‘…ਜਨ ਨਾਨਕ ਵਿਰਲੇ ਕੋਈ’

ਜੈਤੇਗ ਸਿੰਘ ਅਨੰਤ
ਮੈਂ ਜੋ ਕੁਝ ਵੀ ਹਾਂ, ਉਸ ਦੀ ਸਫਲਤਾ ਦੇ ਪਿੱਛੇ ਮੇਰੇ ਪਿਤਾ ਸ. ਹਰਿਚਰਨ ਸਿੰਘ ਦੀ ਦਾ ਬੜਾ ਵੱਡਾ ਹੱਥ ਹੈ। ਲੋਕ ਉਨ੍ਹਾਂ ਨੂੰ ‘ਭਾਈ ਸਾਹਿਬ’ ਆਖ ਕੇ ਸੰਬੋਧਨ ਕਰਦੇ ਸਨ। ਉਹ ਇਕ ਅਦੁੱਤੀ ਪ੍ਰਤਿਭਾ ਦੇ ਮਾਲਕ, ਸਿਦਕ ਸਿਰੜ ਦੀ ਮੂਰਤ, ਨਿਰਮਲ, ਨਿਰਛਲ, ਪੰਥ ਦਰਦੀ, ਪਰਉਪਕਾਰੀ, ਨਿਮਰਤਾ ਦੇ ਪੁੰਜ, ਨਾਮ ਅਭਿਆਸੀ ਤੇ ਗੁਣਾਂ ਦੀ ਤ੍ਰਿਵੈਣੀ ਸਨ। ਉਨ੍ਹਾਂ ਦਾ ਸਮੁੱਚਾ ਜੀਵਨ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਸੀ। ਉਹ ਗੁਰਮਤਿ ਦੀ ਚਲਦੀ-ਫਿਰਦੀ ਟਕਸਾਲ ਸਨ। ਕੀਰਤਨ ਦੇ ਬੜੇ ਵੱਡੇ ਰਸੀਏ ਸਨ। ਚੰਗੇ ਕੀਰਤਨੀਆਂ, ਢਾਡੀਆਂ ਦੀ ਮਧੁਰ ਆਵਾਜ਼ ਨੂੰ ਰਿਕਾਰਡ ਕਰਨ ਦਾ ਸ਼ੌਕ ਰੱਖਦੇ ਸਨ। ਉਹ ਸਮੁੱਚੀ ਜ਼ਿੰਦਗੀ ਵਿਚ ਸੱਚ ਤੇ ਹੱਕ ਦਾ ਪੱਲਾ ਫੜ ਕੇ ਗਿਆਨ ਦੀਆਂ ਕਣੀਆਂ ਵੰਡਦੇ ਰਹੇ।

ਉਨ੍ਹਾਂ ਵੱਲੋਂ ਸੰਨ 1953 ਵਿਚ ਤਿਆਰ ਅਤੇ ਸੰਪਾਦਿਤ ਕੀਤੀ ਗੁਰਬਾਣੀ ਸੰਗ੍ਰਹਿ ਦੀ ਅਨੁਪਮ ਪੋਥੀ ‘ਅੰਮ੍ਰਿਤ ਕੀਰਤਨ’ ਅਜਿਹੀ ਪਹਿਲੀ ਪੋਥੀ ਸੀ, ਜਿਸ ਨੂੰ ਜਗਤ ਪ੍ਰਸਿੱਧੀ ਪ੍ਰਾਪਤ ਹੋਈ। ਕੋਈ ਘਰ ਅਜਿਹਾ ਨਹੀਂ, ਜਿਹੜਾ ਇਸ ਪੋਥੀ ਤੋਂ ਵਾਂਝਾ ਰਿਹਾ ਹੋਵੇ। ਇਸ ਪੋਥੀ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀਆਂ ਬਾਣੀਆਂ ਵਿਚੋਂ ਚੋਣਵੀਂ ਬਾਣੀ ਦਾ ਸੰਗ੍ਰਹਿ ਕਰਕੇ ਕੀਰਤਨ ਕਰਨ-ਹਾਰਿਆਂ ਤੇ ਸੁਣਨ-ਹਾਰਿਆਂ ਦੀ ਵੱਡਮੁੱਲੀ ਸੇਵਾ ਕੀਤੀ। ‘ਅੰਮ੍ਰਿਤ ਕੀਰਤਨ’ ਵਿਚ ਉਨ੍ਹਾਂ ਆਪਣੇ ਨਾਂ ਦੀ ਥਾਂ ‘ਕੂਕਰ ਰਾਮ ਕਉ’ ਲਿਖਿਆ ਹੈ ਅਤੇ ਹੁਣ ਤੱਕ ਇਸ ਦੇ 20 ਤੋਂ ਵੱਧ ਐਡੀਸ਼ਨ ਪ੍ਰਕਾਸ਼ਿਤ ਹੋ ਚੁਕੇ ਹਨ, ਜਿਸ ਦੀ ਉਨ੍ਹਾਂ ਕਦੇ ਰਾਇਲਟੀ ਵੀ ਨਹੀਂ ਲਈ।
ਮੇਰੇ ਪਿਤਾ ਦਾ ਜਨਮ ਪਹਿਲੀ ਨਵੰਬਰ 1913 ਨੂੰ ਪਿੰਡ ਬੁਟਾਹਰੀ, ਨੇੜੇ ਅਹਿਮਦਗੜ੍ਹ ਮੰਡੀ (ਲੁਧਿਆਣਾ) ਵਿਚ ਹੋਇਆ। ਪ੍ਰਾਇਮਰੀ ਸਰਕਾਰੀ ਸਕੂਲ ਫਰੀਦਕੋਟ ਰਿਆਸਤ, ਮਿਡਲ ਖਾਲਸਾ ਹਾਈ ਸਕੂਲ ਮੁਕਤਸਰ, ਮੈਟ੍ਰਿਕ ਬੀ. ਐਨ. ਖਾਲਸਾ ਹਾਈ ਸਕੂਲ ਪਟਿਆਲਾ ਰਿਆਸਤ ਅਤੇ ਬੀ. ਏ. ਸੰਨ 1936 ਵਿਚ ਮਹਿੰਦਰਾ ਕਾਲਜ ਪਟਿਆਲਾ ਰਿਆਸਤ ਤੋਂ ਕੀਤੀ, ਜੋ ਉਸ ਸਮੇਂ ਕਲਕੱਤਾ ਯੂਨੀਵਰਸਿਟੀ ਦੇ ਅਧੀਨ ਸੀ। ਉਹ ਆਪਣੇ ਪਿੰਡ ਦੇ ਪਹਿਲੇ ਬੀ. ਏ. ਪਾਸ ਵਿਦਿਆਰਥੀ ਸਨ। ਸੰਨ 1936 ਵਿਚ ਕੁਝ ਸਮਾਂ ਉਹ ਖਾਲਸਾ ਸਕੂਲ ਮਲੇਰਕੋਟਲਾ ਰਿਆਸਤ ਵਿਚ ਹੈੱਡ ਮਾਸਟਰ ਰਹੇ। ਨਹਿਰ ਮਹਿਕਮਾ ਲਾਹੌਰ (ਪੰਜਾਬ) ਵਿਚ ਸੰਨ 1937 ਤੋਂ ਦੇਸ਼ ਦੀ ਵੰਡ ਤੱਕ ਕੰਮ ਕੀਤਾ। 19 ਅਪਰੈਲ 1943 ਨੂੰ ਉਨ੍ਹਾਂ ਦਾ ਅਨੰਦ ਕਾਰਜ ਕਿਸ਼ਨ ਨਗਰ, ਲਾਹੌਰ ਵਿਖੇ ਹੋਇਆ।
ਦੇਸ਼ ਦੀ ਵੰਡ ਉਪਰੰਤ 1947 ਵਿਚ ਪੰਜਾਬ ਦੀ ਨਵੀਂ ਰਾਜਧਾਨੀ ਸ਼ਿਮਲਾ ਆ ਗਏ। ਸੰਨ 1957 ਉਨ੍ਹਾਂ ਦੇ ਦਫਤਰ ਚੰਡੀਗੜ੍ਹ ਪੁੱਜ ਗਏ। ਫਰਵਰੀ 1957 ਨੂੰ ਆਪ ਦੀ ਨਿਯੁਕਤੀ ਸਿਵਲ ਸਕੱਤਰੇਤ ਵਿਚ ਹੋ ਗਈ। 31 ਅਕਤੂਬਰ 1971 ਨੂੰ ਪਹਿਲੇ ਦਰਜੇ ਦੇ ਗਜ਼ਟਿਡ ਅਫਸਰ ਦੇ ਪਦ ਤੋਂ ਉਹ ਸੇਵਾ ਮੁਕਤ ਹੋਏ। ਉਨ੍ਹਾਂ ਨੂੰ ਸਰਕਾਰੀ ਕਾਰਜ ਵਿਚ ਪੰਜਾਬ ਦੇ ਅਨੇਕਾਂ ਅਫਸਰਾਂ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਨ੍ਹਾਂ ਵਿਚ ਨਿਰਮਲ ਕੁਮਾਰ ਮੁਕਰਜੀ ਵੀ ਸਨ, ਜੋ ਬਾਅਦ ਵਿਚ ਜੰਮੂ ਕਸ਼ਮੀਰ ਦੇ ਰਾਜਪਾਲ ਨਿਯੁਕਤ ਹੋਏ। ਸੇਵਾ ਮੁਕਤੀ ਪਿਛੋਂ ਬਹੁਤ ਸਮਾਂ ਧਾਰਮਿਕ ਕਾਰਜਾਂ ਵਿਚ ਬਿਤਾਇਆ। ਹੇਮਕੁੰਟ ਮਿਸ਼ਨ ਚੰਡੀਗੜ੍ਹ ਦੇ ਉਹ ਫਾਊਂਡਰ ਜਨਰਲ ਸਕੱਤਰ ਸਨ, ਜਿਨ੍ਹਾਂ ਦਾ ਕਾਰਜ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ, ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਨਾ ਸੀ। ਕੀਰਤਨ ਉਨ੍ਹਾਂ ਦੇ ਜੀਵਨ ਦਾ ਆਧਾਰ ਸੀ। ਸਾਦਗੀ ਅਤੇ ਇਮਾਨਦਾਰੀ ਉਨ੍ਹਾਂ ਦੇ ਦੈਵੀ ਗੁਣ ਸਨ। ਲੰਮੀ ਉਮਰ ਜਿਉਣ ਦਾ ਰਾਜ ਹਰ ਰੋਜ਼ ਲੰਮੀ ਸੈਰ, ਸਮੇਂ ਸਿਰ ਖਾਣ ਪੀਣ ਦਾ ਨੇਮ ਸੀ।
ਸੰਨ 2004 ਵਿਚ ਉਨ੍ਹਾਂ ਨੇ 91 ਸਾਲ ਦੀ ਬਿਰਧ ਅਵਸਥਾ ਤੇ ਵਿਗੜ ਰਹੀ ਸਿਹਤ ਕਾਰਨ ‘ਅੰਮ੍ਰਿਤ ਕੀਰਤਨ’ ਪੋਥੀ (ਜਿਸ ਦੇ 25-26 ਐਡੀਸ਼ਨ ਸਿੰਘ ਬ੍ਰਦਰਜ਼ ਅਤੇ ਖਾਲਸਾ ਬ੍ਰਦਰਜ਼ ਅੰਮ੍ਰਿਤਸਰ ਨੇ ਛਾਪੇ ਸਨ) ਛਾਪਣ ਆਦਿ ਦੇ ਸਮੁੱਚੇ ਹੱਕ ਤੇ ਅਧਿਕਾਰ ਭਾਈ ਸਾਹਿਬ ਰਣਧੀਰ ਸਿੰਘ ਟਰੱਸਟ ਲੁਧਿਆਣਾ ਨੂੰ ਸੌਂਪ ਦਿੱਤੇ। 3 ਜੁਲਾਈ 2005 ਨੂੰ ਅਕਾਲ ਪੁਰਖ ਦੇ ਹੁਕਮ ਅਨੁਸਾਰ 92 ਸਾਲ ਦੀ ਉਮਰ ਵਿਚ ਉਹ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ!