ਆਵਾਸ-ਪਰਵਾਸ ਜੀਵਨ ਦੇ ਦਵੰਦ ਦੀ ਤ੍ਰਾਸਦੀ ਦਾ ਸਫਲ ਚਿਤੇਰਾ-ਕਰਮ ਸਿੰਘ ਮਾਨ

ਸੰਤੋਖ ਮਿਨਹਾਸ
ਫੋਨ: 559-283-6376
ਜਦੋਂ ਅਸੀਂ ਅਜੋਕੀ ਪੰਜਾਬੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਇਸ ਵਿਧਾ ਵਿਚ ਪਿਛਲੇ ਚਾਰ ਕੁ ਦਹਾਕਿਆਂ ਤੋਂ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਬਹੁਤ ਸਾਰੇ ਨੌਜਵਾਨ ਲੇਖਕਾਂ ਨੇ ਨਵੀਂ ਲਿਖੀ ਜਾ ਰਹੀ ਕਹਾਣੀ ਦਾ ਮੂੰਹ-ਮੱਥਾ ਨਵੇਂ ਨਵੇਂ ਵਿਸ਼ੇ ਛੋਹ ਕੇ ਨਿਭਾਅ ਦੇ ਪੱਖੋਂ ਵੀ ਸੰਵਾਰਿਆ ਹੈ। ਮਨੁੱਖੀ ਜੀਵਨ ਦੀਆਂ ਉਨ੍ਹਾਂ ਵਿਰਲਾਂ ਵਿਚ ਵੀ ਝਾਕਿਆ ਹੈ, ਜੋ ਕਿਸੇ ਸਮੇਂ ਪੰਜਾਬੀ ਕਹਾਣੀ ਵਿਚ ਵਰਜਿਤ ਵਿਸ਼ੇ ਮੰਨ ਕੇ ਜੁਅਰਤ ਨਹੀਂ ਸੀ ਕੀਤੀ ਗਈ। ਇਸੇ ਲਈ ਪੰਜਾਬੀ ਕਹਾਣੀ ਦੀ ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਦੇ ਮੁਕਾਬਲੇ ਖੜ੍ਹਨ ਦੀ ਗੱਲ ਹੋ ਰਹੀ ਹੈ। ਇਸੇ ਸਮੇਂ ਭਾਵੇਂ ਤੀਜੀ ਪੀੜ੍ਹੀ ਦੇ ਕੋਈ ਦਰਜਨ ਤੋਂ ਉਪਰ ਨੌਜਵਾਨ ਚਰਚਿਤ ਕਹਾਣੀਕਾਰ ਦੇ ਨਾਂ ਸਾਹਮਣੇ ਆਉਂਦੇ ਹਨ।

ਇਨ੍ਹਾਂ ਕਹਾਣੀਕਾਰਾਂ ਵਿਚ ਕੋਈ ਅੱਧੀ ਦਰਜਨ ਦੇ ਕਰੀਬ ਪੋ੍ਰਢ ਉਮਰ ਦੇ ਨਵੇਂ ਕਹਾਣੀਕਾਰ ਵੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿਚ ਕਰਮ ਸਿੰਘ ਮਾਨ ਦਾ ਨਾਂ ਜਿ਼ਕਰਯੋਗ ਹੈ। ਉਸ ਦੀ ਕਹਾਣੀ ਨੂੰ ਪਾਠਕਾਂ ਤੇ ਆਲੋਚਕਾਂ ਦੀ ਰੱਜਵੀਂ ਸਵੀਕ੍ਰਿਤੀ ਮਿਲੀ ਹੈ। ਪੰਜਾਬੀ ਸਾਹਿਤ ਦੇ ਸਿਰਮੌਰ ਪਰਚਿਆਂ ਨੇ ਵੀ ਮਾਨ ਦੀ ਕਹਾਣੀ ਨੂੰ ਚੰਗੀ ਥਾਂ ਦਿੱਤੀ ਹੈ। ਭਾਵੇਂ ਕਰਮ ਸਿੰਘ ਮਾਨ ਨੇ ਵੱਡੀ ਉਮਰ ਵਿਚ ਲਿਖਣਾ ਸ਼ੁਰੂ ਕੀਤਾ, ਪਰ ਉਹ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ ਵਿਚ ਪੰਜ ਕਹਾਣੀ ਸੰਗ੍ਰਹਿ: ‘ਹੰਝੂ ਇੱਕ ਅੱਖ ਦੇ’ (2000), ‘ਵੇਦਣੂ ਕਹੀਐ ਕਿਸੁ’ (2002), ‘ਹੇਠ ਵਗੇ ਦਰਿਆ’ (2006), ‘ਫਲਾਈ ਓਵਰ’ (2011) ਅਤੇ ‘ਬੋਸਕੀ ਦਾ ਪਜਾਮਾ’ (2020) ਪਾ ਕੇ ਪੰਜਾਬੀ ਕਹਾਣੀ ਖੇਤਰ ਵਿਚ ਇੱਕ ਸਥਾਪਤ ਨਾਂ ਬਣ ਕੇ ਚਰਚਾ ਵਿਚ ਆਇਆ ਹੈ।
ਜਦੋਂ ਸਾਰਾ ਸੰਸਾਰ ਇੱਕ ਮੰਡੀ ਦਾ ਰੂਪ ਧਾਰਦਾ ਜਾ ਰਿਹਾ ਹੈ, ਸਮਾਜਵਾਦੀ ਸਿਸਟਮ ਆਪਣਾ ਦਮ ਤੋੜ ਰਿਹਾ ਹੈ, ਪੂੰਜੀਵਾਦੀ ਕਦਰਾਂ-ਕੀਮਤਾਂ ‘ਤੇ ਆਧਾਰਤ ਵਰਤਾਰਾ ਨਵੀਂ ਦਿਸ਼ਾ ਵਲ ਵੱਧ ਰਿਹਾ ਹੈ, ਰਾਸ਼ਟਰਵਾਦ ਦੇ ਬੋਲ ਪੈਰ ਪਸਾਰ ਰਹੇ ਹਨ, ਕੌਮੀਅਤਾਂ ਦਾ ਬਖੇੜਾ ਵੀ ਆਪਣੀ ਆਵਾਜ਼ ਉਚੀ ਕਰਨ ਲਈ ਉਸਲਵੱਟੇ ਲੈ ਰਿਹਾ ਹੈ, ਗਲੋਬਲੀ-ਚੇਤਨਾ ਮਨੁੱਖ ਨੂੰ ਹਲੂਣਾ ਦੇ ਰਹੀ ਹੈ। ਇਸ ਨਾਲ ਰਾਜਸੀ ਤੇ ਸਮਾਜਿਕ ਵਿਚਾਰਧਾਰਾਵਾਂ ਦੇ ਮੁਹਾਣ ਬਦਲ ਰਹੇ ਹਨ। ਸਮਾਜਿਕ ਅਤੇ ਸਭਿਆਚਾਰਕ ਤਬਦੀਲੀਆਂ ਕਾਰਨ ਲੋਕਾਂ ਦੇ ਰਹਿਣ-ਸਹਿਣ ਦੀਆਂ ਕਦਰਾਂ-ਕੀਮਤਾਂ ਵਿਚ ਢੇਰ ਤਬਦੀਲੀ ਆਈ ਹੈ। ਇਸੇ ਕਰਕੇ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕ ਮੰਦਹਾਲੀ ਤੇ ਰਾਜਸੀ ਅਸਥਿਰਤਾ ਕਾਰਨ ਲੋਕ ਪਲਾਇਨ ਕਰਕੇ ਵਿਕਸਿਤ ਦੇਸ਼ਾਂ-ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ ਵਰਗੇ ਮੁਲਕਾਂ ਵਿਚ ਵਸਣ ਲਈ ਤਰਲੋ-ਮੱਛੀ ਹੋ ਰਹੇ ਹਨ।
ਪੰਜਾਬ, ਜੋ ਕਿਸੇ ਸਮੇਂ ਭਾਰਤ ਦਾ ਖੁਸ਼ਹਾਲ ਸੂਬਾ ਮੰਨਿਆ ਜਾਂਦਾ ਸੀ। ਖੇਤੀ ਆਧਾਰਤ ਆਰਥਿਕਤਾ ਹੋਣ ਕਾਰਨ ਕਿਸੇ ਸਮੇਂ ਹਰੀ ਕ੍ਰਾਂਤੀ ਨਾਲ ਆਈ ਵਿਖਾਵੇ ਦੀ ਤਰੱਕੀ ਤੋਂ ਬਾਅਦ ਕਿਸਾਨੀ ਜੀਵਨ ਵਿਚ ਆਈ ਮੰਦਹਾਲੀ ਦੇ ਕਾਰਨ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ ਨੇ ਇਕ ਨਵੇਂ ਵਰਤਾਰੇ ਨੂੰ ਜਨਮ ਦਿੱਤਾ ਹੈ। ਇਸ ਨਾਲ ਇਤਿਹਾਸਕ, ਸਮਾਜਿਕ ਅਤੇ ਸਭਿਆਚਾਰਕ ਤਬਦੀਲੀਆਂ ਵਿਦਮਾਨ ਹੋਈਆਂ ਹਨ। ਪਦਾਰਥਵਾਦੀ ਪ੍ਰਸਥਿਤੀਆਂ ਤੇ ਪੂੰਜੀਵਾਦੀ ਵਿਵਸਥਾ ਦੇ ਵਿਕਾਸ ਕਾਰਨ ਮਨੁੱਖ ਦੇ ਜਿਉਣ ਢੰਗ ਵਿਚ ਆਈ ਸੁਚੇਤ ਜਾਂ ਅਚੇਤ ਤਬਦੀਲੀ ਨਵੇਂ ਦਿਸਹੱਦਿਆਂ ਦੀ ਭਾਲ ਕਰਦੀ ਹੈ। ਇਸੇ ਚਿੰਤਨ-ਮੰਥਨ ਵਿਚੋਂ ਪਰਵਾਸ ਦਾ ਰੁਝਾਨ ਬੜਾ ਤੇਜ ਹੋਇਆ ਹੈ। ਇਸੇ ਲਈ ਬਹੁਤ ਸਾਰੇ ਪਰਵਾਸੀ ਲੇਖਕਾਂ ਨੇ ਆਪਣੀਆਂ ਕਹਾਣੀਆਂ ਦਾ ਕਥਾ-ਵਸਤੂ ਆਵਾਸ-ਪਰਵਾਸ ਦੇ ਜੀਵਨ ਨੂੰ ਆਧਾਰ ਬਣਾਇਆ ਹੈ।
ਕਰਮ ਸਿੰਘ ਮਾਨ ਨੇ ਆਵਾਸ-ਪਰਵਾਸ ਦੇ ਜੀਵਨ ਨੂੰ ਰੱਜ ਕੇ ਜੀਵਿਆ ਹੈ। ਉਸ ਕੋਲ ਡੂੰਘੀ ਨੀਝ ਵਾਲੀ ਅੱਖ ਹੈ। ਇਸ ਲਈ ਜੀਵਨ ਦੇ ਹਰ ਵਰਤਾਰੇ ਦਾ ਅਨੁਭਵ ਉਸ ਦੇ ਕਥਾ ਸੰਸਾਰ ਨੂੰ ਦਿੱਬ-ਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਉਸ ਦੀਆਂ ਕਹਾਣੀਆਂ ਦੀ ਮੁੱਖ ਚੂਲ ਆਵਾਸ-ਪਰਵਾਸ ਜੀਵਨ ਦੇ ਦਵੰਦਵਾਦੀ ਤ੍ਰਾਸਦੀ ਦੀ ਪੀੜ ਹੈ। ਉਹ ਮਾਨਵਵਾਦੀ ਸੰਵੇਦਨਸ਼ੀਲ ਯਥਾਰਥਵਾਦੀ ਲੇਖਕ ਹੈ। ਉਸ ਨੂੰ ਅਜੋਕੇ ਸਮੇਂ ਵਿਚ ਖੰਡਿਤ ਹੋ ਰਹੇ ਮਨੁੱਖੀ ਰਿਸ਼ਤਿਆਂ ਦੇ ਅੰਦਰਲੇ ਥਹੁ ਦੀ ਸੋਝੀ ਹੈ। ਇਸੇ ਲਈ ਉਸ ਨੂੰ ਮਨੁੱਖੀ ਜੀਵਨ ਦੀ ਜਟਿਲਤਾ ਫੜਨ ਦਾ ਵੱਲ ਆਉਂਦਾ ਹੈ। ਉਹ ਮਨੁੱਖ ਅੰਦਰ ਹੋ ਰਹੀ ਟੁੱਟ-ਭੱਜ ਨੂੰ ਬਿਆਨ ਕਰਦਿਆਂ ਪਾਠਕ ਨੂੰ ਪਾਤਰ ਦੇ ਅੰਦਰ ਝਾਕਣ ਦਾ ਮੌਕਾ ਪ੍ਰਦਾਨ ਕਰਦਾ ਹੈ। ਆਵਾਸ-ਪਰਵਾਸ ਦੀ ਸੰਵੇਦਨਾ ਨਾਲ ਲਬਰੇਜ਼ ਇਹ ਕਹਾਣੀਆਂ ਨਿਮਨ ਕਿਸਾਨੀ ਜੀਵਨ ਦੇ ਧਰਾਤਲ ‘ਤੇ ਜੱਦੋ-ਜਹਿਦ ਕਰ ਰਹੇ ਮਨੁੱਖ ਦੇ ਅੰਦਰ ਪਸਰੇ ਖਲਾਅ ਤੋਂ ਉਤਪੰਨ ਦੁਸ਼ਵਾਰੀਆਂ, ਬੇਸਬਰੀਆਂ ਤੇ ਰਿਸ਼ਤਿਆਂ ਦੀ ਬੇਭਰੋਸਗੀ ਦੇ ਦੁਖਾਂਤ ਦਾ ਵਰਣਨ ਹੀ ਨਹੀਂ, ਸਗੋਂ ਗਲੋਬਲੀ ਸੰਸਾਰ ਦੀ ਪੂੰਜਵਾਦੀ ਵਿਵਸਥਾ ਵਿਚ ਮਨੁੱਖ ਦੀ ਜਦੋ-ਜਹਿਦ ਦਾ ਵੀ ਵਰਣਨ ਹੈ। ਇਸੇ ਲਈ ਜਿੱਥੇ ਉਸ ਦੀ ਕਹਾਣੀ ਭਾਰਤੀ ਚਿੰਤਨ ਦੇ ਸੁਖਾਂਤਕ ਪਰੰਪਰਾ ਦੇ ਅਵਚੇਤਨ ਵਿਚੋਂ ਉਤਪੰਨ ਪ੍ਰਤੀਤ ਹੁੰਦੀ ਦਿਸਦੀ ਹੈ, ਉਥੇ ਉਸ ਦੀ ਕਹਾਣੀ ਦੇ ਯਥਾਰਥ ਦਾ ਵਿਚਾਰਧਾਰਕ ਸੂਤਰ ਪ੍ਰਗਤੀਵਾਦੀ ਦਰਸ਼ਨ ਨਾਲ ਓਤਪੋਤ ਹੈ।
ਲੇਖਕ ਦਾ ਲੋਕ ਪੱਖੀ ਮਾਨਵਵਾਦੀ ਚਿਹਰਾ ਦ੍ਰਿਸ਼ਟੀਗੋਚਰ ਹੁੰਦਾ ਹੈ। ਜੇ ਉਸ ਦੀਆਂ ਕਹਾਣੀਆ ਦੇ ਵਿਸ਼ੇ-ਪਸਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਬਟਵਾਰੇ ਦਾ ਦੁਖਾਂਤ, ਹਰੀ ਕ੍ਰਾਂਤੀ ਦੀ ਚੜ੍ਹਤ ਤੇ ਉਸ ਦੇ ਨਿਘਾਰ, ਖਾੜਕੂ ਲਹਿਰ, ਪਰਵਾਸ ਨਾਲ ਕਿਸਾਨੀ ਜੀਵਨ ਵਿਚ ਆਈਆਂ ਤਬਦੀਲੀਆਂ ਜਿਵੇਂ ਸਾਂਝੇ ਪਰਿਵਾਰਾਂ ਦਾ ਟੁੱਟਣਾ, ਸ਼ਰੀਕੇਬਾਜੀ ਨਾਲ ਪੈਦਾ ਹੋਈ ਧੜੇਬੰਦੀ, ਗਲੋਬਲੀਕਰਨ, ਨਿਜੀਕਰਨ, ਉਦਾਰੀਕਰਨ ਤੇ ਸੂਚਨਾ ਸੰਚਾਰ ਉਨਤੀ ਨਾਲ ਮਨੁੱਖੀ ਜੀਵਨ `ਤੇ ਪਏ ਪ੍ਰਭਾਵਾਂ ਸਦਕਾ ਹੋਈ ਉਥਲ-ਪੁਥਲ ਨੂੰ ਬੜੇ ਰੌਚਕ ਲੋਕਧਰਾਈ ਮਾਨਵੀ ਬਿਰਤਾਂਤ ਰਾਹੀਂ ਪੇਸ਼ ਕੀਤਾ ਹੈ, ਪਰ ਉਸ ਦੀਆਂ ਕਹਾਣੀਆਂ ਦੀ ਮੁੱਖ ਸੁਰ ਪਰਵਾਸੀ ਜੀਵਨ ਦੀ ਤ੍ਰਾਸਦੀ ਵਿਚ ਭੂ-ਹੇਰਵਾ, ਸੰਤਾਪ, ਪੀੜ੍ਹੀ-ਪਾੜਾ ਅਤੇ ਮਨੁੱਖ ਦੀ ਦਵੰਦਵਾਦੀ ਸੋਚ ਦੇ ਦੁਆਲੇ ਘੁੰਮਦੀ ਹੈ, ਜੋ ਨਵੇਂ ਦਿਸਹੱਦਿਆਂ ਦੀ ਭਾਲ ਵਿਚ ਮਨੁੱਖ ਤੋਂ ਮਸ਼ੀਨ ਬਣਨ ਦਾ ਦੁਖਾਂਤਕ ਬਿਰਤਾਂਤ ਹੋ ਨਿਬੜਦੀ ਹੈ।
ਲੇਖਕ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਪੰਜਾਬ ਦੇ ਧਰਾਤਲ `ਤੇ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜੇ ਹੋਣ ਕਾਰਨ ਇੱਕ ਅਧਿਆਪਕ ਨੇਤਾ ਦੇ ਤੌਰ `ਤੇ ਬੜੀ ਸਰਗਰਮੀ ਨਾਲ ਬਿਤਾਇਆ ਹੈ। ਇਸੇ ਕਰਕੇ ਉਸ ਨੇ ਦੇਸ਼-ਪਰਦੇਸ ਦੇ ਜੀਵਨ ਨੂੰ ਨੇੜੇ ਹੋ ਕੇ ਵੇਖਿਆ ਹੈ। ਪਰਵਾਸੀ ਜੀਵਨ ਦੀਆਂ ਦੁਸ਼ਵਾਰੀਆਂ ਅਤੇ ਆਪਣੀ ਜੜ੍ਹ ਨਾਲੋਂ ਟੁੱਟਣ ਦਾ ਸੰਤਾਪ ਤੇ ਹੇਰਵਾ ਵੀ ਉਸ ਦੇ ਹਿੱਸੇ ਆਇਆ ਹੈ। ਇਸੇ ਲਈ ਉਸ ਦੀਆਂ ਬਹੁਤੀਆਂ ਪਰਵਾਸ ਨਾਲ ਜੁੜੀਆਂ ਕਹਾਣੀਆਂ ਵਿਚ ਮਨੁੱਖੀ ਜੀਵਨ ਦੇ ਦਵੰਦਮਈ ਜੀਵਨ ਦੀ ਚੀਸ ਉਚੀ ਸੁਰ ਵਿਚ ਵਿਦਮਾਨ ਹੈ। ਪਹਿਲੇ ਕਹਾਣੀ ਸੰਗ੍ਰਹਿ ‘ਹੰਝੂ ਇੱਕ ਅੱਖ ਦੇ’ ਦੀ ਕਹਾਣੀ ‘ਅਮਰ ਸਿੰਘ ਦੀ ਵਾਪਸੀ’ ਇੱਕ ਮਨੁੱਖ ਦੀ ਅਮਰੀਕਾ ਵਰਗੇ ਮੁਲਕ ਦੀ ਸੁਪਨਮਈ ਜੀਵਨ ਦੇ ਝਲਕਾਰੇ ਦੀ ਟੁੱਟਦੀ ਤਸਵੀਰ ਬਹੁਤ ਹੀ ਯਥਾਰਥਵਾਦੀ ਢੰਗ ਨਾਲ ਪੇਸ਼ ਕਰਦੀ ਹੈ। ਅਮਰ ਸਿੰਘ ਦਾ ਪੈਲੀ ਗਹਿਣੇ ਧਰ ਕੇ ਮੰੁਡੇ ਨੂੰ ਅਮਰੀਕਾ ਭੇਜਣਾ, ਫੇਰ ਪੈਲੀ ਦਾ ਗਹਿਣੇ ਤੋਂ ਛੁਡਵਾ ਕੇ ਟਰੈਕਟਰ ਖਰੀਦਣਾ, ਫੇਰ ਪੱਚੀ ਕਿੱਲੇ ਹੋਰ ਪੈਲੀ ਖਰੀਦਣੀ, ਫਿਰ ਸਰਪੰਚ ਬਣਨਾ; ਅਮਰੀਕਾ ਦੇ ਗੁਣਗਾਣ ਕਰਨਾ, ਆਪਣੇ ਘਰ ਦੇ ਮੂਹਰੇ ਨੇਮ ਪਲੇਟ `ਤੇ ਅਮਰ ਸਿੰਘ ਅਮਰੀਕਣ ਲਿਖਵਾਉਣਾ, ਸ਼ਾਮ ਕੌਰ ਤੇ ਅਮਰ ਸਿੰਘ ਦਾ ਅਮਰੀਕਾ ਜਾਣਾ। ਅਮਰੀਕਾ ਪਹੁੰਚ ਕੇ ਛੇਤੀ ਹੀ ਅਮਰੀਕੀ ਜੀਵਨ ਦੇ ਸੱਚ ਨਾਲ ਵਾਹ ਪੈਣਾ, ਵਾਪਸੀ `ਤੇ ਨੇਮ ਪਲੇਟ ਤੋਂ ਅਮਰ ਸਿੰਘ ਨਾਲੋਂ ਅਮਰੀਕਣ ਸ਼ਬਦ ਦਾ ਕਟਵਾਉਣਾ ਆਦਿ। ਇਸ ਕਹਾਣੀ ਵਿਚ ਵਿਕਸਿਤ ਦੇਸ਼ਾਂ ਦੀ ਪੂੰਜੀਵਾਦੀ ਵਿਵਸਥਾ ਦੇ ਚਕਾਚੌਂਧ ਜੀਵਨ ਦਾ ਸੁਪਨਮਈ ਸੰਸਾਰ, ਜੋ ਮਨੁੱਖ ਨੇ ਸਿਰਜਿਆ ਹੰੁਦਾ ਹੈ, ਜਦੋਂ ਉਸ ਜੀਵਨ ਨਾਲ ਵਾਹ ਪੈਂਦਾ ਹੈ ਤਾਂ ਛੇਤੀ ਹੀ ਉਸ ਦਾ ਭਰਮ-ਜਾਲ ਟੁੱਟ ਜਾਂਦਾ ਹੈ। ਇਸ ਵਿਵਸਥਾ ਵਿਚ ਬੰਦਾ ਇੱਕ ਵਸਤੂ ਤੋਂ ਵਧ ਕੁਝ ਨਹੀਂ, ਜਿਥੇ ਮਨੁੱਖੀ ਕਦਰਾਂ-ਕੀਮਤਾਂ ਦਾ ਮੁੱਲ ਪੈਸਾ ਹੈ। ਇਸੇ ਲਈ ਅਮਰ ਸਿੰਘ ਨੂੰ ਵਾਪਸੀ ‘ਤੇ ‘ਅਮਰੀਕਣ’ ਸ਼ਬਦ ਵਡਿਆਈ ਦਾ ਚਿੰਨ੍ਹ ਨਹੀਂ, ਮੱਕੜੀ ਜਾਲ ਲੱਗਦਾ ਹੈ। ਇਸੇ ਕਰਕੇ ਆਪਣੇ ਨਾਂ ਨਾਲੋਂ ਅਮਰੀਕਣ ਸ਼ਬਦ ਕਟਵਾ ਦਿੰਦਾ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਕਹਾਣੀ ‘ਹੇਠ ਵਗੇ ਦਰਿਆ’ ਵਿਚ ਸਵੇਰ ਵੇਲੇ ਠੇਕੇਦਾਰ ਦੀ ਵੈਨ ਗੁਲਜਾਰਾ ਸਿੰਘ ਦੇ ਡਰਾਈਵ-ਵੇ ਵਿਚ ਰੁਕਦੀ ਹੈ। ਉਹ ਕੁਝ ਚਿਰ ਬਾਅਦ ਵੈਨ ਵਿਚ ਆ ਬੈਠਦਾ ਹੈ। ਇੱਕ ਹੋਰ ਕਾਮਾ ਗਿਰਧਾਰੀ ਆਖਦਾ ਹੈ, “ਘਰੋਂ ਨਿਕਲਣ ਦਾ ਨਾਂ ਈ ਨ੍ਹੀਂ ਲਿਆ ਅੱਜ ਤਾਂ।”
“ਘਰ! ਕਿਹੜੇ ਘਰੋਂ? ਸੌਣ ਲਈ ਆਏ ਸੀ। ਸੌ ਚੱਲੇ…।” ਇਸ ਕਹਾਣੀ ਵਿਚ ‘ਘਰ’ ਸ਼ਬਦ ਬਹੁਤ ਵੱਡੇ ਅਰਥ ਸਿਰਜਦਾ ਹੈ। ਜਦੋਂ ਮਨੁੱਖ ਲਈ ਘਰ ਦੇ ਅਰਥ ਹੀ ਬਦਲ ਜਾਣ ਤਾਂ ਇਸ ਦੁਖਾਂਤ ਵਿਚ ਵਿਚਰਦਾ ਬੰਦਾ, ਬੰਦਾ ਨਾ ਰਹਿ ਕੇ ਮੰਡੀ ਦੀ ਵਸਤੂ ਬਣ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿਚ ਘਰ ਦਾ ਸੰਕਲਪ ਮਨੁੱਖੀ ਰਿਸ਼ਤਿਆਂ ਦੇ ਆਪਸੀ ਪਿਆਰ ਦੇ ਪਰਵਾਨ ਚੜ੍ਹਨ, ਸੱਧਰਾਂ-ਉਮੀਦਾਂ ਦੀ ਪੂਰਤੀ ਦਾ ਰੈਣ-ਬਸੇਰਾ ਹੰੁਦਾ ਹੈ। ਘਰ ਮਾਣ-ਸਨਮਾਨ ਦਾ ਪ੍ਰਤੀਕ ਹੁੰਦਾ ਹੈ। ਪੂੰਜੀਵਾਦੀ ਵਰਤਾਰੇ ਵਿਚ ਘਰ ਇੱਕ ਸੌਣ ਵਾਲੀ ਥਾਂ ਤੋਂ ਵੱਧ ਕੁਝ ਵੀ ਨਹੀਂ। ਇਸੇ ਤਰ੍ਹਾਂ ਕਈ ਹੋਰ ਕਹਾਣੀਆਂ ਵੀ ਜਿਵੇਂ ਕ੍ਰਿਸ਼ਮਾ, ਲਾਵਾ, ਜੋਕਾਂ, ਬਿੰਦੂ, ਆਦਿ ਵੀ ਪਰਵਾਸ ਕਾਰਨ ਦੋਹਾਂ ਸਭਿਆਚਾਰਾਂ ਦੇ ਆਪਸੀ ਟਕਰਾਉ ਵਿਚੋਂ ਪੈਦਾ ਹੋਏ, ਤਣਾਉ-ਗ੍ਰਸਤ ਅਤੇ ਸੰਵੇਦਨਸ਼ੀਲ ਇਨਸਾਨ ਦੇ ਅੰਦਰ ਚੱਲ ਰਹੇ ਅੰਤਰ-ਵਿਰੋਧਾਂ ਕਾਰਨ ਦੁਖਾਂਤ ਭੋਗਦੇ ਬੰਦਿਆਂ ਦੀ ਕਰੂਰ ਕਥਾ ਹੋ ਨਿਬੜਦੀਆਂ ਹਨ।
‘ਬਿੰਦੂ’ ਤੇ ‘ਮੁਤਬੰਨਾ’ ਕਹਾਣੀਆਂ ਮਸਨੂਈ ਜੀਵਨ ਜਿਉਂ ਰਹੇ ਮਨੁੱਖ ਦੇ ਆਪਣੇ ਸਿਰਜੇ ਦੁਖਾਂਤ ਨੂੰ ਭੋਗਦੇ ਤੇ ਇੱਕ ਕਾਲਪਨਿਕ ਖੁਸ਼ੀ ਦੀ ਭਾਲ ਵਿਚ ਜਿਉਂਦੇ ਮਨੁੱਖ ਦਾ ਤਰਲਾ ਮਾਤਰ ਸੁਪਨਾ ਹਨ, ਪਰ ਲੇਖਕ ਮਨੁੱਖੀ ਜੀਵਨ ਦੀ ਜਟਿਲਤਾ ਤੋਂ ਉਤਪੰਨ ਪ੍ਰਸਿਥਤੀਆਂ ਨੂੰ ਮਾਨਵਵਾਦੀ ਦ੍ਰਿਸ਼ਟੀ ਰਾਹੀਂ ਸੁਲਝਾੳਂੁਦਾ ਪ੍ਰਤੀਤ ਨਜ਼ਰ ਆਉਦਾ ਹੈ, ਪਰ ਕਈ ਥਾਂਈਂ ਆਪਣੇ ਕਥਾ-ਸੰਸਾਰ ਵਿਚ ਜਾਗੀਰੂ ਕਥਾ ਪਰੰਪਰਾ ਦੀਆਂ ਜੁਗਤਾਂ ਦਾ ਸਹਾਰਾ ਵੀ ਲੈਂਦਾ ਹੈ। ਜਿਵੇਂ ‘ਨੂਰਾਂ ਅਜੇ ਮਰੀ ਨਹੀਂ’ ਕਹਾਣੀ ਪੰਜਾਬ ਬਟਵਾਰੇ ਦੇ ਦੁਖਾਂਤ ਦੇ ਥੀਮ `ਤੇ ਉਸਰੀ ਕਹਾਣੀ ਹੈ। ਜਿਸ ਵਿਚ ਬੰਦੇ ਦੇ ਅਮਾਨਵੀ ਤੇ ਮਾਨਵੀ ਚਰਿੱਤਰ ਦੇ ਅੰਤਰ-ਵਿਰੋਧਾਂ ਦੇ ਸੰਕਟਾਂ ਨੂੰ ਬਾਖੂਬੀ ਸਿਰਜਿਆ ਹੈ। ਇਸ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਲੇਖਕ ਦਰਿੰਦਗੀ ਦੀ ਇੰਤਹਾ ਹੋਣ ਦੇ ਬਾਵਜੂਦ ਮਾਨਵੀ ਕਦਰਾਂ-ਕੀਮਤਾਂ ਨੂੰ ਉਭਾਰਨ ਵਿਚ ਸਫਲ ਰਿਹਾ।
‘ਖੁਸ਼ਹਾਲ ਸਿੰਘ’ ਕਹਾਣੀ ਦ੍ਰਿੜ ਇਰਾਦੇ ਤੇ ਜਿੰਦਾ-ਦਿਲ ਇੱਕ ਕੁਸ਼ਲ ਪ੍ਰਬੰਧਕ ਦੀ ਕਹਾਣੀ ਹੈ। ਉਸ ਵਿਚ ਫਿਊਡਲ ਮਾਨਤਾਵਾਂ ਹੋਣ ਦੇ ਬਾਵਜੂਦ ਉਸ ਨੂੰ ਸਮਾਜ ਨਾਲ ਜਿਉਣ ਦਾ ਵੱਲ ਆਉਂਦਾ ਹੈ। ‘ਕੁੱਤੇ ਦਾ ਡਰ’ ਕਹਾਣੀ ਇੱਕ ਅਤ੍ਰਿਪਤ ਬੀਮਾਰ ਮਾਨਸਿਕਤਾ ਦੇ ਸ਼ਿਕਾਰ ਮਨੁੱਖ ਦੀ ਸੋਚ ਦੀ ਨੈਗੇਟਿਵ ਮਨੋਦਸ਼ਾ ਦਾ ਖੂਬਸੂਰਤ ਚਿਤਰਣ ਹੈ। ‘ਮੁਤਬੰਨਾ’ ਕਹਾਣੀ ਵਿਕਸਿਤ ਦੇਸ਼ਾਂ ਵਿਚ ਮਨੁੱਖੀ ਰਿਸ਼ਤਿਆਂ ਨੂੰ ਆਜ਼ਾਦੀ ਦੇ ਨਾਂ ‘ਤੇ ਸਮਾਜਿਕ ਤੇ ਸਭਿਆਚਾਰਕ ਖੁੱਲ੍ਹਾਂ ਕਾਰਨ ਵਿਭਿੰਨ ਸੰਕਟਾਂ ਨੂੰ ਛੋਹਿਆ ਗਿਆ ਹੈ, ਜਿਸ ਵਿਚ ਅੱਲ੍ਹੜ ਉਮਰੇ ਪਿਆਰ ਦੇ ਛਲ-ਕਪਟ ਦਾ ਸ਼ਿਕਾਰ ਰੋਹਿਨੀ ਅਤੇ ਉਸ ਦੇ ਬੇਜੋੜ ਕਰੇਜ਼ `ਚੋਂ ਪੈਦਾ ਹੋਏ ਬੱਚੇ ਟੋਨੀ, ਡਰਗਜ਼, ਜੇਲ੍ਹ, ਬੱਚੇ ਦਾ ਪਿਆਰ, ਉਦਰੇਵਾਂ ਤੇ ਗਲੈਮਰ ਦੀ ਦੁਨੀਆਂ `ਚੋਂ ਉਪਜੇ ਦੁਖਾਂਤ ਨੂੰ ਬੜੇ ਕਲਾ-ਜੁਗਤ ਨਾਲ ਵਿਉਂਤਿਆ ਗਿਆ ਹੈ। ਇਸ ਕਹਾਣੀ ਦਾ ਅੰਤ ਲੇਖਕ ਨੇ ਬੜੇ ਕ੍ਰਿਸ਼ਮਾਮਈ ਸੁਖਾਂਤ ਨਾਲ ਬੇਔਲਾਦ ਪਿਆਰ ਵਿਹੂਣੇ ਜੋੜੇ ਜੀਤੀ ਤੇ ਜਗਪਾਲ ਦੇ ਟੋਨੀ ਨੂੰ ਗੋਦ ਲੈ ਲੈਣ ਨਾਲ ਕੀਤਾ ਹੈ।
ਅਜੋਕੀ ਪੂੰਜੀਵਾਦੀ ਵਿਵਸਥਾ ਵਿਚ ਜਿੱਥੇ ਲੋਕਤੰਤਰੀ ਢਾਂਚੇ ਵਿਚ ਵਿਗਿਆਨ ਨੇ ਨਵੀਆਂ ਪੁਲਾਂਘਾਂ ਪੁੱਟੀਆਂ ਹਨ, ਉੱਥੇ ਲੋਕਾਂ ਦਾ ਸਾਇੰਸ ਵਿਚ ਵੀ ਵਿਸ਼ਵਾਸ ਪੈਦਾ ਹੋਇਆ ਹੈ। ਡੀ. ਐਨ. ਏ. ਦੀਆਂ ਖੋਜਾਂ ਨਾਲ ਜਿੱਥੇ ਮਨੁੱਖ ਦੀਆਂ ਸੁੱਖ ਸਹੂਲਤਾਂ ਵਿਚ ਵਾਧਾ ਹੋਇਆ ਹੈ, ਉਥੇ ਮਨੁੱਖੀ ਰਿਸ਼ਤਿਆਂ ਦੇ ਉਹਲੇ ਨੂੰ ਵੀ ਨੰਗਿਆ ਕੀਤਾ ਹੈ। ਜਿਵੇਂ ‘ਬਿੰਦੂ’ ਕਹਾਣੀ ਵਿਚ ਸਰਨਾ ਸਾਰੀ ਉਮਰ ਆਪਣੇ ਪਰਿਵਾਰ ਨੂੰ ਅਮਰੀਕਾ ਸੱਦਣ ਲਈ ਸੰਘਰਸ਼ ਕਰਦਾ ਹੈ, ਆਪਣੀ ਬੇਟੀ ਜਿਸ ਨੂੰ ਉਹ ਰੱਜ ਕੇ ਪਿਆਰ ਕਰਦਾ ਹੈ, ਦੇ ਡੀ. ਐਨ. ਏ. ਦੇ ਟੈਸਟ ਨਾਲ ਉਸ ਦੀ ਸਾਰੀ ਦੁਨੀਆਂ ਹੀ ਉਜੜ ਜਾਂਦੀ ਹੈ। ਇਹ ਇੱਕ ਪਰਵਾਸੀ ਬੰਦੇ ਦੀ ਵਰ੍ਹਿਆਂ ਦੀ ਅਤ੍ਰਿਪਤ ਉਡੀਕ ਦਾ ਤ੍ਰਾਸਦਿਕ ਅੰਤ ਹੈ। ਇਸੇ ਤਰ੍ਹਾਂ ‘ਪੱਕਾ ਪੈਂਚਰ’ ਕਹਾਣੀ ਵਿਚ ਜਗੀਰੋ ਦੇ ਪੁੱਤਰ ਭੋਲੇ ਦੇ ਡੀ. ਐਨ. ਏ. ਦੇ ਟੈਸਟ ਨਾਲ ਮਨੁੱਖੀ ਰਿਸ਼ਤਿਆਂ ਦੇ ਵਿਸ਼ਵਾਸ ਦਾ ਰਹੱਸ ਨੰਗਾਂ ਹੁੰਦਾ ਹੈ। ਜਿੱਥੇ ਇਸ ਕਹਾਣੀ ਨੂੰ ਆਧੁਨਿਕ ਪਰਿਪੇਖ ਦੀ ਪੁੱਠ ਦੇ ਕੇ ਪੇਸ਼ ਕੀਤਾ ਹੈ, ਉਥੇ ਪੇਂਡੂ ਪੱਧਰ ਦੀ ਜਾਗੀਰੂ ਜਮਾਤੀ ਮਾਨਸਿਕਤਾ ਦੀ ਧੌਂਸ ਵੀ ਨਜ਼ਰ ਆਉਂਦੀ ਹੈ।
‘ਬੋਸਕੀ ਦਾ ਪਜਾਮਾ’ ਕਹਾਣੀ ਪੰਜਾਬੀ ਕਿਸਾਨੀ ਜੀਵਨ ਵਿਚ ਇੱਕ ਔਰਤ ਜਾਗੀਰੂ ਕਦਰਾਂ-ਕੀਮਤਾਂ ਦੀ ਸੋਚ ਨੂੰ ਪ੍ਰਨਾਏ ਮਾਹੌਲ ਵਿਚ ਆਪਣੇ ਰਿਸ਼ਤਿਆਂ ਦੇ ਧਰਵਾਸ ਦਾ ਮੋਹ ਭਾਲਦੀ ਹੈ। ਜਗੀਰੋ ਦੇ ਆਪਣੇ ਭਰਾ ਦੇ ਪਿਆਰ ਦੀ ਅਣਹੋਂਦ ਦਾ ਦਰਦ ਹੀ ਨਹੀਂ, ਸਗੋਂ ਇੱਕ ਧਿਰ ਨਾ ਹੋਣ ਦਾ ਸੰਤਾਪ ਵੀ ਉਹ ਸਾਰੀ ਉਮਰ ਹੰਢਾਉਂਦੀ ਹੈ ਅਤੇ ਕਿਵੇਂ ਹੋਰ ਨਿੱਕੇ ਨਿੱਕੇ ਰਿਸ਼ਤਿਆਂ ਵਿਚੋਂ ਮੋਹ ਦੀ ਤੰਦ ਭਾਲਦੀ ਪਿਆਰ ਲਈ ਉਮਰ ਵਿਹਾਜ ਦਿੰਦੀ ਹੈ। ‘ਹੰਝੂ’ ਕਹਾਣੀ ਵੀ ਪਿਆਰ ਵਿਹੂਣੇ ਰਿਸ਼ਤਿਆਂ ਦੀ ਮਨੋਦਸ਼ਾ ਨੂੰ ਕੁਰੇਦਦੀ ਮਨੁੱਖੀ ਸੰਵੇਦਨਾ ਦਾ ਭਾਵੁਕ ਚਿੱਤਰਨ ਹੈ। ਅਤੀਤ ਵਿਚ ਬੈਠਾ ਆਪਣਿਆਂ ਨੂੰ ਖੋਹਣ ਦਾ ਦਰਦ ਦੂਜਿਆਂ ਤੋਂ ਮਿਲੇ ਪਿਆਰ ਨਾਲ ਉਛਲ ਪੈਂਦਾ ਹੈ। ‘ਦਰਦ ਵਿਛੋੜੇ ਦਾ’ ਕਹਾਣੀ ਲੇਖਕ ਦੀ ਆਪਣੀ ਪਤਨੀ ਦੇ ਸੁਰਗਵਾਸ ਹੋਣ ਤੋਂ ਬਾਅਦ ਇਕਲਾਪੇ ਜੀਵਨ ਵਿਚ ਅਤੀਤ ਦੀਆਂ ਯਾਦਾਂ, ਜੋ ਸਿਮਰਤੀ ਦਾ ਅਮੁੱਲ ਖਜਾਨਾ ਹਨ, ਨੂੰ ਬੜੇ ਸੁਹਜ-ਭਾਵੀ ਸ਼ਬਦਾਂ ਰਾਹੀਂ ਚਿਤਰਿਆ ਹੈ। ਇਹ ਇੱਕ ਔਰਤ ਦੇ ਪੇਂਡੂ ਜੀਵਨ ਦੇ ਬੁਰਜ਼ੁਆ ਧਰਾਤਲ `ਤੇ ਉਸਰੇ ਸਾਂਝੇ ਪਰਿਵਾਰਾਂ ਵਿਚ ਆਪਣੇ ਚਾਅਵਾਂ ਤੇ ਜਜ਼ਬਾਤ ਦੀ ਕੁਰਬਾਨੀ ਦੀ ਤਸਵੀਰ ਹੈ। ਅਮਰੀਕਾ ਪਰਵਾਸ ਸਮੇਂ ਇੱਕ ਦਿਨ ਲੇਖਕ ਦਾ ਹੱਥ ਫੜ ਕੇ ਬਰਾਬਰ ਤੁਰਨਾ ਇਹ ਦਰਸਾਉਂਦਾ ਹੈ ਕਿ ਕਿੰਨਾ ਜਵਾਰਭਾਟਾ ਸੀ ਉਸ ਦੇ ਅੰਦਰ, ਜੋ ਪਰਿਵਾਰਕ ਲੋਕ-ਲੱਜ ਲਈ ਸਾਰੀ ਉਮਰ ਦਬਾਈ ਰੱਖਿਆ।
‘ਭਾਰੀ ਗੰਨ’ ਕਹਾਣੀ ਪੰਜਾਬ ਦੇ ਹਰੇ ਇਨਕਲਾਬ ਦੀ ਚੜ੍ਹਤ ਤੇ ਨਿਘਾਰ ਦੀ ਕਿਸਾਨੀ ਜੀਵਨ ਦੀ ਦਸ਼ਾ `ਤੇ ਪਏ ਪ੍ਰਭਾਵ ਸਦਕਾ ਇੱਕ ਨਵੇਂ ਅਰਥਚਾਰੇ ਦੇ ਪੈਦਾ ਹੋਣ ਨਾਲ ਨਵੀਂ ਜਮਾਤੀ-ਵੰਡ ਦਾ ਦਵੰਦਾਤਮਿਕ ਕਰੁਣਾਮਈ ਬਿਰਤਾਂਤ ਹੈ। ਦਰਮਿਆਨੇ ਕਿਸਾਨ ਮਿਹਰ ਤੇ ਉਸ ਦੀ ਪਤਨੀ ਚੰਦ ਕੁਰ ਦੇ ਪਰਿਵਾਰ ਦੀ ਇੱਕ ਮਜਦੂਰ ਜਮਾਤ ਵਿਚ ਤਬਦੀਲ ਹੋਣ ਅਤੇ ਉਸ ਦਾ ਜਾਤੀਗਤ ਜੱਟ ਹੋਣ ਤੇ ਉਚ ਸ਼੍ਰੇਣੀ ਦਾ ਭਰਮ ਉਸ ਨੂੰ ਪਲ ਪਲ ਕੁਰੇਦਦਾ ਹੈ। ਠੇਕੇਦਾਰ ਦੀ ਬਣਦੀ ਕੋਠੀ ਤੇ ਹੋਰ ਮਜ਼ਦੂਰਾਂ ਵਾਂਗ ਦਿਹਾੜੀ ਕਰਦਿਆਂ ਆਪਣੇ ਆਪ ਨੂੰ ਮਜ਼ਦੂਰ ਸਮਝਣਾ ਉਸ ਨੂੰ ਔਖਾ ਲੱਗਦਾ ਹੈ। ਪੂੰਜੀਵਾਦੀ ਵਿਵਸਥਾ ਵਿਚ ਕਿਸਾਨੀ ਜੀਵਨ ਤੇ ਪੈਂਦੇ ਬਹੁਪੱਖੀ ਪ੍ਰਭਾਵਾਂ ਸਦਕਾ ਉਸ ਦੇ ਵਿਹਾਰ ਵਿਚ ਬਹੁਤ ਤਬਦੀਲੀਆਂ ਆਈਆਂ ਹਨ। ਇਸ ਨਵੇਂ ਬਦਲਾਓ ਨਾਲ ਕਿਵੇਂ ਇੱਕ ਮਨੁੱਖ ਨੂੰ ਬਦਲੇ ਹੋਏ ਸਮਕਾਲੀ ਯਥਾਰਥ ਨਾਲ ਜੂਝਣਾ ਪੈ ਰਿਹਾ ਹੈ, ਇਸ ਕਹਾਣੀ ਵਿਚ ਲੇਖਕ ਨੇ ਇੱਕ ਕਿਸਾਨ ਤੋਂ ਮਜ਼ਦੂਰ ਬਣੀ ਮਾਨਸਿਕਤਾ ਦੀਆਂ ਡੂੰਘੀਆਂ ਤਹਿਆਂ ਨੂੰ ਫਰੋਲਣ ਦਾ ਸਫਲ ਯਤਨ ਕੀਤਾ ਹੈ।
ਕਰਮ ਸਿੰਘ ਮਾਨ ਦੇ ਸਮੁੱਚੇ ਕਥਾ-ਸੰਸਾਰ ਨੂੰ ਜਦੋਂ ਵਾਚਦੇ ਹਾਂ, ਇੱਕ ਗੱਲ ਨਿੱਖਰ ਕੇ ਸਾਂਝੇ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਉਸ ਦੇ ਪਾਤਰ ਹਰ ਘਟਨਾਕ੍ਰਮ ਨਾਲ ਦਸਤਪੰਜਾ ਲੈਂਦੇ ਨਜ਼ਰ ਆਉਂਦੇ ਹਨ। ਇਹ ਭਾਵੇਂ ਦੂਹਰੇ ਸਭਿਆਚਾਰਾਂ ਦੇ ਵਰਤਾਰੇ ਜਾਂ ਸੰਸਕਾਰਾਂ ਦੀਆਂ ਪ੍ਰਸਿਥੀਆਂ ਦੀ ਦੇਣ ਹੋਵੇ ਜਾਂ ਆਪ ਸਹੇੜਿਆ ਸੁਪਨਮਈ ਚਾਹਤ ਦਾ ਭਰਮ-ਜਾਲ ਹੋਵੇ, ਦੇਸ-ਪਰਦੇਸ ਦੀ ਹਰ ਚੁਣੌਤੀ ਤੇ ਗਲ ਪਏ ਹਰ ਦੁਖਾਂਤ ਦਾ ਟਾਕਰਾ ਬੜੀ ਦ੍ਰਿੜਤਾ ਨਾਲ ਕਰਦੇ ਹਨ। ਉਹ ਟੁੱਟ ਭਾਵੇਂ ਜਾਣ, ਪਰ ਹਾਰਦੇ ਨਹੀਂ। ਇਹ ਲੇਖਕ ਦੀ ਆਪਣੇ ਪਾਤਰਾਂ ਪ੍ਰਤੀ ਉਸਾਰੂ ਸੋਚ ਸੰਕਟ-ਮੋਚਨ ਦੀ ਲਖਾਇਕ ਹੈ। ਉਹ ਭਾਵੇਂ ‘ਰਾਹ’ ਕਹਾਣੀ ਦੀ ਪੁਨੀਤ ਹੋਵੇ, ‘ਕ੍ਰਿਸ਼ਮਾ’ ਕਹਾਣੀ ਦਾ ਡੇਵਿਡ ਹੋਵੇ, ‘ਪੱਕਾ ਪੈਂਚਰ’ ਦੀ ਜਗੀਰ ਕੌਰ ਹੋਵੇ, ‘ਭਾਰੀ ਗਨ’ ਦਾ ਪਾਤਰ ਮਿਹਰ ਹੋਵੇ। ਇਸੇ ਤਰ੍ਹਾਂ ਹੀ ‘ਫੈਂਸ’, ‘ਨੂਰਾਂ ਅਜੇ ਮਰੀ ਨਹੀ’ ਅਤੇ ਹੋਰ ਕਹਾਣੀਆਂ ਦੇ ਪਾਤਰ ਵੀ ਦੁਖਾਂਤਕ ਪ੍ਰਸਿਥੀਆਂ ਤੋਂ ਨਿਜਾਤ ਪਾਉਣ ਲਈ ਨਿਰੰਤਰ ਸੰਘਰਸ਼ ਵਿਚੋਂ ਦੀ ਗੁਜਰਦੇ ਹਨ।
ਕਰਮ ਸਿੰਘ ਮਾਨ ਦਾ ਕਹਾਣੀ ਸੰਸਾਰ ਆਪਣੇ ਕਥਾ-ਵਸਤੂ ਅਤੇ ਰਚਨਾ ਦ੍ਰਿਸ਼ਟੀ ਪੱਖੋਂ ਵਿਲੱਖਣ ਮੁਹਾਦਰਾਂ ਸਿਰਜਣ ਵਿਚ ਸਫਲ ਰਿਹਾ ਹੈ। ਲੇਖਕ ਆਵਾਸ-ਪਰਵਾਸ ਜੀਵਨ ਦੇ ਯਥਾਰਥ ਦਾ ਇੱਕ ਸਮਰੱਥ ਕਥਾਕਾਰ ਹੈ। ਉਸ ਕੋਲ ਮਨੁੱਖੀ ਜੀਵਨ ਦੇ ਵੰਨ-ਸੁਵੰਨੇ ਪਾਸਾਰਾਂ ਨੂੰ ਚਿਤਰਣ ਦੀ ਦਿੱਬ-ਦ੍ਰਿਸ਼ਟੀ ਹੈ।