ਫੁੱਟਬਾਲ, ਕਬੱਡੀ ਤੇ ਇਨਕਲਾਬੀ ਜੁਝਾਰੂਆਂ ਦਾ ਪਿੰਡ ਮੰਗੂਵਾਲ

ਇਕਬਾਲ ਸਿੰਘ ਜੱਬੋਵਾਲੀਆ
ਪੌਣੀ ਸਦੀ ਦਾ ਖੇਡ ਇਤਿਹਾਸ ਹੈ, ਪਿੰਡ ਮੰਗੂਵਾਲ ਦਾ। ਫੁੱਟਬਾਲ ਦੇ ਨਾਮੀ-ਗਰਾਮੀ ਤੇ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਇਹ। ਫੁੱਟਬਾਲ ਖੇਤਰ ਵਿਚ ਭਾਰਤ ਦੀਆਂ ਵੱਖ-ਵੱਖ ਕਲੱਬਾਂ ਅਤੇ ਭਾਰਤੀ ਟੀਮ ਦੇ ਸੂਰਮੇ ਖਿਡਾਰੀ ਹਨ। ਖੇਡਾਂ ਦੇ ਨਾਲ ਨਾਲ ਇਨਕਲਾਬੀ ਗਤੀਵਿਧੀਆਂ ਦੇ ਮੰਚ ਸੰਚਾਲਨ ਵੀ ਚਲਦੇ ਰਹੇ।

ਇਸ ਪਿੰਡ ਦਾ ਫੁੱਟਬਾਲ ਦਾ ਪੁਰਾਣਾ ਇਤਿਹਾਸ ਹੈ। 1950 ਦੇ ਲਗਪਗ ਖਿਡਾਰੀਆਂ `ਚ ਮਾਸਟਰ ਗੁਰਦੇਵ ਸਿੰਘ ਖਹਿਰਾ, ਸ. ਮਹਿੰਦਰ ਸਿੰਘ ਫੌਜੀ, ਡਾ. ਗੁਰਦੇਵ ਸਿੰਘ, ਸ. ਰਤਨ ਸਿੰਘ, ਸ. ਪ੍ਰੀਤਮ ਸਿੰਘ ਖਹਿਰਾ (ਪਰਮਲ ਖਹਿਰਾ ਦੇ ਪਿਤਾ), ਸ. ਜਰਨੈਲ ਸਿੰਘ ਜੈਲਾ, ਸ. ਹਰਮੀਕ ਸਿੰਘ ਮੀਕ, ਸ੍ਰੀ ਜੀਤ ਮਿਸਤਰੀ ਆਦਿ ਸਨ।
1955 `ਚ ਮੰਗੂਵਾਲ `ਚ ਪਹਿਲੀ ਵਾਰ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸੀ। ਫੁੱਟਬਾਲ ਦਾ ਫਾਈਨਲ ਮੈਚ ਮੰਗੂਵਾਲ ਤੇ ਜੱਬੋਵਾਲ ਦੀਆਂ ਟੀਮਾਂ ਵਿਚਕਾਰ ਸੀ। ਮੰਗੂਵਾਲ ਦੇ ਖਿਡਾਰੀਆਂ `ਚ ਉਦੋਂ ਗਿਆਨੀ ਮਲਕੀਤ ਸਿੰਘ (ਵੈਨਕੂਵਰ, ਕੈਨੇਡਾ), ਸ. ਅਜੀਤ ਸਿੰਘ ਯੂ. ਕੇ., ਸ. ਬਖਸ਼ੀਸ਼ ਸਿੰਘ ਹੀਰਾ, ਸ. ਇਕਬਾਲ ਸਿੰਘ ਖੈੜੀਏ, ਸ. ਬਲਦੇਵ ਸਿੰਘ ਦੇਬੀ ਕੁਲਥਮੀਏ, ਸ. ਪਰਮਜੀਤ ਸਿੰਘ ਸੰਧੂ, ਗੁਰਬਖਸ਼ ਸਿੰਘ ਯੂ. ਕੇ., ਸ. ਬਲਿਹਾਰ ਸਿੰਘ ਕੈਨੇਡਾ ਗੋਲਕੀਪਰ, ਸ. ਦਰਸ਼ਨ ਸਿੰਘ ਯੂ. ਕੇ., ਸ੍ਰੀ ਅਜੀਤ ਰਾਮ ਗੁਰੂ, ਰਾਮ ਲਾਲ ਨਰ, ਸ੍ਰੀ ਸ਼ਾਦੀ ਰਾਮ, ਸ. ਬਲਵੀਰ ਸਿੰਘ ਮਿਸਤਰੀ, ਸ੍ਰੀ ਸ਼ਾਮ ਲਾਲ (ਦਿੱਲੀ ਦੇ ਕਿਸੇ ਕਲੱਬ ਦਾ ਖਿਡਾਰੀ), ਸ. ਜਗਦੀਸ਼ ਸਿੰਘ, ਸ. ਪ੍ਰੀਤਮ ਸਿੰਘ (ਬਲਰਾਜ ਦਾ ਭਰਾ), ਸ੍ਰੀ ਪ੍ਰਕਾਸ਼ ਦਾਣੀ, ਸ੍ਰੀ ਚੈਨ ਚੌਧਰੀ, ਸ੍ਰੀ ਮਹਿੰਦਰ ਦਾਸਦਿਆ ਤੇ ਡਾ. ਰਤਨ ਖਿਡਾਰੀ ਸਨ।
ਪੁਰਾਣੇ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਪਿੰਡ ਦੇ ਨਵੇਂ ਜੁਆਨ ਖੇਡ ਮੈਦਾਨਾਂ ‘ਚ ਬੱਲੇ ਬੱਲੇ ਕਰਾਉਣ ਲੱਗੇ। ਨਿਰੰਜਨ ਦਾਸ ਭਗਤ, ਦਰਸ਼ਨ ਖਟਕੜ, ਇਕਬਾਲ ਖਟਕੜ ਚੇਲਾ, ਕੇਵਲ ਖਟਕੜ, ਕ੍ਰਿਸ਼ਨ, ਇਕਬਾਲ ਸੈਕਟਰੀ, ਬਾਰੂ ਰਾਮ, ਗੁਰਮੀਤ ਸਿੰਘ, ਸੁਰਜੀਤ ਸਿੰਘ ਢੀਂਡਸਾ, ਹਰਭਜਨ ਸਿੰਘ ਭੱਜੀ, ਸੁਦਰਸ਼ਨ ਕੁਮਾਰ, ਕਮਲਜੀਤ ਲਾਟੂ, ਪਰਮਲ ਖਹਿਰਾ, ਰਾਜਿੰਦਰ ਖਹਿਰਾ, ਸੋਹਣ ਲਾਲ ਜੋਸ਼ੀ, ਰਾਮ ਕਿਸ਼ਨ ਕਿਸ਼ੂ, ਕੈਲਾਸ਼ ਤੇ ਹੋਰ ਖਿਡਾਰੀ। 1965-66 ਦੇ ਇਨ੍ਹਾਂ ਖਿਡਾਰੀਆਂ ਨੇ ਬੜੀ ਧੱਕ ਪਾਈ।
ਉਪਰੋਕਤ ਖਿਡਾਰੀਆਂ ਤੋਂ ਅਗਲੀ ਪੀੜ੍ਹੀ ਉਤਸ਼ਾਹਤ ਹੋਈ। ਉਹ ਖਿਡਾਰੀ ਪੰਜਾਬ ਦੇ ਵੱਖ ਵੱਖ ਹਿੱਸਿਆਂ, ਅਕੈਡਮੀਆਂ, ਯੂਨੀਵਰਸਿਟੀਆਂ, ਇੰਟਰਯੂਨੀਵਰਸਿਟੀ ਅਤੇ ਕਲੱਬਾਂ `ਚ ਖੇਡਣ ਲੱਗੇ। ਜਿਨ੍ਹਾਂ `ਚ ਗੁਰਪਾਲ ਫੌਜੀ, ਮੱਖਣ ਸਿੰਘ ਤੇ ਪਰਮਜੀਤ ਪੰਮਾ (ਤਿੰਨੇ ਸਕੇ ਭਰਾ), ਸਰਬਜੀਤ ਸਰਬਾ, ਬਲਵਿੰਦਰ ਰਾਣਾ (ਨੈਸ਼ਨਲ ਖਿਡਾਰੀ), ਅਸ਼ਵਨੀ ਕੁਮਾਰ ਮਿੰਟਾ, ਕੁਲਵੰਤ ਡਿਪਟੀ, ਰਾਮ ਲੁਭਾਇਆ, ਗੁਰਮੀਤ ਸਿੰਘ ਗੋਲਕੀਪਰ, ਮੱਖਣ ਸਿੰਘ, ਗਾਮਾ, ਦੇਸ ਰਾਜ, ਨਿੰਦਰ, ਤੀਰਥ, ਬਖਸ਼ੀਸ਼, ਰਾਮ ਲਾਲ, ਸਤਨਾਮ ਸਿੰਘ ਕੈਨੇਡਾ, ਮੋਹਣਾ, ਬਲਵੀਰ ਖਹਿਰਾ, ਮਨਜੀਤ ਬਾਜਵਾ, ਸਤਨਾਮ ਸਿੰਘ ਭਾਜਾ, ਹੁਸਨ ਲਾਲ, ਜਸਪ੍ਰੀਤ ਜੱਸੀ ਤੇ ਜਸਵੀਰ ਜੱਸੀ (ਇੰਟਰਯੂਨੀਵਰਸਿਟੀ ਖਿਡਾਰੀ) ਆਦਿ ਹੋਏ। ਇਹ 1977 ਤੋਂ 1990 ਦੇ ਦਹਾਕੇ ਦੇ ਖਿਡਾਰੀ ਹੋਏ।
ਸੀਨੀਅਰ ਖਿਡਾਰੀਆਂ ਦੇ ਰਾਹਾਂ ‘ਤੇ ਚਲਦਿਆਂ 1997 ਤੋਂ 2002 ਦੇ ਸਮੇਂ `ਚ ਅਗਲੀ ਪਨੀਰੀ ਤਿਆਰ ਹੋਈ ਤੇ ਖੇਡ ਮੈਦਾਨਾਂ `ਚ ਗੱਜਣ ਲੱਗੇ। ਮਨਦੀਪ ਜੁਗਨੂੰ (ਨਿਰੰਜਨ ਦਾ ਬੇਟਾ), ਗੁਰਜਿੰਦਰ ਤੇ ਯਾਦਵਿੰਦਰ (ਗੁਰਪਾਲ ਫੌਜੀ ਦੇ ਬੇਟੇ), ਅਤਿੰਦਰ ਮਨੀ ਤੇ ਵਰਿੰਦਰ ਸੰਨੀ (ਸਰਬੇ ਦੇ ਬੇਟੇ), ਹਰੀਕ੍ਰਿਸ਼ਨ ਕੈਲੀਫੋਰਨੀਆ, ਵਿਜੈ ਕੁਮਾਰ ਤੇ ਇੰਦਰਜੀਤ ਬੱਬੂ (ਦੋਵੇਂ ਭਰਾ) ਤੇ ਭਾਰਤੀ ਟੀਮ `ਚ ਖੇਡਣ ਵਾਲੇ ਸੁਨੀਲ ਗੋਲਡੀ ਨੇ ਮੰਗੂਵਾਲ ਦੀ ਸਾਰੇ ਪਾਸੇ ਬੱਲੇ ਬੱਲੇ ਕਰਵਾਈ। ਗੁਰਪਾਲ ਫੌਜੀ ਦਾ ਬੇਟਾ ਗੁਰਜਿੰਦਰ ਸੰਨੀ ਭਾਰਤੀ ਟੀਮ ਦਾ ਖਿਡਾਰੀ ਅਤੇ ਕਲਕੱਤੇ ਦੇ ਮੋਹਣ-ਬਾਗਾਨ ਦੀ ਕਪਤਾਨੀ ਤੋਂ ਬਾਅਦ ਬੰਬਈ ਫਿਲਮ ਇੰਡਸਟਰੀ ਵਲੋਂ ਬਣਾਈ ਨਾਰਥ-ਈਸਟ ਯੁਨਾਈਟਿਡ ਐਫ. ਸੀ. ਵਲੋਂ ਖੇਡ ਰਿਹੈ।
1987 `ਚ ਮੰਗੂਵਾਲ `ਚ ਸ਼ੁਰੂ ਕਰਾਈ ਗਈ ਫੁੱਟਬਾਲ ਲੀਗ ਪੰਜਾਬ ਦੀ ਪਹਿਲੀ ਲੀਗ ਸੀ। ਲੀਗ ਸ਼ੁਰੂ ਕਰਾਉਣ `ਚ ਦਰਸ਼ਨ ਖਟਕੜ, ਨਿਰੰਜਨ ਦਾਸ, ਪਰਮਲ ਖਹਿਰਾ, ਰਾਜਿੰਦਰ ਖਹਿਰਾ, ਸਰਬਜੀਤ ਸਰਬਾ, ਗੁਰਪਾਲ ਫੌਜੀ, ਬਾਰੂ ਰਾਮ ਗੁਰੂ, ਕੁਲਵੰਤ ਸਿੰਘ ਡਿਪਟੀ, ਦੇਸ ਰਾਜ ਗੁਰੂ, ਮਨਜੀਤ ਸਿੰਘ ਬਾਜਵਾ, ਹੁਸਨ ਲਾਲ, ਤੀਰਥ ਸਿੰਘ ਗੁਰੂ, ਨਿਰਮਲ ਸਿੰਘ ਖਟਕੜ ਪੋਪੀ ਤੇ ਦਰਸ਼ਨ ਖਟਕੜ ਯੂ. ਕੇ. ਬਾਗਵਾਲੇ ਦਾ ਭਾਣਜਾ ਸਤਨਾਮ ਸਿੰਘ ਮਾਨ ਤੇ ਸਾਥੀਆਂ ਨੇ ‘ਆਦਰਸ਼ ਸਪੋਰਟਸ ਕਲੱਬ ਮੰਗੂਵਾਲ’ ਦੇ ਨਾਂ `ਤੇ ਸ਼ੁਰੂ ਕਰਵਾਈ। ਇਸ ਲੀਗ ਨੂੰ ਅੱਗੇ ਤੋਰਨ ਵਾਲਾ ਕੋਈ ਚੰਗਾ ਸਲਾਹਕਾਰ ਨਹੀਂ ਸੀ ਮਿਲ ਰਿਹਾ। ਦਸ ਸਾਲ ਬਾਅਦ ਆਸਾਂ ਨੂੰ ਬੂਰ ਪਿਆ। ਜਦੋਂ ਸ. ਹਰਦੇਵ ਸਿੰਘ ਕਾਹਮਾ ਦੇ ਹੌਸਲੇ ਤੇ ਥਾਪੜੇ ਨਾਲ ਐਸ. ਐਨ. ਕਾਲਜ ਬੰਗਾ ਦੇ ਖੇਡ ਸਟੇਡੀਅਮ ਵਿਚ ਵੱਡੇ ਪੱਧਰ `ਤੇ ‘ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ’ ਦੀ ਸ਼ੁਰੂਆਤ ਹੋਈ। 1998 ਤੋਂ ਹੁਣ ਤੱਕ ਉਹ ਟੂਰਨਾਮੈਂਟ ਲਗਾਤਾਰ ਹੋ ਰਿਹੈ।
ਖਿਡਾਰੀ ਖੇਡਾਂ ਦੇ ਨਾਲ ਨਾਲ ਇਨਕਲਾਬੀ ਸੋਚ ‘ਤੇ ਵੀ ਪਹਿਰਾ ਦਿੰਦੇ ਰਹੇ। ਪੜ੍ਹੇ-ਲਿਖੇ ਤੇ ਉਸਾਰੂ ਸੋਚ ਕਰਕੇ ਪਿੰਡ `ਚ ਧਰਮ/ਮਜ਼੍ਹਬ, ਜਾਤ-ਪਾਤ, ਊਚ-ਨੀਚ ਨੂੰ ਕੋਈ ਥਾਂ ਨਹੀਂ। ਆਪਸੀ ਪਿਆਰ, ਇਤਫਾਕ ਤੇ ਭਾਈਚਾਰਕ ਸਾਂਝ ਨਾਲ ਪਿੰਡ ‘ਚ ਰਹਿੰਦੇ ਹਨ। ਇਹ ਪਿੰਡ ਕਿਸੇ ਵੇਲੇ ਪੰਜਾਬ ਦੇ ਇਨਕਲਾਬੀ ਕਾਰਕੁਨਾਂ ਦਾ ਗੜ੍ਹ ਮੰਨਿਆ ਜਾਂਦਾ ਰਿਹੈ। ਪਿੰਡ ‘ਚ ਸ਼ਿਵ ਕੁਮਾਰ ਬਟਾਲਵੀ, ਪਾਸ਼, ਜੈਮਲ ਪੱਡਾ, ਸੰਤ ਰਾਮ ਉਦਾਸੀ, ਦਰਸ਼ਨ ਖਟਕੜ, ਹਾਕਮ ਸਿੰਘ ਸਮਾਓ, ਮਾਸਟਰ ਗਿਆਨ ਸਿੰਘ ਸੰਘਾ, ਬਲਦੇਵ ਸਿੰਘ ਮਾਨ, ਨਿਰੰਜਨ ਦਾਸ, ਬਾਰੂ ਰਾਮ, ਰਵਿੰਦਰ ਸਹਿਰਾਅ, ਅਮੋਲਕ ਸਿੰਘ, ਪਰਮਜੀਤ ਕਾਹਮਾ ਅਤੇ ਹੋਰ ਇਨਕਲਾਬੀ ਸੱਜਣਾਂ ਦਾ ਟਿਕਾਣਾ ਹੁੰਦਾ। ਮਜ਼ਦੂਰਾਂ, ਕਾਮਿਆਂ ਦੀ ਗੱਲ ਹੁੰਦੀ। ਇਨਕਲਾਬੀ ਗੀਤ, ਗਜ਼ਲਾਂ ਤੇ ਹੋਰ ਗੱਲਾਂ ਸਾਂਝੀਆਂ ਕਰਦੇ। ਸਾਰੇ ਸੱਜਣਾਂ ਦਾ ਟਿਕਾਣਾ ਇਸ ਵਕਤ ਕੈਲੀਫੋਰਨੀਆ ਰਹਿੰਦੇ ਬਾਰੂ ਰਾਮ ਦੀ ਕੋਠੀ ‘ਚ ਹੁੰਦਾ। ਉਨ੍ਹਾਂ ਦੀ ਰਿਹਾਇਸ਼ `ਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਉਹ ਹੀ ਕਰਦਾ।
ਫੁੱਟਬਾਲ ਦੇ ਤਕੜੇ ਖਿਡਾਰੀ ਅਤੇ ਬੁਲੰਦ ਆਵਾਜ਼ ਦੇ ਮਾਲਕ ਨਿਰੰਜਨ ਦਾਸ ਭਗਤ ਨੂੰ ਲੋਕ ਸੁਣਦੇ। ਉਹ ਸਟੇਜਾਂ `ਤੇ ਅਕਸਰ ਸੰਤ ਰਾਮ ਉਦਾਸੀ ਦੇ ਗੀਤ ਗਾਉਂਦਾ। ਭਾਈ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਨਾਟਕ ਰਾਤਾਂ ਨੂੰ ਖੇਡੇ ਜਾਂਦੇ। ਸੰਤ ਰਾਮ ਉਦਾਸੀ, ਜੈਮਲ ਪੱਡਾ ਤੇ ਨਿਰੰਜਨ ਦਾਸ-ਤਿੰਨੋਂ ਉਚੀਆਂ ਹੇਕਾਂ ਦੇ ਧਨੀ। ਜਸਵੰਤ ਖਟਕੜ ਨੇ ਇਨਕਲਾਬੀ ਵਿਚਾਰਧਾਰਾ ਦੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਪਿੰਡ ਅਤੇ ਇਲਾਕੇ ਦੇ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ‘ਦੋਆਬਾ ਕਲਾ ਮੰਚ ਮੰਗੂਵਾਲ’ ਸਥਾਪਿਤ ਕੀਤਾ ਹੋਇਆ ਸੀ। ਵੱਖ ਵੱਖ ਪਿੰਡਾਂ ‘ਚ ਜਾ ਕੇ ਕਿਰਤੀ, ਕਿਸਾਨਾਂ ਤੇ ਮਜ਼ਦੂਰਾਂ ਦੀ ਬੇਇਨਸਾਫੀ ਤੇ ਲੁੱਟ-ਖਸੁੱਟ ਨੂੰ ਨਾਟਕਾਂ ਰਾਹੀਂ ਪੇਸ਼ ਕਰਦੇ। ਮਾਸਟਰ ਗਿਆਨ ਸਿੰਘ ਸੰਘਾ ਸਹਾਬਪੁਰ ਵਾਲੇ ਸਟੇਜ ਸੰਚਾਲਨ ਕਰਦੇ।
ਇਨਕਲਾਬੀ ਸੋਚ ਰੱਖਣ ਕਰਕੇ ਬਹੁਤੇ ਖਿਡਾਰੀਆਂ ਨੂੰ ਰੂਪੋਸ਼ ਵੀ ਹੋਣਾ ਪੈਂਦਾ ਸੀ। ਸਿਰਾਂ ਦੇ ਮੁੱਲ ਰੱਖੇ ਹੁੰਦੇ ਸਨ। ਜਦੋਂ ਵੀ ਕਿਤੇ ਦੂਜੇ ਪਿੰਡਾਂ ‘ਚ ਮੰਗੂਵਾਲ ਦਾ ਫੁੱਟਬਾਲ ਮੈਚ ਹੋਣਾ ਤਾਂ ਰੂਪੋਸ਼ ਹੋਏ ਖਿਡਾਰੀ ਮੈਚ ਖੇਡ ਕੇ ਫਿਰ ਆਪੋ ਆਪਣੇ ਰਸਤੇ ਤੁਰ ਜਾਂਦੇ।
ਪਿੰਡ ਦੇ ਪੁਰਾਣੇ ਖਿਡਾਰੀ ਫੁੱਟਬਾਲ ਦੇ ਨਾਲ ਕਬੱਡੀ ਵੀ ਵਧੀਆ ਖੇਡ ਲੈਂਦੇ ਸਨ। ਕੇਵਲ ਸਿੰਘ ਖਟਕੜ, ਇਕਬਾਲ ਸਿੰਘ ਖਟਕੜ, ਗੁਰਬਖਸ਼ ਬਾਸ਼ਾ ਤੇ ਤਲਵਣ ਕਬੱਡੀ ਦੇ ਵਧੀਆ ਖਿਡਾਰੀ ਸਨ। ਇਕ-ਦੋ ਖਿਡਾਰੀ ਆਸੇ-ਪਾਸੇ ਦੇ ਪਿੰਡਾਂ ਤੋਂ ਪਾ ਕੇ ਟੀਮ ਬਣਾ ਵੱਡੇ ਵੱਡੇ ਮੈਚ ਜਿੱਤ ਲੈਂਦੇ।
ਹੁਣ ਨਵੇਂ ਖਿਡਾਰੀ ਅੱਗੇ ਤੋਂ ਅੱਗੇ ਤਿਆਰ ਹੋਈ ਜਾ ਰਹੇ ਨੇ। ਇਸ ਵੇਲੇ ਪਿੰਡ ਦੇ ਜਸਵੀਰ ਜੱਸੀ, ਜਸਪ੍ਰੀਤ ਜੀਤਾ, ਸੰਨੀ (ਕਬੱਡੀ ਖਿਡਾਰੀ ਵੀਰ੍ਹੀ ਦਾ ਬੇਟਾ) ਤੇ ਫੁੱਟਬਾਲ ਦੇ ਹੋਰ ਖਿਡਾਰੀ ਹਨ। ਖਿਡਾਰੀ ਤਿਆਰ ਕਰਨ ਦਾ ਸਿਹਰਾ ਆਪਣੇ ਸਮੇਂ ਦੇ ਵਧੀਆ ਖਿਡਾਰੀ ਤੇ ਕੋਚ ਗੁਰਪਾਲ ਫੌਜੀ ਤੇ ਸਰਬਜੀਤ ਸਰਬਾ ਦੇ ਸਿਰ ਜਾਂਦੈ, ਜੋ ਨਵੇਂ ਉਠ ਰਹੇ ਖਿਡਾਰੀਆਂ ਨੂੰ ਚੰਗੀ ਕੋਚਿੰਗ ਤੇ ਹੱਲਾਸ਼ੇਰੀ ਦੇ ਰਹੇ ਹਨ। ਫੌਜੀ ਤੇ ਸਰਬਾ ਨਿਰੰਜਨ ਦਾਸ ਦੀ ਗੇਮ ਤੋਂ ਬੜੇ ਪ੍ਰਭਾਵਿਤ ਸਨ। ਗੁਰਪਾਲ ਫੌਜੀ ਇਸ ਵੇਲੇ ਅਮਰੀਕਾ ਰਹਿ ਰਿਹੈ। ਹੁਣ ਜਦੋਂ ਵੀ ਕਦੇ ਫੌਜੀ ਅਮਰੀਕਾ ਤੋਂ ਪਿੰਡ ਜਾਂਦਾ ਤਾਂ ਪਿੰਡ ਦੇ ਗਰੀਬ ਖਿਡਾਰੀਆਂ ਲਈ ਕਿੱਟਾਂ ਤੇ ਖੁਰਾਕ ਦੀਆਂ ਸੇਵਾਵਾਂ ਦਿੰਦਾ; ਜਦੋਂ ਕਿ 2018 ਵਿਚ ਸਰਬਜੀਤ ਕੋਚ ਨੇ ਕੈਨੇਡਾ ਦੇ ਸੈਰ ਸਪਾਟੇ ਤੋਂ ਵਾਪਸ ਜਾ ਕੇ ਜਰਸੀਆਂ ਤੇ ਖੁਰਾਕ ਦਾ ਪ੍ਰਬੰਧ ਕੀਤਾ। ਸਭ ਤੋਂ ਵੱਡੀ ਦੇਣ ਵਿਦੇਸ਼ਾਂ ‘ਚ ਰਹਿੰਦੇ ਇਸ ਪਿੰਡ ਦੇ ਦਾਨੀ ਸੱਜਣਾਂ ਦੀ ਹੈ, ਜੋ ਪਿੰਡ ਦੀਆਂ ਖੇਡਾਂ, ਖਿਡਾਰੀਆਂ ਤੇ ਵਿਕਾਸ ਪ੍ਰਤੀ ਹਮੇਸ਼ਾ ਫਿਕਰਮੰਦ ਰਹਿੰਦੇ ਨੇ। ਨਿਰੰਜਨ ਦਾਸ ਭਗਤ ਦੇ ਬੇਟੇ ਮਨਦੀਪ ਜੁਗਨੂੰ ਨੇ ਖਿਡਾਰੀਆਂ ਲਈ ਘਿਓ ਦੇ ਪੀਪਿਆਂ ਦਾ ਪ੍ਰਬੰਧ ਕੀਤਾ। ਨਵੇਂ ਖਿਡਾਰੀ ਸਰਬਜੀਤ ਸਰਬੇ ਦੀ ਦੇਖ-ਰੇਖ ਹੇਠ ਤਿਆਰ ਹੋ ਰਹੇ ਹਨ। ਨਿਰੰਜਨ ਦਾਸ ਭਗਤ ਦੇ ਭਰਾ ਦਾ ਪੋਤਾ ਵਿਸ਼ਾਲ ਇਸ ਵਕਤ ਬੱਡੋਂ ਛੋਟੇ ਬੱਚਿਆਂ ਦੀ ਅਕੈਡਮੀ ਦਾ ਖਿਡਾਰੀ ਹੈ। ਸਰਬਜੀਤ ਪਿੰਡ ਦੇ ਖਿਡਾਰੀਆਂ ਦੇ ਨਾਲ ਨਾਲ ਪਿੰਡ ਲੜੋਆ ਦੇ ‘ਲੜੋਆ ਫੁੱਟਬਾਲ ਅਕੈਡਮੀ’ ਦੇ ਬੱਚਿਆਂ ਨੂੰ ਵੀ ਤਿਆਰ ਕਰ ਰਿਹੈ। ਮਾਹਿਲਪੁਰ ਵਿੰਗ ਨੂੰ ਵੀ ਕਈ ਖਿਡਾਰੀ ਤਿਆਰ ਕਰ ਕੇ ਦਿੱਤੇ। ਪਿੰਡ ਦਾ ਮੌਜੂਦਾ ਸਰਪੰਚ ਸ. ਕੇਵਲ ਸਿੰਘ ਖਟਕੜ ਆਪਣੇ ਸਮੇਂ ਦਾ ਵਧੀਆ ਕਬੱਡੀ ਖਿਡਾਰੀ ਰਿਹੈ। ਉਹ ਪਿੰਡ ਦੀ ਤਰੱਕੀ, ਖੇਡਾਂ ਤੇ ਖਿਡਾਰੀਆਂ ਪ੍ਰਤੀ ਹਮੇਸ਼ਾ ਉਸਾਰੂ ਸੋਚ ਰੱਖਦੈ।
ਮੰਗੂਵਾਲ ਦੇ ਖਿਡਾਰੀਆਂ ਸਦਾ
ਪਿੰਡ ਦੀ ਆਨ ਤੇ ਸ਼ਾਨ ਰੱਖੀ।
ਰੱਜ ਰੱਜ ਪਸੀਨਾ ਵਹਾਇਆ
ਤੇ ਪੱਟਾਂ ਪੈਰਾਂ ‘ਚ ਬੜੀ ਜਾਨ ਰੱਖੀ।
ਖੇਡ ਕਲੱਬਾਂ ਤੇ ਭਾਰਤੀ ਟੀਮ ਦਾ
ਹਿੱਸਾ ਬਣ ਕੇ ਖੇਡ ਇਤਿਹਾਸ ਵਿਚ
ਬੱਲੇ ਬੱਲੇ ਕਰਾਉਂਦੇ ਰਹੇ।
ਪਰਵਾਸੀ ਵੀਰ ‘ਇਕਬਾਲ’ ਨਾ ਰਹੇ ਪਿੱਛੇ,
ਖੇਡ ਖਿਡਾਰੀਆਂ ਤੇ ਪਿੰਡ ਵਿਕਾਸ ‘ਚ
ਵੱਧ ਚੜ੍ਹ ਕੇ ਹਿੱਸਾ ਪਾਉਂਦੇ ਰਹੇ।