ਸਿਲਵਟਾਂ ਦਾ ਸਫਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪੰਜਾਬੀ ਵਿਰਾਸਤ ਦੇ ਇਕ ਖਾਸ ਪਹਿਲੂ ‘ਫੁੱਲਕਾਰੀ’ ਦੀ ਬਾਤ ਪਾਉਂਦਿਆਂ ਸ਼ਬਦ-ਰੂਪੀ ਫੁੱਲ ਕੱਢੇ ਸਨ ਅਤੇ ਫੁੱਲਕਾਰੀ ਨੂੰ ਪੰਜਾਬੀ ਵਿਰਸੇ ਦਾ ਮੁਹਾਂਦਰਾ ਕਿਹਾ ਸੀ।

ਉਨ੍ਹਾਂ ਅਨੁਸਾਰ “ਫੁੱਲਕਾਰੀ ਸਿਰਫ ਚਾਦਰ `ਤੇ ਹੀ ਨਹੀਂ ਕੱਢੀ ਜਾਂਦੀ ਅਤੇ ਨਾ ਹੀ ਸੁੱਚੇ ਧਾਗੇ ਜਾਂ ਸੂਹੇ ਰੰਗਾਂ ਨਾਲ ਹੀ ਕੱਢੀ ਜਾਂਦੀ; ਫੁੱਲਕਾਰੀ ਜਦ ਵਰਕੇ `ਤੇ ਅੱਖਰਾਂ ਵਲੋਂ ਕੱਢੀ ਜਾਂਦੀ ਤਾਂ ਅਰਥਾਂ ਦੇ ਦੀਵੇ ਜਗਦੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਸਿਲਵਟਾਂ ਦਾ ਕਿੱਸਾ ਛੋਹਿਆ ਹੈ, “ਅਕਸਰ ਹੀ ਸਿਲਵਟਾਂ, ਚਾਦਰ ਦੇ ਸੁੱਚਮ ਤੇ ਸੁਹੱਪਣ ਵਿਚੋਂ ਬਿਸਤਰਾ ਰੂਪੀ ਬਹਿਸ਼ਤ ਹੁੰਦੀਆਂ। ਇਹ ਸਰੀਰਾਂ ਵਿਚ ਪੈਦਾ ਹੋਏ ਆਵੇਗ, ਉਤਸ਼ਾਹ, ਆਵੇਸ਼ ਅਤੇ ਫੁੱਟਦੀਆਂ ਤਰੰਗਾਂ ਦਾ ਆਧਾਰ।…ਪਰ ਕਦੇ ਕਦੇ ਇਹ ਸਿਲਵਟਾਂ ਤਲਖੀਆਂ, ਤੰਗੀਆਂ, ਤੰਗਦਸਤੀਆਂ, ਤੁਹਮਤਾਂ ਦੀ ਤਸਵੀਰ ਵੀ ਹੁੰਦੀਆਂ; ਜਦੋਂ ਕਿ ਸੱਚੀਆਂ-ਸੁੱਚੀਆਂ ਸਿਲਵਟਾਂ ਸੁਪਨਿਆਂ ਸੰਗ ਸਾਂਝ ਪਾਉਂਦੀਆਂ, ਸੰਗਤੀ-ਸਾਂਝਾਂ ਨੂੰ ਹੰਢਾਉਂਦੀਆਂ ਅਤੇ ਸਾਹਾਂ ਤੋਂ ਵੀ ਲਮੇਰੇ ਸਬੰਧਾਂ ਨੂੰ ਤਾਅ-ਉਮਰ ਨਿਭਾਉਂਦੀਆਂ।” ਡਾ. ਭੰਡਾਲ ਦਾ ਕਹਿਣਾ ਹੈ ਕਿ ਸਿਲਵਟਾਂ ਨੂੰ ਹਰ ਰੋਜ਼ ਮਿਟਾਉਂਦੇ ਰਹੋ ਤਾਂ ਕਿ ਨਵੀਆਂ ਸਿਲਵਟਾਂ ਨੂੰ ਸਿਰਜਣ ਅਤੇ ਇਨ੍ਹਾਂ ਵਿਚੋਂ ਨਰੋਏ ਨਕਸ਼ਾਂ ਨੂੰ ਨਿਹਾਰਨ ਦੀ ਤ੍ਰਿਸ਼ਨਾ ਬਣੀ ਰਹੇ।

ਡਾ. ਗੁਰਬਖਸ਼ ਸਿੰਘ ਭੰਡਾਲ

ਸਿਲਵਟ, ਚਾਦਰ ਦੇ ਪਿੰਡੇ `ਤੇ ਭਾਵਾਂ ਦਾ ਚਿੱਤਰਪੱਟ। ਫਰਕਦੇ ਚਾਦਰੇ ਦਾ ਚੁਰਮੁਰਾਉਣਾ, ਕਮੀਜ਼ `ਤੇ ਬੇਅਰਾਮੀ ਦੇ ਚਿੰਨ੍ਹ। ਕਦੇ ਚਿੱਟੇ ਸੂਟ `ਤੇ ਦਾਗਾਂ ਦੀਆਂ ਸਿਲਵਟਾਂ। ਕਦੇ ਚੁੰਨੀ ਦਾ ਵੱਟੋ-ਵੱਟ ਹੋਣਾ ਅਤੇ ਕਦੇ ਸਿਲਵਟਾਂ ਹੁੰਦੀਆਂ ਨੇ ਰੂਹ `ਤੇ ਲੱਗੀਆਂ ਸੱਟਾਂ।
ਧਰਤੀ ਦੇ ਪਿੰਡੇ `ਤੇ ਪਈਆਂ ਹੋਈ ਵੱਟਾਂ ਵੀ ਸਿਲਵਟਾਂ, ਜਿਨ੍ਹਾਂ ਕਰਕੇ ਧਰਤੀ ਖੇਤਾਂ ਵਿਚ ਵਟੀਂਦੀ। ਇਨ੍ਹਾਂ ਵੱਟਾਂ ‘ਤੇ ਉਗੀ ਹੋਈ ਸਰੋਂ ਜਦ ਫੁੱਲਦੀ ਤਾਂ ਕੁਦਰਤ, ਬਸੰਤੀ ਰੰਗ ਵਿਚ ਰੰਗੀ, ਮਨੁੱਖੀ ਭਾਵਨਾਵਾਂ ਦੀ ਸੁੰਦਰ ਤਸ਼ਬੀਹ ਬਣਦੀ।
ਕਦੇ ਸਮੁੰਦਰ ਤੇ ਪਿੰਡੇ ਲਹਿਰਾਂ ਦੀਆਂ ਸਿਲਵਟਾਂ ਵਿਚੋਂ ਸਮੁੰਦਰ ਦੀ ਰੂਹਾਨੀਅਤ ਅਤੇ ਜੀਵੰਤਾ ਨੂੰ ਨਿਹਾਰਨਾ, ਤੁਹਾਨੂੰ ਸਿਲਵਟਾਂ ਦੀ ਸੁੰਦਰਤਾ ਅਤੇ ਇਸ ਦੀ ਅਮੀਰੀ ਦੇ ਦਰਸ਼ਨ-ਦੀਦਾਰੇ ਹੋਣਗੇ।
ਮਾਰੂਥਲ ਦੇ ਪਿੰਡੇ `ਤੇ ਵਗਦੀਆ ਹਵਾਵਾਂ ਨਾਲ ਪਈਆਂ ਰੇਤ ਦੀਆਂ ਸੁੰਦਰ ਲਹਿਰਾਂ ਵਿਚ ਸਿਲਵਟਾਂ ਦੇ ਨਕਸ਼ ਉਘਾੜਨੇ, ਜਿਨ੍ਹਾਂ ਵਿਚੋਂ ਮਾਰੂਥਲ ਨੂੰ ਵੀ ਸੁੰਦਰਤਾ ਦਾ ਸਬੱਬ ਬਣਨ ਦਾ ਸ਼ਰਫ ਹਾਸਲ ਹੁੰਦਾ।
ਪਰ ਵਗਦੀਆਂ ਹਨੇਰੀਆਂ ਜਦ ਫਿਜ਼ਾ ਵਿਚ ਹਵਾਈ ਸਿਲਵਟਾਂ ਉਸਾਰਦੀਆਂ ਤਾਂ ਇਹ ਕਦੇ ਤਬਾਹੀ ਦਾ ਸੰਦੇਸ਼ ਅਤੇ ਕਦੇ ਉਜਾੜੇ ਦਾ ਹੋਕਰਾ ਹੁੰਦੀਆਂ।
ਸਿਲਵਟਾਂ ਦੇ ਬਹੁਤ ਸਾਰੇ ਰੰਗ, ਕਿਸਮਾਂ ਤੇ ਰੂਪ, ਜਿਨ੍ਹਾਂ ਦੀਆਂ ਸੰਵੇਦਨਾਵਾਂ ਮਨੁੱਖੀ ਸੋਚ `ਤੇ ਨਿਰਭਰ। ਕਦੇ ਸਿਲਵਟਾਂ ਵਿਚ ਸੋਗ ਦਾ ਤਸੱਵਰ, ਕਦੇ ਸੰਤੋਖ, ਕਦੇ ਮਾਣ ਅਤੇ ਕਦੇ ਮੱਥੇ `ਤੇ ਉਕਰੀ ਕਾਲੀ ਲਕੀਰ ਵੀ।
ਸਿਲਵਟਾਂ ਸਦਾ ਅਸਥਿਰ ਤੇ ਅਸਥੂਲ। ਕਦੇ ਵੀ ਸਦੀਵੀ ਨਹੀਂ ਹੁੰਦੀਆਂ। ਇਹ ਬਣਦੀਆਂ ਤੇ ਢਹਿੰਦੀਆਂ। ਇਨ੍ਹਾਂ ਦੇ ਨਕਸ਼, ਨੁਹਾਰ, ਨਿਆਰਾਪਣ, ਨਰੋਇਆਪਣ ਅਤੇ ਨਵੀਨਤਾ ਹਰ ਪਲ ਬਦਲਦੀ ਅਤੇ ਇਸ ਨਾਲ ਹੀ ਬਦਲਦੇ ਨੇ ਇਸ ਦੇ ਸਰੋਕਾਰ, ਸੰਭਾਵਨਾਵਾਂ ਤੇ ਸੰਵੇਦਨਾਵਾਂ।
ਸਿਲਵਟ, ਕਿਰਿਆਵਾਂ ਦੀ ਸੱਚੀ-ਸੁੱਚੀ ਕੀਰਤੀ, ਜੋ ਕਰਤੇ ਰਾਹੀਂ ਕੈਨਵਸ ‘ਤੇ ਰੰਗਾਂ ਦੀ ਕਸ਼ੀਦਗੀ ਤੇ ਕਰਤਾਰੀ ਆਵੇਸ਼ ਨਾਲ ਸਿਰਜੀ ਜਾਂਦੀ। ਇਨ੍ਹਾਂ ਵਿਚ ਹੁੰਦੀ ਏ ਕਰਮਯੋਗਤਾ ਦੀ ਕਲਾਕਾਰੀ ਜਾਂ ਮਨੁੱਖੀ ਤਬਾਹੀ ਦੇ ਚਿੰਨ ਅਤੇ ਸੁਹਜਤਾ ਦਾ ਸੁਹੱਪਣ ਜਾਂ ਕਮੀਨਗੀ ਦੀ ਕਾਲਖ।
ਸਿਲਵਟਾਂ ਬਹੁਤ ਕੁਝ ਬਿਆਨ ਕਰਦੀਆਂ। ਸਿਰਫ ਇਨ੍ਹਾਂ ਨੂੰ ਆਪਣੇ ਅੰਤਰੀਵ ਵਿਚ ਉਤਾਰ ਕੇ, ਇਸ ਦੀਆਂ ਡੂੰਘਾਣਾਂ ਜਾਂ ਉਚਾਈਆਂ ਨੂੰ ਆਪਣੇ ਮਸਤਕ ਦੇ ਨਾਮ ਕਰਨਾ ਹੁੰਦਾ।
ਸਿਲਵਟਾਂ ਦੀ ਤਮੰਨਾ ਹੁੰਦੀ ਹੈ ਸਿਰਜਣ ਵਾਲਿਆਂ ਦੀ ਸੋਚ, ਸੁਹਿਦਰਤਾ, ਸਿਆਣਪ, ਸਮਝ ਅਤੇ ਸੁੰਦਰਤਾ ਨੂੰ ਸਮਝਣਾ ਅਤੇ ਇਸ ਦੇ ਅੰਦਰ ਉਤਰਨ ਦੀ ਜਗਿਆਸਾ। ਸਿਲਵਟਾਂ ਪਾਉਣ ਵਾਲੀ ਸਿਰਜਣਹਾਰਤਾ ਵਿਚੋਂ, ਅਰਥਾਂ ਦੀ ਭਾਲ ਕਰਨ ਵਾਲਿਆਂ ਵਿਚ ਸ਼ਾਮਲ ਹੋਣਾ ਵੀ ਜਰੂਰੀ ਹੁੰਦਾ।
ਇਹ ਸਿਲਵਟਾਂ ਮਾਂ ਵਲੋਂ ਗਿੱਲੇ ਪੋਤੜੇ ਬਦਲਣ ਵੇਲੇ ਵੀ ਉਪਜਦੀਆਂ। ਅਬੋਲਾਂ ਰਾਹੀਂ ਆਪਣੇ ਲਾਡਲੇ ਨੂੰ ਲਾਡ ਲਡਾਉਂਦਿਆਂ ਵੀ। ਉਸ ਨਾਲ ਲੇਟਿਆਂ ਵੀ, ਬੱਚੇ ਦੀਆਂ ਲੋਟਣੀਆਂ ਨਾਲ ਅਤੇ ਕਈ ਵਾਰ ਮਾਂ ਦਾ ਦੁੱਧ ਚੁੰਘਦਿਆਂ, ਬੱਚੇ ਵਲੋਂ ਰੱਜ ਅਤੇ ਖੁਸ਼ੀ ਨਾਲ ਮਾਰੀਆਂ ਲੱਤਾਂ ਨਾਲ ਵੀ।
ਇਹ ਸਿਲਵਟਾਂ ਤਾਂ ਉਦੋਂ ਵੀ ਆਪਣਾ ਵਿਲੱਖਣ ਰੂਪ ਅਖਤਿਆਰ ਕਰਦੀਆਂ, ਜਦ ਬੱਚੇ ਦਾਦਾ/ਦਾਦੀ ਜਾਂ ਨਾਨਾ/ਨਾਨੀ ਕੋਲੋਂ ਕਹਾਣੀ ਸੁਣਦਿਆਂ, ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਦੇ, ਕੁਤਕਤਾੜੀਆਂ ਕੱਢਦੇ ਜਾਂ ਆਪਸ ਵਿਚ ਜੋਰ-ਅਜ਼ਮਾਈ ਕਰਦੇ ਅਤੇ ਹੁੜਦੰਗ ਮਚਾਉਂਦੇ।
ਇਨ੍ਹਾਂ ਸਿਲਵਟਾਂ ਵਿਚੋਂ ਝਲਕਦੀ ਹੈ ਬੱਚਿਆਂ ਦੀ ਅਵਾਰਗੀ ਤੇ ਬੇਫਿਕਰੀ। ਦਾਦਾ/ਦਾਦੀ ਜਾਂ ਨਾਨੇ/ਨਾਨੀ ਦੀ ਨੀਂਦ ਵਿਚ ਪਾਇਆ ਖਲਲ। ਸਿਲਵਟਾਂ ਨੂੰ ਦੇਖ ਕੇ ਬਜੁਰਗਾਂ ਦੇ ਮਨਾਂ ਵਿਚ ਨਵੀਂ ਪਨੀਰੀ ਲਈ ਪੈਦਾ ਹੁੰਦੀ ਬੇਪਨਾਹ ਮੁਹੱਬਤ। ਕਦੇ ਕਦਾਈਂ ਤਾਂ ਇਹ ਬੱਚੇ ਕਹਾਣੀ ਸੁਣਦੇ-ਸੁਣਦੇ ਹੀ, ਸਿਲਵਟਾਂ ਨੂੰ ਹੀ ਸੌਣ ਲਈ ਬਿਸਤਰਾ ਬਣਾ ਲੈਂਦੇ।
ਸਿਲਵਟਾਂ ਕਈ ਵਾਰ ਰਿਸ਼ਤਈ ਨੇੜਤਾ ਵਿਚ ਜਿਸਮਾਂ ਦੀ ਬੋਲੀ ਵੀ ਬੋਲਦੀਆਂ ਅਤੇ ਸਾਹਾਂ ਦਾ ਸੰਗੀਤ ਵੀ ਬਣਦੀਆਂ। ਸਿਲਵਟਾਂ ਦੀ ਤਲਿਸਮੀ ਛੋਹ ਵਿਚੋਂ ਪੈਦਾ ਹੁੰਦੀ ਹੈ ਭਾਵਾਂ ਦੀ ਜ਼ੁਬਾਨ। ਅਕਸਰ ਹੀ ਸਿਲਵਟਾਂ, ਚਾਦਰ ਦੇ ਸੁੱਚਮ ਤੇ ਸੁਹੱਪਣ ਵਿਚੋਂ ਬਿਸਤਰਾ ਰੂਪੀ ਬਹਿਸ਼ਤ ਹੁੰਦੀਆਂ। ਇਹ ਸਰੀਰਾਂ ਵਿਚ ਪੈਦਾ ਹੋਏ ਆਵੇਗ, ਉਤਸ਼ਾਹ, ਆਵੇਸ਼ ਅਤੇ ਫੁੱਟਦੀਆਂ ਤਰੰਗਾਂ ਦਾ ਆਧਾਰ। ਇਹ ਸਿਲਵਟਾਂ ਸੁਪਨਿਆਂ ਦੀ ਸਿਰਜਣਾ ਦਾ ਰਾਜ਼, ਇਸ ਨੂੰ ਸਾਕਾਰ ਕਰਨ ਲਈ ਅੰਦਾਜ਼, ਮਨ ਦੀਆਂ ਅੰਬਰੀ ਰੀਝਾਂ ਦੀ ਪਰਵਾਜ਼ ਅਤੇ ਸੰਪੂਰਨਤਾ ਦਾ ਆਗਾਜ਼ ਵੀ ਹੁੰਦੀਆਂ।
ਪਰ ਕਦੇ ਕਦੇ ਇਹ ਸਿਲਵਟਾਂ ਤਲਖੀਆਂ, ਤੰਗੀਆਂ, ਤੰਗਦਸਤੀਆਂ, ਤੁਹਮਤਾਂ ਦੀ ਤਸਵੀਰ ਵੀ ਹੁੰਦੀਆਂ, ਜਿਨ੍ਹਾਂ ਵਿਚੋਂ ਚੋਟ, ਚਸਕ, ਚੀਸ ਤੇ ਚੀਖ ਉਗਦੀ। ਸਿਲਵਟਾਂ ਵਿਚ ਰੁਦਨ ਪੈਦਾ ਹੁੰਦਾ, ਜਦ ਇਨ੍ਹਾਂ ਨੂੰ ਵੈਰਾਗ, ਵੇਦਨਾ ਅਤੇ ਵਿਯੋਗ ਦੀ ਵਹਿੰਗੀ ਢੋਣ ਲਈ ਮਜ਼ਬੂਰ ਹੋਣਾ ਪੈਂਦਾ।
ਅੱਖਾਂ ਵਿਚ ਖਾਰੇ ਪਾਣੀ ਦਾ ਸਮੁੰਦਰ ਫੈਲ ਜਾਂਦਾ, ਜਦ ਇਨ੍ਹਾਂ ਵਿਚ ਉਡੀਕ ਦੀ ਸੱਤ-ਸਮੁੰਦਰੀ ਦੂਰੀ ਉਪਜਦੀ, ਕੰਧਾਂ `ਤੇ ਉਕਰੀਆਂ ਲੀਕਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ ਹੁੰਦਾ ਅਤੇ ਸੇਜ਼, ਸੁਖਨ, ਸਕੂਨ ਤੇ ਨਿੱਘ-ਮਿਲਣੀ ਤੋਂ ਵਿਰਵੀ ਹੁੰਦੀ।
ਕਦੇ ਇਹ ਸਿਲਵਟਾਂ ਤ੍ਰੇਹ, ਤ੍ਰਿਸ਼ਨਾ, ਤਮੰਨਾ ਅਤੇ ਤਾਂਘ ਤੋਂ ਤ੍ਰਿਪਤੀ ਦਾ ਸਫਰ ਕਰ ਜਾਂਦੀਆਂ, ਜਦ ਇਨ੍ਹਾਂ ਨੂੰ ਬਾਹਾਂ ਦੇ ਅਲਿੰਗਨ, ਆਰਾਮ ਤੇ ਆਸਥਾ ਦੀ ਅਵਾਰਗੀ ਮਿਲਦੀ।
ਇਹ ਸਿਲਵਟਾਂ ਜਦ ਚਾਦਰ ਤੋਂ ਤੁਰ ਕੇ ਜਿਸਮ ਦੀਆਂ ਝਰੀਟਾਂ ਬਣਦੀਆਂ ਤਾਂ ਇਸ ਦੀ ਚੀਸ ਵਿਚ ਸਮੇਂ ਦੇ ਸਾਹ ਵੀ ਰੁਕ ਜਾਂਦੇ, ਪਰ ਜਦ ਇਹੀ ਸਿਲਵਟਾਂ ਜਿਸਮ ਤੋਂ ਰੂਹ ‘ਚ ਜੀਰਦੀਆਂ ਤਾਂ ਅੰਤਰੀਵ ਵਿਚ ਪੈਦਾ ਹੁੰਦੀਆਂ ਅਜਿਹੀਆਂ ਸਿਲਵਟਾਂ, ਜਿਨ੍ਹਾਂ ਵਿਚ ਸੁੰਨ ਹੋ ਜਾਂਦੀਆਂ ਸੰਦਲੀ ਸੋਚਾਂ ਤੇ ਸੂਹੀ ਰੰਗਤ। ਸੁਨਹਿਰੇ ਸੂਰਜ ਦੀ ਅੱਖ ਵਿਚ ਉਤਰ ਆਉਂਦੀ ਨਮੀ।
ਸਿਲਵਟਾਂ ਜਦ ਉਦਾਸੀ ਤੇ ਉਡੀਕ ਦੀ ਪਰਤ ਪਿੰਡੇ ਤੋਂ ਲਾਹੁੰਦੀਆਂ ਤਾਂ ਇਹ ਉਤਸ਼ਾਹ, ਉਮਾਹ, ਉਮੰਗ ਅਤੇ ਉਮੀਦ ਨਾਲ ਭਰ ਜਾਂਦੀਆਂ। ਫਿਰ ਇਹ ਜਿਉਣ ਜੋਗੀਆਂ ਹੋ ਜਾਂਦੀਆਂ। ਸਿਲਵਟਾਂ ਜਦ ਆਸਵੰਤ ਹੁੰਦੀਆਂ ਤਾਂ ਪੀੜਾਂ ਤੋਂ ਪਿਆਰ, ਜ਼ਖਮ ਤੋਂ ਮਰਹਮ ਅਤੇ ਫਿਕਰ ਤੋਂ ਫਕੀਰੀ ਨੂੰ ਜਾਂਦੇ ਮਾਰਗ ਮੱਲਦੀਆਂ।
ਇਹ ਸਿਲਵਟਾਂ ਕਦੇ ਚੁੱਪ-ਗੜੁੱਪ ਅਤੇ ਕਦੇ ਹੰਝੂਆਂ ‘ਚ ਗੜੁੱਚ। ਕਦੇ ਕਦੇ ਮੰਦ-ਮੰਦ ਮੁਸਕਰਾਉਂਦੀਆਂ ਅਤੇ ਰੁਆਂਸੀ ਜਿ਼ੰਦਗੀ ‘ਚ ਸਾਹ ਧੜਕਾਉਂਦੀਆਂ।
ਇਹ ਸਿਲਵਟਾਂ ਆਸ ਤੇ ਵਿਸ਼ਵਾਸ ਹੁੰਦੀਆਂ, ਪਰ ਕਦੇ ਨਿਰਾਸ਼ ਵੀ, ਉਦਾਸ ਵੀ ਅਤੇ ਹਤਾਸ਼ ਵੀ ਹੁੰਦੀਆਂ। ਜਦ ਇਹ ਧਰਵਾਸ ਦਾ ਨਾਮ ਹੁੰਦੀਆਂ ਤਾਂ ਹੁਲਾਸ ਨੂੰ ਜਣਦੀਆਂ।
ਕਦੇ ਕਦਾਈਂ ਬਿਮਾਰ ਮਾਂ ਦੇ ਸਿਰਹਾਣੇ ਬੈਠ ਕੇ, ਉਸ ਦੇ ਬਿਸਤਰੇ ਦੀਆਂ ਸਿਲਵਟਾਂ ਦੀ ਇਬਾਰਤ ਪੜ੍ਹਨਾ। ਇਸ ਵਿਚੋਂ ਪੈਦਾ ਹੋਈ ਇਬਾਦਤ ਨੂੰ ਮੁਖਾਤਿਬ ਹੋਣਾ। ਮਾਂ ਦੇ ਮੱਥੇ ਦੀਆਂ ਝੁਰੜੀਆਂ ‘ਚੋਂ ਸਿਲਵਟਾਂ ਦੇ ਨਕਸ਼ ਉਘਾੜਨੇ, ਪਤਾ ਲੱਗੇਗਾ ਕਿ ਇਨ੍ਹਾਂ ਸਿਲਵਟਾਂ ਦੇ ਮਾਂ ਲਈ ਅਤੇ ਤੁਹਾਡੇ ਲਈ ਕੀ ਅਰਥ ਹਨ? ਇਨ੍ਹਾਂ ਸਿਲਵਟਾਂ ਕਰਕੇ ਹੀ ਬਿਰਧ ਆਸ਼ਰਮ ਨਮੋਸ਼ੀ ਵਿਚ ਡੁੱਬ ਜਾਂਦਾ ਹੈ।
ਸੱਚੀਆਂ-ਸੁੱਚੀਆਂ ਸਿਲਵਟਾਂ ਸੁਪਨਿਆਂ ਸੰਗ ਸਾਂਝ ਪਾਉਂਦੀਆਂ, ਸੰਗਤੀ-ਸਾਂਝਾਂ ਨੂੰ ਹੰਢਾਉਂਦੀਆਂ ਅਤੇ ਸਾਹਾਂ ਤੋਂ ਵੀ ਲਮੇਰੇ ਸਬੰਧਾਂ ਨੂੰ ਤਾਅ-ਉਮਰ ਨਿਭਾਉਂਦੀਆਂ; ਪਰ ਕਦ ਵੀ ਇਨ੍ਹਾਂ ਸਿਲਵਟਾਂ ਵਿਚ ਸੋਗ ਨਾ ਧਰੋ, ਹੰਝੂ ਨਾ ਵਰੋ, ਹਉਕਿਆਂ ਨਾਲ ਨਾ ਭਰੋ। ਔਂਸੀਆਂ ਦੀ ਰੁੱਤ ਇਨ੍ਹਾਂ ਦੇ ਨਾਮ ਨਾ ਕਰੋ। ਉਡੀਕ ਦੀ ਮਹਿੰਦੀ ਨਾਲ ਇਸ ਦੀਆਂ ਤਲੀਆਂ ‘ਤੇ ਸੁੰਨਤਾ ਨਾ ਧਰੋ।
ਇਨ੍ਹਾਂ ਦੀ ਝੋਲੀ ਵਿਚ ਸੁਖਨ, ਸਕੂਨ, ਸੁਹਜ ਅਤੇ ਸਹਿਜ ਪਾਓ ਤਾਂ ਕਿ ਇਹ ਸਿਲਵਟਾਂ ਸੰਦਲੀ ਰੁੱਤਾਂ ਮਾਣਦੀਆਂ। ਆਪਣੀ ਤਾਸੀਰ, ਤਹਿਜ਼ੀਬ ਅਤੇ ਤਕਦੀਰ ਨੂੰ ਨਵੇਂ ਦਿਸਹੱਦਿਆਂ ਦੇ ਹਾਣੀ ਬਣਾਉਂਦੀਆਂ ਰਹਿਣ।
ਮਨ ਵਿਚ ਪਨਪੀਆਂ ਸੱਧਰਾਂ ਅਤੇ ਸੁਖਨਤਾ ਨਾਲ ਇਸ ਦੀ ਝੋਲੀ ਵਿਚ ਗੰਦਮੀ ਜਿਹੇ ਪਲਾਂ ਦਾ ਸ਼ਗਨ ਹੀ ਪਾਉਂਦੇ ਰਹੀਏ ਤਾਂ ਇਸ ਦੇ ਮੁਖੜੇ `ਤੇ ਧੜਕਣਾ ਦਾ ਨਾਮ ਲਿਖਿਆ ਜਾਂਦਾ।
ਸਿਲਵਟਾਂ ਵਿਚ ਜਦ ਸੂਲਾਂ ਉਗਦੀਆਂ ਤਾਂ ਇਕ ਪੀੜ ਜਿਸਮ ਤੋਂ ਤੁਰਦੀ ਹੋਈ ਮਨ ਦੇ ਚਿੱਤਰਪੱਟ ‘ਤੇ ਆਪਣੇ ਨਿਸ਼ਾਨ ਉਕਰਦੀ ਅਤੇ ਫਿਰ ਇਹ ਅੰਤਰੀਵ ਦੀ ਚੀਖ ਬਣ ਕੇ ਸਾਹਾਂ ਨੂੰ ਸਿਸਕਣ ਲਾਉਂਦੀ।
ਸਿਲਵਟਾਂ ਅੱਖਰਾਂ ਵਿਚ ਖੁਦ ਨੂੰ ਬਿਆਨਦੀਆਂ;
ਸਿਲਵਟਾਂ ਕਦੇ ਹੰਝੂ ਬਣਦੀਆਂ,
ਕਦੇ ਮੁਸਕੜੀਏ ਮੁਸਕਰਾਉਂਦੀਆਂ।
ਕਦੇ ਉਦਾਸੀ ਦਾ ਰੰਗ ਉਘਾੜਦੀਆਂ,
ਕਦੇ ਸੰਦਲੀ ਪਰਤ ਚਾੜ੍ਹਦੀਆਂ।
ਕਦੇ ਸਮੇਂ ਦੇ ਪਿੰਡੇ `ਤੇ ਉਕਰੀਆਂ ਲਾਸਾਂ,
ਤੇ ਕਦੇ ਦਫ਼ਨ ਹੋਈਆਂ ਆਸਾਂ।
ਕਦੇ ਸੋਚ ਵਿਚ ਉਪਜਿਆ ਹਤਾਸ਼,
ਤੇ ਕਦੇ ਤਿੜਕਿਆ ਧਰਵਾਸ।
ਸਿਲਵਟਾਂ ਤੋਂ ਸੰਤੁਸ਼ਟੀ, ਸੰਤੋਖ ਅਤੇ ਸਮਰਪਿਤਾ ਦਾ ਸਫਰ ਜਾਰੀ ਰੱਖਣ ਵਾਲੇ ਹੀ ਜੀਵਨ ਰਾਹਾਂ ਦੇ ਸਫਲ ਪਾਂਧੀ ਹੁੰਦੇ।
ਕਦੇ ਟਾਹਲੀ ਥੱਲੇ ਥੱਕੇ ਹਾਰੇ ਬਾਪੂ ਨੂੰ ਅਲਾਣੀ ਮੰਜੀ `ਤੇ ਕੁਝ ਪਲ ਸੁਸਤਾਉਣ ਤੋਂ ਬਾਅਦ ਉਸ ਦੇ ਨੰਗੇ ਪਿੰਡੇ ਵੰਨੀਂ ਝਾਤ ਮਾਰਨਾ। ਤੁਹਾਨੂੰ ਧੁੱਪਾਂ ‘ਚ ਰਾੜ੍ਹੇ ਹੋਏ ਪਿੰਡੇ ਤੇ ਵਾਣ ਦੀਆਂ ਸਿਲਵਟਾਂ ਵਿਚੋਂ ਮੁੜਕੇ ਦੀ ਖੁਸ਼ਬੂ ਆਵੇਗੀ। ਅਜਿਹੀਆਂ ਸਿਲਵਟਾਂ ਸਿਰਫ ਕਰਮ-ਯੋਗੀਆਂ ਦਾ ਹਾਸਲ। ਰੋੜੀ ਕੁੱਟਦੀ ਮਾਂ ਦਾ, ਆਪਣੇ ਨੰਨੇ ਨੂੰ ਰੋੜੀ `ਤੇ ਪਾਉਣਾ ਅਤੇ ਉਸ ਦੇ ਸੋਹਲ ਪਿੰਡੇ `ਤੇ ਪਈਆਂ ਰੋੜਾਂ ਦੀਆਂ ਸਿਲਵਟਾਂ ਵਿਚੋਂ ਮਮਤਾ ਦੀ ਲਿਸ਼ਕੋਰ ਕਮਾਲ ਦੀ ਹੁੰਦੀ। ਮਾਂ ਦੀ ਮੁਸ਼ੱਕਤ ਵਿਚੋਂ ਲਾਡਲੇ ਦੀਆਂ ਦੁਆਵਾਂ, ਮਾਂ ਦੀ ਇਲਹਾਮੀ ਉਚਾਈ ਅਤੇ ਫੱਕਰਤਾ ਦਾ ਇਲਹਾਮ ਜਦ ਖੁਦਾਈ ਨੂੰ ਹੋਵੇਗਾ ਤਾਂ ਰੱਬ ਵੀ ਉਸ ਦੀ ਅਕੀਦਤ ਕਰਨ ਤੋਂ ਉਕਾਈ ਨਹੀਂ ਕਰੇਗਾ।
ਧਰਤੀ ਦੇ ਪਿੰਡੇ `ਤੇ ਵਾਹੇ ਸਿਆੜ ਜਦ ਵਾਹਣ ਦੀਆਂ ਸਿਲਵਟਾਂ ਬਣ ਕੇ ਕਿਸਾਨ ਦੀ ਸੋਚ ਤੇ ਉਦਮ ਨੂੰ ਮੁਖਾਤਬ ਹੁੰਦੇ ਤਾਂ ਇਨ੍ਹਾਂ ਸਿਲਵਟਾਂ ਵਿਚੋਂ ਹੀ ਕਾਮੇ ਦੀ ਮਿਹਨਤ ਦਾ ਮੁੱਲ ਉਗਲਦਾ।
ਅੰਬਰ ਦੀ ਛੱਤ ਹੇਠ, ਧਰਤੀ `ਤੇ ਲੇਟੇ ਕਿਸੇ ਕੰਮੀ ਨੂੰ ਕਦੇ ਨਹੀਂ ਬਿਸਤਰੇ ਦੀਆਂ ਸਿਲਵਟਾਂ ਦਾ ਖਿਆਲ ਆਉਂਦਾ। ਉਸ ਦੇ ਹਿੱਸੇ ਦੀ ਛੱਤ ਵੀ ਜ਼ੋਰਾਵਰ ਖੋਹ ਲੈਂਦੇ। ਉਸ ਦੀ ਭੁੱਖ ਨੂੰ ਜਦ ਕੋਈ ਭੋਖੜਾ ਹਜ਼ਮ ਕਰ ਲੈਂਦਾ ਤਾਂ ਉਹ ਰੂਹ `ਤੇ ਪਈਆਂ ਦਰਦ ਦੀਆਂ ਸਿਲਵਟਾਂ ਨੂੰ ਹੀ ਆਪਣਾ ਦੁੱਖ ਸੁਣਾਉਣ ਜੋਗੇ ਹੁੰਦੇ।
ਸਿਲਵਟਾਂ ਨੂੰ ਸੀਮਤ ਅਰਥਾਂ ਤੀਕ ਤੇ ਨਿੱਕੇ ਜਿਹੇ ਦਾਇਰੇ ਵਿਚ ਕੈਦ ਕਰਨਾ, ਮਨੁੱਖੀ ਸੋਚ ਵਿਚਲੀ ਸੰਕੀਰਨਤਾ। ਉਸ ਦੀ ਬੇਖੁਦੀ ਤੇ ਬੇਰੁਹਮਤੀ। ਇਨ੍ਹਾਂ ਸਿਲਵਟਾਂ ਵਿਚੋਂ ਹੋਛਾਪਣ, ਕਮੀਨਗੀ ਅਤੇ ਸ਼ੋਹਦੇਪਣ ਨੂੰ ਉਜਗਾਰ ਕਰਨਾ, ਮਨ ਦੀ ਕੰਗਾਲੀ।
ਕਦੇ ਫੱਕਰ ਦੀ ਲੋਗੜੀ ਵਿਚ ਪਈਆਂ ਸਿਲਵਟਾਂ ਅਤੇ ਉਨ੍ਹਾਂ `ਤੇ ਹੋਈ ਸੱਤਰੰਗੀ ਕਢਾਈ ਨੂੰ ਮਨ ਦੀ ਤਖਤੀ ‘ਤੇ ਉਕਰਨਾ। ਇਸ ਦੀ ਇਬਾਦਤ ਨੂੰ ਅਕੀਦਤ ਬਣਾਉਣਾ, ਸਿਲਵਟਾਂ ਦੀ ਸੁੱਚਮਤਾ ਤੇ ਉਚਤਮਤਾ, ਜੀਵਨ ਨੂੰ ਨਵੀਂ ਪਛਾਣ ਦੇਵੇਗੀ।
ਸਿਲਵਟਾਂ ਨੂੰ ਹਰ ਰੋਜ਼ ਮਿਟਾਉਂਦੇ ਰਹੋ ਤਾਂ ਕਿ ਨਵੀਆਂ ਸਿਲਵਟਾਂ ਨੂੰ ਸਿਰਜਣ ਅਤੇ ਇਨ੍ਹਾਂ ਵਿਚੋਂ ਨਰੋਏ ਨਕਸ਼ਾਂ ਨੂੰ ਨਿਹਾਰਨ ਦੀ ਤ੍ਰਿਸ਼ਨਾ ਬਣੀ ਰਹੇ।
ਖੱਦਰਪੋਸ਼ ਜਦ ਸਿਲਵਟਾਂ ਨੂੰ ਦੂਰ ਕਰਨ ਲਈ ਕਰੀਜ਼ ਬੰਨ, ਸਫਾਚੱਟ ਕੱਪੜੇ ਪਹਿਨ, ਆਪਣੀ ਬੇਦਾਗੀ ਨੂੰ ਜੱਗ-ਜ਼ਾਹਰ ਕਰਨ ਦੀ ਕੋਸਿ਼ਸ਼ ਕਰਦੇ ਤਾਂ ਉਨ੍ਹਾਂ ਦੇ ਅੰਦਰਲਾ ਕੋਹਝ, ਕੂੜ, ਕਪਟ ਅਤੇ ਕਮੀਨਗੀ, ਉਨ੍ਹਾਂ ਦੀ ਰੂਹ ਵਿਚੋਂ ਸਿੰਮਦੀ, ਉਨ੍ਹਾਂ ਦੇ ਲਿਬਾਸ ਨੂੰ ਦਾਗੀ ਕਰਨ ਤੋਂ ਕਦੇ ਨਹੀਂ ਰੁਕਦੀ।
ਗੁੱਛਾ-ਮੁੱਛਾ ਕਰਕੇ ਕਾਗਜ਼ੀ ਸੁਨੇਹਿਆਂ ਨੂੰ ਸੱਜਣਾਂ ਦੀ ਛੱਤ `ਤੇ ਸੁੱਟਣਾ, ਕਦੇ ਯਾਦ ਜਰੂਰ ਕਰਨਾ। ਬੜਾ ਪਿਆਰਾ ਲੱਗਦਾ ਸੀ ਹੱਥਾਂ ਨਾਲ ਕਾਗਜ਼ ਦੇ ਪਿੰਡੇ `ਤੇ ਪਈਆਂ ਸਿਲਵਟਾਂ ਨੂੰ ਮਿਟਾਉਣਾ। ਇਸ `ਤੇ ਉਕਰੀ ਲਿਖਤ ਵਿਚ ਖੁਦ ਨੂੰ ਸਮਾਉਣਾ। ਇਹ ਸਿਲਵਟਾਂ ਦਾ ਸੰਦੇਸ਼ ਬਹੁਤ ਹੀ ਸੂਖਮ-ਭਾਵੀ, ਸਦ-ਭਾਵੀ ਅਤੇ ਸੱਚਾ ਹੁੰਦਾ ਸੀ, ਕਿਉਂਕਿ ਕੋਮਲ-ਭਾਵੀ ਲੋਕਾਂ ਦੇ ਮਨਾਂ ਵਿਚ ਫਕੀਰੀ ਵੱਸਦੀ।
ਸਿਲਵਟਾਂ ਵਿਚੋਂ ਸਦਾ ਸੰਦਲੀ ਆਭਾ ਹੀ ਨਹੀਂ ਫੁੱਟਦੀ। ਕਦੇ ਇਨ੍ਹਾਂ ਵਿਚੋਂ ਸਿਸਕੀਆਂ ਵੀ ਉਗਦੀਆਂ। ਕਦੇ ਇਹ ਜਿਸਮ ਦੀ ਨਿਲਾਮੀ ਦੀ ਗਵਾਹ ਵੀ ਬਣਦੀਆਂ। ਕਦੇ ਬੇਪਤੀ ਦਾ ਦਾਗ ਹੁੰਦੀਆਂ। ਕਦੇ ਕਿਸੇ ਧਿੰਗੋਜੋਰੀ ਦਾ ਪ੍ਰਮਾਣ ਹੁੰਦੀਆਂ ਅਤੇ ਕਿਸੇ ਜ਼ਹਾਲਤ ਦਾ ਸਿਰਨਾਂਵਾਂ। ਇਹ ਤਾਂ ਸਿਲਵਟਾਂ ਦੀ ਬਦਨਸੀਬੀ ਬਿਆਨਦੀਆਂ। ਅਜਿਹੀਆਂ ਸਿਲਵਟਾਂ ਦੀ ਔਕਾਤ ਸਿਰਫ ਉਨ੍ਹਾਂ ਦੇ ਹੱਥ ਹੁੰਦੀ, ਜਿਹੜੇ ਇਨ੍ਹਾਂ ਨੂੰ ਸਿਰਜਣ ਦਾ ਕੁਕਰਮ ਜਾਂ ਗੁਨਾਹ ਕਰਦੇ।
ਸਿਲਵਟਾਂ ਪਾਪ ਵੀ ਤੇ ਪੁੰਨ ਵੀ। ਗਵਾਹ ਵੀ ਤੇ ਹਮਜੋਲੀ ਵੀ। ਸਾਥੀ ਵੀ ਤੇ ਹਮਸਫਰ ਵੀ। ਬਹੁਤ ਕੁਝ ਹੁੰਦਾ ਹੈ ਸਿਲਵਟਾਂ ਦੇ ਅਵਚੇਤਨ ਵਿਚ। ਯਾਦ ਰੱਖਣਾ, ਕਈ ਵਾਰ ਤਾਂ ਸਿਲਵਟਾਂ ਉਹੀ ਹੁੰਦੀਆਂ ਪਰ ਸਮਾਂ, ਸਥਾਨ ਅਤੇ ਸਥਿਤੀ ਨਾਲ ਇਨ੍ਹਾਂ ਦਾ ਮੁਹਾਂਦਰਾ ਬਦਲਦਾ ਰਹਿੰਦਾ।
ਸਿਲਵਟਾਂ ਵਿਚੋਂ ਜਦ ਸੁਹਿਰਦਤਾ, ਸਬੰਧਾਂ ਦੀ ਸੁੱਚਮਤਾ ਅਤੇ ਜਿਸਮਾਨੀ ਇਕਸੁਰਤਾ ਤੇ ਇਕਸਾਰਤਾ ਹੀ ਰੂਹਾਂ ਵਿਚ ਵਸੇਬਾ ਕਰੇ ਤਾਂ ਸਿਲਵਟ ਕਦੇ ਹਉਕਾ ਨਾ ਭਰੇ।
ਸਿਲਵਟਾਂ ਕਦੇ ਕਦਾਈ ਸਰਹੱਦਾਂ ਵੀ ਸਿਰਜਦੀਆਂ, ਜਦ ਕੋਲ ਕੋਲ ਲੇਟਿਆਂ ਵੀ ਸੱਤ-ਸਮੁੰਦਰਾਂ ਦੀ ਦੂਰੀ ਹੁੰਦੀ। ਇਨ੍ਹਾਂ ਦੀ ਨਿੱਕੀ ਜਿਹੀ ਅਵੱਗਿਆ ਜਾਂ ਉਲੰਘਣਾ ਹੀ ਉਮਰਾਂ ਦੀ ਜਲਾਵਤਨੀ ਦਾ ਕਾਰਨ ਬਣਦੀ।
ਸਿਲਵਟਾਂ ਤਾਂ ਸੁੰਦਰ ਸਬੱਬ, ਜਿਨ੍ਹਾਂ ਵਿਚੋਂ ਨਵੇਂ ਸਰੋਕਾਰਾਂ, ਸੋਚਾਂ, ਸੁਚੇਤਨਾਵਾਂ ਅਤੇ ਸੰਵੇਦਨਾਵਾਂ ਨੇ ਜਨਮ ਲੈਣਾ ਹੁੰਦਾ। ਇਹੀ ਤਾਂ ਸਿਲਵਟਾਂ ਦੀ ਅਰਦਾਸ ਤੇ ਅਰਜੋਈ ਹੈ, ਜਿਹੜੀ ਤੁਸੀਂ ਹੀ ਸੁਣਨੀ ਅਤੇ ਪੂਰੀ ਕਰਨੀ ਹੈ।