ਕਲਾਸਿਕ ਭਾਰਤੀ ਸਾਹਿਤ ਵਿਚ ਵੱਖਰੀ ਪਛਾਣ ਰੱਖਦਾ ਨਾਵਲ ‘ਕਿਸ਼ਤੀ ਹਾਦਸਾ’

ਨਿਰੰਜਣ ਬੋਹਾ
ਗੁਰਦੇਵ ਰਾਬਿੰਦਰ ਨਾਥ ਟੈਗੋਰ ਦਾ ਨਾਵਲ ‘ਕਿਸ਼ਤੀ ਹਾਦਸਾ’ ਸੰਸਾਰ ਪੱਧਰ ‘ਤੇ ਕਲਾਸਿਕ ਸਾਹਿਤ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ। ਭਾਵੇਂ ਇਹ ਮੂਲ ਰੂਪ ਵਿਚ ਬੰਗਾਲੀ ਭਾਸ਼ਾ ਵਿਚ ਲਿਖਿਆ ਗਿਆ ਸੀ, ਪਰ ਗੁਰਦੇਵ ਵੱਲੋਂ ਖੁਦ ਇਸ ਦਾ ਅਨੁਵਾਦ ਅੰਗਰੇਜ਼ੀ ਭਾਸ਼ਾ ਵਿਚ ਕਰ ਦਿੱਤੇ ਜਾਣ ਤੋਂ ਬਾਅਦ ਇਸ ਸੰਸਾਰ ਦੀਆਂ ਕਈ ਭਾਸ਼ਾਵਾਂ ਵਿਚ ਅਨੁਵਾਦਿਤ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਨਾਵਲ `ਤੇ ਦੋ ਕਲਾਸੀਕਲ ਹਿੰਦੀ ਫਿਲਮਾਂ ਵੀ ਬਣ ਚੁਕੀਆਂ ਹਨ।

ਇਸ ਨਾਵਲ ਨੂੰ ਪੰਜਾਬੀ ਭਾਸ਼ਾ ਵਿਚ ਉਲਥਾਉਣ ਦਾ ਦਸਤਾਵੇਜ਼ੀ ਮਹੱਤਤਾ ਵਾਲਾ ਕਾਰਜ਼ ਸ਼੍ਰੋਮਣੀ ਲੇਖਕ ਤੇ ਕਲਾਸਿਕ ਸਾਹਿਤ ਦੇ ਉੱਘੇ ਅਨੁਵਾਦਕ ਪ੍ਰੋ. ਅੱਛਰੂ ਸਿੰਘ ਵੱਲੋਂ ਕੀਤਾ ਗਿਆ ਹੈ। ਨਾਵਲ ਦਾ ਰਚਨਾ ਕਾਲ ਇਕ ਸਦੀ ਤੋਂ ਵੀ ਵੱਧ ਪੁਰਾਣਾ ਹੈ, ਇਸ ਲਈ ਇਸ ਵਿਚੋਂ ਉਸ ਸਮੇਂ ਦੇ ਭਾਰਤੀ ਸਮਾਜ ਬਾਰੇ ਭਰੋਸੇਯੋਗ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਨਾਵਲ ਦੀ ਕਹਾਣੀ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਨੂੰ ਪੇਸ਼ ਕਰਦੀ ਹੈ, ਜੋ ਇਸ ਗੱਲ ਦੀ ਪੁਖਤਾ ਗਵਾਹੀ ਦਿੰਦੀਆਂ ਹਨ ਕਿ ਉਸ ਵੇਲੇ ਦੀ ਸਮਾਜਿਕਤਾ ਮੋਹ ਮੁਹੱਬਤ, ਕੁਰਬਾਨੀ, ਸਮਰਪਣ ਤੇ ਨੈਤਿਕਤਾ ਦੇ ਭਾਵ ਬੋਧ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਸੀ।
ਇਕ ਸਦੀ ਤੋਂ ਪਹਿਲਾਂ ਦਾ ਕਿਸੇ ਵੀ ਭਾਸ਼ਾ ਵਿਚ ਲਿਖਿਆ ਗਿਆ ਸਾਹਿਤ ਆਦਰਸ਼ਵਾਦੀ ਸੋਚ ਰਾਹੀਂ ਮਨੁੱਖੀ ਸਮਾਜ ਨੂੰ ਬਿਹਤਰ ਬਣਾਉਣ ਦੀਆਂ ਸੰਰਚਨਾਤਮਕ ਜੁਗਤਾਂ ਨਾਲ ਜੁੜਿਆ ਰਿਹਾ ਹੈ। ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਉਸ ਵਾਲੇ ਦਾ ਆਦਰਸ਼ਵਾਦ ਹੀ ਉਸ ਸਮੇਂ ਦਾ ਸਮਾਜਿਕ ਯਥਾਰਥ ਸੀ। ਇਸ ਨਾਵਲ ਵਿਚ ਵੀ ਦੂਜੇ ਦੇ ਸੁੱਖ ਲਈ ਆਪਣਾ ਸੁੱਖ ਤਿਆਗਣ ਦੀ ਭਾਵਨਾ ਪ੍ਰਬਲ ਰੂਪ ਵਿਚ ਮੌਜੂਦ ਹੈ। ਨਾਵਲ ਦੇ ਪਾਤਰ ਦੂਜੇ ‘ਤੇ ਅਹਿਸਾਨ ਜਤਾਏ ਬਿਨਾ ਉਸ ਦਾ ਭਵਿੱਖ ਸੁਆਰਨ ਲਈ ਆਪਣਾ ਆਪਾ ਕੁਰਬਾਨ ਕਰਦੇ ਵਿਖਾਈ ਦਿੰਦੇ ਹਨ। ਉਹ ਆਪ ਮਾਨਸਿਕ ਤਣਾਓ ਭੋਗਦਿਆਂ ਵੀ ਆਪਣੇ ਪਿਆਰੇ ਨੂੰ ਤਣਾਓ ਮੁਕਤ ਕਰਨ ਦੀ ਸੋਚ ਰੱਖਦੇ ਹਨ। ਦੋ ਪਾਸੜ ਕੁਰਬਾਨੀਆਂ ਦਾ ਇਹ ਨੈਤਿਕ ਵਰਤਾਰਾ ਕਈ ਵਾਰ ਨਵੀਆਂ ਮਨੋ-ਸਮਾਜਿਕ ਸਮੱਸਿਆਵਾਂ ਨੂੰ ਵੀ ਜਨਮ ਦਿੰਦਾ ਹੈ, ਪਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਵੀ ਇਨ੍ਹਾਂ ਦੇ ਅੰਦਰ ਹੀ ਛੁਪਿਆ ਹੁੰਦਾ ਹੈ।
ਨਾਵਲ ਦੀ ਕਹਾਣੀ ਅਨੁਸਾਰ ਰਮੇਸ਼ ਆਪਣੇ ਦੋਸਤ ਜੋਗਿੰਦਰ ਦੀ ਭੈਣ ਹੇਮਾਨਲਿਨੀ ਨੂੰ ਪਸੰਦ ਕਰਦਾ ਹੈ ਤੇ ਦੋਹਾਂ ਦੇ ਇਕ ਹੋਣ ਦੇ ਰਾਹ ਵਿਚ ਕੋਈ ਜਾਤ-ਪਾਤ ਦੀ ਦੀਵਾਰ ਵੀ ਨਹੀਂ ਹੈ। ਨਾਵਲ ਦੀ ਕਹਾਣੀ ਵਿਚ ਪਹਿਲਾ ਨਿਰਣਾਇਕ ਮੋੜ ਉਸ ਵੇਲੇ ਆਉਂਦਾ ਹੈ, ਜਦੋਂ ਉਸ ਨੂੰ ਆਪਣੇ ਪਿਤਾ ਦੀ ਇੱਛਾ ਪੁਗਾਉਣ ਲਈ ਆਪਣੀਆਂ ਇੱਛਾਵਾਂ ਦੀ ਕੁਰਬਾਨੀ ਦੇਣੀ ਪੈਂਦੀ ਹੈ। ਨਾਵਲ ਦੀ ਕਹਾਣੀ ਅੱਗੇ ਤੁਰਦੀ ਹੈ ਤਾਂ ਆਪਣੇ ਪਿਤਾ ਦੇ ਸਵਰਗੀ ਦੋਸਤ ਦੀ ਬੇਟੀ ਨਾਲ ਆਪਣਾ ਵਿਆਹ ਕਰਵਾਉਣ ਤੋਂ ਬਾਅਦ ਸਮੁੰਦਰੀ ਰਸਤੇ ਰਾਹੀਂ ਵਾਪਸੀ ਕਰਦਿਆਂ ਬਰਾਤੀਆਂ ਦੀਆਂ ਕਿਸ਼ਤੀਆਂ ਸਮੁੰਦਰੀ ਤੂਫਾਨ ਵਿਚ ਘਿਰ ਜਾਂਦੀਆਂ ਹਨ। ਉਸ ਦੇ ਪਿਤਾ ਦੀ ਕਿਸ਼ਤੀ ਹਾਦਸੇ ਵਿਚ ਮੌਤ ਹੋ ਜਾਂਦੀ ਹੈ ਤੇ ਉਸ ਦੀ ਪਤਨੀ ਦਾ ਵੀ ਕੋਈ ਥਹੁ ਪਤਾ ਨਹੀਂ ਲੱਗਦਾ।
ਉਨ੍ਹਾਂ ਦੋਹਾਂ ਪਤੀ-ਪਤਨੀ ਨੇ ਵਿਆਹ ਤੋਂ ਲੈ ਕੇ ਬਰਾਤ ਦੀ ਵਾਪਸੀ ਤੱਕ ਇਕ ਦੂਜੇ ਦਾ ਮੂੰਹ ਨਹੀਂ ਵੇਖਿਆ ਹੁੰਦਾ, ਇਸ ਲਈ ਰਮੇਸ਼ ਸਮੁੰਦਰ ਕਿਨਾਰੇ ਬੇਹੋਸ਼ ਪਈ ਕਮਲਾ ਨਾਂ ਦੀ ਕਿਸੇ ਹੋਰ ਨਵੀਂ ਵਿਆਹੀ ਔਰਤ ਨੂੰ ਆਪਣੀ ਪਤਨੀ ਸਮਝਣ ਦਾ ਭੁਲੇਖਾ ਖਾ ਜਾਂਦਾ ਹੈ। ਕੁਝ ਸਮਾਂ ਉਹ ਦੋਵੇਂ ਇਕ ਦੂਜੇ ਨੂੰ ਆਪਣਾ ਗੁਆਚਿਆ ਪਤੀ-ਪਤਨੀ ਸਮਝਦੇ ਰਹਿੰਦੇ ਹਨ, ਪਰ ਛੇਤੀ ਹੀ ਰਮੇਸ਼ ਨੂੰ ਪਤਾ ਚੱਲ ਜਾਂਦਾ ਹੈ ਕਿ ਕਮਲਾ ਕਿਸੇ ਹੋਰ ਦੀ ਨਵ ਵਿਆਹੀ ਪਤਨੀ ਹੈ। ਇਸ ਮੌਕੇ ਉਸ ਅੰਦਰ ਫਿਰ ਆਪਣੀ ਪਹਿਲੀ ਚਾਹਤ ਹੇਮਾ ਲਈ ਪਿਆਰ ਜਾਗ ਪੈਂਦਾ ਹੈ। ਗੁਰਦੇਵ ਟੈਗੋਰ ਨੇ ਉਸ ਅੰਦਰ ਪੈਦਾ ਹੋਏ ਦਵੰਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਚਿਤਰਿਆ ਹੈ ਕਿ ਉਹ ਆਪਣੀ ਪ੍ਰੇਮਿਕਾ ਹੇਮਾ ਅਤੇ ਉਸ ਨੂੰ ਆਪਣਾ ਪਤੀ ਸਮਝਣ ਵਾਲੀ ਕਮਲਾ ਵਿਚੋਂ ਕਿਸ ਨੂੰ ਅਪਨਾਵੇ ਤੇ ਕਿਸ ਨੂੰ ਛੱਡੇ?
ਦੂਸਰੇ ਪਾਸੇ ਜਦੋਂ ਕਮਲਾ ਨੂੰ ਸੱਚਾਈ ਦਾ ਪਤਾ ਚੱਲਦਾ ਹੈ ਕਿ ਕਿਸ਼ਤੀ ਹਾਦਸੇ ਵਿਚ ਗੁਆਚਿਆ ਉਸ ਦਾ ਪਤੀ ਰਮੇਸ਼ ਨਹੀਂ, ਸਗੋਂ ਕੋਈ ਹੋਰ ਹੈ ਤਾਂ ਉਹ ਰਮੇਸ਼ ਤੇ ਉਸ ਦੀ ਪ੍ਰੇਮਿਕਾ ਹੇਮਾਨਲਿਨੀ ਦਾ ਰਾਹ ਸਾਫ ਕਰਨ ਲਈ ਆਤਮ ਹੱਤਿਆ ਦਾ ਭੁਲੇਖਾ ਸਿਰਜ ਕੇ ਉਸ ਦਾ ਘਰ ਛੱਡ ਜਾਂਦੀ ਹੈ। ਉਸ ਦੇ ਬਨਾਰਸ ਪਹੁੰਚਣ ‘ਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਦਾ ਅਸਲ ਪਤੀ ਡਾਕਟਰ ਨਲਿਨਅਕਸ਼ ਵੀ ਇਸੇ ਸ਼ਹਿਰ ਵਿਚ ਰਹਿ ਰਿਹਾ ਹੈ ਤੇ ਉਸ ਦੇ ਪਤੀ ਦੀ ਮੰਗਣੀ ਰਮੇਸ਼ ਦੀ ਪ੍ਰੇਮਿਕਾ ਰਹੀ ਹੇਮਾ ਨਾਲ ਤੈਹ ਹੋ ਚੁਕੀ ਹੈ। ਇਸ ਸਮੇਂ ਨਾਵਲਕਾਰ ਬਹੁਤ ਹੀ ਰੋਮਾਂਚਕ ਸਥਿਤੀਆਂ ਸਿਰਜ ਕੇ ਕਮਲਾ ਤੇ ਨਲਿਨਅਕਸ਼ ਨੂੰ ਇੱਕਠੇ ਕਰਨ ਦਾ ਰਾਹ ਲੱਭ ਲੈਂਦਾ ਹੈ। ਇਸ ਤਰ੍ਹਾਂ ਰਮੇਸ਼ ਤੇ ਹੇਮਾ ਦਾ ਪੁਨਰ ਮਿਲਾਪ ਹੋਣ ਦਾ ਮੌਕਾ ਵੀ ਬਣ ਜਾਂਦਾ ਹੈ।
ਜੇ ਅਸੀਂ ਸਮਕਾਲੀਨ ਆਲੋਚਨਾ ਦ੍ਰਿਸ਼ਟੀ ਤੋਂ ਇਸ ਨਾਵਲ ਨੂੰ ਨਿਰਖੀਏ ਪਰਖੀਏ ਤਾਂ ਇਸ ਵਿਚ ਬਹੁਤ ਸਾਰੀਆਂ ਮੌਕਾ ਮੇਲ ਦੀਆਂ ਸਥਿਤੀਆਂ ਹਨ, ਪਰ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਅਜਿਹੀਆਂ ਸਥਿਤੀਆਂ ਉਸ ਸਮੇਂ ਦੇ ਗਲਪੀ ਸਾਹਿਤ ਦੀਆਂ ਪ੍ਰਮੁੱਖ ਜੁਗਤਾਂ ਸਨ। ਜੇ ਇਸ ਨਾਵਲ ਨੂੰ ਕਥਾ ਰਸ ਦੀ ਦ੍ਰਿਸ਼ਟੀ ਤੋਂ ਪਰਖੀਏ ਤਾਂ ਅਜੋਕੇ ਗਲਪੀ ਸਾਹਿਤ ਨਾਲੋਂ ਇਸ ਵਿਚ ਕਈ ਗੁਣਾਂ ਵੱਧ ਕਹਾਣੀ ਰਸ ਹੈ।
ਬੰਗਾਲੀ ਰਹਿਤਲ ਦੇ ਇਕ ਸਦੀ ਤੋਂ ਵੱਧ ਪੁਰਾਣੇ ਸਭਿਆਚਾਰ ਨੂੰ ਪੰਜਾਬੀ ਪਾਠਕਾਂ ਦੀ ਸਮਝ ਤੇ ਦਿਲਚਸਪੀ ਦਾ ਹਿੱਸਾ ਬਣਾਉਣਾ ਕਿਸੇ ਅਨੁਵਾਦਕ ਲਈ ਸਹਿਜ ਤੇ ਸੁਖਾਲਾ ਕਾਰਜ਼ ਨਹੀਂ ਹੈ, ਪਰ ਅਨੁਵਾਦ ਕਲਾ ਵਿਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਪ੍ਰੋ. ਅਛਰੂ ਸਿੰਘ ਨੇ ਇਹ ਕਾਰਜ਼ ਬਹੁਤ ਸਫਲਤਾ ਪੂਰਬਕ ਨੇਪਰੇ ਚਾੜ੍ਹਿਆ ਹੈ। ਨਾਵਲ ਦੇ ਪਾਤਰ ਸਹਿਜੇ ਹੀ ਆਪਣੇ ਪਾਠਕਾਂ ਨਾਲ ਨੇੜਲਾ ਰਿਸ਼ਤਾ ਜੋੜ ਲੈਂਦੇ ਹਨ। ਬੰਗਾਲ ਦੇ ਸਮਾਜਿਕ ਸਭਿਆਚਾਰ ਬਾਰੇ ਨਵੀਆਂ ਜਾਣਕਾਰੀਆਂ ਗ੍ਰਹਿਣ ਕਰਨ ਦਾ ਕਾਰਜ ਵੀ ਨਾਵਲ ਪਾਠ ਵਿਚ ਪਾਠਕੀ ਦਿਲਚਸਪੀ ਨੂੰ ਵਧਾਉਣ ਵਾਲਾ ਹੈ।
ਉਮੀਦ ਹੈ, ਪ੍ਰੋ. ਅਛਰੂ ਸਿੰਘ ਸੰਸਾਰ ਦੇ ਕਲਾਸਿਕ ਸਾਹਿਤ ਨੂੰ ਪੰਜਾਬੀ ਵਿਚ ਉਲਥਾਉਣ ਦੇ ਕਾਰਜ ਦੀ ਨਿਰੰਤਰਤਾ ਨੂੰ ਇਸ ਤਰ੍ਹਾਂ ਬਣਾਈ ਰੱਖਣਗੇ। ਜ਼ੋਹਰਾ ਪਬਲੀਕੇਸ਼ਨ, ਪਟਿਆਲਾ ਵਲੋਂ ਪ੍ਰਕਾਸਿ਼ਤ ਇਸ ਨਾਵਲ ਦੇ ਪੰਨੇ 148 ਹਨ ਤੇ ਮੁੱਲ 200 ਰੁਪਏ ਹੈ।