ਪਹਿਲੀ ਆਲਮੀ ਜੰਗ ਦੀ ਇੱਕ ਕਵਿਤਾ ‘ਇਨ ਦੀ ਫਲੈਂਡਰਜ਼ ਫੀਲਡਜ਼’

ਗੁਰਮੀਤ ਕੜਿਆਲਵੀ
ਫੋਨ: 91-98726-40994
ਜੋਹਨ ਮੈਕਰੇਅ ਲਿਖਤ ‘ਇਨ ਫਲੈਂਡਰਜ਼ ਫੀਲਡਜ਼’ ਪਹਿਲੀ ਸੰਸਾਰ ਜੰਗ ਦੇ ਦਿਨਾਂ ‘ਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਨਜ਼ਮ ਹੈ। ਫਲੈਂਡਰਜ਼ ਬੈਲਜੀਅਮ ਦਾ ਉਹ ਇਲਾਕਾ ਹੈ, ਜਿਹੜਾ ਪਹਿਲੇ ਵਿਸ਼ਵ ਯੁੱਧ ਦਾ ਅਖਾੜਾ ਬਣਿਆ ਰਿਹਾ। ਇਹ ਇਲਾਕਾ ਪੋਸਤ (ਪੋਪੀਜ਼) ਦੇ ਲਾਲ ਸੂਹੇ ਫੁੱਲਾਂ ਲਈ ਜਾਣਿਆ ਜਾਂਦਾ ਹੈ।

ਲੈਫਟੀਨੈਂਟ ਕਰਨਲ ਜੌਹਨ ਮੈਕਰੇਅ ਨੇ ਇਹ ਮਸ਼ਹੂਰ ਨਜ਼ਮ ਵਾਈਪਰੈਸ ਜੰਗ ਦੇ ਮੈਦਾਨ ‘ਚ ਇੱਕ ਮੋਰਚੇ ਵਿਚ ਬੈਠਿਆਂ ਲਿਖੀ ਸੀ। ਉਹ ਮਿੱਤਰ ਦੇਸ਼ਾਂ ਵਲੋਂ ਲੜ ਰਹੀ ਕੈਨੇਡੀਅਨ ਫੌਜ ਵਿਚ ਇੱਕ ਡਾਕਟਰ ਵਜੋਂ ਮੂਹਰਲੀ ਕਤਾਰ ਵਿਚ ਹੋ ਕੇ ਲੜ ਰਿਹਾ ਸੀ। 2 ਮਈ 1915 ਨੂੰ ਮੈੱਕਗਿਲ ਯੂਨੀਵਰਸਿਟੀ ‘ਚ ਉਸ ਦਾ ਵਿਦਿਆਰਥੀ ਤੇ ਫਿਰ ਕੁਲੀਗ ਬਣਿਆ ਅਲੈਕਸ ਹੈਲਮਰ ਉਸ ਦੀਆਂ ਅੱਖਾਂ ਸਾਹਮਣੇ ਮਾਰਿਆ ਗਿਆ। ਕਿਧਰੋਂ ਤੋਪ ਦਾ ਗੋਲਾ ਆਇਆ, ਜਿਸ ਨੇ ਬਾਈ ਸਾਲਾਂ ਦੇ ਲੈਫਟੀਨੈਂਟ ਅਲੈਕਸ ਦੇ ਸਰੀਰ ਨੂੰ ਚੀਥੜੇ ਚੀਥੜੇ ਕਰਕੇ ਦੂਰ ਦੂਰ ਤੱਕ ਖਿਲਾਰ ਦਿੱਤਾ। ਉਸ ਦੇ ਸਰੀਰ ਦੇ ਛੋਟੇ ਛੋਟੇ ਟੁਕੜਿਆਂ ਨੂੰ ਇਕੱਠਾ ਕੀਤਾ ਗਿਆ ਤੇ ਅੱਧੀ ਰਾਤ ਨੂੰ ਦਫਨਾ ਦਿੱਤਾ। ਕੋਈ ਦੁਆ ਪੜ੍ਹਨ ਵਾਲਾ ਵੀ ਨਹੀਂ ਸੀ। ਆਲੇ-ਦੁਆਲੇ ਗੋਲੀਆਂ ਦਾ ਖੜਾਕ ਸੀ। ਦੁਸ਼ਮਣ ਸ਼ਹਿ ਲਾਈ ਬੈਠਾ ਸੀ। ਦਹਿਸ਼ਤ ਸੀ, ਭੈਅ ਸੀ ਤੇ ਜਿ਼ੰਦਗੀ ਸਹਿਕ ਰਹੀ ਸੀ। ਮੌਤ ਤਾਂਡਵ ਨਾਚ ਨੱਚ ਰਹੀ ਸੀ। ਜੌਹਨ ਮੈਕਰੇਅ ਆਪਣੇ ਦੋਸਤ ਦੀਆਂ ਅੰਤਿਮ ਰਸਮਾਂ ਕਰ ਰਿਹਾ ਸੀ।
ਇਸੇ ਤਾਂਡਵ ਤੇ ਭੈਅ ਨੇ ਅੱਗੇ ਚੱਲ ਕੇ ਜੌਹਨ ਵਲੋਂ ਲਿਖੀ ਜਾਣ ਵਾਲੀ ਨਜ਼ਮ ਵਿਚ ਆ ਡੇਰੇ ਲਾਉਣੇ ਸਨ। ਫਲੈਂਡਰਜ਼ ਦੇ ਮੈਦਾਨਾਂ ‘ਚ ਪੋਸਤ (ਪੋਪੀਜ)਼ ਦੇ ਖਿੜੇ ਹੋਏ ਫੁੱਲਾਂ ਦੀਆਂ ਕਤਾਰਾਂ ਬਿਲਕੁੱਲ ਉਵੇਂ ਦਿਖਾਈ ਦਿੰਦੀਆਂ ਹਨ, ਜਿਵੇਂ ਜੰਗ ਵਿਚ ਮਾਰੇ ਗਏ ਸਿਪਾਹੀਆਂ ਤੇ ਸਿਵਲੀਅਨਾਂ ਦੀਆਂ ਕਬਰਾਂ ਦਿਖਾਈ ਦਿੰਦੀਆਂ ਹਨ। ਲਾਰਕਾਂ ਮਿੱਠੀ ਆਵਾਜ਼ ‘ਚ ਗਾਉਂਦੀਆਂ ਫਿਰਦੀਆਂ ਸਨ। ਬੰਦੂਕਾਂ ‘ਚੋਂ ਨਿਕਲਦੀਆਂ ਗੋਲੀਆਂ ਨਾਲੋਂ ਲਾਰਕਾਂ ਦੀ ਆਵਾਜ਼ ਉੱਚੀ ਸੀ। ਜੌਹਨ ਡੂੰਘੇ ਸਦਮੇ ‘ਚ ਸੀ। ਉਹ ਜਿ਼ੰਦਗੀ-ਮੌਤ ਦੇ ਸਵਾਲਾਂ ਦੇ ਰੂਬਰੂ ਹੋ ਰਿਹਾ ਸੀ। ਕਬਰਾਂ ਅਤੇ ਫੁੱਲਾਂ ਦੀਆਂ ਕਤਾਰਾਂ ਨੂੰ ਵੇਖ ਕੇ ਉਸ ਨੂੰ ਕੁਦਰਤ ਦੇ ਚੱਕਰ ਦੀ ਸਮਝ ਪੈਂਦੀ ਹੈ ਕਿ ਜਿ਼ੰਦਗੀ ਮੌਤ ਦੇ ਨਾਲ ਨਾਲ ਤੁਰਦੀ ਹੈ।
ਜੌਹਨ ਲਾਰਕਾਂ ਦੇ ਗੀਤਾਂ ਨੂੰ ਨੀਝ ਨਾਲ ਸੁਣਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਲਾਰਕਾਂ ਯੁੱਧ ‘ਚ ਮਾਰੇ ਗਏ ਲੋਕਾਂ ਦੀ ਯਾਦ ‘ਚ ਬਹਾਦਰੀ ਦੇ ਗੀਤ ਗਾ ਰਹੀਆਂ ਹਨ। ਅਲੈਕਸ ਦੀ ਮੌਤ ਦੇ ਅਗਲੇ ਦਿਨ ਹੀ ਜੌਹਨ ਮੋਰਚੇ ‘ਚ ਬੈਠ ਕੇ ਨਜ਼ਮ ਲਿਖਣੀ ਸ਼ੁਰੂ ਕਰਦਾ ਹੈ। ਪਲਾਂ ਛਿਣਾਂ ‘ਚ ਹੀ ਨਜ਼ਮ ‘ਇਨ ਫਲੈਂਡਰਜ਼ ਫੀਲਡਜ਼’ ਕਾਗਜ਼ ‘ਤੇ ਉੱਤਰ ਆਉਂਦੀ ਹੈ। ਉਹ ਯੁੱਧ ‘ਚ ਮਾਰੇ ਗਏ ਸਿਪਾਹੀਆਂ ਵਲੋਂ ਲੋਕਾਂ ਨੂੰ ਸੰਬੋਧਨ ਹੁੰਦਾ ਹੈ।
ਤਿੰਨ ਪੈਰ੍ਹਿਆਂ ਦੀ ਇਸ ਕਵਿਤਾ ਦੀਆਂ ਸਿਰਫ ਪੰਦਰਾਂ ਸਤਰਾਂ ਹਨ। ਪੰਜ ਸਤਰਾਂ ਦੇ ਪਹਿਲੇ ਪੈਰ੍ਹੇ ‘ਚ ਉਹ ਫਲੈਂਡਰਜ਼ ਦੇ ਮੈਦਾਨਾਂ ‘ਚ ਕਬਰਾਂ ਦੇ ਵਿਚਕਾਰ ਕਤਾਰਾਂ ਬੰਨ੍ਹੀ ਖਿੜੇ ਹੋਏ ਪੋਸਤ ਦੇ ਫੁੱਲਾਂ ਦਾ ਵਰਣਨ ਕਰਦਾ ਹੈ। ਚਾਰ ਚੁਫੇਰੇ ਬੰਦੂਕਾਂ ‘ਚੋਂ ਨਿਕਲੀਆਂ ਗੋਲੀਆਂ ਦਾ ਖੜਾਕ ਹੈ। ਇਸ ਖੜਾਕ ‘ਚ ਵੀ ਲਾਰਕਾਂ (ਬਹੁਤ ਮਿੱਠੀ ਆਵਾਜ਼ ‘ਚ ਗਾਉਣ ਵਾਲਾ ਪੰਛੀ) ਗਾ ਰਹੀਆਂ ਹਨ। ਇਹ ਯੁੱਧ ‘ਚ ਕੰਮ ਲੋਕਾਂ ਲਈ ਬਹਾਦਰੀ ਭਰੇ ਗੀਤ ਹਨ।
ਚਾਰ ਸਤਰੇ ਦੂਜੇ ਪੈਰ੍ਹੇ ‘ਚ ਜੌਹਨ ਜੰਗ ਦੀ ਭਿਆਨਕਤਾ ਨੂੰ ਸਾਹਮਣੇ ਹੈ ਲਿਆਉਂਦਾ ਹੈ। ਯੁੱਧ ਦਾ ਸਾਰਾ ਰੋਮਾਂਸ ਖਤਮ ਹੋ ਚੁਕਾ ਹੈ। ਜੋ ਅਜੇ ਕੁਝ ਦਿਨ ਪਹਿਲਾਂ ਤੱਕ ਸਾਹ ਲੈਂਦੇ ਸਨ, ਜਿਉਂਦੇ ਸਨ ਤੇ ਸੂਰਜ ਨੂੰ ਚੜ੍ਹਦਿਆਂ-ਛਿਪਦਿਆਂ ਦੇਖਦੇ ਸਨ; ਹੁਣ ਲਾਸ਼ਾਂ ਬਣ ਫਲੈਂਡਰਜ਼ ਦੇ ਮੈਦਾਨਾਂ ‘ਚ ਪਏ ਹਨ।
ਨਜ਼ਮ ਦੇ ਅਖੀਰਲੇ ਪੈਰ੍ਹੇ ਦੀਆਂ ਕੁੱਲ 6 ਸਤਰਾਂ ਹਨ। ਸਿਪਾਹੀ ਆਪਣੇ ਲੋਕਾਂ ਨੂੰ ਮੁਖਾਤਿਬ ਹੋ ਰਿਹਾ ਹੈ ਕਿ ਉਹ ਜੋ ਹੁਣ ਖੁੱਲ੍ਹੇ ਹੱਥਾਂ ਨਾਲ ਲਾਸ਼ ਬਣੇ ਪਏ ਹਨ, ਤੁਹਾਡੀ ਖਾਤਰ ਲੜੇ ਮਰੇ ਹਨ। ਲੋਕਾਂ ਨੂੰ ਉਨ੍ਹਾਂ ਦੇ ਖੁੱਲ੍ਹੇ ਹੱਥਾਂ ਤੋਂ ਰੌਸ਼ਨੀ ਲੈਣੀ ਚਾਹੀਦੀ ਹੈ। ਜਿਨ੍ਹਾਂ ਸ਼ਕਤੀਆਂ ਨੇ ਤਬਾਹ ਕੀਤਾ ਹੈ, ਉਨ੍ਹਾਂ ਖਿਲਾਫ ਖੜ੍ਹਨ ਅਤੇ ਲੜਨ ਦੀ ਵਾਰੀ ਹੁਣ ਤੁਹਾਡੀ ਹੈ। ਜੌਹਨ ਮਾਰੇ ਗਏ ਸਿਪਾਹੀਆਂ ਵਲੋਂ ਲੋਕਾਂ ਨੂੰ ਇੱਕ ਵੇਦਨਾ ਭਰਪੂਰ ਵੰਗਾਰ ਪਾਉਂਦਾ ਹੈ ਕਿ ਜੇ ਤੁਸੀਂ ਸਾਡੇ ‘ਚ ਵਿਸ਼ਵਾਸ ਨਾ ਵੀ ਰੱਖਿਆ ਭਾਵ ਸਾਡੇ ਆਖੇ ਦੁਸ਼ਮਣਾਂ ਖਿਲਾਫ ਨਾ ਵੀ ਲੜੇ, ਤਾਂ ਵੀ ਅਸੀਂ ਕਬਰਾਂ ‘ਚ ਆਰਾਮ ਨਾਲ ਨਹੀਂ ਸੌਵਾਂਗੇ। ਅਸੀਂ ਫਲੈਂਡਰਜ਼ ਦੇ ਮੈਦਾਨਾਂ ‘ਚ ਪੋਪੀਜ਼ ਦੇ ਫੁੱਲਾਂ ਨਾਲ ਉੱਗਦੇ ਰਹਾਂਗੇ।
‘ਇਨ ਫਲੈਂਡਰਜ਼ ਫੀਲਡਜ਼’ ‘ਚ ਮੈਕਰੇਅ ਨੇ ਪੋਸਤ ਦੇ ਫੁੱਲਾਂ ਨੂੰ ਸ਼ਾਂਤੀ ਅਤੇ ਮੌਤ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਹੈ। ਉਹ ਆਖਦਾ ਹੈ ਕਿ ਮੌਤ ਕਦੇ ਵੀ ਜਿ਼ੰਦਗੀ ਨੂੰ ਖਤਮ ਨਹੀਂ ਕਰਦੀ। ਇਹ ਦੋਵੇਂ ਇੱਕ ਦੂਜੇ ‘ਚ ਅਭੇਦ ਹਨ। ਮੌਤ ਤੋਂ ਬਾਅਦ ਜਿ਼ੰਦਗੀ ਮੁੜ ਹੁਲਾਰਾ ਲੈਂਦੀ ਹੈ।
ਇੱਕ ਸਿਪਾਹੀ, ਸ਼ਾਇਰ ਅਤੇ ਡਾਕਟਰ ਜੌਹਨ ਮੈਕਰੇਅ ਵਲੋਂ ਲਿਖੀ ਕਵਿਤਾ ਪਹਿਲੀ ਵਾਰ 8 ਦਸੰਬਰ 1915 ਨੂੰ ਲੰਡਨ ਤੋਂ ਛਪਦੇ ‘ਪੰਚ’ ਨਾਂ ਦੇ ਮੈਗਜ਼ੀਨ ‘ਚ ਪ੍ਰਕਾਸਿ਼ਤ ਹੋਈ। ਨਜ਼ਮ ਦੇ ਛਪਦਿਆਂ ਹੀ ਇਸ ਦੀ ਪ੍ਰਸਿੱਧੀ ਅੱਗ ਵਾਂਗ ਫੈਲ ਗਈ। ਨਜ਼ਮ ਸਬੰਧੀ ਹਜ਼ਾਰਾਂ ਹੀ ਖਤ ਤੇ ਟੈਲੀਗ੍ਰਾਮਾਂ ਮੈਗਜ਼ੀਨ ਅਤੇ ਲੇਖਕ ਨੂੰ ਪ੍ਰਾਪਤ ਹੋਈਆਂ।
ਨਜ਼ਮ ਸਿਪਾਹੀ ਦੇ ਬਲੀਦਾਨ ਦੀ ਪ੍ਰਤੀਕ ਬਣ ਗਈ। ਜੌਹਨ ਨੇ ਬੇਮੌਤ ਮਾਰੇ ਗਏ ਹਜ਼ਾਰਾਂ ਲੱਖਾਂ ਸਿਪਾਹੀਆਂ ਦੀ ਹੋਣੀ ਨੂੰ ਜ਼ੁਬਾਨ ਦਿੱਤੀ ਸੀ। ਬਹੁਤ ਛੇਤੀ ਇਸ ਦਾ ਸੰਸਾਰ ਦੀਆਂ ਕਈ ਭਾਸ਼ਾਵਾਂ ‘ਚ ਅਨੁਵਾਦ ਹੋ ਗਿਆ। ਇਸ ਨੂੰ ਯੁੱਧ ਦੀ ਭਿਆਨਕਤਾ ਖਿਲਾਫ ਸੰਸਾਰ ਨੂੰ ਅਪੀਲ ਸਮਝਿਆ ਗਿਆ। ਨਜ਼ਮ ਪਹਿਲੀ ਆਲਮੀ ਜੰਗ ਦੇ ਦਿਨਾਂ ‘ਚ ਸਭ ਤੋਂ ਵੱਧ ਕੋਟ ਕਰਨ ਵਾਲੀ ਨਜ਼ਮ ਬਣ ਗਈ। ਇਸ ਨੂੰ ਜ਼ਖਮੀਆਂ ਦੇ ਇਲਾਜ ਲਈ ਰਾਸ਼ੀ ਇਕੱਠੀ ਕਰਨ ਲਈ ਵਰਤਿਆ ਗਿਆ। ਬ੍ਰਿਟੇਨ ‘ਚ ਇਸ ਨੂੰ ਜਰਮਨੀ ਖਿਲਾਫ ਲੜ ਰਹੇ ਸਿਪਾਹੀਆਂ ‘ਚ ਜੋਸ਼ ਭਰਨ ਦਾ ਸਾਧਨ ਬਣਾਇਆ।
ਸਾਲ 1919 ‘ਚ ‘ਇਨ ਫਲੈਂਡਰਜ਼ ਫੀਲਡਜ਼ ਤੇ ਹੋਰ ਕਵਿਤਾਵਾਂ’ ਨਾਂ ਦੀ ਪੁਸਤਕ ‘ਚ ਨਜ਼ਮ ਪ੍ਰਕਾਸਿ਼ਤ ਹੋਈ। ਨਜ਼ਮ ਕਾਮਨਵੈਲਥ ਦੇਸ਼ਾਂ ਖਾਸ ਕਰ ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ, ਦੱਖਣੀ ਅਮਰੀਕਾ ਆਦਿ ਅੱਜ ਵੀ ਬਹੁਤ ਸਤਿਕਾਰੀ ਜਾਂਦੀ ਹੈ। ਕੈਨੇਡਾ ‘ਚ ਤਾਂ ਨਜ਼ਮ ਨੂੰ ਸ਼ਾਹਕਾਰ ਕਿਰਤ ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ‘ਚ ਵੀ ਇਹ ਵਿਸ਼ੇਸ਼ ਦਿਨਾਂ ਮੌਕੇ ਪੜ੍ਹੀ ਤੇ ਗਾਈ ਜਾਂਦੀ ਹੈ।
‘ਇਨ ਫਲੈਂਡਰਜ਼ ਫੀਲਡਜ਼’ ਦੀ ਜਿੰਨੀ ਜਿ਼ਆਦਾ ਮਸ਼ਹੂਰੀ ਹੋਈ, ਓਨੀ ਹੀ ਜਿ਼ਆਦਾ ਆਲੋਚਨਾ ਵੀ ਹੋਈ। ਇਸ ਨੂੰ ਜੰਗ ਵਿਚ ਹੋਈ ਤਬਾਹੀ ਅਤੇ ਮੌਤਾਂ ਨੂੰ ਵਡਿਆਉਣ ਵਾਲੀ ਨਜ਼ਮ ਕਿਹਾ ਗਿਆ। ਆਖਿਆ ਗਿਆ ਕਿ ਜੌਹਨ ਨੇ ਅਖੀਰਲੇ ਪੈਰ੍ਹੇ ‘ਚ ਲੋਕਾਂ ਨੂੰ ਹਥਿਆਰਾਂ ਲਈ ਸੱਦਾ ਦਿੱਤਾ ਹੈ। ਉਹ ਪਾਠਕਾਂ ਨੂੰ ਸੱਦਾ ਦਿੰਦਾ ਹੈ ਕਿ ਅਜੇ ਵੀ ਜਿੱਤ ਦੀਆਂ ਬਹੁਤ ਸੰਭਾਵਨਾਵਾਂ ਹਨ ਤੇ ਉਨ੍ਹਾਂ ਨੂੰ ਹਥਿਆਰ ਚੁੱਕ ਕੇ ਦੁਸ਼ਮਣਾਂ ਖਿਲਾਫ ਲੜਨਾ ਚਾਹੀਦਾ ਹੈ। ਕੈਨੇਡਾ ਦੀਆਂ 1917 ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਸਮੇ ਇਹ ਨਜ਼ਮ ਵਿਵਾਦ ਦਾ ਵੱਡਾ ਮੁੱਦਾ ਬਣੀ, ਜਦੋਂ ਪ੍ਰਧਾਨ ਮੰਤਰੀ ਰੌਬਰਟ ਬੋਰਡਨ ਦੀ ਅਗਵਾਈ ਵਾਲੀ ਯੂਨੀਅਨਿਸਟ ਪਾਰਟੀ ਨੇ ਇਸ ਨੂੰ ਪ੍ਰਾਪੇਗੰਡੇ ਦਾ ਸਾਧਨ ਬਣਾ ਲਿਆ। ਯੂਨੀਅਨਿਸਟ ਪਾਰਟੀ ਨੇ ਲਿਬਰਲ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਮੁੜ ਸਰਕਾਰ ਬਣਾ ਲਈ ਸੀ। ਉਦੋਂ ਇਸ ਨਜ਼ਮ ਨੂੰ ਇਸ ਜਿੱਤ ਦਾ ਮਹੱਤਵਪੂਰਨ ਕਾਰਨ ਮੰਨਿਆ ਗਿਆ ਸੀ।
‘ਇਨ ਫਲੈਂਡਰਜ਼ ਫੀਲਡਜ਼’ ਦੇ ਰਚਨਹਾਰੇ ਲੈਫਟੀਨੈਂਟ ਕਰਨਲ ਜੌਹਨ ਮੈਕਰੇਅ ਨੂੰ ਕੈਨੇਡਾ ‘ਚ ਨਾਇਕ ਜਿਹਾ ਸਤਿਕਾਰ ਦਿੱਤਾ ਗਿਆ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦਾ ਛੋਟਾ, ਪਰ ਖੂਬਸੂਰਤ ਸ਼ਹਿਰ ‘ਗਲਫ’ ਉਸ ਦੀ ਜਨਮ ਭੂਮੀ ਹੈ। ਜੌਹਨ ਨੇ 30 ਨਵੰਬਰ 1872 ਨੂੰ ਇੱਕ ਮਿਲਟਰੀ ਅਧਿਕਾਰੀ ਦੇ ਘਰ ਮਾਂ ਜੈਨੇਟ ਦੀ ਕੁੱਖੋਂ ਜਨਮ ਲਿਆ। ਟੋਰਾਂਟੋ ਯੂਨੀਵਰਸਿਟੀ ਤੋਂ ਸਾਇੰਸ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਾਲ 1900 ‘ਚ ਦੱਖਣੀ ਅਫਰੀਕਾ ‘ਚ ਹੋ ਰਹੇ ਬੋਅਰ ਯੁੱਧ ‘ਚ ਵਾਲੰਟੀਅਰ ਵਜੋਂ ਚਲਾ ਗਿਆ। ਅਗਲੇ ਸਾਲ ਮੌਂਟਰੀਅਲ ਦੀ ਮਸ਼ਹੂਰ ਮੈੱਕਗਿਲ ਯੂਨੀਵਰਸਿਟੀ ‘ਚ ਪੈਥਾਲੋਜੀ ਦੀ ਪੜ੍ਹਾਈ ਲਈ ਦਾਖਲਾ ਲਿਆ। ਜੌਹਨ ਮੈਕਰੇਅ 1914 ਤੱਕ ਇੱਥੇ ਹੀ ਪੜ੍ਹਿਆ ਤੇ ਫਿਰ ਪੜ੍ਹਾਇਆ। ਉਹ ਇੱਕ ਕਾਬਲ ਸਰਜਨ ਵਜੋਂ ਜਾਣਿਆ ਜਾਂਦਾ ਸੀ। ਉਸ ਨੇ 30 ਦੇ ਕਰੀਬ ਖੋਜ ਪੇਪਰ ਲਿਖੇ।
1914 ਦੇ ਅਖੀਰ ‘ਚ ਉਹ ਕੈਨੇਡੀਅਨ ਮਿਲਟਰੀ ‘ਚ ਬਤੌਰ ਮੈਡੀਕਲ ਅਫਸਰ ਭਰਤੀ ਹੋ ਕੇ ਬੈਲਜੀਅਮ ਦੇ ਫਲੈਂਡਰਜ਼ ਮੈਦਾਨਾਂ ‘ਚ ਚਲਾ ਗਿਆ, ਜਿੱਥੇ ਪਹਿਲੀ ਆਲਮੀ ਜੰਗ ਦਾ ਘਮਸਾਣ ਮੱਚਿਆ ਹੋਇਆ ਸੀ। ਸਰਜਨ ਵਜੋਂ ਉਸ ਨੇ ਜੰਗ ‘ਚ ਹਜ਼ਾਰਾਂ ਜ਼ਖਮੀ ਫੌਜੀਆਂ ਦਾ ਇਲਾਜ ਕੀਤਾ। ਇਨ੍ਹਾਂ ‘ਚ ਬਹੁਤ ਵੱਡੀ ਗਿਣਤੀ ਆਮ ਨਾਗਰਿਕਾਂ ਦੀ ਵੀ ਸੀ, ਜਿਹੜੇ ਜਰਮਨਾਂ ਵਲੋਂ ਛੱਡੀ ਗਈ ਕਲੋਰੀਨ ਗੈਸ ਦੇ ਹਮਲੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ। ਗਰਮੀਆਂ ਦੀ ਚਮਕਦੀ ਧੁੱਪ ‘ਚ ਜਰਮਨੀਆਂ ਨੇ ਗੈਸ ਕਨਟੇਨਰਾਂ ਦੇ ਮੂੰਹ ਖੋਲ੍ਹ ਦਿੱਤੇ ਸਨ, ਜਿਸ ਨਾਲ ਹਜ਼ਾਰਾਂ ਲੋਕ ਦਮ ਘੁੱਟਣ ਨਾਲ ਮਾਰੇ ਗਏ। ਸਾਹ ਘੁੱਟ ਹੋ ਜਾਣ ਤੋਂ ਡਰਦੇ ਲੋਕ ਖੁੱਲ੍ਹੀ ਹਵਾ ‘ਚ ਦੌੜਦੇ ਤਾਂ ਗੋਲੀਆਂ ਉਨ੍ਹਾਂ ਦਾ ਸਵਾਗਤ ਕਰਦੀਆਂ।
ਗੋਲੀਆਂ ਦੀ ਛਾਂ ਥੱਲੇ ਜਿੱਥੇ ਪਲ ਪਲ ਮੌਤ ਦਾ ਦੈਂਤ ਉਨ੍ਹਾਂ ਦਾ ਪਿੱਛਾ ਕਰਦਾ ਸੀ, ਜੌਹਨ ਨੇ ਆਪਣੀ ਮਾਂ ਜੈਨੇਟ ਨੂੰ ਖਤ ਲਿਖਿਆ, “ਅਸੀਂ ਜੰਗ ਦੇ ਅਤਿ ਘਿਨਾਉਣੇ ਜਬਾੜੇ ‘ਚ ਹਾਂ। ਸਤਾਰਾਂ ਦਿਨ ਤੇ ਸਤਾਰਾਂ ਰਾਤਾਂ ਹੋ ਗਈਆਂ ਹਨ, ਅਸੀਂ ਕੱਪੜੇ ਨਹੀਂ ਬਦਲੇ। ਇੱਥੋਂ ਤੱਕ ਕੇ ਕੁਝ ਖਾਸ ਮੌਕਿਆਂ ਨੂੰ ਛੱਡ ਕੇ ਬੂਟ ਵੀ ਨਹੀਂ ਲਾਹੇ। ਸਾਡੇ ਆਲੇ ਦੁਆਲੇ ਲੋਥਾਂ ਅਤੇ ਚੀਕਦੇ ਕੁਰਲਾਉਂਦੇ ਜ਼ਖਮੀ ਹਨ।”
ਜੌਹਨ ਬਹੁਤ ਸੰਵੇਦਨਸ਼ੀਲ ਸੀ। ਉਦੋਂ ਉਹ ਅਜੇ 17 ਸਾਲਾਂ ਦਾ ਸੀ, ਜਦੋਂ ਆਪਣੇ ਦੋਸਤ ਦੀ ਭੈਣ ਐਲਿਸ ਮੈਕਰੇਅ ਨੂੰ ਪਿਆਰ ਕਰਨ ਲੱਗਿਆ। ਐਲਿਸ ਉਦੋਂ 19 ਵਰ੍ਹਿਆਂ ਦੀ ਹੁੰਦੜਹੇਲ ਮੁਟਿਆਰ ਸੀ। ਬਹੁਤ ਛੇਤੀ ਐਲਿਸ ਦੀ ਟਾਈਫਾਈਡ ਨਾਲ ਮੌਤ ਹੋ ਗਈ। ਜੌਹਨ ਦਾ ਪਿਆਰ ਅੱਧਵਾਟੇ ਹੀ ਰਹਿ ਗਿਆ। ਜੌਹਨ ਲਈ ਇਹ ਤੋੜ ਕੇ ਰੱਖ ਦੇਣ ਵਾਲਾ ਸਦਮਾ ਸੀ। ਉਸ ਨੇ ਆਪਣੀ ਮਾਂ ਨੂੰ ਇਸ ਸਦਮੇ ਬਾਰੇ ਲਿਖਿਆ। ਐਲਿਸ ਦੀ ਯਾਦ ‘ਚ ਜੌਹਨ ਨੇ ਨਜ਼ਮ ‘ਦਾ ਹੋਪ ਆਫ ਮਾਈ ਹਾਰਟ’ ਲਿਖੀ, ਜੋ 1894 ‘ਚ ਸਟੂਡੈਂਟ ਮੈਗਜ਼ੀਨ ‘ਚ ਛਪੀ। ਉਸ ਤੋਂ ਬਾਅਦ ਹੋਰ ਵੀ ਉਦਾਸ ਕਵਿਤਾਵਾਂ ਲਿਖੀਆਂ, ਜਿਨ੍ਹਾਂ ‘ਚ ਆਪਣੇ ਸਿ਼ਵ ਕੁਮਾਰ ਜਿਹਾ ਰੰਗ ਹੈ। ‘ਮੌਤ’ ਉਸ ਦੀਆਂ ਕਵਿਤਾਵਾਂ ਦਾ ਕੇਂਦਰੀ ਧੁਰਾ ਬਣ ਗਈ।
ਜੌਹਨ ਮੈਕਰੇਅ ਜੀਵ ਜੰਤੂਆਂ ਤੇ ਕੁਦਰਤ ਨੂੰ ਬਹੁਤ ਪਿਆਰ ਕਰਦਾ ਸੀ। ਸ਼ਾਇਰੀ, ਸੰਗੀਤ ਅਤੇ ਚਿਤਰਕਾਰੀ ਦਾ ਵੀ ਆਸ਼ਕ। ਉਸ ਨੇ ਕਵਿਤਾਵਾਂ ਦੇ ਨਾਲ ਨਾਲ ਨਾਟਕ, ਖਤ ਅਤੇ ਡਾਇਰੀ ਵੀ ਲਿਖੇ। ਜੰਗ ਦੇ ਮੈਦਾਨ ‘ਚੋਂ ਹਫਤੇ ‘ਚ ਦੋ ਵਾਰ ਮਾਂ ਨੂੰ ਖਤ ਲਿਖਦਾ। ਨਾਟਕਾਂ ‘ਚ ਅਸਲ ਪਾਤਰਾਂ ਨੂੰ ਚਿਤਰਨ ‘ਚ ਯਕੀਨ ਰੱਖਦਾ ਸੀ। ਉਹ ਲਿਖਦਾ ਹੈ, “ਮੈਂ ਜਦੋਂ ਕਦੇ ਨਵੇਂ ਕਾਲਪਨਿਕ ਪਾਤਰ ਦੀ ਖੋਜ ਕਰਦਾ ਹਾਂ ਤਾਂ ਬਹੁਤ ਸਾਰਾ ਆਪਣੇ ਆਪ ਨੂੰ ਇਸ ‘ਚ ਸ਼ਾਮਿਲ ਕਰ ਲੈਂਦਾ ਹਾਂ। ਅਸਲ ਪਾਤਰਾਂ ਦੇ ਘੜਨ ਸਮੇਂ ਮੈਂ ਬੜੀ ਮੁਸ਼ਕਿਲ ਨਾਲ ਉਨ੍ਹਾਂ ‘ਚ ਸ਼ਾਮਿਲ ਹੁੰਦਾ ਹਾਂ।”
ਜੂਨ 1915 ‘ਚ ਜੌਹਨ ਮੈਕਰੇਅ ਨੂੰ ਬੌਲਗੇਨ (ਫਰਾਂਸ) ਦੇ ਕੈਨੇਡੀਅਨ ਜਨਰਲ ਹਸਪਤਾਲ ‘ਚ ਲੈਫਟੀਨੈਂਟ ਕਰਨਲ ਵਜੋਂ ਮੈਡੀਸਨ ਦਾ ਇੰਚਾਰਜ ਬਣਾ ਦਿੱਤਾ। ਭਾਵੇਂ ਇਹ ਵੱਡੀ ਤਰੱਕੀ ਸੀ, ਪਰ ਉਹ ਆਪਣੀ ਨਵੀਂ ਨਿਯੁਕਤੀ ਤੋਂ ਸੰਤੁਸ਼ਟ ਨਹੀਂ ਸੀ। ਉਹ ਜੰਗ ਦੇ ਮੈਦਾਨ ‘ਚ ਫਰੰਟ ਲਾਈਨ ‘ਤੇ ਰਹਿ ਕੇ ਕੰਮ ਕਰਨ ਦਾ ਇਛੁੱਕ ਸੀ। ਸਾਲ 1918 ਦੇ ਚੜ੍ਹਦਿਆਂ ਹੀ ਉਸ ਨੂੰ ਨਮੂਨੀਏ ਨੇ ਘੇਰ ਲਿਆ। ਦਿਮਾਗ ਨੂੰ ਸੋਜ ਹੋ ਗਈ, ਜਿਸ ਨੇ ਸਾਰੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰ ਦਿੱਤਾ। ਜਨਵਰੀ ਦੀ 28 ਤਾਰੀਕ ਨੂੰ ਵਾਈਮਰਸ ਮਿਲਟਰੀ ਹਸਪਤਾਲ ‘ਚ ਉਸ ਦੀ ਮੌਤ ਹੋ ਗਈ।
ਕੈਨੇਡਾ ਵਿਚ ਜੌਹਨ ਮੈਕਰੇਅ ਨੂੰ ਇੱਕ ਬਹਾਦਰ ਸਿਪਾਹੀ, ਵੱਡੇ ਕਵੀ ਅਤੇ ਕਾਬਲ ਡਾਕਟਰ ਵਜੋਂ ਬੜੇ ਅਦਬ ਨਾਲ ਯਾਦ ਕੀਤਾ ਜਾਂਦਾ ਹੈ। ਉਸ ਦੇ ਜੱਦੀ ਸ਼ਹਿਰ ‘ਗਲਫ’ ਦੀ ਸਿਟੀ ਕੌਂਸਲ ਨੇ ਉਸ ਦੇ ਘਰ ਨੂੰ ਮਾਲਕਾਂ ਤੋਂ ਖਰੀਦ ਲਿਆ ਤੇ ਯਾਦਗਾਰ ਦਾ ਰੂਪ ਦੇ ਦਿੱਤਾ। ਫੈਡਰਲ ਸਰਕਾਰ ਨੇ ਵੀ ਇਸ ਨੂੰ ਇਤਿਹਾਸਕ ਮਹੱਤਵ ਵਾਲਾ ਕਰਾਰ ਦੇ ਦਿੱਤਾ। ਗਲਫ ਸ਼ਹਿਰ ਪਬਲਿਕ ਸਕੂਲ ਦਾ ਨਾਂ ਉਸ ਦੇ ਨਾਂ ‘ਤੇ ਰੱਖਿਆ ਹੋਇਆ ਹੈ। ਮਿਊਜ਼ੀਅਮ ‘ਚ ਹਰ ਸਾਲ ਉਸ ਦੀ ਯਾਦ ‘ਚ ਸਮਾਗਮ ਕੀਤਾ ਜਾਂਦਾ ਹੈ। ਉਸ ਦੀ ਪ੍ਰਸਿੱਧ ਨਜ਼ਮ ਗਾਈ ਜਾਂਦੀ ਹੈ। ਉਸ ਦੀ ਜਿ਼ੰਦਗੀ ਸਬੰਧੀ ਇੱਕ ਪਾਤਰੀ ਨਾਟਕ ਇਸ ਢੰਗ ਨਾਲ ਖੇਡਿਆ ਜਾਂਦਾ ਹੈ ਕਿ ਕੈਨੇਡਾ ਦੀ ਨਵੀਂ ਪਨੀਰੀ ਦੇ ਜਜ਼ਬਾਤ ਨੂੰ ਹਲੂਣਿਆ ਜਾ ਸਕੇ।
ਸਾਲ 2015 ‘ਚ ਮੈਕਰੇਅ ਦੀ ਨਜ਼ਮ ‘ਇਨ ਫਲੈਂਡਰਜ਼ ਫੀਲਡਜ਼’ ਦੇ ਸੌ ਵਰ੍ਹੇ ਪੂਰੇ ਹੋਣ ‘ਤੇ ਕੈਨੇਡਾ ਦੀ ਰਾਜਧਾਨੀ ਓਟਵਾ ‘ਚ ਉਸ ਦਾ ਬੁੱਤ ਲਾਇਆ ਗਿਆ। ਟੋਰਾਂਟੋ ਯੂਨੀਵਰਸਿਟੀ, ਜਿੱਥੇ ਉਹ ਪੜ੍ਹਦਾ ਰਿਹਾ ਸੀ, ਨੇ ਉਸ ਦੀ ਯਾਦ ਨੂੰ ਚਿਰ ਸਥਾਈ ਬਣਾਉਣ ਲਈ ਪਲੇਕ ਸਥਾਪਿਤ ਕੀਤੀ। ਜਿਸ ‘ਤੇ ਨਜ਼ਮ ‘ਇਨ ਫਲੈਂਡਰਜ਼ ਫੀਲਡਜ਼’ ਉਕਰੀ ਹੋਈ ਹੈ। ਓਟਵਾ ਦੇ ਸਕੂਲ ਅਤੇ ਵਾਰ ਮਿਊਜ਼ੀਅਮ ਦੀ ਗੈਲਰੀ ਦਾ ਨਾਂ ਵੀ ਜੌਹਨ ਮੈਕਰੇਅ ਦੇ ਨਾਂ ‘ਤੇ ਰੱਖਿਆ ਗਿਆ। ਸਮੇਂ ਸਮੇਂ ‘ਤੇ ਉਸ ਦੇ ਨਾਂ ‘ਤੇ ਡਾਕ ਟਿਕਟਾਂ ਜਾਰੀ ਹੋਈਆਂ। ਸਿੱਕਾ ਵੀ ਜਾਰੀ ਹੋਇਆ। ਨਜ਼ਮ ਦੀ ਸਿਰਜਣਾ ਵਾਲੇ ਸਥਾਨ ਵਾਈਪ੍ਰਸ (ਬੈਲਜੀਅਮ) ‘ਚ ਸਥਾਪਿਤ ਮਿਊਜ਼ੀਅਮ ਦਾ ਨਾਂ ਹੀ ਉਸ ਦੀ ਨਜ਼ਮ ਦੇ ਆਧਾਰ ‘ਤੇ ‘ਇਨ ਫਲੈਂਡਰਜ਼ ਫੀਲਡਜ਼ ਮਿਊਜ਼ੀਅਮ’ ਰੱਖਿਆ ਗਿਆ ਹੈ। ਕੈਨੇਡਾ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਵੀ ਕਈ ਯਾਦਗਾਰਾਂ ਦੀ ਸਥਾਪਨਾ ਹੋਈ ਹੈ।
ਬਰੈਂਪਟਨ ਰਹਿੰਦੇ ਨਾਟਕਕਾਰ ਨਾਹਰ ਔਜਲਾ ਨਾਲ ‘ਗਲਫ’ ‘ਚ ਬਣੇ ਮਿਊਜ਼ੀਅਮ ‘ਚ ਜਾਣ ਦਾ ਸਬੱਬ ਬਣਿਆ ਸੀ। ‘ਇਨ ਦੀ ਫਲੈਂਡਰਜ਼ ਫੀਲਡਜ਼’ ਪੜ੍ਹਦਿਆਂ ਮੈਂ ਗਦਰ ਲਹਿਰ ਦੀਆਂ ਮਸ਼ਹੂਰ ਕਵਿਤਾਵਾਂ “ਦੇਸ਼ ਨੂੰ ਚੱਲੋ” ਅਤੇ “ਹਿੰਦ ਵਾਸੀਓ ਰੱਖਣਾ ਯਾਦ ਸਾਨੂੰ” ਯਾਦ ਕਰਦਾ ਰਿਹਾ ਸਾਂ। ਮੈਨੂੰ ਆਪਣੇ ਕੌਮੀ ਸ਼ਹੀਦਾਂ ਦੀਆਂ ਢਹਿੰਦੀਆਂ ਜਾਂ ਢਹਿ ਚੁਕੀਆਂ ਯਾਦਗਾਰਾਂ ਦਾ ਚੇਤਾ ਆ ਗਿਆ ਸੀ। ਕੈਨੇਡਾ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਨਿੱਕੀ ਉਮਰ ‘ਚ ਸ਼ਹੀਦ ਹੋ ਜਾਣ ਵਾਲੇ ਮਹਾਨ ਗਦਰੀ ਕਰਤਾਰ ਸਿੰਘ ਸਰਾਭਾ ਦੇ ਘਰ ਦੀ ਜਿਆਰਤ ਕੀਤੀ ਸੀ। ਉਸ ਦੇ ਘਰ ‘ਚ ਛਾਈ ਪਈ ਬੇਰੌਣਕੀ ਨੇ ਦੁਖੀ ਕਰ ਦਿੱਤਾ ਸੀ। ਇਹ ਸਾਡੇ ਕੌਮੀ ਨਾਇਕਾਂ ਦੀ ਬੇਕਦਰੀ ਕਰਨ ਵਾਲੀ ਗੱਲ ਸੀ। ਹੁਣ ਕੈਨੇਡੀਅਨ ਨਾਇਕ ਦੇ ਘਰ ਦੀ ਕੀਤੀ ਸਾਂਭ-ਸੰਭਾਲ ਅਤੇ ਜੌਹਨ ਮੈਕਰੇਅ ਨਾਲ ਸਬੰਧਿਤ ਵਸਤੂਆਂ, ਦਸਤਾਵੇਜ਼ਾਂ ਨੂੰ ਵੇਖ ਕੇ ਦਿਲ ਖੁਸ਼ ਹੋਣ ਦੇ ਨਾਲ ਨਾਲ ਆਪਣੇ ਦੇਸ਼ ‘ਚ ਨਾਇਕਾਂ ਦੀ ਹੋ ਰਹੀ ਬੇਕਦਰੀ ਬਾਰੇ ਸੋਚਦਿਆਂ ਉਦਾਸ ਵੀ ਹੋ ਗਿਆ ਸੀ।
ਜੌਹਨ ਮੈਕਰੇਅ ਦੀ ਕਵਿਤਾ “ਫਲੈਂਡਰਜ਼ ਮੈਦਾਨਾਂ ‘ਚ”
ਫਲੈਂਡਰਜ਼ ਮੈਦਾਨਾਂ ‘ਚ
ਕਤਾਰ ਦਰ ਕਤਾਰ ਚਿਣੀਆਂ ਕਬਰਾਂ ‘ਚ
ਪੋਸਤ ਦੇ ਫੁੱਲ ਲਹਿਲਹਾਉਂਦੇ
ਸਾਡੇ ਆਖਰੀ ਪੱਕੇ ਟਿਕਾਣੇ ਦੀ
ਨਿਸ਼ਾਨਦੇਹੀ ਕਰਾਉਂਦੇ
ਆਸਮਾਨੀ ਲਾਰਕ ਪੰਛੀ ਉੱਡਦੇ
ਤੇ ਬਹਾਦਰੀ ਦੇ ਗੀਤ ਗਾਉਂਦੇ
ਗੋਲੀਆਂ ਦੀ ਆਵਾਜ਼ ‘ਚ
ਬਾ-ਮੁਸ਼ਕਿਲ ਹੀ ਸੁਣੀਂਦੇ।

ਅਸੀਂ ਜੋ ਮੋਏ, ਥੋੜ੍ਹੇ ਦਿਨ ਹੋਏ,
ਸਾਂ ਜਿਉਂਦੇ, ਸਵੇਰਾਂ ਮਾਣਦੇ
ਡੁੱਬਦੇ ਸੂਰਜ ਦਾ ਜਲੌਅ ਵੇਖਦੇ
ਪਿਆਰ ਕਰਦੇ ਤੇ ਪਿਆਰੇ ਜਾਂਦੇ
ਹੁਣ ਅਸੀਂ ਫਲੈਂਡਰਜ਼ ਦੇ
ਮੈਦਾਨਾਂ ‘ਚ ਕਬਰੀਂ ਪਏ।

ਦੁਸ਼ਮਣ ਨਾਲ ਸਾਡੀ ਜੰਗ
ਹੁਣ ਤੁਸੀਂ ਲਓ ਸੰਭਾਲ
ਨਿਰਜਿੰਦ ਹੁੰਦੇ ਹੱਥਾਂ ‘ਚੋਂ
ਸੁੱਟਦੇ ਤੁਹਾਡੇ ਵੱਲ ਮਸ਼ਾਲ
ਇਹਨੂੰ ਬਲਦੀ ਤੇ ਉੱਚੀ ਰੱਖਣ ਦਾ
ਰੱਖਣਾ ਤੁਸੀਂ ਖਿਆਲ
ਧ੍ਰੋਹ ਜੇ ਕਮਾਇਆ ਤੁਸਾਂ
ਅਸਾਂ ਮੋਇਆਂ ਨਾਲ,
ਫਲੈਂਡਰਜ਼ ਮੈਦਾਨਾਂ ‘ਚ ਪੋਸਤ ਦੇ
ਫੁੱਲ ਭਾਵੇਂ ਉੱਗਣੇ
ਪਰ ਸਾਡੀਆਂ ਰੂਹਾਂ
ਨਹੀਂ ਸੌਣਾ ਸ਼ਾਂਤੀ ਨਾਲ।