ ਅਮਰੱਥਾ ਹੈ।”
ਇਸ ਦੌੜ ਵਿਚ ਭਾਰਤ ਦਾ ਮਿਲਖਾ ਸਿੰਘ ਛੇਵੀਂ ਕਤਾਰ ਵਿਚ ਸੀ। ਮਿਲਖਾ ਸਿੰਘ ਦਾ ਕਹਿਣਾ ਸੀ ਕਿ ਹਾਵਰਡ ਦੀਆਂ ਇਨ੍ਹਾਂ ਗੱਲਾਂ ਨਾਲ ਉਨ੍ਹਾਂ ਨੂੰ ਕੁਝ ਹਿੰਮਤ ਮਿਲੀ।
ਸਟੇਡੀਅਮ ਪਹੁੰਚ ਕੇ ਉਹ ਸਿੱਧੇ ਆਪਣੇ ਡ੍ਰੈਸਿੰਗ ਰੂਮ ਵਿਚ ਗਏ ਅਤੇ ਫਿਰ ਲੇਟ ਗਏ। ਇੰਜ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਹਲਕਾ ਜਿਹਾ ਬੁਖਾਰ ਚੜ੍ਹ ਗਿਆ ਹੋਵੇ। ਫਿਰ ਉਨ੍ਹਾਂ ਨੇ ਮਿਲਖਾ ਸਿੰਘ ਦੀ ਪਿੱਠ ਤੇ ਪੈਰਾਂ ਦੀ ਮਾਲਸ਼ ਕੀਤੀ ਅਤੇ ਕਿਹਾ, “ਮੇਰੇ ਬੱਚੇ, ਹੁਣ ਤਿਆਰੀ ਖਿੱਚਣੀ ਸ਼ੁਰੂ ਕਰ ਦਿਓ। ਇੱਕ ਘੰਟੇ ਵਿਚ ਤੁਹਾਡੀ ਦੌੜ ਸ਼ੁਰੂ ਹੋਣ ਵਾਲੀ ਹੈ।”
ਹਾਵਰਡ ਪਿਛਲੇ ਕਈ ਦਿਨਾਂ ਤੋਂ ਮਿਲਖਾ ਸਿੰਘ ਦੇ ਹਰ ਇਕ ਵਿਰੋਧੀ ਦੀਆਂ ਤਕਨੀਕਾਂ ਦੀ ਪੂਰੀ ਸੂਹ ਰੱਖ ਰਹੇ ਸਨ।
ਪਹਿਲੀ ਹੀਟ ਤੋਂ ਬਾਅਦ ਰਾਤ ਦੇ ਖਾਣੇ ਤੋਂ ਬਾਅਦ ਹਾਵਰਡ ਮਿਲਖਾ ਸਿੰਘ ਦੇ ਕਮਰੇ ਵਿਚ ਗਏ ਅਤੇ ਉਨ੍ਹਾਂ ਦੇ ਮੰਜੇ ‘ਤੇ ਬੈਠ ਕੇ ਆਪਣੀ ਟੁੱਟੀ ਫੁੱਟੀ ਹਿੰਦੀ ਵਿਚ ਬੋਲੇ, “ਮਿਲਖਾ, ਮੈਂ ਸਪੈਂਸ ਨੂੰ 400 ਮੀਟਰ ਦੌੜਦਿਆਂ ਦੇਖਿਆ ਹੈ। ਉਹ ਪਹਿਲਾਂ 300 ਮੀਟਰ ਹੌਲੀ ਦੌੜਦਾ ਹੈ ਅਤੇ ਅਖੀਰਲੇ 100 ਮੀਟਰ ਵਿਚ ਸਾਰਿਆਂ ਨੂੰ ਸਰ ਕਰ ਲੈਂਦਾ ਹੈ। ਤੁਹਾਨੂੰ 400 ਮੀਟਰ ਨਹੀਂ ਬਲਕਿ 350 ਮੀਟਰ ਹੀ ਦੌੜ ਲਗਾਉਣੀ ਹੈ। ਬੱਸ ਸਮਝੋ ਕਿ ਇੰਨੀ ਹੀ ਲੰਮੀ ਦੌੜ ਹੈ।”
ਮਿਲਖਾ ਸਿੰਘ ਦੱਸਦੇ ਸਨ, “440 ਗਜ਼ ਦੀ ਦੌੜ ਦੇ ਫਾਈਨਲ ਦੀ ਪਹਿਲੀ ਕਾਲ ਸ਼ਾਮ 3:50 ‘ਤੇ ਆਈ। ਅਸੀਂ ਛੇ ਜਣੇ ਸ਼ੁਰੂਆਤੀ ਲਾਈਨ ‘ਤੇ ਖੜ੍ਹੇ ਹੋ ਗਏ। ਮੈਂ ਆਪਣੇ ਤੌਲੀਏ ਨਾਲ ਆਪਣੇ ਪੈਰਾਂ ਦਾ ਪਸੀਨਾ ਪੂੰਝਿਆ। ਮੈਂ ਅਜੇ ਆਪਣੇ ਸਪਾਈਕ ਦੇ ਤਸਮੇ ਬੰਨ੍ਹ ਹੀ ਰਿਹਾ ਸੀ ਕਿ ਦੂਜੀ ਕਾਲ ਆਈ। …ਮੈਂ ਆਪਣਾ ਟਰੈਕ ਸੂਟ ਲਾਹਿਆ। ਮੇਰੀ ਵੈਸਟ ‘ਤੇ ‘ਭਾਰਤ’ ਲਿਖਿਆ ਹੋਇਆ ਸੀ ਅਤੇ ਉਸ ਦੇ ਹੇਠਾਂ ਅਸ਼ੋਕ ਚੱਕਰ ਬਣਿਆ ਹੋਇਆ ਸੀ। ਫਿਰ ਮੈਂ ਲੰਮੇ ਸਾਹ ਲਏ ਅਤੇ ਆਪਣੇ ਸਾਥੀ ਦੌੜਾਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇੰਗਲੈਂਡ ਦੇ ਸਾਲਸਬਰੀ ਪਹਿਲੀ ਕਤਾਰ ਵਿਚ ਸਨ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਸਪੈਂਸ ਅਤੇ ਆਸਟਰੇਲੀਆ ਦੇ ਕੇਰ, ਫਿਰ ਜਮਾਇਕਾ ਦੇ ਗਾਸਪਰ ਅਤੇ ਕੈਨੇਡਾ ਦੇ ਟੋਬੈਕੋ ਅਤੇ ਛੇਵੀਂ ਕਤਾਰ ਵਿਚ ਸੀ ਭਾਰਤ ਦੇ ਮਿਲਖਾ ਸਿੰਘ।”
ਸਿਰਫ ਅੱਧੇ ਫੁੱਟ ਦਾ ਫਰਕ: ਜਿਉਂ ਹੀ ਸਟਾਰਟਰ ਨੇ ਕਿਹਾ- ਆਨ ਯੂਅਰ ਮਾਰਕ, ਮਿਲਖਾ ਸਿੰਘ ਨੇ ਸ਼ੁਰੂਆਤੀ ਲਾਈਨ ਦੇ ਪਿੱਛੇ ਆਪਣਾ ਖੱਬਾ ਪੈਰ ਕੀਤਾ ਅਤੇ ਸੱਜੇ ਗੋਡੇ ਨੂੰ ਖੱਬੇ ਪੈਰ ਦੇ ਸਮਾਨਾਂਤਰ ਕੀਤਾ ਅਤੇ ਦੋਵੇਂ ਹੱਥ ਜ਼ਮੀਨ ‘ਤੇ ਰੱਖੇ। ਫਿਰ ਜਿਵੇਂ ਹੀ ਦੌੜ ਦੀ ਸ਼ੁਰੂਆਤ ਲਈ ਗੋਲੀ ਚੱਲੀ, ਮਿਲਖਾ ਸਿੰਘ ਇੰਜ ਤੇਜ਼ੀ ਨਾਲ ਭੱਜੇ, ਜਿਵੇਂ ਭੂੰਡਾਂ ਦਾ ਖੱਖਰ ਉਨ੍ਹਾਂ ਦੇ ਪਿੱਛੇ ਪੈ ਗਿਆ ਹੋਵੇ। ਉਨ੍ਹਾਂ ਨੂੰ ਹਾਵਰਡ ਦੀ ਦਿੱਤੀ ਸਲਾਹ ਯਾਦ ਸੀ। ਪਹਿਲੇ 300 ਮੀਟਰ ਵਿਚ ਉਨ੍ਹਾਂ ਆਪਣੀ ਪੂਰੀ ਜਿੰਦ-ਜਾਨ ਲਗਾ ਦਿੱਤੀ ਸੀ।
ਮਿਲਖਾ ਸਿੰਘ ਸਭ ਤੋਂ ਅੱਗੇ ਸਨ ਅਤੇ ਜਦੋਂ ਸਪੈਂਸ ਦਾ ਧਿਆਨ ਉਨ੍ਹਾਂ ‘ਤੇ ਪਿਆ ਤਾਂ ਉਸ ਨੇ ਮਿਲਖਾ ਸਿੰਘ ਤੋਂ ਅੱਗੇ ਨਿਕਲਣ ਦਾ ਯਤਨ ਕੀਤਾ ਪਰ ਉਸ ਦਿਨ ਕਿਸਮਤ ਮਿਲਖਾ ਸਿੰਘ ਦੇ ਨਾਲ ਸੀ। ਮਿਲਖਾ ਸਿੰਘ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਜਦੋਂ ਦੌੜ ਖਤਮ ਹੋਣ ਵਿਚ 50 ਗਜ਼ ਬਾਕੀ ਰਹਿ ਗਏ ਸਨ, ਉਸ ਸਮੇਂ ਮੇਰਾ ਧਿਆਨ ਚਿੱਟੀ ਟੇਪ ਵੱਲ ਗਿਆ। ਸਪੈਂਸ ਤੋਂ ਪਹਿਲਾਂ ਉੱਥੇ ਪਹੁੰਚਣ ਲਈ ਮੈਂ ਆਪਣੀ ਪੂਰੀ ਵਾਹ ਲਾ ਦਿੱਤੀ ਸੀ। ਜਦੋਂ ਮੈਂ ਟੇਪ ਨੂੰ ਛੂਹਿਆ, ਉਸ ਸਮੇਂ ਸਪੈਂਸ ਮੇਰੇ ਕੋਲੋਂ ਮਹਿਜ਼ ਅੱਧਾ ਫੁੱਟ ਹੀ ਪਿੱਛੇ ਸੀ। ਅੰਗਰੇਜ਼ ਜ਼ੋਰ-ਜ਼ੋਰ ਨਾਲ ਚੀਕ ਰਹੇ ਸਨ- ਕਮ ਆਨ ਸਿੰਘ, ਕਮ ਆਨ ਸਿੰਘ। ਦੌੜ ਖਤਮ ਹੁੰਦਿਆਂ ਹੀ ਮੈਂ ਮੈਦਾਨ ਵਿਚ ਹੀ ਬੇਹੋਸ਼ ਹੋ ਕੇ ਡਿੱਗ ਪਿਆ।”
ਮਿਲਖਾ ਸਿੰਘ ਨੂੰ ਸਟ੍ਰੈਚਰ ‘ਤੇ ਪਾ ਕੇ ਡਾਕਟਰ ਕੋਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਆਕਸੀਜਨ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਹੋਸ਼ ਆਇਆ, ਉਸ ਸਮੇਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਕਿੰਨਾ ਵੱਡਾ ਕਾਰਨਾਮਾ ਕੀਤਾ ਹੈ। ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਮੋਢਿਆਂ ‘ਤੇ ਚੁੱਕ ਲਿਆ। ਉਨ੍ਹਾਂ ਨੇ ਤਿਰੰਗੇ ਨੂੰ ਆਪਣੇ ਸਰੀਰ ‘ਤੇ ਲਪੇਟਿਆ ਅਤੇ ਪੂਰੇ ਸਟੇਡੀਅਮ ਦਾ ਚੱਕਰ ਲਗਾਇਆ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤਿਆ ਸੀ।
ਜਦੋਂ ਵਿਜੈ ਲਕਸ਼ਮੀ ਪੰਡਿਤ ਨੇ ਭੱਜ ਕੇ ਮਿਲਖਾ ਸਿੰਘ ਨੂੰ ਜੱਫੀ ਪਾਈ: ਜਦੋਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਨੇ ਮਿਲਖਾ ਸਿੰਘ ਦੇ ਗਲੇ ਵਿਚ ਸੋਨੇ ਦਾ ਤਗਮਾ ਪਾਇਆ ਅਤੇ ਉਨ੍ਹਾਂ ਨੇ ਭਾਰਤੀ ਝੰਡੇ ਨੂੰ ਉੱਪਰ ਜਾਂਦਿਆਂ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ।
ਉਨ੍ਹਾਂ ਨੇ ਦੇਖਿਆ ਕਿ ਵੀ.ਆਈ.ਪੀ. ਇਨਕਲੋਜ਼ਰ ਵਿਚੋਂ ਛੋਟੇ ਵਾਲਾਂ ਵਾਲੀ ਮਹਿਲਾ ਜਿਸ ਨੇ ਸਾੜ੍ਹੀ ਪਹਿਨੀ ਹੋਈ ਸੀ, ਉਨ੍ਹਾਂ ਵੱਲ ਦੌੜਦੀ ਆ ਰਹੀ ਹੈ। ਭਾਰਤੀ ਟੀਮ ਦੇ ਮੁਖੀ ਅਸ਼ਵਨੀ ਕੁਮਾਰ ਨੇ ਉਸ ਨਾਲ ਜਾਣ-ਪਛਾਣ ਕਰਵਾਈ। ਉਹ ਬ੍ਰਿਟੇਨ ਵਿਚ ਭਾਰਤ ਦੀ ਹਾਈ ਕਮਿਸ਼ਨਰ ਵਿਜੈ ਲਕਸ਼ਮੀ ਪੰਡਿਤ ਸੀ। ਮਿਲਖਾ ਸਿੰਘ ਨੇ ਯਾਦ ਕੀਤਾ, “ਉਨ੍ਹਾਂ ਮੈਨੂੰ ਗਲੇ ਲਗਾਇਆ ਤੇ ਵਧਾਈ ਦਿੱਤੀ; ਨਾਲ ਹੀ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੁਨੇਹਾ ਭੇਜਿਆ ਹੈ ਕਿ ਇੰਨੀ ਵੱਡੀ ਪ੍ਰਾਪਤੀ ਹਾਸਲ ਕਰਨ ‘ਤੇ ਉਹ ਇਨਾਮ ਵਜੋਂ ਕੀ ਲੈਣਾ ਚਾਹੁਣਗੇ? … ਮੇਰੀ ਸਮਝ ‘ਚ ਕੁਝ ਨਹੀਂ ਆਇਆ ਕਿ ਕੀ ਮੰਗਾਂ। ਮੇਰੇ ਮੂੰਹੋਂ ਨਿਕਲਿਆ ਕਿ ਜਿੱਤ ਦੀ ਇਸ ਖੁਸ਼ੀ ’ਚ ਭਾਰਤ ਭਰ ’ਚ ਛੁੱਟੀ ਕਰ ਦਿੱਤੀ ਜਾਵੇ। ਜਿਸ ਦਿਨ ਮੈਂ ਭਾਰਤ ਪਹੁੰਚਿਆ, ਉਸ ਦਿਨ ਪੰਡਿਤ ਨਹਿਰੂ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਦੇਸ਼ ਭਰ ਵਿਚ ਛੁੱਟੀ ਦਾ ਐਲਾਨ ਕੀਤਾ।”
‘ਉਡਣਾ ਸਿੱਖ’ ਬਣਨ ਦੀ ਕਹਾਣੀ: 1960 ਵਿਚ ਮਿਲਖਾ ਸਿੰਘ ਨੂੰ ਪਾਕਿਸਤਾਨ ਤੋਂ ਸੱਦਾ ਆਇਆ ਸੀ ਕਿ ਉਹ ਭਾਰਤ-ਪਾਕਿਸਤਾਨ ਅਥਲੈਟਿਕਸ ਮੁਕਾਬਲੇ ਵਿਚ ਹਿੱਸਾ ਲੈਣ। ਟੋਕਿਓ ਏਸ਼ੀਅਨ ਖੇਡਾਂ ਵਿਚ ਉਨ੍ਹਾਂ ਨੇ ਉਥੋਂ ਦੇ ਸਰਬੋਤਮ ਦੌੜਾਕ ਅਬਦੁੱਲ ਖਾਲਿਕ ਨੂੰ 200 ਮੀਟਰ ਦੀ ਦੌੜ ਵਿਚ ਮਾਤ ਦਿੱਤੀ ਸੀ। ਹੁਣ ਪਾਕਿਸਤਾਨੀ ਚਾਹੁੰਦੇ ਸਨ ਕਿ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਸਰਜ਼ਮੀਨ ‘ਤੇ ਹੋਵੇ।
ਮਿਲਖਾ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਵੰਡ ਦੇ ਸਮੇਂ ਦੀਆਂ ਬਹੁਤ ਸਾਰੀਆਂ ਕੌੜੀਆਂ ਯਾਦਾਂ ਉਨ੍ਹਾਂ ਦੇ ਦਿਲੋ-ਦਿਮਾਗ ਅੰਦਰ ਘੁੰਮ ਰਹੀਆਂ ਸਨ। ਉਨ੍ਹਾਂ ਦੀਆਂ ਅੱਖਾਂ ਅੱਗੇ ਉਹ ਘਟਨਾ ਵਾਰ-ਵਾਰ ਆ ਜਾਂਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਪਰ ਨਹਿਰੂ ਦੇ ਕਹਿਣ ‘ਤੇ ਮਿਲਖਾ ਸਿੰਘ ਪਾਕਿਸਤਾਨ ਗਏ। ਲਾਹੌਰ ਦੇ ਸਟੇਡੀਅਮ ਵਿਚ ਜਿਵੇਂ ਹੀ ਸਟਾਰਟਰ ਨੇ ਪਿਸਤੌਲ ਦਾਗੀ, ਮਿਲਖਾ ਸਿੰਘ ਨੇ ਦੌੜਨਾ ਸ਼ੁਰੂ ਕਰ ਦਿੱਤਾ। ਦਰਸ਼ਕ ਉਤਸੁਕਤਾ ਵਿਚ ਚੀਕਣ ਲੱਗੇ- “ਪਾਕਿਸਤਾਨ ਜ਼ਿੰਦਾਬਾਦ… ਅਬਦੁੱਲ ਖਾਲਿਕ ਜ਼ਿੰਦਾਬਾਦ…।”
ਅਬਦੁੱਲ ਖਾਲਿਕ ਮਿਲਖਾ ਤੋਂ ਅੱਗੇ ਸਨ ਪਰ 100 ਮੀਟਰ ਮੁਕੰਮਲ ਹੋਣ ਤੋਂ ਪਹਿਲਾਂ ਹੀ ਮਿਲਖਾ ਨੇ ਉਸ ਦੀ ਬਰਾਬਰੀ ਕਰ ਲਈ ਸੀ। ਇਸ ਤੋਂ ਬਾਅਦ ਖਾਲਿਕ ਪਛੜਦੇ ਗਏ। ਮਿਲਖਾ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖਾਲਿਕ ਤੋਂ 10 ਗਜ਼ ਅੱਗੇ ਸਨ। ਉਨ੍ਹਾਂ ਇਹ ਦੌੜ 20.7 ਸੈਕਿੰਡ ਵਿਚ ਮੁਕੰਮਲ ਕੀਤੀ ਸੀ। ਇਹ ਉਸ ਸਮੇਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ। ਜਦੋਂ ਦੌੜ ਖਤਮ ਹੋਈ ਤਾਂ ਖਾਲਿਕ ਮੈਦਾਨ ਵਿਚ ਹੀ ਲੇਟ ਕੇ ਰੋਣ ਲੱਗ ਪਏ ਸਨ। ਮਿਲਖਾ ਸਿੰਘ ਉਨ੍ਹਾਂ ਦੇ ਕੋਲ ਗਏ ਅਤੇ ਖਾਲਿਕ ਦੀ ਪਿੱਠ ਥਾਪੜਦਿਆਂ ਬੋਲੇ, “ਹਾਰ-ਜਿੱਤ ਤਾਂ ਖੇਡ ਦਾ ਹੀ ਹਿੱਸਾ ਹਨ। ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ ਹੈ।”
ਦੌੜ ਤੋਂ ਬਾਅਦ ਮਿਲਖਾ ਸਿੰਘ ਨੇ ਜੇਤੂ ਗੇੜਾ ਲਾਇਆ। ਮਿਲਖਾ ਸਿੰਘ ਨੂੰ ਤਗਮਾ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਫੀਲਡ ਮਾਰਸ਼ਲ ਅਯੂਬ ਖਾਨ ਨੇ ਕਿਹਾ ਸੀ, “ਮਿਲਖਾ ਅੱਜ ਤੁਸੀਂ ਦੌੜੇ ਨਹੀਂ, ਉੱਡੇ ਹੋ। ਮੈਂ ਤੁਹਾਨੂੰ ‘ਫਲਾਇੰਗ ਸਿੱਖ’ ਦਾ ਖਿਤਾਬ ਦਿੰਦਾ ਹਾਂ।”
__________________________________

ਦੋ ਯਾਦਗਾਰੀ ਦੌੜਾਂ ਦੀ ਕਹਾਣੀ
ਭਾਰਤ ਦੇ ਉਘੇ ਦੌੜਾਕ ਮਿਲਖਾ ਸਿੰਘ ਦੇ ਦੇਹਾਂਤ ਨਾਲ ਭਾਰਤੀ ਅਥਲੈਟਿਕਸ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਜੋ ਭਾਰਤੀ ਵਾਲੀਬਾਲ ਟੀਮ ਦੀ ਕਪਤਾਨ ਰਹੇ, ਦੀ ਮੌਤ ਹੋ ਗਈ ਸੀ। ਮਿਲਖਾ ਸਿੰਘ ਉਹ ਸ਼ਖਸ ਸੀ ਜਿਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁਸ਼ਵਾਰੀਆਂ ਦਾ ਸਾਹਮਣਾ ਕੀਤਾ ਪਰ ਉਨ੍ਹਾਂ ਹਾਰ ਨਹੀਂ ਮੰਨੀ ਅਤੇ ਆਖਰਕਾਰ ਭਾਰਤੀ ਅਥਲੈਟਿਕਸ ਵਿਚ ਆਪਣਾ ਨਾਂ ਸਦਾ ਸਦਾ ਲਈ ਦਰਜ ਕਰਵਾ ਲਿਆ। ਬੀ.ਬੀ.ਸੀ. ਦੇ ਉਘੇ ਪੱਤਰਕਾਰ ਰੇਹਾਨ ਫਜ਼ਲ ਨੇ ਇਸ ਲੇਖ ਵਿਚ ਉਨ੍ਹਾਂ ਦੀ ਖੇਡ ਅਤੇ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ ਕੀਤੀਆਂ ਹਨ।