ਮਿਲਖਾ ਸਿੰਘ ਦੀ ਦੌੜ ਦਾ ਅੰਤ

ਪ੍ਰਿੰ. ਸਰਵਣ ਸਿੰਘ
ਮਿਲਖਾ ਸਿੰਘ ਦੀ ਜੀਵਨ ਦੌੜ ਦਾ ਅੰਤ ਹੋ ਗਿਆ ਹੈ। ਆਖਰ ਉਹ ਵੀ ਉਥੇ ਚਲਾ ਗਿਆ, ਜਿਥੋਂ ਕੋਈ ਨਹੀਂ ਮੁੜਦਾ। ਪਹਿਲਾਂ ਉਸ ਦੀ ਜੀਵਨ ਸਾਥਣ ਨਿਰਮਲ ਕੌਰ ਵਿਛੋੜਾ ਦੇ ਗਈ ਸੀ। ਪਿੱਛੇ ਹੁਣ ਉਨ੍ਹਾਂ ਦੀ ਔਲਾਦ ਹੈ, ਗੌਲਫਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ, ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ। ‘ਉਡਣਾ ਸਿੱਖ ਮਿਲਖਾ ਸਿੰਘ’ ਭਾਰਤ ਦਾ ਹੀ ਨਹੀਂ, ਏਸ਼ੀਆ ਦਾ ਲਾਸਾਨੀ ਦੌੜਾਕ ਸੀ। ਦੌੜ ਉਹਦੀ ਜਿ਼ੰਦਗੀ ਸੀ। ਉਹਦਾ 400 ਮੀਟਰ ਦੌੜ ਦਾ ਰਿਕਾਰਡ ਭਾਰਤ ਦੇ ਕਿਸੇ ਦੌੜਾਕ ਤੋਂ 38 ਸਾਲ ਨਹੀਂ ਸੀ ਟੁੱਟਾ।

ਦੌੜ ਉਹਦੇ ਨਾਲ ਬਚਪਨ ਤੋਂ ਹੀ ਜੁੜ ਗਈ ਸੀ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਹੋਏ ਰੇਤਲੇ ਰਾਹਾਂ `ਤੇ ਨੰਗੇ ਪੈਰ ਭੁਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਂਵੇਂ ਠੰਢੇ ਕਰਦਾ। ਫਿਰ ਇਕ ਰੁੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿਚ ਉਹ ਪਾਕਿਸਤਾਨ `ਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਦੇ ਮਗਰ ਦੌੜਿਆ। ਢਿੱਡ ਦੀ ਭੁੱਖ ਨੇ ਚੋਰੀਆਂ-ਚਕਾਰੀਆਂ ਵੀ ਕਰਵਾਈਆਂ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬਿਨ-ਟਿਕਟਾ ਸਫਰ ਕਰਦਾ ਦੌੜਨ ਲੱਗਾ ਤਾਂ ਦਬੋਚਿਆ ਗਿਆ, ਜਿਸ ਕਰਕੇ ਜੇਲ੍ਹ ਜਾ ਪੁੱਜਾ। ਦਿੱਲੀ `ਚ ਦਿਨ-ਕੱਟੀ ਕਰਦੀ ਉਹਦੀ ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲੋ੍ਹਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਘਰੋਂ ਦੌੜਾਅ ਦਿੱਤਾ।
ਚੜ੍ਹਦੀ ਜੁਆਨੀ ‘ਚ ਉਹ ਇਕ ਗਰੀਬ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ, ਪਰ ਉਹ ਕੁੜੀ ਉਹਦੇ ਹੱਥ ਨਾ ਆਈ। ਇਕ ਅਮੀਰ ਕੁੜੀ ਉਹਦੇ ਮਗਰ ਦੌੜੀ, ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜ ‘ਚ ਭਰਤੀ ਹੋਇਆ ਤਾਂ ਦੌੜ ਕੇ ਹੀ ਦੁੱਧ ਦਾ ਸਪੈਸ਼ਲ ਗਲਾਸ ਲੁਆਇਆ। ਦੌੜ-ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੇ. ਸੀ. ਓ. ਬਣਿਆ। ਦੇਸ-ਵਿਦੇਸ਼ ਵਿਚ ਦੌੜ ਕੇ ਉਹ ਕੱਪ ਤੇ ਮੈਡਲ ਜਿੱਤਦਾ ਗਿਆ ਅਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। 1958 ਵਿਚ ਟੋਕੀਓ ਦੀਆਂ ਏਸਿ਼ਆਈ ਖੇਡਾਂ ਦਾ ਬੈੱਸਟ ਅਥਲੀਟ ਬਣਿਆ ਤਾਂ ਕੁਲ ਦੁਨੀਆਂ ‘ਚ ਮਿਲਖਾ-ਮਿਲਖਾ ਹੋ ਗਈ। 1960 ‘ਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਚ ਦੌੜਿਆ ਤਾਂ ‘ਫਲਾਈਂਗ ਸਿੱਖ’ ਦਾ ਖਿਤਾਬ ਮਿਲਿਆ। ਮੁਸੀਬਤਾਂ ਉਸ ਨੂੰ ਵਾਰ-ਵਾਰ ਘੇਰਦੀਆਂ ਰਹੀਆਂ, ਪਰ ਉਹ ਉਨ੍ਹਾਂ ਤੋਂ ਬਚਦਾ-ਬਚਾਉਂਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਬਾਰੇ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਸੁੱਝਾ, ‘ਭਾਗ ਮਿਲਖਾ ਭਾਗ।’ ਜਨੂੰਨੀਆਂ ਹੱਥੋਂ ਉਹਦੇ ਮਾਰੇ ਜਾ ਰਹੇ ਬਾਪ ਦੇ ਆਖਰੀ ਬੋਲ ਸਨ, “ਦੌੜ ਜਾ ਪੁੱਤਰਾ! ਦੌੜ ਜਾਹ…।”
ਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਸਾਰੀ ਉਮਰ ਦੌੜਦਾ ਹੀ ਰਿਹਾ। ਆਖਰ 18 ਜੂਨ 2021 ਦੀ ਅੱਧੀ ਰਾਤ ਨੂੰ ਉਹਦੀ ਜੀਵਨ ਦੌੜ ਪੂਰੀ ਹੋਈ। ਜਿਨ੍ਹਾਂ ਰਾਹਾਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟਰੈਕ, ਟ੍ਰੇਲਾਂ ਤੇ ਗੌਲਫ ਗਰਾਊਂਡਾਂ ਵਿਚ ਉਹ ਦੌੜਿਆ, ਅੱਜ ਵੀ ਉਥੋਂ ਉਹਦੇ ਮੁੜ੍ਹਕੇ ਦੀ ਮਹਿਕ ਆ ਰਹੀ ਹੈ, ਉਹਦੀਆਂ ਪੈੜਾਂ ਦੇ ਨਿਸ਼ਾਨ ਲਿਸ਼ਕ ਰਹੇ ਹਨ!
ਮਿਲਖਾ ਸਿੰਘ ਦਾ ਕਹਿਣਾ ਸੀ ਕਿ ਕਾਮਯਾਬੀ ਦੀ ਮੰਜਿ਼ਲ ਤਕ ਕੋਈ ਸ਼ਾਹੀ ਸੜਕ ਨਹੀਂ ਜਾਂਦੀ ਹੁੰਦੀ। ਕਠਿਨ ਤਪੱਸਿਆ ਬਿਨਾ ਜੋਗ ਹਾਸਲ ਨਹੀਂ ਹੁੰਦਾ। ਸਖਤ ਮਿਹਨਤ ਬਿਨਾ ਜਿੱਤ ਨਸੀਬ ਨਹੀਂ ਹੁੰਦੀ। ਦੌੜਨਾ ਦੁਸ਼ਵਾਰ ਸਾਧਨਾ ਹੈ। ਤਪ ਕਰਨਾ ਹੈ। ਉਸ ਨੂੰ 400 ਮੀਟਰ ਦੀ ਦੌੜ ਦੌੜਨ ਵਿਚ ਪਰਪੱਕ ਹੋਣ ਲਈ, ਨਵੇਂ ਰਿਕਾਰਡ ਰੱਖਣ ਲਈ, ਵਰ੍ਹਿਆਂ-ਬੱਧੀ ਦੌੜਨ ਦੀ ਪ੍ਰੈਕਟਿਸ ਕਰਨੀ ਪਈ ਸੀ। ਪ੍ਰੈਕਟਿਸ ਕਰਦਿਆਂ ਉਹ ਘੱਟੋ-ਘੱਟੋ 40 ਹਜ਼ਾਰ ਮੀਲ ਦੌੜਿਆ। ਅਨੇਕਾਂ ਵਾਰ ਹਫਿਆ, ਡਿਗਿਆ, ਲਹੂ ਦੀਆਂ ਉਲਟੀਆਂ ਕੀਤੀਆ ਤੇ ਬੇਹੋਸ਼ ਹੋਇਆ। ਦਿਨੇ ਉਹ ਟ੍ਰੈਕ ‘ਤੇ ਦੌੜਦਾ ਤੇ ਰਾਤੀਂ ਸੁਪਨਿਆਂ ਵਿਚ। ਹਫਤੇ ਦੇ ਸੱਤੇ ਦਿਨ, ਸਾਲ ਦੇ ਸਾਰੇ ਹੀ ਦਿਨ। ਭਾਵੇਂ ਮੀਂਹ ਪਵੇ, ਨੇਰ੍ਹੀ ਵਗੇ, ਉਹ ਬਿਲਾਨਾਗਾ ਦੌੜਦਾ। ਉਸ ਨੇ ਦੌੜ-ਦੌੜ ਟ੍ਰੈਕ ਘਸਾ ਦਿੱਤੇ ਸਨ ਅਤੇ ਖੇਤਾਂ ਤੇ ਪਾਰਕਾਂ ਵਿਚ ਪਗਡੰਡੀਆਂ ਪਾ ਦਿੱਤੀਆਂ ਸਨ। ਜੇ ਉਹ ਧਰਤੀ ਦੁਆਲੇ ਦੌੜਨ ਲੱਗਦਾ ਤਾਂ ਕਦੋਂ ਦਾ ਚੱਕਰ ਲਾ ਗਿਆ ਹੁੰਦਾ। ਕਦੋਂ ਦਾ ਏਸ਼ੀਆ, ਅਫਰੀਕਾ, ਅਮਰੀਕਾ ਤੇ ਯੌਰਪ ਗਾਹ ਗਿਆ ਹੁੰਦਾ!
ਇਕ ਸਮੇਂ 100 ਮੀਟਰ, 200 ਮੀਟਰ, 400 ਮੀਟਰ ਤੇ 4+400 ਮੀਟਰ ਰਿਲੇਅ ਦੌੜਾਂ ਦੇ ਚਾਰੇ ਨੈਸ਼ਨਲ ਰਿਕਾਰਡ ਉਹਦੇ ਨਾਂ ਸਨ। ਉਸ ਨੇ 1958 ਵਿਚ ਭਾਰਤ ਲਈ ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਫਿਰ ਏਸਿ਼ਆਈ ਖੇਡਾਂ ‘ਚੋਂ ਚਾਰ ਸੋਨੇ ਦੇ ਤਗਮੇ ਜਿੱਤੇ। ਕੌਮੀ ਤੇ ਕੌਮਾਂਤਰੀ ਦੌੜਾਂ ਵਿਚ ਉਹਦੇ ਤਗਮਿਆਂ ਦੀ ਗਿਣਤੀ ਸੌ ਤੋਂ ਵੱਧ ਹੈ। ਉਹ 80 ਇੰਟਰਨੈਸ਼ਨਲ ਦੌੜਾਂ ਦੌੜਿਆ, ਜਿਨ੍ਹਾਂ ‘ਚੋਂ 77 ਦੌੜਾਂ ਜਿੱਤਿਆ। 1960 ‘ਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ 400 ਮੀਟਰ ਦੀ ਦੌੜ 45.6 ਸੈਕੰਡ ਵਿਚ ਲਾ ਕੇ ਪਹਿਲਾ ਓਲੰਪਿਕ ਰਿਕਾਰਡ ਮਾਤ ਪਾਇਆ ਸੀ। ਸਿੰਡਰ ਟਰੈਕ ਉਤੇ ਕਿੱਲਾਂ ਵਾਲੇ ਭਾਰੇ ਸਪਾਈਕਸਾਂ ਨਾਲ ਲਾਈ ਦੌੜ ਦਾ ਉਹ ਨੈਸ਼ਨਲ ਰਿਕਾਰਡ ਭਾਰਤੀ ਅਥਲੀਟਾਂ ਲਈ 20ਵੀਂ ਸਦੀ ਦੇ ਅੰਤ ਤਕ ਚੈਲੰਜ ਬਣਿਆ ਰਿਹਾ। ਐਨ. ਆਈ. ਐਸ. ਪਟਿਆਲੇ ਦੇ ਅਜਾਇਬ ਘਰ ਵਿਚ ਟੰਗੇ ਉਹਦੇ ਕਿੱਲਾਂ ਵਾਲੇ ਭਾਰੇ ਬੂਟ ਭਾਰਤ ਦੇ ਅਥਲੀਟਾਂ ਨੂੰ ਵੰਗਾਰਦੇ ਰਹੇ, ਆਵੇ ਕੋਈ ਨਿੱਤਰੇ!
ਮਿਲਖਾ ਸਿੰਘ ਦਾ ਜਨਮ ਸ. ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਕੌਰ ਦੀ ਕੁੱਖੋਂ ਹੋਇਆ ਸੀ। ਵਧਾਵੀ ਕੌਰ ਦਾ ਪੇਕੜਾ ਨਾਂ ਚਾਵਲੀ ਬਾਈ ਸੀ। ਉਹ ਪੱਛਮੀ ਪੰਜਾਬ ਦੇ ਪਿੰਡ ਗੋਬਿੰਦਪੁਰਾ, ਤਹਿਸੀਲ ਕੋਟ ਅੱਦੂ, ਜਿਲਾ ਮੁਜ਼ੱਫਰਗੜ੍ਹ ਵਿਚ ਰਹਿੰਦੇ ਸਨ। ਉਥੇ ਦੋ ਪਿੰਡ ਸਿੱਖਾਂ ਦੇ ਸਨ। ਗੋਬਿੰਦਪੁਰਾ ਦਾ ਪਹਿਲਾ ਨਾਂ ਬੁਖਾਰੀਆਂ ਸੀ। ਬਾਅਦ ਵਿਚ ਸਿੱਖਾਂ ਨੇ ਗੋਬਿੰਦਪੁਰਾ ਰੱਖਿਆ। ਉਹਦੇ ਉੱਤਰ ਵੱਲ ਜਿਲਾ ਮੁਲਤਾਨ ਸੀ ਤੇ ਦੱਖਣ ਵੱਲ ਰਿਆਸਤ ਬਹਾਵਲਪੁਰ। ਉਥੋਂ ਦੀ ਉਪ ਭਾਸ਼ਾ ਮੁਲਤਾਨੀ ਸੀ। ਹੁਣ ਉਹ ਇਲਾਕਾ ਚੰਗਾ ਆਬਾਦ ਹੈ। ਸ਼ਾਇਦ ਉਥੋਂ ਦੇ ਲੋਕ ਵੀ ਮਿਲਖਾ ਸਿੰਘ ਨੂੰ ਯਾਦ ਕਰਦੇ ਹੋਣ ਕਿ ਉਹ ਮਹਾਨ ਦੌੜਾਕ ਸਾਡੇ ਵਿਚੋਂ ਹੀ ਸੀ!
ਜਿਸ ਇਲਾਕੇ ਵਿਚ ਮਿਲਖਾ ਸਿੰਘ ਜੰਮਿਆ, ਉਹ ਪੱਧਰਾ ਮੈਦਾਨੀ ਸੀ ਤੇ ਦੌੜਾਂ ਦੌੜਨ ਦੇ ਅਨੁਕੂਲ ਸੀ। ਉਹਦੇ ਪੂਰਬ ਵੱਲ ਦਰਿਆ ਝਨਾਂ ਵਗਦਾ ਸੀ ਤੇ ਪੱਛਮ ਵੱਲ ਸਿੰਧ। ਉਹ ਫਲ ਮੇਵੇ, ਖਜੂਰਾਂ, ਕਣਕ, ਕਪਾਹ ਤੇ ਕਮਾਦ ਆਦਿ ਦੀਆਂ ਭਰਪੂਰ ਫਸਲਾਂ ਦੇਣ ਵਾਲੀ ਧਰਤੀ ਸੀ ਅਤੇ ਹੁਣ ਵੀ ਹੈ। ਹੁਣ ਬਿਜਲੀ ਨੇ ਹੋਰ ਵੀ ਰੰਗ ਭਾਗ ਲਾ ਦਿੱਤੇ ਹਨ। ਮੁਜ਼ੱਫਰਗੜ੍ਹ, ਮੁਲਤਾਨ ਤੋਂ ਡੇਰਾ ਗਾਜ਼ੀਖਾਨ ਨੂੰ ਜਾਂਦੀ ਜਰਨੈਲੀ ਸੜਕ ਉਤੇ ਆਬਾਦ ਹੈ। ਹੁਣ ਉਥੇ ਪਾਕਿਸਤਾਨ ਦਾ ਥਰਮਲ ਪਾਵਰ ਸਟੇਸ਼ਨ ਹੈ। ਜਦੋਂ ਮਿਲਖਾ ਸਿੰਘ ਜੰਮਿਆ, ਉਦੋਂ ਉਨ੍ਹਾਂ ਦਾ ਪਰਿਵਾਰ ਥੋੜ੍ਹੀ ਜਿਹੀ ਜ਼ਮੀਨ ਉਤੇ ਖੇਤੀਬਾੜੀ ਕਰਦਾ ਸੀ। ਉਨ੍ਹਾਂ ਦੇ ਦੋ ਕੱਚੇ ਕੋਠੇ ਸਨ। ਘਰ ਦੀ ਕਣਕ, ਘਰ ਦਾ ਦੁੱਧ ਘਿਓ ਤੇ ਘਰ ਦੀ ਸਬਜ਼ੀ ਭਾਜੀ ਖਾਧ-ਖੁਰਾਕ ਲਈ ਹੁੰਦੀ। ਉਹ ਦਸਾਂ ਨਹੁੰਆਂ ਦੀ ਕਿਰਤ ਕਰਦੇ ਰੱਬ ਦਾ ਸ਼ੁਕਰ ਮਨਾਉਂਦੇ। ਕਿਰਤੀ ਪਰਿਵਾਰ ਗਰੀਬੀ ਵਿਚ ਵੀ ਖੁਸ਼ਹਾਲ ਤੇ ਸੰਤੁਸ਼ਟ ਸੀ।
ਮਿਲਖਾ ਸਿੰਘ ਦੀ ਮਾਤਾ ਨੇ ਪੰਦਰਾਂ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਵਿਚੋਂ ਸੱਤ ਬੱਚੇ ਜਨਮ ਸਮੇਂ ਜਾਂ ਬਚਪਨ ‘ਚ ਲੱਗੀਆਂ ਬਿਮਾਰੀਆਂ ਕਾਰਨ ਮਰ ਗਏ। ਉਦੋਂ ਸੰਤਾਨ ਸੰਜਮ ਅਥਵਾ ਪਰਿਵਾਰ ਨਿਯੋਜਨ ਦੀਆਂ ਸਕੀਮਾਂ ਨਹੀਂ ਸਨ ਚੱਲੀਆਂ। ਜਣੇਪੇ ਦੀਆਂ ਬੀਮਾਰੀਆਂ ਦਾ ਉਚਿਤ ਇਲਾਜ ਨਹੀਂ ਸੀ। ਸੰਪੂਰਨ ਸਿੰਘ ਦਾ ਪਰਿਵਾਰ ਕਿਰਸਾਣੀ ਕਰਦਾ ਸੀ। ਉਹ ਮਾਲ-ਡੰਗਰ ਰੱਖਦੇ ਸਨ। ਗੁਜ਼ਾਰਾ ਕਰਨ ਲਈ ਸਾਰੇ ਜੀਆਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਸੀ। ਉਨ੍ਹਾਂ ਦਾ ਵਿਹੜਾ ਖੁੱਲ੍ਹਾ ਸੀ ਤੇ ਕੜੀਆਂ-ਬਾਲਿਆਂ ਵਾਲੇ ਦੋ ਕੱਚੇ ਕੋਠੇ ਸਨ। ਇਕ ਵਿਚ ਘਰ ਦੇ ਜੀਅ ਸੌਂਦੇ, ਦੂਜੇ ਵਿਚ ਡੰਗਰ-ਵੱਛਾ ਬੰਨ੍ਹਦੇ। ਪਿੰਡ ਦੇ ਨੇੜੇ ਹੀ ਇਕ ਨੈਂ ਵਗਦੀ ਸੀ, ਜੋ ਪਾਣੀ ਦੀਆਂ ਲੋੜਾਂ ਪੂਰੀਆਂ ਕਰਦੀ।
ਜਨਮ ਲੈਣ ਵਾਲੇ ਪੰਦਰਾਂ ਬੱਚਿਆਂ ਵਿਚੋਂ ਜੀਵਤ ਰਹਿਣ ਵਾਲੇ ਮਿਲਖਾ ਸਿੰਘ ਹੋਰੀਂ ਅੱਠ ਭੈਣ ਭਾਈ ਸਨ। ਪੰਜ ਭਰਾ ਤੇ ਤਿੰਨ ਭੈਣਾਂ। ਵੱਡਾ ਅਮੀਰ ਸਿੰਘ, ਫਿਰ ਦੌਲਤ ਸਿੰਘ, ਮੱਖਣ ਸਿੰਘ, ਮਿਲਖਾ ਸਿੰਘ ਤੇ ਸਭ ਤੋਂ ਛੋਟਾ ਗੋਬਿੰਦ ਸਿੰਘ ਸੀ। ਭੈਣਾਂ ਈਸ਼ਰ, ਹਰਬੰਸ ਤੇ ਮਖਣੀ ਸਨ। ਮਾਂ ਸਵੱਖਤੇ ਉਠਦੀ, ਚੱਕੀ ਝੋਂਦੀ, ਧਾਰਾਂ ਕੱਢਦੀ, ਚਾਟੀ ਵਿਚ ਮਧਾਣੀ ਪਾਉਂਦੀ ਤੇ ਵੱਡੇ ਟੱਬਰ ਦਾ ਖਾਣਾ ਤਿਆਰ ਕਰਦੀ। ਦਾਲਾਂ ਰਿੱਝਦੀਆਂ, ਤੰਦੂਰ ਤਪਦਾ ਤੇ ਰੋਟੀਆਂ ਦੇ ਪੂਰ ਲਹਿੰਦੇ। ਮਾਂ ਘਰ ਦੇ ਜੀਆਂ ਨੂੰ ਰੀਝ ਨਾਲ ਖਾਣਾ ਖੁਆਉਂਦੀ। ਦਾਲ ਸਬਜ਼ੀ ਵਿਚ ਦੇਸੀ ਘਿਓ ਤਰੋ-ਤਰ ਹੁੰਦਾ। ਉਨ੍ਹਾਂ ਦਿਨਾਂ ਵਿਚ ਧੀਆਂ ਪੁੱਤਰਾਂ ਦੇ ਛੋਟੇ ਹੁੰਦਿਆਂ ਹੀ ਵਿਆਹ ਕਰ ਦਿੱਤੇ ਜਾਂਦੇ ਸਨ। ਅਮੀਰ ਸਿੰਘ, ਦੌਲਤ ਸਿੰਘ, ਮੱਖਣ ਸਿੰਘ, ਹਰਬੰਸ ਕੌਰ ਤੇ ਈਸ਼ਰ ਕੌਰ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਵਿਆਹ ਦਿੱਤੇ ਗਏ ਸਨ ਤੇ ਉਨ੍ਹਾਂ ਦੇ ਬਾਲ ਬੱਚੇ ਵੀ ਹੋ ਗਏ ਸਨ। ਦੇਸ਼ ਦੀ ਵੰਡ ਵੇਲੇ ਮੱਖਣ ਸਿੰਘ ਫੌਜ ਵਿਚ ਸੀ ਅਤੇ ਮਿਲਖਾ ਸਿੰਘ ਸਕੂਲੇ ਪੜ੍ਹ ਰਿਹਾ ਸੀ।
ਸੰਪੂਰਨ ਸਿੰਘ ਦੇ ਵੱਡੇ ਤਿੰਨੇ ਪੁੱਤਰ ਪੜ੍ਹ ਨਹੀਂ ਸੀ ਸਕੇ। ਪਿਤਾ ਸਮਝਦਾ ਸੀ ਕਿ ਕੋਈ ਪੜ੍ਹ ਲਵੇਗਾ ਤਾਂ ਉਹਦੀ ਜੂਨ ਸੰਵਰ ਜਾਵੇਗੀ। ਮਿਲਖਾ ਸਿੰਘ ਦਾ ਬਚਪਨ ਖੇਡਣ ਮੱਲ੍ਹਣ ਵਾਲੇ ਆਮ ਨਿਆਣਿਆਂ ਵਾਂਗ ਬੀਤ ਰਿਹਾ ਸੀ। ਉਸ ਨੂੰ ਉਹਦੀ ਰੁਚੀ ਦੇ ਉਲਟ ਲਾਗਲੇ ਪਿੰਡ ਪੜ੍ਹਨੇ ਪਾ ਦਿੱਤਾ ਗਿਆ। ਉਹ ਬੋਰੀ-ਬਸਤਾ ਲੈ ਕੇ ਮਦਰੱਸੇ ਜਾਂਦਾ, ਜਿਥੇ ਮੌਲਵੀ ਗੁਲਾਮ ਮੁਹੰਮਦ ਉਸ ਨੂੰ ਉਰਦੂ ਦੇ ਅੱਖਰ ਸਿਖਾਉਂਦਾ ਅਤੇ ਹਿਸਾਬ ਦੇ ਸੁਆਲ ਸਮਝਾਉਂਦਾ। ਸ਼ੁੱਕਰਵਾਰ ਦੇ ਦਿਨ ਉਹ ਮਦਰੱਸੇ ਦੀ ਸਾਫ-ਸਫਾਈ ਕਰ ਕੇ ਲੇਪਾ-ਪੋਚਾ ਕਰਦੇ। ਮਦਰੱਸੇ ਤੋਂ ਛੁੱਟੀ ਮਿਲਦੀ ਤਾਂ ਉਹ ਟਟੀਹਰੀ ਬਣਿਆ ਘਰ ਨੂੰ ਦੌੜਦਾ।
ਲਾਗਲੇ ਪਿੰਡੋਂ ਮੁਢਲੀਆਂ ਚਾਰ ਜਮਾਤਾਂ ਪੜ੍ਹ ਕੇ ਮਿਲਖਾ ਸਿੰਘ ਤੇ ਉਹਦਾ ਦੋਸਤ ਸਾਹਿਬ ਸਿੰਘ ‘ਸਹਿਬੂ’ ਪੰਜਵੀਂ ਜਮਾਤ ਕੋਟ ਅੱਦੂ ਦੇ ਸਕੂਲ ਵਿਚ ਪੜ੍ਹਨ ਲੱਗੇ। ਕੋਟ ਅੱਦੂ ਗੋਬਿੰਦਪੁਰੇ ਤੋਂ ਸੱਤ ਮੀਲ ਯਾਨਿ ਗਿਆਰਾਂ ਕਿਲੋਮੀਟਰ ਦੂਰ ਸੀ, ਜਿਥੇ ਪਹੁੰਚਣ ਨੂੰ ਦੋ ਘੰਟੇ ਲੱਗਦੇ। ਸਵੇਰੇ ਮੁਲਤਾਨ ਵਾਲੀ ਗੱਡੀ ਚੀਕ ਮਾਰ ਕੇ ਲੰਘਦੀ ਤਾਂ ਉਹ ਘਰੋਂ ਤੁਰ ਪੈਂਦੇ। ਗੱਡੀ ਸਕੂਲ ਲੱਗਣ ਤੋਂ ਦੋ ਘੰਟੇ ਪਹਿਲਾਂ ਲੰਘਦੀ ਸੀ, ਜਿਸ ਨਾਲ ਪਤਾ ਲੱਗ ਜਾਂਦਾ ਸੀ ਕਿ ਸਕੂਲ ਜਾਣ ਦਾ ਵਕਤ ਹੋ ਗਿਆ।
ਉਸ ਇਲਾਕੇ ਵਿਚ ਗਰਮੀ ਏਨੀ ਪੈਂਦੀ ਸੀ ਕਿ ਪਾਰਾ 50 ਡਿਗਰੀ ਤੋਂ ਵੀ ਉਪਰ ਚਲਾ ਜਾਂਦਾ ਸੀ। ਪੜ੍ਹਨ ਉਹ ਨੰਗੇ ਪੈਰੀਂ ਜਾਂਦਾ। ਰੇਤਲੇ ਰਾਹ ਉਤੇ ਬਾਲਕ ਮਿਲਖਾ ਸਿੰਘ ਦੇ ਪੈਰ ਤਪਦੇ ਤਾਂ ਉਹ ਦੌੜ ਕੇ ਕਿਸੇ ਕਿੱਕਰੀ ਦੀ ਛਾਂਵੇਂ ਖੜ੍ਹ ਕੇ ਠੰਢੇ ਕਰਦਾ। ਫਿਰ ਛਾਂ ਤੋਂ ਛਾਂ ਵੱਲ ਦੌੜਦਾ। ਕਦੇ ਦੌੜਦਾ, ਕਦੇ ਖੜ੍ਹਦਾ, ਉਹ ਸੱਤ ਮੀਲ ਦਾ ਪੈਂਡਾ ਮੁਕਾਉਂਦਾ ਘਰ ਪਹੁੰਚਦਾ। ਤੱਤੀ ਰੇਤ ਉਤੇ ਲਾਈਆਂ ਦੌੜਾਂ ਉਹਦੇ ਜੀਵਨ ਦੀਆਂ ਮੁਢਲੀਆਂ ਦੌੜਾਂ ਸਨ, ਜੋ ਬਾਅਦ ਵਿਚ ਓਲੰਪਿਕ ਖੇਡਾਂ ਤਕ ਜਾ ਪੁੱਜੀਆਂ। ਸਿਆਲ ਵਿਚ ਕੋਰਾ ਪੈਂਦਾ ਤਾਂ ਉਹ ਦੌੜ ਕੇ ਪੈਰ ਗਰਮਾਉਂਦਾ। ਇੰਜ ਉਹਦੀਆਂ ਲੱਤਾਂ ਵਿਚ ਤਾਕਤ ਭਰਦੀ ਗਈ, ਪਰ ਸਰੀਰ ਇਕਹਿਰਾ ਹੀ ਰਿਹਾ। ਆਪਣੇ ਹਾਣੀਆਂ ਨਾਲ ਖੇਡਦਾ ਤਾਂ ਕਿਸੇ ਨੂੰ ਡਾਹੀ ਨਾ ਦਿੰਦਾ।
ਕੋਟ ਅੱਦੂ ਤੋਂ ਸੱਤਵੀਂ ਜਮਾਤ ਪਾਸ ਕਰ ਕੇ ਮਿਲਖਾ ਸਿੰਘ ਅੱਠਵੀਂ ਵਿਚ ਮੁਲਤਾਨ ਛਾਉਣੀ ਦੇ ਸਕੂਲ ਵਿਚ ਜਾ ਦਾਖਲ ਹੋਇਆ। ਉਥੇ ਉਹਦਾ ਵੱਡਾ ਭਰਾ ਮੱਖਣ ਸਿੰਘ ਫੌਜ ਵਿਚ ਭਰਤੀ ਸੀ। ਉਹ ਉਨ੍ਹਾਂ ਕੋਲ ਰਹਿੰਦਾ ਤੇ ਛੁੱਟੀ ਵਾਲੇ ਦਿਨ ਪਿੰਡ ਪਹੁੰਚ ਜਾਂਦਾ। ਉਦੋਂ ਤਕ ਦਿਨ ਸੋਹਣੇ ਲੰਘ ਰਹੇ ਸਨ। ਜਾਪਦਾ ਸੀ ਮਿਲਖਾ ਸਿੰਘ ਪੜ੍ਹ ਲਿਖ ਕੇ ਸੌਖਾ ਜੀਵਨ ਜੀਵੇਗਾ ਤੇ ਮਾਪਿਆਂ ਦੀ ਸੇਵਾ ਕਰੇਗਾ। ਫਿਰ 1947 ਦਾ ਸਾਲ ਆ ਗਿਆ। ਮਾਰ-ਧਾੜ ਵਾਲਾ ਸਾਲ। ਆਜ਼ਾਦੀ ਦੇ ਨਾਂ ਉਤੇ ਪੰਜਾਬੀਆਂ ਦੀ ਬਰਬਾਦੀ ਦਾ ਸਾਲ, ਜਿਸ ਵਿਚ ਮਿਲਖਾ ਸਿੰਘ ਦੇ ਮਾਂ ਬਾਪ, ਭੈਣ ਭਾਈ ਤੇ ਬੱਚੇ ਮਾਰੇ ਗਏ। ਫਿਰ ਮਿਲਖਾ ਸਿੰਘ ਰਾਖ ‘ਚੋਂ ਉੱਗਿਆ।
ਮਿਲਖਾ ਸਿੰਘ ਦੀ ਜਨਮ ਮਿਤੀ ਦਾ ਕਿਸੇ ਨੂੰ ਵੀ ਪੱਕਾ ਪਤਾ ਨਹੀਂ। ਉਂਜ ਉਹਦੀਆਂ ਤਿੰਨ ਜਨਮ ਮਿਤੀਆਂ ਲਿਖੀਆਂ ਮਿਲਦੀਆਂ ਹਨ-20 ਨਵੰਬਰ 1929, 17 ਅਕਤੂਬਰ 1935 ਅਤੇ 20 ਨਵੰਬਰ 1935। ਦੇਸ਼ ਦੀ ਵੰਡ ਵੇਲੇ ਉਹ ਅੱਠਵੀਂ ‘ਚ ਪੜ੍ਹਦਾ ਸੀ। ਅੰਦਾਜ਼ੇ ਨਾਲ ਉਹਦਾ ਜਨਮ ਸਾਲ 1931-32 ਦਾ ਮੰਨਿਆ ਜਾ ਸਕਦੈ। ਉਹ ਲਗਭਗ ਸੱਠ ਸਾਲ ਚੰਡੀਗੜ੍ਹ ਦੇ ਖੇਡ ਮੈਦਾਨਾਂ ਤੇ ਪਾਰਕਾਂ ‘ਚ ਜੌਗਿੰਗ ਕਰਦਾ ਅਤੇ ਗੌਲਫ ਖੇਡਦਾ ਰਿਹਾ। ਉਹਦੀ ਸਿਹਤ ਵੱਲ ਵੇਖਦਿਆਂ ਲੱਗਦਾ ਸੀ ਕਿ ਸੈਂਚਰੀ ਮਾਰ ਜਾਵੇਗਾ, ਪਰ ਕਰੋਨਾ ਉਸ ਮਹਾਨ ਦੌੜਾਕ ਨੂੰ 90ਵਿਆਂ ਦੀ ਉਮਰ ਵਿਚ ਲੈ ਬੈਠਾ। ਪਾਸ਼ ਨੇ ਉਹਦੀ ਸਵੈਜੀਵਨੀ ‘ਫਲਾਈਂਗ ਸਿੱਖ ਮਿਲਖਾ ਸਿੰਘ’ ਲਿਖੀ ਸੀ ਤੇ ਮੈਂ ਉਹਦੀ ਜੀਵਨੀ ‘ਉਡਣਾ ਸਿੱਖ ਮਿਲਖਾ ਸਿੰਘ’ ਛਪਵਾਈ, ਜਿਸ ਦੇ ਸਰਵਰਕ ਉਤੇ ਦਰਜ ਹੈ:
ਅਣਵੰਡੇ ਪੰਜਾਬ ਵਿਚ ਜਿਲਾ ਮੁਜ਼ੱਫਰਗੜ੍ਹ ਦੇ ਪਿੰਡ ਗੋਬਿੰਦਪੁਰਾ ਵਿਖੇ ਇਕ ਗਰੀਬ ਕਿਸਾਨ ਘਰ ਦਾ ਜੰਮਪਲ ਹੋ ਕੇ, 1947 ਦੀ ਦੇਸ਼-ਵੰਡ ਸਮੇਂ ਆਪਣੀਆਂ ਅੱਖਾਂ ਸਾਹਮਣੇ ਮਾਂ-ਬਾਪ ਤੇ ਭੈਣ-ਭਰਾ ਕਤਲ ਹੁੰਦੇ ਵੇਖ ਕੇ, ਬਚਪਨ ਤੇ ਭਵਿੱਖ ਟੁਕੜੇ-ਟੁਕੜੇ ਕਰਾ ਕੇ, ਮਾਤਭੂਮੀ ਤੋਂ ਉੱਜੜ-ਪੁੱਜੜ ਕੇ, ਅਨਾਥ ਹੋ ਕੇ, ਭੁੱਖੇ-ਪਿਆਸੇ ਰਹਿ ਕੇ, ਜੇਲ੍ਹ ਦੀ ਹਵਾ ਖਾ ਕੇ, ਅੰਤਾਂ ਦੀਆਂ ਦੁਸ਼ਵਾਰੀਆਂ ‘ਚੋਂ ਲੰਘ ਕੇ, ਫੌਜ ਵਿਚ ਭਰਤੀ ਹੋ ਕੇ, ਵੱਡੀ ਉਮਰ ‘ਚ ਦੌੜ ਮੁਕਾਬਲੇ ਸ਼ੁਰੂ ਕਰ ਕੇ ਤੇ ਫਿਰ ‘ਦੌੜ ਦਾ ਬਾਦਸ਼ਾਹ’ ਬਣ ਕੇ ਜੋ ਮਿਸ਼ਾਲ ਮਿਲਖਾ ਸਿੰਘ ਨੇ ਜਗਾਈ, ਉਹ ਸਾਡੇ ਸਭਨਾਂ ਲਈ ਚਾਨਣ ਮੁਨਾਰਾ ਹੈ।
ਮਿਲਖਾ ਸਿੰਘ ਦੀ ਜਗਾਈ ਮਿਸ਼ਾਲ ਹਰ ਬੱਚੇ ਨੂੰ, ਹਰ ਨੌਜੁਆਨ ਨੂੰ, ਹੌਸਲਾ ਹਾਰੀ ਬੈਠੇ ਹਾਰੀ-ਸਾਰੀ ਨੂੰ, ਡਿੱਗੇ ਢੱਠੇ ਇਨਸਾਨਾਂ ਨੂੰ ਉੱਚੀਆਂ ਉਡਾਰੀਆਂ ਭਰਨ ਅਤੇ ਮੰਜਿ਼ਲਾਂ ਮਾਰਨ ਲਈ ਉਕਸਾ ਸਕਦੀ ਹੈ। ਉਨ੍ਹਾਂ ਲਈ ਚਾਨਣ ਮੁਨਾਰਾ ਹੋ ਸਕਦੀ ਹੈ, ਰਾਹ-ਦਸੇਰਾ ਹੋ ਸਕਦੀ ਹੈ, ਰਹਿਬਰ ਬਣ ਸਕਦੀ ਹੈ। ਮਿਲਖਾ ਸਿੰਘ ਦੀ ਦੌੜ, ਤੇਜ਼ ਕਦਮਾਂ ਨਾਲ ਕੇਵਲ 400 ਮੀਟਰ ਦੀ ਦੌੜ ਹੀ ਨਹੀਂ, ਸਗੋਂ ਹਰ ਬਾਲਕ ਅੰਦਰ ਸੁੱਤੀਆਂ ਪਈਆਂ ਬੇਅੰਤ ਸੰਭਾਵਨਾਵਾਂ ਜਗਾਉਣ ਦੀ ਦੌੜ ਹੈ; ਪਰ ਇਰਾਦੇ ਦੀ ਦ੍ਰਿੜਤਾ, ਸਦੀਵੀ ਲਗਨ ਅਤੇ ਅਣਥੱਕ ਮਿਹਨਤ ਮਿਲਖਾ ਸਿੰਘ ਵਰਗੀ ਹੋਣੀ ਚਾਹੀਦੀ ਹੈ।